ਕੀ ਕਾਰਪੋਰੇਟ ਜਗਤ ਵਿੱਚ ਜੈੱਨ ਜ਼ੀ ਲੀਡਰਸ਼ਿਪ ਰੋਲ ਲਈ ਤਿਆਰ ਹੈ
Wednesday, Aug 23, 2023 - 03:46 PM (IST)


ਕਾਰਪੋਰੇਟ ਜਗਤ ਵਿੱਚ ਜੈੱਨ ਜ਼ੀ ਵਰਕਫੋਰਸ ਦਾ ਹਿੱਸਾ ਬਣ ਰਹੀ ਹੈ। ਮਿਲੇਨੀਅਨਜ਼ ਅਤੇ ਜੈੱਨ ਜ਼ੀ ਦੇ ਕੁਝ ਨੌਜਵਾਨ ਤੇਜ਼ੀ ਨਾਲ ਉੱਚੇ ਅਹੁਦਿਆਂ ੳਤੇ ਪਹੁੰਚ ਰਹੇ ਹਨ।
ਜਿਹੜੇ ਲੋਕ 1980 ਦੇ ਦਹਾਕੇ ਦੀ ਸ਼ੁਰੂਆਤ ਤੋਂ 1990 ਦੇ ਦਹਾਕੇ ਦੇ ਅੰਤ ਦੇ ਵਿੱਚ ਪੈਦਾ ਹੋਏ, ਉਨ੍ਹਾਂ ਨੂੰ ਮਿਲੇਨੀਅਲਜ਼ ਜਾਂ ਜੈਨੇਰੇਸ਼ਨ ਵਾਈ ਕਿਹਾ ਜਾਂਦਾ ਹੈ। ਇਨ੍ਹਾਂ ਦੀ ਉਮਰ ਅਜੇ 25 ਤੋਂ 40 ਸਾਲ ਦੇ ਵਿੱਚ ਹੈ, ਇਸ ਤੋਂ ਬਾਅਦ ਵਾਲੀ ਪੀੜ੍ਹੀ ਨੂੰ ਜੈਨਰੇਸ਼ਨ ਜ਼ੀ (ਜ਼ੈੱਡ) ਕਿਹਾ ਜਾਂਦਾ ਹੈ।
ਜੈੱਨ ਜ਼ੀ ਬਾਰੇ ਇਹ ਚਰਚਾ ਵੀ ਹੁੰਦੀ ਹੈ ਕਿ ਉਨ੍ਹਾਂ ਕੋਲ ਦਹਾਕਿਆਂ ਦਾ ਤਜ਼ਰਬਾ ਨਹੀਂ ਹੈ, ਤਾਂ ਕੀ ਉਹ ਜ਼ਿੰਮੇਵਾਰੀਆਂ ਸੰਭਾਲਣ ਦੇ ਸਮਰੱਥ ਹਨ?
30 ਸਾਲਾਂ ਦੇ ਨਿਸ਼ਠਾ ਯੋਗੇਸ਼ ਨੇ ਚਾਰ ਸਾਲ ਪਹਿਲਾਂ ‘ਹੁਨਰ ਆਨਲਾਈਨਜ਼ ਕੋਰਸਿਜ਼’ ਨਾਂ ਦੀ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਇਹ ਕੰਪਨੀ ਔਰਤਾਂ ਨੂੰ ਸਫ਼ਲ ਉੱਦਮੀ ਬਣਨ ਲਈ ਆਨਲਾਈਨ ਟ੍ਰੇਨਿੰਗ ਦਿੰਦੀ ਹੈ। ਨਿਸ਼ਠਾ 150 ਲੋਕਾਂ ਦੀ ਅਗਵਾਈ ਕਰ ਰਹੇ ਹਨ।
