ਰਾਜਾ ਵੜਿੰਗ ’ਤੇ ਅਮਰੀਕਾ ’ਚ ਹਮਲਾ: ਪੰਜਾਬੀ ਆਗੂਆਂ ਨੂੰ ਵਿਦੇਸ਼ਾਂ ਵਿੱਚ ਘੇਰਨ ਦੇ ਵਰਤਾਰੇ ਨਾਲ ਖੜ੍ਹੇ ਹੁੰਦੇ ਸਵਾਲ
Thursday, Jun 08, 2023 - 08:49 AM (IST)
“ਉਹ ਰੈੱਡ ਲਾਇਟ ਉੱਤੇ ਵੀ ਰੁਕਿਆ ਨਹੀਂ, ਸਿੰਘਾਂ ਦੇ .....( ਭੱਦੀ ਸ਼ਬਦਾਵਲੀ ਦੀ ਵਰਤੋਂ) ਤੋਂ ਡਰਦਾ ਭੱਜ ਗਿਆ, ਸੋ ਅੱਜ ਇਹ ਮੈਸੇਜ ਅਸੀਂ ਅਮਰੀਕਾ ਦੇ ਸਿੱਖਾਂ ਵੱਲੋਂ, ਨਿਊਯਾਰਕ ਵੱਲੋਂ ਸਪੈਸ਼ਲੀ ਅਸੀਂ ਦੇਣਾ ਚਾਹੁੰਦੇ ਹਾਂ, ਉਨ੍ਹਾਂ ਲੋਕਾਂ ਨੂੰ ਅਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ, ਜਿਹੜੇ ਸਿੱਖਾਂ ਦੇ ਖ਼ਿਲਾਫ਼ ਭੁਗਤਦੇ ਹਨ।”
ਇਹ ਸ਼ਬਦ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜੀਪ ਨੂੰ ਘੇਰਨ ਵਾਲੇ ਕੁਝ ਵਿਅਕਤੀਆਂ ਵਿੱਚੋਂ ਇੱਕ ਦੇ ਹਨ।
ਰਾਜਾ ਵੜਿੰਗ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਪਿਛਲੇ ਕਈ ਦਿਨਾਂ ਤੋਂ ਅਮਰੀਕਾ ਦੇ ਦੌਰੇ ਉੱਤੇ ਸਨ।
ਜਿੱਥੇ ਖ਼ੁਦ ਨੂੰ ਖ਼ਾਲਿਸਤਾਨ ਸਮਰਥਕ ਦੱਸਣ ਵਾਲੇ ਕੁਝ ਲੋਕ ਉਨ੍ਹਾਂ ਦੇ ਸਮਾਗਮਾਂ ਦੇ ਬਾਹਰ ਜਾਂ ਇੱਕ-ਦੁੱਕਾ ਨੇ ਅੰਦਰ ਜਾ ਕੇ ਖ਼ਾਲਿਸਤਾਨਪੱਖੀ ਨਾਅਰੇਬਾਜ਼ੀ ਕੀਤੀ।
ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਇੱਕ ਵੀਡੀਓ ਪਾ ਕੇ ਘੇਰਨ ਵਾਲਿਆਂ ਤੋਂ ਡਰ ਕੇ ਭੱਜਣ ਦੇ ਦਾਅਵਿਆਂ ਨੂੰ ਰੱਦ ਕੀਤਾ ਹੈ।
ਉਨ੍ਹਾਂ ਕਿਹਾ, "ਮੈਂ ਅਮਰੀਕਾ ਵਿੱਚ ਹੀ ਹਾਂ, ਡਰ ਕੇ ਭੱਜਿਆ ਨਹੀਂ, ਮੈਂ ਖ਼ਾਲਿਸਤਾਨ ਦਾ ਵਿਰੋਧੀ ਕੱਲ ਵੀ ਸਨ ਅਤੇ ਅੱਜ ਵੀ ਹਾਂ, ਨਾ ਖ਼ਾਲਿਸਤਾਨ ਬਣਨਾ ਹੈ ਅਤੇ ਨਾ ਅਸੀਂ ਬਣਨ ਦੇਣਾ ਹੈ, ਕਿਉਂਕਿ ਖ਼ਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ।"
