ਪੰਜਾਬ ਦੇ ਪੁਲਿਸ ਅਫ਼ਸਰਾਂ ਦੀਆਂ ਕਥਿਤ ਗੈਂਗਸਟਰ ਨਾਲ ਪਾਰਟੀ ਦੀਆਂ ਵਾਇਰਲ ਤਸਵੀਰਾਂ ''''ਤੇ ਕੀ ਛਿੜਿਆ ਵਿਵਾਦ

Wednesday, Aug 30, 2023 - 07:01 PM (IST)

ਪੰਜਾਬ ਦੇ ਪੁਲਿਸ ਅਫ਼ਸਰਾਂ ਦੀਆਂ ਕਥਿਤ ਗੈਂਗਸਟਰ ਨਾਲ ਪਾਰਟੀ ਦੀਆਂ ਵਾਇਰਲ ਤਸਵੀਰਾਂ ''''ਤੇ ਕੀ ਛਿੜਿਆ ਵਿਵਾਦ
ਡੀਸੀਪੀ ਭੰਡਾਲ , ਹਰਜੀਤ ਸਿੰਘ ਅਤੇ ਪਰਵੇਸ਼ ਚੋਪੜਾ
Punjab Police
ਡੀਸੀਪੀ ਭੰਡਾਲ , ਹਰਜੀਤ ਸਿੰਘ ਅਤੇ ਪਰਵੇਸ਼ ਚੋਪੜਾ

ਅੰਮ੍ਰਿਤਸਰ ਜ਼ਿਲ੍ਹੇ ਦੇ ਕਰੀਬ ਨੌਂ ਸੀਨੀਅਰ ਪੁਲਿਸ ਅਧਿਕਾਰੀ ਇੱਕ ਕਥਿਤ ਗੈਂਗਸਟਰ ਨਾਲ ਸੋਸ਼ਲ ਮੀਡੀਆ ''''ਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਏ ਹਨ।

ਇਹ ਤਸਵੀਰਾਂ ਵਾਇਰਲ ਹੋਣ ਨਾਲ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਉਸ ਸਮੇਂ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਪੰਜਾਬ ਪੁਲਿਸ ਨੇ ਗੈਂਗਸਟਰਾਂ ਵਿਰੁੱਧ ਜ਼ੀਰੋ-ਟਾਲਰੈਂਸ ਦੀ ਨੀਤੀ ਅਪਣਾਉਣ ਦਾ ਦਾਅਵਾ ਕੀਤਾ ਹੋਇਆ ਹੈ।

ਪਿਛਲੇ ਸਾਲ ਮਾਨਸਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਇਲਜ਼ਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ''''ਤੇ ਲੱਗ ਰਿਹਾ ਹੈ।

ਇਸ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੂਬੇ ਵਿੱਚ ਗੈਂਗਸਟਰ ਗਤੀਵਿਧੀਆਂ ਨੂੰ ਲੈ ਕੇ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੁਮਾਰ ਦਰਸ਼ਨ
Facebook.com/ Kumar Darshan
ਕੁਮਾਰ ਦਰਸ਼ਨ ਪਾਵਨ ਵਾਲਮੀਕਿ ਤੀਰਥ ਐਕਸ਼ਨ ਕਮੇਟੀ ਦੇ ਚੇਅਰਮੈਨ ਹਨ

ਵਿਵਾਦ ਕਿਵੇਂ ਪੈਦਾ ਹੋਇਆ?

ਪਾਵਨ ਵਾਲਮੀਕਿ ਤੀਰਥ ਐਕਸ਼ਨ ਕਮੇਟੀ ਦੇ ਚੇਅਰਮੈਨ ਕੁਮਾਰ ਦਰਸ਼ਨ ਨੇ 7 ਅਗਸਤ ਨੂੰ ਅੰਮ੍ਰਿਤਸਰ ਵਿੱਚ ਆਪਣੇ ਜਨਮ ਦਿਨ ਦੀ ਪਾਰਟੀ ਦਾ ਆਯੋਜਨ ਕੀਤਾ ਸੀ।

