ਆਖ਼ਰੀ ਸਿੱਖ ਸ਼ਾਸਕ ਦਲੀਪ ਸਿੰਘ ਦੀ ਧੀ ਸੋਫ਼ੀਆ ਜਦੋਂ ਪੰਜਾਬ ਆਈ ਤਾਂ ਕੁਝ ਲੋਕ ਦੇਖ ਕੇ ਰੋ ਪੈਂਦੇ ਸਨ
Tuesday, Aug 22, 2023 - 10:31 AM (IST)


ਬ੍ਰਿਟੇਨ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦੇਣ ਲਈ ਸੰਘਰਸ਼ ਕਰਨ ਵਾਲੀ ਰਾਣੀ ਸੋਫੀਆ ਦਲੀਪ ਸਿੰਘ ਨੂੰ ਉਸ ਦੇ ਪੁਰਖਿਆਂ ਦੇ ਮੁਲਕ ਭਾਰਤ ਵਿੱਚ ਬਹੁਤ ਹੀ ਘੱਟ ਲੋਕ ਜਾਣਦੇ ਹਨ।
ਸੋਫੀਆ, ਪੰਜਾਬ ਦੇ ਮਰਹੂਮ ਸਾਸ਼ਕ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਅਤੇ ਖਾਲਸਾ ਦਰਬਾਰ ਦੇ ਵਾਰਿਸ ਦਲੀਪ ਸਿੰਘ ਦੀ ਧੀ ਸੀ।
ਉਹ ਔਰਤਾਂ ਦੇ ਵੋਟ ਪਾਉਣ ਦੇ ਹੱਕ ਲਈ ਸੰਘਰਸ਼ ਕਰ ਰਹੇ 300 ਜਣਿਆਂ ਦੇ ਉਸ ਵਫ਼ਦ ਦਾ ਹਿੱਸਾ ਸਨ।
ਜਿਸ ਨੇ 1910 ਵਿੱਚ ਬ੍ਰਿਟੇਨ ਦੇ ਤਤਕਾਲੀ ਪ੍ਰਧਾਨ ਮੰਤਰੀ ਐੱਚਐੱਚ ਐਸਕੁਇਥ ਨੂੰ ਮਿਲਣ ਲਈ ਲੰਡਨ ਵਿੱਚ ਪਾਰਲੀਮੈਂਟ ਵੱਲ ਮਾਰਚ ਕੱਢਿਆ ਸੀ।
ਪਰ ਐਸਕੁਇਥ ਨੇ ਵਫ਼ਦ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਅਤੇ ਪ੍ਰਦਰਸ਼ਨ ਨੇ ਹਿੰਸਕ ਰੂਪ ਵੀ ਧਾਰਨ ਕਰ ਲਿਆ ਸੀ।
ਉਸ ਵੇਲੇ ਇਮਾਰਤ ਦੇ ਬਾਹਰ ਮੌਜੂਦ ਹਜੂਮ ਵਿਚਲੇ ਪੁਲਿਸ ਵਾਲਿਆਂ ਅਤੇ ਬੰਦਿਆਂ ਨੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ।
ਇਸ ਦੌਰਾਨ ਬਹੁਤ ਸਾਰੇ ਪ੍ਰਦਰਸ਼ਨਕਾਰੀ ਗੰਭੀਰ ਰੂਪ ਵਿੱਚ ਜਖ਼ਮੀ ਹੋਏ, ਜਿਸ ਮਗਰੋਂ ਇਸ ਦਿਨ ਨੂੰ ਯੂਕੇ ਵਿੱਚ ''''ਬਲੈਕ ਫਰਾਈਡੇ'''' ਆਖਿਆ ਜਾਣ ਲੱਗਾ।
ਸੋਫੀਆ ਉਨ੍ਹਾਂ 119 ਬੀਬੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੋਫੀਆ ਪੰਜਾਬ ਦੇ ਆਖਰੀ ਸਿੱਖ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਧੀ ਸਨ ਅਤੇ ਬਰਤਾਨੀਆ ਦੀ ਰਾਣੀ ਵਿਕਟੋਰੀਆ ਦੀ ਮੁਤਬੰਨੀ ਧੀ ਵੀ ਰਹੇ ਸਨ।
