ਧਰਤੀ ਤੋਂ ਬਿਨਾਂ ਪੁਲਾੜ ਵਿੱਚ ਕੀ ਹੋਰ ਕਿਤੇ ਜ਼ਿੰਦਗੀ ਸੰਭਵ ਹੈ? ਇਸ ਜਵਾਬ ਦਾ ਸਾਇੰਸ ਕੋਲ ਕੀ ਹੈ ਜਵਾਬ
Monday, Sep 04, 2023 - 07:17 AM (IST)


“ਕਦੇ ਕਦਾਈਂ ਮੈਨੂੰ ਲੱਗਦਾ ਹੈ ਕਿ ਦੂਜੇ ਗ੍ਰਹਿਆਂ ਉੱਪਰ ਵੀ ਜੀਵਨ ਹੈ, ਕਦੇ ਲੱਗਦਾ ਹੈ ਨਹੀਂ ਹੈ। ਦੋਵਾਂ ਹੀ ਮਾਮਲਿਆਂ ਵਿੱਚ ਨਤੀਜਾ ਹੈਰਾਨ ਕਰ ਦੇਣ ਵਾਲਾ ਹੈ।”
ਅਜਿਹਾ ਕਾਰਲ ਸੇਗਨ ਆਖਦੇ ਹਨ।
ਅਸੀਂ ਜਦੋਂ ਤੋਂ ਪੁਲਾੜ ਨੂੰ ਵਿਗਿਆਨਕ ਨਜ਼ਰੀਏ ਤੋਂ ਦੇਖਣਾ ਸ਼ੁਰੂ ਕੀਤਾ ਹੈ ਧਰਤੀ ਤੋਂ ਇਲਾਵਾ ਦੂਜੇ ਗ੍ਰਹਿਆਂ ਉੱਪਰ ਜੀਵਨ ਦੀ ਸੰਭਾਵਨਾ ਦੇ ਸਵਾਲ ਨੇ ਸਾਨੂੰ ਉਤੇਜਿਤ ਕੀਤਾ ਹੈ। ਇਹ ਪਤਾ ਲਗਾ ਸਕਣਾ ਕਿ ਇਸ ਹਯਾਤੀ ਵਿੱਚ ਅਸੀਂ ਇੱਕਲੇ ਨਹੀਂ ਹਾਂ, ਮਨੁੱਖੀ ਇਤਿਹਾਸ ਵਿੱਚ ਅੱਗ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਖੋਜ ਹੋਵੇਗੀ।
ਫਿਲਹਾਲ ਤਾਂ ਅਸੀਂ ਇਸ ਬਾਰੇ ਕਿਆਸ ਹੀ ਲਗਾ ਸਕਦੇ ਹਾਂ। ਹੌਲੀ- ਹੌਲੀ ਸਾਡੀ ਆਪਣੀ ਅਕਾਸ਼ ਗੰਗਾ (ਮਿਲਕੀ ਵੇਅ) ਦੇ ਭੇਤ ਸਾਡੇ ਸਾਹਮਣੇ ਬੇਪਰਦ ਹੋ ਰਹੇ ਹਨ।
ਇਹ ਗਿਆਨ ਸਾਡਾ ਰਾਹ ਦਸੇਰਾ ਹੈ (ਭਾਵੇਂ ਕਿਰਨ ਮਾਤਰ ਹੀ ਸਹੀ)। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਕਿਤੇ ਹੋਰ ਜ਼ਿੰਦਗੀ ਦਾ ਦਿਲ ਧੜਕਦਾ ਵੀ ਹੈ ਜਾਂ ਨਹੀਂ, ਉਹ ਸਾਨੂੰ ਕਿਤੇ ਮਿਲੇਗੀ ਜਾਂ ਨਹੀਂ। ਜਾਂ ਫਿਰ ਦੂਜੇ ਗ੍ਰਹਿਆਂ ਦੇ ਵਾਸੀ ਸਾਨੂੰ “ਠੱਪਾ!” ਕਹਿ ਕੇ ਚੌਂਕਾ ਦੇਣਗੇ।
ਜਦੋਂ ਅਸੀਂ ਕਿਸੇ ਦੂਜੇ ਗ੍ਰਹਿ ਉੱਪਰ ਜੀਵਨ ਦੀ ਗੱਲ ਕਰਦੇ ਹਾਂ ਤਾ ਸਾਡਾ ਅਰਥ ਸਿਰਫ਼ ਸੂਝਵਾਨ ਸੱਭਿਅਤਾ ਤੋਂ ਨਹੀਂ ਸਗੋਂ ਕਿਸੇ ਵੀ ਕਿਸਮ ਦੇ ਜੀਵਨ ਤੋਂ ਹੁੰਦਾ ਹੈ।
