ਚੰਦਰਮਾ ਕਿਵੇਂ ਬਣਿਆ? ਕੀ ਧਰਤੀ ਤੇ ਚੰਨ ਪ੍ਰੇਮੀ ਹਨ?
Monday, Aug 21, 2023 - 01:46 PM (IST)


ਚੰਦਰਮਾ ਦੀ ਮਨੁੱਖੀ ਇਤਿਹਾਸ ਵਿੱਚ ਬਹੁਤ ਅਹਿਮ ਭੂਮਿਕਾ ਹੈ। ਇੱਕ ਉਹ ਵੇਲਾ ਸੀ ਜਦੋਂ ਚੰਨ ਨੂੰ ਦੇਖ ਕੇ ਸਮੇਂ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ ਅਤੇ ਅੱਜ ਅਸੀਂ ਉਸੇ ਚੰਨ ''''ਤੇ ਰਹਿਣ ਦੇ ਸੁਪਨੇ ਦੇਖਦੇ ਹਾਂ ਅਤੇ ਇਸ ਨੂੰ ਲੈ ਕੇ ਕੋਸ਼ਿਸ਼ਾਂ ਵੀ ਜਾਰੀ ਹਨ।
ਇਸ ਲੇਖ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਚੰਨ ਕਿਵੇਂ ਬਣਿਆ, ਕੀ ਇਹ ਧਰਤੀ ਦਾ ਪ੍ਰੇਮੀ ਹੈ ਜਾਂ ਕੁਝ ਹੋਰ...
ਚੰਦਰਮਾ ਕਿਵੇਂ ਬਣਿਆ?

ਵਿਗਿਆਨੀ ਇਸ ਸਵਾਲ ਲਈ ਤਿੰਨ ਮਹੱਤਵਪੂਰਨ ਧਾਰਨਾਵਾਂ ਪੇਸ਼ ਕਰਦੇ ਹਨ।
ਕਿਉਂਕਿ ਇਹ ਧਾਰਨਾਵਾਂ ਅੰਸ਼ਕ ਤੌਰ ''''ਤੇ ਚੰਦਰਮਾ ਦੀ ਉਤਪੱਤੀ ਦੀ ਵਿਆਖਿਆ ਕਰਦੀਆਂ ਹਨ, ਇਸ ਲਈ ਖੋਜਕਰਤਾ ਅਤੇ ਵਿਗਿਆਨੀ ਸੁਝਾਅ ਦਿੰਦੇ ਹਨ ਕਿ ਇਨ੍ਹਾਂ ਤਿੰਨਾਂ ਧਾਰਨਾਵਾਂ ਵਿੱਚੋਂ ਸਿਰਫ਼ ਇੱਕ ਹੀ ਚੰਦਰਮਾ ਦੀ ਉਤਪਤੀ ਦਾ ਮੂਲ ਕਾਰਨ ਹੋ ਸਕਦਾ ਹੈ।
ਇਹ ਤਿੰਨ ਧਾਰਨਾਵਾਂ ਹਨ:
- ਚੰਨ ਅਤੇ ਧਰਤੀ ਭੈਣਾਂ ਹਨ
- ਧਰਤੀ ਅਤੇ ਚੰਦ ਪ੍ਰੇਮੀ ਹਨ
- ਚੰਨ, ਧਰਤੀ ਦਾ ਬੱਚਾ ਹੈ
ਚੰਨ ਅਤੇ ਧਰਤੀ ਭੈਣਾਂ ਹਨ

ਇਹ ਪਹਿਲੀ ਧਾਰਨਾ ਹੈ। ਇਸ ਮੁਤਾਬਕ, ਚੰਦਰਮਾ ਅਤੇ ਧਰਤੀ ਜੁੜਵਾਂ ਹੋ ਸਕਦੇ ਹਨ।
ਲਗਭਗ 450 ਮਿਲੀਅਨ ਸਾਲ ਪਹਿਲਾਂ, ਸੂਰਜ ਅਤੇ ਗ੍ਰਹਿ ਹੁਣ ਵਾਂਗ ਮੌਜੂਦ ਨਹੀਂ ਸਨ। ਉਸ ਸਮੇਂ ਜਿੱਥੇ ਸੌਰ ਪ੍ਰਣਾਲੀ ਹੁੰਦਾ ਸੀ, ਉੱਥੇ ਗੈਸ ਦਾ ਇੱਕ ਵੱਡਾ ਗੋਲਾ ਮੌਜੂਦ ਸੀ।
ਇਸ ਨੂੰ ਵੈਨ ਮੁਕਿਲ ਕਿਹਾ ਜਾਂਦਾ ਸੀ, ਜੋ ਸੂਰਜ ਨਾਲੋਂ ਹਜ਼ਾਰਾਂ ਗੁਣਾ ਵੱਡਾ ਸੀ। ਅਸਮਾਨ ਆਪਣੇ ਆਪ ਵਿੱਚ ਚੱਕਰ ਲਗਾ ਰਿਹਾ ਸੀ।
