ਏਸ਼ੀਆ ਕੱਪ: ਭਾਰਤ-ਪਾਕਿਸਤਾਨ ਮੁਕਾਬਲਿਆਂ ਦਾ ਰਹਿੰਦਾ ਖਾਸ ਰੋਮਾਂਚ, ਜਾਣੋ ਕਿਸ ਦੇ ਖਾਤੇ ਕਿੰਨੀਆਂ ਜਿੱਤਾਂ ਦਰਜ
Tuesday, Aug 29, 2023 - 12:46 PM (IST)


183 ਇੱਕ ਵਿਸ਼ੇਸ਼ ਸੰਖਿਆ ਹੈ। ਇਹ ਭਾਰਤ ਦੇ ਤਿੰਨ ਕਪਤਾਨਾਂ ਦਾ ਵਨਡੇ ''''ਚ ਸਭ ਤੋਂ ਵੱਡਾ ਸਕੋਰ ਹੈ। ਸੌਰਵ ਗਾਂਗੁਲੀ, ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਨੇ ਇਸੇ ਸਰਵਉੱਚ ਸਕੋਰ ''''ਤੇ ਵਿਰਾਮ ਲਿਆ ਹੈ।
ਗਾਂਗੁਲੀ ਅਤੇ ਧੋਨੀ ਨੇ ਸ਼੍ਰੀਲੰਕਾ ਦੇ ਖ਼ਿਲਾਫ਼ ਵਨਡੇ ''''ਚ ਆਪਣਾ ਸਭ ਤੋਂ ਚੰਗਾ ਸਕੋਰ ਬਣਾਇਆ, ਜਦਕਿ ਕੋਹਲੀ ਦਾ ਰਿਕਾਰਡ ਪਾਕਿਸਤਾਨ ਦੇ ਖ਼ਿਲਾਫ਼ ਬਣਿਆ ਹੈ।
ਕੋਹਲੀ ਨੇ ਇਹ ਸਕੋਰ ਸਾਲ 2012 ਵਿੱਚ ਮੀਰਪੁਰ ਵਿੱਚ ਖੇਡੇ ਜਾ ਰਹੇ ਏਸ਼ੀਆ ਕੱਪ ਦੇ ਮੈਚ ਵਿੱਚ ਬਣਾਇਆ ਸੀ।
ਉਹੀ ਏਸ਼ੀਆ ਕੱਪ, ਜਿਸ ਵਿੱਚ ਭਾਰਤ, ਪਾਕਿਸਤਾਨ, ਸ੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਕਈ ਯਾਦਗਾਰੀ ਮੈਚ ਦੇਖਣ ਨੂੰ ਮਿਲੇ ਹਨ।
ਇਸ ਦੇ ਨਾਲ ਹੀ ਸੰਯੁਕਤ ਅਰਬ ਅਮੀਰਾਤ ਅਤੇ ਹਾਂਗਕਾਂਗ ਵਰਗੀਆਂ ਟੀਮਾਂ ਨੂੰ ਵੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ।
ਹੁਣ ਇੱਕ ਵਾਰ ਉਤਰਾਅ-ਚੜ੍ਹਾਅ ਨਾਲ ਭਰਿਆ ਏਸ਼ੀਆ ਕੱਪ ਦਾ ਇੱਕ ਹੋਰ ਟੂਰਨਾਮੈਂਟ ਸ਼ੁਰੂ ਹੋਣ ਜਾ ਰਿਹਾ ਹੈ।
ਇਸ ਸੀਰੀਜ਼ ਦਾ ਪਹਿਲਾ ਮੈਚ 30 ਅਗਸਤ ਨੂੰ ਮੁਲਤਾਨ ਵਿੱਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਖੇਡਿਆ ਜਾਵੇਗਾ ਅਤੇ ਸੀਰੀਜ਼ ਦਾ ਫਾਈਨਲ ਮੈਚ 1 ਸਤੰਬਰ ਨੂੰ ਹੋਵੇਗਾ।

