ਇਸਰੋ ਦੇ ਵਿਗਿਆਨੀ ਕਿਵੇਂ ਬਣਿਆ ਜਾ ਸਕਦਾ ਹੈ ? ਇਸ ਨਾਲ ਜੁੜੇ ਹਰ ਸਵਾਲ ਦਾ ਜਵਾਬ

Wednesday, Aug 30, 2023 - 07:16 AM (IST)

ਇਸਰੋ ਦੇ ਵਿਗਿਆਨੀ ਕਿਵੇਂ ਬਣਿਆ ਜਾ ਸਕਦਾ ਹੈ ? ਇਸ ਨਾਲ ਜੁੜੇ ਹਰ ਸਵਾਲ ਦਾ ਜਵਾਬ
ਇਸਰੋ
ISRO
ਵਿਦਿਆਰਥੀ ਵਿਗਿਆਨ ਦੇ ਖੇਤਰ ਵਿੱਚ ਮੌਕੇ ਲੱਭਣ ਅਤੇ ਇਸਰੋ ਵਿੱਚ ਵਿਗਿਆਨੀ ਬਣਨ ਵੱਲ ਆਕਰਸ਼ਿਤ ਹੋ ਰਹੇ ਹਨ

ਭਾਰਤ ਨੇ ਹਾਲ ਹੀ ਵਿੱਚ ਚੰਦਰਯਾਨ-3 ਨੂੰ ਚੰਨ ਦੇ ਦੱਖਣੀ ਧੁਰੇ ਦੇ ਨੇੜੇ ਉਤਾਰ ਕੇ ਉਹ ਕਰ ਦਿਖਾਇਆ ਜੋ ਅਜੇ ਤੱਕ ਹੋਰ ਕੋਈ ਦੇਸ਼ ਨਹੀਂ ਕਰ ਸਕਿਆ।

ਭਾਰਤ ਦੇ ਇਸ ਪੁਲਾੜ ਮਿਸ਼ਨ ਦੀ ਇੱਕ ਚੰਗੀ ਸ਼ੁਰੂਆਤ ਹੋਈ ਅਤੇ ਹੁਣ ਵਿਕਰਮ ਲੈਂਡਰ ਅਤੇ ਪ੍ਰਗਿਆਨ ਲੈਂਡਰ ਆਪਣਾ ਵਿਗਿਆਨਕ ਅਧਿਐਨ ਕਰ ਰਹੇ ਹਨ।

ਦੇਸ਼ ਦੇ ਬਹੁਤ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਚੰਦਰਯਾਨ ਦੇ ਉੱਤਰਨ ਦੀ ਵੀਡੀਓ ਦਾ ਸਿੱਧਾ ਪ੍ਰਸਾਰਨ ਕੀਤਾ ਗਿਆ। ਇੰਡੀਅਨ ਸਪੇਸ ਰਿਸਰਚ ਏਜੰਸੀ ਨੇ ਇਸ ਉਪਲਬਧੀ ਵਿੱਚ ਵੱਡੀ ਭੂਮਿਕਾ ਨਿਭਾਈ ਜਿਸ ਤੋਂ ਬਾਅਦ ਵਿਦਿਆਰਥੀਆਂ ਦੀ ਦਿਲਚਸਪੀ ਇਸਰੋ ਅਤੇ ਪੁਲਾੜ ਵੱਲ ਵੱਧ ਰਹੀ ਹੈ।

ਉਹ ਵਿਗਿਆਨ ਦੇ ਖੇਤਰ ਵਿੱਚ ਮੌਕੇ ਲੱਭਣ ਅਤੇ ਇਸਰੋ ਵਿੱਚ ਵਿਗਿਆਨੀ ਬਣਨ ਵੱਲ ਆਕਰਸ਼ਿਤ ਹੋ ਰਹੇ ਹਨ।

ਇਸ ਸੁਪਨੇ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਨੂੰ ਜਿਸ ਦੀ ਸਭ ਤੋਂ ਵੱਧ ਲੋੜ ਹੈ ਉਹ ਹੈ ਸੂਖਮ ਯੋਜਨਾਬੰਦੀ।

ਇੱਥੇ ਅਸੀਂ ਉਨ੍ਹਾਂ ਰਣਨੀਤੀਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਅਪਨਾ ਕੇ ਵਿਦਿਆਰਥੀ ਇਸਰੋ ਵਿਗਿਆਨੀ ਬਣ ਸਕਦੇ ਹਨ।

ਵਿਗਿਆਨੀ ਮਾਈਲਾਸਵਾਮੀ ਅੰਨਾਦੁਰਾਈ
BBC
ਵਿਗਿਆਨੀ ਮਾਈਲਾਸਵਾਮੀ ਅੰਨਾਦੁਰਾਈ

ਕੀ ਪੜ੍ਹਨਾ ਹੈ?

