ਲੱਖਾਂ ਡਾਲਰਾਂ ਨਾਲ ਭਰਿਆ ਉਹ ਜਹਾਜ਼ ਜਿਸਦਾ ਕੋਈ ਵਾਲੀ ਵਾਰਸ ਨਹੀਂ
Saturday, Sep 02, 2023 - 08:02 PM (IST)


ਇੱਕ ਨਿੱਜੀ ਹਵਾਈ ਜਹਾਜ਼ ਵਿੱਚੋਂ 50 ਲੱਖ ਡਾਲਰ ਨਕਦ, ਨਕਲੀ ਸੋਨਾ, ਬੰਦੂਕਾਂ ਅਤੇ ਅਸਲਾ ਬਰਾਮਦ ਹੋਣ ਤੋਂ ਬਾਅਦ ਇਸ ਪਿਛਲਾ ਰਹੱਸ ਡੂੰਘੀ ਜਾਂਚ ਦਾ ਵਿਸ਼ਾ ਬਣ ਗਿਆ ਹੈ।
ਇਹ ਜਾਂਚ ਜ਼ਾਂਬੀਆਂ ਦੀ ਰਾਜਧਾਨੀ ਲੁਸਾਕਾ ਵਿੱਚ ਚੱਲ ਰਹੀ ਹੈ।
ਸਾਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਇਸ ਜਹਾਜ਼ ਨੇ ਮਿਸਰ ਦੀ ਰਾਜਧਾਨੀ ਕਾਇਰੋ ਤੋਂ ਉਡਾਰੀ ਭਰੀ ਅਤੇ ਦੋ ਹਫ਼ਤੇ ਪਹਿਲਾਂ ਜ਼ਾਂਬੀਆ ਵਿੱਚ ਉੱਤਰਿਆ। ਪਰ ਇਸ ਤੋਂ ਅੱਗੇ ਦੀ ਕਹਾਣੀ ਕੋਈ ਨਹੀਂ ਜਾਣਦਾ।
ਹਾਲੇ ਤੱਕ ਮਿਸਰ ਅਤੇ ਜ਼ਾਂਬੀਆਂ ਦੇ ਕਿਸੇ ਵੀ ਨਾਗਰਿਕ ਨੇ ਵੀ ਇਸ ਜਹਾਜ਼ ਨੂੰ ਕਿਰਾਏ ਉੱਤੇ ਲੈਣ ਅਤੇ ਇਸ ਵਿਚਲੇ ਸਮਾਨ ਦੇ ਮਾਲਕ ਹੋਣ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇੰਨੇ ਸਵਾਲਾਂ ਦੇ ਜਵਾਬ ਨਾ ਹੋਣ ਕਾਰਨ ਕਈ ਅਫ਼ਵਾਹਾਂ ਨੇ ਵੀ ਜਨਮ ਲੈ ਲਿਆ।
ਕੀ ਇਸ ਮਾਮਲੇ ਵਿੱਚ ਸ਼ਾਮਲ ਲੋਕ ਮਿਸਰ ਜਾਂ ਜ਼ਾਂਬੀਆਂ ਵਿੱਚ ਉੱਚੇ ਰਾਜਨੀਤਕ ਜਾਂ ਫੌਜੀ ਰੁਤਬਿਆਂ ਉੱਤੇ ਹੋਣ ਵਾਲੇ ਹੋ ਸਕਦੇ ਹਨ?

ਕਿੰਨੇ ਅਜਿਹੇ ਜਹਾਜ਼ ਹਨ?
