ਔਰਤਾਂ ਨੂੰ ਬਿਨਾਂ ਰਜ਼ਾਮੰਦੀ ਚੁੰਮਣ, ਛੁਹਣ ਜਾਂ ਮੋਢੇ ’ਤੇ ਹੱਥ ਰੱਖਣ ਵਾਲੇ ਸਮਝਦੇ ਕਿਉਂ ਨਹੀਂ - ਨਜ਼ਰੀਆ

Sunday, Sep 03, 2023 - 04:02 PM (IST)

ਔਰਤਾਂ ਨੂੰ ਬਿਨਾਂ ਰਜ਼ਾਮੰਦੀ ਚੁੰਮਣ, ਛੁਹਣ ਜਾਂ ਮੋਢੇ ’ਤੇ ਹੱਥ ਰੱਖਣ ਵਾਲੇ ਸਮਝਦੇ ਕਿਉਂ ਨਹੀਂ - ਨਜ਼ਰੀਆ
ਸਪੇਨ ਦਾ ਚੁੰਮਣ ਵਿਵਾਦ
Getty Images

ਬੁੱਲ੍ਹਾਂ ’ਤੇ ਚੁੰਮਿਆ ਹੀ ਤਾਂ ਹੈ, ਹੋਰ ਤਾਂ ਕੁਝ ਨਹੀਂ ਕੀਤਾ। ਇਸ ’ਤੇ ਇੰਨਾ ਹੰਗਾਮਾ ਕਿਉਂ ਹੋਇਆ ਹੈ?

ਭਾਰਤ ਅਤੇ ਹੋਰ ਕਈ ਮੁਲਕਾਂ ਦੇ ਸਮਾਜਿਕ ਹਿੱਸਿਆਂ ਅਤੇ ਖਾਸ ਕਰਕੇ ਮਰਦਾਂ ਨੂੰ ਇਹ ਗੱਲ ਸਮਝ ਹੀ ਨਹੀਂ ਆ ਰਹੀ ਹੈ।

ਜੇਕਰ ਸਮਝ ਆ ਹੀ ਜਾਂਦੀ ਤਾਂ ਹੁਣ ਜੋ ਕੁਝ ਹੋ ਰਿਹਾ ਹੈ, ਉਹ ਨਾ ਹੁੰਦਾ ਜਾਂ ਫਿਰ ਅਜਿਹੀ ਗੱਲ ਕੋਈ ਨਾ ਕਹਿੰਦਾ।

ਠੀਕ ਉਸੇ ਤਰ੍ਹਾਂ ਜਿਵੇਂ ਕੋਈ ਕਹਿ ਸਕਦਾ ਹੈ, ਪਿੱਠ ਹੀ ਤਾਂ ਥਪਥਪਾਈ ਹੈ, ਕੁਝ ਹੋਰ ਤਾਂ ਨਹੀਂ ਕੀਤਾ। ਉਂਝ, ਇੱਥੇ ਗੱਲ ਆਪਣੇ ਦੇਸ਼ ਦੀ ਨਹੀਂ ਹੋ ਰਹੀ ਹੈ।

ਰੂਬੀਆਲੇਸ ਨੇ ਕੀ ਕੀਤਾ?

ਸਪੇਨ ਦਾ ਚੁੰਮਣ ਵਿਵਾਦ
Getty Images

ਜੀ, ਬੁੱਲ੍ਹਾਂ ’ਤੇ ਚੁੰਮਣ ਦੀ ਇੱਕ ਘਟਨਾ ਦੇ ਕਰਕੇ ਇਨ੍ਹੀਂ ਦਿਨੀਂ ਇੱਕ ਦੂਰ-ਦੁਰਾਡੇ ਦੇ ਮੁਲਕ ''''ਚ ਖੂਬ ਹੰਗਾਮਾ ਮਚਿਆ ਹੋਇਆ ਹੈ।

ਵਿਸ਼ਵ ਕੱਪ ਮਹਿਲਾ ਫੁੱਟਬਾਲ ਮੁਕਾਬਲੇ ਦਾ ਪਹਿਲੀ ਵਾਰ ਖਿਤਾਬ ਜਿੱਤਣ ਵਾਲੀ ਸਪੇਨ ਦੀ ਟੀਮ ਦੀ ਇੱਕ ਅਹਿਮ ਖਿਡਾਰਨ ਹਨ, ਜੇਨੀ ਹਰਮੋਸੋ।

ਜਿੱਤ ਦੇ ਜਸ਼ਨਾਂ ਦੌਰਾਨ ਸਪੇਨ ਫੁੱਟਬਾਲ ਐਸੋਸੀਏਸ਼ਨ ਦੇ ਤਤਕਾਲੀ ਪ੍ਰਧਾਨ ਲੁਈਸ ਰੂਬੀਆਲੇਸ ਨੇ ਹਰਮੋਸੋ ਨੂੰ ਗਲ਼ੇ ਲਗਾਇਆ ਅਤੇ ਉਨਾਂ ਦਾ ਸਿਰ ਫੜ੍ਹ ਕੇ ਉਨ੍ਹਾਂ ਦੇ ਬੁੱਲ੍ਹਾਂ ਨੂੰ ਚੁੰਮ ਲਿਆ।

ਇਸ ਤਰ੍ਹਾਂ ਚੁੰਮਣ ਦੀ ਤਸਵੀਰ ਅਤੇ ਵੀਡੀਓ ਵਾਈਰਲ ਹੋਣ ਲੱਗੀ। ਰੂਬੀਆਲੇਸ ਦੀ ਆਲੋਚਨਾ ਹੋਈ ਕਿ ਉਨ੍ਹਾਂ ਨੇ ਇਹ ਜ਼ਬਰਦਸਤੀ ਕੀਤਾ ਹੈ।

ਇਹ ਇੱਕ ਜਿਨਸੀ ਵਿਵਹਾਰ ਹੈ ਜੋ ਗਲਤ ਹੈ। ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ।