ਜੇਕਰ ਭਾਰਤ ਅਤੇ ਪਾਕਿਸਤਾਨ ਦੋਵੇਂ ਫਾਈਨਲ ''''ਚ ਪਹੁੰਚ ਜਾਂਦੇ ਹਨ ਤਾਂ ਸੰਭਾਵਨਾ ਹੈ ਕਿ ਇਸ ਟੂਰਨਾਮੈਂਟ ''''ਚ ਦੋਵਾਂ ਦੇਸ਼ਾਂ ਵਿਚਾਲੇ ਤਿੰਨ ਮੈਚ ਖੇਡੇ ਜਾਣਗੇ, ਜਿਸ ਲਈ ਨਾ ਸਿਰਫ ਪ੍ਰਸ਼ੰਸਕ ਸਗੋਂ ਪ੍ਰਬੰਧਕ ਅਤੇ ਪ੍ਰਸਾਰਕ ਵੀ ਬੇਚੈਨ ਹਨ।
ਹਾਲਾਂਕਿ, ਬਹੁਤ ਮਸ਼ਹੂਰ ਟੂਰਨਾਮੈਂਟ ਹੋਣ ਦੇ ਬਾਵਜੂਦ ਇਸ ਨੂੰ ਕਈ ਵਾਰ ਕਈ ਕਾਰਨਾਂ ਕਰਕੇ ਰੱਦ ਵੀ ਕਰਨਾ ਪਿਆ ਹੈ।
ਵਿਸ਼ਵ ਕੱਪ ਤੋਂ ਬਾਅਦ ਏਸ਼ੀਆ ਕੱਪ ਇੱਕ ਅਜਿਹੀ ਸੀਰੀਜ਼ ਹੈ ਜਿਸ ਵਿੱਚ ਲੋਕਾਂ ਨੂੰ ਖ਼ਾਸ ਕਰਕੇ ਭਾਰਤੀਆਂ ਅਤੇ ਪਾਕਿਸਤਾਨੀਆਂ ਨੂੰ ਬਹੁਤ ਰੁਚੀ ਰਹਿੰਦੀ ਹੈ।
ਦੋਵੇਂ ਦੇਸ਼ਾਂ ਦੇ ਲੋਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
ਏਸ਼ੀਆ ਕੱਪ ''''ਚ ਪ੍ਰਸਿੱਧੀ ਉਨ੍ਹਾਂ ਦਿਨਾਂ ''''ਚ ਤਾਂ ਬਹੁਤ ਹੀ ਜ਼ਿਆਦਾ ਸੀ, ਜਦੋਂ ਕ੍ਰਿਕਟ ਪੂਰਾ ਸਾਲ ਨਹੀਂ ਖੇਡਿਆ ਜਾਂਦਾ ਸੀ ਅਤੇ ਇਸ ਦੇ ਟੂਰਨਾਮੈਂਟ ਵੀ ਘੱਟ ਹੁੰਦੇ ਸਨ।
ਉਸ ਵੇਲੇ ਜਾਂ ਤਾਂ ਵਿਸ਼ਵ ਕੱਪ ਜਾਂ ਫਿਰ ਦੋ ਦੇਸ਼ਾਂ ਵਿਚਕਾਰ ਆਪਸੀ ਸੀਰੀਜ਼ ''''ਚ ਹੀ ਵਨਡੇ ਟੂਰਨਾਮੈਂਟ ਦੇਖਿਆ ਜਾ ਸਕਦਾ ਸੀ।
ਭਾਰਤ ਦੇ ਨਾਂ ਰਿਹਾ ਪਹਿਲਾ ਟੂਰਨਾਮੈਂਟ

ਏਸ਼ੀਆ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਕ੍ਰਿਕਟ ਦੀ ਦੁਨੀਆਂ ''''ਚ ਕੁਝ ਅਜਿਹੇ ਮਾਮਲੇ ਸਾਹਮਣੇ ਆਏ, ਜੋ ਇਸ ਖੇਡ ਦੇ ਕਰਵਟ ਲੈਣ ਵੱਲ ਇਸ਼ਾਰਾ ਕਰ ਰਹੇ ਸਨ।
