ਜ਼ਹਿਰੀਲੇ ਵਿਸ਼ਾਣੂਆਂ ਤੋਂ ਬਚਣ ਲਈ ਇਨ੍ਹਾਂ 7 ਕਿਸਮਾਂ ਦੇ ਭੋਜਨ ਤੋਂ ਪਰਹੇਜ਼ ਕਰੋ

Friday, Aug 25, 2023 - 05:16 PM (IST)

ਜ਼ਹਿਰੀਲੇ ਵਿਸ਼ਾਣੂਆਂ ਤੋਂ ਬਚਣ ਲਈ ਇਨ੍ਹਾਂ 7 ਕਿਸਮਾਂ ਦੇ ਭੋਜਨ ਤੋਂ ਪਰਹੇਜ਼ ਕਰੋ
ਖਾਣਾ
Getty Images
ਅਜਿਹੇ ਭੋਜਨ ਪਦਾਰਥਾਂ ਬਾਰੇ ਗੱਲਬਾਤ ਜੋ ਤੁਹਾਨੂੰ ਬਿਮਾਰੀਆਂ ਤੋਂ ਬਚਾਅ ਲਈ ਛੱਡਣਾ ਚਾਹੀਦਾ ਹੈ

ਬਿਲ ਮਾਰਲਰ ਫੂਡ ਸੇਫਟੀ ਵਕੀਲ ਹਨ, ਜੋ ਈ ਕੋਲਾਈ, ਸੈਲਮੋਨੇਲਾ, ਲਿਸਟੇਰੀਆ ਅਤੇ ਹੋਰ ਭੋਜਨ ਪਦਾਰਥਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੋਣ ਵਾਲਿਆਂ ਲਈ ਪਿਛਲੇ 30 ਸਾਲਾਂ ਤੋਂ ਲੜਾਈ ਲੜ ਰਹੇ ਹਨ।

ਉਹ ਨੈਟਫਲਿਕਸ ਦੀ ਡਾਕੂਮੈਂਟਰੀ ‘ਪੋਇਜ਼ਨਡ: ਦਿ ਡਰਟੀ ਟਰੁੱਥ ਅਬਾਊਟ ਯੂਅਰ ਫੂਡ’ ਵਿੱਚ ਵੀ ਮੁੱਖ ਭੂਮਿਕਾ ਵਿੱਚ ਹਨ, ਇਹ ਡਾਕੂਮੈਂਟਰੀ ਮਾਰਲਰ ਵੱਲੋਂ ਆਪਣੇ ਪਹਿਲੇ ਕੇਸ ਬਾਰੇ ਲਿਖੀ ਕਿਤਾਬ ਤੋਂ ਹੀ ਪ੍ਰੇਰਿਤ ਹੈ।

ਉਨ੍ਹਾਂ ਨੇ ਬੀਬੀਸੀ ਨਾਲ ਅਜਿਹੇ ਭੋਜਨ ਪਦਾਰਥਾਂ ਬਾਰੇ ਗੱਲਬਾਤ ਕੀਤੀ, ਜਿਹਨਾਂ ਨੂੰ ਤੁਹਾਨੂੰ ਬਿਮਾਰੀਆਂ ਤੋਂ ਬਚਾਅ ਲਈ ਛੱਡਣਾ ਚਾਹੀਦਾ ਹੈ।

ਅਮਰੀਕਾ ਦੇ ਸੇਂਟ ਲੂਈ ਦੀ ਰਹਿਣ ਵਾਲੀ 17 ਸਾਲਾਂ ਦੀ ਸਟੀਫਨੀ ਇਨਗਬਰਗ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ, ਉਹ ਆਪਣੇ ਮਾਪਿਆਂ ਨਾਲ ਡੋਮੀਨਿਕਨ ਰਿਪਬਲਿਕ ਦੇ ਇੱਕ ਰਿਜ਼ੋਰਟ ਵਿੱਚ ਬਸੰਤ ਰੁੱਤ ਦੀਆਂ ਛੁੱਟੀਆਂ ਬਿਤਾਉਣ ਜਾ ਰਹੀ ਸੀ।

ਜਹਾਜ਼ ਉੱਤੇ ਚੜ੍ਹਨ ਤੋਂ ਪਹਿਲਾਂ ਹੀ ਸਟਿਫਨੀ ਦਾ ਪੇਟ ਖ਼ਰਾਬ ਸੀ, ਉਨ੍ਹਾਂ ਇਸ ਦਾ ਖ਼ਿਆਲ ਨਾ ਕੀਤਾ ਅਤੇ ਇੱਥੋਂ ਤੱਕ ਕੇ ਪਹੁੰਚਦਿਆਂ ਉਹ ਠੀਕ ਮਹਿਸੂਸ ਕਰਨ ਲੱਗੀ। ਪਰ ਰਾਤ ਵੇਲੇ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਣਾ ਪਿਆ।