ਅਸੀਂ ਉਤਾਵਲੇ ਹਾਂ ਇਹ ਜਾਨਣ ਲਈ ਕਿ ਸਾਡੀ ਆਪਣੀ ਪਿਆਰੀ ਧਰਤੀ ਉੱਪਰ ਹੀ ਜੀਵਨ ਦੀ ਉਤਪਤੀ ਕਿਵੇਂ ਹੋਈ ਸੀ।
ਕੀ ਸਾਡੀ ਅਕਾਸ਼ ਗੰਗਾ ਵਿੱਚ ਧਰਤੀ ਤੋਂ ਇਲਾਵਾ ਹੋਰ ਵੀ ਕੋਈ ਗ੍ਰਹਿ ਹਨ, ਜੋ ਜੀਵਨ ਲਈ ਮੁੱਢਲੀਆਂ ਸ਼ਰਤਾਂ ਪੂਰੀਆਂ ਕਰਦੇ ਹਨ।
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਪੁਲਾੜੀ- ਜੀਵ ਵਿਗਿਆਨ ਦੇਣ ਦੀ ਕੋਸ਼ਿਸ਼ ਕਰਦਾ ਹੈ।

ਪਹਿਲੀ ਅਤੇ ਇਕਲੌਤੀ ਜ਼ਿੰਦਗੀ ਜਿਸ ਬਾਰੇ ਅਸੀਂ ਜਾਣਦੇ ਹਾਂ
ਗ੍ਰਹਿਆਂ-ਨਛੱਤਰਾਂ ਦੇ ਸਬੰਧ ਵਿੱਚ, ਇੱਕ ਵਿਗਿਆਨਕ ਆਮ-ਸਹਿਮਤੀ ਹੈ ਕਿ ਜ਼ਿੰਦਗੀ ਕੋਈ 4.200 ਬਿਲੀਅਨ ਸਾਲ ਪਹਿਲਾਂ ਪੈਦਾ ਹੋਈ।
ਹੈਰਾਨੀ ਇਹ ਹੈ ਕਿ ਜਿਵੇਂ ਹੀ ਧਰਤੀ ਜੀਵਨ ਦੇ ਅਨੁਕੂਲ ਹੋਈ ਉਸ ਦੇ 1.20 ਕਰੋੜ ਸਾਲਾਂ ਦੇ ਅੰਦਰ ਹੀ ਇੱਥੇ ਜੀਵਨ ਦੀ ਹੋਂਦ ਵਿੱਚ ਆ ਗਿਆ ਸੀ।
ਇਸ ਤੋਂ ਇੱਕ ਇਸ਼ਾਰਾ ਇਹ ਵੀ ਮਿਲਦਾ ਹੈ ਕਿ ਜਿਵੇਂ ਹੀ ਕਿਤੇ ਜ਼ਿੰਦਗੀ ਧੜਕਣ ਲਈ ਮਾਹੌਲ ਸਾਜ਼ਗਾਰ ਹੁੰਦਾ ਹੈ, ਜੀਵਨ ਬਿਨਾਂ ਸਮਾਂ ਗੁਆਏ ਫੁੱਟ ਪੈਂਦਾ ਹੈ।
ਪ੍ਰੀਬਾਇਓਟਿਕ ਰਸਾਇਣ ਵਿਗਿਆਨ ਦੀ ਸਾਡੀ ਸਮਝ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਦੀ ਸ਼ੁਰੂਆਤ ਦੇ ਅਧਾਰ ਬਣਨ ਵਾਲੇ ਤੱਤ ਸਰਬ-ਵਿਆਪਕ ਹਨ।
ਇਸ ਤੋਂ ਸਾਨੂੰ ਪਤਾ ਲਗਦਾ ਹੈ ਕਿ ਜੀਵਨ ਕਿਤੇ ਵੀ ਹੋਵੇ, ਉਸ ਵਿੱਚ ਕੁਝ ਪਛਾਨਣਯੋਗ ਵਿਸ਼ੇਸ਼ਤਾਵਾਂ ਜ਼ਰੂਰ ਹੀ ਹੋਣਗੀਆਂ।