ਰਾਜਾ ਵੜਿੰਗ ਨੂੰ ਘੇਰਨ ਦੀ ਘਟਨਾ
5 ਜੂਨ ਨੂੰ ਰਾਜਾ ਵੜਿੰਗ ਨੇ ਜੋ ਵੀਡੀਓ ਪਾਈ, ਉਸ ਤੋਂ ਇੱਕ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਵਿਅਕਤੀ ਰਾਜਾ ਵੜਿੰਗ ਦੀ ਗੱਡੀ ਨੂੰ ਹੱਥ ਦੇ ਕੇ ਰੋਕਦਾ ਹੈ।
ਪਰ ਜਦੋਂ ਉਹ ਕੋਈ ਗੱਲ ਕਰਦਾ ਹੈ, ਤਾਂ ਅਚਾਨਕ ਗੱਡੀ ਤੁਰ ਪੈਂਦੀ ਹੈ। ਇਹ ਵਿਅਕਤੀ ਰਾਜਾ ਵੜਿੰਗ ਦੀ ਗੱਡੀ ਪਿੱਛੇ ਭੱਜਦਾ ਦਿਖਾਈ ਦਿੰਦਾ ਹੈ।
ਉਹ ਰਾਜਾ ਵੜਿੰਗ ਨੂੰ ਅਪਸ਼ਬਦ ਬੋਲਦਾ ਹੈ, ਅੱਗੇ ਗੱਡੀ ਰੈੱਡ ਲਾਇਟ ਉੱਤੇ ਰੁਕਣ ਲੱਗਦੀ ਹੈ, ਪਰ ਫੇਰ ਰੁਕਣ ਦੀ ਬਜਾਇ ਖੱਬੇ ਪਾਸੇ ਮੁੜ ਜਾਂਦੀ ਹੈ।
ਇਸ ਵੀਡੀਓ ਤੋਂ ਬਾਅਦ ਗੱਡੀ ਪਿੱਛੇ ਭੱਜਣ ਵਾਲਾ ਵਿਅਕਤੀ ਉੱਥੇ ਹੀ ਇੱਕ ਵੀਡੀਓ ਬਣਾਉਂਦਾ ਹੈ। ਜੋ ਅੱਗੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀ ਹੈ।
ਉਹ ਅੱਗੇ ਕਹਿੰਦਾ ਦਿਖ ਰਿਹਾ ਹੈ, "ਨਿਊਯਾਰਕ ਦੇ ਸਿੱਖਾਂ ਵੱਲੋਂ ਅਸੀਂ ਉਨ੍ਹਾਂ ਲੋਕਾਂ ਨੂੰ ਅਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਨ, ਜਿਹੜੇ ਸਿੱਖਾਂ ਦੇ ਖਿਲਾਫ਼ ਭੁਗਤਦੇ ਹਨ। ਸਿੱਖਾਂ ਦੀ ਨੌਜਵਾਨੀਂ ਉੱਤੇ ਝੂਠੇ ਕੇਸ ਪਾਉਂਦੇ ਆ।"
ਉਹ ਅੱਗੇ ਕਹਿੰਦੇ ਹਨ, "ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਹੈ ਤਾਂ ਉਹ ਉਸ ਦੇ ਖ਼ਿਲਾਫ਼ ਭੁਗਤਦੇ ਆ, ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਨ ਤੋਂ ਬਾਜ਼ ਆਓ ਨਹੀਂ ਤਾਂ ਤੁਹਾਨੂੰ ਨਿਊਯਾਰਕ ਦੀ ਧਰਤੀ ਉੱਤੇ ਹੀ ਨਹੀਂ ਪੂਰੇ ਡਾਇਸਪੋਰਾ ਵਿੱਚ ਘੇਰਿਆ ਜਾਵੇਗਾ।"