ਪਰ 30 ਸਾਲਾਂ ਦੇ ਨਿਸ਼ਠਾ ਯੋਗੇਸ਼ ਵਿੱਚ ਉਹ ਕੀ ਚੀਜ਼ ਹੈ, ਜਿਹੜੀ ਉਨ੍ਹਾਂ ਨੂੰ ਬਾਕੀ ਲੋਕਾਂ ਤੋਂ ਵੱਖ ਕਰਦੀ ਹੈ। ਜਵਾਬ ਹੈ - ਉਨ੍ਹਾਂ ਦੀ ਉਮਰ, ਜੋ ਜ਼ਿਆਦਾਤਰ ਸੀਈੳ ਦੀ ਉਮਰ ਤੋਂ ਕਾਫੀ ਘੱਟ ਹੈ।
ਨਿਸ਼ਠਾ ਆਤਮਵਿਸ਼ਵਾਸ ਨਾਲ ਕਹਿੰਦੇ ਹਨ, “ਮੈਂ 18 ਸਾਲ ਦੀ ਉਮਰ ਤੋਂ ਹੀ ਕਾਰਪੋਰੇਟ ਵਿੱਚ ਕੰਮ ਕਰ ਰਹੀ ਹਾਂ, ਜਿਸ ਤੋਂ ਬਾਅਦ ਮੈਂ ਆਪਣੀ ਕੰਪਨੀ ਦੀ ਸ਼ੁਰੂਆਤ ਕੀਤੀ। ਹਰ ਦਿਨ ਕੰਪਨੀ ਵਿੱਚ ਲਿਆ ਗਿਆ, ਕੋਈ ਵੀ ਨਵਾਂ ਫੈਸਲਾ ਮੈਨੂੰ ਮੇਰੀ ਲੀਡਰਸ਼ਿਪ ਦੇ ਗੁਣ ਪ੍ਰਤੀ ਹੋਰ ਵੱਧ ਆਤਮ ਵਿਸ਼ਵਾਸ ਨਾਲ ਭਰ ਦਿੰਦਾ ਹੈ।”

ਜ਼ਿਆਦਾਤਰ ਅਜਿਹਾ ਸਮਝਿਆ ਜਾਂਦਾ ਹੈ ਕਿ ਕਾਰਪੋਰੇਟ ਜਗਤ ਵਿੱਚ ਕਿਸੇ ਟੀਮ ਦੀ ਅਗਵਾਈ ਕਰਨ ਜਾਂ ਫਿਰ ਕੰਪਨੀ ਚਲਾਉਣ ਦੇ ਲਈ ਤੁਹਾਨੂੰ ਦਹਾਕਿਆਂ ਦੇ ਤਜ਼ਰਬੇ ਦੀ ਲੋੜ ਹੁੰਦੀ ਹੈ।
ਹਾਲਾਂਕਿ ਅੱਜ ਦੀ ਨੌਜਵਾਨ ਪੀੜ੍ਹੀ ਇਸ ਧਾਰਨਾ ਨੂੰ ਚੁਣੌਤੀ ਦੇ ਰਹੀ ਹੈ। ਉਹ ਸਮਾਂ ਆ ਗਿਆ ਹੈ ਜਦੋਂ ਮਿਲੇਨਿਅਲਜ਼ ਅਤੇ ਜੈੱਨ ਜ਼ੀ ਉੱਚੇ ਅਹੁਦੇ ਸੰਭਾਲ ਰਹੇ ਹਨ ਅਤੇ ਕਈ ਆਪਣੀਆਂ ਕੰਪਨੀਆਂ ਖੋਲ੍ਹ ਰਹੇ ਹਨ।
ਇਹ ਪੀੜ੍ਹੀ ਆਪਣੇ ਨਾਲ ਨਵਾਂ ਨਜ਼ਰੀਆ, ਕੰਮ ਕਰਨ ਦਾ ਨਵਾਂ ਤਰੀਕਾ ਅਤੇ ਨਵੀਂ ਮਾਨਸਿਕਤਾ ਲੈ ਕੇ ਆ ਰਹੀ ਹੈ।
ਇਸ ਪੀੜ੍ਹੀ ਦੇ ਨੌਜਵਾਨ ਲੀਡਰਸ਼ਿਪ ਭੂਮਿਕਾ ਆਪਣੇ ਤਰੀਕੇ ਨਾਲ ਚਲਾਉਣ ਦੇ ਲਈ ਤਤਪਰ ਹਨ ਪਰ ਇਹ ਸਵਾਲ ਵੀ ਉੱਠਦੇ ਹਨ ਕਿ ਕੀ ਉਹ ਵਾਕਈ ਤਿਆਰ ਹਨ?