ਇਸ ਤਰ੍ਹਾਂ ਘੁਮੰਦੇ ਰਹਿਣ ਕਾਰਨ, ਕੇਂਦਰ ਵਿੱਚ ਵਸਤੂਆਂ ਦੇ ਗੁੱਛੇ ਬਣ ਜਾਂਦੇ ਹਨ ਅਤੇ ਸਿਰਫ ਉਸ ਕੇਂਦਰ ''''ਤੇ ਗੁਰੂਤਾ ਖਿੱਚ ਵਧੇਰੇ ਮਜ਼ਬੂਤ ਹੁੰਦੀ ਹੈ।
ਜਦੋਂ ਕੇਂਦਰ ਵਿੱਚ ਗੁਰੂਤਾਕਰਸ਼ਣ ਬਲ ਇੰਨਾ ਮਜ਼ਬੂਤ ਹੁੰਦਾ ਹੈ, ਤਾਂ ਇਹ ਹੋਰ ਆਕਾਸ਼ੀ ਵਸਤੂਆਂ ਨੂੰ ਆਪਣੇ ਅੰਦਰ ਖਿੱਚ ਲੈਂਦਾ ਹੈ।
ਇਸੇ ਤਰ੍ਹਾਂ, ਹਵਾ ਵਿੱਚ ਮੌਜੂਦ ਤੱਤਾਂ ਦੇ ਕੇਂਦਰ ਵਿੱਚ ਖਿੱਚੇ ਜਾਣ ਨਾਲ, ਸੂਰਜ ਦਾ ਨਿਰਮਾਣ ਹੋਇਆ।
ਸੂਰਜ ਦੇ ਦੁਆਲੇ ਇੱਕ ਗ੍ਰਹਿ ਡਿਸਕ ਬਣ ਗਈ ਅਤੇ ਕਲੱਸਟਰ ਡਿਸਕ ਵਿੱਚ ਹੋਰ ਗ੍ਰਹਿ ਬਣੇ।

ਇਸ ਨੂੰ ਸੌਖੇ ਸ਼ਬਦਾਂ ਵਿੱਚ ਸਮਝਣ ਲਈ ਦਹੀ ਦੀ ਉਦਾਹਰਣ ਲੈਂਦੇ ਹਾਂ। ਦਹੀ ਨੂੰ ਰਿੜਕਣ ਵੇਲੇ ਜ਼ਿਆਦਾਤਰ ਮੱਖਣ ਇੱਕਦਮ ਵਿਚਕਾਰ ਇਕੱਠਾ ਹੁੰਦਾ ਹੈ, ਪਰ ਬਾਕੀ ਦੀ ਲੱਸੀ ਵਿੱਚ ਵੀ ਮੱਖਣ ਦੇ ਨਿੱਕੇ-ਨਿੱਕੇ ਟੁਕੜੇ ਫੈਲੇ ਹੁੰਦੇ ਹਨ।
ਇਸੇ ਤਰ੍ਹਾਂ, ਜਦੋਂ ਇਸ ਵਿਸ਼ਾਲ ਅਸਮਾਨ ਨੇ ਆਪਣੇ-ਆਪ ਨੂੰ ਰਿੜਕਿਆ ਤਾਂ ਮੱਖਣ ਦੇ ਰੂਪ ਵਿੱਚ ਸੂਰਜ ਅਤੇ ਹੋਰ ਗ੍ਰਹਿ ਹੋਂਦ ਵਿੱਚ ਆਏ। ਉਨ੍ਹਾਂ ਗ੍ਰਹਿਆਂ ਦੇ ਨਾਲ-ਨਾਲ ਕਈ ਉਲਕਾ ਪਿੰਡ ਵੀ ਬਣੇ।
ਟਵਿਨ ਸਿਸਟਰਸ ਹਾਈਪੋਥੀਸਿਸ (ਜੁੜਵਾਂ ਭੈਣਾਂ ਦੀ ਧਾਰਨਾ) ਮੁਤਾਬਕ, ਜਦੋਂ ਇਸ ਪ੍ਰਕਿਰਿਆ ਵਿੱਚ ਧਰਤੀ ਬਣੀ ਸੀ, ਤਾਂ ਚੰਦਰਮਾ ਵੀ ਇਸ ਦੇ ਨਾਲ ਹੀ ਬਣਿਆ ਸੀ।
ਪਰ ਇਸ ਧਾਰਨਾ ਜਾਂ ਪਰਿਕਲਪਨਾ ਦੇ ਨਾਲ ਇੱਕ ਛੋਟੀ ਜਿਹੀ ਸਮੱਸਿਆ ਹੈ ਕਿ ਧਰਤੀ ਆਪਣੀ ਧੁਰੀ ''''ਤੇ 23.5 ਡਿਗਰੀ ਦੇ ਝੁਕਾਅ ''''ਤੇ ਘੁੰਮਦੀ ਹੈ। ਜਦਕਿ ਚੰਦਰਮਾ ਆਪਣੀ ਧੁਰੀ ''''ਤੇ ਸਿਰਫ਼ 6.7 ਡਿਗਰੀ ''''ਤੇ ਘੁੰਮਦਾ ਹੈ।
