ਲੀਬੀਆ ''''ਚ ਪੰਜਾਬੀ ਦੀ ਮੌਤ: ''''ਖਾਣ ਲਈ ਕੁਝ ਨਹੀਂ ਦਿੰਦੇ ਸੀ, ਬੈਲਟਾਂ ਤੇ ਪਲਾਸਟਿਕ ਪਾਈਪਾਂ ਨਾਲ ਕੁੱਟਦੇ ਸੀ''''
Friday, Aug 25, 2023 - 12:01 PM (IST)


“ਮੈਂ ਵਿਦੇਸ਼ ਭੇਜ ਕੇ ਆਪਣੇ ਪੋਤੇ ਨੂੰ ਬਹੁਤ ਪਛਤਾ ਰਹੀ ਹਾਂ, ਜੇਕਰ ਨਾ ਭੇਜਦੀ ਤਾਂ ਅੱਜ ਉਹ ਮੇਰੇ ਕੋਲ ਹੁੰਦਾ। ”
ਇਹ ਸ਼ਬਦ ਹਨ ਬਜ਼ੁਰਗ ਸਲੋਚਨਾ ਦੇਵੀ ਦੇ, ਜਿਸਦੇ 22 ਸਾਲਾ ਨੌਜਵਾਨ ਪੋਤੇ ਟੋਨੀ ਦੀ ਲੀਬੀਆ ਵਿੱਚ ਮੌਤ ਹੋ ਗਈ।
ਅੱਖਾਂ ਤੋਂ ਹੰਝੂ ਪੂੰਝਦਿਆਂ ਸੁਲੋਚਨਾ ਦੇਵੀ ਆਖਦੇ ਹਨ ਕਿ ਹੁਣ ਤਾਂ ਫ਼ੋਟੋਆਂ ਹੀ ਰਹਿ ਗਈਆਂ। ਵਿਦੇਸ਼ ਦੀ ਚਮਕ ਨੇ ਉਸ ਦਾ ਨੌਜਵਾਨ ਪੋਤਾ ਉਸ ਤੋਂ ਸਦਾ ਲਈ ਖੋਹ ਲਿਆ।
ਸੁਲੋਚਨਾ ਦੇਵੀ ਸਰਕਾਰ ਨੂੰ ਉਨ੍ਹਾਂ ਦੇ ਪੋਤੇ ਦੀ ਲਾਸ਼ ਹੀ ਮੰਗਵਾ ਕੇ ਦੇਣ ਦੀ ਅਪੀਲ ਕਰਦੇ ਹਨ ਤਾਂ ਜੋ ਉਸ ਦੇ ਅੰਤਿਮ ਰਸਮਾਂ ਨਿਭਾਈਆ ਜਾ ਸਕਣ।
ਸੁਲੋਚਨਾ ਦੇਵੀ ਦਾ ਸਬੰਧ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਭੁੱਖੜੀ ਨਾਲ ਹੈ।

ਟੋਨੀ ਦਾ ਵਿਦੇਸ਼ ਜਾਣ ਦਾ ਸੁਫ਼ਨਾ
ਦਲਿਤ ਪਰਿਵਾਰ ਨਾਲ ਸਬੰਧਤ ਟੋਨੀ ਲੰਘੇ ਫਰਵਰੀ ਮਹੀਨੇ ਵਿੱਚ ਆਪਣੇ ਸੁਫ਼ਨੇ ਪੂਰੇ ਕਰਨ ਦੇ ਲਈ ਪਰਿਵਾਰ ਤੋਂ ਦੂਰ ਵਿਦੇਸ਼ ਗਿਆ ਸੀ।
ਉਹ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਦੇ ਉਸ ਗਰੁੱਪ ਦਾ ਹਿੱਸਾ ਸੀ ਜਿਨ੍ਹਾਂ ਨੂੰ ਇਟਲੀ ਵਿੱਚ ਨੌਕਰੀ ਦਾ ਵਾਅਦਾ ਕਰ ਕੇ ਦੁਬਈ ਵਿੱਚ ਏਜੰਟਾਂ ਰਾਹੀਂ ਲੀਬੀਆ ਦੇ ਮਨੁੱਖੀ ਤਸਕਰਾਂ ਕੋਲ ਵੇਚ ਦਿੱਤਾ ਗਿਆ ਸੀ।
ਇਨ੍ਹਾਂ ਵਿੱਚੋਂ 17 ਨੌਜਵਾਨ ਤਾਂ ਤਸਕਰਾਂ ਤੋਂ ਬੱਚ ਕੇ ਦੇਸ਼ ਪਰਤਣ ਵਿੱਚ ਕਾਮਯਾਬ ਹੋ ਗਏ ਪਰ ਟੋਨੀ ਇਸ ਵਿੱਚ ਸਫ਼ਲ ਨਹੀਂ ਹੋ ਸਕਿਆ।