ਲਗਭਗ ਅੱਠ ਪੁਲਿਸ ਅਧਿਕਾਰੀ ਇਸ ਸਮਾਗ਼ਮ ਵਿੱਚ ਸ਼ਾਮਲ ਹੋਏ ਸਨ, ਜਿਨ੍ਹਾਂ ਵਿੱਚ ਵਧੀਕ ਡਿਪਟੀ ਪੁਲਿਸ ਕਮਿਸ਼ਨਰ (ਡਿਟੈਕਟਿਵ) ਹਰਜੀਤ ਸਿੰਘ ਧਾਲੀਵਾਲ, ਡੀਐੱਸਪੀ ਸੰਜੀਵ ਕੁਮਾਰ ਅਤੇ ਪ੍ਰਵੇਸ਼ ਚੋਪੜਾ ਅਤੇ ਪੰਜ ਇੰਸਪੈਕਟਰਾਂ, ਗੁਰਵਿੰਦਰ ਸਿੰਘ, ਨੀਰਜ ਚੋਪੜਾ, ਗਗਨਦੀਪ ਸਿੰਘ, ਹਰਜਿੰਦਰ ਸਿੰਘ ਅਤੇ ਧਰਮਿੰਦਰ ਕਲਿਆਣ ਦੇ ਨਾਮ ਸ਼ਾਮਲ ਹਨ।

ਇਸ ਸਮਾਗਮ ਵਿੱਚ ਉਹ ਕਮਲ ਕੁਮਾਰ ਬੋਰੀ ਨਾਲ ਦਿਖਾਈ ਦਿੱਤੇ। ਬੋਰੀ ਕਥਿਤ ਤੌਰ ''''ਤੇ 15 ਤੋਂ ਵੱਧ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।

20 ਅਗਸਤ ਦੇ ਆਸਪਾਸ ਬੋਰੀ ਦੇ ਨਾਲ ਗਾਣੇ ਗਾਉਂਦੇ ਅਤੇ ਨੱਚਦੇ ਹੋਏ ਪੁਲਿਸ ਵਾਲਿਆਂ ਦੀ ਵੀਡੀਓਜ਼ ਸੋਸ਼ਲ ਮੀਡੀਆ ''''ਤੇ ਵਾਇਰਲ ਹੋਣ ਲੱਗੀਆਂ ਜਿਸ ਤੋਂ ਬਾਅਦ ਪੁਲਿਸ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

25 ਅਗਸਤ ਨੂੰ ਪੰਜਾਬ ਪੁਲਿਸ ਹੈੱਡਕੁਆਰਟਰ ਨੇ ਵਾਇਰਲ ਵੀਡਿਓ ਦਾ ਨੋਟਿਸ ਲੈਂਦਿਆਂ ਇੰਸਪੈਕਟਰਾਂ ਦੇ ਪਟਿਆਲਾ ਅਤੇ ਬਠਿੰਡਾ ਜ਼ੋਨ ਵਿੱਚ ਤਬਾਦਲੇ ਕਰ ਦਿੱਤੇ ਸਨ।

ਡੀਐੱਸਪੀ ਸੰਜੀਵ ਕੁਮਾਰ
Punjab Police
ਡੀਐੱਸਪੀ ਸੰਜੀਵ ਕੁਮਾਰ

ਇਨ੍ਹਾਂ ਵਿੱਚ ਤਿੰਨ ਇੰਸਪੈਕਟਰਾਂ ਨੂੰ ਮਲੇਰਕੋਟਲਾ ਭੇਜਿਆ ਗਿਆ ਸੀ, ਜਦਕਿ ਦੋ ਨੂੰ ਮਾਨਸਾ ਜ਼ਿਲ੍ਹੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਸੀ।

26 ਅਗਸਤ ਨੂੰ ਪੰਜਾਬ ਪੁਲਿਸ ਨੇ ਪਾਰਟੀ ਵਿੱਚ ਮੌਜੂਦ ਦੋਵੇਂ ਡੀਐੱਸਪੀਜ਼, ਸੰਜੀਵ ਕੁਮਾਰ ਅਤੇ ਪ੍ਰਵੇਸ਼ ਚੋਪੜਾ ਦਾ ਕ੍ਰਮਵਾਰ ਮਾਨਸਾ ਅਤੇ ਬਠਿੰਡਾ ਤਬਾਦਲਾ ਕਰ ਦਿੱਤਾ ਗਿਆ ਸੀ।