ਤਜ਼ਰਬੇ ਦੀ ਘਾਟ

ਮੈਕੇਨਸੀ ਐਂਡ ਕੰਪਨੀ ਦੀ ਜੂਨ 2023 ਦੀ ਇੱਕ ਰਿਸਰਚ ਦੇ ਮੁਤਾਬਕ, ਪਿਛਲੇ ਨਾਲ ਨਿਯੁਕਤ ਕੀਤੇ ਗਏ ਐਸਐਂਡਪੀ 500 ਸੀਈੳ ਵਿੱਚੋਂ ਤੀਜਾ ਹਿੱਸਾ 50 ਸਾਲ ਦੀ ਉਮਰ ਤੋਂ ਘੱਟ ਦੇ ਲੋਕਾਂ ਦਾ ਸੀ, ਜੋ 2018 ਦੇ ਡਾਟਾ ਤੋਂ ਦੁੱਗਣਾ ਹੈ।
ਇੱਕ ਅਨੁਮਾਨ ਮੁਤਾਬਕ, ਇੱਕ ਸੀਈੳ ਦੀ ਔਸਤ ਉਮਰ 54 ਸਾਲ ਦੇ ਨੇੜੇ-ਤੇੜੇ ਹੁੰਦੀ ਹੈ। ਪਰ ਕਈ ਅੰਕੜੇ ਇਸ ਵੱਲ ਇਸ਼ਾਰਾ ਕਰਦੇ ਹਨ ਕਿ ਹੁਣ ਨੌਜਵਾਨ ਉੱਚੇ ਅਹੁਦਿਆਂ ਨੂੰ ਸੰਭਾਲਣ ਲਈ ਅੱਗੇ ਆ ਰਹੇ ਹਨ।
ਅਰਨਜ਼ ਐਂਡ ਯੰਗ ਨੇ 2021 ਵਿੱਚ ਇੱਕ ਸਰਵੇਖਣ ਕੀਤਾ ਸੀ, ਜਿਸ ਵਿੱਚ 46 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਆਪਣਾ ਕੰਮ ਸ਼ੁਰੂ ਕਰਨ ਦੇ ਜ਼ਿਆਦਾ ਇੱਛੁਕ ਹਨ।
ਪਰ ਮੈਨੇਜਮੈਂਟ ਜਗਤ ਦੇ ਕਈ ਮਾਹਰਾਂ ਦਾ ਮੰਨਣਾ ਹੈ ਕਿ ਕਦੇ-ਕਦੇ ਜਵਾਨ ਹੋਣਾ ਇੱਕ ਪ੍ਰਭਾਵਸ਼ਾਲੀ ਲੀਡਰ ਬਣਨ ਦੀ ਰਾਹ ਵਿੱਚ ਅੜਿੱਕਾ ਵੀ ਬਣ ਸਕਦਾ ਹੈ।
ਮਸਲਨ ਕਿਸੇ ਦੇ ਲਈ ਵੀ ਏਨੀ ਘੱਟ ਉਮਰ ਵਿੱਚ ਇਹ ਸਮਝ ਸਕਣਾ ਮੁਸ਼ਕਲ ਹੁੰਦਾ ਹੈ ਕਿ ਕੰਪਨੀ ਕਿਵੇਂ ਚਲਾਈ ਜਾਂਦੀ ਹੈ, ਕੰਪਨੀ ਚਲਾਉਣ ਲਈ ਫੰਡਿੰਗ ਕਿਵੇਂ ਆਉਂਦੀ ਹੈ ਜਾਂ ਫਿਰ ਪੈਸਾ ਕਿਵੇਂ ਕਮਾਇਆ ਜਾਵੇ।
ਪਰ ਪਿਛਲੇ 40 ਸਾਲਾਂ ਵਿੱਚ ਕਾਰਪੋਰੇਟ ਜਗਤ ਵਿੱਚ ਅਲੱਗ-ਅਲੱਗ ਖੇਤਰਾਂ ਨਾਲ ਸੰਬੰਧਤ ਕਪਨੀਆਂ ਵਿੱਚ ਡਾਇਰੈਕਟਰ ਐਚਆਰ ਦੀ ਭੂਮਿਕਾ ਨਿਭਾਅ ਚੁੱਕੇ ਅਤੇ ਹੁਣ ਪੀਪਲ ਏ2ਜ਼ੀ ਕੰਪਨੀ ਵਿੱਚ ਨਿਰਦੇਸ਼ਕ ਦੀਪਕ ਭਰਾਰਾ ਮੰਨਦੇ ਹਨ ਕਿ ਨੌਜਵਾਨ ਪੀੜ੍ਹੀ ਵਿੱਚ ਬਹੁਤ ਸਮਰੱਥਾ ਹੈ, ਪਰ ਕੁਝ ਚੀਜ਼ਾਂ ਹਨ ਜਿਨ੍ਹਾਂ ਉੱਤੇ ਉਨ੍ਹਾਂ ਨੂੰ ਧਿਆਨ ਦੇਣਾ ਚਾਹੀਦਾ ਹੈ।