ਚੰਦਰਯਾਨ-1 ਦੇ ਪ੍ਰੋਜੈਕਟ ਡਾਇਰੈਕਟਰ ਵਜੋਂ ਕੰਮ ਕਰਨ ਵਾਲੇ ਡਾ. ਮਾਇਲਸਾਮੀ ਅੰਨਾਦੁਰਾਏ ਦੱਸਦੇ ਹਨ ਕਿ ਜਿਹੜੇ ਵਿਦਿਆਰਥੀ ਇਸਰੋ ਵਿੱਚ ਪੁਲਾੜ ਸੰਬੰਧੀ ਅਧਿਐਨ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਮੂਲ ਵਿਗਿਆਨ ਦੇ ਨਾਲ-ਨਾਲ ਗਣਿਤ ਦੀ ਪੜ੍ਹਾਈ ਕਰਨੀ ਚਾਹੀਦੀ ਹੈ।

“ਗਣਿਤ ਦੀ ਸਿੱਖਿਆ ਅਧਾਰ ਹੈ। ਅਲਜੈਬਰਾ, ਜਿਓਮੈਟਰੀ ਜ਼ਰੂਰੀ ਹਨ, ਸਿਲੇਬਸ ਤੋਂ ਬਾਹਰ ਦੀ ਪੜ੍ਹਾਈ ਕਰਨਾ ਜਰੂਰੀ ਹੈ।”

“ਸਵਾਲਾਂ ਦੇ ਜਵਾਬ ਪੜ੍ਹਨ ਦੀ ਥਾਂ ਵਿਦਿਆਰਥੀਆਂ ਨੂੰ ਆਪਣੇ ਆਪ ਸਵਾਲ ਬਣਾਉਣੇ ਅਤੇ ਉਨ੍ਹਾਂ ਦੇ ਜਵਾਬ ਲੱਭਣੇ ਚਾਹੀਦੇ ਹਨ, ਉਨ੍ਹਾਂ ਨੂੰ ਇਹ ਆਦਤ ਛੋਟੀ ਉਮਰ ਤੋਂ ਹੀ ਪਾ ਲੈਣੀ ਚਾਹੀਦੀ ਹੈ।”

ਉਨ੍ਹਾਂ ਦੱਸਿਆ ਕਿ ਵਿਗਿਆਨੀ ਬਣਨ ਦਾ ਬੁਨਿਆਦੀ ਮਾਪਦੰਡ ਕਿਸੇ ਚੀਜ਼ ਨੂੰ ਬਣਾਉਣ ਵਿੱਚ ਖੁਸ਼ੀ ਮਹਿਸੂਸ ਕਰਨਾ ਹੈ।

ਉਨ੍ਹਾਂ ਮੁਤਾਬਕ, “ਜਿਵੇਂ ਕਲਾਕਾਰ ਕਲਾ ਰਾਹੀਂ ਸਿਰਜਣਾ ਕਰਦੇ ਹਨ ਜਾਂ ਕਵੀ ਕਵਿਤਾ ਲਿਖਦੇ ਹਨ, ਜਿਹੜੇ ਵਿਦਿਆਰਥੀ ਵਿਗਿਆਨੀ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਨਵੀਆਂ ਵਿਗਿਆਨਿਕ ਖੋਜਾਂ ਕਰਨ ਵਿੱਚ ਦਿਲਚਸਪੀ ਦਿਖਾਉਣੀ ਚਾਹੀਦੀ ਹੈ।”

