ਜੀ20: ਅਮਰੀਕੀ ਰਾਸ਼ਟਰਪਤੀ ਨੂੰ ਕਿਵੇਂ ਮਿਲਦੀ ਹੈ ਸੁਰੱਖਿਆ ਜਿਸ ’ਚ ਉਨ੍ਹਾਂ ਲਈ ਖ਼ੂਨ ਤੱਕ ਦਾ ਇੰਤਜ਼ਾਮ ਹੁੰਦਾ ਹੈ
Wednesday, Sep 06, 2023 - 06:02 PM (IST)


ਭਾਰਤ ਵਿੱਚ G20 ਸੰਮੇਲਨ ਲਈ ਦੁਨੀਆਂ ਦੇ ਮੋਹਰੀ ਮੁਲਕਾਂ ਦੇ ਮੁਖੀ ਆ ਰਹੇ ਹਨ।
ਇਹ ਸੰਮੇਲਨ 8, 9 ਅਤੇ 10 ਸਤੰਬਰ ਨੂੰ ਹੋ ਰਿਹਾ ਹੈ, ਜਿਸ ਵਿੱਚ ਦੁਨੀਆਂ ਦੇ 19 ਦੇਸ਼ ਸਣੇ ਯੂਰਪੀ ਯੂਨੀਅਨ ਦੇ ਦੇਸ਼ ਸ਼ਾਮਿਲ ਹੋ ਰਹੇ ਹਨ।
ਇਸ ਦੇ ਮੱਦੇਨਜ਼ਰ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੀ ਆ ਰਹੇ ਹਨ ਅਤੇ ਉਹ ਇਕੱਲੇ ਹੀ ਨਹੀਂ, ਉਨ੍ਹਾਂ ਦੀ ਸਕਿਓਰਿਟੀ ਦਾ ਪੂਰਾ ਕੁਨਬਾ ਨਾਲ ਆ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਉੱਤੇ ਤਾਂ ਹਾਲੀਵੁੱਡ ਵੀ ਕਈ ਫ਼ਿਲਮਾਂ ਬਣਾ ਚੁੱਕਿਆ ਹੈ ਅਤੇ ਇਹ ਸੁਰੱਖਿਆ ਘੇਰਾ ਅਜਿਹਾ ਹੁੰਦਾ ਹੈ ਜੋ ਸੁਣਨ ਵਿੱਚ ਇੱਕਦਮ ਫ਼ਿਲਮੀ ਲੱਗਦਾ ਹੈ। ਪਰ ਇਹ ਸੱਚ ਹੈ ਅਤੇ ਇਸੇ ਹੀ ਸੁਰੱਖਿਆ ਘੇਰੇ ਬਾਰੇ ਅਸੀਂ ਇਸ ਲੇਖ ਵਿੱਚ ਗੱਲ ਕਰਾਂਗੇ।
ਰਾਸ਼ਟਰਪਤੀ ਦੀ ਸੁਰੱਖਿਆ ਵਿੱਚ ਅਹਿਮ ਰੋਲ ਯੂਨੀਇਟਡ ਸਟੇਟਸ ਸੀਕਰੇਟ ਸਰਵਿਸ ਦਾ ਹੈ। ਉਂਝ ਤਾਂ ਇਹ ਏਜੰਸੀ 1865 ਵਿੱਚ ਬਣੀ ਸੀ ਪਰ 1901 ਵਿੱਚ ਇਸ ਨੂੰ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਦਾ ਕੰਮ ਸੌਂਪਿਆ ਗਿਆ ਸੀ।
ਲਗਭਗ 7000 ਏਜੰਟ ਅਤੇ ਆਫ਼ਿਸਰ ਸੀਕਰੇਟ ਸਰਵਿਸ ਵਿੱਚ ਕੰਮ ਕਰਦੇ ਹਨ। ਇਸ ਵਿੱਚ ਔਰਤਾਂ ਵੀ ਹੁੰਦੀਆਂ ਹਨ। ਇਹਨਾਂ ਦੀ ਟ੍ਰੇਨਿੰਗ ਦੁਨੀਆਂ ਦੀਆਂ ਸਭ ਤੋਂ ਔਖੀਆਂ ਟ੍ਰੇਨਿੰਗਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ।


- ਜੀ20 ਬੈਠਕ ਦੀ ਪ੍ਰਧਾਨਗੀ ਇਸ ਵਾਰ ਭਾਰਤ ਵੱਲੋਂ ਕੀਤੀ ਜਾ ਰਹੀ ਹੈ।