ਰੂਬੀਆਲੇਸ ਅਤੇ ਸਪੇਨ ਦਾ ਫੁੱਟਬਾਲ ਸੰਘ ਪਹਿਲਾਂ ਤਾਂ ਇਸ ਇਲਜ਼ਾਮ ਤੋਂ ਮੁਨਕਰ ਹੋਇਆ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਭ ਕੁਝ ਆਪਸੀ ਸਹਿਮਤੀ ਨਾਲ ਹੋਇਆ ਹੈ। ਉਹ ਫਰਜ਼ੀ ਨਾਰੀਵਾਦੀਆਂ ਅੱਗੇ ਨਹੀਂ ਝੁਕਣਗੇ।

...ਅਤੇ ਰੂਬੀਆਲੇਸ ਨੂੰ ਮੁਅੱਤਲ ਕੀਤਾ ਗਿਆ

ਰੂਬੀਆਲੇਸ
Getty Images

ਪਰ ਸਪੇਨ ਦੀ ਸਰਕਾਰ ਨੇ ਵੀ ਉਨ੍ਹਾਂ ਦੇ ਇਸ ਰਵੱਈਏ ਦੀ ਆਲੋਚਨਾ ਕੀਤੀ।

ਜਦੋਂ ਸਪੇਨ ਦੀ ਜਨਤਾ ਸੜਕਾਂ ’ਤੇ ਉਤਰ ਆਈ, ਫਿਰ ਕਿਤੇ ਜਾ ਕੇ ਰੂਬੀਆਲੇਸ ਖ਼ਿਲਾਫ਼ ਜਾਂਚ ਦਾ ਐਲਾਨ ਕੀਤਾ ਗਿਆ।

ਇਸ ਹੰਗਾਮੇ ਤੋਂ ਬਾਅਦ ਸਪੇਨ ਦੇ ਫੁੱਟਬਾਲ ਸੰਘ ਨੂੰ ਵੀ ਝੁਕਣਾ ਪਿਆ ਅਤੇ ਉਸ ਨੂੰ ਆਪਣੇ ਪ੍ਰਧਾਨ ਨੂੰ ਅਸਤੀਫਾ ਦੇਣ ਲਈ ਕਹਿਣਾ ਪਿਆ।

ਇਸ ਦੌਰਾਨ ਅੰਤਰਰਾਸ਼ਟਰੀ ਫੁੱਟਬਾਲ ਮਹਾਸੰਘ (ਫੀਫਾ) ਨੇ ਲੁਈਸ ਰੂਬੀਆਲੇਸ ਨੂੰ ਉਨ੍ਹਾਂ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ।

ਜਦੋਂ ਹਰਮੋਸੋ ਨੇ ਚੁੱਪੀ ਤੋੜੀ

ਹਰਮੋਸੋ
Getty Images

ਜਦੋਂ ਇਹ ਸਭ ਸ਼ੁਰੂ ਹੋਇਆ ਤਾਂ ਹਰਮੋਸੋ ਚੁੱਪ ਸਨ। ਪਰ ਫਿਰ ਜਦੋਂ ਰੂਬੀਆਲੇਸ ਵੱਲੋਂ ਇਹ ਗੱਲ ਵਾਰ-ਵਾਰ ਆਈ ਕਿ ਇਹ ਸਭ ਆਪਸੀ ਸਹਿਮਤੀ ਨਾਲ ਹੋਇਆ ਹੈ ਅਤੇ ਉਨ੍ਹਾਂ ਨੇ ਚੁੰਮਣ ਲੈਣ ਤੋਂ ਪਹਿਲਾਂ ਪੁੱਛਿਆ ਸੀ, ਤਾਂ ਹਰਮੋਸੋ ਨੇ ਆਪਣੀ ਚੁੱਪੀ ਤੋੜੀ।

ਐਕਸ (ਟਵਿੱਟਰ) ’ਤੇ ਉਨ੍ਹਾਂ ਵੱਲੋਂ ਇੱਕ ਲੰਮਾ-ਚੌੜਾ ਬਿਆਨ ਆਇਆ। ਉਨ੍ਹਾਂ ’ਤੇ ਇਸ ਗੱਲ ਦਾ ਬਹੁਤ ਦਬਾਅ ਸੀ ਕਿ ਉਹ ਕਹਿ ਦੇਣ ਕਿ ਇਹ ਸਭ ਕੁਝ ਆਪਸੀ ਰਜ਼ਾਮੰਦੀ ਨਾਲ ਹੋਇਆ ਸੀ, ਪਰ ਉਹ ਝੁਕੇ ਨਹੀਂ।

ਹਰਮੋਸੋ ਦਾ ਬਿਆਨ ਕੁਝ ਇਸ ਤਰ੍ਹਾਂ ਹੈ – “ਉਹ ਪੂਰੀ ਤਰ੍ਹਾਂ ਨਾਲ ਝੂਠ ਬੋਲ ਰਹੇ ਹਨ। ਗੱਲਾਂ ਨੂੰ ਤੋੜ-ਮਰੋੜ ਕੇ ਆਪਣੇ ਪੱਖ ’ਚ ਪੇਸ਼ ਕਰ ਰਹੇ ਹਨ। ਉਹ ਜਿਸ ਗੱਲਬਾਤ ਦਾ ਹਵਾਲਾ ਦੇ ਰਹੇ ਹਨ, ਉਹ ਕਦੇ ਹੋਈ ਹੀ ਨਹੀਂ। ਉਹ ਘਟਨਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਈ। ਮੈਂ ਉਸ ਸਮੇਂ ਕੁਝ ਕਹਿ ਸਕਣ ਦੀ ਹਾਲਤ ’ਚ ਨਹੀਂ ਸੀ। ਮੈਂ ਜਿਨਸੀ ਦੁਰਵਿਵਹਾਰ ਦਾ ਸ਼ਿਕਾਰ ਹੋਈ ਸੀ।”