ਅਗਲੀ ਸਵੇਰ ਉਨ੍ਹਾਂ ਦੀ ਹਾਲਤ ਏਨੀ ਵਿਗੜ ਗਈ ਕਿ ਉਹ ਆਪਣੀ ਮਾਂ ਨੂੰ ਹੀ ਪਛਾਣ ਨਾ ਸਕੀ, ਉਨ੍ਹਾਂ ਦੇ ਗੁਰਦਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ, ਦਿਮਾਗ਼ ਵਿੱਚ ਸੋਜਿਸ਼ ਆ ਗਈ ਅਤੇ ਦੌਰੇ ਪੈਣ ਲੱਗ ਪਏ।

ਸਟਿਫਨੀ ਦੇ ਮਾਪਿਆਂ ਨੇ ਉਨ੍ਹਾਂ ਨੂੰ ਤਰੁੰਤ ਉੱਥੋਂ ਕੱਢਣ ਦਾ ਪ੍ਰਬੰਧ ਕੀਤਾ, ਜਿੱਥੇ ਇਸ ਗੱਲ ਦੀ ਪੁਸ਼ਟੀ ਹੋਈ ਕਿ ਉਨ੍ਹਾਂ ਨੂੰ ਖ਼ਤਰਨਾਕ ਬੈਕਟੀਰਿਅਲ ਇਨਫੈਕਸ਼ਨ ਈ.ਕੌਲਾਈ ਹੈ।

ਖੇਤ
NETFLIX

ਉਨ੍ਹਾਂ ਦੀ ਹਾਲਤ ਇੱਕ ਰਾਤ ਵਿੱਚ ਬਹੁਤ ਵਿਗੜ ਗਈ ਅਤੇ ਉਹ ਕੋਮਾ ਵਿੱਚ ਚਲੀ ਗਈ, ਇੱਕ ਪੁਜਾਰੀ ਨੂੰ ਉਨ੍ਹਾਂ ਦੀਆਂ ਅੰਤਿਮ ਰਸਮਾਂ ਲਈ ਬੁਲਾਇਆ ਗਿਆ।

ਸਟਿਫਨੀ ਨੈਟਫਲਿਕਸ ਦੀ ਡਾਕੂਮੈਂਟਰੀ ‘ਪੋਇਜ਼ਨਡ: ਦਿ ਡਰਟੀ ਟਰੁੱਥ ਅਬਾਊਟ ਯੂਅਰ ਫੂਡ’ ਵਿੱਚ ਯੋਗਦਾਨ ਪਾਉਣ ਵਾਲੀਆਂ ਵਿੱਚੋਂ ਇੱਕ ਹੈ।

ਇਹ ਡਾਕੂਮੈਂਟਰੀ ਇਸ ਬਾਰੇ ਚਰਚਾ ਕਰਦੀ ਹੈ ਕਿ ਕਿਵੇਂ ਭੋਜਨ ਲੜੀ ਵਿੱਚ ਸਫ਼ਾਈ ਨਾ ਹੋਣ ਦੇ ਗਾਹਕਾਂ ਲਈ ਕਿੰਨੇ ਭਿਆਨਕ ਨਤੀਜੇ ਹੋ ਸਕਦੇ ਹਨ।

ਜਿਵੇਂ ਹੀ ਪੁਜਾਰੀ ਨੇ ਅੰਤਿਮ ਰਸਮਾਂ ਸ਼ੁਰੂ ਕੀਤੀਆਂ, ਸਟਿਫਨੀ ਦੀਆਂ ਅੱਖਾਂ ਖੁੱਲ੍ਹ ਗਈਆਂ।

ਸਟਿਫਨੀ ਹੁਣ ਜੀਵਤ ਰਹੇਗੀ, ਪਰ ਈ.ਕੌਲਾਈ ਬਿਮਾਰੀ ਦੇ ਮਾੜੇ ਪ੍ਰਭਾਵ ਹਮੇਸ਼ਾ ਲਈ ਉਸਨੂੰ ਸਹਿਣੇ ਪੈਣਗੇ।

ਉਹ ਡਾਕੂਮੈਂਟਰੀ ਵਿੱਚ ਦੱਸਦੇ ਹਨ “ਮੈਨੂੰ ਰੋਜ਼ ਦਵਾਈ ਲੈਣੀ ਪੈਂਦੀ ਹੈ ਤਾਂ ਜੋ ਮੇਰੇ ਗੁਰਦਿਆਂ ਦੇ ਫਿਲਟਰਾਂ ਨੂੰ ਕੱਸਿਆ ਜਾ ਸਕੇ।”