ਇਹ ਵਿਵਾਦ ਹੋਰ ਵੱਧ ਗਿਆ ਜਦੋਂ 26 ਅਗਸਤ ਨੂੰ ਏਡੀਸੀਪੀ ਹਰਜੀਤ ਸਿੰਘ ਧਾਲੀਵਾਲ ਦੀ ਤਸਵੀਰ ਵੀ ਸੋਸ਼ਲ ਮੀਡੀਆ ''''ਤੇ ਸਾਹਮਣੇ ਆਈ ਜਿਸ ਵਿੱਚ ਉਹ ਕੁਮਾਰ ਦਰਸ਼ਨ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਕਮਲ ਬੋਰੀ ਨਾਲ ਬੈਠਾ ਦਿਖਾਈ ਦੇ ਰਿਹਾ ਸੀ।

ਹਾਲਾਂਕਿ, ਪੰਜਾਬ ਪੁਲਿਸ ਨੇ ਅਜੇ ਤੱਕ ਧਾਲੀਵਾਲ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ।

ਵਾਇਰਲ ਵੀਡੀਓ ਸਕਰੀਨ ਗਰੈਬ
Viral Video Screen Grab
ਵਾਇਰਲ ਵੀਡੀਓ ਸਕਰੀਨ ਗਰੈਬ

ਦਿਲਚਸਪ ਗੱਲ ਇਹ ਹੈ ਕਿ ਪੁਲਿਸ ਦੇ ਡਿਪਟੀ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਪਰਮਿੰਦਰ ਸਿੰਘ ਭੰਡਾਲ ਦੀ ਤਸਵੀਰ ਵੀ 29 ਅਗਸਤ ਨੂੰ ਬੋਰੀ ਨਾਲ ਵਾਇਰਲ ਹੋਈ ਸੀ।

ਉਹ ਤਸਵੀਰ ਇਸ ਸਾਲ ਜੂਨ ਵਿੱਚ ਬੋਰੀ ਵੱਲੋਂ ਆਯੋਜਿਤ ਕੀਤੇ ਇੱਕ ਧਾਰਮਿਕ ਸਮਾਗਮ ਦੀ ਸੀ ਜਿੱਥੇ ਭੰਡਾਲ ਤੇ ਬੋਰੀ, ਦੋਵਾਂ ਨੂੰ ਇਕੱਠੇ ਦੇਖਿਆ ਗਿਆ ਸੀ।

ਤਸਵੀਰਾਂ ਵਿੱਚ ਸਿਵਲ ਕੱਪੜਿਆਂ ਵਿੱਚ ਡੀਸੀਪੀ ਭੰਡਾਲ ਤੇ ਬੋਰੀ ਨੂੰ ਦਰਗਾਹ ’ਤੇ ਚਾਦਰ ਚੜ੍ਹਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਇਲਜ਼ਾਮ ਵੀ ਸਨ ਕਿ ਧਾਰਮਿਕ ਸਮਾਗਮ ਦਾ ਸਾਰਾ ਖਰਚਾ ਬੋਰੀ ਨੇ ਕੀਤਾ ਸੀ।

ਕੁਮਾਰ ਦਰਸ਼ਨ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਜਨਮ ਦਿਨ ਦੀ ਪਾਰਟੀ ਦਾ ਆਯੋਜਨ ਕੀਤਾ ਸੀ।

ਇਸ ਵਿੱਚ ਸਮਾਜ ਸੇਵੀ, ਨਗਰ ਨਿਗਮ, ਪੁਲਿਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਸੀ।