“ਮੇਰੇ ਵੱਲੋਂ ਇਸ ਤਰ੍ਹਾਂ ਦੀ ਕੋਈ ਸਹਿਮਤੀ ਨਹੀਂ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਸੱਭਿਆਚਾਰ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਹੁਣ ਬਹੁਤ ਹੋ ਗਿਆ। ਇਹ ਮੇਰੀ ਇੱਛਾ ਦੇ ਵਿਰੁੱਧ ਹੋਇਆ ਹੈ। ਮੇਰੀ ਸਹਿਮਤੀ ਨਾਲ ਨਹੀਂ ਹੋਇਆ। ਇਹ ਮਾਣ-ਸਨਮਾਣ ਦੇ ਵਿਰੁੱਧ ਹੈ। ਮੈਨੂੰ ਚੁੰਮਣਾ ਚੰਗਾ ਨਹੀਂ ਲੱਗਿਆ। ਇਹ ਅਸਹਿਣਯੋਗ ਹੈ।”

ਇੰਨਾਂ ਹੀ ਨਹੀਂ, ਹਰਮੋਸੋ ਸਮੇਤ 81 ਖਿਡਾਰਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਰੂਬੀਆਲੇਸ ਆਪਣੇ ਅਹੁਦੇ ’ਤੇ ਕਾਇਮ ਰਹਿਣਗੇ ਤਾਂ ਉਹ ਕੌਮੀ ਟੀਮ ਨਾਲ ਨਹੀਂ ਖੇਡਣਗੀਆਂ।

ਇੰਨਾਂ ਸਭ ਕੁਝ ਹੋਣ ਤੋਂ ਬਾਅਦ ਰੂਬੀਆਲੇਸ ਨੇ ਆਪਣੀ ਇਸ ਹਰਕਤ ਦੇ ਲਈ ਮੁਆਫ਼ੀ ਮੰਗੀ ਹੈ।

ਉਨ੍ਹਾਂ ਕਿਹਾ ਕਿ ਜਿੱਤ ਦੇ ਜਸ਼ਨ ’ਚ ਇਹ ਹੋ ਗਿਆ। ਪਰ ਰੂਬੀਆਲੇਸ ਦੇ ਇਸ ਵਿਵਹਾਰ ਨੇ ਜਿਸ ਮੁੱਦੇ ਵੱਲ ਸਾਡਾ ਧਿਆਨ ਖਿੱਚਿਆ ਹੈ, ਉਹ ਹੈ ਮਰਦ ਅਤੇ ਔਰਤ ਵਿਚਾਲੇ ਸਬੰਧਾਂ ’ਚ ਸਹਿਮਤੀ ਦਾ ਮੁੱਦਾ ਅਤੇ ਮਰਦਾਂ ਦਾ ਵਤੀਰਾ ਜਾਂ ਵਿਵਹਾਰ।

ਲਾਈਨ
BBC

ਸਹਿਮਤੀ ਜਾਂ ਰਜ਼ਾਮੰਦੀ ਕੀ ਹੈ?

ਮਹਿਲਾ
Getty Images

ਦੋ ਲਿੰਗਾਂ ਦਰਮਿਆਨ ਆਪਸੀ ਅਤੇ ਜਿਨਸੀ ਸੰਬੰਧਾਂ ’ਚ ਸਹਿਮਤੀ ਜਾਂ ਰਜ਼ਾਮੰਦੀ ਇੱਕ ਬਹੁਤ ਅਹਿਮ ਅਤੇ ਨਾਜ਼ੁਕ ਸ਼ਬਦ ਹੈ। ਜਾਂ ਫਿਰ ਇੰਝ ਕਹਿ ਲਓ ਕਿ ਰਿਸ਼ਤੇ ਦੀ ਬੁਨੀਆਦ ਹੀ ਇਸ ਸ਼ਬਦ ’ਤੇ ਟਿਕੀ ਹੋਈ ਹੈ।

ਕਿਸੇ ਚੀਜ਼ ਲਈ ਸਹਿਮਤ ਹੋਣਾ, ਕਿਸੇ ਗੱਲ ਲਈ ਮਨਜ਼ੂਰੀ ਦੇਣਾ ਜਾਂ ਇਜਾਜ਼ਤ ਦੇਣਾ, ਜਿਸ ਗੱਲ ਤੋਂ ਖੁਸ਼ੀ ਮਿਲੇ ਜਾਂ ਆਪਣੀ ਮਰਜ਼ੀ ਨਾਲ ਕਿਸੇ ਗੱਲ ਲਈ ਤਿਆਰ ਹੋਣਾ – ਇਹ ਸਭ ਸਹਿਮਤੀ ਜਾਂ ਰਜ਼ਾਮੰਦੀ (ਕੰਸੇਂਟ) ਹੀ ਹੈ।

ਜੇਕਰ ਸਹਿਮਤੀ ’ਚ ਖੁਸ਼ੀ ਨਹੀਂ ਹੈ ਤਾਂ ਉਹ ਸਹਿਮਤੀ ਕਿਸੇ ਕੰਮ ਦੀ ਨਹੀਂ ਹੈ। ਇਸ ਦਾ ਮਤਲਬ ਇਹ ਹੈ ਕਿ ਸਹਿਮਤੀ ਲਈ ਖੁਦ ਤਿਆਰ ਹੋਣਾ ਅਤੇ ਕਿਸੇ ਦੂਜੇ ਵੱਲੋਂ ਤਿਆਰ ਕੀਤਾ ਜਾਣਾ ਦੋ ਵੱਖ-ਵੱਖ ਚੀਜ਼ਾਂ ਹਨ।