ਬੀਬੀਸੀ
BBC
  • ਚੰਦਰਯਾਨ-3 ਦੀ ਸਫ਼ਲਤਾ ਤੋਂ ਬਾਅਦ ਦੇਸ਼ ਦੇ ਬਹੁਤ ਸਾਰੇ ਵਿਦਿਆਰਥੀਆਂ ਦਾ ਧਿਆਨ ਇਸਰੋ ਵਿੱਚ ਕੇਂਦਰਿਤ ਹੈ।
  • ਵਿਦਿਆਰਥੀ ਵਿਗਿਆਨ ਦੇ ਖੇਤਰ ਵਿੱਚ ਮੌਕੇ ਲੱਭਣ ਅਤੇ ਇਸਰੋ ਵਿੱਚ ਵਿਗਿਆਨੀ ਬਣਨ ਵੱਲ ਆਕਰਸ਼ਿਤ ਹੋ ਰਹੇ ਹਨ।
  • ਵਿਦਿਆਰਥੀਆਂ ਨੂੰ ਸਾਇੰਸ, ਤਕਨੀਕ ਜਾਂ ਇੰਜੀਨਿਅਰਿੰਗ ਸੰਬੰਧੀ ਕੋਰਸਾਂ ਦੀ ਚੋਣ ਕਰਨੀ ਚਾਹੀਦੀ ਹੈ।
  • ਵਿਗਿਆਨੀ ਬਣਨ ਦੇ ਚਾਹਵਾਨ ਵਿਦਿਆਰਥੀ ਇਸ ਸੰਸਥਾ ਤੋਂ ਬੀਟੈੱਕ, ਐੱਮ ਟੈੱਕ, ਅਤੇ ਐੱਮਐੱਸਸੀ ਅਤੇ ਪੀਐੱਚਡੀ ਦੀ ਪੜ੍ਹਾਈ ਕਰ ਸਕਦੇ ਹਨ।
  • ਵਿਗਿਆਨੀ ਆਰ. ਵੇਂਕਟੇਸਨ ਦੱਸਦੇ ਕਿ ਵਿਗਿਆਨੀ ਬਣਨ ਲਈ ਕੋਈ ਵਿਸ਼ੇਸ ਕੋਰਸ ਨਹੀਂ ਹਨ।
  • ਇਸਰੋ ਤੋਂ ਇਲਾਵਾ, ਹੋਰ ਬਹੁਤ ਸੰਸਥਾਵਾਂ ਪੁਲਾੜ ਦੀ ਖੋਜ ਲਈ ਮੌਕੇ ਦਿੰਦੀਆਂ ਹਨ।
ਬੀਬੀਸੀ
BBC
ਇਸਰੋ
Getty Images
ਵਿਗਿਆਨੀ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਨੂੰ ਜਿਸ ਦੀ ਸਭ ਤੋਂ ਵੱਧ ਲੋੜ ਹੈ ਉਹ ਹੈ ਸੂਖਮ ਯੋਜਨਾਬੰਦੀ

ਉਚੇਰੀ ਸਿੱਖਿਆ ਲਈ ਕੀ ਚੁਣਿਆ ਜਾਵੇ

ਵਿਦਿਆਰਥੀਆਂ ਨੂੰ ਸਾਇੰਸ, ਤਕਨੀਕ ਜਾਂ ਇੰਜੀਨਿਅਰਿੰਗ ਸੰਬੰਧੀ ਕੋਰਸਾਂ ਦੀ ਚੋਣ ਕਰਨੀ ਚਾਹੀਦੀ ਹੈ।

ਡਾ .ਮਾਇਲਸਾਮੀ ਦੱਸਦੇ ਹਨ, “ਵਿਦਿਆਰਥੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਸਾਇੰਸ ਜਾਂ ਇੰਜੀਨਿਅਰਿੰਗ ਦੀ ਡਿਗਰੀ ਹਾਸਲ ਕਰਨ, ਵਿਦਿਆਰਥੀ ਇਨ੍ਹਾਂ ਦੋ ਸ਼ੈਲੀਆਂ ਵਿੱਚ ਆਪਣੀ ਦਿਲਚਸਪੀ ਅਤੇ ਹੁਨਰ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵੀ ਸ਼੍ਰੇਣੀ ਦੀ ਚੋਣ ਕਰ ਸਕਦੇ ਹਨ।”