ਕੀ ਇਹ ਇਕੱਲਾ ਅਜਿਹਾ ਜਹਾਜ਼ ਸੀ ਜਾਂ ਅਜਿਹੇ ਹੀ ਸੈਂਕੜੇ ਜਹਾਜ਼ਾਂ ਵਿੱਚੋਂ ਇੱਕ ਜੋ ਫੜ੍ਹਿਆ ਗਿਆ।
ਹਾਲੇ ਤੱਕ ਜੋ ਜਾਣਕਾਰੀ ਹੈ ਉਸ ਮੁਤਾਬਕ ਕੁੱਲ੍ਹ 11 ਲੋਕਾਂ ਨੂੰ ਲੁਸਾਕਾ ਦੀ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਵਿੱਚੋਂ 5 ਲੋਕ ਮਿਸਰ ਦੇ ਰਹਿਣ ਵਾਲੇ ਸਨ ਅਤੇ ਛੇ ਜ਼ਾਂਬੀਆਂ ਤੋਂ ਸਨ।
ਇਨ੍ਹਾਂ ਲੋਕਾਂ ਉੱਤੇ ਤਸਕਰੀ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ ਸਨ।
ਰਾਇਟਰਸ ਦੀ ਰਿਪੋਰਟ ਮੁਤਾਬਕ ਜ਼ਾਂਬੀਆ ਦੀ ਅਦਾਲਤ ਨੇ ਪੰਜ ਮਿਸਰ ਦੇ ਵਸਨੀਕਾਂ ਅਤੇ ਜ਼ਾਂਬੀਆ ਦੇ ਇੱਕ ਵਸਨੀਕ ਨੂੰ ਰਿਹਾਅ ਕਰ ਦਿੱਤਾ। ਉਨ੍ਹਾਂ ਉੱਤੇ ਲੱਗੇ ਦੇਸ਼ ਧ੍ਰੋਹ ਦੇ ਇਲਜ਼ਾਮ ਵੀ ਰੱਦ ਕਰ ਦਿੱਤੇ ਗਏ।
ਜ਼ਾਂਬੀਆਂ ਦੇ ਡਰੱਗ ਇਨਫ਼ੋਰਸਮੈਂਟ ਕਮਿਸ਼ਨ ਨੇ ਕਿਹਾ ਕਿ ਮਿਸਰ ਦੇ ਦੋ ਵਸਨੀਕਾਂ ਨੂੰ ਕੁਝ ਇਲਜ਼ਾਮਾਂ ਅਧੀਨ ਮੁੜ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਜ਼ਮਾਨਤ ਉੱਤੇ ਛੱਡ ਦਿੱਤਾ ਜਾਵੇਗਾ।
ਇੱਕ ਮੈਜਿਸਟ੍ਰੇਟ ਨੇ ਕਿਹਾ ਕਿ ਬਾਕੀ ਦੇ ਪੰਜ ਲੋਕ ਜੋ ਜ਼ਾਂਬੀਆ ਦੇ ਵਸਨੀਕ ਹਨ, ਰਿਹਾਅ ਨਹੀਂ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਉੱਤੇ ਹਵਾਈ ਅੱਡੇ ਦੇ ਵਰਜਿਤ ਹਿੱਸੇ ਵਿੱਚ ਜਾਣ ਦੇ ਇਲਜ਼ਾਮਾਂ ਤਹਿਤ ਹਾਈ ਕੋਰਟ ਵਿੱਚ ਮੁਕੱਦਮਾ ਚੱਲੇਗਾ।
ਕਰੀਮ ਅਸਾਦ, ਇੱਕ ਸੁਤੰਤਰ ਪੱਤਰਕਾਰ ਹਨ ਅਤੇ ਉਨ੍ਹਾਂ ਦੇ ਯਤਨਾਂ ਸਦਕਾ ਹੀ ਇਸ ਘਟਨਾ ਬਾਰੇ ਜਾਣਕਾਰੀ ਸੰਸਾਰ ਸਾਹਮਣੇ ਆਈ ਹੈ।