ਉਹ ਕਹਿੰਦੇ ਹਨ, “ਇਹ ਪੀੜ੍ਹੀ ਬਹੁਤ ਬੇਸਬਰ ਹੈ, ਇਨ੍ਹਾਂ ਲੋਕਾਂ ਨੂੰ ਤੁਰੰਤ ਨਤੀਜੇ ਚਾਹੀਦੇ ਹੁੰਦੇ ਹਨ ਪਰ ਜ਼ਿੰਦਗੀ ਵਿੱਚ ਅਜਿਹਾ ਹੁੰਦਾ ਨਹੀਂ ਹੈ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਸਮਾਂ ਲੱਗਦਾ ਹੈ, ਕਈ ਵਾਰ ਕੌੜੀ ਸੱਚਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਟੀਮ ਵਿੱਚ ਕਟੌਤੀ, ਵਿੱਤੀ ਸੰਕਟ ਦੇ ਦੌਰ ਵਿੱਚ ਕੰਪਨੀ ਨੂੰ ਕਿਵੇਂ ਸੰਭਾਲ ਕੇ ਰੱਖਿਆ ਜਾ ਸਕਦਾ ਹੈ, ਇਨ੍ਹਾਂ ਚੀਜ਼ਾਂ ਦਾ ਤਜ਼ਰਬਾ ਇਨ੍ਹਾਂ ਦੇ ਕੋਲ ਹਾਲੇ ਇੰਨਾ ਨਹੀਂ ਹੈ, ਅਜਿਹੇ ਵਿੱਚ ਧੀਰਜ ਸਭ ਤੋਂ ਵੱਡੀ ਪੂੰਜੀ ਹੈ।”
ਬਾਜ਼ਾਰ ਦੇ ਮਾਹਰਾਂ ਦੇ ਮੁਤਾਬਕ, ਇਸ ਪੀੜ੍ਹੀ ਦੀ ਜੋ ਸਭ ਤੋਂ ਚੰਗੀ ਚੀਜ਼ ਇਹ ਹੈ ਉਹ ਤਕਨੀਕ ਨੂੰ ਬਹੁਤ ਚੰਗੇ ਤਰੀਕੇ ਸਮਝਦੇ ਹਨ, ਪਰ ਇਨ੍ਹਾਂ ਵਿੱਚ ਪਰਸਨਲ ਟੱਚ ਗਾਇਬ ਹੈ।

“ਸਾਨੂੰ ਪਤਾ ਹੈ ਕਿ ਸਾਨੂੰ ਕਿੰਨਾ ਨਹੀਂ ਪਤਾ”

ਐਚਆਰ ਐਕਸਪਰਟ ਦੀਪਕ ਭਰਾਰਾ ਦਾ ਮੰਨਣਾ ਹੈ, “ਸਾਡੀ ਪੀੜ੍ਹੀ ਦੇ ਲੋਕ ਜਦੋਂ ਨੌਕਰੀ ਉੱਤੇ ਜਾਂਦੇ ਸਨ, ਤਾਂ ਉਹ ਉਸ ਨੂੰ ਸਰਵਿਸ ਦੇ ਵਾਂਗ ਦੇਖਦੇ ਸੀ, ਪਰ ਅੱਜ ਦੀ ਪੀੜ੍ਹੀ ਖੁਦ ਨੂੰ ਇੱਕ ਉੱਦਮੀ ਵਾਂਗ ਵੇਖਦੀ ਹੈ, ਉਹ ਆਪਣੇ ਕੰਮ ਦੀ ਜਿੰਮੇਵਾਰੀ ਲੈਂਦੇ ਹਨ। ਇਹ ਪੀੜ੍ਹੀ ਟੈੱਕ ਸੇਵੀ (ਟੈਕਨੌਲੋਜੀ ਦੀ ਮਾਹਰ) ਹੈ, ਇਹ ਬਹੁਤ ਚੰਗੇ ਤਰੀਕੇ ਨਾਲ ਸਮਝਦੇ ਹਨ ਕਿ ਲੋਕਾਂ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ, ਕਿਵੇਂ ਮਿਲਣਾ ਹੈ, ਸੋਸ਼ਲ ਮੀਡੀਆ ਨੂੰ ਬਿਹਤਰੀ ਨਾਲ ਕਿਵੇਂ ਵਰਤਣਾ ਹੈ।”
