ਬੱਚਿਆਂ ਵਿੱਚ ਰੂਮੇਟਿਕ ਦਿਲ ਦੀ ਬਿਮਾਰੀ ਕੀ ਹੈ? ਕਿਵੇਂ ਇਸ ਤੋਂ ਬਚ ਸਕਦੇ ਹਾਂ
Thursday, Aug 24, 2023 - 01:46 PM (IST)


ਦੁਨੀਆਂ ਵਿੱਚ ਰੂਮੈਟਿਕ ਬੁਖ਼ਾਰ ਨਾਲ ਚਾਰ ਕਰੋੜ ਲੋਕ ਪ੍ਰਭਾਵਿਤ ਹਨ ਅਤੇ ਹਰ ਸਾਲ ਇਸ ਬਿਮਾਰੀ ਨਾਲ ਤਿੰਨ ਲੱਖ ਲੋਕਾਂ ਦੀ ਮੌਤ ਹੁੰਦੀ ਹੈ।
ਵਰਲਡ ਹਾਰਟ ਫਾਊਂਡੇਸ਼ਨ (ਡਬਲਯੂਐੱਚੱਐਫ) ਦੇ ਮੁਤਾਬਕ ਇਹ ਇੱਕ ਅਜਿਹੀ ਬਿਮਾਰੀ ਹੈ ਜੋ ਬਚਪਨ ਵਿੱਚ ਹੁੰਦੀ ਹੈ ਅਤੇ ਇਸ ਨਾਲ ਮੌਤ ਅਤੇ ਅਪਾਹਜਤਾ ਵੀ ਹੋ ਸਕਦੀ ਹੈ। ਸੰਸਥਾ ਦਾ ਕਹਿਣਾ ਹੈ ਕਿ ਇਹ ਬਿਮਾਰੀ ਪਿਛੜੇ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਜ਼ਿਆਦਾ ਹੁੰਦੀ ਹੈ।
ਗਲੋਬਲ ਬਰਡਨ ਆਫ ਡਿਜ਼ੀਜ਼ (2019) ਦੀ ਰਿਪੋਰਟ ਦੇ ਅਨੁਸਾਰ 5 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਰੂਮੈਟਿਕ ਹਾਰਟ ਡਿਜ਼ੀਜ਼ (ਆਰਐੱਚਡੀ) ਦੇ 1.5 ਲੱਖ ਤੋਂ ਵੀ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਜਦਕਿ ਇਸ ਨਾਲ ਪੀੜਤ ਬੱਚਿਆਂ ਦੀ ਗਿਣਤੀ ਸੱਤ ਲੱਖ ਤੋਂ ਵੱਧ ਸੀ।
ਇਸ ਬਿਮਾਰੀ ਉੱਤੇ ਹਾਲ ਹੀ ਵਿੱਚ ਆਲ ਇੰਡੀਆਂ ਇੰਸਟੀਟਊਟ ਆਫ ਮੈਡੀਕਲ ਸਾਇੰਸਸ (ਏਮਸ) ਅਤੇ ਰਾਮ ਮਨੋਹਰ ਲੋਹੀਆ (ਆਰਐੱਮਐੱਲ) ਹਸਪਤਾਲ ਦੇ ਡਾਕਟਰਾਂ ਨੇ ਇੱਕ ਖੋਜ ਕੀਤੀ ਹੈ।
ਆਰਐੱਮਐੱਲ ਵਿੱਚ ਬਾਲ ਰੋਗਾਂ ਦੇ ਵਿਸ਼ੇਸ਼ ਵਿਭਾਗ ਦੇ ਪ੍ਰਮੁੱਖ ਡਾਕਟਰ ਦਿਨੇਸ਼ ਯਾਦਵ ਬੀਬੀਸੀ ਨਾਲ ਗੱਲ ਕਰਦੇ ਹੋਏ ਦੱਸਦੇ ਹਨ ਕਿ ਉਨ੍ਹਾਂ ਨੇ ਖੋਜ ਦੇ ਲਈ 30 ਬੱਚਿਆਂ ਨੂੰ ਚੁਣਿਆ ਜੋ ਉੱਤਰ ਭਾਰਤ ਦੇ ਅਲਗ-ਅਲਗ ਇਲਾਕਿਆਂ ਵਿੱਚ ਉਨ੍ਹਾਂ ਦੇ ਕੋਲ ਇਸ ਬਿਮਾਰੀ ਦੇ ਇਲਾਜ ਲਈ ਆਉਂਦੇ ਸਨ।