ਉਹ ਜੇਈਈ ਦੀ ਪ੍ਰੀਖਿਆ ਵਿੱਚ ਬੈਠ ਕੇ ਚੋਟੀ ਦੀਆਂ ਵਿਦਿਅਕ ਸੰਸਥਾਵਾਂ ਜਿਵੇਂ ਇੰਡੀਅਨ ਇੰਸਟੀਟਊਟ ਆਫ ਟੈਕਨਾਲਜੀ ਵਿੱਚ ਬੀਈ ਜਾਂ ਬੀਟੈੱਕ ਲਈ ਪੜ੍ਹਾਈ ਕਰ ਸਕਦੇ ਹਨ।

ਥਿਰੂਵੰਦਨਾਥਾਪੁਰਮ ਦੇ ਵਾਲੀਮਾਲਾ ਵਿਖੇ ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ ਸਪੇਸ ਅਧੀਨ ਚੱਲਦਾ ਇੰਡੀਅਨ ਇੰਸਟੀਟਊਟ ਆਫ ਸਪੇਸ ਸਾਇੰਸ ਅਤੇ ਟੈਕਨਾਲਜੀ (ਆਈਆਈਐੱਸਟੀ) ਇੱਕ ਡੀਮਡ ਯੂਨੀਵਰਸਿਟੀ ਹੈ।

ਚੰਦਰਯਾਨ 3
Getty Images
ਇਸਰੋ ਨੇ ਹਾਲ ਹੀ ਵਿੱਚ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਕਰਵਾਈ ਹੈ

ਵਿਗਿਆਨੀ ਬਣਨ ਦੇ ਚਾਹਵਾਨ ਵਿਦਿਆਰਥੀ ਇਸ ਸੰਸਥਾ ਤੋਂ ਬੀਟੈੱਕ, ਐੱਮ ਟੈੱਕ, ਅਤੇ ਐੱਮਐੱਸਸੀ ਅਤੇ ਪੀਐੱਚਡੀ ਦੀ ਪੜ੍ਹਾਈ ਕਰ ਸਕਦੇ ਹਨ।

ਹਾਲਾਂਕਿ ਹੋਰ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਾਈ ਕਰਕੇ ਵੀ ਤੁਸੀਂ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ, ਛੋਟੀ ਉਮਰ ਤੋਂ ਹੀ ਮਿਹਨਤ ਸ਼ੁਰੂ ਕਰਕੇ ਵਿਦਿਆਰਥੀ ਆਈਆਈਟੀ ਜਾਂ ਆਈਆਈਐੱਸਸੀ ਵਿੱਚ ਦਾਖ਼ਲਾ ਲੈ ਸਕਦੇ ਹਨ।

ਇੱਕ ਹੋਰ ਵਿਗਿਆਨੀ ਆਰ. ਵੇਂਕਟੇਸਨ ਦੱਸਦੇ ਕਿ ਵਿਗਿਆਨੀ ਬਣਨ ਲਈ ਕੋਈ ਵਿਸ਼ੇਸ ਕੋਰਸ ਨਹੀਂ ਹਨ।

ਇਹ ਬਰੇਕਥਰੁਅ ਸਾਇੰਸ ਸੋਸਾਇਟੀ (ਬੀਐੱਸਐੱਸ) ਦੇ ਮੈਂਬਰ ਵੀ ਹਨ ਅਤੇ ਉਹ ਆਖਦੇ ਹਨ ਕਿ ਉਹ ਵਿਦਿਆਰਥੀਆਂ ਲਈ ਸਾਇੰਸ-ਸੰਬੰਧੀ ਪ੍ਰੋਗਰਾਮ ਕਰਵਾਉਂਦੇ ਹਨ।

ਬੀਬੀਸੀ
BBC

ਉਹ ਦੱਸਦੇ ਹਨ, “ਇਸਰੋ ਵਿੱਚ ਕੰਮ ਕਰਦੇ ਵਿਗਿਆਨੀਆਂ ਨੇ ਸੰਸਥਾ ਨਾਲ ਜੁੜਨ ਲਈ ਕੋਈ ਵਿਸ਼ੇਸ਼ ਕੋਰਸ ਨਹੀਂ ਕੀਤਾ ਹੈ ਉਹ ਅੰਡਰ ਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਡਿਗਰੀਆਂ ਜਿਵੇਂ ਬੀਟੈੱਕ ਅਤੇ ਐੱਮਟੈੱਕ ਹੀ ਹਨ।"