ਪਰ ਰਾਜਾ ਵੜਿੰਗ ਇਸ ਦੇ ਜਵਾਬ ਵਿੱਚ ਕਹਿੰਦੇ ਹਨ ਕਿ ਉਹ ਇੱਕ ਗੁਰਸਿੱਖ ਦਿਖਣ ਵਾਲੇ ਵਿਅਕਤੀ ਵੱਲੋਂ ਹੱਥ ਦਿੱਤੇ ਜਾਣ ਕਾਰਨ ਰੁਕੇ ਸਨ, ਉਹ ਕਿਸੇ ਤੋਂ ਡਰੇ ਨਹੀਂ ਹਨ, ਪਰ ਉਹ ਉਸ ਵਿਅਕਤੀ ਵਾਂਗ ''''ਬਦਤਮੀਜ਼'''' ਨਹੀਂ ਹੋ ਸਕਦੇ ਸਨ।
ਰਾਜਾ ਵੜਿੰਗ ਨਾਲ, ਜਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ, ਉਹ ਕੋਈ ਪਹਿਲੀ ਘਟਨਾ ਨਹੀਂ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਕਈ ਆਗੂਆਂ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਹੈ।
ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਅਮਰੀਕਾ ਅਤੇ ਕੈਨੇਡਾ ਦੌਰਿਆ ਦੌਰਾਨ ਉਨ੍ਹਾਂ ਖ਼ਿਲਾਫ਼ ਸਿੱਖਸ ਫਾਰ ਜਸਟਿਸ ਵੱਲੋਂ ਕਈ ਵਾਰ ਕੇਸ ਦਰਜ ਕਰਵਾਏ ਜਾਂਦੇ ਰਹੇ ਹਨ।
ਅਜਿਹੀਆਂ ਘਟਨਾਵਾਂ ਸਿਰਫ਼ ਸਿਆਸਤਦਾਨਾਂ ਜਾਂ ਸੱਤਾਧਾਰੀ ਪਾਰਟੀਆਂ ਅਤੇ ਸਰਕਾਰਾਂ ਦੇ ਅਹੁਦੇਦਾਰਾਂ ਨਾਲ ਹੀ ਨਹੀਂ, ਬਲਕਿ ਪੰਜਾਬ ਤੋਂ ਵਿਦੇਸ਼ਾਂ ਵਿੱਚ ਗਏ ਕਈ ਸਿੱਖ ਪ੍ਰਚਾਰਕਾਂਨਾਲ ਵੀ ਵਾਪਰੀਆਂ ਹਨ।
ਹੋਰ ਕਿਹੜੇ ਪੰਜਾਬੀ ਜਾਂ ਸਿੱਖ ਲੀਡਰਾਂ ਨੂੰ ਘੇਰਿਆ ਗਿਆ
ਮਨਜੀਤ ਸਿੰਘ ਜੀਕੇ ''''ਤੇ ਹਮਲਾ
26 ਅਗਸਤ 2018 ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਖ਼ਬਰ ਏਜੰਸੀ ਏਐੱਨਆਈ ਨੇ ਇੱਕ ਵੀਡੀਓ ਜਾਰੀ ਕੀਤੀ।
ਜਿਸ ਵਿੱਚ ਮਨਜੀਤ ਸਿੰਘ ਜੀਕੇ ਦੱਸ ਰਹੇ ਹਨ ਕਿ ਉਨ੍ਹਾਂ ਉੱਤੇ ਕੈਲੇਫੋਰਨੀਆਂ ਦੇ ਗੁਰਦੁਆਰੇ ਵਿੱਚ 20 ਜਣਿਆ ਨੇ ਹਮਲਾ ਕਰ ਦਿੱਤਾ।
ਮਨਜੀਤ ਸਿੰਘ ਜੀਕੇ ਨੇ ਉਸ ਵੇਲੇ ਕਿਹਾ ਸੀ ਕਿ ਹਮਲਾ ਕਰਨ ਵਾਲਿਆਂ ਨੇ ਗੁਰਦੁਆਰੇ ਦੀ ਮਰਿਯਾਦਾ ਦਾ ਵੀ ਖ਼ਿਆਲ ਨਹੀਂ ਕੀਤਾ।