ਜੇ ਦੋਵੇਂ ਇਕੱਠੇ ਪੈਦਾ ਹੋਏ ਹੁੰਦੇ, ਤਾਂ ਧਰਤੀ ਅਤੇ ਇਸ ਦੇ ਉਪਗ੍ਰਹਿ ਦੀਆਂ ਧੁਰੀਆਂ ਦਾ ਝੁਕਾਅ ਲਗਭਗ ਇੱਕੋ-ਜਿਹਾ ਹੋਣਾ ਸੀ। ਇੰਨਾ ਫਰਕ ਨਹੀਂ ਸੀ ਪੈਣਾ।
ਇਸ ਲਈ, ਇਹ ਸੰਭਾਵਨਾ ਘੱਟ ਹੈ ਕਿ ਚੰਦਰਮਾ ਅਤੇ ਧਰਤੀ ਜੁੜਵਾਂ ਭੈਣਾਂ ਹਨ।

ਚੰਨ , ਧਰਤੀ ਦਾ ਪ੍ਰੇਮੀ

ਅਸੀਂ ਹੁਣੇ-ਹੁਣੇ ਸੂਰਜ ਅਤੇ ਇਸ ਦੇ ਨਾਲ ਬਣੇ ਗ੍ਰਹਿਆਂ ਅਤੇ ਉਲਕਾਵਾਂ ਬਾਰੇ ਪਿਛਲੀ ਧਾਰਨਾ ਵਿੱਚ ਸਮਝਿਆ ਹੈ।
ਉਸ ਦੌਰਾਨ ਜਿੰਨੇ ਅਣਗਿਣਤ ਗ੍ਰਹਿਆਂ ਅਤੇ ਉਲਕਾਵਾਂ ਦਾ ਨਿਰਮਾਣ ਹੋਇਆ ਸੀ, ਉਨ੍ਹਾਂ ਵਿੱਚੋਂ ਕਿਤੇ ਨਾ ਕਿਤੇ ਉਸ ਗ੍ਰਹਿ (ਚੰਨ) ਨੂੰ ਧਰਤੀ ਦੀ ਗੁਰੂਤਾ ਖਿੱਚ ਨੇ ਆਪਣੇ ਵੱਲ ਖਿੱਚ ਲਿਆ ਅਤੇ ਇਸ ਨੇ ਧਰਤੀ ਦੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ।
ਬਿਲਕੁਲ ਉਸੇ ਤਰ੍ਹਾਂ, ਜਿਵੇਂ ਕੋਈ ਇੱਕ ਵਿਅਕਤੀ ਕਿਸੇ ਥਾਂ ਪੈਦਾ ਹੁੰਦਾ ਹੈ ਤੇ ਉਸ ਦਾ ਪ੍ਰੇਮੀ ਜਾਂ ਪ੍ਰੇਮਿਕਾ ਕਿਸੇ ਦੂਜੀ ਥਾਂ। ਫਿਰ ਕਿਸੇ ਹੋਰ ਥਾਂ ''''ਤੇ ਉਨ੍ਹਾਂ ਦੀ ਮੁਲਾਕਾਤ ਹੁੰਦੀ ਹੈ ਅਤੇ ਉਹ ਇੱਕ-ਦੂਜੇ ਦੇ ਨਾਲ ਰਹਿਣ ਲੱਗਦੇ ਹਨ।
ਇਸੇ ਤਰ੍ਹਾਂ, ਧਰਤੀ ਜੋ ਕਿ ਕਿਤੇ ਹੋਰ ਪੈਦਾ ਹੋਇਆ ਇੱਕ ਗ੍ਰਹਿ ਸੀ, ਨੇ ਗਲਤੀ ਨਾਲ ਇਸ ਚੰਦਰਮਾ ਨੂੰ ਆਪਣੀ ਗੁਰੂਤਾ ਸ਼ਕਤੀ ਨਾਲ ਖਿੱਚ ਲਿਆ ਅਤੇ ਇਸ ਨੂੰ ਆਪਣੇ ਕੋਲ ਹੀ ਰੱਖਿਆ।
ਇਸ ਦੂਜੀ ਧਾਰਨਾ ਮੁਤਾਬਕ, ਅਜਿਹਾ ਹੀ ਹੋਇਆ ਹੋਣਾ।
ਸੌਰ ਮੰਡਲ ਵਿੱਚ ਇਹ ਕੋਈ ਵਿਲੱਖਣ ਘਟਨਾ ਨਹੀਂ ਹੈ। ਮਿਸਾਲ ਵਜੋਂ ਮੰਗਲ ਨੂੰ ਹੀ ਲੈ ਲਓ, ਇਸ ਦੇ ਦੋ ਚੰਨ ਹਨ।