ਉਨ੍ਹਾਂ ਨੇ ਦੱਸਿਆ ਕਿ ਇੰਸਪੈਕਟਰ ਨੀਰਜ ਕੁਮਾਰ ਅਤੇ ਧਰਮਿੰਦਰ ਕਲਿਆਣ ਉਸ ਦੇ ਰਿਸ਼ਤੇਦਾਰ ਹਨ, ਜਦਕਿ ਕਮਲ ਬੋਰੀ ਉਸ ਦੀ ਸੁਸਾਇਟੀ ਵਿੱਚ ਰਹਿੰਦਾ ਹੈ।

ਉਨ੍ਹਾਂ ਨੇ ਸਵਾਲ ਕੀਤਾ ਕਿ ਜੇਕਰ ਉਹ ਸਮਾਗਮ ਵਿੱਚ ਸ਼ਾਮਲ ਹੋਏ ਤਾਂ ਕੀ ਗ਼ਲਤ ਹੈ।

ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਕਿ ਕਮਲ ਬੋਰੀ ਨੂੰ ਇੱਕ ਗੈਂਗਸਟਰ ਵਜੋਂ ਲੇਬਲ ਕਰਨਾ ਗ਼ਲਤ ਹੈ, ਕਿਉਂਕਿ ਉਹ ਇੱਕ ਸਮਾਜ ਸੇਵਕ ਹੈ।

ਜੂਨ ਦੇ ਸਮਾਗਮ ਬਾਰੇ ਦਰਸ਼ਨ ਨੇ ਦੱਸਿਆ ਕਿ ਬੋਰੀ ਵੱਲੋਂ ਹਰ ਸਾਲ ਦਰਗਾਹ ’ਤੇ ਸਮਾਗਮ ਕਰਵਾਇਆ ਜਾਂਦਾ ਹੈ, ਜਿੱਥੇ ਨਾਮਵਰ ਗਾਇਕਾਂ ਨੇ ਵੀ ਪੇਸ਼ਕਾਰੀ ਕੀਤੀ ਜਾਂਦੀ ਹੈ।

ਵਾਇਰਲ ਵੀਡੀਓ ਸਕਰੀਨ ਗਰੈਬ
Viral Video Screen Grab
ਵਾਇਰਲ ਵੀਡੀਓ ਸਕਰੀਨ ਗਰੈਬ

ਕੌਣ ਹੈ ਕਥਿਤ ਗੈਂਗਸਟਰ ਕਮਲ ਬੋਰੀ?

ਕਮਲ ਬੋਰੀ ਕਥਿਤ ਤੌਰ ''''ਤੇ 15 ਤੋਂ ਵੱਧ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ ਕਤਲ, ਇਰਾਦਾ ਕਤਲ, ਡਰੱਗਜ਼ ਅਤੇ ਹੋਰ ਗੰਭੀਰ ਮਾਮਲੇ ਸ਼ਾਮਲ ਹਨ।

ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪੁਲਿਸ ਅਧਿਕਾਰੀ ਮੁਤਾਬਕ ਉਹ ਮੁੱਖ ਤੌਰ ''''ਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਰਗਰਮ ਹੈ।

ਕੁਮਾਰ ਦਰਸ਼ਨ ਨੇ ਪੁਸ਼ਟੀ ਕੀਤੀ ਕਿ ਬੋਰੀ ''''ਤੇ ਕਥਿਤ ਕਤਲ, ਕਤਲ ਦੀ ਕੋਸ਼ਿਸ਼ ਅਤੇ ਨਸ਼ਿਆਂ ਦੇ ਅਪਰਾਧਿਕ ਮਾਮਲੇ ਦਰਜ ਹਨ ਪਰ ਉਸ ਨੂੰ ਅਦਾਲਤ ਤੋਂ ਰਾਹਤ ਵੀ ਮਿਲੀ ਹੈ ਅਤੇ ਉਹ ਇਸ ਸਮੇਂ ਜ਼ਮਾਨਤ ''''ਤੇ ਰਿਹਾਅ ਹੈ।