ਅਸਾਦ ਦੀ ਫੈਕਟ ਚੈਕਿੰਗ ਵੈਬਸਾਈਟ ਨੇ ਮਿਸਰ ਦੇ ਅਫ਼ਸਰਾਂ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਹੋਣ ਦੇ ਇਲਜ਼ਾਮ ਲਾਏ ਸਨ।

ਪੱਤਰਕਾਰ ਦਾ ‘ਲਾਪਤਾ ਹੋਣਾ’
ਇਸ ਤੋਂ ਤੁਰੰਤ ਬਾਅਦ ਮਿਸਰ ਦੇ ਸੁਰੱਖਿਆ ਬਲਾਂ ਨੇ ਸਾਦੇ ਕੱਪੜਿਆਂ ਵਿੱਚ ਕਰੀਮ ਅਸਾਦ ਦੇ ਕਾਇਰੋ ਵਿਚਲੇ ਘਰ ਉੱਤੇ ਅੱਧੀ ਰਾਤ ਨੂੰ ਛਾਪਾ ਮਾਰਿਆ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਸ਼ੁਰੂਆਤ ਵਿੱਚ ਬੱਸ ਇਹੀ ਪਤਾ ਸੀ ਕਿ ਉਹ ਲਾਪਤਾ ਹੋ ਗਏ ਹਨ। ਕਿਸੇ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਕਿੱਥੇ ਲਿਜਾਇਆ ਗਿਆ ਹੈ।
ਫਿਰ ਮਿਸਰ ਦੇ ਸੁਤੰਤਰ ਪੱਤਰਕਾਰਾਂ ਨੇ ਸੋਸ਼ਲ ਮੀਡੀਆ ਉੱਤੇ ਜਹਾਜ਼ ਵਾਲੇ ਮਾਮਲੇ ਵਿੱਚ ਜ਼ਾਂਬੀਆ ਪੁਲਿਸ ਦੀ ਜਾਂਚ ਨਾਲ ਸਬੰਧਤ ਦਸਤਾਵੇਜ਼ ਛਾਪੇ। ਇਹ ਦਸਤਾਵੇਜ਼ ਕਥਿਤ ਤੌਰ ਉੱਤੇ ਜ਼ਾਂਬੀਆਂ ਪੁਲਿਸ ਦੀ ਜਾਂਚ ਵਿੱਚੋਂ ਸਨ।
ਇਨ੍ਹਾਂ ਦਸਤਾਵੇਜ਼ਾਂ ਵਿੱਚ ਮਿਸਰ ਦੇ ਤਿੰਨ ਫੌਜੀ ਅਫ਼ਸਰਾਂ ਅਤੇ ਇੱਕ ਸੀਨੀਅਰ ਪੁਲਿਸ ਅਫ਼ਸਰ ਦੇ ਨਾਮ ਸਨ। ਇਹ ਦਸਤਾਵੇਜ਼ ਅਸਾਦ ਦੀ ਵੈੱਬਸਾਈਟ ਉੱਤੇ ਲਾਏ ਗਏ ਇਲਜ਼ਾਮਾਂ ਦੀ ਹਮਾਇਤ ਵਿੱਚ ਸਨ।
ਸੋਸ਼ਲ ਮੀਡੀਆ ਉੱਤੇ ਹੋਰ ਸੁਤੰਤਰ ਪੱਤਰਕਾਰਾਂ ਵੱਲੋਂ ਅਸਾਦ ਦੇ ਹੱਕ ਵਿੱਚ ਰੋਸ ਜ਼ਾਹਰ ਕੀਤਾ ਗਿਆ ਜਿਸ ਤੋਂ ਦੋ ਦਿਨਾਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਮਿਸਰ ਦੇ ਪ੍ਰਸ਼ਾਸਨ ਦਾ ਇਹੀ ਕਹਿਣਾ ਸੀ ਕਿ ਅਸਾਦ ਦੀ ਵੈੱਬਸਾਈਟ ਉੱਤੇ ਜਿਸ ਹਵਾਈ ਜਹਾਜ਼ ਦੀ ਜਾਣਕਾਰੀ ਹੈ ਉਹ ਕਿਸੇ ਦੀ ਨਿੱਜੀ ਮਲਕੀਅਤ ਹੈ ਅਤੇ ਇਹ ਬੱਸ ਕਾਇਰੋ ਵਿੱਚੋਂ ਲੰਘਿਆ ਸੀ।
