ਨਾਦਰ ਸ਼ਾਹ ਜਿਸ ਅੱਗੇ ਕੋਈ ਹੁਕਮਰਾਨ ਨਹੀਂ ਟਿਕਿਆ, ਸਿੱਖਾਂ ਨੇ ਉਸਦੇ ਖ਼ਿਲਾਫ਼ ਇੱਕ ਖ਼ਾਸ ਜੰਗੀ ਪੈਂਤੜਾ ਅਪਣਾਇਆ

Friday, Aug 25, 2023 - 08:16 AM (IST)

ਨਾਦਰ ਸ਼ਾਹ ਜਿਸ ਅੱਗੇ ਕੋਈ ਹੁਕਮਰਾਨ ਨਹੀਂ ਟਿਕਿਆ, ਸਿੱਖਾਂ ਨੇ ਉਸਦੇ ਖ਼ਿਲਾਫ਼ ਇੱਕ ਖ਼ਾਸ ਜੰਗੀ ਪੈਂਤੜਾ ਅਪਣਾਇਆ
ਨਾਦਰ ਸ਼ਾਹ
Getty Images
ਨਾਦਰ ਸ਼ਾਹ

ਪੰਜਾਬੀ ਸਾਹਿਤ ਤੇ ਭਾਸ਼ਾ ਦੇ ਵਿਦਵਾਨ ਕਾਹਨ ਸਿੰਘ ਨਾਭਾ ਨੇ ਪੰਜਾਬੀ ਭਾਸ਼ਾ ਦੇ ਸ਼ਬਦ ਕੋਸ਼, ‘ਮਹਾਨ ਕੋਸ਼’ ਵਿੱਚ ‘ਨਾਦਿਰਸ਼ਾਹੀ’ ਸ਼ਬਦ ਦਾ ਅਰਥ ਲਿਖਿਆ ਹੈ, ‘ਧੱਕੇਸ਼ਾਹੀ’, ‘ਜ਼ੁਲਮ’ ਅਤੇ ‘ਜਬਰ’।

ਇਸ ਦੇ ਨਾਲ ਹੀ ਅਰਥ ਦੇ ਵਿਸਥਾਰ ਵਿੱਚ ਲਿਖਿਆ ਹੈ ‘ਨਾਦਿਰ ਸ਼ਾਹ ਜਿਹੀ ਅੱਤਿਆਚਾਰ ਦੀ ਕਿਰਿਆ ''''ਤੇ ‘ਨਾਦਿਰਸ਼ਾਹੀ ਲੁੱਟ’।

‘ਨਾਦਰਸ਼ਾਹੀ ਫ਼ਰਮਾਨ’ ਦੀ ਵਰਤੋਂ ਵੀ ਹਕੂਮਤਾਂ ਵੱਲੋਂ ਲਏ ਗਏ ਕਿਸੇ ਅੱਤਿਆਚਾਰੀ ਜਾਂ ਮਨਚਾਹੇ ਫ਼ੈਸਲੇ ਨੂੰ ਦੱਸਣ ਵੇਲੇ ਕੀਤੀ ਜਾਂਦੀ ਹੈ।

ਇਹ ‘ਨਾਦਰਸ਼ਾਹੀ’ ਸ਼ਬਦ, ਜਿਸ ਨਾਦਰ ਸ਼ਾਹ ਨਾਲ ਜੁੜਿਆ ਹੈ, ਉਹ ਈਰਾਨ ਦਾ ਬਾਦਸ਼ਾਹ ਸੀ।

ਜਿਸ ਨੇ 1739 ਈਸਵੀ ਵਿੱਚ ਭਾਰਤ ਉੱਤੇ ਹਮਲਾ ਕੀਤਾ ਸੀ। ਨਾਦਰ ਸ਼ਾਹ ਨੇ ਦਿੱਲੀ ਵਿੱਚ ਬਹੁਤ ਵੱਡੀ ਲੁੱਟ ਤੇ ਕਤਲੋਗਾਰਦ ਕੀਤੀ ਸੀ।

ਲੁੱਟ ਇੰਨੀ ਵੱਡੀ ਸੀ ਕਿ ਤਿੰਨ ਸੌ ਸਾਲ ਤੋਂ ਵੱਧ ਸਮੇਂ ਤੱਕ ਹਕੂਮਤ ਕਰਨ ਵਾਲੇ ਮੁਗਲ ਸਮਰਾਜ ਦੀ ਬਣਾਈ ਦੌਲਤ ਦੇ ਬਹੁਤ ਹੀ ਵੱਡੇ ਹਿੱਸੇ ਦਾ ਮਾਲਕ ਨਾਦਰ ਸ਼ਾਹ ਬਣ ਗਿਆ ਸੀ।

ਜੇਮਜ਼ ਫਰੇਜ਼ਰ ਨੇ ਆਪਣੀ ਕਿਤਾਬ, ‘ਦਿ ਹਿਸਟਰੀ ਆਫ਼ ਨਾਦਰ ਸ਼ਾਹ’ ਵਿੱਚ ਨਾਦਰ ਸ਼ਾਹ ਦੀ ਲੁੱਟ ਦਾ ਵਿਸਥਾਰ ਨਾਲ ਵੇਰਵਾ ਦਿੱਤਾ ਹੈ।

ਨਾਦਰ ਸ਼ਾਹ
BBC

ਕੁੱਲ ਮਿਲਾ ਕੇ ਇਸ ਸਾਜੋ-ਸਮਾਨ ਦੀ ਕੀਮਤ ਉਸ ਵੇਲੇ ਦੇ ਕਰੀਬ 70 ਕਰੋੜ ਰੁਪਏ ਬਣਦੀ ਸੀ।

ਇਸ ਤੋਂ ਇਲਾਵਾ ਇੱਕ ਹਜ਼ਾਰ ਹਾਥੀ, ਸੱਤ ਹਜ਼ਾਰ ਘੋੜੇ, ਦਸ ਹਜ਼ਾਰ ਊਠ ਵੀ ਨਾਦਰ ਸ਼ਾਹ ਆਪਣੇ ਨਾਲ ਲੈ ਗਿਆ ਸੀ। ਕਈ ਮਿਸਤਰੀ ਤੇ ਸ਼ਿਲਪਕਾਰ ਵੀ ਨਾਦਰ ਸ਼ਾਹ ਨਾਲ ਦਿੱਲੀ ਤੋਂ ਗਏ ਸਨ।

ਨਾਦਰ ਸ਼ਾਹ
Getty Images
ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਤੇ ਇਰਾਨ ਦੇ ਰਾਜਾ ਨਾਦਰ ਸ਼ਾਹ