“ਇਸ ਦੀ ਵੀ ਸੰਭਾਵਨਾ ਹੈ ਕਿ ਮੈਨੂੰ ਕਿਡਨੀ ਬਦਲਵਾਉਣੀ ਪਵੇ, ਹੋ ਸਕਦਾ ਹੈ ਮੈਨੂੰ ਸਾਰੀ ਉਮਰ ਡਾਇਲਸਿਸ ਉੱਤੇ ਰਹਿਣਾ ਪਵੇ, ਤੁਸੀਂ ਕਦੇ ਵੀ ਇਹ ਸੁਣਨਾ ਨਹੀਂ ਚਾਹੋਗੇ।

“ਮੈਂ ਇੱਕ ਸਲਾਦ ਖਾਧਾ ਅਤੇ ਹੁਣ ਮੈਂ ਉਸਦੇ ਕਾਰਨ ਹੋਈ ਬਿਮਾਰੀ ਨਾਲ ਲੜ ਰਹੀ ਹਾਂ।”

ਸਟਿਫਨੀ ਉਨ੍ਹਾਂ 60 ਕਰੋੜ ਲੋਕਾਂ ਵਿੱਚੋਂ ਹੈ ਜੋ ਵਰਲਡ ਹੈਲਥ ਆਰਗਨਾਈਜ਼ੇਸ਼ਨ ਦੇ ਮੁਤਾਬਕ ਹਰ ਸਾਲ ਮਿਲਾਵਟੀ ਭੋਜਨ ਖਾਣ ਕਾਰਨ ਬਿਮਾਰ ਹੁੰਦੇ ਹਨ। ਉਹ ਖੁਸ਼ਕਿਸਮਤ ਸੀ ਕਿ ਉਹ ਉਨ੍ਹਾਂ 420,000 ਲੋਕਾਂ ਵਿੱਚੋਂ ਨਹੀਂ ਸੀ ਜੋ ਇਸ ਕਾਰਨ ਮਰ ਗਏ।

ਤੁਸੀਂ ਜੋ ਖਾਂਦੇ ਹੋ ਉਸ ਬਾਰੇ ਧਿਆਨ ਦੇਣ ਨਾਲ ਤੁਸੀਂ ਆਪਣੀ ਜ਼ਿੰਦਗੀ ਬਚਾ ਸਕਦੇ ਹੋ। ਬਿਲ ਮਾਰਲਰ ਤੁਹਾਨੂੰ ਸਿਹਤਮੰਦ ਰਹਿਣ ਲਈ ਇਹਨਾਂ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੰਦੇ ਹਨ।

ਦੁੱਧ
Getty Images
ਅਨਪੈਸਚੁਰਾਈਜ਼ਡ ਦੁੱਧ ਅਤੇ ਅਨਪੈਸਚੁਰਾਈਜ਼ਡ ਜੂਸ ਦਾ ਸੇਵਨ ਨਾ ਕੀਤਾ ਜਾਵੇ

ਅਨਪੈਸਚੁਰਾਈਜ਼ਡ ਦੁੱਧ ਅਤੇ ਡੱਬਾਬੰਦ ਜੂਸ

ਭੋਜਨ ਦੇ ਮਾੜੇ ਪ੍ਰਭਾਵ ਸਹਿਣ ਵਾਲੇ ਲੋਕਾਂ ਦੇ ਕੇਸ ਲੜਦਿਆਂ ਮਾਰਲਰ ਨੇ ਤਜਰਬੇ ਵਿੱਚੋਂ ਇਹ ਸਿੱਖਿਆ ਹੈ ਕਿ ਅਨਪੈਸਚੁਰਾਈਜ਼ਡ ਦੁੱਧ ਅਤੇ ਅਨਪੈਸਚੁਰਾਈਜ਼ਡ ਜੂਸ ਦਾ ਸੇਵਨ ਨਾ ਕੀਤਾ ਜਾਵੇ।

ਇਸ ਨਾਲ ਈ.ਕੌਲਾਈ ਬੈਕਟੀਰਿਆ ਦਾ ਖ਼ਤਰਾ ਹੈ, ਜਿਸਨੇ ਸਟਿਫਨੀ ਨੂੰ ਇੰਨਾ ਬਿਮਾਰ ਕੀਤਾ।

ਵਕੀਲ ਅਤੇ ਫੂਡ ਸੇਫਟੀ ਮਾਹਰ ਬਿਲ ਮਾਰਲਰ ਦੱਸਦੇ ਹਨ, “ਬਗ਼ੈਰ ਪੈਸਚੁਰਾਈਜ਼ਡ ਕੀਤੇ ਦੁੱਧ ਦਾ ਸੇਵਨ ਕਰਨ ਨਾਲ ਹੋਣ ਵਾਲੇ ਕੋਈ ਵੀ ਫਾਇਦੇ, ਇਸਦੇ ਖ਼ਤਰਿਆਂ ਦੇ ਮੁਕਾਬਲੇ ਕੁਝ ਵੀ ਨਹੀਂ ਹਨ, ਲੋਕ 19ਵੀਂ ਸਦੀ ‘ਚ ਮੌਜੂਦ ਬਿਮਾਰੀਆਂ ਨੂੰ ਭੁੱਲ ਗਏ ਹਨ।”