ਪੁਲਿਸ ਮੁਤਾਬਕ 34 ਸਾਲਾ ਕਮਲ ਕੁਮਾਰ ਬੋਰੀ ਅੰਮ੍ਰਿਤਸਰ ਦੀ ਗਵਾਲ ਮੰਡੀ ਦਾ ਰਹਿਣ ਵਾਲਾ ਹੈ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਬੋਰੀ ''''ਤੇ ਪਹਿਲੀ ਐੱਫਆਈਆਰ ਸਾਲ 2009 ਵਿੱਚ ਇੱਕ ਕਥਿਤ ਹਮਲੇ ਨਾਲ ਸਬੰਧਤ ਹੋਈ ਸੀ, ਉਸ ਤੋਂ ਬਾਅਦ 2010 ਵਿੱਚ ਕਥਿਤ ਇਰਾਦਾ ਕਤਲ ਦੇ ਇੱਕ ਹੋਰ ਕੇਸ ਦਾ ਸਾਹਮਣਾ ਕੀਤਾ ਸੀ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਅਪਰਾਧ ਦੀ ਦੁਨੀਆ ਵਿੱਚ ਦਾਖ਼ਲ ਹੋਣ ਤੋਂ ਬਾਅਦ ਬੋਰੀ ਨੇ ਕਥਿਤ ਤੌਰ ''''ਤੇ 2011 ਵਿੱਚ ਕਤਲ ਦੇ ਕੇਸ ਦਾ ਸਾਹਮਣਾ ਕੀਤਾ ਸੀ।

ਬੀਬੀਸੀ
BBC

ਇਸ ਤੋਂ ਇਲਾਵਾ, ਬੋਰੀ ਕਥਿਤ ਤੌਰ ''''ਤੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਮੁਲਜ਼ਮ ਹੈ। ਸੂਤਰਾਂ ਮੁਤਾਬਕ ਬੋਰੀ ਕੁਮਾਰ ਦਰਸ਼ਨ ਦਾ ਬਹੁਤ ਕਰੀਬੀ ਹੈ।

ਬੋਰੀ ਦੀਆਂ ਪੁਲਿਸ ਅਧਿਕਾਰੀਆਂ ਨਾਲ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਅੰਮ੍ਰਿਤਸਰ ਕੇਮਿਸ਼ਨੇਰੇਟ (ਸਿਟੀ) ਪੁਲਿਸ ਨੇ ਕਮਲ ਕੁਮਾਰ ਬੋਰੀ ਨੂੰ ਅਪਰਾਧਿਕ ਨੀਤ ਧਮਕਾਉਣ ਦੇ ਕਥਿਤ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕਰ ਲਿਆ।

ਇਹ ਮਾਮਲਾ 25 ਅਗਸਤ ਨੂੰ ਅੰਮ੍ਰਿਤਸਰ ਸ਼ਹਿਰ ਦੇ ਛਾਉਣੀ ਥਾਣੇ ਵਿੱਚ ਦਰਜ ਕੀਤਾ ਗਿਆ ਸੀ।

ਪੁਲਿਸ ਨੇ 9 ਅਗਸਤ 2023 ਨੂੰ ਵਿਨੋਦ ਕੁਮਾਰ ਸਮਰਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਬੋਰੀ ਸਮੇਤ ਕੁੱਲ 9 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਵਿਨੋਦ ਸਮਰਾ ਨੇ ਇਲਜ਼ਾਮ ਲਾਇਆ ਸੀ ਕਿ ਬੋਰੀ ਆਪਣੇ ਸਾਥੀਆਂ ਨਾਲ ਜ਼ਬਰਦਸਤੀ ਉਨ੍ਹਾਂ ਦੇ ਘਰ ''''ਚ ਦਾਖ਼ਲ ਹੋ ਗਿਆ ਅਤੇ ਕਥਿਤ ਤੌਰ ''''ਤੇ ਬੰਦੂਕ ਦੀ ਨੋਕ ''''ਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ।

ਕੁੰਵਰ ਵਿਜੇ ਪ੍ਰਤਾਪ ਸਿੰਘ
Facebook.com/KunwarVijayPratapSingh

ਕੀ ਕਹਿਣਾ ਹੈ ਅਧਿਕਾਰੀਆਂ ਦਾ ?