- ਇਸ ਵਿੱਚ 19 ਦੇਸ਼ਾਂ ਸਣੇ ਯੂਰਪੀ ਯੂਨੀਅਨ ਦੇ ਦੇਸ਼ ਵੀ ਸ਼ਾਮਿਲ ਹੋ ਰਹੇ ਹਨ।
- ਇਸ ਦੇ ਮੱਦੇਨਜ਼ਰ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਹਨ।
- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੀ ਇਸ ਬੈਠਕ ਵਿੱਚ ਸ਼ਿਰਕਤ ਕਰ ਰਹੇ ਹਨ।
- ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਦੇ ਪ੍ਰੋਟੋਕਲ ਬਹੁਤ ਸਖ਼ਤ ਹਨ।
- ਸੁਰੱਖਿਆ ਦੇ ਇੰਤਜ਼ਾਮ ਦਾ ਜਾਇਜ਼ਾ ਤਿੰਮ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ।

ਭਾਵੇਂ ਅਮਰੀਕਾ ਦੇ ਰਾਸ਼ਟਰਪਤੀ ਸਭ ਤੋਂ ਤਾਕਤਵਰ ਰਾਸ਼ਟਰਪਤੀ ਮੰਨੇ ਜਾਂਦੇ ਹੋਣ ਪਰ ਉਨ੍ਹਾਂ ਦੀ ਸੁਰੱਖਿਆ ਉੱਤੇ ਫ਼ੈਸਲੇ ਲੈਣ ਦਾ ਕੰਮ ਸੀਕਰੇਟ ਸਰਵਿਸ ਦਾ ਹੈ।
ਜੇ ਰਾਸ਼ਟਰਪਤੀ ਚਾਹੁਣ ਵੀ ਕਿ ਉਨ੍ਹਾਂ ਨੂੰ ਇਕੱਲਾ ਛੱਡ ਦਿੱਤਾ ਜਾਵੇ ਤਾਂ ਵੀ ਇਹ ਹੁਕਮ ਨਹੀਂ ਮੰਨਿਆ ਜਾਵੇਗਾ।
ਅਮਰੀਕਾ ਦੇ ਰਾਸ਼ਟਰਪਤੀ ਕਿਸੇ ਵੀ ਦੇਸ਼ ਜਾਣ ਦਾ ਫ਼ੈਸਲਾ ਕਰਦੇ ਹਨ ਤਾਂ ਤੈਅ ਤਾਰੀਕ ਤੋਂ ਲਗਭਗ 3 ਮਹੀਨੇ ਪਹਿਲਾਂ ਹੀ ਸੀਕਰੇਟ ਸਰਵਿਸ ਆਪਣਾ ਕੰਮ ਸ਼ੁਰੂ ਕਰ ਦਿੰਦੀ ਹੈ।
ਰਾਸ਼ਟਰਪਤੀ ਅਜਿਹੇ ਸੁਰੱਖਿਆ ਘੇਰੇ ਵਿੱਚ ਚਲਦੇ ਹਨ ਜਿਸ ਵਿੱਚ ਮਲਟੀ ਲੇਅਰ ਸਿਕਿਓਰਿਟੀ ਹੁੰਦੀ ਹੈ। ਇਹ ਨਾ ਸਿਰਫ਼ ਬਹੁਤ ਮਜ਼ਬੂਤ ਹੈ ਸਗੋਂ ਮਹਿੰਗੀ ਵੀ ਬਹੁਤ ਹੁੰਦੀ ਹੈ।
ਦਰਅਸਲ, ਅਮਰੀਕਾ ਨੇ ਆਪਣੇ 4 ਰਾਸ਼ਟਰਪਤੀਆਂ ਦੇ ਕਤਲ ਦੇਖੇ ਹਨ। 1865 ਵਿੱਚ ਅਬ੍ਰਾਹਿਮ ਲਿੰਕਨ, 1881 ਵਿੱਚ ਜੇਮਸ ਗੌਰਫੀਲਡ, 1901 ਵਿੱਚ ਵਿਲੀਅਮ ਮੈਕਕਿਨਲੇ ਅਤੇ 1963 ਵਿੱਚ ਜੌਨ ਐਫ਼ ਕੈਨੇਡੀ।
ਤਾਂ ਫ਼ਿਰ ਜ਼ਾਹਿਰ ਹੈ ਕਿ ਅਮਰੀਕਾ ਆਪਣੇ ਰਾਸ਼ਟਰਪਤੀ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਗੰਭੀਰ ਹੈ।

ਇਸ ਸਿਕਿਓਰਿਟੀ ਵਿੱਚ ਕੀ-ਕੀ ਹੁੰਦਾ ਹੈ?