ਕੱਚੇ ਸਪਰਾਊਟਸ
Getty Images

ਕੱਚੇ ਸਪਰਾਊਟਸ

ਮਾਰਲੇ ਕੱਚੇ ਸਪਰਾਊਟਸ ਜਿਵੇਂ ਕਿ ਅਲਫਾਲਫਾ, ਮੂੰਗੀ ਦੀਆਂ ਫਲੀਆਂ, ਕਲੋਵਰ ਜਾਂ ਬੀਨ ਸਪਰਾਊਟਸ ਨਹੀਂ ਖਾਂਦੇ।

ਇਹ ਪਦਾਰਥ ਦੁਨੀਆਂ ਵਿੱਚ ਖਾਣੇ ਤੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਜੁੜੇ ਹੋਏ ਹਨ।

2011 ਵਿੱਚ ਫੇਨੂਗ੍ਰੀਕ ਬੀਆਂ ਦੇ ਨਾਲ ਜੁੜੀ ਇੱਕ ਬਿਮਾਰੀ ਕਾਰਨ ਜਰਮਨੀ ਦੇ 900 ਲੋਕਾਂ ਦੇ ਗੁਰਦੇ ਫੇਲ੍ਹ ਹੋ ਗਏ ਅਤੇ 50 ਤੋਂ ਵੱਧ ਮੌਤਾਂ ਹੋਈਆਂ।

ਮਾਰਲਰ ਦੱਸਦੇ ਹਨ, “ਬੀਅ ਬਾਹਰ ਉੱਗਣ ਕਾਰਨ ਦੂਸ਼ਿਤ ਹੋ ਜਾਂਦੇ ਹਨ, ਜਦੋਂ ਤੁਸੀਂ ਇਹਨਾਂ ਨੂੰ ਆਪਣੇ ਘਰ ਲਿਆਉਂਦੇ ਹੋ ਤੇ ਪੁੰਗਰਾਉਣ ਲਈ ਪਾਣੀ ਵਿੱਚ ਪਾਉਂਦੇ, ਇਸ ਨਾਲ ਬੈਕਟੀਰੀਆ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।”

“ਮੈਂ ਫੂਡ ਸੇਫਟੀ ਇੰਡਸਟਰੀ ਵਿਚਲੇ ਅਜਿਹੇ ਕਿਸੇ ਸ਼ਖਸ ਨੂੰ ਨਹੀਂ ਜਾਣਦਾ ਜੋ ਕੱਚੇ ਸਪਰਾਊਟਸ ਖਾਂਦਾ ਹੋਵੇ।”

ਖਾਣਾ
Getty Images

ਮੀਟ ਜਿਹੜਾ ਚੰਗੀ ਤਰ੍ਹਾਂ ਪਕਿਆ ਨਾ ਹੋਵੇ

ਬਰੀਕ ਕੱਟੇ ਹੋਏ ਮੀਟ ਵਿੱਚ ਜਿਹੜਾ ਬੈਕਟੀਰੀਆ ਮੀਟ ਦੇ ਉੱਪਰ ਹੁੰਦਾ ਹੈ ਉਹ ਅੰਦਰ ਤੱਕ ਰਲ ਜਾਂਦਾ ਹੈ। ਇਸੇ ਲਈ ਇਹ ਜ਼ਰੂਰੀ ਹੈ ਕਿ ਹੈਮਬਰਗਰ ਨੂੰ ਚੰਗੀ ਤਰ੍ਹਾਂ ਪਕਾਇਆ ਜਾਵੇ।

ਤੁਹਾਨੂੰ ਬਿਮਾਰ ਕਰਨ ਲਈ ਕੋਈ ਬਹੁਤੇ ਜ਼ਿਆਦਾ ਬੈਕਟੀਰਿਆ ਦੀ ਲੋੜ ਨਹੀਂ ਹੁੰਦੀ। “ਇੱਕ ਲੱਖ ਬੈਕਟਿਰੀਆ ਇੱਕ ਪਿੰਨ ਦੇ ਸਿਰ ਉੱਤੇ ਫਿੱਟ ਆ ਜਾਂਦੇ ਹਨ, ਤਕਰੀਬਨ 50 ਕੁ ਈ.ਕੌਲਾਈ ਬੈਕਟੀਰੀਆ ਤੁਹਾਨੂੰ ਬਿਮਾਰ ਕਰਨ ਲਈ ਬਹੁਤ ਹਨ।"