ਜੀਕੇ ਆਪਣੇ ਪਰਿਵਾਰ ਨਾਲ ਅਮਰੀਕਾ ਦੇ ਦੌਰੇ ਉੱਤੇ ਗਏ ਸਨ ਅਤੇ ਉਹ ਵੱਖ ਵੱਖ ਸ਼ਹਿਰਾਂ ਵਿੱਚ ਜਾ ਕੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤਾਂ ਕਰ ਕੇ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਸਨ।
ਇਸੇ ਦੌਰਾਨ ਉਨ੍ਹਾਂ ਨੂੰ ਤਿੰਨ ਥਾਵਾਂ ਉੱਤੇ ਘੇਰ ਕੇ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਏਐੱਨਆਈ ਨੇ ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ਜਾਰੀ ਕੀਤੀ ਸੀ, ਜੋ 25 ਅਗਸਤ ਦੀ ਦੱਸੀ ਗਈ ਸੀ।
ਇਸ ਵਿੱਚ ਜੀਕੇ ਨੂੰ ਕੁਝ ਲੋਕ ਕੁੱਟਦੇ ਨਜ਼ਰ ਆ ਰਹੇ ਹਨ, ਉਹ ਜ਼ਮੀਨ ਉੱਤੇ ਡਿੱਗ ਗਏ ਸਨ, ਉਨ੍ਹਾਂ ਦੀ ਦਸਤਾਰ ਡਿੱਗ ਗਈ ਸੀ। ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਕੁੱਟਮਾਰ ਕਰ ਰਹੇ ਲੋਕਾਂ ਤੋਂ ਬਚਾਅ ਕੇ ਲੈ ਗਏ ਸਨ।
ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਉੱਤੇ ਬੋਤਲਾਂ ਸੁੱਟੀਆਂ
5 ਮਈ 2016 ਨੂੰ ਮੀਡੀਆ ਵਿੱਚ ਕਈ ਟੀਵੀ ਚੈਨਲਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਮਰੀਕਾ ਦੌਰੇ ਦਾ ਇੱਕ ਵੀਡੀਓ ਪ੍ਰਸਾਰਿਤ ਕੀਤਾ।
ਇਹ ਵੀਡੀਓ ਕੈਲੇਫੋਰਨੀਆ ਦੇ ਫਰਿਜ਼ਨੋ ਸ਼ਹਿਰ ਦਾ ਸੀ, ਜਿੱਥੇ ਕੈਪਟਨ ਅਮਰਿੰਦਰ ਸਿੰਘ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਕਾਂਗਰਸ ਪਾਰਟੀ ਲਈ ਪਰਵਾਸੀ ਪੰਜਾਬੀਆਂ ਦਾ ਸਮਰਥਨ ਜੁਟਾਉਣ ਲਈ ਪਬਲਿਕ ਬੈਠਕਾਂ ਕਰ ਰਹੇ ਸਨ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਵੇਂ ਹੀ ਇੱਕ ਬੈਠਕ ਕਰ ਕੇ ਹਾਲ ਤੋਂ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਦੀ ਗੱਡੀ ਨੂੰ ਖ਼ਾਲਿਸਤਾਨ ਪੱਖੀ ਨਾਅਰੇ ਲਾਉਣ ਵਾਲੇ ਕੁਝ ਲੋਕ ਘੇਰਨ ਦੀ ਕੋਸ਼ਿਸ ਕਰਦੇ ਹਨ।