ਧਰਤੀ ਉੱਪਰ ਜ਼ਿਆਦਤਰ ਸਮਾਂ ਜੀਵਨ ਇੱਕ ਸ਼ੈਲੀ ਜੀਵਾਂ ਦੇ ਰੂਪ ਵਿੱਚ ਵਿਦਮਾਨ ਸੀ।
ਜੀਵ-ਜੰਤੂ ਤਾਂ ਸਾਡੇ ਗ੍ਰਹਿ ਉੱਪਰ ਪਿਛਲੇ 50-60 ਕਰੋੜ ਸਾਲਾਂ ਦੇ ਦੌਰਾਨ ਹੀ ਪੈਦਾ ਹੋਏ ਹਨ ਅਤੇ ਜੋ ਕਿ ਸਮੁੱਚੇ ਸਜੀਵ ਜਗਤ ਦਾ ਮਹਿਜ਼ 14 ਫ਼ੀਸਦੀ ਹਨ।


- ਗ੍ਰਹਿਆਂ-ਨਛੱਤਰਾਂ ਦੇ ਸਬੰਧ ਵਿੱਚ, ਇੱਕ ਵਿਗਿਆਨਕ ਆਮ-ਸਹਿਮਤੀ ਹੈ ਕਿ ਜ਼ਿੰਦਗੀ ਕੋਈ 4.200 ਬਿਲੀਅਨ ਸਾਲ ਪਹਿਲਾਂ ਪੈਦਾ ਹੋਈ।
- ਹੈਰਾਨੀ ਇਹ ਹੈ ਕਿ ਜਿਵੇਂ ਹੀ ਧਰਤੀ ਜੀਵਨ ਦੇ ਅਨੁਕੂਲ ਹੋਈ ਉਸ ਦੇ 1.20 ਕਰੋੜ ਸਾਲਾਂ ਦੇ ਅੰਦਰ ਹੀ ਇੱਥੇ ਜੀਵਨ ਲੱਗ ਪਿਆ ਸੀ।
- ਪ੍ਰੀਬਾਇਓਟਿਕ ਰਸਾਇਣ ਵਿਗਿਆਨ ਦੀ ਸਾਡੀ ਸਮਝ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਦੀ ਸ਼ੁਰੂਆਤ ਦੇ ਅਧਾਰ ਬਣਨ ਵਾਲੇ ਤੱਤ ਸਰਬਵਿਆਪਕ ਹਨ।
- ਧਰਤੀ ਉੱਪਰ ਜ਼ਿਆਦਤਰ ਸਮਾਂ ਜੀਵਨ ਇੱਕ ਸ਼ੈਲੀ ਜੀਵਾਂ ਦੇ ਰੂਪ ਵਿੱਚ ਵਿਦਮਾਨ ਸੀ।
- ਜੀਵ-ਜੰਤੂ ਤਾਂ ਸਾਡੇ ਗ੍ਰਹਿ ਉੱਪਰ ਪਿੱਛਲੇ 50-60 ਕਰੋੜ ਸਾਲਾਂ ਦੇ ਦੌਰਾਨ ਹੀ ਪੈਦਾ ਹੋਏ ਹਨ।

ਸੂਝਵਾਨ ਜ਼ਿੰਦਗੀ: ਜੋ ਅਕਾਸ਼ ਨੂੰ ਦੇਖ ਸਕੇ
ਆਪਣੀ ਸੀਮਤ ਸੂਝ ਮੁਤਾਬਕ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਤਾਂ ਸੂਝਵਾਨ ਜੀਵਨ ਉਸੇ ਨੂੰ ਮੰਨਾਂਗੇ ਜੋ ਖਗੋਲੀ ਸਮਝ ਨਾਲ ਪੁਲਾੜ ਨੂੰ ਦੇਖਣ ਦੇ ਸਮਰੱਥ ਹੋਵੇ। ਆਪਣੇ ਗ੍ਰਹਿ ਤੋਂ ਦੂਜੇ ਗ੍ਰਹਿ ਤੱਕ ਇਸ਼ਾਰੇ ਭੇਜ ਸਕੇ। ਜਿਵੇਂ ਅਸੀਂ ਦੂਜੇ ਗ੍ਰਹਿਆਂ ਤੱਕ ਮਿਸ਼ਨ ਭੇਜਦੇ ਹਾਂ।