"ਇਹ ਕੋਈ ਅਜਿਹੀ ਚੀਜ਼ ਨਹੀਂ ਹੈ ਜੋ ਤੁਸੀਂ ਵੇਖ, ਚੱਖ ਜਾਂ ਸੁੰਘ ਸਕਦੇ ਹਨ, ਹੈਮਬਰਗਰ ਨੂੰ ਚੰਗੇ ਤਰੀਕੇ ਪਕਾਉਣਾ ਹੀ ਸੁਰੱਖਿਅਤ ਰਾਹ ਹੈ।"

ਉਹ ਇਹ ਸੁਝਾਅ ਦਿੰਦੇ ਹਨ ਕਿ ਬਰਗਰ ਨੂੰ 155 ਫਾਰਨਹਾਈਟ ਤਾਪਮਾਨ ਉੱਤੇ ਪਕਾਉਣਾ ਚਾਹੀਦਾ ਹੈ ਤਾਂ ਜੋ ਰੋਗਾਣੂਆਂ ਦਾ ਨਾਸ਼ ਕੀਤਾ ਜਾ ਸਕੇ, ਸਟੇਕ ਵਿੱਚ ਇਹ ਖ਼ਤਰਾ ਘੱਟ ਹੁੰਦਾ ਹੈ ਕਿਉਂਕਿ ਮੀਟ ਵੱਡੇ ਟੁਕੜਿਆਂ ਵਿੱਚ ਹੋਣ ਕਾਰਨ ਬੈਕਟਿਰੀਆ ਪਕਾਉਣ ਸਮੇਂ ਨਸ਼ਟ ਹੋ ਜਾਂਦਾ ਹੈ।

ਖਾਣਾ
Getty Images

ਪਹਿਲਾਂ ਧੋਤਾ ਹੋਇਆ ਜਾਂ ਪਹਿਲਾਂ ਪਕਾਇਆ ਹੋਇਆ ਭੋਜਨ

ਮਨਸੌਰ ਸਮਦਪੌਰ ਜੋ ਇਕ ਫੁਡ ਸੇਫਟੀ ਕੰਸਲਟੈਂਟ ਹਨ ਅਤੇ ਨੈਟਫਲਿਕਸ ਦੀ ਡਾਕੂਮੈਂਟਰੀ ਵਿੱਚ ਵੀ ਆਏ ਹਨ, ਉਹ ਕਹਿੰਦੇ ਹਨ, “ਜਦੋਂ ਤੁਸੀਂ ਹੈਮਬਰਗਰ ਖਾਂਦੇ ਹੋ, ਤਾਂ ਇਸਦਾ ਸਭ ਤੋਂ ਖ਼ਤਰਨਾਕ ਹਿੱਸਾ ਬਰਗਰ ਨਹੀਂ ਹੁੰਦਾ, ਬਲਕਿ ਪਿਆਜ਼, ਲੈਟਸ ਅਤੇ ਟਮਾਟਰ ਹੁੰਦੇ ਹਨ।"

2006 ਵਿੱਚ ਵੱਡੇ ਪੱਧਰ ਉੱਤੇ ਪਾਲਕ ਤੋਂ ਈ.ਕੌਲਾਈ ਬੈਕਟੀਰਿਆ ਫੈਲ ਗਿਆ, ਅਮਰੀਕਾ ਵਿੱਚ 200 ਤੋਂ ਵੱਧ ਲੋਕ ਬਿਮਾਰ ਹੋ ਗਏ ਸਨ ਅਤੇ ਤਕਰੀਬਨ ਪੰਜ ਜਣਿਆਂ ਦੀ ਮੌਤ ਹੋ ਗਈ ਸੀ।

ਇਸ ਬੈਕਟੀਰੀਏ ਦਾ ਸੰਬੰਧ ਕੈਲੀਫੌਰਨੀਆ ਦੇ ਇੱਕ ਖੇਤ ਨਾਲ ਪਤਾ ਲਗਿਆ ਸੀ, ਜਿੱਥੇ ਕੁਝ ਜਾਨਵਰ ਵੜ ਗਏ ਸਨ ਅਤੇ ਉਹਨਾਂ ਦੇ ਮਲ ਤੋਂ ਬੈਕਟੀਰੀਆ ਪਾਲਕ ਵਿਚ ਆ ਗਿਆ ਸੀ।