ਆਸਟ੍ਰੇਲੀਆ ਵਿੱਚ ਰੰਗੀਨ ਕੱਪੜਿਆਂ ਵਿੱਚ ਕੈਰੀ ਪੈਕਰ ਦੀ ਵਰਲਡ ਸੀਰੀਜ਼ ਨੂੰ ਟੀਵੀ ਅਤੇ ਉਸ ਉੱਤੇ ਦਿਖਾਏ ਜਾਣ ਵਾਲੇ ਇਸ਼ਤਿਹਾਰਾਂ ਲਈ ਬਣਾ ਕੇ ਪੇਸ਼ ਕੀਤਾ ਸੀ।
ਇਸ ਦੇ ਨਾਲ ਹੀ, 1983 ਵਿੱਚ ਕਪਿਲ ਦੇਵ ਦੀ ਭਾਰਤੀ ਟੀਮ ਨੇ ਵਨਡੇ ਦਾ ਵਿਸ਼ਵ ਕੱਪ ਜਿੱਤ ਕੇ ਕਰੋੜਾਂ ਭਾਰਤੀ ਦਰਸ਼ਕਾਂ ਨੂੰ ਇੱਕ ਦਿਨਾ ਕ੍ਰਿਕਟ ਦੇ ਦੀਵਾਨੇ ਬਣਾ ਦਿੱਤਾ ਸੀ।
ਵਨਡੇ ਕ੍ਰਿਕਟ ਟੈਸਟ ਕ੍ਰਿਕਟ ਨਾਲੋਂ ਵਧੇਰੇ ਪ੍ਰਸਿੱਧ ਹੋ ਰਹੀ ਸੀ ਅਤੇ ਕ੍ਰਿਕਟ ਜਗਤ ਨਵੇਂ ਟੂਰਨਾਮੈਂਟਾਂ ਦੀ ਤਲਾਸ਼ ਕਰ ਰਿਹਾ ਸੀ। ਅਜਿਹੇ ''''ਚ ਏਸ਼ੀਆ ਕੱਪ ਇੱਕ ਸੌਗਾਤ ਬਣ ਕੇ ਸਾਹਮਣੇ ਆਇਆ।
ਪਹਿਲਾ ਏਸ਼ੀਆ ਕੱਪ 1984 ਵਿੱਚ ਸੰਯੁਕਤ ਅਰਬ ਅਮੀਰਾਤ ਵਿੱਚ ਖੇਡਿਆ ਗਿਆ ਸੀ। ਇਸ ਪਹਿਲੇ ਟੂਰਨਾਮੈਂਟ ਵਿੱਚ ਤਿੰਨ ਟੀਮਾਂ ਨੇ ਭਾਗ ਲਿਆ ਸੀ- ਭਾਰਤ, ਪਾਕਿਸਤਾਨ ਅਤੇ ਸ਼੍ਰੀਲੰਕਾ।
ਤਿੰਨ ਦੇਸ਼ਾਂ ਦੇ ਇਸ ਟੂਰਨਾਮੈਂਟ ਦਾ ਫਾਈਨਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਸੀ। ਇਸ ਟੂਰਨਾਮੈਂਟ ''''ਚ ਰਾਊਂਡ ਰੌਬਿਨ ਲੀਗ ਦੇ ਤਹਿਤ ਤਿੰਨ ਮੈਚ ਖੇਡੇ ਗਏ- ਪਹਿਲੇ ਮੈਚ ''''ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਵੱਡਾ ਝਟਕਾ ਦਿੱਤਾ ਸੀ।
ਦੂਜੇ ਮੈਚ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ ਅਤੇ ਤੀਜੇ ਮੈਚ ਵਿੱਚ ਵੀ ਭਾਰਤ ਨੇ ਪਾਕਿਸਤਾਨ ਨੂੰ 54 ਦੌੜਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਪਹਿਲਾ ਟੂਰਨਾਮੈਂਟ ਭਾਰਤ ਦੇ ਨਾਂ ਰਿਹਾ।
1986 ''''ਚ ਖੇਡੇ ਗਏ ਦੂਜੇ ਏਸ਼ੀਆ ਕੱਪ ''''ਚ ਕ੍ਰਿਕਟ ਦੀ ਦੁਨੀਆਂ ਨੇ ਸ਼੍ਰੀਲੰਕਾ ਦੀ ਟੀਮ ਦੇ ਵਧਦੇ ਕਦਮ ਦੇਖੇ।