ਮੰਗਲ ਗ੍ਰਹਿ ਦੇ ਆਲੇ ਦੁਆਲੇ ਦੋ ਉਪਗ੍ਰਹਿ ਘੁੰਮਦੇ ਹਨ। ਉਹ ਦੋਵੇਂ ਉਪਗ੍ਰਹਿ ਸੂਰਜੀ ਸਿਸਟਮ ਵਿੱਚ ਹੀ ਕਿਤੇ ਹੋਰ ਬਣੇ ਸਨ। ਜਦੋਂ ਉਹ ਦੋਵੇਂ ਗਲਤੀ ਨਾਲ ਮੰਗਲ ਗ੍ਰਹਿ ਦੇ ਨੇੜੇ ਆਏ ਤਾਂ ਇਸ ਦੀ ਗੁਰੂਤਾਕਾਰਸ਼ਣ ਨਾਲ ਖਿੱਚੇ ਗਏ। ਉਹ ਮੰਗਲ ਦੇ ਪ੍ਰੇਮੀ ਬਣ ਗਏ ਅਤੇ ਇਸ ਦੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ।
ਇਸ ਦੂਜੀ ਧਾਰਨਾ ਮੁਤਾਬਕ, ਧਰਤੀ ਨਾਲ ਵੀ ਅਜਿਹਾ ਹੀ ਹੋਇਆ ਹੋ ਸਕਦਾ ਸੀ। ਪਰ ਇਸ ਨੂੰ ਵੀ ਸਵੀਕਾਰ ਕਰਨ ਵਿੱਚ ਕੁਝ ਖਦਸ਼ੇ ਹਨ।
ਤਾਂ ਕੀ ਚੰਦ, ਧਰਤੀ ਦਾ ਪ੍ਰੇਮੀ ਨਹੀਂ ਹੈ?

ਕਿਸੇ ਵੀ ਦੁਚਿੱਤੀ ''''ਚ ਪੈਣ ਤੋਂ ਚੰਗਾ ਹੈ, ਆਓ ਇਡਲੀ ''''ਤੇ ਇੱਕ ਨਿੱਕੀ ਜਿਹੀ ਰਿਸਰਚ ਕਰਦੇ ਹਾਂ। ਅਸੀਂ ਇੱਕ ਤੁਹਾਡੇ ਘਰ ਬਣੀ ਇਡਲੀ ਲਈ ਅਤੇ ਇੱਕ ਤੁਹਾਡੇ ਗੁਆਂਢੀਆਂ ਦੇ ਘਰ ਬਣੀ ਇਡਲੀ ਲਈ।
ਅਸੀਂ ਪ੍ਰਯੋਗਸ਼ਾਲਾ ਵਿੱਚ ਦੋਵਾਂ ਦਾ ਅਧਿਐਨ ਕੀਤਾ। ਅਸੀਂ ਤੁਹਾਡੇ ਘਰ ਦੀ ਬਣੀ ਇਡਲੀ ਅਤੇ ਗੁਆਂਢੀਆਂ ਦੇ ਘਰ ਬਣੀ ਇਡਲੀ ਵਿੱਚ ਚਾਵਲ ਅਤੇ ਉੜਦ ਦੀ ਦਾਲ ਦੀ ਮਾਤਰਾ ਦੀ ਤੁਲਨਾ ਕੀਤੀ।
ਜੇਕਰ ਦੋਵਾਂ ਇਡਲੀਆਂ ਵਿੱਚ ਮਾਤਰਾ ਇੱਕ ਸਮਾਨ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਦੋਵਾਂ ਨੇ ਇੱਕ ਹੀ ਦੁਕਾਨ ਤੋਂ ਇਡਲੀ ਦਾ ਘੋਲ ਖਰੀਦਿਆ ਹੈ।
ਆਓ, ਹੁਣ ਇਸ ਉਦਾਹਰਣ ਨੂੰ ਚੰਨ ਦੀ ਕਹਾਣੀ ਨਾਲ ਜੋੜਦੇ ਹਾਂ।
ਇਡਲੀ ਵਾਂਗ ਹੀ, ਚੰਦਰਮਾ ''''ਤੇ ਮਿਲੀਆਂ ਚੱਟਾਨਾਂ ਅਤੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਇਨ੍ਹਾਂ ਅਤੇ ਧਰਤੀ ਦੇ ਸਮਾਨ ਨਮੂਨਿਆਂ ਵਿੱਚ ਇੱਕੋ-ਜਿਹੀਆਂ ਵਿਸ਼ੇਸ਼ਤਾਵਾਂ ਹਨ।
ਇਸ ਤਰ੍ਹਾਂ ਇਸ ਗੱਲ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ ਕਿ ਧਰਤੀ ਅਤੇ ਚੰਦਰਮਾ ਵੱਖ-ਵੱਖ ਥਾਵਾਂ ''''ਤੇ ਬਣੇ ਸਨ।
