ਮੁਜ਼ੱਫਰਨਗਰ: ਵਿਦਿਆਰਥੀ ਦੀ ਕੁੱਟਮਾਰ ਦੇ ਵਾਇਰਲ ਵੀਡੀਓ ਮਾਮਲੇ ''''ਚ ਕੇਸ ਤਾਂ ਦਰਜ ਹੋ ਗਿਆ ਪਰ...
Sunday, Aug 27, 2023 - 09:16 AM (IST)


ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਇੱਕ ਨਿੱਜੀ ਸਕੂਲ ਵਿੱਚ ਇੱਕ ਮੁਸਲਾਮਾਨ ਵਿਦਿਆਰਥੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦ ਠੰਢਾ ਪੈਣਾ ਦਾ ਨਾਮ ਨਹੀਂ ਲੈ ਰਿਹਾ।
ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਬੱਚੇ ਦੇ ਪਿਤਾ ਦੇ ਬਿਆਨ ਦੇ ਅਧਾਰ ’ਤੇ ਸਕੂਲ ਦੀ ਅਧਿਆਪਕਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 322 ਅਤੇ 506 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਭਾਰਤੀ ਦੰਡਾਵਲੀ ਦੀਆਂ ਇਹ ਧਾਰਾਵਾਂ ਜਾਣਬੁੱਝ ਕੇ ਬੇਇਜ਼ਤੀ ਕਰਨ ਨਾਲ਼ ਜੁੜੀਆਂ ਹਨ।

ਖ਼ਤੌਲੀ ਦੇ ਪੁਲਿਸ ਸਰਕਲ ਅਫ਼ਸਰ ਡਾਕਟਰ ਰਵੀ ਸ਼ੰਕਰ ਮਿਸ਼ਰਾ ਨੇ ਦੱਸਿਆ, “ਬੱਚੇ ਦੇ ਪਿਤਾ ਇਰਸ਼ਾਦ ਦੇ ਬਿਆਨਾਂ ਦੇ ਅਧਾਰ ‘ਤੇ ਮੰਸੂਰਪੁਰ ਥਾਣੇ ਵਿੱਚ ਨੇਹਾ ਪਬਲਿਕ ਸਕੂਲ ਦੀ ਪ੍ਰਬੰਧਕ ਤ੍ਰਿਪਤਾ ਤਿਆਗੀ ਦੇ ਖ਼ਿਲਾਫ਼ ਆਪੀਸੀ ਦੀ ਧਾਰਾ 323 ਅਤੇ 506 ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।“
ਹਾਲਾਂਕਿ ਜ਼ਿਲ੍ਹਾ ਪੁਲਿਸ ਨੇ ਇਸ ਮਾਮਲੇ ਵਿੱਚ ਦਿੱਤੇ ਗਏ ਬਿਆਨ ਦੇ ਮੁਤਾਬਕ ਧਰਮ ਵਿਸ਼ੇਸ਼ ਦੇ ਖਿਲਾਫ਼ ਟਿੱਪਣੀ ਬਾਰੇ ਧਾਰਾ 123 ਏ ਦੀ ਵਰਤੋਂ ਨਹੀਂ ਕੀਤੀ ਹੈ।
ਇਸ ਬਾਰੇ ਵਿੱਚ ਪੁੱਛੇ ਜਾਣ ਤੇ ਪੁਲਿਸ ਸਰਕਲ ਅਫ਼ਸਰ ਨੇ ਕਿਹਾ, “ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਵਿੱਚ ਅੱਗੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਮੁਤਾਬਕ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’’
