ਬਨਵਾਰੀ ਲਾਲ ਪ੍ਰੋਹਿਤ : ''''ਪਾਕਿਸਤਾਨ ਉੱਤੇ 1-2 ਵਾਰ ਸਰਜੀਕਲ ਸਟਰਾਇਕ ਹੋਵੇ''''
Thursday, Jun 08, 2023 - 11:19 AM (IST)
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਕਿਹਾ ਹੈ, ‘‘ਪਾਕਿਸਤਾਨ ’ਤੇ 1-2 ਵਾਰ ਸਰਜੀਕਲ ਸਟ੍ਰਾਈਕ ਹੋਣੀ ਚਾਹੀਦੀ ਹਾਂ, ਤਾਂ ਹੀ ਪਾਕਿਸਤਾਨ ਨੂੰ ਸਬਕ ਮਿਲੇਗਾ।’’
ਰਾਜਪਾਲ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਦੌਰੇ ਦੌਰਾਨ ਵੀਰਵਾਰ ਨੂੰ ਅਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਰਾਜਪਾਲ ਨੇ ਕਿਹਾ, ‘‘ਪਾਕਿਸਤਾਨ ਸਰਹੱਦੀ ਇਲਾਕਿਆਂ ’ਚ ਡਰੋਨ ਰਾਹੀਂ ਨਸ਼ੇ ਭੇਜ ਰਿਹਾ ਹੈ, ਇਹ ਸਾਡੇ ਨਾਲ ਬਹੁਤ ਵੱਡੀ ਸਾਜ਼ਿਸ਼ ਕਰ ਰਿਹਾ ਹੈ।’’
ਬੁੱਧਵਾਰ ਨੂੰ ਪੰਚਾਂ-ਸਰਪੰਚਾਂ ਨਾਲ ਬੈਠਕ ਦੌਰਾਨ ਰਾਜਪਾਲ ਨੇ ਧਰਮਕੋਟ ਰੰਧਾਵਾ ਵਿੱਚ ਵੀ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਇਸ ਦੀ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਅਪੀਲ ਕਰਨ ਦੀ ਗੱਲ ਕਹੀ ਸੀ।
ਆਮ ਆਦਮੀ ਪਾਰਟੀ ਨੇ ਕੀਤਾ ਵਿਰੋਧ
ਪੰਜਾਬ ਦੇ ਰਾਜਪਾਲ ਵਲੋਂ ਸਰਜੀਕਲ ਸਟਰਾਇਕ ਦੀ ਵਕਾਲਤ ਕੀਤੇ ਜਾਣ ਦਾ ਪੰਜਾਬ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ।
ਇਸ ਬੈਠਕ ਵਿੱਚ ਹਾਜ਼ਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਸੀ ਕਿ ਜਦੋਂ ਰਾਜਪਾਲ ਨੇ ਸਰਜੀਕਲ-ਸਟਰਾਇਕ ਦੀ ਸਿਫਾਰਿਸ਼ ਕਰਨ ਦੀ ਗੱਲ ਕਹੀ ਤਾਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਸੀ।
ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ ਮੈਂ ਉਨ੍ਹਾਂ ਅੱਗੇ ਬੇਨਤੀ ਕੀਤੀ ਕਿ ਸਰਜੀਕਲ ਸਟਰਾਇਕ ਦੀ ਗੱਲ ਨਾ ਕਰੋ।,ਕੋਈ ਅਜਿਹੇ ਯੰਤਰ ਲਾ ਦਿਓ ਬਾਰਡਰ ਉੱਤੇ ਜਿਸ ਨਾਲ ਆਉਣ ਵਾਲੇ ਡਰੌਨ ਨਸ਼ਟ ਕੀਤੇ ਜਾ ਸਕਣ।’’
ਰੰਧਾਵਾ ਨੇ ਸਵਾਲ ਕੀਤਾ ਕਿ ਸਰਹੱਦ ਤਾਂ ਦੂਜੇ ਸੂਬਿਆਂ ਦੀ ਵੀ ਪਾਕਿਸਤਾਨ ਨਾਲ ਲੱਗਦੀ ਹੈ, ਨਸ਼ਾ ਦੇ ਤਸਕਰੀ ਉੱਥੇ ਵੀ ਹੁੰਦੀ ਹੈ, ਪਰ ਅਜਿਹੀਆਂ ਗੱਲਾਂ ਪੰਜਾਬ ਵਿੱਚ ਹੀ ਕਿਉਂ ਕੀਤੀਆਂ ਜਾਂਦੀਆਂ ਹਨ।