ਆਕਸੀਜਨ ਕੁਦਰਤ ਵਿੱਚ ਤਿੰਨ ਆਈਸੋਟੋਪਾਂ ਵਿੱਚ ਮੌਜੂਦ ਹੈ, ਆਕਸੀਜਨ 16, 17 ਅਤੇ 18। ਆਕਸੀਜਨ 18 ਆਕਸੀਜਨ 17 ਨਾਲੋਂ ਭਾਰੀ ਹੈ। ਇਸੇ ਤਰ੍ਹਾਂ, ਆਕਸੀਜਨ 17 ਆਕਸੀਜਨ 16 ਨਾਲੋਂ ਭਾਰੀ ਹੈ।

ਅਸੀਂ ਪਹਿਲਾਂ ਦੇਖਿਆ ਹੈ ਕਿ ਸੂਰਜ ਅਤੇ ਇਸ ਦੇ ਸਾਰੇ ਗ੍ਰਹਿ ਇੱਕ ਗੈਸੀ ਝੁੰਡ ਤੋਂ ਬਣੇ ਹਨ।
ਜਦੋਂ ਚੌਲਾਂ ਨੂੰ ਪੀਸਿਆ ਜਾਂਦਾ ਹੈ, ਤਾਂ ਚੌਲ ਇੱਕ ਪਾਸੇ ਵੱਲ ਡਿੱਗ ਜਾਂਦੇ ਹਨ ਅਤੇ ਉਨ੍ਹਾਂ ਦਾ ਬੂਰਾ ਇੱਕ ਪਾਸੇ ਡਿੱਗ ਜਾਂਦਾ ਹੈ।
ਇਸੇ ਤਰ੍ਹਾਂ, ਜਦੋਂ ਸੂਰਜ ਦੇ ਦੁਆਲੇ ਗ੍ਰਹਿ ਬਣਦੇ ਸਨ, ਤਾਂ ਸੂਰਜ ਦੇ ਨੇੜੇ ਆਕਸੀਜਨ-18 ਗੈਸ ਜ਼ਿਆਦਾ ਸੀ। ਜਿਵੇਂ-ਜਿਵੇਂ ਸੂਰਜ ਤੋਂ ਦੂਰੀ ਹੁੰਦੀ ਜਾਂਦੀ ਹੈ, ਆਕਸੀਜ਼ਨ ਘੱਟ ਸੰਘਣੀ ਹੁੰਦੀ ਜਾਂਦੀ ਹੈ।
ਹੁਣ ਚੰਦ ਅਤੇ ਧਰਤੀ ਦੀ ਗੱਲ ਕਰਦੇ ਹਾਂ। ਇਨ੍ਹਾਂ ਦੋਵਾਂ ਵਿੱਚ, ਆਕਸੀਜਨ ਦੇ ਸੋਖਣ ਦੀ ਦਰ 16, 17, 18, ਇੱਕੋ ਜਿਹੀ ਹੈ। ਜਿਵੇਂ ਇੱਕੋ-ਤਰ੍ਹਾਂ ਦੇ ਬੈਟਰ (ਘੋਲ) ਨਾਲ ਬਣੀਆਂ ਇਡਲੀਆਂ।
ਇਸ ਲਈ, ਇਹ ਧਾਰਨਾ ਕਿ ਚੰਦਰਮਾ ਕਿਤੇ ਹੋਰ ਬਣਿਆ ਸੀ ਅਤੇ ਧਰਤੀ ਦੇ ਗੁਰੂਤਾਕਰਸ਼ਣ ਬਲ ਨੇ ਇਸ ਨੂੰ ਆਪਣੇ ਵੱਲ ਖਿੱਚ ਲਿਆ, ਇਸ ''''ਤੇ ਪੂਰੀ ਤਰ੍ਹਾਂ ਭਰੋਸਾ ਕਰਨਾ ਔਖਾ ਹੈ।
ਚੰਨ , ਧਰਤੀ ਦਾ ਬੱਚਾ ਹੈ

ਉੱਪਲੀਆਂ ਦੋ ਧਾਰਨਾਵਾਂ ਨਾਲ ਅਸੀਂ ਖਾਸਾ ਕੁਝ ਸਮਝ ਗਏ ਹਾਂ ਅਤੇ ਇਸ ਨਾਲ ਦੋ ਮੁੱਖ ਗੱਲਾਂ ਸਾਡੇ ਸਾਹਮਣੇ ਆਈਆਂ ਹਨ:
- ਚੰਦਰਮਾ ਅਤੇ ਧਰਤੀ ਦੋਵਾਂ ''''ਤੇ ਆਕਸੀਜਨ ਆਈਸੋਟੋਪ ਦਾ ਗਾੜ੍ਹਾਪਣ ਇੱਕੋ ਜਿਹਾ ਹੈ।
- ਧਰਤੀ ਆਪਣੀ ''''ਤੇ ਧੁਰੀ 23.5 ਡਿਗਰੀ ਝੁਕੀ ਹੋਈ ਹੈ ਅਤੇ ਚੰਦਰਮਾ ਮਹਿਜ਼ 6.7 ਡਿਗਰੀ।
ਇਹ ਤੀਜੀ ਧਾਰਨਾ ਇਨ੍ਹਾਂ ਦੋ ਕਾਰਕਾਂ ''''ਤੇ ਅਧਾਰਤ ਹੈ ਅਤੇ ਦੱਸਦੀ ਹੈ ਕਿ ਚੰਦਰਮਾ ਕਿਵੇਂ ਬਣਿਆ ਸੀ।