ਬੱਚੇ ਦੀ ਮਾਂ ਦਾ ਕੀ ਕਹਿਣਾ ਹੈ
ਇਸ ਪੂਰੇ ਮਾਮਲੇ ਵਿੱਚ ਬੱਚੇ ਦੀ ਮਾਂ ਰੁਬੀਨਾ ਦਾ ਕਹਿਣਾ ਹੈ ਕਿ “ਮੈਡਮ ਨੇ ਗ਼ਲਤ ਕੀਤਾ ਹੈ। ਬੱਚਿਆਂ ਤੋਂ ਨਹੀਂ ਕੁਟਵਾਉਣਾ ਚਾਹੀਦਾ ਸੀ। ਚਾਹੇ ਖ਼ੁਦ ਮਾਰ ਲੈਂਦੀ।”
ਰੁਬੀਨਾ ਅੱਗੇ ਕਹਿੰਦੇ ਹਨ, “ਇੰਝ ਲਗਦਾ ਹੈ ਕਿ ਮੈਡਮ ਮੁਸਲਮਾਨਾਂ ਦੇ ਖ਼ਿਲਾਫ਼ ਹਨ। ਇਸ ਦਾ ਮਤਲਬ ਤਾਂ ਇਹੀ ਹੈ।”
ਉੱਥੇ ਹੀ ਨੇਹਾ ਪਬਲਿਕ ਸਕੂਲ ਦੀ ਪ੍ਰਬੰਧਕ ਤ੍ਰਿਪਤਾ ਤਿਆਗੀ ਦਾ ਮੰਨਣਾ ਹੈ ਕਿ ਇਸ ਘਟਨਾ ਨੂੰ ਫਿਰਕੂ ਰੰਗ ਦਿੱਤਾ ਜਾ ਰਿਹਾ ਹੈ।
ਤ੍ਰਿਪਤਾ ਨੇ ਕਿਹਾ, “ਇਹ ਕੁਝ ਵੀ ਮਾਮਲਾ ਨਹੀਂ ਸੀ। ਇਹ ਬਣਾਇਆ ਗਿਆ ਹੈ, ਮੈਨੂੰ ਸਾਜਿਸ਼ ਤਹਿਤ ਫ਼ਸਾਇਆ ਗਿਆ ਹੈ। ਮੈਂ ਕਿਸੇ ਵੀ ਬੱਚੇ ਨੂੰ ਹਿੰਦੂ-ਮੁਸਲਮਾਨ ਦੀ ਨਜ਼ਰ ਨਾਲ਼ ਨਹੀਂ ਦੇਖਦੀ। ਮੇਰੇ ਸਕੂਲ ਵਿੱਚ ਜ਼ਿਆਦਾਤਰ ਬੱਚੇ ਮੁਸਲਮਾਨ ਹੀ ਹਨ। ਕੁੱਟਣ ਵਾਲ਼ਿਆਂ ਵਿੱਚ ਮੁਸਲਮਾਨ ਬੱਚੇ ਵੀ ਸਨ।”
ਹਾਲਾਂਕਿ ਇਸ ਮਾਮਲੇ ਵਿੱਚ ਬੱਚੇ ਦੇ ਪਿਤਾ ਇਰਸ਼ਾਦ ਜ਼ਰੂਰ ਇਹ ਕਹਿੰਦੇ ਹਨ ਕਿ “ਇਸ ਵਿੱਚ ਹਿੰਦੂ-ਮੁਸਲਮਾਨ ਵਾਲ਼ਾ ਕੋਈ ਮਾਮਾਲਾ ਨਹੀਂ ਹੈ, ਸਿਰਫ਼ ਬੱਚੇ ਦੀ ਕੁੱਟਮਾਰ ਦਾ ਹੀ ਮਾਮਲਾ ਹੈ। ਉਹ ਮੇਰੇ ਬੱਚੇ ਨੂੰ ਟਾਰਚਰ ਕਰ ਰਹੇ ਸਨ। ਅਸੀਂ ਐਫ਼ਆਈਆਰ ਕਰਵਾ ਦਿੱਤੀ ਹੈ। ਹੁਣ ਜੋ ਵੀ ਕਰੇਗਾ ਪ੍ਰਸ਼ਾਸਨ ਹੀ ਕਰੇਗਾ।”

ਇਸ ਮਾਮਲੇ ਨੂੰ ਲੈ ਕੇ ਲਖਨਊ ਦੇ ਮਨੁੱਖੀ ਹਕੂਕ ਵਕੀਲ ਐੱਸਐੱਮ ਹੈਦਰ ਰਿਜਵੀ ਨੇ ਕੌਮੀ ਮਨੁੱਖੀ ਹਕੂਕ ਆਯੋਗ, ਕੌਮੀ ਘੱਟ ਗਿਣਤੀ ਆਯੋਗ ਅਤੇ ਬਾਲਾਂ ਦੇ ਹੱਕਾਂ ਬਾਰੇ ਕੌਮੀ ਆਯੋਗ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਸ਼ਿਕਾਇਤ ਵਿੱਚ ਉਨ੍ਹਾਂ ਨੇ ਅਧਿਆਪਕਾ ਉੱਪਰ ਧਾਰਾ 153ਏ, 295ਏ, 298 ਦੇ ਤਹਿਤ ਧਾਰਮਿਕ ਬੁਨਿਆਦ ’ਤੇ ਨਫ਼ਰਤ ਅਤੇ ਬੇਇਜ਼ਤੀ ਨੂੰ ਹੱਲਾਸ਼ੇਰੀ ਦੇਣ ਦੇ ਮੁੱਕਦਮੇ ਦਰਜ਼ ਕਰਨ ਦੀ ਮੰਗ ਕੀਤੀ ਹੈ।
ਐੱਸਐੱਮ ਹੈਦਰ ਰਿਜਵੀ ਕਹਿੰਦੇ ਹਨ, “ਮੈਂ ਤਿੰਨੇ ਵੀਡੀਓ ਦੇਖੇ ਹਨ। ਤੁਸੀਂ ਦੇਖੋ ਕਿ ਅਧਿਆਪਕਾ ਮੁਸਲਮਾਨ ਔਰਤਾਂ ਦੇ ਖ਼ਿਲਾਫ਼ ਬੋਲ ਰਹੀ ਹੈ। ਮੁਸਲਮਾਨ ਮੁੰਡੇ ਨੂੰ ਮਾਰਨ ਲਈ ਨਿੱਕੇ ਬੱਚਿਆਂ ਨੂੰ ਉਕਸਾ ਰਹੀ ਹੈ ਅਤੇ ਉਸ ਨੂੰ ਬਚਾਅ ਵੀ ਰਹੀ ਹੈ। ਇਸ ਲਈ ਮੈਂ ਸੰਬੰਧਿਤ ਆਯੋਗਾਂ ਨੂੰ ਸ਼ਿਕਾਇਤੀ ਚਿੱਠੀ ਭੇਜੀ ਹੈ।”
ਹਾਲਾਂਕਿ ਬੱਚੇ ਦੇ ਪਿਤਾ ਨੇ ਧਾਰਮਿਕ ਬੁਨਿਆਦ ਦੀ ਗੱਲ ਨੂੰ ਰੱਦ ਕੀਤਾ ਹੈ।
ਇਸ ਬਾਰੇ ਰਿਜ਼ਵੀ ਕਹਿੰਦੇ ਹਨ, “ਇਹ ਤਾਂ ਕੁਦਰਤੀ ਹੀ ਹੈ। ਇਸ ਦੀ ਵਜ੍ਹਾ ਵੀ ਸਪਸ਼ਟ ਹੈ। ਪਿਤਾ ਦਾ ਪਹਿਲਾਂ ਵਾਲ਼ਾ ਬਿਆਨ ਸੁਣ ਲਵੋ। ਉਹ ਤਾਂ ਕੋਈ ਸ਼ਿਕਾਇਤ ਹੀ ਦਰਜ ਨਹੀਂ ਕਰਵਾਉਣਾ ਚਾਹੁੰਦੇ ਸਨ। ਜਦੋਂ ਮਾਮਲਾ ਸੁਰਖ਼ੀਆਂ ਵਿੱਚ ਆਇਆ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਦਾ ਬਿਆਨ ਲਿਆ ਹੈ।’’
‘‘ਹਾਲਾਂਕਿ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਨਹੀਂ ਕੀਤਾ ਹੈ। ਇਹ ਸੁਪਰੀਮ ਕੋਰਟ ਦੇ ਘਰਿਣਾ (ਨਫ਼ਰਤ) ਨੂੰ ਉਤਸ਼ਾਹਿਤ ਕਰਨ ਵਾਲੇ ਨਫ਼ਰਤੀ ਭਾਸ਼ਣ ਵਾਲੇ ਕਾਨੂੰਨ ਦੀਆਂ ਹਦਾਇਤਾਂ ਦੀ ਵੀ ਉਲੰਘਣਾ ਹੈ।”
ਮੁਜ਼ੱਫਰਨਗਰ ਦੇ ਜ਼ਿਲ੍ਹਾ ਅਧਿਕਾਰੀ ਅਰਵਿੰਦ ਮਲੱਪਾ ਬੰਗਾਰੀ ਕਹਿੰਦੇ ਹਨ, “ਵਾਇਰਲ ਵੀਡੀਓ ਦੀ ਜਾਂਚ ਕਰਵਾਈ ਜਾ ਰਹੀ ਹੈ। ਵੀਡੀਓ ਬੱਚੇ ਦੇ ਚਚੇਰੇ ਭਾਈ ਨੇ ਵਾਇਰਲ ਕੀਤਾ ਸੀ। ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਹਿਸਾਬ ਨਾਲ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।”