ਸੋਫੀਆ ਦੀ ਜੀਵਨੀ ਲਿਖਣ ਵਾਲੀ ਅਨੀਤਾ ਆਨੰਦ ਨੇ ਇੱਕ ਇੰਟਰਵਿਊ ਵਿੱਚ ਕਿਹਾ, "ਜਦੋਂ ਸੋਫੀਆ ਦਲੀਪ ਸਿੰਘ ਨੇ ਨਵੰਬਰ 1910 ਵਾਲੇ ਮਾਰਚ ਵਿੱਚ ਭਾਗ ਲਿਆ ਤਾਂ ਉਨ੍ਹਾਂ ਦਾ ਨਾਮ ਉੱਘੀਆਂ ਸ਼ਖਸੀਅਤਾਂ ਵਿੱਚ ਸ਼ੁਮਾਰ ਹੋਣ ਲੱਗਾ।"
ਸੋਫੀਆ ਬਾਰੇ ਜਿੰਨੀ ਕੁ ਜਾਣਕਾਰੀ ਉਪਲੱਬਧ ਹੈ, ਉਸ ਦਾ ਵਧੇਰੇ ਹਿੱਸਾ ਅਨੀਤਾ ਆਨੰਦ ਦੀ 2015 ਵਿੱਚ ਲਿਖੀ ਖੋਜ-ਭਰਪੂਰ ਜੀਵਨੀ, ''''ਸੋਫੀਆ: ਪ੍ਰਿੰਸਿਸ, ਸਫਰਗੇਟ, ਰਿਵਲੂਸ਼ਨਰੀ'''' ਵਿਚੋਂ ਆਉਂਦਾ ਹੈ।
ਇਹ ਇੱਕ ਜਾਣਕਾਰੀ ਭਰਪੂਰ ਆਰਕਾਈਵਲ ਰਿਸਰਚ ਹੈ, ਜੋ ਪੁਲਿਸ, ਖੂਫੀਆ ਰਿਕਾਰਡ ਅਤੇ ਸੋਫੀਆ ਨੂੰ ਜਾਣਨ ਵਾਲੇ ਲੋਕਾਂ ਕੋਲੋਂ ਸਿੱਧੇ ਤੌਰ ''''ਤੇ ਹਾਸਿਲ ਕੀਤੇ ਵੇਰਵਿਆਂ ''''ਤੇ ਅਧਾਰਿਤ ਹੈ।
-

ਲਾਲਾ ਲਾਜਪਤ ਰਾਏ ਦੇ ਭਾਸ਼ਣਾਂ ਤੋਂ ਹੋਈ ਪ੍ਰਭਾਵਿਤ
1876 ਵਿੱਚ ਜੰਮੀ ਸੋਫੀਆ, ਮਹਾਰਾਜਾ ਦਲੀਪ ਸਿੰਘ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਬਾਂਬਾ ਮੂਲਰ ਤੋਂ ਹੋਏ ਛੇ ਬੱਚਿਆਂ ਵਿੱਚੋਂ ਪੰਜਵੀਂ ਸੀ।
ਛੋਟੀ ਉਮਰ ਵਿੱਚ ਹੀ ਦਲੀਪ ਸਿੰਘ ਨੂੰ 1849 ਵਿੱਚ ਅੰਗਰੇਜ਼ਾਂ ਵੱਲੋਂ ਉਨ੍ਹਾਂ ਦੇ ਰਾਜ ਉੱਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਤੋਂ ਇੰਗਲੈਂਡ ਭੇਜ ਦਿੱਤਾ ਗਿਆ ਸੀ।
ਇੱਕ ਸਭ ਦੰਡਯੋਗ ਸੰਧੀ ਦੀਆਂ ਸ਼ਰਤਾਂ ਦੇ ਤਹਿਤ ਅਨਮੋਲ ਕੋਹੇਨੂਰ ਹੀਰਾ, ਉਨ੍ਹਾਂ (ਅੰਗਰੇਜ਼ਾਂ) ਨੂੰ ਸੌਂਪਣ ਤੋਂ ਬਾਅਦ ਹੋਇਆ ਸੀ।
ਆਨੰਦ ਲਿਖਦੀ ਹੈ ਕਿ ਸੋਫੀਆ ਸਫੋਲਕ ਵਿਚਲੇ ਆਪਣੇ ਘਰ ਵਿੱਚ ਵੱਡੀ ਹੋਈ ਪਰ ਉਸਦਾ ਬਚਪਨ ਉਤਰਾਅ-ਚੜਾਅ ਵਾਲਾ ਰਿਹਾ।