ਮੰਨਿਆ ਜਾਂਦਾ ਹੈ ਕਿ ਸਿਆਸੀ ਮੁੱਦਿਆਂ ਕਾਰਨ ਭਾਰਤ ਨੇ ਆਪਣੀ ਟੀਮ ਸ਼੍ਰੀਲੰਕਾ ਨਹੀਂ ਭੇਜੀ ਸੀ। ਮੇਜ਼ਬਾਨ ਦੇਸ਼ ਨੇ ਪਾਕਿਸਤਾਨ ਨੂੰ ਹਰਾ ਕੇ ਪਹਿਲੀ ਵਾਰ ਏਸ਼ੀਆ ਕੱਪ ''''ਤੇ ਕਬਜ਼ਾ ਕੀਤਾ ਸੀ।
80 ਦੇ ਦਹਾਕੇ ਦਾ ਤੀਜਾ ਟੂਰਨਾਮੈਂਟ ਬੰਗਲਾਦੇਸ਼ ਵਿੱਚ ਖੇਡਿਆ ਗਿਆ, ਜਿਸ ਵਿੱਚ ਭਾਰਤ ਇੱਕ ਵਾਰ ਚੈਂਪੀਅਨ ਬਣਿਆ ਅਤੇ ਸ਼੍ਰੀਲੰਕਾ ਦੂਜੇ ਸਥਾਨ ''''ਤੇ ਰਿਹਾ।

ਨੱਬੇ ਦਾ ਦਹਾਕਾ

ਨੱਬੇ ਦੇ ਦਹਾਕੇ ਵਿੱਚ ਏਸ਼ੀਆ ਕੱਪ ਟੂਰਨਾਮੈਂਟ ਨੱਬੇ ਤਿੰਨ ਵਾਰ ਖੇਡਿਆ ਗਿਆ ਸੀ।
1991 ਵਿੱਚ ਬੰਗਲਾਦੇਸ਼ ''''ਚ ਖੇਡੇ ਗਏ ਟੂਰਨਾਮੈਂਟ ਵਿਚ ਭਾਰਤ ਪਹਿਲੇ ਨੰਬਰ ''''ਤੇ ਅਤੇ ਸ੍ਰੀਲੰਕਾ ਦੂਜੇ ਨੰਬਰ ''''ਤੇ ਰਿਹਾ ਸੀ।
ਇਹੀ ਨਤੀਜਾ 1995 ਵਿੱਚ ਯੂਏਈ ਵਿੱਚ ਇੱਕ ਵਾਰ ਫਿਰ ਦੁਹਰਾਇਆ ਗਿਆ ਸੀ।
ਇਸ ਤਰ੍ਹਾਂ ਦੇਖਿਆ ਜਾਵੇ ਤਾਂ ਭਾਰਤ ਨੇ ਲਗਾਤਾਰ ਤਿੰਨ ਵਾਰ ਏਸ਼ੀਆ ਕੱਪ ਜਿੱਤਿਆ ਸੀ ਅਤੇ ਪਹਿਲੇ 5 ਟੂਰਮਾਮੈਂਟਾਂ ਵਿੱਚੋਂ 4 ਵਿੱਚ ਭਾਰਤ ਹੀ ਚੈਂਪੀਅਨ ਬਣਿਆ ਸੀ।
ਪਰ ਇਸ ਤੋਂ ਬਾਅਦ ਏਸ਼ੀਆ ਕੱਪ ''''ਚ ਟ੍ਰਾਫ਼ੀ ਆਪਣੇ ਨਾਮ ਕਰਨ ਨੂੰ ਭਾਰਤ ਨੂੰ 15 ਸਾਲ ਲੱਗ ਗਏ।
1997 ਦੇ ਫਾਈਨਲ ਵਿੱਚ ਸ਼੍ਰੀਲੰਕਾ ਨੇ ਭਾਰਤ ਨੂੰ ਹਰਾਇਆ ਅਤੇ ਇਸ ਭਾਰਤ ਦੇ ਜਿੱਤ ਦੇ ਰੱਥ ਨੂੰ ਰੋਕ ਦਿੱਤਾ ਸੀ।
ਨਵੀਂ ਚੈਂਪੀਅਨ ਟੀਮ

ਨਵੀਂ ਸਦੀ ਦੇ ਪਹਿਲੇ ਟੂਰਨਾਮੈਂਟ ਵਿੱਚ ਏਸ਼ੀਆ ਨੂੰ ਨਵਾਂ ਚੈਂਪੀਅਨ ਮਿਲਿਆ- ਪਾਕਿਸਤਾਨ।