ਕਈ ਖੋਜਾਂ ਦੇ ਮੁਤਾਬਕ ਨੌਜਵਾਨਾਂ ਵਿੱਚ ਟੀਮ ਸਪਿਰਿਟ ਦੀ ਭਾਵਨਾ ਪ੍ਰਬਲ ਹੈ, ਇਹ ਸਭ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਰੱਖਦੇ ਹਨ। ਡਾਇਵਰਸਿਟੀ ਐਂਡ ਇਨਕਲੂਜ਼ਨ ਇਨ੍ਹਾਂ ਦਾ ਮੰਤਰ ਹੈ।
ਜੈੱਨ ਵਾਈ ਅਤੇ ਜੈੱਨ ਜ਼ੀ ਦੀਆਂ ਕੀ ਖੂਬੀਆਂ ਹਨ, ਇਸ ਬਾਰੇ ਹੁਨਰ ਦੇ ਸੀਈੳ ਨਿਸ਼ਠਾ ਯੋਗੇਸ਼ ਦੱਸਦੇ ਹਨ ਕਿ “ਕਾਰਪੋਰੇਟ ਇੰਡੀਆ ਦਾ ਲੀਡਰਸ਼ਿਪ ਸਟਾਈਲ ਅਤੇ ਯੰਗ ਇੰਡੀਆ ਦਾ ਲੀਡਰਸ਼ਿਪ ਸਟਾਈਲ ਦੋਵੇਂ ਇੱਕ ਦੂਜੇ ਤੋਂ ਵੱਖਰੇ ਹਨ।”
“ਸਾਡਾ ਸਟਾਈਲ ਬਹੁਤ ਕੈਜੁਅਲ ਅਤੇ ਦੋਸਤਾਨਾ ਹੁੰਦਾ ਹੈ, ਅਸੀਂ ਸੱਚੀ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜੋ ਦੂਜੇ ਪਾਸੇ ਸਾਡੀ ਟੀਮ ਹੈ, ਜਿਸ ਕੋਲੋਂ ਅਸੀਂ ਕੰਮ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਨ੍ਹਾਂ ਦਾ ਨਜ਼ਰੀਆ ਕੀ ਹੈ, ਉਨ੍ਹਾਂ ਲਈ ਕੀ ਜ਼ਰੂਰੀ ਹੈ। ਜਦੋਂ ਤੁਸੀਂ ਇਹ ਗੱਲ ਚੰਗੀ ਤਰ੍ਹਾਂ ਸਮਝ ਜਾਓ ਕਿ ਸਾਹਮਣੇ ਵਾਲਾ ਕੀ ਚਾਹੁੰਦਾ ਹੈ ਉਸ ਦੀ ਤਰੱਕੀ ਕਿਵੇਂ ਹੋ ਸਕਦੀ ਹੈ ਤਾਂ ਕੋਈ ਵੀ ਟੀਮ ਮੈਂਬਰ ਤੁਹਾਡੇ ਲਈ ਦਿਨ-ਰਾਤ ਇੱਕ ਕਰ ਦੇਵੇਗਾ। ਮੈਂ ਕਹਾਂਗੀ ਕਿ ਇੱਕ ਨੌਜਵਾਨ ਲੀਡਰ ਨੂੰ ਇਹ ਪਤਾ ਹੈ ਕਿ ਉਸ ਨੂੰ ਕਿੰਨਾ ਨਹੀਂ ਪਤਾ।”
ਨਿਸ਼ਠਾ ਦੱਸਦੇ ਹਨ ਕਿ ਨੌਜਵਾਨ ਪੀੜ੍ਹੀ ਦੀ ਇਹ ਸੋਚ ਹੈ ਕਿ ਉਹ ਚੀਜਾਂ ਨੂੰ ਸਮਝਣਾ ਚਾਹੁੰਦੇ ਹਨ, ਬਜਾਏ ਇਸ ਨਜ਼ਰੀਏ ਦੇ ਕਿ, “ਮੈਂ ਕਹਿ ਦਿੱਤਾ ਤਾਂ ਕਹਿ ਦਿੱਤਾ। ਅੰਗਰੇਜ਼ੀ ਵਿੱਚ ਇਸ ਨੂੰ ਐਮਪੇਥੇਟਿਕ ਲੀਡਰਸ਼ਿਪ ਕਹਿੰਦੇ ਹਨ।”