ਜਦੋਂ ਦਲੀਪ ਆਪਣੇ ਰਾਜ-ਤਖ਼ਤ ਨੂੰ ਮੁੜ ਹਾਸਲ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਵਿੱਚ ਅਸਫ਼ਲ ਰਹੇ ਤਾਂ ਉਨ੍ਹਾਂ ਨੂੰ 1886 ਵਿੱਚ ਫਰਾਂਸ ਵਿੱਚ ਜਲਾਵਤਨ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਪਿੱਛੇ ਕਰਜ਼ੇ ਵਿੱਚ ਡੁਬਾ ਦਿੱਤਾ ਸੀ।
ਪਰ ਪਰਿਵਾਰ ਦੇ ਮਹਾਰਾਣੀ ਵਿਕਟੋਰੀਆ ਨਾਲ ਨੇੜਲੇ ਸੰਬੰਧਾਂ ਨੇ ਉਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਦੇ ਇੰਡੀਆ ਆਫਿਸ ਤੋਂ ਇੱਕ ਘਰ ਅਤੇ ਸਾਲਾਨਾ ਭੱਤਾ ਹਾਸਲ ਕਰਨ ਵਿੱਚ ਮਦਦ ਕੀਤੀ।


ਸੋਫੀਆ ਬਾਰੇ ਮੁੱਖ ਗੱਲਾਂ
- ਸੋਫੀਆ ਦਲੀਪ ਸਿੰਘ ਦਾ ਜਨਮ 1876 ਵਿੱਚ ਹੋਇਆ ਸੀ।
- ਉਹ ਮਹਾਰਾਜਾ ਦਲੀਪ ਸਿੰਘ ਅਤੇ ਉਨ੍ਹਾਂ ਦੀ ਪਹਿਲੀ ਘਰਵਾਲੀ ਬਾਂਬਾ ਮੂਲਰ ਨਾਲ ਹੋਏ ਛੇ ਬੱਚਿਆਂ ਵਿੱਚੋਂ ਪੰਜਵੀਂ ਸੀ।
- ਮਹਾਰਾਜ ਦਲੀਪ ਨੂੰ 1886 ਵਿੱਚ ਫਰਾਂਸ ਵਿੱਚ ਜਲਾਵਤਨ ਕਰ ਦਿੱਤਾ ਗਿਆ ਸੀ।
- ਪਿੱਛੇ ਉਨ੍ਹਾਂ ਦਾ ਪਰਿਵਾਰ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ।
- ਸੋਫੀਆ ਦੇ ਪਰਿਵਾਰ ਨੂੰ ਬ੍ਰਿਟਿਸ਼ ਸਰਕਾਰ ਦੇ ਇੰਡੀਆਂ ਆਫਿਸ ਤੋਂ ਇੱਕ ਘਰ ਅਤੇ ਸਾਲਾਨਾ ਭੱਤਾ ਮਿਲਦਾ ਹੁੰਦਾ ਸੀ।


ਜਦੋਂ ਸੋਫੀਆ ਵੱਡੀ ਹੋਈ ਤਾਂ ਉਨ੍ਹਾਂ ਨੂੰ ਮਹਾਰਾਣੀ ਵੱਲੋਂ ਇੱਕ ਹੈਮਪਟਨ ਕੋਰਟ ਪੈਲੇਸ ਵਿੱਚ ਘਰ ਮਿਲਿਆ, ਜਿਸ ਦੇ ਬਾਹਰ ਉਨ੍ਹਾਂ ਨੇ ਬਾਅਦ ਵਿੱਚ ਔਰਤਾਂ ਦੇ ਵੋਟ ਪਾਉਣ ਦੇ ਹੱਕਾਂ ਬਾਰੇ ਪ੍ਰਦਰਸ਼ਨ ਵੀ ਕੀਤਾ।