ਏਸ਼ੀਆ ਕੱਪ ਦੇ ਇਸ ਸੱਤਵੇਂ ਟੂਰਨਾਮੈਂਟ ਦੇ ਫਾਈਨਲ ਵਿੱਚ ਪਾਕਿਸਤਾਨ ਨੇ ਸ੍ਰੀਲੰਕਾ ਨੂੰ 39 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਏਸ਼ੀਆ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
2004 ਵਿੱਚ ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਅਤੇ ਸ੍ਰੀਲੰਕਾ ਵਿਚਾਲੇ ਸਖ਼ਤ ਮੁਕਾਬਲਾ ਹੋਇਆ। ਇਸ ਵਾਰ ਟੂਰਨਾਮੈਂਟ ਵਿੱਚ ਤਿੰਨ-ਚਾਰ ਦੀ ਬਜਾਏ 6 ਟੀਮਾਂ ਭਾਗ ਲੈ ਰਹੀਆਂ ਸਨ।
ਇੱਕ ਰੋਮਾਂਚਕ ਲੀਗ ਮੈਚ ਵਿੱਚ ਪਾਕਿਸਤਾਨ ਨੇ 300 ਦੌੜਾਂ ਬਣਾਈਆਂ। ਜਵਾਬ ''''ਚ ਭਾਰਤੀ ਟੀਮ 241 ਦੌੜਾਂ ''''ਤੇ ਹੀ ਢੇਰ ਹੋ ਗਈ, ਹਾਲਾਂਕਿ ਰਨ ਰੇਟ ਦੇ ਆਧਾਰ ''''ਤੇ ਪਾਕਿਸਤਾਨ ਨੂੰ 60 ਦੌੜਾਂ ਨਾਲ ਜਿੱਤਣ ਦੀ ਲੋੜ ਸੀ, ਜਿਸ ਨਾਲ ਉਸ ਨੂੰ ਬੋਨਸ ਅੰਕ ਮਿਲਣਾ ਸੀ।
ਪਰ ਆਖਰੀ ਪਲਾਂ ''''ਚ ਅਨਿਲ ਕੁੰਬਲੇ ਅਤੇ ਬਾਲਾਜੀ ਨੇ ਦੋ ਬਾਈ ਦੌੜ ਕੇ ਹਾਰ ਦੇ ਫਰਕ ਨੂੰ 59 ਕਰ ਦਿੱਤਾ, ਜਿਸ ਕਾਰਨ ਪਾਕਿਸਤਾਨ ਫਾਈਨਲ ''''ਚ ਨਹੀਂ ਪਹੁੰਚ ਸਕਿਆ। ਹਾਲਾਂਕਿ ਫਾਈਨਲ ''''ਚ ਭਾਰਤ ਨੂੰ ਸ਼੍ਰੀਲੰਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
2008 ਵਿੱਚ ਵੀ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ ਪਰ ਫਾਈਨਲ ਵਿੱਚ ਫਿਰ ਤੋਂ ਸ੍ਰੀਲੰਕਾ ਨੇ ਭਾਰਤ ਨੂੰ ਹਰਾ ਦਿੱਤਾ।
ਨਵੇਂ ਚੈਂਪੀਅਨ ਖਿਡਾਰੀ ਦਾ ਆਉਣਾ