ਮੁਗਲ ਸਾਮਰਾਜ ਪਤਨ ਵੱਲ ਸੀ

ਜਦੋਂ ਨਾਦਰ ਸ਼ਾਹ ਨੇ ਭਾਰਤ ਉੱਤੇ ਹਮਲਾ ਕੀਤਾ ਸੀ, ਉਸ ਵੇਲੇ ਮੁਗਲ ਰਾਜ ਕਾਫ਼ੀ ਕਮਜ਼ੋਰ ਪੈ ਗਿਆ ਸੀ। ਦਿੱਲੀ ਦੇ ਤਖ਼ਤ ਉੱਤੇ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਕਾਬਜ਼ ਸੀ।

ਐੱਲ ਲੌਕਹਾਰਟ ਆਪਣੀ ਕਿਤਾਬ ‘ਨਾਦਰ ਸ਼ਾਹ, ਏ ਕ੍ਰਿਟਿਕਲ ਸਟੱਡੀ ਬੇਸਡ ਅਪੌਨ ਕੰਟੈਮਪਰੇਰੀ ਸੋਰਸਿਸ’ ਵਿੱਚ ਲਿਖਦੇ ਹਨ, “ਜਦੋਂ 1736 ਈਸਵੀ ਵਿੱਚ ਨਾਦਰ ਸ਼ਾਹ ਤਖ਼ਤ ਉੱਤੇ ਬੈਠਿਆ ਤਾਂ ਉਸ ਵੇਲੇ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਨੂੰ ਦਿੱਲੀ ਦੇ ਤਖ਼ਤ ਉੱਤੇ ਬੈਠਿਆਂ 17 ਸਾਲ ਹੋ ਚੁੱਕੇ ਸਨ।”

ਲੌਕਹਾਰਟ ਲਿਖਦੇ ਹਨ, “ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਲੰਬੇ ਸ਼ਾਸਨ ਦੇ ਆਖਰੀ ਸਾਲਾਂ ਵਿੱਚ ਮੁਗਲ ਸਾਮਰਾਜ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ ਸੀ। ਸਾਲ 1719 ਵਿੱਚ ਬਹਾਦੁਰ ਸ਼ਾਹ ਦਾ ਪੋਤਾ ਰੌਸ਼ਨ ਅਖ਼ਤਰ ਦਿੱਲੀ ਦੇ ਤਖ਼ਤ ਉੱਤੇ ਬੈਠਿਆ, ਜਿਸ ਨੇ ਆਪਣਾ ਨਾਂ ‘ਮੁਹੰਮਦ ਸ਼ਾਹ’ ਰੱਖਿਆ।”

“ਮੁਹੰਮਦ ਸ਼ਾਹ ਨੇ 29 ਸਾਲ ਰਾਜ ਕੀਤਾ ਤੇ ਇਸ ਦੌਰਾਨ ਮੁਗਲ ਸਾਮਰਾਜ ਨੂੰ ਕਮਜ਼ੋਰ ਹੁੰਦਿਆਂ ਦੇਖਦਾ ਰਿਹਾ ਪਰ ਆਪਣੇ ਸਾਮਰਾਜ ਨੂੰ ਬਚਾਉਣ ਲਈ ਉਸ ਨੇ ਬਹੁਤਾ ਕੁਝ ਨਾ ਕੀਤਾ।”

ਨਾਦਰ ਸ਼ਾਹ
Getty Images
ਨਾਦਰ ਸ਼ਾਹ ਅਬਦਾਲੀ ਦਾ ਮਕਬਰਾ

ਨਾਦਰ ਸ਼ਾਹ ਨੇ ਭਾਰਤ ’ਤੇ ਹਮਲਾ ਕਰਨ ਦਾ ਮਨ ਕਿਉਂ ਬਣਾਇਆ

ਐੱਲ ਲੌਕਹਾਰਟ ਅਨੁਸਾਰ ਨਾਦਰ ਸ਼ਾਹ ਵੱਲੋਂ ਕਈ ਵਾਰ ਮੁਗਲ ਦਰਬਾਰ ਨੂੰ ਕਿਹਾ ਗਿਆ ਕਿ ਉਹ ਅਫ਼ਗਾਨ ਲੜਾਕਿਆਂ ਲਈ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦੇਣ।

ਪਰ ਭਰੋਸਾ ਦੇਣ ਦੇ ਬਾਵਜੂਦ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ।

ਨਾਦਰ ਸ਼ਾਹ ਨੇ ਆਪਣਾ ਸਫ਼ੀਰ ਵੀ ਮੁਗਲ ਦਰਬਾਰ ਵਿੱਚ ਭੇਜਿਆ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ।

ਇਤਿਹਾਸਕਾਰਾਂ ਵੱਲੋਂ ਇਸ ਨੂੰ ਨਾਦਰ ਸ਼ਾਹ ਦੇ ਹਮਲੇ ਦਾ ਇੱਕ ਮੁੱਖ ਕਾਰਨ ਮੰਨਿਆ ਗਿਆ ਹੈ।

ਲੌਕਹਾਰਟ ਮੁਤਾਬਕ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਨਾਦਰ ਸ਼ਾਹ ਦੀਆਂ ਕਈ ਸਾਲਾਂ ਤੋਂ ਚੱਲ ਰਹੀਆਂ ਫੌਜੀ ਕਾਰਵਾਈਆਂ ਕਾਰਨ ਉਸ ਕੋਲ ਧਨ ਦੀ ਭਾਰੀ ਕਮੀ ਸੀ।

ਅਜਿਹੇ ਵਿੱਚ ਨਾਦਰ ਸ਼ਾਹ ਭਾਰਤ ਵੱਲ ਨਜ਼ਰ ਗੱਡੀ ਬੈਠਾ ਸੀ, ਜਿੱਥੇ ਉਸ ਵੇਲੇ ਕਾਫੀ ਦੌਲਤ ਸੀ।

ਲੌਕਹਾਰਟ ਕਈ ਭਾਰਤੀ ਤੇ ਯੂਰਪੀ ਇਤਿਹਾਸਕਾਰਾਂ ਦੇ ਹਵਾਲੇ ਨਾਲ ਕਹਿੰਦੇ ਹਨ, “ਕਈ ਇਤਿਹਾਸਕਾਰ ਇਹ ਮੰਨਦੇ ਹਨ ਕਿ ਨਾਦਰ ਸ਼ਾਹ ਨੇ ਦੱਕਨ ਦੇ ਵਾਇਸਰੌਇ ਨਿਜ਼ਾਮ-ਉਲ-ਮੁਲਕ ਤੇ ਅਵਧ ਦੇ ਸੂਬੇਦਾਰ ਸਾਦਤ ਖ਼ਾਨ ਦੇ ਸੱਦੇ ਉੱਤੇ ਭਾਰਤ ’ਤੇ ਹਮਲਾ ਕੀਤਾ ਸੀ।”