ਇਤਿਹਾਸਕਾਰ ਏਲੀਜ਼ਾਬੇਥ ਬੇਕਰ ਆਪਣੀ ਕਿਤਾਬ ''''ਦਿ ਬ੍ਰਿਟਿਸ਼ ਵੂਮੈਨਜ਼ ਸਫਰਏਜ ਕੈਂਪੇਨ'''' ਵਿਚਲੇ ਇੱਕ ਅਧਿਆਏ ਵਿੱਚ ਲਿਖਦੀ ਹੈ, "ਆਪਣੀ ਸ਼ੁਰੂਆਤੀ ਉਮਰ ਵਿੱਚ ਸੋਫੀਆ ਨੇ ਬਰਤਾਨਵੀ ਕੁਲੀਨ ਵਰਗ ਵਿੱਚ ਆਪਣੀ ਸੌਖੀ ਹੋਂਦ ਅਤੇ ਇੱਕ ਭਾਰਤੀ ਔਰਤ ਵਜੋਂ ਆਪਣੀ ਅਸਪੱਸ਼ਟ ਸਥਿਤੀ ਵਿਚਾਲੇ ਗੱਲਬਾਤ ਕਰਨਾ ਸਿੱਖ ਲਿਆ ਸੀ।"
ਆਪਣੀ ਪੂਰੀ ਜ਼ਿੰਦਗੀ ਵਿੱਚ ਸੋਫੀਆ ਤਕਰੀਬਨ ਚਾਰ ਵਾਰ ਭਾਰਤ ਆਈ, ਉਨ੍ਹਾਂ ਦੀ ਹਰੇਕ ਫੇਰੀ ਬਰਤਾਨਵੀ ਅਫਸਰਾਂ ਦੀ ਨਿਗਰਾਨੀ ਹੇਠ ਹੋਈ ।
ਜਿਨ੍ਹਾਂ ਨੂੰ ਇਹ ਡਰ ਸੀ ਕਿ ਦਲੀਪ ਸਿੰਘ ਦੇ ਪਰਿਵਾਰ ਦੀ ਮੌਜੂਦਗੀ ਭਾਰਤ ਵਿੱਚ ਵਿਰੋਧ ਪੈਦਾ ਕਰ ਸਕਦੀ ਹੈ।
1906-07 ਵਿੱਚ ਸੋਫੀਆ ਅਜ਼ਾਦੀ ਘੁਲਾਟੀਏ ਗੋਪਾਲ ਕ੍ਰਿਸ਼ਨਾ ਗੋਖਲੇ ਅਤੇ ਲਾਹੌਰ ਵਿੱਚ ਲਾਲਾ ਲਾਜਪਤ ਰਾਏ ਨੂੰ ਮਿਲੀ ਅਤੇ ਉਨ੍ਹਾਂ ਦੇ ਭਾਸ਼ਣਾਂ ਤੇ ਰਾਜਨੀਤਕ ਦ੍ਰਿੜਤਾ ਨੇ ੳਨ੍ਹਾਂ ਨੂੰ ਪ੍ਰਭਾਵਿਤ ਕੀਤਾ।
-
ਜਦੋਂ ਟੈਕਸ ਦੇਣ ਤੋਂ ਕੀਤਾ ਨਾਂਹ
ਅਨੀਤਾ ਨੇ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਅਪ੍ਰੈਲ 1907 ਤੱਕ ਸੋਫੀਆ ਨੇ ਭਾਰਤ ਵਿੱਚ ਛੇ ਮਹੀਨੇ ਗੁਜ਼ਾਰ ਲਏ ਸਨ ਅਤੇ ਭਾਰਤ ਵਿੱਚ ਵੱਧ ਰਹੀ ਰਾਜਨੀਤਕ ਜੱਦੋ-ਜ਼ਹਿਦ ਨੂੰ ਅੱਖੀਂ ਦੇਖਿਆ। ਭਾਰਤੀ ਸਵੈ-ਦ੍ਰਿੜਤਾ ਦੀ ਲਹਿਰ ਨੇ ੳਨ੍ਹਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ।"
1908 ਵਿੱਚ ਯੂਕੇ ਪਹੁੰਚਣ ਤੋਂ ਕੁਝ ਮਹੀਨੇ ਬਾਅਦ, ਸੋਫੀਆ ਵੁਮੈਨਜ਼, ਸੋਸ਼ਲ ਅਤੇ ਪੌਲੀਟਿਕਲ ਯੂਨੀਅਨ ਵਿੱਚ ਸ਼ਾਮਲ ਹੋਈ।
ਇਸ ਦੀ ਅਗਵਾਈ ਬ੍ਰਿਟਿਸ਼ ਰਾਜਨੀਤਕ ਕਾਰਕੁੰਨ ਏਮੀਲੀਨ ਪੈਨਖੁਰਸ ਦੀ ਕਰ ਰਹੇ ਸਨ ਅਤੇ ਸਮੂਹ ਔਰਤਾਂ ਦੇ ਵੋਟ ਹੱਕਾਂ ਲਈ ਸੰਘਰਸ਼ ਵਾਲਾ ਸਮੂਹ ਸੀ।
ਇਸ ਤੋਂ ਬਾਅਦ ਉਹ ਵੁਮੈਨਜ਼ ਟੈਕਸ ਰਿਸਿਟੈਂਸ ਲੀਗ ਵਿੱਚ ਸ਼ਾਮਲ ਹੋਈ, ਜਿਸ ਦਾ ਨਾਅਰਾ ਸੀ "ਨੋ ਵੋਟ, ਨੋ ਟੈਕਸ"।