ਇਸ ਸਬੰਧੀ ਸੰਪਰਕ ਕਰਨ ''''ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਕਾਨੂੰਨ ਵਿਵਸਥਾ) ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਜਿੱਥੇ ਸਮਾਗਮ ਕਰਵਾਇਆ ਗਿਆ ਸੀ ਉਹ ਇੱਕ ਵਿਵਾਦਤ ਇਲਾਕਾ ਹੈ ਅਤੇ ਉਹ ਉੱਥੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਨ ਲਈ ਗਏ ਸਨ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਸਮਾਗਮ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਚਾਦਰ ਚੜਾਉਣ ਵਿੱਚ ਸ਼ਾਮਲ ਹੋਣ ਲਈ ਕਿਹਾ, ਤਾਂ ਉਨ੍ਹਾਂ ਨੇ ਮੰਨ ਲਿਆ।

ਡੀਸੀਪੀ (ਲਾਅ ਐਂਡ ਆਰਡਰ) ਵਜੋਂ, ਉਹ ਆਪਣੀ ਡਿਊਟੀ ਨਿਭਾਉਣ ਲਈ ਉੱਥੇ ਗਏ ਸਨ ਕਿਉਂਕਿ ਪਿਛਲੇ ਸਾਲ ਇਸੇ ਸਮਾਗਮ ਦੌਰਾਨ ਕਾਨੂੰਨ ਅਤੇ ਵਿਵਸਥਾ ਦੀ ਸਮੱਸਿਆ ਪੈਦਾ ਹੋ ਗਈ ਸੀ।

ਉਨ੍ਹਾਂ ਨੇ ਦੱਸਿਆ ਕਿ ਉਹ ਸਮਾਜ ਸੇਵੀ ਕੁਮਾਰ ਦਰਸ਼ਨ ਦੁਆਰਾ ਆਯੋਜਿਤ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ ਸਨ।

ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡਿਟੈਕਟਿਵ) ਹਰਜੀਤ ਸਿੰਘ ਧਾਲੀਵਾਲ ਨੇ ਬੀਬੀਸੀ ਨਿਊਜ਼ ਦੇ ਫੋਨ ਦਾ ਜਵਾਬ ਦਿੱਤਾ ਪਰ ਜਦੋਂ ਉਨ੍ਹਾਂ ਨੂੰ ਵਾਇਰਲ ਫੋਟੋ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਫੋਨ ਕੱਟ ਦਿੱਤਾ ਅਤੇ ਸੰਦੇਸ਼ਾਂ ਦਾ ਜਵਾਬ ਵੀ ਨਹੀਂ ਦਿੱਤਾ।

ਨੌਨਿਹਾਲ ਸਿੰਘ
punjab police
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੂੰ ਵਟਸਐਪ ਮੈਸੇਜ ਭੇਜ ਕੇ ਇਸ ਵਿਵਾਦ ''''ਤੇ ਉਨ੍ਹਾਂ ਦਾ ਪੱਖ ਮੰਗਿਆ ਗਿਆ ਪਰ ਜਵਾਬ ਨਹੀਂ ਆਇਆ

ਅੰਮ੍ਰਿਤਸਰ ਦੇ ਅਜਨਾਲਾ ਦੇ ਸਾਬਕਾ ਡਿਪਟੀ ਸੁਪਰਡੈਂਟ ਆਫ ਪੁਲਿਸ ਪ੍ਰਵੇਸ਼ ਚੋਪੜਾ ਨੇ ਅਨੁਸ਼ਾਸਿਤ ਫੋਰਸ ਦਾ ਮੈਂਬਰ ਹੋਣ ਦਾ ਹਵਾਲਾ ਦਿੰਦੇ ਹੋਏ ਇਸ ਮਾਮਲੇ ''''ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਅੰਮ੍ਰਿਤਸਰ ਵਿੱਚ ਅਟਾਰੀ ਸਬ-ਡਵੀਜ਼ਨ ਦੇ ਸਾਬਕਾ ਡੀਐੱਸਪੀ ਸੰਜੀਵ ਕੁਮਾਰ ਨੇ ਫੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ।

