ਕਿਸਾਨ ਸੰਘਰਸ਼ : ਲੌਂਗੋਵਾਲ ਵਿੱਚ ਕਿਸਾਨ ਦੀ ਮੌਤ ਤੋਂ ਬਾਅਦ ਲੱਗਿਆ ਪੱਕਾ ਮੋਰਚਾ, ਸੰਯੁਕਤ ਮੋਰਚੇ ਨੇ ਸੰਭਾਲੀ ਕਮਾਂਡ

Tuesday, Aug 22, 2023 - 05:46 PM (IST)

ਕਿਸਾਨ ਸੰਘਰਸ਼ : ਲੌਂਗੋਵਾਲ ਵਿੱਚ ਕਿਸਾਨ ਦੀ ਮੌਤ ਤੋਂ ਬਾਅਦ ਲੱਗਿਆ ਪੱਕਾ ਮੋਰਚਾ, ਸੰਯੁਕਤ ਮੋਰਚੇ ਨੇ ਸੰਭਾਲੀ ਕਮਾਂਡ
ਕਿਸਾਨ ਮਾਰਚ
Kamal Saini/BBC

ਸੰਯੁਕਤ ਕਿਸਾਨ ਮੋਰਚੇ ਨੇ 2 ਸਿੰਤਬਰ ਨੂੰ ਚੰਡੀਗੜ੍ਹ ਵਿੱਚ ਬੈਠਕ ਕਰਕੇ ਕਿਸਾਨ ਸੰਘਰਸ਼ ਦੀ ਅਗਲੀ ਰਣਨੀਤੀ ਐਲਾਨਣ ਦਾ ਫੈਸਲਾ ਕੀਤਾ ਹੈ।

ਲੌਂਗੋਵਾਲ, ਵਿੱਚ ਜਿੱਥੇ ਸੋਮਵਾਰ ਨੂੰ ਕਿਸਾਨ ਪ੍ਰੀਤਮ ਸਿੰਘ ਦੀ ਪੁਲਿਸ ਲਾਠੀਚਾਰਜ ਦੌਰਾਨ ਮੱਚੀ ਭਗਦੜ ਦੌਰਾਨ ਮੌਤ ਹੋਈ ਸੀ। ਉੱਥੇ ਪਹੁੰਚ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।

ਸੰਗਰੂਰ ਜ਼ਿਲ੍ਹੇ ਦੇ ਪਿੰਡ ਮੰਡੇਰ ਕਲਾਂ ਦੇ ਰਹਿਣ ਵਾਲੇ ਕਿਸਾਨ ਪ੍ਰੀਤਮ ਸਿੰਘ ਚੰਡੀਗੜ੍ਹ ਵੱਲ ਮਾਰਚ ਦੌਰਾਨ ਟਰੈਕਟਰ ਥੱਲੇ ਆ ਕੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।

ਜ਼ਖਮੀ ਹਾਲਤ ਵਿੱਚ ਉਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸੰਗਰੂਰ ਦੇ ਲੌਂਗੋਵਾਲ ਵਿੱਚ ਰੋਸ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ, ਪੁਲਿਸ ਵੱਲੋਂ ਲਾਈਆਂ ਗਈਆਂ ਰੋਕਾਂ ਤੋੜ ਕੇ ਅੱਗੇ ਲੰਘ ਰਹੀਆਂ ਸਨ।

ਕਿਸਾਨ ਆਗੂਆਂ ਨੇ ਕਿਸਾਨ ਪ੍ਰੀਤਮ ਸਿੰਘ ਦੇ ਵਾਰਿਸਾਂ ਨੂੰ ਆਰਥਿਕ ਮਦਦ ਦੇਣ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਲੌਂਗੋਵਾਲ ਵਿੱਚ ਧਰਨਾ ਜਾਰੀ ਰੱਖਿਆ ਜਾਵੇਗਾ।

ਭਾਵੇਂ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਦੇ ਮੁਆਵਜ਼ੇ ਲਈ 186 ਕਰੋੜ ਰੁਪਏ ਜਾਰੀ ਕਰਨ ਦਾ ਦਾਅਵਾ ਕੀਤਾ ਹੈ।