ਸੋਫੀਆ ਨੇ ਇਨ੍ਹਾਂ ਲਹਿਰਾਂ ਵਿੱਚ ਪੂਰੇ ਜੋਸ਼ ਨਾਲ ਹਿੱਸਾ ਲਿਆ।
1911 ਵਿੱਚ ਉਹ ਪ੍ਰਧਾਨ ਮੰਤਰੀ ਦੀ ਗੱਡੀ ਅੱਗੇ ਜਾ ਵੱਜੀ, ਜਦੋਂ ਉਹ ਡਾਉਨਿੰਗ ਸਟ੍ਰੀਟ ਵਿੱਚੋਂ ਨਿਕਲ ਰਹੇ ਸਨ, ਉਸ ਵੇਲੇ ਉਨ੍ਹਾਂ ਨੇ ਆਪਣੇ ਹੱਥ ਵਿੱਚ "ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦਿਓ" ਵਾਲਾ ਬੈਨਰ ਫੜ੍ਹਿਆ ਹੋਇਆ ਸੀ।
ਇਸੇ ਸਾਲ ਹੀ ਉਨ੍ਹਾਂ ਨੇ ਜਨਗਣਨਾ ਵਾਲਾ ਫਾਰਮ ਖ਼ਾਲੀ ਛੱਡਿਆ ਅਤੇ ਟੈਕਸ ਦੇਣ ਤੋਂ ਨਾਂਹ ਕਰ ਦਿੱਤੀ।
1913 ਦੀ ਇੱਕ ਫੋਟੋ ਵਿੱਚ ਮਹਾਰਾਣੀ ਨੂੰ ਹੈਮਪਟਨ ਕੋਰਟ ਪੈਲੇਸ, ਜਿੱਥੇ ਉਹ ਰਹਿੰਦੇ ਸਨ, ਦੇ ਬਾਹਰ ਖੜ੍ਹ ਕੇ ''''ਦਿ ਸਫਰਗੇਟਸ'''' ਅਖ਼ਬਾਰ ਦੀਆਂ ਕਾਪੀਆਂ ਵੇਚਦੇ ਦੇਖਿਆ ਗਿਆ, ਜਿਸ ਉੱਤੇ ''''ਇਨਕਲਾਬ'''' ਲਿਖਿਆ ਹੋਇਆ ਸੀ।

ਬੇਕਰ ਲਿਖਦੇ ਹਨ, "ਇਸ ਤਸਵੀਰ ਨੇ ਉਨ੍ਹਾਂ ਨੂੰ "ਸਫਰਗੇਟ ਵੀਕ" ਦਾ ਪ੍ਰਮੁੱਖ ਚਿਹਰਾ ਬਣਾ ਦਿੱਤਾ, ਜੋ ਵੁਮੈਨਸਜ਼, ਸੋਸ਼ਲ ਅਤੇ ਪੌਲੀਟਿਕਲ ਯੂਨੀਅਨ ਵੱਲੋਂ ਬ੍ਰਿਟੇਨ ਵਿੱਚੋਂ ਹੋਰ ਮੈਂਬਰਾਂ ਨੂੰ ਸ਼ਾਮਿਲ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਸੀ।"
ਅਖ਼ਬਾਰਾਂ ਨੇ ਇਸ ਬਾਰੇ ਲਿਖਿਆ ਕਿ ਜਦੋਂ ਉਨ੍ਹਾਂ ਨੇ ਟੈਕਸ ਅਦਾ ਨਹੀਂ ਕੀਤਾ ਤਾਂ ਕਿਵੇਂ ਅਧਿਕਾਰੀਆਂ ਨੇ ਉਨ੍ਹਾਂ ਦੇ ਗਹਿਣਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਨਿਲਾਮ ਕਰ ਦਿੱਤਾ।
ਸੋਫੀਆ ਨੂੰ ਕਈ ਵਾਰੀ ਗ੍ਰਿਫ਼ਤਾਰ ਕੀਤਾ ਗਿਆ ਪਰ ਹੋਰਨਾਂ ਕਾਰਕੁੰਨਾਂ ਵਾਂਗ ਉਨ੍ਹਾਂ ਖਿਲਾਫ ਇਲਜ਼ਾਮ ਰੱਦ ਕਰ ਦਿੱਤੇ ਗਏ ਸਨ।