ਬੀਬੀਸੀ ਨਿਊਜ਼ ਪੰਜਾਬੀ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੂੰ ਵਟਸਐਪ ਮੈਸੇਜ ਭੇਜ ਕੇ ਇਸ ਵਿਵਾਦ ''''ਤੇ ਉਨ੍ਹਾਂ ਦਾ ਪੱਖ ਮੰਗਿਆ ਗਿਆ, ਉਨ੍ਹਾਂ ਨੇ ਮੈਸਜ ਦੇਖ ਤਾਂ ਲਿਆ ਪਰ ਇਹ ਰਿਪੋਰਟ ਛਾਪਣ ਵੇਲੇ ਤੱਕ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ।

ਆਮ ਆਦਮੀ ਪਾਰਟੀ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਦੇ ਕਾਰਜਕਾਰੀ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੂੰ ਪੱਤਰ ਲਿਖ ਕੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸਾਬਕਾ ਆਈਪੀਐੱਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੱਗੇ ਦੱਸਿਆ ਕਿ ਡੀਸੀਪੀ ਦਾ ਦਫ਼ਤਰ ਅਪਰਾਧੀਆਂ ਦਾ ਅੱਡਾ ਬਣ ਗਿਆ ਹੈ। ਉਹ ਇਸ ਮਾਮਲੇ ਨੂੰ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਅਤੇ ਡੀਜੀਪੀ ਦੇ ਧਿਆਨ ਵਿੱਚ ਲਿਆ ਚੁੱਕੇ ਹਨ।

ਬੀਬੀਸੀ
BBC

ਪਿਛਲੀਆਂ ਘਟਨਾਵਾਂ

  • 2013 ਵਿੱਚ ਪੰਜਾਬ ਪੁਲਿਸ ਨੇ ਆਪਣੇ ਹੀ ਡੀਐੱਸਪੀ ਰੈਂਕ ਦੇ ਅਧਿਕਾਰੀ ਅਤੇ ਅਰਜੁਨ ਐਵਾਰਡੀ ਪਹਿਲਵਾਨ ਜਗਦੀਸ਼ ਸਿੰਘ ਭੋਲਾ ਨੂੰ ਕਰੋੜਾ ਦੇ ਨਸ਼ਿਆਂ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਨਸ਼ਿਆਂ ਦੇ ਮਾਮਲੇ ਵਿੱਚ 24 ਸਾਲ ਦੀ ਸਜ਼ਾ ਸੁਣਾਈ ਗਈ ਹੈ।
  • 2017 ਵਿੱਚ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਕਬਜ਼ੇ ਵਿੱਚੋਂ ਇੱਕ ਏਕੇ 47 ਹਥਿਆਰ ਸਮੇਤ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ।
  • 2023 ਵਿੱਚ ਪੰਜਾਬ ਪੁਲਿਸ ਨੇ ਆਪਣੇ ਪਹਿਲੇ ਸੀਨੀਅਰ ਪੁਲਿਸ ਸੁਪਰਡੈਂਟ ਆਫ ਪੁਲਿਸ ਰੈਂਕ ਦੇ ਅਧਿਕਾਰੀ, ਰਾਜ ਜੀਤ ਸਿੰਘ ਨੂੰ ਕਥਿਤ ਨਸ਼ੀਲੇ ਪਦਾਰਥਾਂ ਦੇ ਇਲਜ਼ਾਮਾਂ ਲਈ ਸੇਵਾ ਤੋਂ ਬਰਖਾਸਤ ਕਰ ਦਿੱਤਾ ਸੀ।
  • 2023 ਵਿੱਚ ਵਿਜੀਲੈਂਸ ਬਿਊਰੋ ਨੇ ਇੱਕ ਡੀਆਈਜੀ ਰੈਂਕ ਦੇ ਅਧਿਕਾਰੀ, ਇੰਦਰਬੀਰ ਸਿੰਘ ਵਿਰੁੱਧ ਵੀ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦਾ ਦਰਜ ਕੀਤਾ ਸੀ।
ਬੀਬੀਸੀ
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News