ਕਿਸਾਨਾਂ ਅਤੇ ਪੁਲਿਸ ਦੀ ਝੜੱਪ
Kulveer Namol/BBC
ਕਿਸਾਨਾਂ ਅਤੇ ਪੁਲਿਸ ਦੀ ਝੜਪ ਦੌਰਾਨ ਜ਼ਖ਼ਮੀ ਹੋਏ ਕਿਸਾਨ

ਕਿਸਾਨਾਂ ਦਾ ਐਲਾਨ ਤੇ ਪੁਲਿਸ ਦੀ ਕਾਰਵਾਈ

ਕਿਸਾਨ ਜਥੇਬੰਦੀਆਂ ਵੱਲੋ ਇਹ ਐਲਾਨ ਕੀਤਾ ਗਿਆ ਸੀ ਕਿ ਮੰਗਲਵਾਰ ਨੂੰ ਪ੍ਰਦਰਸ਼ਨਕਾਰੀ, ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਸਬੰਧੀ ਪ੍ਰਦਰਸ਼ਨ ਕਰਨ ਲਈ ਚੰਡੀਗੜ੍ਹ ਪਹੁੰਚਣਗੇ।

ਕਿਸਾਨਾਂ ਵੱਲੋਂ ਇਸ ਐਲਾਨ ਤੋਂ ਬਾਅਦ ਸੂਬੇ ਵਿੱਚ ਵੱਖ-ਵੱਖ ਥਾਵਾਂ ''''ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ।

ਹਰ ਛੋਟੇ ਵੱਡੇ ਸ਼ਹਿਰ-ਕਸਬੇ ਵਿੱਚ ਪੁਲਿਸ ਨਾਕੇਬੰਦੀ ਨਾਲ ਚੰਡੀਗੜ੍ਹ ਵੱਲ ਵਧਣ ਤੋਂ ਰੋਕ ਦਿੱਤਾ।

ਪਰ ਬਜ਼ੁਰਗ ਕਿਸਾਨ ਦੀ ਮੌਤ ਤੋਂ ਬਾਅਦ ਹੁਣ ਇਹ ਵਿਰੋਧ ਹੋਰ ਵੀ ਭਖ ਗਿਆ ਹੈ।

ਕਿਸਾਨ ਜਥੇਬੰਦੀਆਂ, ਪੰਜਾਬ ਭਰ ਵਿੱਚ ਕੌਮੀ ਅਤੇ ਰਾਜ ਮਾਰਗਾਂ ''''ਤੇ ਟੋਲ ਪਲਾਜ਼ਿਆਂ ‘ਤੇ ਧਰਨੇ ਲਗਾ ਰਹੀਆਂ ਹਨ। ਕਈ ਥਾਵਾਂ ਉੱਤੇ ਟੋਲ ਪਲਾਜ਼ੇ ਮੁਕਤ ਕਰ ਦਿੱਤੇ ਗਏ ਹਨ।

ਭਾਵੇਂ ਕਿ ਭਾਰੀ ਬੰਦੋਬਸਤ ਕਾਰਨ ਕਿਸਾਨ ਚੰਡੀਗੜ੍ਹ ਨਹੀਂ ਪਹੁੰਚ ਸਕੇ, ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਨਾਕੇਬੰਦੀ ਨਾਲ ਪੁਲਿਸ ਨੇ ਰੋਕ ਲਿਆ।

ਕਿਸਾਨਾਂ ਅਤੇ ਪੁਲਿਸ ਦੀ ਝੜੱਪ
Kulveer Namol/BBC

ਪੁਲਿਸ ਕੀ ਕਹਿ ਰਹੀ

ਸੰਗਰੂਰ ਪੁਲਿਸ ਨੇ ਆਪਣੇ ਅਧਿਕਾਰਤ ਐਕਸ (ਟਵਿੱਟਰ) ਅਕਾਊਂਟ ਉੱਤੇ ਲਿਖਿਆ ਹੈ ਕਿ ਇਹ ਘਟਨਾ ਇੱਕ ਪ੍ਰਦਰਸ਼ਨਕਾਰੀ ਵੱਲੋਂ ਬੇਧਿਆਨੀ ਨਾਲ ਟਰੈਕਟਰ ਚਲਾਉਣ ਕਾਰਨ ਵਾਪਰੀ ਹੈ।