1995 ਤੋਂ ਬਾਅਦ, ਭਾਰਤ ਨੇ ਸਾਲ 2010 ਵਿੱਚ ਏਸ਼ੀਆ ਕੱਪ ਟਰਾਫੀ ਜਿੱਤੀ ਸੀ। ਇਹ ਮੁਕਾਬਲਾ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਖੇਡਿਆ ਗਿਆ ਸੀ, ਜਿੱਥੇ ਭਾਰਤ ਦੇ 268-6 ਦੇ ਜਵਾਬ ''''ਚ ਸ਼੍ਰੀਲੰਕਾ ਦੀ ਟੀਮ 187 ਦੌੜਾਂ ''''ਤੇ ਹੀ ਸਿਮਟ ਗਈ ਸੀ।
ਇਸ ਤੋਂ ਬਾਅਦ, 2012 ਦਾ ਟੂਰਨਾਮੈਂਟ ਉਂਝ ਤਾਂ ਪਾਕਿਸਤਾਨ ਨੇ ਜਿੱਤਿਆ ਸੀ ਪਰ ਲੀਗ ਮੈਚ ''''ਚ ਵਿਰਾਟ ਕੋਹਲੀ ਨੇ ਅਜਿਹੀ ਪਾਰੀ ਖੇਡੀ ਸੀ ਜਿਸ ਨੇ ਉਨ੍ਹਾਂ ਨੂੰ ਵਿਸ਼ਵ ਕ੍ਰਿਕਟ ''''ਚ ਸਚਿਨ ਤੇਂਦੁਲਕਰ ਦਾ ਉਤਰਾਧਿਕਾਰੀ ਐਲਾਨ ਦਿੱਤਾ।
ਭਾਰਤੀ ਟੀਮ 330 ਦੇ ਵੱਡੇ ਸਕੋਰ ਦਾ ਪਿੱਛਾ ਕਰ ਰਹੀ ਸੀ ਅਤੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਜਲਦੀ ਹੀ ਜ਼ੀਰੋ ''''ਤੇ ਆਊਟ ਹੋ ਗਏ ਸਨ। ਪਰ ਫਿਰ ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਅਤੇ ਰੋਹਿਤ ਸ਼ਰਮਾ ਨਾਲ ਵੱਡੀ ਸਾਂਝੇਦਾਰੀ ਕੀਤੀ ਅਤੇ ਇਕੱਲੇ ਹੀ ਭਾਰਤ ਨੂੰ ਮੈਚ ਜਿਤਾ ਦਿੱਤਾ।
ਕੋਹਲੀ ਨੇ 148 ਗੇਂਦਾਂ ਵਿੱਚ 22 ਚੌਕਿਆਂ ਦੀ ਮਦਦ ਨਾਲ 183 ਦੌੜਾਂ ਬਣਾਈਆਂ ਅਤੇ ਭਾਰਤ ਨੇ 13 ਗੇਂਦਾਂ ਬਾਕੀ ਰਹਿੰਦਿਆਂ ਹੀ ਮੈਚ ਆਪਣੇ ਖਾਤੇ ਕਰ ਲਿਆ।
ਇਸ ਦੇ ਨਾਲ ਹੀ ਵਿਸ਼ਵ ਕ੍ਰਿਕੇਟ ਨੂੰ ਕੋਹਲੀ ਦੇ ਰੂਪ ਵਿੱਚ ਇੱਕ ਨਵਾਂ ਚੈਂਪੀਅਨ ਖਿਡਾਰੀ ਮਿਲ ਗਿਆ ਸੀ, ਜੋ ਆਉਣ ਵਾਲੇ ਇੱਕ ਦਹਾਕੇ ਵਿੱਚ ਕ੍ਰਿਕੇਟ ਉੱਤੇ ਛਾ ਜਾਣ ਵਾਲਾ ਸੀ।
2016: ਟੀ-20 ਵਿੱਚ ਨਵਾਂ ਅਵਤਾਰ

ਸਾਲ 2016 ਵਿੱਚ ਏਸ਼ੀਆ ਕੱਪ ਦਾ ਫਾਰਮੈਟ ਬਦਲਿਆ ਗਿਆ। ਬੰਗਲਾਦੇਸ਼ ''''ਚ ਖੇਡੇ ਗਏ ਇਸ ਟੂਰਨਾਮੈਂਟ ''''ਚ 50 ਓਵਰਾਂ ਦੇ ਵਨਡੇ ਦੀ ਬਜਾਏ 20 ਓਵਰਾਂ ਦਾ ਟੀ-20 ਟੂਰਨਾਮੈਂਟ ਖੇਡਿਆ ਗਿਆ।