ਮੌਕੇ ਉੱਤੇ ਹਾਜ਼ਰ ਪੁਲਿਸਕਰਮੀ ਮੁਜ਼ਹਾਰਾਕਾਰੀਆਂ ਨੂੰ ਪਿੱਛੇ ਹਟਾਉਂਦੇ ਹਨ, ਕੈਪਟਨ ਜਦੋਂ ਗੱਡੀ ਵਿੱਚ ਬੈਠੇ ਕੇ ਜਾਣ ਲੱਗਦੇ ਹਨ ਤਾਂ ਉਨ੍ਹਾਂ ਦੀ ਗੱਡੀ ਉੱਤੇ ਬੋਤਲਾਂ ਸੁੱਟੀਆਂ ਗਈਆਂ। ਵੀਡੀਓ ਵਿੱਚ ਗੰਦੀਆਂ ਗਾਲ਼ਾਂ ਵੀ ਸੁਣੀਆਂ ਜਾ ਸਕਦੀਆਂ ਹਨ।
ਅਮਰੀਕਾ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਅਜਿਹੀਆਂ ਹੀ ਬੈਠਕਾਂ ਕੈਨੇਡਾ ਦੇ ਸ਼ਹਿਰਾਂ ਵਿੱਚ ਕਰਨੀਆਂ ਸਨ।
ਪਰ ਸਿੱਖਸ ਫਾਰ ਜਸਟਿਸ ਵਰਗੇ ਸੰਗਠਨਾਂ ਵੱਲੋਂ ਉਨ੍ਹਾਂ ਖ਼ਿਲਾਫ਼ ਵਿਰੋਧ ਦੀਆਂ ਧਮਕੀਆਂ ਦੇਣ ਅਤੇ ਲਿਖਤੀ ਸ਼ਿਕਾਇਤਾਂ ਕਰਨ ਤੋਂ ਬਾਅਦ ਕੈਨੇਡਾ ਸਰਕਾਰ ਨੇ ਅਜਿਹੇ ਪ੍ਰੋਗਰਾਮ ਰੱਦ ਕਰਵਾ ਦਿੱਤੇ ਸਨ।
ਜਿਸ ਦੇ ਖ਼ਿਲਾਫ਼ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਇਸ ਨੂੰ ਲੋਕਤੰਤਰੀ ਕਦਰਾਂ ਕੀਮਤਾਂ ਦੀ ਉਲੰਘਣਾ ਕਰਾਰ ਦਿੱਤਾ ਸੀ।
ਤੋਤਾ ਸਿੰਘ ਅਤੇ ਸਿਕੰਦਰ ਸਿੰਘ ਮਲੂਕਾ ਦਾ ਵਿਰੋਧ
18 ਜੁਲਾਈ 2015 ਨੂੰ ਯੂ-ਟਿਊਬ ਉੱਤੇ ਕੁਝ ਡਿਜੀਟਲ ਚੈਨਲਾਂ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਤਤਕਾਲੀ ਪੰਜਾਬ ਸਰਕਾਰ ਦੇ ਮੰਤਰੀ ਤੋਤਾ ਸਿੰਘ ਨੇ ਕਿਊਨਜ਼ ਸ਼ਹਿਰ ਦੇ ਰਿਚਮੰਡ ਹਿੱਲ ਵਿੱਚ ਅਮਰੀਕੀ ਸਿੱਖਾਂ ਨਾਲ ਬੈਠਕ ਕਰਨੀ ਸੀ।
ਇਸ ਵੀਡੀਓ ਮੁਤਾਬਕ ਜਦੋਂ ਉਨ੍ਹਾਂ ਦੀਆਂ ਗੱਡੀਆਂ ਦਾ ਕਾਫ਼ਲਾ ਇੱਥੇ ਪਹੁੰਚਿਆ ਤਾਂ ਸੜਕ ਕਿਨਾਰੇ ਖ਼ਾਲਿਸਤਾਨ ਪੱਖੀ ਨਾਅਰੇ ਲਗਾ ਰਹੇ ਲੋਕਾਂ ਨੇ ਤੋਤਾ ਸਿੰਘ ਦਾ ਵਿਰੋਧ ਕੀਤਾ।
ਇਸ ਘਟਨਾ ਬਾਰੇ ਦਿ ਹਿੰਦੂ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਤੋਤਾ ਸਿੰਘ ਦੀ ਗੱਡੀ ਉੱਤੇ ਖਾਲੀ ਬੋਤਲਾਂ ਅਤੇ ਜੁੱਤੀਆਂ ਸੁੱਟੀਆਂ ਗਈਆਂ।