ਸੂਰਜ ਅਤੇ ਧਰਤੀ ਦੇ ਬਣਨ ਤੋਂ ਲਗਭਗ 4.5 ਬਿਲੀਅਨ ਸਾਲ ਪਹਿਲਾਂ, ਸੂਰਜੀ ਪ੍ਰਣਾਲੀ ਵਾਲੇ ਖੇਤਰ ਵਿੱਚ ਵੱਖ-ਵੱਖ ਆਕਾਰਾਂ ਦੇ ਉਲਕਾ-ਪਿੰਡ ਮੌਜੂਦ ਸਨ।
ਇਹ ਉਲਕਾ ਇਧਰ-ਉਧਰ ਬੇਤਰਤੀਬ ਘੁੰਮ ਰਹੇ ਸਨ। ਇਨ੍ਹਾਂ ਵਿੱਚੋਂ ਕੁਝ ਉਲਕਾ ਬਹੁਤ ਛੋਟੇ ਸਨ, ਜਦਕਿ ਕੁਝ ਮੰਗਲ ਗ੍ਰਹਿ ਜਿੰਨੇ ਵੱਡੇ ਸਨ।
ਇਸ ਦੌਰਾਨ, ਇੱਕ ਵੱਡਾ ਗ੍ਰਹਿ ਜਿਸ ਨੂੰ ਵਿਗਿਆਨੀਆਂ ਨੇ ਥੀਆ ਨਾਮ ਦਿੱਤਾ ਹੈ, ਆਇਆ ਅਤੇ ਧਰਤੀ ਨਾਲ ਟਕਰਾ ਗਿਆ। ਇਹ ਤੀਜੀ ਥਿਊਰੀ ਦੱਸਦੀ ਹੈ ਕਿ ਅੱਜ ਸਾਡੇ ਕੋਲ ਮੌਜੂਦ ਧਰਤੀ ਅਤੇ ਚੰਦਰਮਾ ਉਸੇ ਟੱਕਰ ਕਾਰਨ ਬਣੇ ਸਨ।
ਮੰਨਿਆ ਜਾਂਦਾ ਹੈ ਕਿ ਇਹ ਘਟਨਾ ਸੂਰਜ ਅਤੇ ਧਰਤੀ ਦੇ ਹੋਂਦ ਵਿੱਚ ਆਉਣ ਹੋਣ ਤੋਂ 60 ਮਿਲੀਅਨ ਸਾਲ ਬਾਅਦ ਵਾਪਰੀ ਹੋਵੇਗੀ।
ਉਸ ਵੇਲੇ ਧਰਤੀ ਓਨੀ ਠੋਸ ਨਹੀਂ ਸੀ, ਜਿੰਨੀ ਅੱਜ ਹੈ। ਇਹ ਤਰਲ ਅਵਸਥਾ ਵਿੱਚ ਸੀ।

ਇਸੇ ਤਰ੍ਹਾਂ ਮੰਗਲ ਦੇ ਆਕਾਰ ਦਾ ਵੱਡਾ ਗ੍ਰਹਿ ਸੀ- ਥੀਆ। ਜਦੋਂ ਇਹ ਦੋਵੇਂ ਇੱਕ ਦੂਜੇ ਨਾਲ ਟਕਰਾਏ ਤਾਂ ਟੁੱਟਣ ਦੀ ਬਜਾਏ, ਇਸ ਟੱਕਰ ਤੋਂ ਪੈਦਾ ਹੋਈ ਗਰਮੀ ਪਿਘਲ ਗਈ, ਆਪਸ ਵਿੱਚ ਰਲ ਗਈ ਅਤੇ ਫਿਰ ਦੋ ਹਿੱਸਿਆਂ ਵਿੱਚ ਵੰਡੀ ਗਈ।
ਇਸੇ ਵੰਡ ਕਾਰਨ, ਧਰਤੀ ਅਤੇ ਚੰਦਰਮਾ ''''ਤੇ ਆਕਸੀਜਨ ਆਈਸੋਟੋਪਾਂ ਦਾ ਗਾੜ੍ਹਾਪਣ ਲਗਭਗ ਇੱਕੋ-ਜਿਹਾ ਹੈ। ਪਰ ਇਸ ਟੱਕਰ ਦੇ ਨਤੀਜੇ ਵਜੋਂ ਇਹ ਵੀ ਮੰਨਿਆ ਜਾਂਦਾ ਹੈ ਕਿ ਧਰਤੀ ਦੀ ਧੁਰੀ ਇੱਕ ਝੁਕਾਅ ''''ਤੇ ਅਤੇ ਚੰਦਰਮਾ ਦੀ ਧੁਰੀ ਵੱਖਰੇ ਝੁਕਾਅ ''''ਤੇ ਹੋ ਗਈ।
ਜ਼ਿਆਦਾਤਰ ਵਿਗਿਆਨੀ ਇਸ ਧਾਰਨਾ ਨਾਲ ਸਹਿਮਤ ਹਨ ਕਿ ਧਰਤੀ ਅਤੇ ਚੰਦਰਮਾ ਇਸੇ ਤਰ੍ਹਾਂ ਬਣੇ ਹੋਣਗੇ।
ਹੁਣ, ਆਓ ਇਸ ਤੀਜੀ ਧਾਰਨਾ ਨੂੰ ਥੋੜ੍ਹਾ ਹੋਰ ਵਿਸਥਾਰ ਨਾਲ ਸਮਝੀਏ...
ਧਰਤੀ, ਚੰਦਰਮਾ ਅਤੇ ਆਲੂ ਬੋਂਡਾ

ਧਰਤੀ ਦੇ ਗਰਭ ''''ਚ ਲੋਹੇ ਅਤੇ ਨਿਕਲ ਵਰਗੀਆਂ ਧਾਤਾਂ ਦੀ ਭਰਪੂਰ ਮਾਤਰਾ ਮੌਜੂਦ ਹੈ। ਪਰ, ਚੰਨ ਦੇ ਮਾਮਲੇ ''''ਚ ਅਜਿਹਾ ਨਹੀਂ ਹੈ। ਅਤੇ ਇਸੇ ਕਾਰਨ ਇਸ ਤੀਜੀ ਧਾਰਨਾ ''''ਤੇ ਵੀ ਕੁਝ ਖਦਸ਼ੇ ਪੈਦਾ ਹੁੰਦੇ ਹਨ।
ਇਸ ਨੂੰ ਸਮਝਣ ਲਈ ਅਸੀਂ ਆਲੂ ਬੋਂਡੇ ਦੀ ਉਦਾਹਰਣ ਲੈਂਦੇ ਹਾਂ। ਆਲੂ ਬੋਂਡੇ ਦੇ ਅੰਦਰ ਆਲੂਆਂ ਦਾ ਮਿਸ਼ਰਣ ਭਰਿਆ ਹੁੰਦਾ ਹੈ। ਉੱਪਰੋਂ ਇਸ ''''ਤੇ ਮੂੰਗਫਲੀ ਦੇ ਆਟੇ ਦੀ ਪਤਲੀ ਪਰਤ ਚੜ੍ਹੀ ਹੁੰਦੀ ਹੈ।
ਜਿਸ ਵੇਲੇ ਧਰਤੀ ਇਸ ਆਲੂ ਬੋਂਡੇ ਵਾਲੀ ਸਥਿਤੀ ''''ਚ ਸੀ (ਤਲਣ ਤੋਂ ਪਹਿਲਾਂ), ਉਸੇ ਵੇਲੇ ਥੀਆ ਇਸ ਨਾਲ ਆ ਕੇ ਟਕਰਾ ਗਿਆ। ਇਸ ਟੱਕਰ ਵਿੱਚ ਦੋਵਾਂ ਦੀਆਂ ਉਪਰਲੀਆਂ ਪਰਤਾਂ ਵੀ ਆਪਸ ਵਿੱਚ ਘੁਲ-ਮਿਲ ਗਈਆਂ ਅਤੇ ਫਿਰ ਦੋਵੇਂ ਵੱਖ ਹੋ ਗਏ।
ਇਹੀ ਕਾਰਨ ਹੈ ਕਿ ਦੋਵਾਂ ਦੀਆਂ ਉਪਰਲੀ ਸਤਹਿ ਤਾਂ ਇੱਕੋ-ਜਿਹੀ ਹੈ ਪਰ ਅੰਦਰਲੇ ਤੱਤ ਵੱਖ-ਵੱਖ ਹਨ।
ਧਰਤੀ ਦੀ ਧੁਰੀ ਦੀ ਡਿਗਰੀ ਅਤੇ ਚੰਦਰਮਾ ਦੀ ਧੁਰੀ ਦੀ ਡਿਗਰੀ ਵੱਖਰੀ ਹੈ, ਪਰ ਦੋਵਾਂ ਦੀਆਂ ਸਤਹਿ ''''ਤੇ ਆਈਸੋਟੋਪਾਂ ਦਾ ਗਾੜ੍ਹਾਪਣ ਲਗਭਗ ਇੱਕੋ-ਜਿਹਾ ਹੈ। ਇਸੇ ਤਰ੍ਹਾਂ ਧਰਤੀ ਦੇ ਕੋਰ ਵਿੱਚ ਲੋਹਾ, ਨਿਕਲ ਆਦਿ ਮੌਜੂਦ ਹੈ ਪਰ ਚੰਦਰਮਾ ਵਿੱਚ ਨਹੀਂ।
ਹੁਣ ਜੇਕਰ ਇਨ੍ਹਾਂ ਗੱਲਾਂ ਨੂੰ ਇਕੱਠਿਆਂ ਰੱਖ ਕੇ ਵਿਸ਼ਲੇਸ਼ਣ ਕਰੀਏ ਤਾਂ ਸਮਝ ਆਉਂਦਾ ਹੈ ਕਿ ਕੋਈ ਗ੍ਰਹਿ ਆ ਕੇ ਧਰਤੀ ਨਾਲ ਟਕਰਾ ਗਿਆ ਅਤੇ ਇਸ ਕਾਰਨ ਚੰਦਰਮਾ ਬਣਿਆ।
ਤਾਂ ਇਸ ਧਾਰਨਾ ਦੇ ਸਹੀ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਕਿ ਚੰਨ , ਧਰਤੀ ਦਾ ਬੱਚਾ ਹੈ।