ਅਹਿਮਦ ਸ਼ਾਹ ਅਬਦਾਲੀ
Getty Images
ਅਹਿਮਦ ਸ਼ਾਹ ਅਬਦਾਲੀ

ਦਿੱਲੀ ਨੂੰ ਤਬਾਹ ਕਰਨਾ

ਜਨਵਰੀ 1739 ਈਸਵੀ ਵਿੱਚ ਨਾਦਰ ਸ਼ਾਹ ਨੇ ਭਾਰਤ ਉੱਤੇ ਹਮਲਾ ਕੀਤਾ ਸੀ।

ਉਸ ਨੂੰ ਲਾਹੌਰ ਦੇ ਗਵਰਨਰ ਜ਼ਕਰੀਆ ਖ਼ਾਨ ਨੇ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਪਰ ਦਿੱਲੀ ਦਰਬਾਰ ਵੱਲੋਂ ਮਦਦ ਨਾ ਮਿਲਣ ਕਾਰਨ ਜ਼ਕਰੀਆ ਖ਼ਾਨ ਨੇ ਨਾਦਰ ਸ਼ਾਹ ਨੇ ਅੱਗੇ ਗੋਢੇ ਟੇਕ ਦਿੱਤੇ।

ਲੌਕਹਾਰਟ ਦੱਸਦੇ ਹਨ, “ਜ਼ਕਰੀਆ ਖ਼ਾਨ ਨੇ ਨਾਦਰ ਸ਼ਾਹ ਨੂੰ 20 ਲੱਖ ਦਾ ਸੋਨਾ, ਕਈ ਹਾਥੀ ਅਤੇ ਹੋਰ ਤੋਹਫ਼ੇ ਦਿੱਤੇ। ਨਾਦਰ ਸ਼ਾਹ ਲਾਹੌਰ ਵਿੱਚ 12 ਦਿਨ ਰਿਹਾ ਤੇ ਉਸੇ ਵੇਲੇ ਤੋਂ ਹੀ ਖੁਦ ਨੂੰ ਹਿੰਦੋਸਤਾਨ ਦਾ ਬਾਦਸ਼ਾਹ ਸਮਝਣ ਲਗ ਪਿਆ ਸੀ।”

ਨਾਦਰ ਸ਼ਾਹ ਦੀ ਫੌਜ ਦਾ ਮੁਗਲੀਆ ਫੌਜ ਨਾਲ ਕਰਨਾਲ ਵਿੱਚ ਟਾਕਰਾ ਹੋਇਆ। ਮੁਗਲੀਆ ਫੌਜ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਲੋਕਹਾਰਟ ਲਿਖਦੇ ਹਨ, “ਜਦੋਂ ਨਾਦਰ ਸ਼ਾਹ ਦਿੱਲੀ ਪਹੁੰਚਿਆ ਤਾਂ ਉਸ ਬਾਰੇ ਇਹ ਅਫ਼ਵਾਹ ਫੈਲ ਗਈ ਕਿ ਉਸ ਨੂੰ ਮੁਗਲ ਬਾਦਸ਼ਾਹ ਨੇ ਕੈਦ ਕਰ ਲਿਆ ਹੈ। ਅਜਿਹੀਆਂ ਕਈ ਅਫ਼ਵਾਹਾਂ ਕਾਰਨ ਨਾਦਰ ਸ਼ਾਹ ਦੀ ਫੌਜ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ ਤੇ ਕਈ ਫੌਜੀ ਮਾਰੇ ਗਏ।”

“ਨਾਦਰ ਸ਼ਾਹ ਨੂੰ ਜਦੋਂ ਪਤਾ ਲੱਗਿਆ ਤਾਂ ਉਸ ਨੇ ਦਿੱਲੀ ਵਿੱਚ ਕਤਲੇਆਮ ਤੇ ਲੁੱਟ ਦੇ ਹੁਕਮ ਦਿੱਤੇ।”

“ਨਾਦਰ ਸ਼ਾਹ ਦਿੱਲੀ ਦੇ ਚਾਂਦਨੀ ਚੌਂਕ ’ਚ ਸਥਿਤ ਸੋਨੇ ਦੀ ਗੁੰਬਦ ਵਾਲੀ ਮਸੀਤ ਉੱਤੇ ਚੜ੍ਹ ਗਿਆ ਤੇ ਉਸ ਨੇ ਆਪਣੀ ਫੌਜ ਨੂੰ ਕਤਲੇਆਮ ਕਰਨ ਦੇ ਹੁਕਮ ਦੇ ਦਿੱਤੇ।”

“ਸਵੇਰੇ 9 ਵਜੇ ਸ਼ੁਰੂ ਹੋਇਆ ਕਤਲੇਆਮ ਤੇ ਲੁੱਟ ਦਾ ਸਿਲਸਿਲਾ ਦੁਪਹਿਰ 3 ਵਜੇ ਉਸ ਵੇਲੇ ਰੁਕਿਆ ਜਦੋਂ ਮੁਗਲ ਦਰਬਾਰ ਦੇ ਨੁਮਾਇੰਦੇ ਰਹਿਮ ਦੀ ਅਪੀਲ ਕਰਨ ਨਾਦਰ ਸ਼ਾਹ ਕੋਲ ਪਹੁੰਚੇ।”

ਨਾਦਰ ਸ਼ਾਹ ਨੇ ਜੋ ਕਤਲੇਆਮ ਦਿੱਲੀ ਵਿੱਚ ਕੀਤਾ ਸੀ, ਉਸ ਦੀ ਮਿਸਾਲ ਬਹੁਤ ਹੀ ਘੱਟ ਮਿਲਦੀ ਹੈ।

ਜੇਮਜ਼ ਫੇਜ਼ਰ ਮੁਤਾਬਕ ਨਾਦਰ ਸ਼ਾਹ ਦੇ ਭਾਰਤ ਵਿੱਚ ਦਾਖ਼ਲ ਹੋਣ ਤੋਂ ਲੈ ਕੇ ਲਾਹੌਰ ਵਾਪਸੀ ਤੱਕ ਇਰਾਨ ਦੇ ਇਸ ਬਾਦਸ਼ਾਹ ਦੀਆਂ ਫੌਜਾਂ ਕਰੀਬ ਦੋ ਲੱਖ ਲੋਕਾਂ ਦਾ ਕਤਲ ਕਰ ਚੁੱਕੀਆਂ ਸਨ।

ਸ਼ਾਹੀ ਫ਼ੁਰਮਾਨ
gurdwaramehdianasahib
ਲਾਹੌਰ ਦੇ ਹਾਕਮ ਵੱਲੋਂ ਜਾਰੀ ਕੀਤਾ ਗਿਆ ਸ਼ਾਹੀ ਫ਼ਰਮਾਨ

ਪੰਜਾਬ ਦੇ ਕੀ ਹਾਲਾਤ ਸਨ?