ਫਾਈਨਲ ''''ਚ ਭਾਰਤ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਕੇ 6ਵੀਂ ਵਾਰ ਏਸ਼ੀਆ ਕੱਪ ਟਰਾਫੀ ''''ਤੇ ਕਬਜ਼ਾ ਕੀਤਾ।
ਅਗਲੀ ਵਾਰ 2018 ''''ਚ ਏਸ਼ੀਆ ਕੱਪ ਇਕ ਵਾਰ ਫਿਰ ਵਨਡੇ ਫਾਰਮੈਟ ''''ਚ ਖੇਡਿਆ ਗਿਆ, ਜਿਸ ਨੂੰ ਵੀ ਭਾਰਤ ਨੇ ਜਿੱਤ ਲਿਆ।
ਇਸ ਦੇ ਨਾਲ ਹੀ ਕੋਵਿਡ ਕਾਰਨ 2021 ਟੂਰਨਾਮੈਂਟ ਨੂੰ ਅੱਗੇ ਟਾਲ ਦਿੱਤਾ ਗਿਆ। 2022 ਵਿੱਚ ਸ਼੍ਰੀਲੰਕਾ ਦੀ ਟੀਮ ਇੱਕ ਵਾਰ ਫਿਰ ਆਪਣੇ ਦੇਸ਼ ਵਿੱਚ ਚੈਂਪੀਅਨ ਬਣੀ।
ਇਸ ਤਰ੍ਹਾਂ ਭਾਰਤ ਨੇ ਏਸ਼ੀਆ ਕੱਪ ''''ਚ ਸਭ ਤੋਂ ਜ਼ਿਆਦਾ ਵਾਰ ਜਿੱਤ ਦਰਜ ਕੀਤੀ ਹੈ। ਭਾਰਤੀ ਟੀਮ ਨੂੰ 7 ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਹੈ। ਜਦਕਿ ਸ਼੍ਰੀਲੰਕਾ ਨੇ ਇਹ ਟੂਰਨਾਮੈਂਟ 6 ਵਾਰ ਜਿੱਤਿਆ ਹੈ।
ਪਾਕਿਸਤਾਨ ਨੂੰ ਇਹ ਟਰਾਫੀ ਦੋ ਵਾਰ ਮਿਲ ਚੁੱਕੀ ਹੈ।
ਹਾਲਾਂਕਿ ਇਨ੍ਹਾਂ ਤਿੰਨਾਂ ਤੋਂ ਇਲਾਵਾ ਕਿਸੇ ਹੋਰ ਟੀਮ ਨੇ ਏਸ਼ੀਆ ਕੱਪ ਟੂਰਨਾਮੈਂਟ ਨਹੀਂ ਜਿੱਤਿਆ ਹੈ ਪਰ ਟੈਸਟ ਖੇਡਣ ਵਾਲੇ ਬੰਗਲਾਦੇਸ਼ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ, ਅਫਗਾਨਿਸਤਾਨ, ਨੇਪਾਲ, ਹਾਂਗਕਾਂਗ ਵਰਗੀਆਂ ਟੀਮਾਂ ਨੇ ਵੀ ਇਸ ਵਿੱਚ ਹਿੱਸਾ ਲਿਆ ਹੈ।

ਏਸ਼ੀਅਨ ਕ੍ਰਿਕਟ ਕੌਂਸਲ ਵੱਲੋਂ ਕਰਵਾਏ ਇਸ ਟੂਰਨਾਮੈਂਟ ਵਿੱਚ ਅਜਿਹੀਆਂ ਟੀਮਾਂ ਦੇ ਖੇਡਣ ਕਾਰਨ ਮੁਕਾਬਲੇ ਦਾ ਪੱਧਰ ਫਿੱਕਾ ਪੈ ਜਾਂਦਾ ਹੈ ਅਤੇ ਟੈਸਟ ਖੇਡਣ ਵਾਲੀਆਂ ਟੀਮਾਂ ਖ਼ਿਲਾਫ਼ ਇਨ੍ਹਾਂ ਦਾ ਮੈਚ ਇੱਕ ਤਰਫ਼ਾ ਹੋ ਜਾਂਦਾ ਹੈ, ਜਿਸ ਕਾਰਨ ਕ੍ਰਿਕਟ ਦੀ ਪ੍ਰਸਿੱਧੀ ''''ਤੇ ਉਲਟਾ ਅਸਰ ਪੈਂਦਾ ਹੈ।