ਖੋਜ ਕੀ ਕਹਿੰਦੀ ਹੈ
ਡਾਕਟਰ ਦਿਨੇਸ਼ ਯਾਦਵ ਨੇ ਆਪਣੀ ਖੋਜ ਵਿੱਚ ਦੱਸਿਆ, “ਅਸੀਂ ਇਹ ਜਾਣਨਾ ਚਾਹੁੰਦੇ ਸੀ ਕਿ ਦੁਨੀਆਂ ਦੇ 20 ਤੋਂ 25 ਫੀਸਦੀ ਮਾਮਲੇ ਭਾਰਤ ਵਿੱਚੋਂ ਕਿਉਂ ਆਉਂਦੇ ਹਨ। ਕੀ ਇਸਦੀ ਵਜ੍ਹਾ ਸਾਡਾ ਜੀਨ ਹੈ? ਹਾਲਾਂਕਿ ਸਾਡੀ ਖੋਜ ਦਾ ਸੈਂਪਲ ਸਾਈਜ਼ ਛੋਟਾ ਹੈ ਪਰ ਰੂਮੈਟਿਕ ਬੁਖ਼ਾਰ ਦੇ ਆ ਰਹੇ ਮਾਮਲਿਆਂ ਨੂੰ ਦੇਖਦਿਆਂ ਇਹ ਜ਼ਰੂਰੀ ਸੀ।”
ਉਨ੍ਹਾਂ ਦੇ ਅਨੁਸਾਰ, “ਅਸੀਂ ਇਹ ਜਾਣਿਆ ਕਿ ਜਿਨ੍ਹਾਂ ਬੱਚਿਆਂ ਨੂੰ ਅਸੀਂ ਖੋਜ ਵਿੱਚ ਸ਼ਾਮਲ ਕੀਤਾ ਸੀ ਉਨ੍ਹਾਂ ਵਿੱਚ ਕੁਝ ਐੱਚਐੱਲਏ (ਮਾਨਵ ਲਯੂਕੋਸਾਇਟ ਏਂਟੀਜਨ) ਇੱਕੋ-ਜਿਹੇ ਸਨ ਜੋ ਇਹ ਦੱਸਦਾ ਹੈ ਕਿ ਜਿਨ੍ਹਾਂ ਵਿੱਚ ਇਹ ਜੀਨ (ਐੱਚਐੱਲਏ) ਹੋਣਗੇ, ਉਨ੍ਹਾਂ ਵਿੱਚ ਰੂਮੈਟਿਕ ਫੀਵਰ ਜਾਂ ਆਰਐੱਚਡੀ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।”
ਡਾਕਟਰ ਦਿਨੇਸ਼ ਯਾਦਵ ਦੱਸਦੇ ਹਨ, “ਬੱਚਿਆਂ ਨੂੰ ਇਸ ਬਿਮਾਰੀ ਤੋਂ ਪ੍ਰਭਾਵਿਤ ਕਰਨ ਦੇ ਲਈ ਇੱਕ ਖ਼ਾਸ ਕਿਸਮ ਦਾ ਬੈਕਟੀਰੀਆ (ਸਟ੍ਰੇਪਟੋਕੋਕਲ ਫੈਰਿਨਜ਼ਾਇਟਿਸ) ਜ਼ਿੰਮੇਵਾਰ ਹੁੰਦਾ ਹੈ। ਇਸ ਬਿਮਾਰੀ ਵਿੱਚ ਬੱਚੇ ਜਾਂ ਜਵਾਨ ਨੂੰ ਬੁਖ਼ਾਰ ਹੁੰਦਾ ਹੈ ਫਿਰ ਰੂਮੈਟਿਕ ਫੀਵਰ (ਬੁਖ਼ਾਰ) ਦਾ ਅਟੈਕ ਹੋਣ ਲੱਗਦਾ ਹੈ।”

ਕੀ ਹਨ ਲੱਛਣ
ਰੂਮੈਟਿਕ ਬੁਖ਼ਾਰ ਹੋਣ ਦੇ ਕਈ ਲੱਛਣ ਹੁੰਦੇ ਹਨ -
- ਗਲੇ ਵਿੱਚ ਖ਼ਰਾਸ਼ ਹੋਣੀ
- ਬੁਖ਼ਾਰ ਹੋਣਾ
- ਗੋਡੇ, ਕੂਹਣੀ ਅਤੇ ਗੁੱਟ ਦੇ ਜੋੜਾਂ ਵਿੱਚ ਦਰਦ ਹੋਣਾ
- ਥਕਾਣ ਹੋਣੀ
ਆਰਐੱਚਡੀ ਦੇ ਕਈ ਲੱਛਣ ਇਸ ਵਿੱਚ ਸ਼ਾਮਲ ਹਨ
- ਸਾਹ ਚੜ੍ਹਨਾ
- ਖੰਘ
- ਛਾਤੀ ਵਿੱਚ ਦਰਦ ਹੋਣਾ