ਹੋਰ ਸ਼ਬਦਾਂ ਵਿੱਚ, ਮੁਲਕ ਅਤੇ ਇੱਥੋਂ ਦੇ ਅਧਿਕਾਰੀਆਂ ਦਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਲੁਸਾਕਾ ਦੇ ਕੇਨੇਥ ਕਾਊਂਡਾ ਹਵਾਈ ਅੱਡੇ ਉੱਤੇ ਉੱਤਰਨ ਤੋਂ ਬਾਅਦ ਧਿਆਨ ਜ਼ਾਂਬੀਆ ਉੱਤੇ ਆ ਗਿਆ।
ਇਹ ਅੰਦਾਜ਼ੇ ਹਨ ਕਿ ਜ਼ਾਂਬੀਆ ਦੇ ਇੱਕ ਵਿਅਕਤੀ ਜਿਸ ਕੋਲ ਸੋਨੇ ਨਾਲ ਲੱਦੇ ਬੈਗ ਸਨ ਨੂੰ ਮਿਸਰ ਦੇ ਨਾਗਰਿਕਾਂ ਨੂੰ ਮਿਲਣ ਦਿੱਤਾ ਗਿਆ ਸੀ। ਇਸ ਵਿਅਕਤੀ ਨੂੰ ਹਵਾਈ ਅੱਡੇ ਉੱਤੇ ਸੁਰੱਖਿਆ ਘੇਰੇ ਤੋਂ ਲੰਘਣ ਦਿੱਤਾ ਗਿਆ ਸੀ।
ਕਿਸੇ ਨੂੰ ਨਹੀਂ ਪਤਾ ਕਿ ਇਸਦੀ ਇਜਾਜ਼ਤ ਕਿਸਨੇ ਦਿੱਤੀ ਪਰ ਜ਼ਾਂਬੀਆ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ, ਰਿਸ਼ਵਤ ਦੇ ਗੱਫੇ ਵੰਡਣ ਕਾਰਨ ਇਹ ਰਾਹ ਪੱਧਰਾ ਹੋਇਆ।
ਜਹਾਜ਼ ਉੱਤੇ ਚੜ੍ਹਨ ਤੋਂ ਬਾਅਦ ਉਸ ਵਿਅਕਤੀ ਨੇ ਕਥਿਤ ਤੌਰ ਉੱਤੇ ਕੁਝ ਸੋਨਾ ਉਸ ਜਹਾਜ਼ ਵਿੱਚ ਸਵਾਰ ਲੋਕਾਂ ਨੂੰ ਵੇਚ ਦਿੱਤਾ। ਉਸ ਤੋਂ ਬਾਅਦ ਜਹਾਜ਼ ਉੱਤੇ ਸਵਾਰ ਲੋਕਾਂ ਨੇ ਹੋਰ ਸੋਨੇ ਦੀ ਮੰਗ ਕੀਤੀ।
ਜੋ ਗੱਲ ਸਪੱਸ਼ਟ ਨਹੀਂ ਹੈ ਉਹ ਇਹ ਹੈ ਕਿ ਕੀ ਉਨ੍ਹਾਂ ਨੂੰ ਇਹ ਸਰੁੱਖਿਆ ਕਰਮੀਆਂ ਦੇ ਜਹਾਜ਼ ਦੀ ਤਫ਼ਤੀਸ਼ ਕਰਨ ਤੋਂ ਪਹਿਲਾਂ ਪਤਾ ਲੱਗ ਗਿਆ ਸੀ ਕਿ ਜਿਹੜਾ ਸੋਨਾ ਉਹ ਵੇਚ ਰਿਹਾ ਹੈ, ਨਕਲੀ ਹੈ।
ਇਹ ਲੱਗਦਾ ਹੈ ਕਿ ਗ੍ਰਿਫ਼ਤਾਰੀ ਇੰਨੇ ਸਿੱਧੇ ਤਰੀਕੇ ਨਹੀਂ ਹੋਈ।
ਕਈ ਅਫ਼ਸਰ ਜਿਹੜੇ ਜਹਾਜ਼ ਅੰਦਰ ਗਏ, ਉਨ੍ਹਾਂ ਦੀ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿ ਹਰ ਇੱਕ ਨੇ ਕਥਿਤ ਤੌਰ ਉੱਤੇ 2,00,000 ਲੱਖ ਡਾਲਰ ਜਹਾਜ਼ ਉੱਤੇ ਮੌਜੂਦ ਮਿਸਰ ਨਾਗਰਿਕਾਂ ਕੋਲੋਂ ਲਏ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਗੱਲ ਦਾ ਇਨਾਮ ਸੀ ਕਿ ਉਨ੍ਹਾਂ ਨੇ ਬਗੈਰ ਕਿਸੇ ਨੂੰ ਗ੍ਰਿਫ਼ਤਾਰ ਕੀਤੇ ਜਹਾਜ਼ ਨੂੰ ਰਵਾਨਾ ਹੋਣ ਦਿੱਤਾ।
ਜਦੋਂ ਇਹ ਗੱਲ ਬਾਹਰ ਨਿਕਲੀ ਕਿ ਜਹਾਜ਼ ਵਿੱਚ ਵੱਡੀ ਰਕਮ ਦਾ ਲੈਣ-ਦੇਣ ਹੋਇਆ ਸੀ, ਸੁਰੱਖਿਆ ਕਰਮੀਆਂ ਦਾ ਇੱਕ ਹੋਰ ਸਮੂਹ ਜਹਾਜ਼ ਉੱਤੇ ਗਿਆ ਅਤੇ ਅੰਦਰ ਮੌਜੂਦ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਸੋਨੇ ਦੀਆਂ ਇੱਟਾਂ ਦਾ ਮਾਮਲਾ
ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਸ਼ੱਕੀ ਲੋਕ ਇਸ ਬਾਰੇ ਜਾਣਕਾਰੀ ਨਾ ਦੇ ਸਕਣ ਕਿ ਉਹ ਇੰਨੀ ਵੱਡੀ ਰਕਮ, ਕਈ ਬੰਦੂਕਾਂ, ਅਸਲੇ ਦੇ 126 ਰਾਊਂਡ ਅਤੇ 100 ਕਿੱਲੋ ਦੇ ਕਰੀਬ ਲੱਗ ਰਹੇ ਸੋਨੇ ਨਾਲ ਕੀ ਕਰ ਰਹੇ ਸਨ।
ਸੋਨੇ ਦੀਆਂ ਇੱਟਾਂ ਦਾ ਮਸਲਾ ਗੁੰਝਲਦਾਰ ਹੈ।
ਇਹ ਸਾਹਮਣੇ ਆਇਆ ਕਿ ਇਹ ਇੱਟਾ ਸੋਨੇ ਦੇ ਨਾਲ-ਨਾਲ ਪਿੱਤਲ, ਨਿੱਕਲ, ਟਿਨ, ਜ਼ਿੰਕ ਅਤੇ ਹੋਰ ਧਾਤਾਂ ਦੀਆਂ ਬਣੀਆਂ ਹੋਈਆਂ ਸਨ। ਹਰ ਚਮਕਦੀ ਚੀਜ਼ ਸਪੱਸ਼ਟ ਤੌਰ ਉੱਤੇ ਸੋਨਾ ਨਹੀਂ ਹੁੰਦੀ।
ਇਹ ਲੱਗਦਾ ਹੈ ਕਿ ਜਹਾਜ਼ ਉੱਤੇ ਸਵਾਰ ਮਿਸਰ ਦੇ ਵਸਨੀਕਾਂ ਨੂੰ ਇੱਕ ਮਾੜੇ ਸੌਦੇ ਤੋਂ ਬਚਾਇਆ ਗਿਆ ਹੋਵੇ।
ਗ੍ਰਿਫ਼ਤਾਰ ਹੋਏ 10 ਲੋਕਾਂ ਦੇ ਜ਼ਾਂਬੀਆ ਦੇ ਵਕੀਲ ਨੇ ਕਿਹਾ ਕਿ ਇੱਕ ਹੋਰ ਰਹੱਸ ਇਹ ਵੀ ਹੈ ਕਿ ਸੁਰੱਖਿਆ ਬਲ ਹਿਸਾਬ ਵਿੱਚ ਇੰਨੇ ਮਾੜੇ ਕਿਉਂ ਸਨ।