ਪਰਿਵਾਰ ਨੂੰ ਟੋਨੀ ਦੀ ਮੌਤ ਦੀ ਖ਼ਬਰ ਮਈ ਮਹੀਨੇ ਮਿਲੀ ਅਤੇ ਇਸ ਤੋਂ ਬਾਅਦ ਪਰਿਵਾਰ ਲਗਾਤਾਰ ਉਸਦੀ ਲਾਸ਼ ਦਾ ਇੰਤਜ਼ਾਰ ਕਰ ਰਿਹਾ ਹੈ।
ਪਰਿਵਾਰ ਲਗਾਤਾਰ ਟੋਨੀ ਦੀ ਲਾਸ਼ ਭਾਰਤ ਲਿਆਉਣ ਲਈ ਸਰਕਾਰ ਅੱਗੇ ਤਰਲੇ ਕੱਢ ਰਿਹਾ ਹੈ।
ਸੁਲਚੋਨਾ ਦੇਵੀ ਦੱਸਦੇ ਹਨ ਕਿ ਚਾਰ ਬੇਟੀਆਂ ਹਨ ਅਤੇ ਦੋ ਪੁੱਤਰ। ਬੇਟੀਆਂ ਵਿਆਹ ਤੋਂ ਬਾਅਦ ਆਪਣੇ ਘਰ ਚਲੀਆਂ ਗਈਆਂ ਅਤੇ ਪੁੱਤਰਾਂ ਨੇ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਬੋਝ ਚੁੱਕਿਆ।
ਉਨ੍ਹਾਂ ਮੁਤਾਬਕ ਵੱਡੇ ਬੇਟੇ ਰਵਿੰਦਰ ਕੁਮਾਰ ਦਾ ਪੁੱਤਰ ਟੋਨੀ 12 ਵੀਂ ਪਾਸ ਸੀ। ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਟੋਨੀ ਨੇ ਫ਼ੌਜ ਵਿੱਚ ਨੌਕਰੀ ਲਈ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਾ ਮਿਲੀ।
ਇਸ ਤੋਂ ਬਾਅਦ ਉਸ ਨੇ ਵਿਦੇਸ਼ ਜਾਣ ਦੀ ਜ਼ਿੱਦ ਕਰਨੀ ਸ਼ੁਰੂ ਕਰ ਦਿੱਤੀ।
ਸੁਲੋਚਨਾ ਦੇਵੀ ਮੁਤਾਬਕ ਪੋਤੇ ਨੂੰ ਬਹੁਤ ਸਮਝਾਇਆ ਕਿ ਵਿਦੇਸ਼ ਨਾ ਜਾਵੇ ਪਰ ਉਹ ਕਹਿੰਦੇ ਹਨ,“ਪੋਤੇ ਦੀਆਂ ਦਲੀਲਾਂ ਅੱਗੇ ਮੈਨੂੰ ਝੁਕਣਾ ਪਿਆ ਤੇ ਮੈਨੂੰ ਹਾਮੀ ਭਰਨੀ ਪਈ।”
ਸੁਲਚੋਨਾ ਦੇਵੀ ਦੱਸਦੇ ਹਨ ,“ਟੋਨੀ ਨੇ ਇੱਕ ਦਿਨ ਆਖਿਆ ਕਿ ਬੇਬੇ ਇੱਥੇ ਕੁਝ ਨਹੀਂ ਹੋਣਾ, ਪਹਿਲਾਂ ਦਾਦਾ ਜੀ ਨੇ ਮਜ਼ਦੂਰੀ ਕੀਤੀ ਅਤੇ ਹੁਣ ਪਿਤਾ ਜੀ ਇਹੀ ਕੰਮ ਕਰ ਰਹੇ ਹਨ। ਇਸ ਕਰਕੇ ਵਿਦੇਸ਼ ਦੀ ਕਮਾਈ ਨਾਲ ਹੀ ਘਰ ਦੀ ਸਥਿਤੀ ਠੀਕ ਕਰਨੀ ਪੈਣੀ ਹੈ।”
ਪੋਤੇ ਨੂੰ ਯਾਦ ਕਰਦੇ ਹੋਈ ਸੁਲੋਚਨਾ ਆਖਦੇ ਹਨ ਕਿ ਘਰ ਤੋਂ ਜਾਣ ਸਮੇਂ ਉਹ ਬਹੁਤ ਖ਼ੁਸ਼ ਸੀ ਅਤੇ ਲੀਬੀਆ ਪਹੁੰਚ ਕੇ ਵੀ ਉਸ ਨੇ ਕਈ ਵਾਰ ਵੀਡੀਓ ਕਾਲ ਕੀਤੀ ਸੀ।