ਜੇ ਅਸੀਂ ਤਾਂਬਾ ਯੁੱਗ ਨੂੰ ਤਰਤੀਬ ਵਾਰ ਖਗੋਲੀ ਖੋਜਬੀਣ ਦਾ ਸ਼ੁਰੂਆਤੀ ਸਮਾਂ ਮੰਨ ਸਕਦੇ ਹਾਂ। ਉਸ ਹਿਸਾਬ ਨਾਲ ਜੇ ਇੱਕ ਸਮਾਂ ਰੇਖਾ ਮਿੱਥ ਲਈ ਜਾਵੇ ਤਾਂ ਜ਼ਿੰਦਗੀ ਨੂੰ ਧਰਤੀ ''''ਤੇ ਪੈਦਾ ਹੋਇਆਂ ਮਹਿਜ਼ 0.00012% ਤੋਂ ਵੀ ਘੱਟ ਸਮਾਂ ਬੀਤਿਆ ਹੈ।
ਪੁਲਾੜ ਵਿੱਚ ਸੰਕੇਤ ਭੇਜਣ ਅਤੇ ਪ੍ਰਾਪਤ ਕਰਨ ਅਤੇ ਪੁਲਾੜ ਵਿੱਚ ਜਾ ਕੇ ਉਸ ਬਾਰੇ ਜਾਨਣ ਦੀ ਸਮਰੱਥਾ ਵਿਕਸਿਤ ਹੋਈ ਨੂੰ ਤਾਂ ਧਰਤੀ ਉੱਪਰ ਸਮੁੱਚੇ ਜੀਵਨ ਕਾਲ ਦਾ ਮਹਿਜ਼ ਵਾਲ ਜਿੰਨਾ ਹਿੱਸਾ ਹੀ ਹੋਇਆ ਹੈ।
ਇਸ ਲਈ ਕੋਈ ਅਜਿਹੇ ਸੰਕੇਤ ਭੇਜ ਰਿਹਾ ਹੋਵੇਗਾ ਅਤੇ ਅਸੀਂ ਉਸ ਨੂੰ ਹਾਸਲ ਕਰ ਸਕੇ ਹੋਵਾਂਗੇ, ਇਸ ਦੀ ਸੰਭਾਵਨਾ ਬਹੁਤ ਥੋੜ੍ਹੀ ਹੈ।
ਇਸ ਦੇ ਨਾਲ ਹੀ ਅਸੀਂ ਜਾਣਦੇ ਹਾਂ ਕਿ, ਜ਼ਿੰਦਗੀ ਤਾਂ ਬਹੁਤ ਆਮ ਹੈ ਪਰ ਸੂਝਵਾਨ ਜ਼ਿੰਦਗੀ ਬਹੁਤ ਦੁਰਲੱਭ ਹੈ।
ਮੈਥਿਮੈਟਿਕਲ ਵਿਸ਼ਲੇਸ਼ਣਾਂ ਦੇ ਅਧਾਰ ਤੇ ਅੱਟੇ-ਸੱਟੇ ਹਨ ਕਿ 60% ਨਾਂਹਮੁਖੀ ਸੰਭਾਵਨਾ ਹੈ ਕਿ ਕਿਸੇ ਗ੍ਰਹਿ ਉੱਪਰ ਸੂਝਵਾਨ ਜ਼ਿੰਦਗੀ ਪੈਦਾ ਹੋਵੇਗੀ।
ਹਾਲੀਆ ਵਿਸ਼ਲੇਸ਼ਣਾਂ ਤੋਂ ਪਤਾ ਲੱਗਦਾ ਹੈ ਕਿ ਸਾਡੀ ਅਕਾਸ਼ ਗੰਗਾ (ਮਿਲਕੀ ਵੇਅ) ਵਿੱਚ ਇੱਕ ਤੋਂ 10 ਗ੍ਰਹਿ ਹੋ ਸਕਦੇ ਹਨ, ਜਿੱਥੇ ਸੂਝਵਾਨ ਜ਼ਿੰਦਗੀ ਮੌਜੂਦ ਹੋਵੇ।
ਅਜਿਹਾ ਤਾਂ ਹੈ ਜੇ ਜ਼ਿੰਦਗੀ ਬ੍ਰਹਿਮੰਡੀ ਵਿਕਾਸ ਦਾ ਨਤੀਜਾ ਹੋਵੇ। ਹਾਲਾਂਕਿ ਅਸੀਂ ਇਹ ਨਹੀਂ ਮੰਨਦੇ ਕਿ ਸੂਝ ਜਾਂ ਬੁੱਧੀ ਵੀ ਕੋਈ ਨਤੀਜਾ ਹੈ।

ਦੂਜੇ ਗ੍ਰਹਿਆਂ ਤੇ ਜੀਵਨ ਦੇ ਸੰਕੇਤਾਂ ਦੀ ਸਾਡੀ ਭਾਲ
ਦੂਜੇ ਗ੍ਰਹਿਆਂ ਉੱਪਰ ਜੀਵਨ ਦੇ ਸਬੂਤਾਂ ਦੀ ਤਲਾਸ਼ ਵਿੱਚ, ਸੌਰ ਮੰਡਲ ਅਤੇ ਇਸ ਤੋਂ ਬਾਹਰੇ ਗ੍ਰਹਿਆਂ ਉੱਪਰ, ਸਾਇੰਸਦਾਨਾਂ ਨੇ ਬਾਇਓ-ਸਿਗਨੇਚਰਜ਼ ਜਾਂ ਬਾਇਓਮਾਰਕਸ ਜਾਂ ਜੀਵਨ ਦੇ ਵਿਕਾਸ ਦੇ ਰਸਾਇਣਕ ਸੰਕੇਤਾਂ ਦੀ ਭਾਲ ਕੀਤੀ ਹੈ।