ਮਾਕੇਬੀ ਜ਼ੁਲੂ ਨੇ ਬੀਬੀਸੀ ਨੂੰ ਕਿਹਾ ਕਿ ਪਹਿਲਾਂ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ 1.1 ਕਰੋੜ ਡਾਲਰ ਦੀ ਰਕਮ ਮਿਲੀ। ਉਨ੍ਹਾਂ ਨੇ ਦੱਸਿਆ ਕਿ ਫਿਰ ਇਹ ਰਕਮ 70 ਲੱਖ ਡਾਲਰ ਤੱਕ ਪਹੁੰਚੀ, ਫੇਰ ਇਹ ਰਕਮ 57 ਲੱਖ ਡਾਲਰ ਤੈਅ ਹੋਈ।
ਇਸਦੀ ਇੱਕ ਸੰਭਵ ਵਿਆਖਿਆ ਇਹ ਵੀ ਹੋ ਸਕਦੀ ਹੈ ਕਿ ਜਹਾਜ਼ ਉੱਤੇ ਮੌਜੂਦ ਰਕਮ ਦਾ ਅੱਧਾ ਹਿੱਸਾ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਕੱਢ ਲਿਆ ਗਿਆ ਹੋਵੇ। ਜੇ ਇਹ ਸੱਚ ਹੈ ਤਾਂ ਇਸਦਾ ਮਤਲਬ ਹੈ ਕਿ ਇਸ ਵਿੱਚ ਸ਼ਾਮਲ ਲੋਕ 50 ਲੱਖ ਡਾਲਰ ਲੈ ਕੇ ਨਿਕਲ ਗਏ। ਇਹ ਗੁਪਤ ਰੂਪ ਵਿੱਚ ਹੋਣਾ ਥੋੜ੍ਹਾ ਮੁਸ਼ਕਲ ਹੈ।
ਜ਼ੁਲੂ ਦਾ ਕਹਿਣਾ ਹੈ ਕਿ ਉਹ ਗ੍ਰਿਫ਼ਤਾਰ ਹੋਏ ਲੋਕਾਂ ਨਾਲ ਹੋ ਰਹੇ ਅਜੀਬ ਕਿਸਮ ਦੇ ਵਤੀਰੇ ਬਾਰੇ ਵੀ ਉਲਝਣ ਵਿੱਚ ਹਨ।

ਜਹਾਜ਼ ਤੇ ਦੌਲਤ
- ਦੋ ਹਫ਼ਤੇ ਪਹਿਲਾਂ ਜਾਂਬੀਆ ਵਿੱਚ ਇੱਕ ਜਹਾਜ਼ ਵਿੱਚ ਵੱਡੀ ਮਾਤਰਾ ਵਿੱਚ ਡਾਲਰ, ਨਕਲੀ ਸੋਨਾ ਤੇ ਅਸਲਾ ਬਰਾਮਦ ਹੋਏ
- ਹਾਲੇ ਤੱਕ ਇਹ ਪੁਸ਼ਟੀ ਨਹੀਂ ਹੋਈ ਕਿ ਜਹਾਜ਼ ਇੱਕ ਸੀ ਜਾਂ ਅਜਿਹੇ ਹੋਰ ਵੀ ਜਹਾਜ਼ ਹੋ ਸਕਦੇ ਹਨ
- ਜਹਾਜ਼ ਦੇ ਮਾਲਕ ਬਾਰੇ ਵੀ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ
- ਇਸ ਮਾਮਲੇ ਵਿੱਚ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ
- ਮਾਕੇਬੀ ਜ਼ੁਲੂ ਨੇ ਬੀਬੀਸੀ ਨੂੰ ਕਿਹਾ ਕਿ ਪਹਿਲਾਂ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ 1.1 ਕਰੋੜ ਡਾਲਰ ਦੀ ਰਕਮ ਮਿਲੀ।
- ਬਾਅਦ ਵਿੱਚ ਇਹ ਰਕਮ 70 ਲੱਖ ਡਾਲਰ ਤੱਕ ਪਹੁੰਚੀ, ਫਿਰ ਇਹ ਰਕਮ 57 ਲੱਖ ਡਾਲਰ ਤੈਅ ਹੋਈ।


ਜਿਸ ਨੇ ਆਵਾਜ਼ ਚੁੱਕੀ?