ਬੱਚੇ ਦਾ ਨਾਂ ਸਕੂਲੋਂ ਕੱਟਿਆ

ਉਂਝ ਇਸ ਮਾਮਲੇ ਵਿੱਚ ਬੱਚੇ ਦਾ ਨਾਮ ਨੇਹਾ ਪਬਲਿਕ ਸਕੂਲ ਤੋਂ ਕੱਟ ਦਿੱਤਾ ਗਿਆ ਹੈ।
ਇਸ ਬਾਰੇ ਉਸ ਦੀ ਮਾਂ ਰੁਬੀਨਾ ਦਾ ਕਹਿਣਾ ਹੈ, “ਅਸੀਂ ਆਪਣੇ-ਆਪ ਨਾਂ ਨਹੀਂ ਕਟਵਾਇਆ ਸੀ। ਪੁੱਤਰ ਦੀ ਕੁੱਟਮਾਰ ਦੀ ਸ਼ਿਕਾਇਤ ਕਰਨ ਗਏ ਤਾਂ ਕਿਹਾ ਗਿਆ ਕਿ ਤੁਸੀਂ ਆਪਣੇ ਬੱਚੇ ਨੂੰ ਕਿਤੇ ਹੋਰ ਪੜ੍ਹਾ ਲਵੋ।”
ਉੱਥੇ ਹੀ ਅਧਿਆਪਕਾ ਤ੍ਰਿਪਤਾ ਤਿਆਗੀ ਬੱਚੇ ਦਾ ਨਾਂ ਕੱਟੇ ਜਾਣ ਨੂੰ ਇਲਜ਼ਾਮ ਦੱਸਦਿਆਂ ਕਹਿੰਦੇ ਹਨ, “ਉਸ ਦਾ ਨਾਂ ਨਹੀਂ ਕੱਟਿਆ। ਇਹ ਗ਼ਲਤ ਇਲਜ਼ਾਮ ਹੈ। ਪਰਿਵਾਰ ਵਾਲ਼ਿਆਂ ਨੇ ਇਸੇ ਸ਼ਰਤ ਉੱਪਰ ਸਮਝੌਤਾ ਕੀਤਾ ਸੀ ਕਿ ਉਨ੍ਹਾਂ ਦੀ ਛੇ ਮਹੀਨੇ ਦੀ ਫ਼ੀਸ ਮੋੜੀ ਜਾਵੇ ਅਤੇ ਉਨ੍ਹਾਂ ਦੀ ਸ਼ਰਤ ਮੰਨਦਿਆਂ ਉਨ੍ਹਾਂ ਦੀ ਫ਼ੀਸ ਮੋੜ ਦਿੱਤੀ ਗਈ।”
ਅਧਿਆਪਕਾ ਦਾ ਦਾਅਵਾ ਹੈ ਕਿ ਇਹ ਸਮਝੌਤਾ ਪੁਲਿਸ ਪ੍ਰਸ਼ਾਸਨ ਨੇ ਕਰਵਾਇਆ ਸੀ। ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਆਪਣੇ ਵੱਲੋਂ ਕਿਸੇ ਵੀ ਕਿਸਮ ਦਾ ਸਮਝੌਤਾ ਕਰਵਾਏ ਜਾਣ ਦੀ ਗੱਲ ਨਹੀਂ ਕਹੀ ਹੈ।
ਉੱਥੇ ਹੀ ਰੁਬੀਨਾ ਦਾ ਕਹਿਣਾ ਹੈ, ਮੈਡਮ ਨੇ ਆਪਣੇ-ਆਪ ਹੀ ਫ਼ੀਸ ਵਾਪਸ ਕਰ ਦਿੱਤੀ।
ਜਦਕਿ ਪੀੜਤ ਮੁਸਲਮਾਨ ਬੱਚੇ ਦੇ ਪਿਤਾ ਇਰਸ਼ਾਦ ਕਹਿੰਦੇ ਹਨ, “ਬੱਚਿਆਂ ਦਾ ਮੈਡਮ ਨੇ ਆਪੋ ਵਿੱਚ ਵਿਵਾਦ ਕਰਵਾਇਆ। ਅਸੀਂ ਆਪਸ ਵਿੱਚ ਸਮਝੌਤਾ ਕਰ ਲਿਆ ਹੈ। ਮੈਡਮ ਨੇ ਸਾਡੀ ਫ਼ੀਸ ਮੋੜ ਦਿੱਤੀ ਹੈ। ਹੁਣ ਆਪਣੇ ਬੱਚੇ ਨੂੰ ਉਸ ਸਕੂਲ ਵਿੱਚ ਨਹੀਂ ਪੜ੍ਹਾਉਣਾ। ਚਾਹੇ ਉਸ ਨੂੰ ਅਨਪੜ੍ਹ ਹੀ ਕਿਉਂ ਨਾ ਰੱਖਣਾ ਪਵੇ।”
ਕੀ ਸੀ ਘਟਨਾ?