“ਮੈਨੂੰ ਹਮੇਸ਼ਾ ਤੋਂ ਹੀ ਪਤਾ ਸੀ ਕਿ ਮੈਂ ਆਪਣਾ ਕੰਮ ਸ਼ੁਰੂ ਕਰਨਾ ਹੈ”

ਨੌਜਵਾਨ ਪੀੜ੍ਹੀ ਦੀ ਲੀਡਰਸ਼ਿਪ ਇਸ ਗੱਲ ਨੂੰ ਸਮਝਦੀ ਹੈ ਕਿ ਉਨ੍ਹਾਂ ਵਿੱਚ ਰਵਾਇਤੀ ਲੀਡਰਸ਼ਿਪ ਵਾਲੇ ਗੁਣ ਨਹੀ ਹਨ ਪਰ ਖੁਦ ਉੱਤੇ ਭਰੋਸਾ ਅਤੇ ਹਿੰਮਤ ਦੇ ਸਹਾਰੇ ਉਹ ਅੱਗੇ ਵਧ ਰਹੇ ਹਨ।
ਅੱਜ ਤੋਂ 10 ਸਾਲ ਪਹਿਲਾਂ, 19 ਸਾਲਾਂ ਦੇ ਤ੍ਰਿਸ਼ਨੀਤ ਅਰੋੜਾ ਨੇ ਆਪਣੀ ਕੰਪਨੀ ਟੈੱਕ ਸਕਿਉਰਟੀ ਦੀ ਸਥਾਪਨਾ ਕੀਤੀ ਸੀ।
ਅੱਜ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿਣ ਵਾਲੇ ਅਤੇ ਫੋਰਬਜ਼ ਅੰਡਰ 430 ਵਿੱਚ ਸ਼ਾਮਲ ਹੋ ਚੁੱਕੇ 29 ਸਾਲਾਂ ਦੇ ਤ੍ਰਿਸ਼ਨੀਤ ਅਰੋੜਾ, 100 ਲੋਕਾਂ ਦੀ ਅਗਵਾਈ ਕਰ ਰਹੇ ਹਨ।
ਉਹ ਦੱਸਦੇ ਹਨ, “ਬਚਪਨ ਤੋਂ ਹੀ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਮੈਂ ਆਪਣਾ ਕੰਮ ਸ਼ੁਰੂ ਕਰਨਾ ਹੈ ਅਤੇ ਜਦੋਂ ਘਰ ਵਿੱਚ ਪਹਿਲੀ ਵਾਰੀ ਕੰਪਿਊਟਰ ਆਇਆ ਤਾਂ ਤਕਨੀਕ ਦੀ ਦੁਨੀਆਂ ਵਿੱਚ ਮੇਰੀ ਦਿਲਚਸਪੀ ਵਧਣ ਲੱਗੀ।”
“ਸ਼ੁਰੂਆਤ ਵਿੱਚ ਲੋਕਾਂ ਨੂੰ ਲੱਗਦਾ ਸੀ ਕਿ ਜੋ ਮੈਂ ਕਰ ਰਿਹਾ ਹਾਂ ਉਹ ਸਿਰਫ ਸ਼ੌਂਕ ਦੇ ਲਈ ਕਰ ਰਿਹਾ ਹਾਂ, ਆਪਣਾ ਪੇਸ਼ਾ ਬਣਾਉਣ ਲਈ ਨਹੀਂ, ਮੈਂ ਉਦੋਂ ਹੋਰ ਬੱਚਿਆਂ ਵਰਗਾ ਦਿਖਦਾ ਸੀ, ਪਰ ਜਿਵੇਂ-ਜਿਵੇਂ ਚੀਜ਼ਾਂ ਬਦਲਦੀਆਂ ਗਈਆਂ ਉਵੇਂ-ਉਵੇਂ ਉਹੀ ਲੋਕ ਵਾਪਸ ਆਉਣ ਲੱਗੇ ਅਤੇ ਗੱਲ ਕਰਨ ਲੱਗੇ।”