ਇਸ ਲਈ ਨਾ ਤਾਂ ਚੰਦਰਮਾ ਅਤੇ ਧਰਤੀ ਜੁੜਵਾਂ ਹਨ ਅਤੇ ਨਾ ਹੀ ਚੰਨ ਧਰਤੀ ਦਾ ਪ੍ਰੇਮੀ ਹੈ। ਇਸ ਦੀ ਬਜਾਏ, ਵਿਗਿਆਨੀਆਂ ਨੇ ਇਸ ਧਾਰਨਾ ਨੂੰ ਸਵੀਕਾਰ ਕਰ ਲਿਆ ਹੈ ਕਿ ਚੰਨ ਧਰਤੀ ਦਾ ਬੱਚਾ ਹੈ।

ਭਾਰਤ ਦੀਆਂ ਚੰਨ ’ਤੇ ਜਾਣ ਦੀਆਂ ਕੋਸ਼ਿਸ਼ਾਂ
- ਭਾਰਤ ਦਾ ਪਹਿਲਾ ਚੰਦਰਮਾ ਅਭਿਆਨ ਚੰਦਰਯਾਨ-1, ਸਾਲ 2008 ਵਿੱਚ ਲਾਂਚ ਕੀਤਾ ਗਿਆ ਸੀ ਪਰ ਉਹ ਸ਼ੈਕਲੇਟਨ ਕਰੇਟਰ (ਜਿਸ ਨੂੰ ਬਾਅਦ ਵਿੱਚ ਜਵਾਹਰ ਪੁਆਇੰਟ ਕਿਹਾ ਗਿਆ), ’ਤੇ ਕਰੈਸ਼ ਹੋ ਗਿਆ ਸੀ।
- ਚੰਦਰਯਾਨ-2 ਨੇ ਵੀ ਚੰਦਰਮਾ ਉੱਤੇ ਪਾਣੀ ਦੇ ਅਣੂਆਂ ਦੀ ਖੋਜ ਵਿੱਚ ਅਹਿਮ ਭੂਮਿਕਾ ਨਿਭਾਈ।
- 22 ਜੁਲਾਈ 2019 ਨੂੰ ਵਿਕਰਮ ਲੈਂਡਰ ਅਤੇ ਪ੍ਰਾਗਯਾਨ ਰੋਵਰ ਨਾਲ ਚੰਦਰਯਾਨ-2 ਨੂੰ ਲਾਂਚ ਕੀਤਾ ਗਿਆ ਸੀ।
- 6 ਸਤੰਬਰ 2019 ਨੂੰ ਚੰਦਰਮਾ ਦੀ ਸਤ੍ਹਾ ’ਤੇ ਸੌਫਟ ਲੈਂਡਿੰਗ ਦੀ ਕੋਸ਼ਿਸ਼ ਵਿੱਚ ਵਿਕਰਮ ਲੈਂਡਰ ਦਾ ਸੰਪਰਕ ਟੁੱਟ ਗਿਆ ਸੀ। ਇਸ ਦਾ ਮਲਬਾ ਤਿੰਨ ਮਹੀਨੇ ਬਾਅਦ ਨਾਸਾ ਨੂੰ ਮਿਲਿਆ ਸੀ।
- ਹੁਣ ਭਾਰਤ ਆਪਣਾ ਚੰਦਰਯਾਨ-3 ਚੰਨ ''''ਤੇ ਉਤਰਣ ਦੀ ਤਿਆਰੀ ਵਿੱਚ ਹੈ ਅਤੇ ਤੈਅ ਪ੍ਰੋਗਰਾਮ ਮੁਤਾਬਕ ਇਸ ਨੇ ਆਉਂਦੀ 23 ਜੁਲਾਈ ਨੂੰ ਚੰਨ ''''ਤੇ ਲੈਂਡ ਕਰਨਾ ਹੈ।
- ਚੰਦਰਯਾਨ-3 ਦਾ ਪਲੇਲੋਡ ਲੂਨਰ ਔਰਬਿਟ ਤੋਂ ਧਰਤੀ ਦੇ ਸਪੈਕਟ੍ਰਲ ਅਤੇ ਪੋਲੌਰੀਮੈਟ੍ਰਿਕ ਮਾਪਾਂ ਦਾ ਅਧਿਐਨ ਕਰੇਗਾ, ਜਿਸ ਨਾਲ ਵਿਗਿਆਨੀਆਂ ਨੂੰ ਸਾਡੇ ਗ੍ਰਹਿ ਬਾਰੇ ਲਾਭਦਾਇਕ ਜਾਣਕਾਰੀ ਹਾਸਿਲ ਹੋ ਸਕੇਗੀ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)