ਹਾਲਾਂਕਿ ਅਜੇ ਤੱਕ ਤਾਂ ਧਰਤੀ ਨੂੰ ਛੱਡ ਕੇ ਕਿਸੇ ਹੋਰ ਗ੍ਰਹਿ-ਨਛੱਤਰ ਉੱਪਰ ਸਾਇੰਸ ਨੂੰ ਅਜਿਹੇ ਕੋਈ ਸੰਕੇਤ ਨਹੀਂ ਮਿਲੇ ਹਨ। ਸ਼ੁੱਕਰ ਗ੍ਰਹਿ ਤੇ ਵੀ ਜੋ ਕੁਝ ਮਿਲਿਆ ਹੈ, ਉਹ ਜੈਵਿਕ- ਦਸਤਖ਼ਤ ਤਾਂ ਨਹੀਂ ਹਨ।
ਧਰਤੀ ਤੋਂ ਇਲਾਵਾ ਹੋਰ ਗ੍ਰਹਿਆਂ ਉੱਪਰ ਜੀਵਨ ਤਲਾਸ਼ਣ ਦਾ ਇੱਕ ਤਰੀਕਾ ਸੌਰ-ਮੰਡਲ ਤੋਂ ਬਾਹਰਲੇ ਗ੍ਰਹਿਆਂ ਨੂੰ ਦੇਖਣਾ ਵੀ ਹੈ।
ਹੁਣ ਤੱਕ ਸਾਇੰਸਦਾਨਾਂ ਨੇ 4,229 ਤਾਰਿਆਂ ਦੀ ਪਰਿਕਰਮਾਂ ਕਰਨ ਵਾਲ਼ੇ 5,496 ਗ੍ਰਹਿਆਂ ਦੀ ਨਿਸ਼ਾਨਦੇਹੀ ਕੀਤੀ ਹੈ। ਜੇਮਜ਼ ਵੈੱਬ ਦੂਰਬੀਨ ਇੱਕ ਕਦਮ ਹੋਰ ਅੱਗੇ ਗਈ ਹੈ। ਇਸ ਨੇ ਸੌਰ-ਮੰਡਲ ਤੋਂ ਬਾਹਰੀ ਗ੍ਰਹਿਆਂ ਦੇ ਵਾਤਾਵਰਣ ਦੀ ਰਸਾਇਣਕ ਜਾਂ ਮੌਲੀਕਿਊਲਰ ਪ੍ਰੋਫ਼ਾਈਲ ਤਿਆਰ ਕੀਤੀ ਹੈ।
ਇਹ ਸੰਭਵ ਹੈ ਕਿ, ਨਿਕਟ ਭਵਿੱਖ ਵਿੱਚ, ਜਿਵੇਂ ਕਿ ਪੁਲਾੜ ਨੂੰ ਦੇਖਣ ਵਾਲੀ ਸਾਡੀ ਤਕਨੀਕ ਵਿਕਸਿਤ ਹੋਵੇਗੀ। ਧਰਤੀ ਤੋਂ ਇਲਾਵਾ ਵੀ 1800 ਤੋਂ ਜ਼ਿਆਦਾ ਗ੍ਰਹਿਆਂ (ਜਿੰਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਕਿ ਉਹ ਧਰਤੀ ਵਰਗੇ ਹਨ) ਉੱਪਰ ਜੀਵਨ ਦੇ ਰਸਾਇਣਕ ਸੰਕੇਤ ਸਾਇੰਸਦਾਨਾਂ ਨੂੰ ਮਿਲ ਜਾਣ।
ਅਜੇ ਤੱਕ ਤਾਂ ਸੌਰ-ਮੰਡਲ ਤੋਂ ਬਾਹਰਲੇ ਕਿਸੇ ਵੀ ਗ੍ਰਹਿ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ, ਉੱਥੇ ਜੀਵਨ ਕਿਸੇ ਰੂਪ ਵਿੱਚ ਸੰਭਵ ਹੈ।

ਕੀ ਸੂਝਵਾਨ ਜੀਵ ਧਰਤੀ ਨੂੰ ਦੇਖ ਰਹੇ ਹਨ?