ਸਹਿਮਤੀ ’ਚ ਆਜ਼ਾਦੀ ਹੈ। ਰਜ਼ਾਮੰਦੀ ’ਚ ਖੁਦ ਫੈਸਲਾ ਲੈਣ ਦੀ ਤਾਕਤ ਸ਼ਾਮਲ ਹੁੰਦੀ ਹੈ। ਬਿਨਾਂ ਕਿਸੇ ਦਬਾਅ ਦੇ ਸਹਿਮਤੀ ਦੇਣਾ ਸ਼ਾਮਲ ਹੈ। ਇੰਨਾ ਹੀ ਨਹੀਂ, ਉਸ ਵਿਅਕਤੀ ’ਚ ਸਹਿਮਤੀ ਦੇਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਉਹ ਬਿਨਾਂ ਕਿਸੇ ਦਬਾਅ ਦੇ ਆਪਣੀ ਰਜ਼ਾਮੰਦੀ ਪ੍ਰਗਟ ਕਰਨ ਦੀ ਸਥਿਤੀ ’ਚ ਹੋਵੇ।

ਇਸ ’ਚ ਖੁਦ ਦੀ ਮਰਜ਼ੀ ਸ਼ਾਮਲ ਹੈ। ਸਹਿਮਤੀ ਹਾਸਲ ਕਰਨ ਲਈ ਕਿਸੇ ਵੀ ਤਰ੍ਹਾਂ ਦੇ ਅਹੁਦੇ ਜਾਂ ਹੈਸੀਅਤ ਦੀ ਸੱਤਾ ਦੀ ਵਰਤੋਂ ਸਾਮਲ ਨਹੀਂ ਹੋਣੀ ਚਾਹੀਦੀ ਹੈ।

ਜੇਕਰ ਮੰਨਿਆ ਜਾ ਰਿਹਾ ਹੈ ਕਿ ਸਹਿਮਤੀ ਹੈ ਅਤੇ ਇੰਨ੍ਹਾਂ ਸਭ ਤੋਂ ਬਿਨਾਂ ਹੈ ਤਾਂ ਉਹ ਸਹਿਮਤੀ ਨਹੀਂ ਹੈ। ਫੈਸਲਾ ਉਹੀ ਇਨਸਾਨ ਲੈ ਸਕਦਾ ਹੈ ਜੋ ਕਿ ਹਰ ਤਰ੍ਹਾਂ ਨਾਲ ਆਜ਼ਾਦ ਹੈ। ਖਾਸ ਕਰਕੇ ਦਿਮਾਗ ਤੋਂ ਆਜ਼ਾਦ ਹੈ। ਕਿਸੇ ਵੀ ਤਰ੍ਹਾਂ ਦੀ ਸੱਤਾ ਦੇ ਕਾਬੂ ’ਚ ਨਹੀਂ ਹੈ। ਪ੍ਰੇਮ ਦੀ ਸੱਤਾ ਦੇ ਕਾਬੂ ’ਚ ਵੀ ਨਹੀਂ ਹੈ।

ਸਹਿਮਤੀ ਜਾਂ ਰਜ਼ਾਮੰਦੀ ਕਿਉਂ ਜ਼ਰੂਰੀ ਹੈ?

ਮਹਿਲਾ
AFP

ਇਸ ਦਾ ਜਵਾਬ ਇੱਕ ਸਵਾਲ ਨਾਲ ਹੀ ਦਿੱਤਾ ਜਾ ਸਕਦਾ ਹੈ। ਸਾਨੂੰ ਸਹਿਮਤੀ ਦੀ ਪਰਵਾਹ ਕਦੋਂ ਨਹੀਂ ਹੁੰਦੀ ਹੈ? ਜਦੋਂ ਅਸੀਂ ਆਪਣੇ ਆਪ ਨੂੰ ਕਿਸੇ ਤੋਂ ਉੱਤਮ ਮੰਨਦੇ ਹਾਂ, ਵੱਡਾ ਅਤੇ ਤਾਕਤਵਾਰ ਸਮਝਦੇ ਹਾਂ।

ਆਪਣੇ ਸਾਹਮਣੇ ਵਾਲੇ ਨੂੰ ਕੁਝ ਨਹੀਂ ਸਮਝਦੇ ਅਤੇ ਆਪਣੇ ਕੋਲ ਕਈ ਤਰ੍ਹਾਂ ਦੀਆਂ ਸ਼ਕਤੀਆਂ ਦੀ ਮੌਜੂਦਗੀ ਮਹਿਸੂਸ ਕਰਦੇ ਹਾਂ। ਉਸ ਸਮੇਂ ਸਾਨੂੰ ਲੱਗਦਾ ਹੈ ਕਿ ਅਸੀਂ ਜੋ ਕੁਝ ਵੀ ਕਰ ਰਹੇ ਹਾਂ, ਉਹ ਤਾਂ ਸਾਡਾ ਹੱਕ ਹੈ ਅਤੇ ਇਹ ਹੀ ਸਹਿਮਤੀ ਹੈ।

ਇਸ ਲਈ ਸਾਨੂੰ ਕਿਸੇ ਤੋਂ ਪੁੱਛਣ ਦੀ ਕੀ ਲੋੜ ਹੈ। ਇਹ ਸੱਤਾ ਲਿੰਗ ਦੀ ਹੋ ਸਕਦੀ ਹੈ, ਧਰਮ ਦੀ ਹੋ ਸਕਦੀ ਹੈ, ਜਾਤੀ ਦੀ ਹੋ ਸਕਦੀ ਹੈ। ਵਰਗ ਜਾਂ ਫਿਰ ਪੈਸੇ ਦੀ ਵੀ ਹੋ ਸਕਦੀ ਹੈ।