ਇਹ ਵਾਕਿਆ ਪਿੰਡ ਵਿੱਚ ਹੀ ਮੁਕਾਮੀ ਨੇਹਾ ਪਬਲਿਕ ਸਕੂਲ ਦਾ ਸੀ। ਵੀਡੀਓ ਵਿੱਚ ਨਜ਼ਰ ਆ ਰਹੇ ਮਹਿਲਾ ਅਧਿਆਪਕ ਤ੍ਰਿਪਤਾ ਤਿਆਗੀ ਇਸ ਸਕੂਲ ਦੇ ਪ੍ਰਬੰਧਕ ਵੀ ਹਨ। ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਘਰੋਂ ਹੀ ਇਹ ਸਕੂਲ ਚਲਾ ਰਹੇ ਹਨ।
ਇਸ ਪਿੰਡ ਵਿੱਚ ਰਹਿਣ ਵਾਲ਼ੇ ਇਰਸ਼ਾਦ ਦਾ ਸਭ ਤੋਂ ਛੋਟਾ ਬੇਟਾ ਸਕੂਲ ਦੀ ਯੂਕੇਜੀ ਜਮਾਤ ਦਾ ਵਿਦਿਆਰਥੀ ਹੈ। ਜਿਹੜਾ ਵੀਡੀਓ ਵਾਇਰਲ ਹੋਇਆ, ਉਹ 24 ਅਗਸਤ ਨੂੰ ਸਕੂਲ ਵਿੱਚ ਰਿਕਾਰਡ ਕੀਤਾ ਗਿਆ ਸੀ।
ਵੀਡੀਓ ਵਿੱਚ ਤ੍ਰਿਪਤਾ ਤਿਆਗੀ ਜਮਾਤ ਵਿੱਚ ਇਰਸ਼ਾਦ ਦੇ ਬੱਚੇ ਨੂੰ ਦੂਜੇ ਵਿਦਿਆਰਥੀਆਂ ਤੋਂ ਕੁਟਵਾ ਰਹੇ ਹਨ ਅਤੇ ਨਾਲ਼ ਹੀ “ਮੁਹੰਮਦੀਨ ਬੱਚਿਆਂ ਬਾਰੇ ਟਿੱਪਣੀ ਕਰਦੇ ਹੋਏ” ਦਿਖਾਈ ਦਿੰਦੇ ਹਨ।
ਬੱਚੇ ਦੇ ਪਿਤਾ ਇਰਸ਼ਾਦ ਕਹਿੰਦੇ ਹਨ, “ਮੈਡਮ ਦੂਜੇ ਬੱਚਿਆਂ ਤੋਂ ਮੇਰੇ ਪੁੱਤਰ ਨੂੰ ਕੁਟਵਾ ਰਹੇ ਸਨ। ਉਸ ਪਾਸੇ ਕਿਸੇ ਕੰਮ ਤੋਂ ਗਏ ਮੇਰੇ ਭਤੀਜੇ ਨੇ ਮੇਰੇ ਪੁੱਤਰ ਨੂੰ ਕੁੱਟੇ ਜਾਂਦੇ ਦੇਖਿਆ ਤਾਂ ਵੀਡੀਓ ਬਣਾ ਲਈ ਅਤੇ ਸਾਨੂੰ ਵੀ ਦਿਖਾਈ।”
ਇਰਸ਼ਾਦ ਕਹਿੰਦੇ ਹਨ, “ਉਸ ਦਿਨ ਮੈਂ ਲਗਭਗ ਤਿੰਨ ਵਜੇ ਸਕੂਲ ਗਿਆ ਪਰ ਮੈਡਮ ਨੇ ਆਪਣੀ ਗ਼ਲਤੀ ਨਹੀਂ ਮੰਨੀ। ਸਗੋਂ ਕਿਹਾ ਕਿ ਇੱਥੇ ਤਾਂ ਇਹੀ ਰੂਲ ਚੱਲਦਾ ਹੈ। ਅਸੀਂ ਦੋ ਵਾਰ ਗਏ ਪਰ ਉਹ ਫਿਰ ਵੀ ਨਾ ਮੰਨੇ, ਜਿਸ ਤੋਂ ਬਾਅਦ ਅਸੀਂ ਵੀਡੀਓ ਵਾਇਰਲ ਕਰ ਦਿੱਤੀ।”
ਮੁੱਦੇ ਦਾ ਸਿਆਸੀਕਰਨ