ਰਾਸ਼ਟਰਪਤੀ ਦੀਆਂ ਤਿੰਨ ਸਿਕਿਓਰਿਟੀ ਪਰਤਾਂ ਹੁੰਦੀਆਂ ਹਨ। ਸਭ ਤੋਂ ਅੰਦਰ ਰਾਸ਼ਟਰਪਤੀ ਦੇ ਪ੍ਰੋਟੈਕਟਿਵ ਡਿਵਿਜ਼ਨ ਏਜੰਟ, ਫ਼ਿਰ ਵਿਚਾਲੇ ਸੀਕਰੇਟ ਸਰਵਿਸ ਏਜੰਟਸ ਤੇ ਉਸ ਤੋਂ ਬਾਅਦ ਪੁਲਿਸ।
ਹੁਣ ਜੋਅ ਬਾਇਡਨ ਦਿੱਲੀ ਆ ਰਹੇ ਹਨ ਤਾਂ ਉਨ੍ਹਾਂ ਲਈ ਦਿੱਲੀ ਪੁਲਿਸ, ਸੈਂਟਰਲ ਰਿਜ਼ਰਵ ਪੁਲਿਸ ਫ਼ੋਰਸ ਦੀ ਇੱਕ ਸਿਕਿਓਰਿਟੀ ਲੇਅਰ ਹੋਵੇਗੀ, ਜੋ ਸਭ ਤੋਂ ਬਾਹਰ ਵਾਲੀ ਚੌਥੀ ਸੁਰੱਖਿਆ ਦੀ ਪਰਤ ਹੋਵੇਗੀ।
ਸੀਕਰੇਟ ਸਰਵਿਸ ਅਤੇ ਵ੍ਹਾਈਟ ਹਾਊਸ ਦਾ ਸਟਾਫ਼ 2-3 ਮਹੀਨੇ ਪਹਿਲਾਂ ਹੀ ਆ ਕੇ ਲੋਕਲ ਏਜੰਸੀਆਂ ਨੂੰ ਮਿਲਣਾ ਸ਼ੁਰੂ ਕਰ ਦਿੰਦੇ ਹਨ। ਇੱਥੋਂ ਦੀਆਂ ਇੰਟੈਲੀਜੈਂਸ ਬਿਓਰੋ ਦੇ ਵੀਵੀਆਈਪੀ ਸਿਕਿਓਰਿਟੀ ਐਕਸਪਰਟਸ ਨਾਲ ਗੱਲ ਕਰਦੇ ਹਨ।
ਸੀਕਰੇਟ ਸਰਵਿਸ ਤੈਅ ਕਰਦੀ ਹੈ ਕਿ ਰਾਸ਼ਟਰਪਤੀ ਕਿੱਥੇ ਰੁਕਣਗੇ। ਉਸ ਥਾਂ ਦੀ ਵੀ ਚੰਗੀ ਤਰ੍ਹਾਂ ਪੜਤਾਲ ਕੀਤੀ ਜਾਂਦੀ ਹੈ। ਹੋਟਲ ਦੇ ਕਰਮਚਾਰੀਆਂ ਤੱਕ ਦਾ ਪਿਛੋਕੜ ਵੀ ਖੰਘਾਲਿਆ ਜਾਂਦਾ ਹੈ।
ਇਸ ਦੇ ਨਾਲ ਹੀ ਕੋਈ ਹੋਰ ਇੰਤਜ਼ਾਮ ਵੀ ਦੇਖੇ ਜਾਂਦੇ ਹਨ, ਜਿਵੇਂ ਏਅਰਪੋਰਟ ਉੱਤੇ ਏਅਰਸਪੇਸ ਚਾਹੀਦੀ ਹੈ ਕਿਉਂਕਿ ਸਿਰਫ਼ ਉਨ੍ਹਾਂ ਦਾ ਏਅਰ ਫੋਰਸ ਵਨ ਪਲੇਨ ਹੀ ਨਹੀਂ ਆਉਂਦਾ, ਉਸ ਨਾਲ 5 ਬੋਇੰਗ C17 ਜਹਾਜ਼ ਵੀ ਉੱਡਦੇ ਹਨ।