''''ਸਾਊਥ ਏਸ਼ੀਅਨ ਰਸਿਸਟੈਂਸਸ ਇਨ ਬ੍ਰਿਟੇਨ 1880-1947'''' ਕਿਤਾਬ ਵਿੱਚ ਇਤਿਹਾਸਕਾਰ ਸੁਮਿਤਾ ਮੁਖਰਜੀ ਸਫਰਗੇਟ ਲਹਿਰ ਵਿਚਲੇ ਵਿਰੋਧਾਭਾਸਾਂ ਨੂੰ ਉਜਾਗਰ ਕਰਨ ਲਈ ਸੋਫੀਆ ਦੀ ਭੂਮਿਕਾ ਬਾਰੇ ਜ਼ਿਕਰ ਕਰਦੇ ਹਨ।
ਉਹ ਲਿਖਦੇ ਹਨ ਕਿ ਇਹ ਕਾਰਕੁਨ ਜਮਾਤੀ ਵੰਡ ਬਾਰੇ ਸੁਆਲ ਕੀਤੇ ਜਾਂ ਇਸ ਨੂੰ ਚੁਣੌਤੀ ਦਿੱਤੇ ਬਗ਼ੈਰ ਆਪਣੇ ਉਦੇਸ਼ ਦੀ ਪੂਰਤੀ ਲਈ ਉਨ੍ਹਾ (ਸੋਫੀਆ) ਦੇ ਨਾਂ ਦਾ ਫਾਇਦਾ ਲੈ ਸਕਦੇ ਸਨ।
ਉਨ੍ਹਾਂ (ਸੋਫੀਆ) ਦੀ ਸ਼ਮੂਲੀਅਤ ਨੇ ਇਸ ਲਹਿਰ ਉੱਤੇ ਨਜ਼ਰਸਾਨੀ ਵੀ ਵਧਾਈ।
-

1918 ਵਿੱਚ ਮਿਲਿਆ ਵੋਟ ਦਾ ਹੱਕ
ਬੇਕਰ ਲਿਖਦੇ ਹਨ, "ਭਾਰਤੀ ਦਫ਼ਤਰ ਦੇ ਨੌਕਰਸ਼ਾਹਾਂ ਨੇ ਬ੍ਰਿਟੇਨ ਵਿੱਚ ਭਾਰਤੀ ਪਰਵਾਸੀ ਦੇ ਇੱਕ ਸਿਆਸੀ ਮੈਂਬਰ ਵਜੋਂ ਦਲੀਪ ਸਿੰਘ ਦੇ ਕੰਮਾਂ ਨੂੰ ਕੰਟਰੋਲ ਕਰਨ ਦੇ ਯਤਨਾਂ ਵਿੱਚ ਉਨ੍ਹਾਂ ਨਿੱਜੀ ਅਤੇ ਵਿੱਤੀ ਮਾਮਲਿਆਂ ਦੇ ਸਬੰਧ ਵਿੱਚ ਅਖ਼ਬਾਰਾਂ ਦੀਆਂ ਕਲਿੱਪਾਂ ਇਕੱਠੀਆਂ ਕੀਤੀਆਂ ਤੇ ਇਸ਼ਿਹਾਰਾਂ ਦਾ ਲੈਣ-ਦੇਣ ਵੀ ਕੀਤਾ।"
ਉਹ ਸੋਫੀਆ ਨੂੰ ਔਰਤਾਂ ਦੇ ਵੋਟ ਪਾਉਣ ਦੇ ਹੱਕ ਲਈ ਕਾਰਜਸ਼ੀਲ ਭਾਰਤੀ ਅਤੇ ਗੋਰੇ ਬਰਤਾਨਵੀ ਕਾਰਕੁੰਨਾਂ ਵਿਚਾਲੇ ''''ਇੱਕ ਮਹੱਤਵਪੂਰਨ ਪੁਲ਼'''' ਦੱਸਦੀ ਹੈ।
1918 ਵਿੱਚ ਬ੍ਰਿਟਿਸ਼ ਪਾਰਲੀਮੈਂਟ ਨੇ ਇੱਕ ਸੁਧਾਰ ਮਨਜ਼ੂਰ ਕੀਤਾ ਗਿਆ, ਜਿਸ ਦੇ ਤਹਿਤ 30 ਤੋਂ ਵੱਧ ਉਮਰ ਵਾਲੀਆਂ ਬੀਬੀਆਂ ਜਿਹੜੀਆਂ ਕਿ ਜਾਇਦਾਦ ਨਾਲ ਸੰਬੰਧਤ ਯੋਗਤਾਵਾਂ ਪੂਰੀਆਂ ਕਰਦੀਆਂ ਹੋਣ, ਨੂੰ ਵੋਟ ਪਾਉਣ ਦਾ ਹੱਕ ਦਿੱਤਾ ਗਿਆ।
ਔਰਤਾਂ ਨੂੰ ਮੁੰਕਮਲ ਬਰਾਬਰੀ ਦੇ ਹੱਕ 10 ਸਾਲ ਬਾਅਦ ਮਿਲੇ।
1919 ਵਿੱਚ ਸੋਫੀਆ ਰਾਜਨੀਤਕ ਕਾਰਕੁੰਨ ਸਰੋਜਨੀ ਨਾਇਡੂ ਅਤੇ ਐਨੀ ਬੇਸੰਤ ਦੇ ਨਾਲ ਲੰਡਨ ਵਿਚਲੇ ਇੰਡੀਆ ਆਫਿਸ ਗਈ।