ਉਹ ਕਹਿੰਦੇ ਹਨ, “ਪਰ ਇਸ ਅਣਹੋਣੀ ਦਾ ਚਿੱਤ ਚੇਤਾ ਵੀ ਨਹੀਂ ਸੀ।”

ਏਜੰਟ ਨਾਲ ਰਾਬਤਾ
ਟੋਨੀ ਦੇ ਪਿਤਾ ਰਵਿੰਦਰ ਕੁਮਾਰ ਨੇ ਦੱਸਿਆ ਕਿ ਰਿਸ਼ਤੇਦਾਰਾਂ ਤੋਂ ਪਤਾ ਲੱਗਾ ਕਿ ਹਰਿਆਣਾ ਦੇ ਪਿਹੋਵੇ ਦਾ ਇੱਕ ਏਜੰਟ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਏਜੰਟ ਨੇ ਟੋਨੀ ਨੂੰ 12 ਲੱਖ ਰੁਪਏ ਵਿੱਚ ਇਟਲੀ ਭੇਜਣ ਦੀ ਗੱਲ਼ ਆਖੀ।
ਇਸ ਤੋਂ ਬਾਅਦ ਪਰਿਵਾਰ ਨੇ ਜ਼ਮੀਨ ਵੇਚ ਕੇ ਪੈਸਿਆਂ ਦਾ ਪ੍ਰਬੰਧ ਕੀਤਾ। ਉਨ੍ਹਾਂ ਨੇ ਟੋਨੀ ਅਤੇ ਉਸ ਦੇ ਚਾਚੇ ਸੰਦੀਪ ਨੂੰ ਏਜੰਟ ਰਾਹੀਂ ਵਿਦੇਸ਼ ਭੇਜਣ ਦਾ ਫ਼ੈਸਲਾ ਲਿਆ। ਦੋਵਾਂ ਲਈ 24 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਗਿਆ।
ਏਜੰਟ ਨੇ ਪੈਸੇ ਇਟਲੀ ਪਹੁੰਚਣ ਤੋਂ ਬਾਅਦ ਲੈਣ ਦੀ ਗੱਲ ਆਖੀ ਸੀ।
6 ਫਰਵਰੀ ਨੂੰ ਟੋਨੀ ਅਤੇ ਚਾਚਾ ਸੰਦੀਪ ਕੁਮਾਰ ਨੂੰ ਏਜੰਟ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਪਹਿਲਾਂ ਦੁਬਈ ਅਤੇ ਫ਼ਿਰ ਉੱਥੋਂ ਲੀਬੀਆ ਭੇਜ ਦਿੱਤਾ।

‘ਮੈਂ ਤਾਂ ਪੁੱਤ ਵੀ ਗੁਆ ਲਿਆ ਅਤੇ ਪੈਸੇ ਵੀ’
ਉਹ ਦੱਸਦੇ ਹਨ ਕਿ ਕੁਝ ਦਿਨ ਸਭ ਠੀਕ ਸੀ ਪਰ ਫਿਰ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਣ ਲੱਗੀ।
ਮਈ ਮਹੀਨੇ ਤੱਕ ਪਰਿਵਾਰ ਦੀ ਟੋਨੀ ਨਾਲ ਫ਼ੋਨ ਉੱਤੇ ਗੱਲਬਾਤ ਹੁੰਦੀ ਰਹੀ ਹੈ।
ਰਵਿੰਦਰ ਕੁਮਾਰ ਮੁਤਾਬਕ ਮਈ ਮਹੀਨੇ ਟੋਨੀ ਦਾ ਫ਼ੋਨ ਆਇਆ ਸੀ ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਨਾਲ ਬਹੁਤ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਏਜੰਟਾਂ ਨੇ ਕੈਦ ਕਰ ਲਿਆ ਹੈ ਅਤੇ ਕਿਸੇ ਤਰੀਕੇ ਉਸ ਨੂੰ ਰਿਹਾਅ ਕਰਵਾਇਆ ਜਾਵੇ।