ਇਹਨਾਂ ਵਿੱਚ ਹੈਲੀਕੋਪਟਰ ਵੀ ਹੁੰਦੇ ਹਨ। ਉਨ੍ਹਾਂ ਦੀਆਂ ਲਿਮੋਜ਼ਿਨ ਗੱਡੀਆਂ ਹੁੰਦੀਆਂ ਹਨ, ਕਮਿਊਨੀਕੇਸ਼ਨ ਇਕਵੀਪਮੈਂਟ ਹੁੰਦਾ ਹੈ, ਦੂਜੇ ਕਈ ਏਜੰਟ ਅਤੇ ਸਟਾਫ਼ ਮੈਂਬਰ ਵੀ ਹੁੰਦੇ ਹਨ।
ਸੀਕਰੇਟ ਸਰਵਿਸ ਅਤੇ ਜਿੱਥੇ ਉਹ ਜਂਦੇ ਹਨ, ਉੱਥੋਂ ਦੀ ਲੋਕਲ ਏਜੰਸੀ ਰਾਸ਼ਟਰਪਤੀ ਦੇ ਕਾਫ਼ਲੇ ਦਾ ਰੂਟ ਤੈਅ ਕਰਦੇ ਹਨ, ਦੇਖਿਆ ਜਾਂਦਾ ਹੈ ਕਿ ਕਿਸੇ ਐਮਰਜੈਂਸੀ ਹਾਲਾਤ ਵਿੱਚ ਕਿੱਥੋਂ ਬੱਚ ਕੇ ਨਿਕਲਣਾ ਹੈ। ਕੋਈ ਹਮਲਾ ਹੁੰਦਾ ਹੈ ਤਾਂ ਸੁਰੱਖਿਅਤ ਲੋਕੇਸ਼ਨ ਕਿਹੜੀ ਹੈ।
ਆਲੇ-ਦੁਆਲੇ ਦੇ ਹਸਪਤਾਲ ਕਿਹੜੇ ਹਨ। ਏਜੰਟ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਰਾਸ਼ਟਰਪਤੀ ਜਿੱਥੇ ਠਹਿਰ ਰਹੇ ਹਨ ਉਹ ਜਗ੍ਹਾਂ ਟ੍ਰੋਮਾ ਹਸਪਤਾਲ ਤੋਂ 10 ਮਿੰਟ ਤੋਂ ਜ਼ਿਆਦਾ ਦੂਰ ਨਾ ਹੋਵੇ। ਇੱਕ ਏਜੰਟ ਆਲੇ-ਦੁਆਲੇ ਦੇ ਹਰ ਹਸਪਤਾਲ ਦੇ ਬਾਹਰ ਤਾਇਨਾਤ ਰਹਿੰਦਾ ਹੈ ਤਾਂ ਜੋ ਐਮਰਜੈਂਸੀ ਵੇਲੇ ਡਾਕਟਰਾਂ ਨਾਲ ਕਾਰਡੀਨੇਟ ਕੀਤਾ ਜਾ ਸਕੇ।

ਬਲੱਡ ਗਰੁੱਪ ਦਾ ਬਲੱਡ ਵੀ ਨਾਲ ਹੁੰਦਾ ਹੈ
ਇਹ ਸੁਰੱਖਿਆ ਇੰਨਾ ਕੁ ਜ਼ਬਰਦਸਤ ਹੁੰਦੀ ਹੈ ਕਿ ਰਾਸ਼ਟਰਪਤੀ ਦੇ ਬਲੱਡ ਗਰੁੱਪ ਵਾਲਾ ਬਲੱਡ ਵੀ ਨਾਲ ਹੀ ਰੱਖਿਆ ਜਾਂਦਾ ਹੈ ਤਾਂ ਜੋ ਕਿਸੇ ਹਾਲਾਤ ਵਿੱਚ ਉਨ੍ਹਾਂ ਨੂੰ ਖ਼ੂਨ ਚੜ੍ਹਾਉਣ ਦੀ ਲੋੜ ਪਵੇ ਤਾਂ ਉਡੀਕ ਨਾ ਕਰਨੀ ਪਵੇ।