ਅਸੀਂ ਇੱਕ ਅਜਿਹੇ ਸਮਾਜ ’ਚ ਰਹਿੰਦੇ ਹਾਂ ਜਿੱਥੇ ਅਸੀਂ ਹਰ ਤਰ੍ਹਾਂ ਦੇ ਵਿਤਕਰੇ ਅਤੇ ਗੈਰ-ਬਰਾਬਰੀ ਨੂੰ ਖ਼ਤਮ ਕਰਨ ਦੀ ਗੱਲ ਕਰਦੇ ਹਾਂ। ਉੱਥੇ ਹਰ ਪਲ ਸਹਿਮਤੀ ਜਾਂ ਰਜ਼ਾਮੰਦੀ ਦੀ ਜ਼ਰੂਰਤ ਹੁੰਦੀ ਹੈ।

ਸਹਿਮਤੀ ਤੋਂ ਭਾਵ ਕਿਸੇ ਦੀ ਹੋਂਦ ਨੂੰ ਮੰਨਣਾ ਹੈ। ਕਿਸੇ ਨੂੰ ਇਨਸਾਨ ਸਮਝਣਾ ਹੈ। ਉਸ ਇਨਸਾਨ ਨੂੰ ਆਪਣੇ ਬਰਾਬਰ ਹੀ ਇਨਸਾਨ ਸਮਝਣਾ ਹੈ। ਮਤਲਬ ਕਿ ਉਸ ਦੀ ਇੱਛਾ ਅਤੇ ਸਹਿਮਤੀ ਤੋਂ ਬਿਨਾਂ ਕੁਝ ਨਹੀਂ ਕਰਨਾ ਹੈ।

ਰੂਬੀਆਲੇਸ ਨੇ ਹਰਮੋਸੋ ਨਾਲ ਜੋ ਕੁਝ ਕੀਤਾ, ਉਹ ਅਜਿਹਾ ਨਹੀਂ ਸੀ।

ਸਹਿਮਤੀ ਦੀ ਸੰਸਕ੍ਰਿਤੀ ਅਤੇ ਦਾਇਰਾ

ਸਪੇਨ ਦਾ ਚੁੰਮਣ ਵਿਵਾਦ
Getty Images

ਕੁਝ ਸਹਿਮਤੀ ਅਸੀਂ ਮੰਨ ਲੈਂਦੇ ਹਾਂ। ਇਸ ਦਾ ਸਬੰਧ ਬਹੁਤ ਹੱਦ ਤੱਕ ਸਥਾਨਕ ਸੱਭਿਆਚਾਰ ਨਾਲ ਵੀ ਹੈ।

ਸਪੇਨ ’ਚ ਗੱਲ੍ਹ ’ਤੇ ਚੁੰਮਣਾ, ਉੱਥੋਂ ਦੇ ਸੱਭਿਆਚਾਰ ਦਾ ਹਿੱਸਾ ਹੋ ਸਕਦਾ ਹੈ, ਪਰ ਭਾਰਤ ’ਚ ਅਜਿਹਾ ਨਹੀਂ ਹੈ। ਪਰ ਗੱਲ੍ਹ ’ਤੇ ਚੁੰਮਣਾ ਅਤੇ ਬੁੱਲ੍ਹਾਂ ’ਤੇ ਚੁੰਮਣਾ ਇੱਕੋ-ਜਿਹਾ ਨਹੀਂ ਹੈ। ਇੱਥੇ ਉਸ ਦਾਇਰੇ ਦੀ ਉਲੰਘਣਾ ਹੈ, ਜੋ ਕਿ ਉੱਥੋਂ ਦੇ ਸੱਭਿਆਚਾਰ ਨੇ ਤੈਅ ਕੀਤਾ ਹੈ।

ਸਾਡੇ ਦੇਸ਼ ’ਚ ਹੋਲੀ ਦੇ ਮੌਕੇ ਹਾਸਾ-ਮਜ਼ਾਕ ਕਰਨ ਅਤੇ ਸਰੀਰ ਨਾਲ ਖੇਡਣ ਦੀ ਸੱਭਿਆਚਾਰਕ ਪਰੰਪਰਾ ਹੈ। ਅਕਸਰ ਹੀ ਇਸ ਦੀ ਆੜ ’ਚ ਬਿਨਾਂ ਸਹਿਮਤੀ ਦੇ ਦਾਇਰੇ ਦੀ ਇਸ ਤਰ੍ਹਾਂ ਨਾਲ ਹੀ ਉਲੰਘਣਾ ਹੁੰਦੀ ਹੈ।

ਇਸ ਲਈ ਸਹਿਮਤੀ ’ਚ ਦਾਇਰੇ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ।

ਮਰਦਾਂ ਨੂੰ ਇਹ ਸਹਿਮਤੀ ਆਸਾਨੀ ਨਾਲ ਸਮਝ ਕਿਉਂ ਨਹੀਂ ਆਉਂਦੀ?

ਮਰਦਾਂ ਨੂੰ ਇਹ ਸਹਿਮਤੀ ਆਸਾਨੀ ਨਾਲ ਸਮਝ ’ਚ ਨਹੀਂ ਆਉਂਦੀ ਹੈ। ਉਨ੍ਹਾਂ ਨੂੰ ਸ਼ੁਰੂ ਤੋਂ ਦੱਸਿਆ ਗਿਆ ਹੈ ਕਿ ਉਹ ਕੁੜੀਆਂ ਅਤੇ ਔਰਤਾਂ ਤੋਂ ਉੱਤਮ ਹਨ ਅਤੇ ਉਹ ਆਪਣੇ ਆਪ ਨੂੰ ਉੱਤਮ ਮੰਨ ਵੀ ਲੈਂਦੇ ਹਨ।

ਇੰਨਾ ਹੀ ਨਹੀਂ ਉਹ ਇਹ ਵੀ ਸਿੱਖਦੇ ਹਨ ਜਾਂ ਫਿਰ ਉਨ੍ਹਾਂ ਨੂੰ ਸਿਖਾਇਆ ਜਾਂਦਾ ਹੈ ਕਿ ਔਰਤਾਂ ਉਨ੍ਹਾਂ ਦੇ ਲਈ ਹੀ ਹਨ, ਭਾਵ ਕਿ ਉਨ੍ਹਾਂ ਦੀ ਸੇਵਾ ਲਈ ਹਨ।