"ਉਨ੍ਹਾਂ ਨੂੰ ਕਈ ਪ੍ਰੋਜੈਕਟ ਮਿਲਣ ਤੋਂ ਬਾਅਦ ਇਸਰੋ ਉਨ੍ਹਾਂ ਨੂੰ ਸਿਖਲਾਈ ਦਿੰਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਆਪਣੇ ਵਿਸ਼ੇ ਵਿੱਚ ਮਾਹਰ ਬਣਨਾ ਚਾਹੀਦਾ ਹੈ। ਉਨ੍ਹਾਂ ਨੂੰ ਗਣਿਤ ਵਿੱਚ ਮਾਹਰ ਹੋਣਾ ਚਾਹੀਦਾ ਹੈ।”

ਇਸਰੋ ਤੋਂ ਇਲਾਵਾ, ਹੋਰ ਬਹੁਤ ਸੰਸਥਾਵਾਂ ਪੁਲਾੜ ਦੀ ਖੋਜ ਲਈ ਮੌਕੇ ਦਿੰਦੀਆਂ ਹਨ।

ਹੋਰ ਸੰਸਥਾਵਾਂ ਜਿੱਥੇ ਵੱਡੀ ਗਿਣਤੀ ਵਿੱਚ ਵਿਗਿਆਨੀ ਪੁਲਾੜ ਤਕਨੀਕ ਅਤੇ ਅਧਿਐਨ ਕਰਦੇ ਹਨ, ਉਨ੍ਹਾਂ ਵਿੱਚ ਇੰਡੀਅਨ ਇੰਸਟੀਟਊਟ ਆਫ ਐਸਟਰੋਫਿਜ਼ਿਕਸ, ਇੰਡੀਅਨ ਇੰਸਟੀਟਊਟ ਆਫ ਫੰਡਾਮੈਂਟਰ ਰਿਸਰਚ, ਸਾਹਾ ਇੰਸਟੀਟਊਟ ਆਫ ਨਿਊਕਲੀਅਰ ਫਿਜ਼ਿਕਸ ਅਤੇ ਇੰਡੀਅਨ ਇੰਸਟੀਟਊਟ ਆਫ ਮੈਥੇਮੈਟਿਕਲ ਸਾਇੰਸ, ਚੇੱਨਈ ਸ਼ਾਮਲ ਹਨ।

ਵੇਂਕਾਟੇਸਨ ਨੇ ਕਿਹਾ, “ਜਿਹੜੇ ਵਿਦਿਆਰਥੀ ਵਿਗਿਆਨੀ ਬਣਨਾ ਚਾਹੁੰਦੇ ਹਨ ਉਹ ਇਸਰੋ ਤੋਂ ਇਲਾਵਾ ਇਨ੍ਹਾਂ ਸੰਸਥਾਵਾਂ ਦੀ ਵੀ ਚੋਣ ਕਰ ਸਕਦੇ ਹਨ।”

ਇਸਰੋ
Getty Images
ਵਿਗਿਆਨੀ ਬਣਨ ਲਈ ਵਿਦਿਆਰਥੀਆਂ ਨੂੰ ਕੋਰਸ ਦੀ ਬਾਹਰਲੀ ਪੜ੍ਹਾਈ ਵੀ ਜ਼ਰੂਰੀ ਹੈ

ਇਸਰੋ ਵਿੱਚ ਵਿਗਿਆਨੀ ਕਿਵੇਂ ਚੁਣੇ ਜਾਂਦੇ ਹਨ

ਡਾ. ਮਾਇਲਾਸਾਮੀ ਕਹਿੰਦੇ ਹਨ ਪੁਲਾੜ ਵਿਗਿਆਨ ਲਈ ਵਿਦਿਆਰਥੀਆਂ ਨੂੰ ਉਚੇਰੀ ਵਿਦਿਆ ਲਈ ਆਈਆਈਐਸਟੀ ਦੀ ਚੋਣ ਕਰਨੀ ਚਾਹੀਦੀ ਹੈ।

ਉਹ ਆਈਆਈਐੱਸਟੀ ਵਿੱਚ ਪੜ੍ਹਨ ਦੀ ਵਕਾਲਤ ਕਰਦੇ ਹਨ। ਉਹ ਕਹਿੰਦੇ ਹਨ, "ਆਈਆਈਐੱਸਟੀ ਵਿੱਚ ਅਧਿਐਨ ਕਰਨਾ ਚੰਗਾ ਹੈ, ਇਸ ਲਈ ਜੇਈਈ ਵਿੱਚ ਚੰਗੇ ਨੰਬਰਾਂ ਦੀ ਲੋੜ ਹੈ।”