“ਪਰ ਫਿਰ ਵਰ੍ਹਿਆਂ ਦੀ ਮਿਹਨਤ ਤੋਂ ਬਾਅਦ ਜਦੋਂ ਸਾਡੇ ਸਾਈਬਰ ਸਕਿਉਰਟੀ ਪ੍ਰੋਡਕਟ ਈਐਸੳਐਪ ਨੂੰ ਅਮਰੀਕੀ ਸਰਕਾਰ ਦੇ ਗਾਹਕਾਂ ਨੇ ਖਰੀਦਣਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਅਸੀਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।”
ਲੀਡਰਸ਼ਿਪ ਟ੍ਰੇਨਿੰਗ ਦੇ ਸੈਕਟਰ ਵਿੱਚ ਕੰਮ ਕਰਨ ਵਾਲੇ ਜਾਣਕਾਰਾਂ ਦੇ ਮੁਤਾਬਕ, ਜੋ ਸਭ ਤੋਂ ਚੰਗੀ ਗੱਲ ਇਸ ਨੌਜਵਾਨ ਪੀੜ੍ਹੀ ਵਿੱਚ ਹੈ ਉਹ ਇਹ ਹੈ ਕਿ ਇਹ ਤੁਰੰਤ ਫੀਡਬੈਕ ਅਤੇ ਰਿਜ਼ਲਟ ਦੇ ਮਾਡਲ ਉੱਤੇ ਭਰੋਸਾ ਕਰਦੇ ਹਨ। ਇਹ ਫੀਡਬੈਕ ਨੂੰ ਅਹਿਮੀਅਤ ਦਿੰਦੇ ਹਨ, ਜਿਸ ਤੋਂ ਬਾਅਦ ਇਹ ਖੁਦ ਨੁੰ ਮਾਰਕਿਟ ਦੀ ਜ਼ਰੂਰਤ ਦੇ ਹਿਸਾਬ ਨਾਲ ਬਦਲਣ ਦੀ ਕੋਸ਼ਿਸ਼ ਕਰਦੇ ਹਨ।
ਪਿਛਲੀ ਪੀੜ੍ਹੀ ਤੋਂ ਕੀ ਸਿੱਖ ਸਕਦੀ ਹੈ ਨੌਜਵਾਨ ਪੀੜ੍ਹੀ

ਦੀਪਕ ਭਰਾਰਾ ਦੇ ਮੁਤਾਬਿਕ ਪੁਰਾਣੀ ਪੀੜ੍ਹੀ ਜਿਸ ਨੂੰ ਬੇਬੀ ਬੂਮਰਜ਼ ਜਾਂ ਜੈੱਨ ਵਾਈ ਕਿਹਾ ਜਾਂਦਾ ਹੈ, ਉਨ੍ਹਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਨਵੀਂ ਪੀੜ੍ਹੀ ਦੇ ਜੋਸ਼ ਨੂੰ ਸਹੀ ਦਿਸ਼ਾ ਦੇਣ।
ਨਿਸ਼ਠਾ ਦੱਸਦੀ ਹੈ ਜੋ ਚੀਜ਼ ਸਾਨੂੰ ਆਪਣੀ ਪਿਛਲੀ ਪੀੜ੍ਹੀ ਤੋਂ ਸਿੱਖਣੀ ਚਾਹੀਦੀ ਹੈ, ਉਹ ਇਹ ਹੈ ਕਿ ਵੱਡੀਆਂ ਕੰਪਨੀਆਂ ਅਤੇ ਵੱਡੀਆਂ ਟੀਮਾਂ ਨੂੰ ਸੰਭਾਲਿਆ ਕਿਵੇਂ ਜਾਏ, ਕਿਉਂਕਿ ਉੱਥੇ ਤੁਹਾਡੇ ਕੋਲ ਹਰ ਚੀਜ਼ ਵਿੱਚ ਪਰਸਨਲ ਟੱਚ ਦੇਣ ਦਾ ਸਮਾਂ ਨਹੀਂ ਹੁੰਦਾ, ਸਾਨੂੰ ਕਿਉਂਕਿ ਏਨਾ ਤਜਰਬਾ ਨਹੀਂ ਹੈ, ਇਸ ਲਈ ਸਾਨੂੰ ਇਸ ਚੀਜ਼ ਉਨ੍ਹਾਂ ਤੋਂ ਸਿੱਖਣੀ ਚਾਹੀਦੀ ਹੇ।