ਉਨ੍ਹਾਂ ਦੇ ਆਉਣ ਦੀ ਤਾਰੀਕ ਨੇੜੇ ਆਉਂਦਿਆਂ ਹੀ ਏਜੰਟ ਰਾਸ਼ਟਰਪਤੀ ਦੇ ਰੂਟ ਉੱਤੇ ਪੈਣ ਵਾਲੇ ਹਰ ਇੱਕ ਸਟੌਪ ਚੈੱਕ ਕੀਤਾ ਜਾਂਦਾ ਹੈ।
ਜਿਸ ਹੋਟਲ ਵਿੱਚ ਉਹ ਰੁਕਦੇ ਹਨ, ਉਸ ਦੇ ਆਲੇ-ਦੁਆਲੇ ਦੀਆਂ ਸੜਕਾਂ ਉੱਤੇ ਪਾਰਕ ਕੀਤੀਆਂ ਗਈਆਂ ਕਾਰਾਂ ਨੂੰ ਹਟਵਾ ਦਿੱਤਾ ਜਾਂਦਾ ਹੈ।
ਇਸ ਦੇ ਨਾਲ ਹੀ ਇਹ ਰਿਹਰਸਲ ਵੀ ਕੀਤੀ ਜਾਂਦੀ ਹੈ ਕਿ ਵੱਖ-ਵੱਖ ਤਰ੍ਹਾਂ ਦੇ ਖ਼ਤਰੇ ਵੇਲੇ ਕੀ ਕੀਤਾ ਜਾਵੇ।
ਰਾਸ਼ਟਰਪਤੀ ਦੇ ਹੋਟਲ ਵਿੱਚ ਉਨ੍ਹਾਂ ਲਈ ਪੂਰਾ ਫਲੋਰ ਖਾਲ੍ਹੀ ਹੁੰਦਾ ਹੈ, ਸਗੋਂ ਉੱਤੇ ਦੇ ਹੇਠਾਂ ਵਾਲੇ ਫਲੋਰ ਵੀ ਖਾਲ੍ਹੀ ਹੁੰਦੇ ਹਨ। ਸਿਰਫ਼ ਉਨ੍ਹਾਂ ਦੇ ਸਟਾਫ਼ ਦੇ ਲੋਕ ਹੀ ਉੱਥੇ ਰੁੱਕ ਸਕਦੇ ਹਨ।
ਪੂਰੇ ਕਮਰੇ ਨੂੰ ਚੰਗੀ ਤਰ੍ਹਾਂ ਘੋਖਿਆ ਜਾਂਦਾ ਹੈ ਕਿ ਕਿਤੇ ਕੋਈ ਹਿਡਨ ਕੈਮਰਾ ਨਾ ਹੋਵੇ, ਕੋਈ ਰਿਕਾਰਡਿੰਗ ਡਿਵਾਈਸ ਨਾ ਹੋਵੇ ਟੀਵੀ ਅਤੇ ਹੋਟਲ ਦਾ ਫ਼ੋਨ ਵੀ ਹਟਾ ਦਿੱਤਾ ਜਾਂਦਾ ਹੈ। ਬਾਰੀਆਂ ਉੱਤੇ ਵੀ ਬੁਲੇਟ ਪਰੂਫ਼ ਸ਼ੀਲਡ ਲਗਾ ਦਿੱਤੀ ਜਾਂਦੀ ਹੈ।
ਰਾਸ਼ਟਰਪਤੀ ਦਾ ਖਾਣਾ ਅਤੇ ਕੁਕਿੰਗ ਸਟਾਫ਼ ਵੀ ਨਾਲ ਆਉਂਦਾ ਹੈ। ਉਹ ਹੀ ਖਾਣਾ ਬਣਾਉਂਦੇ ਅਤੇ ਪਰੋਸਦੇ ਹਨ। ਸੀਕਰੇਟ ਸਰਵਿਸ ਦੀ ਉੱਥੇ ਵੀ ਪੂਰੀ ਨਿਗਰਾਨੀ ਰਹਿੰਦੀ ਹੈ ਕਿ ਕਿਤੇ ਕੋਈ ਛੇੜਛਾੜ ਨਾ ਕਰ ਦੇਵੇ।