ਮਤਲਬ ਕਿ ਔਰਤਾਂ ਮਰਦਾਂ ਦੇ ਮਨ ਬਹਿਲਾਉਣ ਦਾ ਸਾਧਨ ਹਨ। ਉਨ੍ਹਾਂ ਦਾ ਤਾਂ ਵਜੂਦ ਹੀ ਇਹ ਹੈ ਕਿ ਉਹ ਮੁੰਡਿਆਂ ਜਾਂ ਮਰਦਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ। ਜਦੋਂ ਸਮਾਜ ’ਚ ਵਿਚਰਦਿਆਂ ਮੁੰਡਿਆਂ ਅਤੇ ਮਰਦਾਂ ਨੂੰ ਅਜਿਹੇ ਸੰਸਕਾਰ ਹਾਸਲ ਹੋਣਗੇ ਤਾਂ ਫਿਰ ਸਹਿਮਤੀ ਨੂੰ ਕੌਣ ਪੁੱਛੇਗਾ? ਸਹਿਮਤੀ ਦੀ ਤਾਂ ਪਰਵਾਹ ਹੀ ਨਹੀਂ ਕੀਤੀ ਜਾਵੇਗੀ। ਜਿਵੇਂ ਕਿ ਰੂਬੀਆਲੇਸ ਨੇ ਕੀਤਾ ਅਤੇ ਕੁਝ ਹੋਰ ਲੋਕਾਂ ਨੇ ਵੀ ਸਹਿਮਤੀ ਨੂੰ ਬਿਲਕੁਲ ਅਹਿਮੀਅਤ ਨਹੀਂ ਦਿੱਤੀ।

ਕਿਸੇ ਕੁੜੀ ਦੇ ਨਜ਼ਦੀਕ ਖੜ੍ਹੇ ਹੋਣ ਵੇਲੇ, ਉਸ ਦੇ ਮੋਢੇ ਜਾਂ ਪਿੱਠ ’ਤੇ ਹੱਥ ਰੱਖਣ ਜਾਂ ਗਲ਼ ਜਾਂ ਫਿਰ ਲੱਕ ’ਤੇ ਹੱਥ ਰੱਖਣ ਤੋਂ ਪਹਿਲਾਂ ਕਿੰਨੇ ਮੁੰਡੇ ਪੁੱਛਦੇ ਹਨ ਜਾਂ ਫਿਰ ਇਜਾਜ਼ਤ ਲੈਂਦੇ ਹਨ ਜਾਂ ਇਜਾਜ਼ਤ ਦੀ ਉਡੀਕ ਕਰਦੇ ਹਨ? ਜਾਂ ਝੱਟ ਨਾਲ ਜਿੱਥੇ ਮਰਜ਼ੀ ਆਪਣਾ ਹੱਥ ਰੱਖ ਦਿੰਦੇ ਹਨ? ਜਾਂ ਗਲ਼ ਹੀ ਪੈ ਜਾਂਦੇ ਹਨ ? ਇਹ ਮਰਦਾਨਾ ਵਿਵਹਾਰ ਹਨ, ਜੋ ਕਿ ਪੂਰੀ ਤਰ੍ਹਾਂ ਨਾਲ ਗਲਤ ਹੈ।

ਇਹ ਕਹਿਣ ਨਾਲ ਕੰਮ ਨਹੀਂ ਚੱਲ ਸਕਦਾ ਹੈ ਕਿ ਸਾਡੀ ਨੀਅਤ ਤਾਂ ਸਾਫ਼ ਸੀ। ਨੀਅਤ ਵੀ ਅਹਿਮ ਹੁੰਦੀ ਹੈ ਪਰ ਉਸ ਤੋਂ ਵੀ ਵਧੇਰੇ ਮਹੱਤਵਪੂਰਨ ਹੁੰਦਾ ਹੈ ਕਿ ਸਾਹਮਣੇ ਵਾਲਾ ਸਾਡੇ ਵਿਵਹਾਰ ਨੂੰ ਕਿਵੇਂ ਸਮਝਦਾ ਹੈ ਜਾਂ ਲੈਂਦਾ ਹੈ। ਕਈ ਵਾਰ ਅਸੀਂ ਅਣਜਾਣੇ ’ਚ ਵੀ ਦਾਇਰੇ ਦੀ ਉਲੰਘਣਾ ਕਰ ਜਾਂਦੇ ਹਾਂ। ਇਸ ਲਈ ਵਿਹਾਰ ’ਚ ਲਗਾਤਾਰ ਸੁਚੇਤ ਰਹਿਣਾ ਬਹੁਤ ਹੀ ਜ਼ਰੂਰੀ ਹੈ।

ਇੱਕ ਹੋਰ ਗੱਲ ਹੈ। ਇੱਕ ਮਰਦਵਾਦੀ ਨਜ਼ਰੀਆ ਹੈ ਕਿ ਕੁੜੀਆਂ ਜਾਂ ਔਰਤਾਂ ’ਚ ਖੁਦ ਸੋਚਣ-ਸਮਝਣ ਦੀ ਸ਼ਕਤੀ ਨਹੀਂ ਹੁੰਦੀ ਹੈ। ਇਸ ਲਈ ਉਨ੍ਹਾਂ ’ਚ ਸਹਿਮਤੀ ਦੇਣ ਦੀ ਸਮਰੱਥਾ ਦੀ ਵੀ ਘਾਟ ਹੁੰਦੀ ਹੈ। ਇਸ ਲਈ ਉਨ੍ਹਾਂ ਦੀ ਸਹਿਮਤੀ ਲੈਣਾ ਅਹਿਮ ਨਹੀਂ ਹੈ।