ਉਨ੍ਹਾਂ ਨੇ ਕਿਹਾ ਕਿ ਜਿੱਥੇ ਜ਼ਾਂਬੀਆ ਅਤੇ ਹੋਰ ਤਿੰਨ ਵਿਦੇਸ਼ੀਆਂ ਨੂੰ ਅਗਲੀ ਅਦਾਲਤੀ ਪੇਸ਼ੀ ਤੱਕ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ, ਪਰ ਛੇ ਮਿਸਰ ਦੇ ਵਸਨੀਕਾਂ ਨੂੰ ਇੱਕ ਮਹਿਮਾਨ ਘਰ ਵਿੱਚ ਰੱਖਿਆ ਸੀ।
ਉਨ੍ਹਾਂ ਨੇ ਕਿਹਾ ਕਿ ਕੀ ਕਾਇਰੋ ਦੇ ਪ੍ਰਭਾਵਸ਼ਾਲੀ ਲੋਕ ਜ਼ਾਂਬੀਆਂ ਪ੍ਰਸ਼ਾਸਨ ਉੱਤੇ ਜ਼ੋਰ ਪਾ ਰਹੇ ਸਨ?
ਉਹ ਸ਼ਖ਼ਸ ਜੋ ਕਥਿਤ ਤੌਰ ਉੱਤੇ ਨਕਲੀ ਸੋਨੇ ਵਾਲਾ ਬੈਗ ਲੈ ਕੇ ਹਵਾਈ ਜਹਾਜ਼ ਵਿੱਚ ਗਿਆ ਸੀ ਹੁਣ ਵ੍ਹਿਸਲਬਲੋਅਰ ਬਣਕੇ ਜ਼ਾਂਬੀਆ ਦੀ ਪੁਲਿਸ ਦੀ ਸਹਾਇਤਾ ਕਰ ਰਿਹਾ ਹੈ ਤਾਂ ਜੋ ਇਸ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ।
ਪਿਛਲੇ ਦਿਨਾਂ ਦੇ ਦੌਰਾਨ ਹੋਰ ਕਈ ਜ਼ਾਂਬੀਆਂ ਦੇ ਲੋਕਾਂ ਨੂੰ ਇੱਕ ਅਸਥਾਈ ਨਕਲੀ ਸੋਨਾ ਬਣਾਉਣ ਵਾਲੇ ਪਲਾਂਟ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਹੋਰ ਲੋਕਾਂ ਨੂੰ ਵੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਜਿਵੇਂ-ਜਿਵੇਂ ਸੰਸਾਰ ਭਰ ਵਿੱਚ ਲੋਕਾਂ ਦੀ ਦਿਲਚਸਪੀ ਇਸ ਮਾਮਲੇ ਵਿੱਚ ਵੱਧ ਰਹੀ ਹੈ, ਉਵੇਂ ਹੀ ਇਸ ਬਾਰੇ ਕਈ ਕਿਸਮ ਦੇ ਅੰਦਾਜ਼ੇ ਵੀ ਲਾਏ ਜਾ ਰਹੇ ਹਨ।