ਨਾਦਰ ਸ਼ਾਹ ਦੇ ਹਮਲੇ ਵੇਲੇ ਪੰਜਾਬ ਦੇ ਹਾਲਾਤ ਬਾਰੇ ਇਤਿਹਾਸਕਾਰ ਹਰੀ ਰਾਮ ਗੁਪਤਾ ਨੇ ‘ਹਿਸਟਰੀ ਆਫ਼ ਸਿਖ਼ਸ ਭਾਗ-1’ ਵਿੱਚ ਜ਼ਿਕਰ ਕੀਤਾ ਹੈ।

ਉਹ ਕਹਿੰਦੇ ਹਨ, “ਨਾਦਰ ਸ਼ਾਹ ਕਰੀਬ ਪੰਜ ਮਹੀਨੇ ਭਾਰਤ ਵਿੱਚ ਰਿਹਾ। ਉਸ ਵੇਲੇ ਭਾਰਤ ਵਿੱਚ ਪੰਜਾਬ, ਸਰਹਿੰਦ, ਤੇ ਹੋਰ ਸੂਬਿਆਂ ਵਿੱਚ ਹਾਲਾਤ ਉੱਤੇ ਸਰਕਾਰ ਦਾ ਕੋਈ ਕਾਬੂ ਨਹੀਂ ਸੀ।”

“ਮਹਿਜ਼ ਨਾਮ ਦੀ ਸਰਕਾਰ ਸੀ। ਨਾਦਰ ਸ਼ਾਹ ਪੰਜਾਬ ਦੇ ਗਵਰਨਰ ਜ਼ਕਰੀਆ ਖ਼ਾਨ ਦੀ ਫੌਜ ਦਾ ਵੀ ਇੱਕ ਵੱਡਾ ਹਿੱਸਾ ਆਪਣੇ ਨਾਲ ਲੈ ਕੇ ਦਿੱਲੀ ਵੱਲ ਤੁਰ ਪਿਆ ਸੀ।”

ਨਿਹੰਗ ਸਿੰਘ
Getty Images
ਨਿਹੰਗ ਸਿੰਘ (ਸੰਕੇਤਕ ਤਸਵੀਰ)

ਸਿੱਖਾਂ ਨੇ ਕਿਵੇਂ ਹਾਲਾਤ ਦਾ ਫਾਇਦਾ ਚੁੱਕਿਆ

ਹਰੀ ਰਾਮ ਗੁਪਤਾ ਕਹਿੰਦੇ ਹਨ ਕਿ ਸਿੱਖਾਂ ਨੇ ਉਸ ਵੇਲੇ ਹਾਲਾਤ ਦਾ ਫਾਇਦਾ ਚੁੱਕਣ ਦਾ ਫੈਸਲਾ ਕੀਤਾ।

ਉਹ ਕਹਿੰਦੇ ਹਨ, “ਨਾਦਰ ਸ਼ਾਹ ਮਈ ਵਿੱਚ ਦਿੱਲੀ ਤੋਂ ਵਾਪਸੀ ਲਈ ਰਵਾਨਾ ਹੋਇਆ। ਉਸ ਵੇਲੇ ਸਿੱਖ ਲੀਡਰਾਂ ਨੇ ਆਪਣੇ ਲੋਕਾਂ ਨੂੰ ਇਕੱਠਾ ਕੀਤਾ ਤੇ ਤਾਕੀਦ ਕੀਤੀ ਕਿ ਨਾਦਰ ਸ਼ਾਹ ਦੇ ਕਾਫਲੇ ਉੱਤੇ ਹਮਲੇ ਦਾ ਕੋਈ ਵੀ ਮੌਕਾ ਨਾ ਛੱਡਿਆ ਨਾ ਜਾਵੇ।”

ਮੁੱਖ ਤੌਰ ਉੱਤੇ ਉਸ ਵੇਲੇ ਸਿੱਖਾਂ ਦੀ ਅਗਵਾਈ ਨਵਾਬ ਕਪੂਰ ਸਿੰਘ ਕਰ ਰਹੇ ਸਨ ਤੇ ਉਨ੍ਹਾਂ ਦੇ ਨਾਲ ਜੱਸਾ ਸਿੰਘ ਆਹਲੂਵਾਲੀਆ ਵਰਗੇ ਸਿੱਖ ਲੀਡਰ ਸਨ।

ਨਾਦਰ ਸ਼ਾਹ ਨੇ ਵਾਪਸੀ ਲਈ ਮਈ ਮਹੀਨੇ ਵਿੱਚ ਦਿੱਲੀ ਤੋਂ ਚਾਲੇ ਪਾਏ ਸੀ।

ਸਖ਼ਤ ਗ਼ਰਮੀ ਤੋਂ ਬਚਣ ਦੇ ਲਈ ਨਾਦਰ ਸ਼ਾਹ ਸਰਹੰਦ ਦੇ ਉੱਤਰ ਵੱਲ ਸਿਆਲਕੋਟ ਤੋਂ ਹੁੰਦੇ ਹੋਏ ਅਖ਼ਨੂਰ ਵੱਲ ਚਲਾ ਗਿਆ।

ਡਾਕਟਰ ਗੰਡਾ ਸਿੰਘ ਆਪਣੀ ਕਿਤਾਬ ‘ਜੱਸਾ ਸਿੰਘ ਆਹਲੂਵਾਲੀਆ’ ਵਿੱਚ ਲਿਖਦੇ ਹਨ, “ਨਾਦਰ ਸ਼ਾਹ ਨੂੰ ਰਾਹ ਬਦਲਣਾ ਮਹਿੰਗਾ ਪਿਆ। ਕੀਰਤਪੁਰ ਤੇ ਆਨੰਦਪੁਰ ਦੀਆਂ ਪਹਾੜੀਆਂ ਵਿੱਚ ਬੈਠੇ ਸਿੱਖ ਕਈ ਦਿਨਾਂ ਤੋਂ ਰਸਦ ਤੋਂ ਵਾਂਝੇ ਸਨ।”