ਇਸ ਤੋਂ ਬਾਅਦ ਦੋ ਲੱਖ ਰੁਪਏ ਫਿਰ ਤੋਂ ਏਜੰਟ ਦੇ ਖਾਤੇ ਵਿੱਚ ਪਾਏ ਗਏ ਪਰ ਟੋਨੀ ਘਰ ਨਹੀਂ ਪਰਤਿਆ।
ਰਵਿੰਦਰ ਕੁਮਾਰ ਉਦਾਸ ਹੋ ਕਹਿੰਦੇ ਹਨ, “ਮੈਂ ਤਾਂ ਪੁੱਤ ਵੀ ਗੁਆ ਲਿਆ ਅਤੇ ਪੈਸੇ ਵੀ”।

ਏਜੰਟ ਖ਼ਿਲਾਫ਼ ਕਾਰਵਾਈ
ਰਵਿੰਦਰ ਕੁਮਾਰ ਮੁਤਾਬਕ ਏਜੰਟ ਨੇ ਉਨ੍ਹਾਂ ਨੂੰ ਦੱਸਿਆ ਕਿ ਟੋਨੀ ਇੱਕ ਬਹੁਮੰਜਿਲਾ ਇਮਾਰਤ ਤੋਂ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ।
ਪਰਿਵਾਰ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਹਰਿਆਣਾ ਦੇ ਏਜੰਟ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਟੋਨੀ ਦੇ ਪਰਿਵਾਰ ਮੁਤਾਬਕ ਪੰਜਾਬ ਸਰਕਾਰ ਦੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹੋਰ ਅਧਿਕਾਰੀ ਉਨ੍ਹਾਂ ਦੇ ਘਰ ਆਏ ਸਨ।
ਪਰ ਨਾ ਤਾਂ ਅਜੇ ਤੱਕ ਟੋਨੀ ਦੀ ਲਾਸ਼ ਦੇਸ਼ ਆਈ ਹੈ ਅਤੇ ਨਾ ਹੀ ਏਜੰਟ ਦੇ ਖ਼ਿਲਾਫ਼ ਕੋਈ ਤਸੱਲੀਯੋਗ ਕਾਰਵਾਈ ਹੋਈ ਹੈ।

‘ਬਾਥਰੂਮ ’ਚੋਂ ਪਾਣੀ ਪੀਣਾ ਪਿਆ’
ਲੀਬੀਆ ਤੋਂ ਵਾਪਸ ਪਰਤੇ ਟੋਨੀ ਦੇ ਚਾਚਾ ਸੰਦੀਪ ਕੁਮਾਰ ਨੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਏਜੰਟ ਨੇ ਕੁੱਲ 7 ਮੁੰਡਿਆਂ ਨੂੰ ਦੁਬਈ ਭੇਜਿਆ ਗਿਆ।
ਦੁਬਈ ਤੋਂ ਉਨ੍ਹਾਂ ਨੂੰ ਵਰਕ ਪਰਮਿਟ ਉੱਤੇ ਲਿਬੀਆ ਭੇਜ ਦਿੱਤਾ ਗਿਆ।
ਸੰਦੀਪ ਨੇ ਦੱਸਿਆ ਕਿ ਵਰਕ ਪਰਮਿਟ ਅਰਬੀ ਭਾਸ਼ਾ ਵਿੱਚ ਹੋਣ ਕਾਰਨ ਉਹ ਪੜ ਨਹੀਂ ਸਕੇ।
ਏਜੰਟ ਨੇ ਦੱਸਿਆ ਸੀ ਕਿ ਲੀਬੀਆ ਵਿੱਚ ਕੁਝ ਸਮਾਂ ਬਤੀਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਟਲੀ ਭੇਜ ਦਿੱਤਾ ਜਾਵੇਗਾ।