ਤ੍ਰਿਸ਼ਨੀਤ ਕਹਿੰਦੇ ਹਨ, “ਸਾਡੇ ਤੋਂ ਪਹਿਲਾਂ ਵਾਲੀ ਪੀੜ੍ਹੀ ਵਿੱਚ ਬਹੁਤ ਠਹਿਰਾਅ ਸੀ, ਜੋ ਮੈਨੂੰ ਲੱਗਦਾ ਹੈ ਕਿ ਸਾਡੀ ਜਨਰੇਸ਼ਨ ਵਿੱਚ ਉੱਨਾ ਨਹੀਂ ਹੈ, ਦੂਜਾ ਪਹਿਲਾਂ ਰਿਲੇਸ਼ਨਸ਼ਿਪ ਬਣਾਉਣ ਉੱਤੇ ਜ਼ੋਰ ਦਿੱਤਾ ਜਾਂਦਾ ਸੀ, ਸਾਨੂੰ ਉਹ ਚੀਜ਼ਾਂ ਸਿੱਖਣ ਦੀ ਜ਼ਰੂਰਤ ਹੈ, ਹਾਲੇ ਅਸੀਂ ਲੋਕਾਂ ਦੀ ਕਦੇ ਮੁਲਾਕਾਤ ਵੀ ਨਹੀਂ ਹੋਈ ਹੁੰਦੀ ਅਤੇ ਅਸੀਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ, ਇਸਦਾ ਨੁਕਸਾਨ ਹੁੰਦਾ ਹੈ , ਸਾਨੂੰ ਪੁਰਾਣੀ ਪੀੜ੍ਹੀ ਤੋਂ ਸਿੱਖਣਾ ਚਾਹੀਦਾ ਹੈ ਪਰਸਨਲ ਟੱਚ ਕਿਵੇਂ ਬਣਾ ਕੇ ਰੱਖੀਏੇ।”
ਕਿਸ ਸੈਕਟਰ ਵਿੱਚ ਨੌਜਵਾਨ ਲੀਡਰ ਵੱਧ ਹਨ
ਜਾਣਕਾਰਾਂ ਦੇ ਮੁਤਾਬਕ ਆਈਟੀ ਸੈਕਟਰ, ਮਾਰਕਿਟਿੰਗ, ਸੋਸ਼ਲ ਮੀਡੀਆ, ਮੀਡੀਆ ਮੈਨੇਜਮੈਂਟਸ, ਬੈਂਕਿੰਗ ਸੈਕਟਰ ਖਾਸਕਰ ਇਨਵੈਸਟਮੈਂਟ ਬੈਂਕਿੰਗ ਵਿੱਚ ਜ਼ਿਆਦਾ ਨੌਜਵਾਨ ਦੇਖਣ ਨੂੰ ਮਿਲਦੇ ਹਨ।
ਇਹ ਲੋਕ ਚੁਣੌਤੀ ਭਰਿਆ ਕੰਮ ਕਰਨਾ ਪਸੰਦ ਕਰਦੇ ਹਨ, ਪਰ ਉੱਥੇ ਹੀ ਇੰਫਰਾਸਟਰਕਚਰ, ਮੈਨੂਫੈਕਚਰਿੰਗ, ਪਾਵਰ ਸੈਕਟਰ ਵਿੱਚ ਯੁਵਾ ਪੀੜ੍ਹੀ ਉੱਚੇ ਅਹੁਦਿਆਂ ‘ਤੇ ਜ਼ਿਆਦਾ ਨਜ਼ਰ ਨਹੀਂ ਆਉਂਦੀ।
ਅਖ਼ੀਰ ਵਿੱਚ ਦੀਪਕ ਭਰਾਰਾ ਕਹਿੰਦੇ ਹਨ, “ਲੀਡਰ ਉਹੀ ਹੁੰਦਾ ਹੈ, ਜੋ ਕੰਮ ਕਰ ਕੇ ਦਿਖਾਏ, ਜਿਸਨੂੰ ਪਤਾ ਹੋਵੇ ਕਿ ਕਦੋਂ ਅੱਗੇ ਹੋ ਕੇ ਅਗਵਾਈ ਕਰਨੀ ਹੈ, ਕਦੋਂ ਵਿੱਚ ਖੜ੍ਹਾ ਹੋਣਾ ਹੈ, ਕਦੋਂ ਕੋਨੇ ਉੱਤੇ ਜਾਣਾ ਹੈ ਅਤੇ ਕਦੋਂ ਟੀਮ ਨੂੰ ਆਪ ਕਰਨ ਲਈ ਛੱਡ ਦੇਣਾ ਹੈ, ਜੇਕਰ ਤੁਸੀਂ ਆਪ ਆਪਣੀ ਟੀਮ ਨੂੰ ਪ੍ਰੇਰਿਤ ਕਰਦੇ ਹਨ ਤਾਂ ਉਹ 200 ਫੀਸਦੀ ਬਿਹਤਰ ਕੰਮ ਕਰਦੇ ਹਨ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)