ਸੀਕਰੇਟ ਸਰਵਿਸ ਉੱਤੇ ਇੱਕ ਹੋਰ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਨੂੰ ਰਾਸ਼ਟਰਪਤੀ ਦੇ ਨਾਲ ਹਰ ਵੇਲੇ ਰਹਿਣ ਵਾਲੇ ਫੌਜ ਦੇ ਉਸ ਵਿਅਕਤੀ ਨੂੰ ਸੁਰੱਖਿਅਤ ਰੱਖਣਾ ਹੁੰਦਾ ਹੈ, ਜਿਸ ਕੋਲ ਯੂਐੱਸ ਨਿਊਕਲੀਅਰ ਮਿਸਾਈਲ ਦੇ ਲੌਂਚ ਵਾਲਾ ਬ੍ਰੀਫ਼ਕੇਸ ਹੁੰਦਾ ਹੈ।

ਰਾਸ਼ਟਰਪਤੀ ਦੀ ਗੱਡੀ
ਰਾਸ਼ਟਰਪਤੀ ਆਪਣੀ ਲਿਮੋਜ਼ਿਨ ਕਾਰ ਵਿੱਚ ਹੀ ਸਫ਼ਰ ਕਰਦੇ ਹਨ। ਇਸ ਕਾਰ ਨੂੰ ਨਾਮ ਦਿੱਤਾ ਗਿਆ ਹੈ, ਦਿ ਬੀਸਟ। ਇਹ ਕਾਰ ਹਰ ਤਰ੍ਹਾਂ ਦੀ ਸੁਰੱਖਿਆ ਨਾਲ ਲੈਸ ਹੈ।
ਬੁਲੇਟ ਪਰੂਫ਼ ਤਾਂ ਹੈ ਹੀ ਪਰ ਇਸ ਦੇ ਨਾਲ ਹੀ ਇਸ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਡਿਫ਼ੈਂਸਿੰਵ ਉਪਕਰਣ ਅਤੇ ਤਕਨੀਕਾਂ ਹਨ। ਜਿਵੇਂ ਸਮੋਕ ਸਕਰੀਨਸ, ਟੀਅਰ ਗੈਸ, ਨਾਈਟ ਵੀਜ਼ਨ ਤਕਨੀਕ, ਗ੍ਰੇਨੇਡ ਲੌਂਚਰ, ਕੈਮਿਕਲ ਅਟੈਕ ਤੋਂ ਵੀ ਇਹ ਗੱਡੀ ਸੁਰੱਖਿਅਤ ਹੁੰਦੀ ਹੈ।
ਡਰਾਈਵਰ ਇਸ ਤਰ੍ਹਾਂ ਟ੍ਰੇਨਡ ਹੁੰਦੇ ਹਨ ਕਿ ਕਿਸੇ ਹਮਲੇ ਵੇਲੇ ਗੱਡੀ ਨੂੰ ਇੱਕ ਦਮ ਉਲਟੀ ਦਿਸ਼ਾ ਯਾਨਿ 180 ਡਿਗਰੀ ਉੱਤੇ ਮੋੜ ਦੇਣ।
ਇੱਕ ਵਾਰ 2015 ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਵਿੱਚ ਗਣਤੰਤਰ ਦਿਹਾੜੇ ਮੌਕੇ ਚੀਫ਼ ਗੈਸਟ ਸਨ। ਭਾਰਤ ਦੀ ਰਵਾਇਤ ਮੁਤਾਬਕ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਨਾਲ ਵੈਨਿਊ ਤੱਕ ਆਉਣਾ ਸੀ ਪਰ ਉਹ ਆਪਣੀ ਬੁਲੇਟ ਪਰੂਫ਼ ਕਾਰ ਦਿ ਬੀਸਟ ਵਿੱਚ ਹੀ ਵੈਨਿਊ ''''ਤੇ ਪਹੁੰਚੇ ਸਨ।