ਇੰਨਾ ਹੀ ਨਹੀਂ, ਕੁਝ ਖਾਸ ਤਰ੍ਹਾਂ ਦੇ ਵਿਵਹਾਰ ਨੂੰ ਹੀ ਸਹਿਮਤੀ ਮੰਨ ਲਿਆ ਜਾਂਦਾ ਹੈ। ਸਹਿਮਤੀ ਦਾ ਮਤਲਬ ਸਿੱਧਾ ਅਤੇ ਸਪਸ਼ਟ ਸਹਿਮਤੀ ਹੀ ਹੋਣਾ ਚਾਹੀਦਾ ਹੈ।

ਕੁੜੀਆਂ ਨੂੰ ਵੀ ਖੁੱਲ੍ਹ ਕੇ ‘ਨਾ’ ਕਹਿਣਾ ਸਿੱਖਣਾ ਪਵੇਗਾ

ਔਰਤਾਂ
Getty Images

ਪਿਤਾਪੁਰਖੀ ਅਤੇ ਮਰਦ ਪ੍ਰਧਾਨ ਸਮਾਜ ਕੁੜੀਆਂ ਨੂੰ ਵੀ ਆਪਣੇ ਲਿਹਾਜ਼ ਨਾਲ ਢਾਲਦਾ ਹੈ। ਕੁੜੀਆਂ ਨੂੰ ਸਿਖਾਇਆ ਜਾਂਦਾ ਹੈ ਕਿ ਉਹ ‘ਹਾਂ’ ਦੀ ਸਥਿਤੀ ’ਚ ਵੀ ‘ਨਾ’ ਹੀ ਕਹਿਣ, ਕਿਉਂਕਿ ਇੱਕ ਚੰਗੀ ਕੁੜੀ ਕਦੇ ਵੀ ਆਪਣੇ ਮੂੰਹੋਂ ‘ਹਾਂ’ ਨਹੀਂ ਕਹਿੰਦੀ। ਉਸ ਨੂੰ ਨਾ ਤਾਂ ਕਦੇ ‘ਹਾਂ’ ਕਹਿਣੀ ਚਾਹੀਦੀ ਹੈ ਅਤੇ ਨਾ ਹੀ ਪਹਿਲ ਕਰਨੀ ਚਾਹੀਦੀ ਹੈ। ਅਜਿਹਾ ਕਰਨ ਵਾਲੀਆਂ ਕੁੜੀਆਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ।

ਇਸੇ ਦੇ ਉਲਟ ਮੁੰਡਿਆਂ/ਮਰਦਾਂ ਨੂੰ ਕੁਝ ਹੋਰ ਹੀ ਸਿਖਾਇਆ ਜਾਂਦਾ ਹੈ। ਜੇਕਰ ਕੋਈ ਕੁੜੀ ‘ਨਾ’ ਕਹਿੰਦੀ ਹੈ ਤਾਂ ਉਸ ਨੂੰ ‘ਹਾਂ’ ਹੀ ਮੰਨਿਆ ਜਾਵੇ, ਕਿਉਂਕਿ ਕੁੜੀ ਕਦੇ ‘ਹਾਂ’ ਨਹੀਂ ਕਹਿੰਦੀ ਜਾਂ ਕਹੇਗੀ। ਕੁੜੀ ਕਦੇ ਵੀ ਪਹਿਲ ਨਹੀਂ ਕਰਦੀ, ਇਸ ਲਈ ਤੁਸੀਂ ਖੁਦ ਪਹਿਲ ਕਰੋ, ਹਮਲਾਵਰ ਪਹਿਲ ਕਰੋ।

ਮਰਦ ਅਜਿਹਾ ਹੀ ਕਰਦੇ ਹਨ। ਮੁੰਡਿਆਂ ਅਤੇ ਮਰਦਾਂ ਦੇ ਦਿਲੋ-ਦਿਮਾਗ ’ਚ ਵੀ ਇਹੀ ਬੈਠਿਆ ਹੋਇਆ ਹੈ ਕਿ ‘ਹਾਂ’ ਕਹਿਣ ਅਤੇ ਪਹਿਲ ਕਰਨ ਵਾਲੀਆਂ ਕੁੜੀਆਂ ਚੰਗੀਆਂ ਨਹੀਂ ਹੁੰਦੀਆਂ ਹਨ। ਇਹ ਸੀਖ ਮੁੰਡਿਆਂ ਲਈ ਬਹੁਤ ਕੰਮ ਦੀ ਹੈ।

ਕੁੜੀਆਂ ਅਸਲ ’ਚ ‘ਨਾ’ ਕਹਿੰਦੀਆਂ ਰਹਿੰਦੀਆਂ ਹਨ ਅਤੇ ਉਹ ਉਸ ਨੂੰ ‘ਹਾਂ’ ਸਮਝਦੇ ਰਹਿੰਦੇ ਹਨ। ਕੁੜੀਆਂ ਜਿੰਨੇ ਜ਼ੋਰਦਾਰ ਢੰਗ ਨਾਲ ‘ਨਾ’ ਕਹਿੰਦੀਆਂ ਹਨ, ਮੁੰਡੇ ਉਨ੍ਹੇ ਹੀ ਜ਼ੋਰਦਾਰ ਢੰਗ ਨਾਲ ਉਸ ‘ਨਾ’ ਨੂੰ ‘ਹਾਂ’ ਸਮਝ ਕੇ ਹਮਲਾਵਰ ਤਰੀਕੇ ਨਾਲ ਅੱਗੇ ਵੱਧਦੇ ਰਹਿੰਦੇ ਹਨ। ਹਮਲਾ ਕਰਦੇ ਹਨ।

ਸਹਿਮਤੀ ਜਾਂ ਰਜ਼ਾਮੰਦੀ ਇੱਕ ਵਾਰ ਹੀ ਕਾਫ਼ੀ ਨਹੀਂ ਹੈ

ਔਰਤਾਂ
Getty Images

ਸਹਿਮਤੀ ਦੇ ਨਾਲ ਇੱਕ ਹੋਰ ਬਹੁਤ ਹੀ ਗੰਭੀਰ ਗੱਲ ਹੈ- ਕੀ ਅਜੇ ਵੀ ਸਹਿਮਤੀ ਹੈ?