ਜਦੋਂ ਇਸ ਨੂੰ ਕੱਟ ਕੇ ਇੱਕ ਥਾਂ ‘ਤੇ ਭੇਜਿਆ ਗਿਆ ਜਿੱਥੇ ਪਾਲਕ ਨੂੰ ਤਿੰਨ ਵਾਰੀ ਸਾਫ ਕੀਤਾ ਗਿਆ, ਬੈਕਟੀਰੀਆ ਸਾਰੀ ਪਾਲਕ ਵਿੱਚ ਫੈਲ ਗਿਆ ਜਿਸ ਨੂੰ ਦੇਸ਼ ਭਰ ਵਿੱਚ ਭੇਜਿਆ ਗਿਆ, ਜਿਸ ਨਾਲ ਕਾਫੀ ਲੋਕ ਬਿਮਾਰ ਹੋਏ।

ਮੀਟ
Getty Images

ਕੱਚੇ ਅਤੇ ਘੱਟ ਪਕੇ ਹੋਏ ਆਂਡੇ

ਆਂਡਿਆਂ ਤੋਂ ਖ਼ਤਰਾ ਸਾਲਮੋਨੇਲਾ ਇਨਫੈਕਸ਼ਨ ਤੋਂ ਆਉਂਦਾ ਹੈ, ਇੱਕ ਅਜਿਹਾ ਬੈਕਟੀਰੀਆ ਜਿਹੜਾ ਕਿ ਡਾਇਰੀਆ, ਬੁਖ਼ਾਰ, ਉਲਟੀਆਂ ਅਤੇ ਪੇਟ ਦਰਦ ਕਰ ਸਕਦਾ ਹੈ।

ਬੱਚੇ ਅਤੇ ਬੁੱਢੇ ਇਸ ਕਾਰਨ ਗੰਭੀਰ ਰੂਪ ਵਿੱਚ ਬਿਮਾਰ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ।

ਪਿਛਲੇ ਸਮੇਂ ਦੌਰਾਨ ਆਂਡਿਆਂ ਨਾਲ ਕਈ ਭਿਆਨਕ ਘਟਨਾਵਾਂ ਜੁੜੀਆਂ ਹੋਈਆਂ ਹਨ, 1988 ਵਿੱਚ ਸਾਲਮੋਨੇਲਾ ਦੇ ਡਰ ਕਾਰਨ ਯੂਕੇ ਦੀ ਸਰਕਾਰ ਨੇ 20 ਲੱਖ ਤੋਂ ਵੀ ਵੱਧ ਮੁਰਗੀਆਂ ਵੱਡਣ ਦੇ ਹੁਕਮ ਜਾਰੀ ਕੀਤੇ ਸਨ।

2010 ਵਿੱਚ, ਇਸੇ ਤਰ੍ਹਾਂ ਦੇ ਖ਼ਤਰੇ ਕਾਰਨ ਅਮਰੀਕਾ ਵਿੱਚ 500 ਮਿਲੀਅਨ ਆਂਡੇ ਵਾਪਸ ਮੰਗਵਾਏ ਗਏ ਸਨ।

ਮਾਰਲਰ ਦਾ ਕਹਿਣਾ ਹੈ ਕਿ ਆਂਡੇ ਅੱਜ ਇੱਕ ਸੁਰੱਖਿਅਤ ਭੋਜਨ ਹਨ ਜਿੰਨਾ ਉਹ ਪਹਿਲਾਂ ਹੁੰਦੇ ਸਨ, ਪਰ ਉਹ ਕਹਿੰਦੇ ਹਨ ਸਾਵਧਾਨੀ ਵਰਤਣੀ ਜ਼ਰੂਰੀ ਹੈ ਕਿਉਂਕਿ ਕੱਚਾ ਅਤੇ ਅੱਧਪਕਿਆ ਆਂਡਾ ਖਾਣ ਵਾਲਿਆਂ ਲਈ ਸਾਲਮੋਨੇਲਾ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ।

“ਤਕਰੀਬਨ 10,000 ਵਿੱਚੋਂ ਇੱਕ ਆਂਡੇ ਦੇ ਖੋਲ ਅੰਦਰ ਸਾਲਮੋਨੇਲਾ ਹੁੰਦਾ ਹੈ, ਮੁਰਗੀਆਂ ਦੇ ਗਰਭਕੋਸ਼ਾਂ ਵਿੱਚ ਸਾਲਮੋਨੇਲਾ ਹੋ ਸਕਦਾ ਹੈ ਅਤੇ ਇਹ ਆਂਡੇ ਵਿੱਚ ਚਲਾ ਜਾਂਦਾ ਹੈ ਤੁਸੀਂ ਆਂਡੇ ਨੂੰ ਚੰਗੇ ਤਰੀਕੇ ਪਕਾਉਣ ਦੀ ਥਾਂ ਹੋਰ ਕੁਝ ਵੀ ਨਹੀਂ ਕਰ ਸਕਦੇ।“