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਮੁੱਖੀ ਅਖਿਲੇਸ਼ ਯਾਦਵ ਅਤੇ ਏਆਈਐੱਮਆਈਐੱਮ ਦੇ ਨੇਤਾ ਅਸਦਉੱਦਦੀਨ ਓਵੈਸੀ, ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਅਤੇ ਰਾਸ਼ਟਰੀ ਲੋਕ ਦਲ ਦੇ ਮੁੱਖੀ ਜਯੰਤ ਚੌਧਰੀ ਨੇ ਇਸ ਘਟਨਾ ਬਾਰੇ ਸੋਸ਼ਲ ਮੀਡੀਆ ਉੱਪਰ ਪ੍ਰਤੀਕਿਰਿਆ ਦਿੱਤੀ ਹੈ।
ਇਨ੍ਹਾਂ ਆਗੂਆਂ ਨੇ ਭਾਜਪਾ ਦੇ ਸ਼ਾਸਨ ਦੇ ਦੌਰਾਨ ਘੱਟ ਗਿਣਤੀਆਂ ਦੀ ਸਥਿਤੀ ਬਾਰੇ ਟਿੱਪਣੀ ਵੀ ਕੀਤੀ ਹੈ।
ਹਾਲਾਂਕਿ ਉੱਤਰ ਪ੍ਰਦੇਸ਼ ਦੇ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਜੈਵੀਰ ਸਿੰਘ ਨੇ ਕਿਹਾ, “ਟੀਚਰ ਦੇ ਖ਼ਿਲਾਫ਼ ਐੱਫ਼ਆਈਆਰ ਦਰਜ ਕਰਵਾਈ ਗਈ ਹੈ। ਜਾਂਚ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਜਾਵੇਗਾ, ਉਸ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ।”
ਉੱਧਰ ਮੁਜ਼ੱਫਰਨਗਰ ਦੇ ਮੰਸੂਰਪੁਰ ਥਾਣੇ ਅਧੀਨ ਪੈਂਦੇ ਖ਼ਬੱਰਪੁਰ ਪਿੰਡ ਵਿੱਚ ਇਰਸ਼ਾਦ ਅਤੇ ਤ੍ਰਿਪਤਾ ਤਿਆਗੀ ਦਾ ਘਰ ਵੀ ਹਲਚਲ ਦਾ ਕੇਂਦਰ ਰਿਹਾ।
ਜਿੱਥੇ ਇਰਸ਼ਾਦ ਦੇ ਘਰੇ ਰਾਸ਼ਟਰੀ ਲੋਕ ਦਲ ਦੇ ਸਥਾਨਕ ਵਿਧਾਇਕ ਚੰਦਨ ਸਿੰਘ ਚੌਹਾਨ ਪਹੁੰਚੇ। ਉੱਥੇ ਹੀ ਕੇਂਦਰੀ ਮੰਤਰੀ ਸੰਜੀਵੀ ਬਾਲੀਆਨ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅਧਿਆਪਕਾ ਤ੍ਰਿਪਤਾ ਤਿਆਗੀ ਨਾਲ਼ ਮੁਲਾਕਾਤ ਕੀਤੀ।
ਤਿਆਗੀ ਸਮਾਜ ਦੇ ਦਬਦਬੇ ਵਾਲ਼ੇ ਇਸ ਪਿੰਡ ਵਿੱਚ ਕਰੀਬ 70 ਫ਼ੀਸਦੀ ਹਿੰਦੂ ਪਰਿਵਾਰ ਰਹਿੰਦੇ ਹਨ। ਹਿੰਦੂ ਤਿਆਗੀਆਂ ਤੋਂ ਇਲਾਵਾ ਮੁਸਲਮਾਨਾਂ ਦੀ ਵੀ ਪਿੰਡ ਵਿੱਚ ਚੋਖੀ ਅਬਾਦੀ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)