ਸੰਦੀਪ ਕੁਮਾਰ ਮੁਤਾਬਕ ਲੀਬੀਆ ਪਹੁੰਚਣ ਉੱਤੇ ਉਨ੍ਹਾਂ ਦੇ ਪਾਸਪੋਰਟ ਖੋਹ ਲਏ ਗਏ ਅਤੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਜਿੱਥੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।
ਸੰਦੀਪ ਮੁਤਾਬਕ ਛੋਟੇ ਜਿਹੇ ਕਮਰੇ ਵਿੱਚ ਪਹਿਲਾਂ ਤੋਂ ਹੀ ਦਸ ਮੁੰਡੇ ਰੱਖੇ ਹੋਏ ਸਨ।

ਸੰਦੀਪ ਦੱਸਦੇ ਹਨ ਪੈਸਿਆਂ ਦੀ ਮੰਗ ਲਈ ਰੋਜ਼ਾਨਾ ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਅਤੇ ਇਹ ਸਿਲਸਿਲਾ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਉਨ੍ਹਾਂ ਨੇ ਘਰ ਫ਼ੋਨ ਕਰਕੇ ਏਜੰਟ ਨੂੰ ਪੈਸੇ ਦੇਣ ਨੂੰ ਨਹੀਂ ਕਿਹਾ।
ਉਨ੍ਹਾਂ ਦੱਸਿਆ ਕਿ ਪੈਸੇ ਮਿਲਣ ਤੋਂ ਬਾਅਦ ਕੁਝ ਦਿਨ ਸਥਿਤੀ ਠੀਕ ਰਹੀ ਪਰ ਬਾਅਦ ਵਿੱਚ ਫਿਰ ਤੋਂ ਕੁੱਟਮਾਰ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਸੰਦੀਪ ਮੁਤਾਬਕ ਖਾਣੇ ਦਾ ਕੋਈ ਪ੍ਰਬੰਧ ਨਹੀਂ ਸੀ ਪੀਣ ਲਈ ਪਾਣੀ ਵੀ ਉਹ ਬਾਥਰੂਮ ਵਿਚੋਂ ਪੀਂਦੇ ਸਨ। ਕਰੀਬ 12 -12 ਘੰਟੇ ਉਨ੍ਹਾਂ ਤੋਂ ਕੰਮ ਲਿਆ ਜਾਂਦਾ ਸੀ ਅਤੇ ਇੱਕ ਵੀ ਛੁੱਟੀ ਵੀ ਨਹੀਂ ਦਿੱਤੀ ਜਾਂਦੀ ਸੀ।
ਸੰਦੀਪ ਮੁਤਾਬਕ ਕੁੱਲ ਸੱਤ ਮੁੰਡੇ ਇੱਕ ਦਿਨ ਕਮਰੇ ਵਿੱਚੋਂ ਭੱਜ ਗਏ ਜਿਸ ਵਿੱਚ ਟੋਨੀ ਵੀ ਸ਼ਾਮਲ ਸੀ।
ਸੰਦੀਪ ਦੱਸਦੇ ਹਨ ਕਿ ਉਨ੍ਹਾਂ ਨੂੰ ਖਾਣ ਲਈ ਖਾਣਾ ਵੀ ਨਹੀਂ ਸੀ ਦਿੰਦੇ ਅਤੇ ਫਿਰ ਬੈਲਟਾਂ ਤੇ ਪਾਈਪਾਂ ਨਾਲ ਕੁੱਟਿਆ ਜਾਂਦਾ ਸੀ।
ਉਹ ਦੱਸਦੇ ਹਨ,“ ਛੇ ਮੁੰਡੇ ਤਾਂ ਭੱਜ ਗਏ ਪਰ ਟੋਨੀ ਨੂੰ ਉਨ੍ਹਾਂ ਨੇ ਫੜ ਲਿਆ। ”
ਸੰਦੀਪ ਨੇ ਉਸ ਨੂੰ ਛਡਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ।