“ਪਹਾੜੀ ਇਲਾਕਿਆਂ ਨੇ ਸਿੱਖਾਂ ਲਈ ਨਾਦਰ ਸ਼ਾਹ ਦੀ ਫੌਜ ਪਾਸੋਂ ਰਸਦ ਅਤੇ ਮਾਲ ਖਜ਼ਾਨਾ ਖੋਹ ਕੇ ਵਾਪਸ ਮੁੜ ਜਾਣਾ ਸੌਖਾ ਕਰ ਦਿੱਤਾ ਸੀ।”

“ਸਿੱਖਾਂ ਨੇ ਕਈ ਵਾਰ ਛਾਪੇਮਾਰੀ ਤਰੀਕੇ ਨਾਲ ਜੰਗ ਕਰਕੇ ਨਾਦਰ ਸ਼ਾਹ ਦੇ ਕਾਫਲੇ ਉੱਤੇ ਹਮਲੇ ਕੀਤੇ।”

BBC
BBC

ਸਿੱਖਾਂ ’ਤੇ ਹੋਏ ਹਮਲੇ ਤੇ ਉਨ੍ਹਾਂ ਦੇ ਪਲਟਵਾਰ

  • ਜਨਵਰੀ 1739 ਵਿੱਚ ਨਾਦਰ ਸ਼ਾਹ ਨੇ ਭਾਰਤ ਉੱਤੇ ਹਮਲਾ ਕੀਤਾ।
  • ਦਰਬਾਰ ਵੱਲੋਂ ਮਦਦ ਨਾ ਮਿਲਣ ਕਾਰਨ ਜ਼ਕਰੀਆ ਖ਼ਾਨ ਨੇ ਨਾਦਰ ਸ਼ਾਹ ਨੇ ਅੱਗੇ ਗੋਢੇ ਟੇਕ ਦਿੱਤੇ।
  • ਜ਼ਕਰੀਆ ਖ਼ਾਨ ਨੇ ਨਾਦਰ ਸ਼ਾਹ ਨੂੰ 20 ਲੱਖ ਦਾ ਸੋਨਾ, ਕਈ ਹਾਥੀ ਅਤੇ ਹੋਰ ਤੋਹਫ਼ੇ ਦਿੱਤੇ।
  • ਨਾਦਰ ਸ਼ਾਹ ਲਾਹੌਰ ਵਿੱਚ 12 ਦਿਨ ਰਿਹਾ ਤੇ ਉਸੇ ਵੇਲੇ ਤੋਂ ਹੀ ਖੁਦ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਸਮਝਣ ਲਗ ਪਿਆ ਸੀ।
  • 714-1753 ਵਿਚਾਲੇ ਸਿੱਖਾਂ ਦਾ ਸੱਤ ਵਾਰ ਕਤਲੇਆਮ ਹੋਇਆ ਹੈ।
  • ਅਫਗਾਨ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਨੇ ਪਹਿਲਾ ਹਮਲਾ 1748 ਵਿੱਚ ਕੀਤਾ ਅਤੇ 1765 ਤੱਕ ਉਸ ਦੇ ਹਮਲੇ ਜਾਰੀ ਰਹੇ।
  • ਅਬਦਾਲੀ ਨੇ ਸਿੱਖਾਂ ਉੱਤੇ ਫਰਵਰੀ 1762 ਵਿੱਚ ਹਮਲਾ ਕੀਤਾ ਜਿਸ ਵਿੱਚ ਇੱਕੋ ਦਿਨ ਵਿੱਚ 35 ਹਜ਼ਾਰ ਦੇ ਕਰੀਬ ਸਿੱਖ ਮਾਰੇ ਗਏ ਸਨ।
  • ਨਾਦਰ ਸ਼ਾਹ ਤਾਂ ਹਮਲਾ ਕਰਕੇ ਚਲਾ ਗਿਆ ਪਰ ਅਹਿਮਦ ਸ਼ਾਹ ਅਬਦਾਲੀ ਨਾਲ ਸਿੱਖਾਂ ਨੇ ਸਿੱਧਾ ਟਾਕਰਾ ਲਿਆ।
  • 1765 ਵਿੱਚ ਸਿੱਖਾਂ ਨੇ ਲਾਹੌਰ ਨੂੰ ਅਬਦਾਲੀ ਤੋਂ ਖੋਹ ਲਿਆ।
BBC
BBC
ਜੱਸਾ ਸਿੰਘ
gurdwaramehdianasahib
ਜੱਸਾ ਸਿੰਘ ਆਹਲੂਵਾਲੀਆ

ਪ੍ਰੋਫ਼ੈਸਰ ਇੰਦੂ ਬੰਗਾ ਨੇ ਪੰਜਾਬ ਅਤੇ ਸਿੱਖ ਇਤਿਹਾਸ ਉੱਤੇ ਕਾਫੀ ਕੰਮ ਕੀਤਾ ਹੈ ਤੇ ਉਨ੍ਹਾਂ ਨੇ ਇਸ ਵਿਸ਼ੇ ’ਤੇ ਕਈ ਕਿਤਾਬਾਂ ਵੀ ਲਿਖੀਆਂ ਹਨ।

ਉਹ ਕਹਿੰਦੇ ਹਨ, “ਪੰਜਾਬ ਵਿੱਚ ਉਸ ਵੇਲੇ ਸਰਕਾਰ ਦਾ ਰਾਜ ਨਾਮ ਦੇ ਬਰਾਬਰ ਸੀ। ਨਾਦਰ ਸ਼ਾਹ ਦਾ ਕਾਫਲਾ ਕਾਫ਼ੀ ਲੰਬਾ ਸੀ। ਸਿੱਖਾਂ ਨੇ ਛੋਟੇ-ਛੋਟੇ ਗਰੁੱਪ ਬਣਾਏ ਤੇ ਕਾਫਲੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।”

“ਨਾਦਰ ਸ਼ਾਹ ਦਾ ਕਾਫਲਾ ਤਾਂ ਇੰਨਾ ਵੱਡਾ ਸੀ ਕਿ ਪਹਿਲਾਂ ਤਾਂ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਸਿੱਖਾਂ ਵੱਲੋਂ ਅਜਿਹੇ ਹਮਲੇ ਕੀਤੇ ਜਾ ਰਹੇ ਹਨ। ਜਦੋਂ ਉਹ ਲਾਹੌਰ ਪਹੁੰਚਿਆ ਤਾਂ ਉਸ ਨੂੰ ਸਿੱਖਾਂ ਵੱਲੋਂ ਕੀਤੇ ਹਮਲਿਆਂ ਦੀ ਜਾਣਕਾਰੀ ਮਿਲੀ।”

ਸਿੱਖਾਂ ਬਾਰੇ ਨਾਦਰ ਸ਼ਾਹ ਤੇ ਜ਼ਕਰੀਆ ਖ਼ਾਨ ਵਿਚਾਲੇ ਗੱਲਬਾਤ ਨਾਲ ਜੁੜਿਆ ਇੱਕ ਕਿੱਸਾ ਕਾਫੀ ਮਸ਼ਹੂਰ ਹੈ।