ਨਾਇਡੂ ਅਤੇ ਬੇਸੰਤ ਭਾਰਤੀ ਔਰਤਾਂ ਦੇ ਵਫਦ ਦੀ ਅਗਵਾਈ ਕਰ ਰਹੀਆਂ ਸਨ, ਜੋ ਕਿ ਸੈਕਰੇਟਰੀ ਆਫ ਸਟੇਟ ਅੱਗੇ ਔਰਤਾਂ ਨੂੰ ਵੋਟ ਪਾਉਣ ਦੇ ਹੱਕ ਬਾਰੇ ਦਲੀਲ ਪੇਸ਼ ਕਰਨ ਗਿਆ ਸੀ।
ਉਨ੍ਹਾਂ ਨੇ ਵਫ਼ਦ ਨੂੰ ਸੁਣਿਆ ਪਰ ਕੋਈ ਵਾਅਦਾ ਨਾ ਕੀਤਾ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਸਾਰਿਆਂ ਨੂੰ ਵੋਟ ਪਾਉਣ ਦਾ ਬਰਾਬਰ ਹੱਕ ਆਜ਼ਾਦੀ ਤੋਂ ਬਾਅਦ ਮਿਲਿਆ।

ਅਨੀਤਾ ਆਨੰਦ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਸੋਫੀਆ ਦੇ ਸੁਰਖੀਆਂ ਵਿੱਚ ਆਉਣ ਨਾਲ ਕਿੰਗ ਜੋਰਜ ਪੰਜਵੇਂ ਖਫ਼ਾ ਹੋਏ। ਦਰਅਸਲ, ਉਹ ਜੋ ਕਿ "ਔਰਤਾਂ ਦੇ ਵੋਟ ਪਾਉਣ ਦੇ ਹੱਕ" ਦੇ ਵਿਰੁੱਧ ਸਨ।
ਪਰ ਉਹ ਕੁਝ ਖਾਸ ਨਹੀਂ ਕਰ ਸਕਦੇ ਸਨ ਕਿਉਂਕਿ ਉਨ੍ਹਾਂ ਦੇ ਵਿੱਤ ਉਤੇ "ਪਾਰਲੀਮੈਂਟ ਦਾ ਪੂਰਾ ਕੰਟਰੋਲ ਸੀ।"
ਸੋਫੀਆ ਹੋਰਨਾਂ ਕੰਮਾਂ ਦਾ ਵੀ ਹਿੱਸਾ ਰਹੀ। ਪਹਿਲੀ ਵਿਸ਼ਵ ਜੰਗ ਵਿੱਚ ਉਨ੍ਹਾਂ ਨੇ ਜਖ਼ਮੀ ਹੋਈ ਭਾਰਤੀ ਫੌਜੀਆਂ ਦੀ ਬ੍ਰਿਟੇਨ ਵਿੱਚ ਸੇਵਾ ਕੀਤੀ ਅਤੇ ਉਨ੍ਹਾਂ ਲਈ ਪੈਸੇ ਵੀ ਇਕੱਠੇ ਕੀਤੇ।
ਅਨੀਤਾ ਆਨੰਦ ਦੀ ਕਿਤਾਬ ਦੇ ਮੁਤਾਬਕ, ਮਹਾਰਾਣੀ 1924 ਵਿੱਚ ਭਾਰਤ ਵਿੱਚ ਇੱਕ ਹੋਰ ਫੇਰੀ ਲਈ ਵਾਪਸ ਆਈ ਅਤੇ ਉਨ੍ਹਾਂ ਨੇ ਪੂਰੇ ਪੰਜਾਬ ਵਿੱਚ ਸਫ਼ਰ ਕਰਨ ਦਾ ਫ਼ੈਸਲਾ ਲਿਆ।
ਜਦੋਂ ਉਹ ਆਪਣੀ ਭੈਣ ਬਾਂਬਾ ਨਾਲ ਪੁਰਾਣੇ ਸਿੱਖ ਰਾਜ ਵਿਚਲੀਆਂ ਥਾਵਾਂ ''''ਤੇ ਜਾਂਦੇ ਤਾਂ ਲੋਕਾਂ ਦਾ ਹਜੂਮ ਉਨ੍ਹਾਂ ਨੂੰ ਦੇਖਣ ਪਹੁੰਚ ਜਾਂਦਾ, ਕੁਝ ਲੋਕ ਰੋਂਦੇ ਕਿ "ਸਾਡੀ ਮਾਹਾਰਾਣੀ ਇੱਥੇ ਆਈ ਹੈ"।
ਉਹ 1919 ਵਿਚ ਹੋਏ ਜਲ੍ਹਿਆਂਵਾਲੇ ਬਾਗ਼ ਦੇ ਕਤਲੇਆਮ ਵਾਲੀ ਥਾਂ ''''ਤੇ ਵੀ ਗਈ , ਜਿੱਥੇ ਸੈਂਕੜੇ ਭਾਰਤੀਆਂ ਉੱਤੇ ਬਰਤਾਨਵੀ ਫੌਜ ਵਲੋਂ ਗੋਲੀਆਂ ਚਲਾਈਆਂ।