ਉਹ ਲੀਬੀਆ ਸਥਿਤ ਭਾਰਤੀ ਅੰਬੈਸੀ ਪਹੁੰਚੇ।
ਕਰੀਬ ਛੇ ਮਹੀਨੇ ਲੀਬੀਆ ਵਿੱਚ ਖੁਜਲ ਖ਼ੁਆਰ ਹੋਏ ਪਰ ਟੋਨੀ ਨਾਲ ਉੱਥੇ ਕੀ ਕੁਝ ਹੋਇਆ ਉਸ ਦਾ ਉਨ੍ਹਾਂ ਨੂੰ ਵੀ ਕੁਝ ਨਹੀਂ ਪਤਾ। ਟੋਨੀ ਦੀ ਮੌਤ ਬਾਰੇ ਵੀ ਉਨ੍ਹਾਂ ਨੂੰ ਭਾਰਤ ਪਰਤਣ ਤੋਂ ਬਾਅਦ ਪਤਾ ਲੱਗਿਆ।

ਜਾਅਲੀ ਟਰੈਵਲ ਏਜੰਟਾਂ ਖ਼ਿਲਾਫ਼ ਪੰਜਾਬ ਸਰਕਾਰ ਦੀ ਕਾਰਵਾਈ
ਪੰਜਾਬ ਦੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੁਤਾਬਕ ਪੰਜਾਬ ਸਰਕਾਰ ਜਾਅਲੀ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ 9 ਅਗਸਤ 2023 ਤੱਕ ਉਨ੍ਹਾਂ ਦੇ ਵਿਭਾਗ ਵੱਲੋਂ ਪੰਜਾਬ ਵਿੱਚ ਚੱਲ ਰਹੇ 7179 ਇਮੀਗ੍ਰੇਸ਼ਨ ਦਫ਼ਤਰਾਂ ਦੀ ਜਾਣਕਾਰੀ ਇਕੱਤਰ ਕੀਤੀ ਗਈ ਜਿਸ ਵਿੱਚੋਂ 3547 ਦਫ਼ਤਰਾਂ ਦੀ ਵੱਖ ਵੱਖ ਜ਼ਿਲ੍ਹਿਆਂ ਦੀ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ 271 ਸੰਸਥਾਵਾਂ ਗ਼ੈਰਕਾਨੂੰਨੀ ਪਾਈਆਂ ਗਈਆਂ, ਜਿਨ੍ਹਾਂ ਵਿੱਚੋਂ 25 ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀਆਂ ਗਈਆਂ।
ਧਾਲੀਵਾਲ ਦੱਸਦੇ ਹਨ ਕਿ ਸੂਬੇ ਵਿੱਚ ਚੱਲ ਰਹੀਆਂ ਇਮੀਗ੍ਰੇਸ਼ਨ ਸੰਸਥਾਵਾਂ ਦਾ ਚੈਕਿੰਗ ਦਾ ਕੰਮ 10 ਸਤੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ, “ਏਜੰਟਾਂ ਨਾਲ ਗੱਲ ਪੱਕੀ ਕਰਨ ਤੋਂ ਪਹਿਲਾਂ ਆਮ ਲੋਕ ਉਸ ਦੀ ਜਾਣਕਾਰੀ ਚੰਗੀ ਤਰਾਂ ਚੈੱਕ ਕਰਨ। ਸਰਕਾਰ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਾਵੇਗਾ।''''''''
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)