ਇਸ ਕਿੱਸੇ ਬਾਰੇ ਹਰੀ ਰਾਮ ਗੁਪਤਾ ਤੇ ਖੁਸ਼ਵੰਤ ਸਿੰਘ ਨੇ ਆਪਣੀਆਂ ਕਿਤਾਬਾਂ ਵਿੱਚ ਜ਼ਿਕਰ ਕੀਤਾ ਹੈ।

ਇੰਦੂ ਬੰਗਾ ਕਹਿੰਦੇ ਹਨ, “ਇਹ ਕਿੱਸਾ ਅਹਿਮਦ ਸ਼ਾਹ ਅਬਦਾਲੀ ਦੀ ਰਚਨਾ, ‘ਤਵਾਰੀਖ਼-ਏ-ਹਿੰਦ’ ਵਿੱਚ ਦਰਜ ਹੈ, ਜੋ 19ਵੀਂ ਸ਼ਤਾਬਦੀ ਵਿੱਚ ਲਿਖੀ ਗਈ ਸੀ।”

ਇਸ ਵਿੱਚ ਲਿਖਿਆ ਹੈ ਕਿ ਨਾਦਰ ਸ਼ਾਹ ਜ਼ਕਰੀਆ ਖ਼ਾਨ ਨੂੰ ਪੁੱਛਦਾ ਹੈ, “ਇਹ ਕੌਣ ਹਨ, ਜੋ ਮੇਰਾ ਕਾਫ਼ਲਾ ਲੁੱਟ ਰਹੇ ਹਨ, ਤਾਂ ਜ਼ਕਰੀਆ ਖ਼ਾਨ ਦਾ ਜਵਾਬ ਸੀ, ਇਹ ਹਿੰਦੂ ਫਕੀਰ ਹਨ, ਜੋ ਸਰੋਵਰ ਵਿੱਚ ਦੋ ਵਾਰ ਇਸ਼ਨਾਨ ਕਰਦੇ ਹਨ।”

“ਫਿਰ ਜ਼ਕਰੀਆ ਖ਼ਾਨ ਨੇ ਪੁੱਛਿਆ ਇਨ੍ਹਾਂ ਦੇ ਘਰ-ਬਾਰ ਕਿੱਥੇ ਹਨ? ਇਸ ਦੇ ਉੱਤਰ ਵਿੱਚ ਜ਼ਕਰੀਆ ਖ਼ਾਨ ਨੇ ਕਿਹਾ ਕਿ ਇਨ੍ਹਾਂ ਦੇ ਘਰ ਇਨ੍ਹਾਂ ਦੇ ਘੋੜਿਆਂ ਦੀਆਂ ਕਾਠਾਂ ’ਤੇ ਹੀ ਹਨ। ਫਿਰ ਨਾਦਰ ਸ਼ਾਹ ਨੇ ਕਿਹਾ, ਇਨ੍ਹਾਂ ਤੋਂ ਡਰਨਾ ਚਾਹੀਦਾ ਹੈ, ਉਹ ਸਮਾਂ ਲਾਗੇ ਹੀ ਹੈ, ਜਦੋਂ ਇਹ ਸਿਰ ਕੱਢਣਗੇ ਅਤੇ ਇਸ ਮੁਲਕ ਦੇ ਵਾਲੀ ਬਣਨਗੇ।”

ਨਿਹੰਘ ਸਿੰਘ
Getty Images
ਬਾਜ਼ ਗੁਰੂ ਗੋਬਿੰਦ ਸਿੰਘ ਦੇ ਸਾਥੀ ਵਜੋਂ ਜਾਣਿਆ ਜਾਂਦਾ ਹੈ

ਸਿੱਖ ਨਾਦਰ ਸ਼ਾਹ ਨੂੰ ਕਿੰਨਾ ਨੁਕਸਾਨ ਪਹੁੰਚਾ ਸਕੇ

ਡਾਕਟਰ ਗੰਡਾ ਸਿੰਘ ਮੁਤਾਬਕ ਸਿੱਖਾਂ ਵੱਲੋਂ ਨਾਦਰ ਸ਼ਾਹ ਦੇ ਕਾਫਲੇ ਉੱਤੇ ਹਮਲੇ ਮਈ ਦੇ ਆਖਰੀ ਹਫ਼ਤੇ ਵਿੱਚ ਕੀਤੇ ਗਏ ਸਨ।

ਐੱਲ ਲੌਕਹਾਰਟ ਵੀ ਜ਼ਿਕਰ ਕਰਦੇ ਹਨ, “ਕੀਮਤੀ ਸਾਮਾਨਾਂ ਨਾਲ ਲੱਦੇ ਹਾਥੀ-ਘੋੜਿਆਂ ਦਾ ਕਾਫਲਾ ਕਾਫੀ ਵੱਡਾ ਸੀ। ਵਾਪਸੀ ਵੇਲੇ ਰਾਹ ਵਿਚਾਲੇ ਇਨ੍ਹਾਂ ਲੁੱਟਾਂ ਕਾਰਨ ਨਾਦਰ ਸ਼ਾਹ ਦਾ ਕਾਫੀ ਨੁਕਸਾਨ ਹੋਇਆ ਸੀ।”

“ਇਹ ਕਿਹਾ ਜਾਂਦਾ ਹੈ ਕਿ ਕਰੀਬ ਇੱਕ ਹਜ਼ਾਰ ਕੀਮਤੀ ਸਮਾਨ ਨਾਲ ਲੱਦੇ ਹੋਏ ਹਾਥੀ ਘੋੜਿਆਂ ਨੂੰ ਕਾਫਲੇ ਕੋਲੋਂ ਲੁੱਟ ਲਿਆ ਗਿਆ ਸੀ।”

ਗੁਰਮਤਿ ਕਾਲਜ ਦਿੱਲੀ ਵਿੱਚ ਪ੍ਰੋਫੈਸਰ ਨਰਿੰਦਰਪਾਲ ਸਿੰਘ ਕਹਿੰਦੇ ਹਨ ਕਿ ਉਸ ਵੇਲੇ ਲੁੱਟ ਦਾ ਸਮਾਨ ਖੋਹੇ ਜਾਣ ਦੇ ਨਾਲ-ਨਾਲ ਸਿੱਖਾਂ ਵੱਲੋਂ ਗੁਲਾਮ ਬਣਾਈਆਂ ਗਈਆਂ ਕਈ ਔਰਤਾਂ ਨੂੰ ਵੀ ਛੁਡਵਾਇਆ ਗਿਆ ਸੀ।