ਕੱਚਾ ਸਮੁੰਦਰੀ ਭੋਜਨ
Getty Images

ਕੱਚਾ ਸਮੁੰਦਰੀ ਭੋਜਨ

ਕਿਉਂਕਿ ਸੀਪਾਂ ਅਤੇ ਸ਼ੈੱਲ ਫਿਸ਼ ਸਮੁੰਦਰ ਦੇ ਪਾਣੀ ਦੇ ਵਿਚੋਂ ਹੀ ਆਪਣਾ ਭੋਜਨ ਬਣਾਉਂਦੇ ਹਨ, ਇਨਫੈਕਸ਼ਨ ਦਾ ਕਾਰਨ ਬਣ ਸਕਦੇ ਹਨ।

ਜੇਕਰ ਪਾਣੀ ਵਿੱਚ ਬੈਕਟੀਰੀਅਲ ਜਾਂ ਵਾਇਰਲ ਇਨਫੈਕਸ਼ਨ ਹੋਵੇ ਤਾਂ ਇਹ ਭੋਜਨ ਲੜੀ ਵਿੱਚ ਸੌਖਿਆਂ ਹੀ ਆ ਸਕਦੀ ਹੈ ਅਤੇ ਮਾਰਲਰ ਦਾ ਇਹ ਸੋਚਣਾ ਹੈ ਕਿ ਗਲੋਬਲ ਵਾਰਨਿੰਗ ਨਾਲ ਇਹ ਮੁਸ਼ਕਲ ਵੱਧ ਰਹੀ ਹੈ।

ਉਹ ਦੱਸਦੇ ਹਨ, “ਸਮੁੰਦਰ ਵਿੱਚ ਗਰਮੀ ਵਧਣ ਕਰਕੇ ਸੀਪਾਂ ਰਾਹੀਂ ਇਨਫੈਕਸ਼ਨ ਵੱਧ ਸਕਦੀ ਹੈ ਜਿਸ ਕਾਰਨ ਹੈਪੇਟਾਈਟਸ, ਨੋਰੋਵਾਇਰਸ ਆਦਿ ਵੱਧ ਸਕਦੇ ਹਨ। ਮੈਂ ਸਿਆਟਲ ਤੋਂ ਹਾਂ, ਸੰਸਾਰ ਦੀਆਂ ਸਭ ਤੋਂ ਚੰਗੀਆਂ ਸੀਪਾਂ ਉੱਤਰ-ਪੱਛਮੀ ਪਰਸ਼ਾਂਤ ਮਹਾਸਾਗਰ ਵਿੱਚ ਹੁੰਦੀਆਂ ਹਨ, ਪਰ ਸਾਡੇ ਪਾਣੀ ਅਤੇ ਇਸਦੇ ਤਾਪਮਾਨ ਵਿੱਚ ਸਪਸ਼ਟ ਤੌਰ ਉੱਤੇ ਫੇਰਬਦਲ ਹੋ ਰਹੇ ਹਨ, ਇਹ ਇੱਕ ਨਵਾਂ ਪੱਖ ਹੈ ਜਿਸ ਬਾਰੇ ਜਦੋਂ ਤੁਸੀਂ ਕੱਚੀਆਂ ਸੀਪਾਂ ਮੰਗਵਾਓ ਤਾਂ ਸੋਚਣਾ ਜ਼ਰੂਰੀ ਹੈ।”

ਬੀਬੀਸੀ
BBC

ਪੈਕੇਜਡ ਸੈਂਡਵਿਚ

ਉਹ ਦੱਸਦੇ ਹਨ, “ਤੁਹਾਨੂੰ ਸੈਂਡਵਿਚਾਂ ਉੱਤੇ ਤਰੀਕ ਧਿਆਨ ਨਾਲ ਵੇਖਣੀ ਚਾਹੀਦੀ ਹੈ ਅਤੇ ਅਜਿਹੇ ਭੋਜਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਜਿਹੜਾ ਤੁਸੀਂ ਆਪ ਬਣਾਓ ਜਾਂ ਜਿਹੜਾ ਤੁਹਾਡੇ ਸਾਹਮਣੇ ਬਣਾਇਆ ਗਿਆ ਹੋਵੇ।"

ਉਹ ਕਹਿੰਦੇ ਹਨ ਕਿ ਇਹ ਅਮਰੀਕਾ ਅਤੇ ਸੰਸਾਰ ਦੀਆਂ ਹੋਰ ਥਾਵਾਂ ‘ਤੇ ਕਈ ਲੋਕਾਂ ਦੇ ਮਰਨ ਦਾ ਕਾਰਨ ਬਣਦਾ ਹੈ ਅਤੇ ਜੋ ਵੀ ਇਸ ਨੂੰ ਅੰਦਰ ਲੰਘਾ ਲੈਂਦਾ ਹੈ ਬਿਮਾਰ ਕਰ ਦਿੰਦਾ ਹੈ।