"ਇੱਥੇ ਕੋਰਸ ਸਕੋਰਾਂ ਦੇ ਅਧਾਰ ‘ਤੇ ਚੁਣੇ ਜਾ ਸਕਦੇ ਹਨ। ਇੱਥੇ ਪੜ੍ਹਾਈ ਕਰਨ ਨਾਲ ਵਿਦਿਆਰਥੀ ਨੂੰ ਇਸਰੋ ਦੇ ਕੰਮ, ਗਤੀਵਿਧੀਆਂ ਬਾਰੇ ਜਾਣਕਾਰੀ ਮਿਲ ਸਕਦੀ ਹੈ। ਜੇਕਰ ਉਹ ਆਪਣੀ ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਕਰਨਗੇ ਤਾਂ ਉਨ੍ਹਾਂ ਨੂੰ ਇਸਰੋ ਦੀ ਨੌਕਰੀ ਲਈ ਚੁਣਿਆ ਜਾ ਸਕਦਾ ਹੈ।"

ਡਾ. ਮਾਈਲਾਸਾਮੀ ਦੱਸਦੇ ਹਨ ਕਿ ਇਹ ਇਸਰੋ ਵਿੱਚ ਕੰਮ ਕਰਨ ਦਾ ਸਭ ਤੋਂ ਸਹੀ ਰਾਹ ਹੈ। ਵਿਦਿਆਰਥੀ ਇਸਰੋ ਵੱਲੋਂ ਨੌਕਰੀ ਵਾਸਤੇ ਲਈ ਜਾਂਦੀ ਪ੍ਰੀਖਿਆ ਪਾਸ ਕਰਕੇ ਵੀ ਇੱਕ ਵਿਗਿਆਨੀ ਦੀ ਨੌਕਰੀ ਹਾਸਲ ਕਰ ਸਕਦੇ ਹਨ।

ਚੰਦਰਯਾਨ 3
Getty Images

ਸਮਰਪਣ ਅਤੇ ਲਗਨ

ਨੌਕਰੀ ਹਾਸਲ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਸੰਸਥਾ ਵਿੱਚ ਆਪਣੇ ਕੰਮ ਦੇ ਨਾਲ ਜੁੜੇ ਆਪਣੇ ਹੁਨਰ ਨੂੰ ਵਧਾਉਣਾ ਚਾਹੀਦਾ ਹੈ।

ਮਾਈਲਾਸਾਮੀ ਇਹ ਸਲਾਹ ਦਿੰਦੇ ਹਨ, ਉਨ੍ਹਾਂ ਨੂੰ ਹਮੇਸ਼ਾ ਸਿੱਖਣ ਲਈ ਉਤਾਵਲੇ ਰਹਿਣਾ ਅਤੇ ਜਿਹੜਾ ਕੰਮ ਉਨ੍ਹਾਂ ਦਿੱਤਾ ਜਾਵੇ ਉਸ ਤੋਂ ਵੱਧ ਕੇ ਕਰਕੇ ਵਿਖਾਉਣਾ ਚਾਹੀਦਾ ਹੈ।

ਉਹ ਆਖਦੇ ਹਨ, “ਜਿਹੜਾ ਕੰਮ ਮਿਲੇ ਉਸ ਨੂੰ ਚੰਗੇ ਤਰੀਕੇ ਨਾਲ ਕਰੋ, ਜਦੋਂ ਤੁਸੀਂ ਵੱਧ ਕੰਮ ਕਰਨ ਲਈ ਆਪ ਅੱਗੇ ਆਏ ਤਾਂ ਤੁਸੀਂ ਆਪਣੇ ਵੱਲ ਧਿਆਨ ਆਕਰਸ਼ਿਤ ਕਰ ਸਕਦੇ ਹੋ ਅਤੇ ਲੀਡਰਸ਼ਿਪ ਦਾ ਭਰੋਸਾ ਜਿੱਤ ਸਕਦੇ ਹੋ, ਇਸ ਨਾਲ ਤੁਹਾਡੀ ਤਰੱਕੀ ਦੀ ਸੰਭਾਵਨਾ ਵੀ ਵਧੇਗੀ।"