ਇਸ ਦਾ ਬਿਲਕੁਲ ਵੀ ਇਹ ਮਤਲਬ ਨਹੀਂ ਹੈ ਕਿ ਇੱਕ ਵਾਰ ਮਿਲੀ ਸਹਿਮਤੀ ਜੀਵਨ ਭਰ ਲਈ ਜਾਰੀ ਰਹੇਗੀ। ਜੇਕਰ ਸਵੇਰੇ ਕਿਸੇ ਚੀਜ਼ ਲਈ ਸਹਿਮਤੀ ਹੈ ਤਾਂ ਹੋ ਸਕਦਾ ਹੈ ਕਿ ਸ਼ਾਮ ਨੂੰ ਨਾ ਹੋਵੇ।

ਔਰਤ ਵੱਲੋਂ ਉਸ ਦੀ ਇੱਛਾ ਅਤੇ ਸਹਿਮਤੀ ਹਰ ਵਾਰ ਪਤਾ ਲੱਗਣੀ ਬਹੁਤ ਜ਼ਰੂਰੀ ਹੈ। ਇੰਨਾ ਹੀ ਨਹੀਂ ਕੋਈ ਵੀ ਰਿਸ਼ਤਾ ਕਿਸੇ ਔਰਤ ਤੋਂ ਉਮਰ ਭਰ ਲਈ ਸਹਿਮਤੀ ਹਾਸਲ ਕਰ ਲੈਣ ਦਾ ਸਰਟੀਫਿਕੇਟ ਨਹੀਂ ਹੈ।

ਭਾਵੇਂ ਉਹ ਰਿਸ਼ਤਾ ਦੋਸਤੀ ਦਾ ਹੋਵੇ ਜਾਂ ਫਿਰ ਪ੍ਰੇਮੀ-ਪ੍ਰੇਮਿਕਾ ਦਾ ਜਾਂ ਪਤੀ-ਪਤਨੀ ਜਾਂ ਫਿਰ ਸਾਥੀ ਦਾ। ਇਨ੍ਹਾਂ ਸਾਰੇ ਹੀ ਰਿਸ਼ਤਿਆਂ ’ਚ ‘ਨਾ’ ਓਨੀ ਹੀ ਮਹੱਤਵਪੂਰਨ ਹੈ, ਜਿੰਨੀ ਕਿ ਕਿਸੇ ਹੋਰ ਰਿਸ਼ਤੇ ਜਾਂ ਥਾਂ ’ਤੇ।

‘ਨਾਂਹ’ ਦਾ ਮਤਲਬ ਹਮੇਸ਼ਾਂ ‘ਨਾ’ ਹੀ ਮੰਨਿਆ ਜਾਣਾ ਚਾਹੀਦਾ ਹੈ। ‘ਹਾਂ’ ਮੰਨਣ ਦੀ ਪਰੰਪਰਾ ਤੋੜੀ ਅਤੇ ਛੱਡੀ ਜਾਣੀ ਚਾਹੀਦੀ ਹੈ।

ਕਿਸੇ ਦੇ ਲਈ ਵੀ ਕਿਸੇ ਦੀ ‘ਨਾ’ ਦਾ ਸਨਮਾਨ ਅਤੇ ਆਪਣੀ ‘ਹਾਂ’ ’ਤੇ ਕਾਬੂ ਰੱਖਣਾ ਬਹੁਤ ਹੀ ਜ਼ਰੂਰੀ ਹੈ।

ਰੂਬੀਆਲੇਸ ਅਤੇ ਹਰਮੋਸੋ ਵਿਚਕਾਰ ਜੋ ਹੋਇਆ, ਉਹ ਸਨਮਾਨ ਭਰਿਆ ਨਹੀਂ ਸੀ। ਕੁਝ ਦਿਨ ਪਹਿਲਾਂ ਸਾਡੇ ਦੇਸ਼ ''''ਚ ਵੀ ਕਈ ਮਹਿਲਾ ਖਿਡਾਰਨਾਂ ਸੜਕ ''''ਤੇ ਸਨ।

ਉਸ ਵੇਲੇ ਵੀ ਸਵਾਲ ਕੁਝ ਅਜਿਹੇ ਹੀ ਸਨ। ਹਰਮੋਸੋ ਨਾਲ ਉੱਥੋਂ ਦੀ ਜਨਤਾ ਅਤੇ ਸਰਕਾਰ ਖੜ੍ਹੀ ਹੈ।

ਅਸੀਂ ਇੱਥੋਂ ਦੇ ਹਾਲ ਦੇਖ ਚੁੱਕੇ ਹਾਂ। ਇੱਕ ਸੱਭਿਅਕ ਸਮਾਜ ਆਪਸੀ ਰਿਸ਼ਤੇ ''''ਚ ਸਹਿਮਤੀ ਅਤੇ ਇੱਛਾ ''''ਤੇ ਹੀ ਟਿਕਿਆ ਰਹਿ ਸਕਦਾ ਹੈ।

ਜਿੱਥੇ ਦੂਜਿਆਂ ''''ਤੇ ਆਪਣੀ ਇੱਛਾ ਅਤੇ ਮਰਜ਼ੀ ਜ਼ਬਰਦਸਤੀ ਲੱਦੀ ਜਾਵੇ, ਉਸ ਸਮਾਜ ਦਾ ਸੱਭਿਅਕ ਹੋਣਾ ਅਜੇ ਬਾਕੀ ਹੈ।

ਲਾਈਨ
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News