- ਜੋੜਾਂ ਵਿੱਚ ਦਰਦ
- ਥਕਾਨ ਹੋਣੀ
- ਢਿੱਡ, ਹੱਥ, ਅਤੇ ਪੈਰਾਂ ਵਿੱਚ ਸੋਜ ਪੈਣੀ

ਤੇਜ਼ ਸਾਹ ਲੈਣ ਦਾ ਮਤਲਬ
ਉੱਥੇ ਹੀ, ਡਾਕਟਰ ਦਿਨੇਸ਼ ਯਾਦਵ ਇਹ ਵੀ ਦੱਸਦੇ ਹਨ,ਅਜਿਹੇ ਵੀ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ ਇਸ ਨਾਲ ਪੀੜਤ ਬੱਚਿਆਂ ਨੂੰ ਅਜਿਹੀ ਕੋਈ ਸ਼ਿਕਾਇਤ ਨਹੀਂ ਹੁੰਦੀ ਅਤੇ ਬਾਅਦ ਵਿੱਚ ਜਾ ਕੇ ਪਤਾ ਲੱਗਦਾ ਹੈ ਕਿ ਇਹ ਬਿਮਾਰੀ ਉਨ੍ਹਾਂ ਦੇ ਦਿਲ ਉੱਤੇ ਅਸਰ ਕਰ ਗਈ ਹੈ।
ਇਸ ਨੂੰ ਸਮਝਾਉਂਦੇ ਹੋਏ ਡਾ. ਦਿਨੇਸ਼ ਧਾਦਵ ਕਹਿੰਦੇ ਹਨ, “ਇਸ ਬਿਮਾਰੀ ਵਿੱਚ ਜਦੋਂ ਤੁਹਾਨੂੰ ਸਾਹ ਠੀਕ ਤਰੀਕੇ ਨਹੀਂ ਆਉਂਦਾ ਤਾਂ ਦਿਲ ਦੀ ਗਤੀ ਵੱਧ ਜਾਂਦੀ ਹੈ, ਤੇਜ਼ ਸਾਹ ਲੈਣ ਦਾ ਮਤਲਬ ਹੀ ਹੁੰਦਾ ਹੈ ਕਿ ਦਿਲ ਫੇਲ੍ਹ ਹੋਣ ਲੱਗਾ ਹੈ, ਕਿਉਂਕਿ ਦਿਲ ਲਈ ਖ਼ੂਨ ਪੰਪ ਕਰਨਾ ਔਖਾ ਹੋ ਜਾਂਦਾ ਹੈ ਅਤੇ ਇਸਦਾ ਅਸਰ ਫੇਫੜਿਆਂ ‘ਤੇ ਪੈਂਦਾ ਹੈ।"
"ਇਸ ਕਾਰਨ ਸਾਹ ਚੜ੍ਹਨ ਲੱਗਦਾ ਹੈ ਜਾਂ ਛਾਤੀ ਵਿੱਚ ਦਰਦ ਹੋਣ ਲੱਗਦੀ ਹੈ।”
ਡਾਕਟਰਾਂ ਦੇ ਅਨੁਸਾਰ ਇਹ ਬਿਮਾਰੀ ਇਕ ਵੱਡੀ ਚੁਣੌਤੀ ਪੇਸ਼ ਕਰਦੀ ਹੈ ਕਿਉਂਕਿ ਜਦੋਂ ਤੁਸੀਂ ਕਈ ਵਾਰੀ ਲੋਕਾਂ ਕੋਲੋਂ ਰੂਮੈਟਿਕ ਬੁਖ਼ਾਰ ਦੇ ਲੱਛਣਾਂ ਬਾਰੇ ਪੁੱਛਦੇ ਹਾਂ ਤਾਂ ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਹੋਇਆ ਅਤੇ ਇਸਦੇ ਆਰਐੱਚਡੀ ਬਣਨ ਵਿੱਚ ਕਈ ਸਾਲ ਲੱਗ ਜਾਂਦੇ ਹਨ।
ਬਾਅਦ ਵਿੱਚ ਜਾ ਕੇ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਦਿਲ ਦਾ ਵਾਲਵ ਸੁੰਗੜ ਗਿਆ ਹੈ ਜਾਂ ਉਹ ਲੀਕ ਕਰਨ ਲੱਗਾ ਹੈ ਅਤੇ ਇਹ ਚੁਣੌਤੀਪੂਰਨ ਇਸ ਲਈ ਹੈ ਕਿਉਂਕਿ ਇਸ ਨਾਲ ਉਹ ਪੂਰੇ ਤਰੀਕੇ ਨਾਲ ਕੰਮ ਨਹੀਂ ਕਰ ਸਕਣਗੇ।