ਇਸ ਤੱਥ ਤੋਂ ਇਨਕਾਰ ਕਰਨ ਦਾ ਕੋਈ ਕਾਰਨ ਨਹੀਂ ਹੈ ਕਿ ‘ਜੀਵਨ ਵਾਲਾ’ ਸਾਡਾ ਗ੍ਰਹਿ ਇੱਕਲਾ ਨਹੀਂ ਹੋ ਸਕਦਾ।
ਜੇ ਉਨ੍ਹਾਂ ਦੀ ਤਕਨੀਕ ਸਾਡੇ ਤੋਂ ਵਿਕਸਤ ਹੁੰਦੀ ਤਾਂ ਇਸ ਦੀ ਪੂਰੀ ਸੰਭਾਵਨਾ ਸੀ ਕਿ ਉਹ ਧਰਤੀ ਉੱਪਰ ਜੀਵਨ ਦੇ ਸੰਕੇਤ ਆਕਸੀਜ਼ਨ ਅਤੇ ਮੀਥੇਨ ਗੈਸਾਂ ਦਾ ਪਤਾ ਲਗਾ ਲੈਂਦੇ। ਇਸ ਤੋਂ ਇਲਾਵਾ ਕਲੋਰੋਫਿਲ ਦਾ ਸਪੈਕਟਰਮ ਵੀ ਇੱਕ ਅਜਿਹੀ ਚੀਜ਼ ਹੈ, ਜੋ ਪੁਲਾੜ ਵਿੱਚੋਂ ਦੇਖੀ ਜਾ ਸਕਦੀ ਹੈ।
ਜੇ ਉਹ ਉੱਥੇ ਹਨ ਅਤੇ ਹੁਣ ਸਾਨੂੰ 60 ਪ੍ਰਕਾਸ਼ ਸਾਲ ਦੀ ਦੂਰੀ ਤੋਂ ਦੇਖ ਵੀ ਰਹੇ ਹੋਣ ਤਾਂ ਉਨ੍ਹਾਂ ਨੂੰ ਤਕਨੀਕੀ ਵਿਕਾਸ ਦੇ ਸਬੂਤ ਨਜ਼ਰ ਆ ਜਾਣੇ ਸਨ। ਜਿਵੇਂ ਕਿ ਕਲੋਰੋਫਲੋਰੋਕਾਰਬਨਾਂ ਦੀ ਮੌਜੂਦਗੀ।

ਸੌਰ-ਮੰਡਲ ਤੋਂ ਬਾਹਰੀ ਗ੍ਰਹਿ ਉੱਪਰ ਜੀਵਨ ਦੀ ਸੰਭਾਵਨਾ ਮੱਧਮ ਹੈ
ਕਿਸੇ ਆਮ ਵਿਅਕਤੀ ਨੂੰ ਲੱਗ ਸਕਦਾ ਹੈ ਕਿ ਸਾਇੰਸਦਾਨਾਂ ਨੇ ਬਹੁਤ ਸਾਰੇ ਗ੍ਰਹਿਆਂ ਦੀ ਨਿਸ਼ਾਨਦੇਹੀ ਕਰ ਲਈ ਹੈ। ਜਦਕਿ ਸੱਚਾਈ ਇਹ ਹੈ ਕਿ ਅਜੇ ਤਾਂ ਬਹੁਤ ਥੋੜ੍ਹੇ ਨਮੂਨੇ ਮਾਤਰ ਗ੍ਰਹਿਆਂ ਤੱਕ ਹੀ ਸਾਡੀ ਪਹੁੰਚ ਹੋ ਸਕੀ ਹੈ।
ਕਿਆਸ ਹੈ ਕਿ ਇਕੱਲੀ ਸਾਡੀ ਅਕਾਸ਼ ਗੰਗਾ ਵਿੱਚ ਹੀ 10,000 ਕਰੋੜ ਗ੍ਰਹਿ ਹਨ।
ਸਾਡੇ ਗੁਆਂਢ ਵਿੱਚ ਲਗਭਗ 50 ਪ੍ਰਕਾਸ਼ ਵਰ੍ਹੇ ਦੂਰ, ਇਹ ਅਨੁਮਾਨ ਹੈ ਕਿ 1500 ਗ੍ਰਹਿ ਹਨ, ਜਿਨ੍ਹਾਂ ਵਿੱਚੋਂ ਸਿਰਫ਼ 10% ਨੂੰ ਹੀ ਦੇਖਿਆ ਜਾ ਸਕਿਆ ਹੈ।