ਉਹ ਇਹ ਚੇਤਾਵਨੀ ਦਿੰਦੇ ਹਨ ਸੈਂਡਵਿਚ -ਲਿਸਟੇਰੀਆ ਮੋਨਟੋਸਾਈਟੋਜੀਨਸ ਨਾਂ ਦੇ ਇੱਕ ਕੀੜੇ ਦੇ ਸੰਪਰਕ ਵਿੱਚ ਆਉਣ ਦਾ ਕਾਰਨ ਬਣ ਸਕਦਾ ਹੈ।

“ਇਹ ਕੀੜਾ ਫਰਿੱਜ ਦੇ ਤਾਪਮਾਨ ਵਿੱਚ ਵੱਧ ਪਲਦਾ ਹੈ, ਇਸ ਲਈ ਜੇਕਰ ਕੋਈ ਤੁਹਾਡੇ ਲਈ ਸੈਂਡਵਿੱਚ ਬਣਾਏ ਤਾਂ ਉਸ ਨੂੰ ਉਸੇ ਵਕਤ ਖਾ ਲਉ।ਜੇਕਰ ਤੁਹਾਡੇ ਖਾਣ ਤੋਂ ਪਹਿਲਾਂ ਕੋਈ ਬਣਾ ਕੇ ਇਸਨੂੰ ਇੱਕ ਹਫਤੇ ਲਈ ਫਰਿੱਜ ਵਿੱਚ ਰੱਖੇ ਤਾਂ ਇਹ ਇਸ ਕੀੜੇ ਨੂੰ ਵਿਕਸਿਤ ਹੋਣ ਦਾ ਮੌਕਾ ਦੇਵੇਗਾ ਜੋ ਤੁਹਾਨੂੰ ਬਿਮਾਰ ਕਰ ਸਕਦਾ ਹੈ।

ਸ਼ੂਸ਼ੀ
Getty Images

ਪਰ ਸੂਸ਼ੀ ਠੀਕ ਹੈ

ਪਰ ਮਾਰਲਰ ਦੇ ਸੂਸ਼ੀ ਬਾਰੇ ਸ਼ੰਕੇ ਘੱਟ ਹਨ, ਅਕਸਰ ਲੋਕ ਸੂਸ਼ੀ ਨੂੰ ਲੈ ਕੇ ਸਵਾਲ ਕਰਦੇ ਹਨ, ਮਾਰਲਰ ਕਹਿੰਦੇ ਹਨ ਕਿ ਤੁਹਾਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਤੁਸੀਂ ਇਹ ਕਿੱਥੇ ਖਰੀਦਦੇ ਹੋ।

“ਮੈਂ ਸਟੇਕ(ਮੀਟ) ਵਾਲੀ ਜਗ੍ਹਾ ਉੱਤੇ ਜਾਣ ਨਾਲੋਂ ਕਿਸੇ ਚੰਗੇ ਸੂਸ਼ੀ ਵਾਲੇ ਰੈਸਟੋਰੈਂਟ ਨੂੰ ਤਰਜੀਹ ਦੇਵਾਂਗਾ, ਮੱਛੀ ਤੋਂ ਬਿਮਾਰੀਆਂ ਲੱਗਣ ਦਾ ਖਤਰਾ ਇੰਨਾ ਵੱਧ ਨਹੀਂ ਹੈ।”

ਉਨ੍ਹਾਂ ਦੱਸਿਆ, “ਮੈਂ ਕਿਸੇ ਗਰੋਸਰੀ ਸਟੋਰ ਜਾਂ ਗੈਸ ਸਟੇਸ਼ਨ ਤੋਂ ਸੂਸ਼ੀ ਨਹੀਂ ਖਰੀਦਦਾ, ਇੱਕ ਚੰਗਾ ਸੂਸ਼ੀ ਰੈਸਟੋਰੈਂਟ ਸਿਹਤ ਪੱਖੋਂ ਕਾਫੀ ਸਰੁੱਖਿਅਤ ਹੈ ਕਿਉਂਕਿ ਮੱਛੀਆਂ ਤੋਂ ਬੈਕਟੀਰੀਆ ਦਾ ਇੰਨਾ ਖਤਰਾ ਨਹੀਂ ਹੁੰਦਾ, ਮੈਂ ਸੂਸ਼ੀ ਨੂੰ ਘੱਟ ਖਤਰਨਾਕ ਮੰਨਦਾ ਹਾਂ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News