ਹਾਲਾਂਕਿ ਏਸੀਸੀ ਦਾ ਮੰਨਣਾ ਹੈ ਕਿ ਇਸ ਨਾਲ ਨੇਪਾਲ ਜਾਂ ਯੂਏਈ ਵਰਗੇ ਦੇਸ਼ਾਂ ਦੀਆਂ ਟੀਮਾਂ ਮਜ਼ਬੂਤ ਹੁੰਦੀਆਂ ਹਨ, ਪਰ ਅਜੇ ਤੱਕ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
ਇਸ ਸਾਲ ਦੇ ਏਸ਼ੀਆ ਕੱਪ ਟੂਰਨਾਮੈਂਟ ''''ਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਨੇਪਾਲ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।
ਇਸ ਵਾਰ ਇਹ ਟੂਰਨਾਮੈਂਟ ਪਾਕਿਸਤਾਨ ਅਤੇ ਸ੍ਰੀਲੰਕਾ ਵਿੱਚ ਖੇਡਿਆ ਜਾ ਰਿਹਾ ਹੈ। ਹਾਲਾਂਕਿ ਪਹਿਲਾਂ ਸਿਰਫ਼ ਪਾਕਿਸਤਾਨ ''''ਚ ਖੇਡਣ ਦੀ ਯੋਜਨਾ ਸੀ, ਪਰ ਭਾਰਤ ਵਲੋਂ ਪਾਕਿਸਤਾਨ ''''ਚ ਖੇਡਣ ਤੋਂ ਇਨਕਾਰ ਕਰਨ ਤੋਂ ਬਾਅਦ ਸ਼੍ਰੀਲੰਕਾ ਨੂੰ ਇਸ ਦੇ ਆਯੋਜਨ ''''ਚ ਜੋੜ ਦਿੱਤਾ ਗਿਆ।
ਟੂਰਨਾਮੈਂਟ ਦਾ ਪਹਿਲਾ ਮੈਚ 30 ਅਗਸਤ ਨੂੰ ਪਾਕਿਸਤਾਨ ਅਤੇ ਨੇਪਾਲ ਵਿਚਕਾਰ ਖੇਡਿਆ ਜਾਵੇਗਾ, ਜਦੋਂ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਸਤੰਬਰ ਨੂੰ ਮੈਚ ਹੋਵੇਗਾ, ਜਿਸ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ।
ਇਸ ਵਾਰ ਵੀ ਇਹ ਟੂਰਨਾਮੈਂਟ ਵਨਡੇ ਫਾਰਮੈਟ ਵਿੱਚ ਖੇਡਿਆ ਜਾਵੇਗਾ, ਜਿਸ ਕਾਰਨ ਇਸ ਸਾਲ ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਏਸ਼ੀਆ ਕੱਪ ਦਾ ਮਹੱਤਵ ਹੋਰ ਵੀ ਵਧ ਗਿਆ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)