ਗਰਭ ਧਾਰਨ ਦੇ ਦੌਰਾਨ ਆਰਐੱਚਡੀ
ਡਾਕਟਰ ਦਿਨੇਸ਼ ਯਾਦਵ ਕਹਿੰਦੇ ਹਨ, “ਇਹ ਬਿਮਾਰੀ ਇੱਕ ਦੂਜੇ ਨਾਲ ਫੈਲਦੀ ਹੈ, ਖ਼ਾਸ ਕਰਕੇ ਜਿੱਥੇ ਭੀੜ ਵਾਲਾ ਇਲਾਕਾ ਹੁੰਦਾ ਹੈ ਨਾਲ ਹੀ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਸਾਫ-ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ।”
ਹਾਲਾਂਕਿ ਉਹ ਕਹਿੰਦੇ ਹਨ ਕਿ ਭਾਰਤ ਵਿੱਚ ਵੀ ਇਸ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਪਰ ਪੱਛਮੀ ਦੇਸ਼ਾਂ ਦੀ ਤੁਲਨਾ ਵਿੱਚ ਵਿਕਾਸਸ਼ੀਲ ਜਾਂ ਗਰੀਬ ਦੇਸ਼ਾਂ ਵਿੱਚ ਇਸਦਾ ਪ੍ਰਭਾਵ ਵੱਧ ਹੈ।
ਇਹ ਬਿਮਾਰੀ ਅਫਰੀਕੀ ਦੇਸ਼ਾਂ, ਪੱਛਮ ਏਸ਼ੀਆ, ਦੱਖਣ ਪੂਰਬ ਏਸ਼ੀਆ ਅਤੇ ਪੱਛਮੀ ਪ੍ਰਸ਼ਾਂਤ ਦੇ ਦੇਸ਼ਾਂ ਵਿੱਚ ਹੁੰਦੀ ਹੈ।
ਵਰਲਡ ਹਾਰਟ ਫਾਊਂਡੇਸ਼ਨ ਦੇ ਅਨੁਸਾਰ, ਰੂਮੈਟਿਕ ਹਾਰਟ ਡਿਜ਼ੀਜ਼ ਹੋਣ ਦਾ ਖ਼ਤਰਾ ਕੁੜੀਆਂ ਅਤੇ ਔਰਤਾਂ ਵਿੱਚ ਮੁੰਡਿਆਂ ਜਾਂ ਮਰਦਾਂ ਦੇ ਮੁਕਾਬਲੇ ਦੁੱਗਣਾ ਹੁੰਦਾ ਹੈ।
ਗਰਭਧਾਰਨ ਦੇ ਦੌਰਾਨ ਦਿਲ ਨਾਲ ਜੁੜੀਆਂ ਦਿੱਕਤਾਂ ਵਿੱਚ ਵੀ ਰੂਮੈਟਿਕ ਹਾਰਡ ਡਿਜ਼ੀਜ਼ ਅਹਿਮ ਭੂਮਿਕਾ ਨਿਭਾਉਂਦੀ ਹੈ।

ਕੀ ਹੈ ਇਲਾਜ
ਉੱਥੇ ਹੀ ਇਸ ਬਿਮਾਰੀ ਨਾਲ ਇੱਕ ਗਰਭਵਤੀ ਔਰਤ ਨੂੰ ਹਾਰਟ ਅਟੈਕ ਅਤੇ ਦਿਲ ਦੀ ਧੜਕਨ ਦੇ ਵਧਣ-ਘਟਣ ਜਾਂ ਏਰਿਥਮਿਆ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ।
ਡਾਕਟਰ ਸਲਾਹ ਦਿੰਦੇ ਹਨ ਕਿ ਇਸ ਬਿਮਾਰੀ ਦਾ ਇਲਾਜ ਗੰਭੀਰਤਾ ਨਾਲ ਕਰਾਇਆ ਜਾਣਾ ਚਾਹੀਦਾ ਹੈ ਅਤੇ ਨੇਮਬੱਧ ਤਰੀਕੇ ਨਾਲ ਦਵਾਈਆਂ ਲੈਣੀਆਂ ਚਾਹੀਦੀਆਂ ਹਨ।
ਡਾ. ਦਿਨੇਸ਼ ਯਾਦਵ ਦੱਸਦੇ ਹਨ ਕਿ ਇਸ ਬਿਮਾਰੀ ਨੁੰ ਸ਼ੁਰੂਆਤ ਵਿੱਚ ਐਂਟੀਬਾਇੳਟਿਕ ਦੇ ਰਾਹੀਂ ਠੀਕ ਕੀਤਾ ਜਾਂਦਾ ਹੈ। ਉੱਥੇ ਹੀ ਸਥਿਤੀ ਥੋੜ੍ਹੀ ਖ਼ਰਾਬ ਹੋਣ ਉੱਤੇ ਪੈਂਸਿਲਿਨ ਦਾ ਇੰਜੈਕਸ਼ਨ ਵੀ ਦਿੱਤਾ ਜਾਂਦਾ ਹੈ।
ਵਰਲਡ ਹਾਰਟ ਫਾਊਂਡੇਸ਼ਨ ਅਤੇ ਡਾਕਟਰ ਇਹ ਸਲਾਹ ਦਿੰਦੇ ਹਨ ਜਿਨ੍ਹਾਂ ਦੇਸ਼ਾਂ ਵਿੱਚ ਆਰਐੱਚਡੀ ਦੇ ਮਾਮਲੇ ਜ਼ਿਆਦਾ ਆਉਂਦੇ ਹਨ ਉੱਥੇ ਸਰਕਾਰ ਨੂੰ ਦਵਾਈਆਂ ਦੀ ਉਪਲੱਬਧਤਾ ਉੱਤੇ ਤਾਂ ਧਿਆਨ ਦੇਣਾ ਹੀ ਚਾਹੀਦਾ ਹੈ।
ਇਸ ਦੇ ਨਾਲ ਹੀ ਸਾਫ਼-ਸਫ਼ਾਈ ਨੂੰ ਵੀ ਪਹਿਲ ਦੇਣੀ ਚਾਹੀਦੀ ਹੈ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਸਾਲ 2018 ਵਿੱਚ ਜਿਨੇਵਾ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਮੈਂਬਰ ਦੇਸ਼ਾਂ ਨੇ ਰੂਮੈਟਿਕ ਫ਼ੀਵਰ ਅਤੇ ਰੂਮੈਟਿਕ ਹਾਰਟ ਡਿਜ਼ੀਜ਼ ਉੱਤੇ ਸਰਬ-ਸਹਿਮਤੀ ਨਾਲ ਸਾਲਾਨਾ ਪ੍ਰਸਤਾਵ ਨੂੰ ਸਵੀਕਾਰ ਕੀਤਾ।
ਇਸ ਵਿੱਚ ਕਈ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਸਨ ਜਿਸ ਵਿੱਚ ਪ੍ਰਾਇਮਰੀ ਸਿਹਤ ਵਿੱਚ ਸੁਧਾਰ, ਇਸ ਬਿਮਾਰੀ ਦੀ ਜੜ੍ਹ ਵਿੱਚ ਜਾ ਕੇ ਉਸ ਦੇ ਕਾਰਨਾਂ ਉੱਤੇ ਕੰਮ ਕਰਨਾ ਅਤੇ ਦਵਾਈਆਂ ਅਤੇ ਹੋਰ ਤਕਨੀਕ ਨੂੰ ਲੋਕਾਂ ਤੱਕ ਪਹੁੰਚਾਉਣਾ ਆਦਿ ਹੈ।
ਉੱਥੇ ਹੀ ਮਾਹਰਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਖੋਜ ਛੋਟੀ ਹੈ ਪਰ ਇਸ ਨੂੰ ਵੱਡੇ ਪੱਧਰ ਉੱਤੇ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਉੱਤੇ ਕਾਰਗਰ ਤਰੀਕੇ ਨਾਲ ਕੰਮ ਕੀਤਾ ਜਾ ਸਕੇ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)