ਨਰਿੰਦਰਪਾਲ ਸਿੰਘ ਮੁਤਾਬਕ ਕਰੀਬ 2200 ਔਰਤਾਂ ਨੂੰ ਸਿੱਖਾਂ ਨੇ ਇਨ੍ਹਾਂ ਹਮਲਿਆਂ ਵਿੱਚ ਛੁਡਵਾਇਆ ਸੀ।

ਇੰਦੂ ਬੰਗਾ ਅਨੁਸਾਰ ਔਰਤਾਂ ਨੂੰ ਛੁਡਵਾਉਣ ਸਬੰਧੀ ਉਸ ਵੇਲੇ ਦੇ ਕਿਸੇ ਇਤਿਹਾਸਕਾਰ ਦੇ ਹਵਾਲੇ ਨਹੀਂ ਮਿਲਦੇ ਪਰ ਬਾਅਦ ਵਿੱਚ ਜਦੋਂ ਸਿੱਖ ਰਿਆਸਤਾਂ ਬਣੀਆਂ ਤਾਂ ਸਿੱਖਾਂ ਬਾਰੇ ਇਤਿਹਾਸਕ ਹਵਾਲੇ ਲਿਖੇ ਗਏ।

“ਕਪੂਰਥਲਾ ਦੇ ਮਹਾਰਾਜਾ ਵੱਲੋਂ ਵੀ ਇਤਿਹਾਸ ਨੂੰ ਕਲਮਬੱਧ ਕਰਵਾਇਆ ਗਿਆ ਸੀ। ਉਸ ਵੇਲੇ ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਸਿੱਖਾਂ ਬਾਰੇ ਦਿੱਤੇ ਹਵਾਲਿਆਂ ਵਿੱਚ ਜ਼ਿਕਰ ਹੈ ਕਿ ਉਨ੍ਹਾਂ ਨੇ ਕਈ ਔਰਤਾਂ ਨੂੰ ਅਜ਼ਾਦ ਕਰਵਾ ਕੇ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਾਇਆ ਸੀ।”

ਸਿੱਖ ਕਤਲੇਆਮ
gurdwaramehdianasahib

ਸਿੱਖਾਂ ਵੱਲੋਂ ਢਾਈ ਫਟ ਦੀ ਨੀਤੀ ਤਹਿਤ ਹੋਏ ਹਮਲੇ

ਨਾਦਰ ਸ਼ਾਹ ਦੀ ਵੱਡੀ ਫੌਜ ਦੇ ਮੁਕਾਬਲੇ ਸਿੱਖਾਂ ਦੀ ਗਿਣਤੀ ਕਾਫੀ ਘੱਟ ਸੀ, ਇਸ ਲਈ ਸਿੱਧੀ ਲੜਾਈ ਲਈ ਸਿੱਖਾਂ ਕੋਲ ਸਾਧਨ ਨਹੀਂ ਸਨ।

ਇੰਦੂ ਬੰਗਾ ਕਹਿੰਦੇ ਹਨ, “ਸਿੱਖਾਂ ਵੱਲੋਂ ‘ਢਾਈ ਫਟ ਦੀ ਯੁੱਧ ਨੀਤੀ’ ਦਾ ਇਸਤੇਮਾਲ ਕੀਤਾ ਜਾਂਦਾ ਸੀ।”

ਢਾਈ ਫਟ ਨੀਤੀ ਦਾ ਮਤਲਬ ਹੈ। ਅਜਿਹਾ ਜੰਗੀ ਪੈਂਤੜਾ, ਜਿਸ ਵਿੱਚ ਹਮਲਾ ਉਸ ਸਮੇਂ ਕੀਤਾ ਜਾਵੇ ਜਦੋਂ ਦੁਸ਼ਮਣ ਆਰਾਮ ਕਰ ਰਿਹਾ ਹੋਵੇ ਜਾਂ ਲੜਾਈ ਵੱਲੋਂ ਅਵੇਸਲਾ ਹੋਇਆ ਹੋਵੇ।

ਹਮਲਾਵਰ ਧਿਰ ਦੁਸ਼ਮਣ ਦੇ ਸੰਭਲਣ ਤੋਂ ਪਹਿਲਾਂ ਹੀ ਅੱਧੇ ਪਲ ਵਿੱਚ ਉਸ ਉੱਤੇ ਵਾਰ ਕਰਦੀ ਹੈ ਤੇ ਅਗਲੇ ਪਲ ਵਿੱਚ ਹੀ ਉਹ ਫਿਰ ਲੁਕ-ਛਿਪ ਜਾਂਦੀ ਹੈ।

ਇੰਦੂ ਬੰਗਾ ਕਹਿੰਦੇ ਹਨ, “ਸਿੱਖਾਂ ਦੇ ਇਸ ਢਾਈ ਫਟ ਜੰਗੀ ਪੈਂਤੜੇ ਦਾ ਹਵਾਲਾ ਅਹਿਮਦ ਸ਼ਾਹ ਅਬਦਾਲੀ ਵੇਲੇ ਕਾਜ਼ੀ ਨੂਰ ਮੁਹੰਮਦ ਦੀ ਰਚਨਾ ‘ਜੰਗਨਾਮਾ’ ਵਿੱਚ ਮਿਲਦਾ ਹੈ।”

“ਕਾਜ਼ੀ ਨੂਰ ਮੁਹੰਮਦ 1764-65 ਵਿੱਚ ਅਹਿਮਦ ਸ਼ਾਹ ਅਬਦਾਲੀ ਨਾਲ ਭਾਰਤ ਆਇਆ ਸੀ। ਉਸ ਨੇ ਭਾਵੇਂ ਆਪਣੇ ਮਾਲਿਕ ਨਾਸਿਰ ਖਾਨ ਬਲੌਚ ਦੀ ਸਿਫਤ ਹੀ ਲਿਖੀ ਸੀ ਪਰ ਉਸ ਨੇ ਨਾਲ ਹੀ ਸਿੱਖਾਂ ਦੇ ਜੰਗਾਂ ਦੇ ਤਰੀਕਿਆਂ ਦਾ ਵੀ ਜ਼ਿਕਰ ਕੀਤਾ ਸੀ।”

“ਕਾਜ਼ੀ ਨੂਰ ਮੁਹੰਮਦ ਨੇ ਭਾਵੇਂ ਸਿੱਖਾਂ ਲਈ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਸੀ ਪਰ ਫਿਰ ਵੀ ਉਸ ਨੇ ਸਿੱਖਾਂ ਦੀ ਬਹਾਦੁਰੀ ਤੇ ਕਿਰਦਾਰ ਦੀ ਤਾਰੀਫ਼ ਕੀਤੀ ਸੀ।”