ਹੁਣ ਤੱਕ ਜੋ ਸਾਨੂੰ ਪਤਾ ਹੈ ਉਸ ਦੇ ਅਧਾਰ ਤੇ ਇਹ ਗਣਨਾ ਕਰਨੀ ਸੌਖੀ ਹੀ ਹੈ ਕਿ ਕੋਈ ਨਵਾਂ ਗ੍ਰਹਿ ਮਿਲੇ ਅਤੇ ਉਸ ਉੱਪਰ ਜੀਵਨ ਨਾ ਹੋਵੇ, ਇਸ ਦੀ ਸੰਭਾਵਨਾ 99.98% ਹੈ।
ਇਹ ਨਕਾਰਤਮਿਕ ਲੱਗ ਸਕਦਾ ਹੈ ਪਰ ਅਨੁਮਾਨ ਮੁਤਾਬਕ ਸਾਡੀ ਅਕਾਸ਼ ਗੰਗਾ ਵਿੱਚ ਹੀ ਇੱਕ ਕਰੋੜ ਗ੍ਰਹਿ ਹੋ ਸਕਦੇ ਹਨ, ਜਿਨ੍ਹਾਂ ਉੱਪਰ ਜੀਵਨ ਮੌਜੂਦ ਹੋਵੇ।

ਕੀ ਹੋਵੇਗਾ ਜੇ ਉਹ ਪਹਿਲਾਂ ਹੀ ਇੱਥੇ ਆ ਚੁੱਕੇ ਹੋਣ?
ਅਮਰੀਕੀ ਸੰਸਦ ਅੱਗੇ ਪੇਸ਼ ਕੀਤੇ ਗਏ ਪਰ-ਗ੍ਰਹਿ ਤਕਨੌਲੋਜੀ ਬਾਰੇ ਹਾਲੀਆਂ ਵੇਰਵਿਆਂ ਨੇ ਮੀਡੀਆ ਵਿੱਚ ਕਾਫ਼ੀ ਸੁਰਖੀਆਂ ਬਟੋਰੀਆਂ ਹਨ।
ਹਾਲਾਂਕਿ ਇਨ੍ਹਾਂ ਸਾਰੇ ਵੇਰਵਿਆਂ ਵਿੱਚ ਪੁਖਤਾ ਸਬੂਤਾਂ ਦੀ ਘਾਟ ਰੜਕਦੀ ਹੈ। ਸਾਇੰਸਦਾਨ ਗਵਾਹੀਆਂ ਦੇ ਸਿਰ ’ਤੇ ਕੰਮ ਨਹੀਂ ਕਰਦੇ।
ਫਿਰ ਵੀ ਸਾਡੇ ਲਈ ਇੱਕ ਖੁੱਲ੍ਹਦਿਲੀ ਵਾਲੀ ਪਹੁੰਚ ਰੱਖਣੀ ਜ਼ਰੂਰੀ ਹੈ। ਸਾਡੇ ਲਈ ਜ਼ਰੂਰੀ ਹੈ ਕਿ ਇਨ੍ਹਾਂ ਗਵਾਹੀਆਂ ਤੋਂ ਮਿਲੇ ਡੇਟਾ ਦਾ ਬਿਨਾਂ ਪੱਖਪਾਤ ਦੇ ਵਿਸ਼ਲੇਸ਼ਣ ਕੀਤਾ ਜਾਵੇ।
ਇਹ ਵੀ ਜ਼ਰੂਰੀ ਹੈ ਕਿ ਭੌਤਿਕ ਵਿਗਿਆਨ ਅਤੇ ਸਾਇੰਸ ਦੀਆਂ ਬਹੁਤ ਸਾਰੀਆਂ ਹੋਰ ਪਰਿਕਲਪਨਾਵਾਂ ਦੀਆਂ ਸੀਮਾਵਾਂ ਨੂੰ ਪਰਿਭਾਸ਼ਿਤ ਕੀਤਾ ਜਾਵੇ।
ਭਾਵੇਂ ਕਿ ਹੋਰ ਗ੍ਰਹਿਆਂ ਤੋਂ ਕਿਸੇ ਦਾ ਸਾਡੇ ਤੱਕ ਪਹੁੰਚਣਾ ਇੱਕ ਇਸ਼ਾਰਾ ਹੀ ਹੈ ਅਤੇ ਕਿਤੇ ਨਾ ਕਿਤੇ ਉਮੀਦ ਵੀ ਬਝਾਉਂਦਾ ਹੈ।
ਇਹ ਵੀ ਨੋਟ ਕਰਨਾ ਮਹੱਤਵਪੂਰਨ ਹੈ ਕਿ, ਅਣਪਛਾਤੇ ਪੁਲਾੜੀ ਵਰਤਾਰਿਆਂ ਦਾ ਵਿਸ਼ਲੇਸ਼ਣ ਨਾ ਕਰ ਸਕਣ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਹੋਰ ਗ੍ਰਹਿਆਂ ਉੱਪਰ ਤਕਨੀਕ ਦੀ ਮੌਜੂਦਗੀ ਤੋਂ ਇਨਕਾਰੀ ਹਾਂ।