ਦੂਜੀ ਵਿਸ਼ਵ ਜੰਗ ਦੌਰਾਨ ਉਹ ਆਪਣੀ ਭੈਣ ਕੈਥਰੀਨ ਅਤੇ ਤਿੰਨ ਹੋਰ ਸ਼ਰਨਾਰਥੀਆਂ ਦੇ ਨਾਲ ਲੰਡਨ ਤੋਂ ਨਿਕਲ ਕੇ ਬਕਿੰਘਮਸ਼ਾਇਰ ਆ ਗਈ ਸੀ।
ਉਨ੍ਹਾਂ ਦੇ ਆਖ਼ਰੀ ਸਾਲ ਆਪਣੀ ਸਾਥੀ ਆਈਵੀ ਬੌਅਡਨ ਨਾਲ ਬਿਤਾਏ, ਜੋ ਉਨ੍ਹਾਂ ਦੇ ਘਰ ਦੀ ਦੇਖ-ਭਾਲ ਵੀ ਕਰਦੀ ਸੀ। ਜੈਨਟ ਦੀ ਧੀ ਡਰੋਵਨਾ ਸੋਫੀਆ ਦੀ ਮੁਤਬੰਨੀ ਧੀ ਵੀ ਸੀ।
ਡਰੋਵਨਾ ਨੇ ਅਨੀਤਾ ਆਨੰਦ ਨੂੰ ਦੱਸਿਆ ਕਿ ਮਹਾਰਾਣੀ ਅਕਸਰ ਹੀ ਉਸ ਨਾਲ ਵੋਟਾਂ ਦੀ ਅਹਿਮੀਅਤ ਬਾਰੇ ਗੱਲ ਕਰਦੀ ਸੀ।
ਉਹ ਕਹਿੰਦੀ ਸੀ, "ਜਦੋਂ ਤੁਹਾਨੂੰ ਵੋਟ ਪਾਉਣ ਦੀ ਇਜਾਜ਼ਤ ਹੋਵੇ ਤਾਂ ਤੁਹਾਨੂੰ ਆਪਣੇ ਹੱਕ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।"
ਡਰੋਵਨਾ ਯਾਦ ਕਰਦੇ ਹੋਏ ਕਹਿੰਦੀ ਹੈ ਕਿ ਤੁਸੀਂ ਨਹੀਂ ਮਹਿਸੂਸ ਕਰਦੇ ਕੇ ਆਪਾਂ ਕਿੰਨੀ ਦੂਰ ਆ ਗਏ ਹਾਂ।
ਸੋਫੀਆ ਦੀ ਮੌਤ 22 ਅਗਸਤ 1948 ਨੂੰ ਨੀਂਦ ਦੇ ਦੌਰਾਨ ਹੋਈ, ਉਸ ਵੇਲੇ ਉਨ੍ਹਾਂ ਦੀ ਉਮਰ 71 ਸਾਲ ਦੀ ਸੀ।
ਮਹਾਰਾਣੀ ਦੀ ਇੱਛਾ ਅਨੁਸਾਰ ਉਨ੍ਹਾਂ ਦੀਆਂ ਅਸਥੀਆਂ ਉਨ੍ਹਾਂ ਦੀ ਭੈਣ ਬਾਂਬਾ ਨੇ ਲਾਹੌਰ ਲਿਆਂਦੀਆਂ ਪਰ ਇਸ ਬਾਰੇ ਸਪੱਸ਼ਟ ਨਹੀਂ ਹੈ ਕਿ ਇਹ ਕਿੱਥੇ ਪ੍ਰਵਾਹ ਕੀਤੀਆਂ ਗਈਆਂ।
ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ, ਖ਼ਾਸ ਕਰਕੇ ਯੂਕੇ ਵਿੱਚ, ਜਿੱਥੇ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਪੁਰਾਣੀ ਰਿਹਾਇਸ਼ ਦੇ ਬਾਹਰ ਇੱਕ ਤਖ਼ਤੀ ਲਗਾਈ ਗਈ ।
ਉਨ੍ਹਾਂ ਬਾਰੇ ਇੱਕ ਫਿਲਮ ਅਗਲੇ ਸਾਲ ਰਿਲੀਜ਼ ਕੀਤੇ ਜਾਣ ਦੀ ਸੰਭਾਵਨਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)