“ਜੰਗਨਾਮਾ ਵਿੱਚ ਕਾਜ਼ੀ ਨੂਰ ਮੁਹੰਮਦ ਨੇ ਲਿਖਿਆ ਸੀ ਕਿ ਇਨ੍ਹਾਂ ਤੋਂ ਬੇਹੱਦ ਸਾਵਧਾਨ ਰਹਿਣ ਦੀ ਲੋੜ ਹੈ। ਇਨ੍ਹਾਂ ਦਾ ਪਤਾ ਨਹੀਂ ਲਗਦਾ ਕਿ ਕਦੋਂ ਇਹ ਹਮਲਾ ਬੋਲ ਦਿੰਦੇ ਹਨ ਤੇ ਕਦੋਂ ਇੱਕਦਮ ਗਾਇਬ ਹੋ ਜਾਂਦੇ ਹਨ।”

ਅਹਿਮਦ ਸ਼ਾਹ ਅਬਦਾਲੀ
Getty Images
ਅਹਿਮਦ ਸ਼ਾਹ ਅਬਦਾਲੀ

ਨਾਦਰ ਸ਼ਾਹ ਦੇ ਹਮਲਿਆਂ ਦਾ ਸਿੱਖਾਂ ’ਤੇ ਕੀ ਅਸਰ ਪਿਆ

ਪ੍ਰੋਫੈਸਰ ਨਰਿੰਦਰਪਾਲ ਕਹਿੰਦੇ ਹਨ, “1714-1753 ਵਿਚਾਲੇ ਸਿੱਖਾਂ ਦਾ ਸੱਤ ਵਾਰ ਕਤਲੇਆਮ ਹੋਇਆ ਹੈ। ਬਕਾਇਦਾ ਇਹ ਮੁਨਾਦੀ ਕਰਵਾਈ ਜਾਂਦੀ ਸੀ ਕਿ ਕੋਈ ਸਿੱਖ ਨਹੀਂ ਰਹਿਣਾ ਚਾਹੀਦਾ ਹੈ।”

“ਨਾਦਰ ਸ਼ਾਹ ਮਗਰੋਂ ਵੀ ਪੰਜਾਬ ਉੱਤੇ ਹਮਲੇ ਹੁੰਦੇ ਰਹੇ ਸਨ। ਅਫਗਾਨ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਨੇ ਪਹਿਲਾ ਹਮਲਾ 1748 ਵਿੱਚ ਕੀਤਾ ਅਤੇ 1765 ਤੱਕ ਉਸ ਦੇ ਹਮਲੇ ਜਾਰੀ ਰਹੇ।”

“ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਉੱਤੇ ਫਰਵਰੀ 1762 ਵਿੱਚ ਹਮਲਾ ਕੀਤਾ ਜਿਸ ਵਿੱਚ ਇੱਕੋ ਦਿਨ ਵਿੱਚ 35 ਹਜ਼ਾਰ ਦੇ ਕਰੀਬ ਸਿੱਖ ਮਾਰੇ ਗਏ ਸਨ। ਇਸ ਨੂੰ ਸਿੱਖ ਇਤਿਹਾਸ ਵਿੱਚ ‘ਵੱਡਾ ਘੱਲੂਘਾਰਾ’ ਕਿਹਾ ਜਾਂਦਾ ਹੈ।”

“ਉਸੇ ਸਾਲ ਅਕਤੂਬਰ ਵਿੱਚ ਸਿੱਖ ਅਹਿਮਦ ਸ਼ਾਹ ਅਬਦਾਲੀ ਉੱਤੇ ਹਮਲਾ ਕਰ ਦਿੰਦੇ ਹਨ, ਜਿਸ ਨਾਲ ਉਹ ਹੈਰਾਨ ਰਹਿ ਜਾਂਦਾ ਹੈ।”

ਇੰਦੂ ਬੰਗਾ ਕਹਿੰਦੇ ਹਨ, “ਨਾਦਰ ਸ਼ਾਹ ਤਾਂ ਹਮਲਾ ਕਰਕੇ ਚਲਾ ਗਿਆ ਪਰ ਅਹਿਮਦ ਸ਼ਾਹ ਅਬਦਾਲੀ ਨਾਲ ਸਿੱਖਾਂ ਨੇ ਸਿੱਧਾ ਟਾਕਰਾ ਲਿਆ।”

“ਅਬਦਾਲੀ ਦਾ ਮਕਸਦ ਸਿਰਫ਼ ਲੁੱਟਣਾ ਨਹੀਂ ਸੀ ਸਗੋਂ ਉਹ ਪੰਜਾਬ ਨੂੰ ਆਪਣੇ ਰਾਜ ਵਿੱਚ ਮਿਲਾਉਣਾ ਚਾਹੁੰਦਾ ਸੀ। ਉਸ ਨੇ ਪੰਜਾਬ ਵਿੱਚ ਨਿਯੁਕਤੀਆਂ ਵੀ ਕੀਤੀਆਂ ਸਨ।”

“ਮਰਾਠਿਆਂ ਤੋਂ ਬਾਅਦ ਮੁਗਲ ਨਹੀਂ ਸਗੋਂ ਸਿੱਖਾਂ ਨੇ ਅਬਦਾਲੀ ਨੂੰ ਟੱਕਰ ਦਿੱਤੀ। 1765 ਵਿੱਚ ਸਿੱਖਾਂ ਨੇ ਲਾਹੌਰ ਨੂੰ ਅਬਦਾਲੀ ਤੋਂ ਖੋਹ ਲਿਆ। ਇਸ ਤੋਂ ਬਾਅਦ ਉਸ ਨੇ ਪੂਰੀ ਵਾਹ ਲਾਈ ਪਰ ਲਾਹੌਰ ਵਾਪਸ ਨਾ ਲੈ ਸਕਿਆ।”

ਨਰਿੰਦਰਪਾਲ ਸਿੰਘ ਕਹਿੰਦੇ ਹਨ ਕਿ 1765 ਤੱਕ ਸਿੱਖਾਂ ਨੇ ਕਾਫੀ ਸੰਘਰਸ਼ ਕੀਤਾ ਪਰ ਉਸ ਮਗਰੋਂ ਸਿੱਖਾਂ ਦੀ ਸਿਆਸੀ ਤਾਕਤ ਸਿੱਖ ਮਿਸਲਾਂ ਕੋਲ ਆ ਗਈ ਤੇ ਉਹ ਇੱਕ ਮਜ਼ਬੂਤ ਤਾਕਤ ਵਜੋਂ ਪੰਜਾਬ ਵਿੱਚ ਉਭਰੇ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News