ਪਰ ਉਸ ਦਿਨ ਇੱਕ ਸਿਕਿਓਰਿਟੀ ਪ੍ਰੋਟੋਕਾਲ ਦਾ ਵੀ ਉਹ ਉਲੰਘਣ ਕਰ ਬੈਠੇ।

ਸੀਕੇਰਟ ਸਰਵਿਸ ਦੀਆਂ ਗਾਈਡਲਾਈਨਜ਼ ਮੁਤਾਬਕ ਰਾਸ਼ਟਰਪਤੀ 45 ਮਿੰਟਾਂ ਤੋਂ ਜ਼ਿਆਦਾ ਓਪਨ ਏਅਰ ਵੈਨਿਊ ਵਿੱਚ ਨਹੀਂ ਰਹਿ ਸਕਦੇ। ਰਾਸ਼ਟਰਪਤੀ ਰਹਿੰਦੇ ਹੋਏ ਓਬਾਮਾ 2 ਘੰਟੇ ਤੱਕ ਵੈਨਿਊ ''''ਤੇ ਰਹੇ ਸਨ।
ਉਂਝ ਇਹ ਸਾਰੀਆਂ ਜਾਣਕਾਰੀਆਂ ਸੀਕਰੇਟ ਨਹੀਂ ਹਨ। ਸੀਕਰੇਟ ਸਰਵਿਸ ਵਿੱਚ ਰਹਿ ਚੁੱਕੇ ਕੁਝ ਲੋਕ ਕਿਤਾਬਾਂ ਵੀ ਲਿਖ ਚੁੱਕੇ ਹਨ। ਜਿਵੇਂ ਜੋਸੇਫ਼ ਪੇਟ੍ਰੇ ਨੇ ਇੱਕ ਕਿਤਾਬ ਲਿਖੀ ਹੈ ਜੋ ਯੂਐੱਸ ਸੀਕਰੇਟ ਸਰਵਿਸ ਵਿੱਚ 23 ਸਾਲ ਸਪੈਸ਼ਲ ਏਜੰਟ ਰਹਿ ਚੁੱਕੇ ਹਨ।
ਉਨ੍ਹਾਂ ਤੋਂ ਇਲਾਵਾ ਰੋਨਲਡ ਕੈਸਲਰ ਨੇ 100 ਤੋਂ ਵੀ ਜ਼ਿਆਦਾ ਸੀਕਰੇਟ ਸਰਵਿਸ ਏਜੰਟਸ ਦੇ ਇੰਟਰਵਿਊ ਲੈ ਕੇ ਕਿਤਾਬ ਲਿਖੀ ਹੈ, ''''ਇਨ ਦੀ ਪ੍ਰੇਜ਼ਿਡੇਂਟਸ ਸੀਕਰੇਟ ਸਰਵਿਸ।''''
ਅਮਰੀਕਾ ਦੇ ਰਾਸ਼ਟਰਪਤੀ ਜਦੋਂ ਵੀ ਕਿਤੇ ਨਿਕਲਦੇ ਹਨ ਤਾਂ ਹਜ਼ਾਰਾਂ ਲੋਕ ਇਸ ਵਿੱਚ ਸ਼ਾਮਿਲ ਹੁੰਦੇ ਹਨ।
ਬੀਬੀਸੀ ਦੀ ਵ੍ਹਾਈਟ ਹਾਊਸ ਰਿਪੋਰਟਰ ਨੇ ਇੱਕ ਵਾਰ ਲਿਖਿਆ ਸੀ ਕਿ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਸਫ਼ਰ ਕਰਦੇ ਹਨ ਤਾਂ ਦੁਨੀਆਂ ਰੁੱਕ ਜਾਂਦੀ ਹੈ
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)