ਇਸ ਲਈ, ਜੋ ਅਸੀਂ ਜਾਣਦੇ ਹਾਂ, ਉਸ ਦੇ ਅਧਾਰ ਤੇ ਸਾਨੂੰ ਇਹ ਸੰਭਾਵਨਾ ਮੰਨ ਲੈਣੀ ਚਾਹੀਦੀ ਹੈ ਕਿ ਘੱਟੋ-ਘੱਟ ਸਾਡੀ ਅਕਾਸ਼ ਗੰਗਾ ਵਿੱਚ ਤਾਂ ਅਸੀਂ (ਸਾਡੀ ਧਰਤੀ) ਹੀ ਹੈ ਜਿੱਥੇ ਕਿ ਸੂਝਵਾਨ ਜ਼ਿੰਦਗੀ ਰੂਹੇਰਵਾਂ ਹੈ।
ਜਿਵੇਂ ਕਿ ਗਿਆਨ ਅਤੇ ਘੋਖਣ ਦੀ ਤਕਨੀਕ ਦਾ ਵਿਕਾਸ ਲਗਾਤਾਰ ਹੁੰਦਾ ਜਾ ਰਿਹਾ ਹੈ। ਧੀਰਜ ਅਤੇ ਸਿਰੜ ਨਾਲ ਸ਼ਾਇਦ ਇੱਕ ਦਿਨ ਧਰਤੀ ਤੋਂ ਇਲਾਵਾ ਕਿਸੇ ਹੋਰ ਗ੍ਰਹਿ ਉੱਪਰ ਜੀਵਨ ਦੀ ਸੰਭਾਵਨਾ ਦੇ ਸਵਾਲ ਬਾਰੇ ਸਾਇੰਸਦਾਨ ਕੋਈ ਜਵਾਬ ਦੇ ਸਕਣ।
ਜਾਂ ਦਾਅਵੇ ਨਾਲ ਕਹਿ ਸਕਣ ਕਿ ਕੁੱਲ ਬ੍ਰਹਿਮੰਡ ਵਿੱਚ ਅਸੀਂ ਹੀ ਹਾਂ।
ਉਦੋਂ ਤੱਕ ਤਾਂ ਘੱਟੋ-ਘੱਟ ਮਨੁੱਖ ਹੋਰ ਗ੍ਰਹਿਆਂ ਵੱਲ ਇੱਕ ਉਮੀਦ ਭਰੀ ਨਜ਼ਰ ਨਾਲ਼ ਦੇਖਦਾ ਰਹੇਗਾ, ਕਿ ਸ਼ਾਇਦ ਉੱਥੋਂ ਵੀ ਕੋਈ ਨਿਗ੍ਹਾ ਉਸ ਨੂੰ ਦੇਖ ਰਹੀ ਹੋਵੇਗੀ।
ਸੀਜ਼ਰ ਮੇਨਰ-ਸਲਵਾਨ (ਪੀਐਚਡੀ) ਸਿਸਟਮ ਬਾਇਓਲੋਜੀ ਵਿਭਾਗ, ਅਲਕਾਲਾ ਯੂਨੀਵਰਸਿਟੀ, ਸਪੇਨ ਵਿੱਚ ਬਾਇਓਕੈਮਿਸਟਰੀ ਅਤੇ ਐਸਟ੍ਰੋਬਾਇਓਲੋਜੀ ਦੇ ਪ੍ਰੋਫੈਸਰ, ਹਨ।
ਇਹ ਲੇਖ ਮੂਲ ਰੂਪ ਵਿੱਚ ਦਿ ਕਨਵਰਸੇਸ਼ਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇੱਕ ਕਰੀਏਟਿਵ ਕਾਮਨਜ਼ ਲਾਇਸੰਸ ਦੇ ਤਹਿਤ ਇੱਥੇ ਮੁੜ ਪ੍ਰਕਾਸ਼ਿਤ ਕੀਤਾ ਗਿਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)