ਪੁਲਿਸ ਮੁਤਾਬਕ, ਇਸ ਦੌਰਾਨ ਇੱਕ ਪੁਲਿਸ ਇੰਸਪੈਕਟਰ ਵੀ ਜ਼ਖਮੀ ਹੋਏ ਹਨ।

ਘਟਨਾ ਤੋਂ ਬਾਅਦ, ਲੌਂਗੋਵਾਲ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪੁਲਿਸ ਥਾਣੇ ਨੇੜੇ ਪੱਕਾ ਧਰਨਾ ਲਾ ਦਿੱਤਾ ਗਿਆ ਹੈ।

ਕਿਸਾਨਾਂ ਦਾ ਮੰਗਲਵਾਰ ਨੂੰ ਚੰਡੀਗੜ੍ਹ ਘੇਰਨ ਦਾ ਐਲਾਨ

ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਅੰਦਰ ਰੋਸ-ਮੁਜ਼ਾਹਰੇ ਕੀਤੇ ਜਾ ਰਹੇ ਹਨ। ਕਿਸਾਨ ਜਥੇਬੰਦੀਆਂ ਨੇ 22 ਅਗਸਤ ਨੂੰ ਚੰਡੀਗੜ੍ਹ ਵੱਲ ਕੂਚ ਕਰਨ ਦਾ ਐਲਾਨ ਕੀਤਾ ਸੀ।

ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਮੰਗਲਾਵਰ ਨੂੰ ਚੰਡੀਗੜ੍ਹ ਵੱਲ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਵੱਡੇ ਪੱਧਰ ਉੱਤੇ ਪੁਲਿਸ ਦੀ ਤੈਨਾਤੀ ਵੀ ਕੀਤੀ ਗਈ ਹੈ।

ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਨੇ ਦੱਸਿਆ ਕਿ ਪਟਿਆਲਾ ਤੋਂ ਜ਼ੀਰਕਪੁਰ ਵਿਚਾਲੇ ਪੈਂਦੇ ਅਜ਼ੀਜ਼ਪੁਰ ਟੋਲ ਪਲਾਜ਼ਾ ਅਤੇ ਪੰਚਕੁਲਾ ਤੋਂ ਚੰਡੀਗੜ੍ਹ ਆਉਂਦੇ ਰਸਤੇ ਉੱਤੇ ਭਾਰੀ ਪੁਲਿਸ ਤੈਨਾਤ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਬਾਰਿਸ਼ ਪੈਣ ਕਾਰਨ ਹਾਲੇ ਕਿਸਾਨ ਕਿਤੇ ਇੱਕ ਜਗ੍ਹਾ ਇਕੱਠੇ ਨਹੀਂ ਹੋਏ ਹਨ ਅਤੇ ਅਜੇ ਹਾਲਾਤ ਸ਼ਾਂਤਮਈ ਹੀ ਹਨ।

ਕਿਸਾਨਾਂ ਅਤੇ ਪੁਲਿਸ ਦੀ ਝੜੱਪ
Kulveer Namol/BBC
ਲਾਈਨ
BBC

ਵਿਰੋਧ ਵਿੱਚ ਸ਼ਾਮਲ ਜਥੇਬੰਦੀਆਂ

ਕਿਸਾਨਾਂ ਅਤੇ ਪੁਲਿਸ ਦੀ ਝੜੱਪ
Kulveer Namol/BBC

ਉੱਤਰ-ਭਾਰਤ ਦੇ ਪੰਜ ਸੂਬਿਆਂ ਦੀਆਂ ਤਕਰੀਬਨ 16 ਜਥੇਬੰਦੀਆਂ ਇਸ ਵਿਰੋਧ ਵਿੱਚ ਸ਼ਾਮਲ ਹਨ।

ਇਨ੍ਹਾਂ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਭਾਰਤੀ ਕਿਸਾਨ ਯੂਨੀਅਨ (ਏਕਤਾ ਅਜ਼ਾਦ), ਆਜ਼ਾਦ ਕਿਸਾਨ ਕਮੇਟੀ, ਦੋਆਬਾ ਭਾਰਤੀ ਕਿਸਾਨ ਯੂਨੀਅਨ ਅਤੇ ਭੂਮੀ ਬਚਾਓ ਮੁਹਿੰਮ ਵੀ ਸ਼ਾਮਲ ਹੈ।

ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ''''ਚ ਸ਼ਾਮਲ ਜਥੇਬੰਦੀਆਂ ਇਸ ਵਿਰੋਧ ਵਿੱਚ ਸ਼ਾਮਲ ਨਹੀਂ ਸਨ, ਪਰ ਹੁਣ ਉਹ ਵੀ ਸਮਰਥਨ ਵਿੱਚ ਨਿੱਤਰ ਆਈਆਂ ਹਨ।

  • ਸੰਯੁਕਤ ਕਿਸਾਨ ਮੋਰਚੇ ਦੀਆਂ 32 ਕਿਸਾਨ ਜਥੇਬੰਦੀਆਂ ਨੇ ਆਪਣੇ ਬਿਆਨ ਵਿੱਚ ਕਿਹਾ-
  • ਗ੍ਰਿਫ਼ਤਾਰ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ
  • ਲਾਠੀਚਾਰਜ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ
  • ਹਫੜਾ-ਦਫੜੀ ਦੌਰਾਨ ਜਾਨ ਗੁਆਉਣ ਵਾਲੇ ਪ੍ਰੀਤਮ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।

ਕਿਸਾਨ ਆਗੂਆਂ ਨੇ ਕਿਹਾ ਕਿ ਹੜ੍ਹਾਂ ਕਾਰਨ ਹੋਈ ਵਿਆਪਕ ਤਬਾਹੀ ਨੂੰ ਰੋਕਣ ਅਤੇ ਹੜ੍ਹ ਪੀੜਤਾਂ ਨੂੰ ਮਦਦ ਮੁਹੱਈਆ ਕਰਾਉਣ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।

ਕਿਸਾਨ ਜਥੇਬੰਦੀਆਂ ਦੀਆਂ ਮੰਗਾਂ

ਕਿਸਾਨਾਂ ਅਤੇ ਪੁਲਿਸ ਦੀ ਝੜੱਪ
Kulveer Namol/BBC

ਕਿਸਾਨ ਜਥੇਬੰਦੀਆਂ ਜੁਲਾਈ ਵਿੱਚ ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ ਹੋਈ ਬਰਬਾਦੀ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕਰ ਰਹੀਆਂ ਹਨ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਸੀ ਕਿ ਜਥੇਬੰਦੀਆਂ ਦੀਆਂ ਮੰਗਾਂ ਵਿੱਚ ਹੜ੍ਹ ਪ੍ਰਭਾਵਿਤ ਫ਼ਸਲਾਂ ਲਈ 50,000 ਪ੍ਰਤੀ ਏਕੜ ਮੁਆਵਜ਼ਾ, ਬਾਸਮਤੀ ਦੀ ਸਹੀ ਕੀਮਤ, ਗੰਨੇ ਦੀਆਂ ਮਿੱਲਾਂ ਵੱਲੋਂ ਕਿਸਾਨਾਂ ਦਾ ਬਕਾਇਆ ਦਿੱਤਾ ਜਾਵੇ, ਪ੍ਰੀਪੇਡ ਮੀਟਰ ਅਤੇ ਨਸ਼ੇ ਦੀਆਂ ਸਮੱਸਿਆਵਾਂ ਸ਼ਾਮਿਲ ਹਨ।

ਬੀਤੇ ਦਿਨੀਂ ਪੁਲਿਸ ਨੇ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ ਸੀ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਸਰਵਣ ਸਿੰਘ ਪੰਧੇਰ, ਗੁਰਦੇਵ ਗੱਜੂਮਾਜਰਾ ਅਤੇ ਹੋਰ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਨਿਖੇਧੀ ਵੀ ਕੀਤੀ ਹੈ।

ਬ੍ਰਹਮ ਸ਼ੰਕਰ ਜਿੰਪਾ
ANI

ਸਰਕਾਰ ਦੀ ਕਹਿੰਦੀ ਹੈ

ਮਾਲ, ਮੁੜ ਵਸੇਬਾਂ ਤੇ ਆਫਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਕਿਸਾਨਾਂ ਨਾਲ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਤੇ ਸਰਕਾਰ ਹਮੇਸ਼ਾ ਖੜ੍ਹੀ ਹੈ।

ਉਨ੍ਹਾਂ ਨੇ ਕਿਹਾ, "ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਕਿਸਾਨਾਂ ਦੀ ਫ਼ਸਲ ਦੇ ਨੁਕਸਾਨ ਦੀ ਭਰਪਾਈ ਲਈ 186 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ।"

ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਮੁਆਵਜ਼ਾ ਖ਼ਾਸ ਤੌਰ ''''ਤੇ ਕਿਸਾਨਾਂ ਲਈ ਜਾਰੀ ਕੀਤਾ ਗਿਆ ਹੈ।

ਕਿਸਾਨਾਂ ਦੀਆਂ ਜ਼ਿਆਦਾਤਰ ਮੰਗਾਂ ਕੇਂਦਰ ਸਰਕਾਰ ਨਾਲ ਸਬੰਧਤ ਹਨ, ਜਿਸ ਲਈ ਮੁੱਖ ਮੰਤਰੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਕਿਸਾਨਾਂ ਦੇ ਮੁਜ਼ਾਹਰੇ ਬਾਰੇ ਉਨ੍ਹਾਂ ਨੇ ਕਿਹਾ, "ਜਦੋਂ ਸਰਕਾਰ ਕਿਸਾਨਾਂ ਨਾਲ ਹੈ ਤਾਂ ਉਨ੍ਹਾਂ ਨੂੰ ਵੀ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਮੁਜ਼ਾਹਰਿਆਂ ਦੌਰਾਨ ਕਈ ਵਾਰ ਪੁਲਿਸ ਤੇ ਲੋਕਾਂ ਵਿਚਾਲੇ ਹਾਲਾਤ ਅਜਿਹੇ ਬਣ ਜਾਂਦੇ ਹਨ।"

"ਸਾਨੂੰ ਇਸ ਦਾ ਘਟਨਾ ਦਾ ਅਫ਼ਸੋਸ ਹੈ। ਮ੍ਰਿਤਕ ਦੇ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇਗੀ।"

ਸ਼੍ਰੋਮਣੀ ਅਕਾਲੀ ਦਲ ਦਾ ਧਰਨਾ

ਕਿਸਾਨਾਂ ਅਤੇ ਪੁਲਿਸ ਦੀ ਝੜੱਪ
Kulveer Namol/BBC
ਕਿਸਾਨਾਂ ਅਤੇ ਪੁਲਿਸ ਦੀ ਝੜਪ ਦੌਰਾਨ ਜ਼ਖ਼ਮੀ ਹੋਏ ਕਿਸਾਨ

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਵੀ ਪਟਿਆਲਾ ਵਿੱਚ ਧਰਨਾ ਲਗਾ ਦਿੱਤਾ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ’ਤੇ ਤਸ਼ੱਦਦ ਸਾਰੇ ਹੱਦ ਬੰਨੇ ਟੱਪ ਚੁੱਕਾ ਹੈ।

ਉਨ੍ਹਾਂ ਕਿਹਾ, "ਕਿਸਾਨ ਪਿਛਲੇ ਮਹੀਨੇ ਆਏ ਤੇ ਹੁਣ ਵੀ ਮੌਜੂਦ ਹੜ੍ਹਾਂ ਕਾਰਨ ਹਜ਼ਾਰਾਂ ਏਕੜ ਵਿੱਚ ਝੋਨੇ ਦੀ ਫ਼ਸਲ ਦੇ ਨੁਕਸਾਨ ਦਾ ਮੁਆਵਜ਼ਾ ਮੰਗ ਰਹੇ ਹਨ ਤੇ ਭਾਖੜਾ ਤੇ ਪੌਂਗ ਡੈਮਾਂ ਤੋਂ ਪਾਣੀ ਛੱਡਣ ਕਾਰਨ ਹੜ੍ਹਾਂ ਦੇ ਹਾਲਾਤ ਹਾਲੇ ਵੀ ਜਾਰੀ ਹਨ।"

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਆਪ ਕਿਹਾ ਹੈ ਕਿ ਸਿਰਫ਼ ਫਸਲਾਂ ਦਾ ਹੀ ਨਹੀਂ ਬਲਕਿ ਪਸ਼ੂਆਂ ਤੇ ਘਰਾਂ ਦੇ ਹੋਏ ਨੁਕਸਾਨ ਦਾ ਵੀ ਮੁਆਵਜ਼ਾ ਦਿੱਤਾ ਜਾਵੇ।

ਲਾਈਨ
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News