‘ਇਜਿਪਟ ਟੈਕਨੋਕਰੈਟਸ’ ਨਾਂ ਦੇ ਥਿੰਕ ਟੈਂਕ ਨੇ ਇਹ ਦਾਅਵਾ ਕੀਤਾ ਹੈ ਕਿ ਮਿਸਰ ਦੀਆਂ 300 ਤੋਂ ਵੱਧ ਗੁਪਤ ਕੰਪਨੀਆਂ ਪੈਸਿਆਂ ਦੀ ਧਾਂਦਲੀ ਵਿੱਚ ਸ਼ਾਮਲ ਹਨ। ਇਹ ਥਿੰਕ ਟੈਂਕ ਸੰਸਾਰ ਭਰ ਵਿੱਚ ਰਹਿੰਦੇ ਮਿਸਰ ਦੇ ਪੇਸ਼ੇਵਰ ਲੋਕਾਂ ਵੱਲੋਂ ਸੁਤੰਤਰ ਤੌਰ ਉੱਤੇ ਚਲਾਇਆ ਜਾਂਦਾ ਹੈ।
ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸੰਭਵ ਹੈ ਰਾਸ਼ਟਰਪਤੀ ਅਬਦੁਲ ਫਤਿਹ ਅਲ ਸੀਸੀ ਦੇ ਨੌਂ ਸਾਲ ਪਹਿਲਾਂ ਸੱਤਾ ਵਿੱਚ ਆਉਣ ਤੋਂ ਬਾਅਦ ਵੱਡੇ ਪੱਧਰ ਉੱਤੇ ਪੈਸੇ ਤਸਕਰੀ ਕਰਕੇ ਮੁਲਕ ਤੋਂ ਬਾਹਰ ਭੇਜੇ ਗਏ ਹਨ।
ਜੇ ਇਹ ਸੱਚ ਹੈ ਤਾਂ ਕੀ ਇਹ ਉਡਾਣ ਅਜਿਹੀਆਂ ਸੈਂਕੜੇ ਹੋਰ ਉਡਾਣਾਂ ਵਿੱਚੋ ਇੱਕ ਹੋ ਸਕਦੀ ਹੈ ?
ਕੁਝ ਹਲਕਿਆਂ ਇਸ ਗੱਲ ਦੀ ਵੀ ਚਰਚਾ ਹੋ ਰਹੀ ਹੈ ਕਿ ਸੀਨੀਅਰ ਫੌਜੀ ਅਫ਼ਸਰ ਅਤੇ ਵਪਾਰੀਆਂ ਵੱਲੋਂ ਆਪਣੇ ਪੈਸਿਆਂ ਨੂੰ ਮੁਲਕ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਰਾਸ਼ਟਰਪਤੀ ਸੀਸੀ ਦਾ ਰਾਜ ਢਹਿ-ਢੇਰੀ ਹੋ ਸਕਦਾ ਹੈ ।
ਇਸ ਰਹੱਸਮਈ ਮਾਮਲੇ ਬਾਰੇ ਕਿਸੇ ਨੂੰ ਵੀ ਪੂਰੀ ਸੱਚਾਈ ਨਹੀਂ ਪਤਾ।
ਇਹ ਉਮੀਦ ਹੈ ਕਿ ਜਦੋਂ ਇਹ ਕੇਸ ਅਦਾਲਤ ਵਿੱਚ ਚੱਲੇਗਾ ਤਾਂ ਅਜਿਹੇ ਬਹੁਤ ਸਵਾਲਾਂ ਦੇ ਜਵਾਬ ਮਿਲਣਗੇ।
ਖ਼ਤਰਾ ਇਹ ਕਿ ਇਹ ਕਈ ਹੋਰ ਸਵਾਲਾਂ ਵੀ ਖੜ੍ਹੇ ਕਰ ਸਕਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)