ਆਪਣਾ ਤਜਰਬਾ ਸਾਂਝਾ ਕਰਦੇ ਹੋਏ ਉਹ ਕਹਿੰਦੇ ਹਨ, “ਕੁਝ ਵਿਦਿਆਰਥੀਆਂ ਨੂੰ ਜੇਕਰ ਆਪਣੀ ਮਰਜ਼ੀ ਦਾ ਕੰਮ ਨਾ ਮਿਲੇ ਤਾਂ ਆਪਣਾ ਦਾਇਰਾ ਨਹੀਂ ਵਧਾਉਂਦੇ। ਭਾਵੇਂ ਤੁਸੀਂ ਕਿਸੇ ਵੀ ਡਿਪਾਰਟਮੈਂਟ ਵਿੱਚ ਹੋਵੋਂ ਜੇਕਰ ਤੁਸੀਂ ਆਪਣਾ ਕੰਮ ਦਿਲਚਸਪੀ ਅਤੇ ਸਮਰਪਣ ਨਾਲ ਕਰੋਗੇ ਤਾਂ ਤੁਹਾਡੀ ਤਰੱਕੀ ਜ਼ਰੂਰ ਹੋਵੇਗੀ।”

ਵਿਦਿਆਰਥੀ
Getty Images
ਨੌਕਰੀ ਹਾਸਲ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਸੰਸਥਾ ਵਿੱਚ ਆਪਣੇ ਕੰਮ ਦੇ ਨਾਲ ਜੁੜੇ ਆਪਣੇ ਹੁਨਰ ਨੂੰ ਵਧਾਉਣਾ ਚਾਹੀਦਾ ਹੈ।

ਪੁਲਾੜ ਵਿਗਿਆਨੀਆਂ ਦੀ ਭਵਿੱਖ ਵਿੱਚ ਲੋੜ ?

ਡਾ. ਮਾਇਲਸਾਮੀ ਮੁਤਾਬਕ, “ਭਵਿੱਖ ਵਿੱਚ ਪੁਲਾੜ ਵਿਗਿਆਨੀਆਂ ਦੀ ਲੋੜ ਬਹੁਤ ਜ਼ਿਆਦਾ ਹੋਵੇਗੀ।”

"ਇਸਰੋ ਤੋਂ ਇਲਾਵਾ, ਕਈ ਨਿੱਜੀ ਪੁਲਾੜ ਅਧਿਐਨ ਸੰਸਥਾਵਾਂ ਵੀ ਆਪਣੀ ਊਰਜਾ ਪੁਲਾੜ ਦੇ ਰਹੱਸ ਖੋਜਣ ਲਈ ਲਾ ਰਹੀਆਂ ਹਨ। ਇਹਨਾਂ ਨੂੰ ਇਸਰੋ ਦਾ ਕੁਲਾਸੇਕਰਾਪੱਟਿਨਮ ਤਾਮਿਲਨਾਡੂ ਵਿਚਲਾ ਦੂਜਾ ਲੌਂਚਪੈਡ ਵਰਤਣ ਦਿੱਤਾ ਜਾਵੇਗਾ।"

ਇਸੇ ਲਈ ਭਵਿੱਖ ਵਿੱਚ ਹੋਰ ਵਿਗਿਆਨੀਆਂ ਦੀ ਲੋੜ ਪਵੇਗੀ। ਮੌਕਿਆਂ ਦਾ ਲਾਹਾ ਚੰਗੇ ਤਰੀਕੇ ਲੈਣਾ ਚਾਹੀਦਾ ਹੈ। ਵਿਗਿਆਨੀ ਨੌਕਰੀ ਕਰਨ ਤੋਂ ਅੱਗੇ ਦੀ ਸੋਚ ਸਕਦੇ ਹਨ।"

"ਉਹ ਸਪੇਸ ਇੰਟਰਪਨੂਅਰਸ਼ਿਪ ਵਿੱਚ ਅੱਗੇ ਵੱਧ ਕੇ ਆਪਣਾ ਵਿਕਾਸ ਕਰ ਸਕਦੇ ਹਨ। ਇਹ ਖੇਤਰ ਖੁੱਲ੍ਹਾ ਹੈ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News