ਇਸ ਹਿੰਸਕ ਵਿਰੋਧ ਕਰ ਰਹੇ ਦੋ ਲੋਕਾਂ ਨੂੰ ਸਥਾਨਕ ਪੁਲਿਸ ਨੇ ਹਿਰਾਸਤ ਵਿੱਚ ਵੀ ਲਿਆ ਸੀ।
ਤੋਤਾ ਸਿੰਘ ਨਾਲ ਵਾਪਰੀ ਘਟਨਾ ਤੋਂ ਅਗਲੇ ਹੀ ਦਿਨ ਇੱਕ ਹੋਰ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਐਬੋਸਫੋਰਡ ਸ਼ਹਿਰ ਵਿੱਚੋਂ ਇੱਕ ਜਨਤਕ ਸਮਾਗਮ ਛੱਡ ਕੇ ਭੱਜਣਾ ਪਿਆ।
ਇਸੇ ਤਰ੍ਹਾਂ ਟੋਰੰਟੋ ਵਿੱਚ ਪਰਵਾਸੀਆਂ ਨੂੰ ਪੰਜਾਬ ਸਰਕਾਰ ਦੀਆਂ ਨੀਤੀਆਂ ਸਮਝਾਉਣ ਪਹੁੰਚੇ ਤੋਤਾ ਸਿੰਘ ਅਤੇ ਕੁਝ ਅਕਾਲੀ ਵਿਧਾਇਕਾਂ ਦੇ ਸਮਾਗਮ ਵਿੱਚ ਹੋਏ ਹੰਗਾਮੇ ਕਾਰਨ ਸਮਾਗਮ ਨੂੰ ਰੱਦ ਕਰਨਾ ਪਿਆ ਸੀ।
ਵਿਦੇਸ਼ਾਂ ਵਿੱਚ ਹੁੰਦਾ ਸਿਆਸਤਦਾਨਾਂ ਦਾ ਵਿਰੋਧ
- 2016 ਵਿੱਚ ਅਮਰੀਕਾ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ''''ਤੇ ਬੋਤਲਾਂ ਸੁੱਟੀਆਂ ਗਈਆਂ ਸਨ
- 2015 ਨੂੰ ਤਤਕਾਲੀ ਪੰਜਾਬ ਸਰਕਾਰ ਦੇ ਮੰਤਰੀ ਤੋਤਾ ਸਿੰਘ ਅਤੇ ਸਿਕੰਦਰ ਸਿੰਘ ਮਲੂਕਾ ਦਾ ਵਿਰੋਧ ਹੋਇਆ ਸੀ
- 26 ਅਗਸਤ 2018 ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀਕੇ ਉੱਤੇ ਕੈਲੇਫੋਰਨੀਆਂ ਦੇ ਗੁਰਦੁਆਰੇ ਵਿੱਚ 20 ਜਣਿਆ ਨੇ ਹਮਲਾ ਕਰ ਦਿੱਤਾ ਸੀ
- ਮਾਹਿਰਾਂ ਮੁਤਾਬਕ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਈਚਾਰੇ ਵਿੱਚ ਨਿਆਂ ਨਾ ਮਿਲਣ ਦੀ ਗੁੱਸਾ ਅਤੇ ਨਾਰਾਜ਼ਗੀ ਹੈ।
- ਇਸ ਦੇ ਨਾਲ-ਨਾਲ ਵੱਖਰੇ ਮੁਲਕ ਖ਼ਾਲਿਸਤਾਨ ਦੀ ਸਿਆਸਤ ਕਰਨ ਵਾਲੇ ਲੋਕ ਵੀ ਇਨ੍ਹਾਂ ਆਗੂਆਂ ਦਾ ਵਿਰੋਧ ਕਰਕੇ ਆਪਣੀ ਹਾਜ਼ਰੀ ਲਗਵਾਉਂਦੇ ਹਨ।
ਰੁਲਦਾ ਸਿੰਘ ਦੇ ਗਲ਼ ਜੁੱਤੀਆਂ ਦਾ ਹਾਰ
ਰੁਲਦਾ ਸਿੰਘ ਪੰਜਾਬ ਦੇ ਮਰਹੂਮ ਆਰਐੱਸਐੱਸ ਆਗੂ ਸਨ। ਸਿੱਖ ਮੁੱਦਿਆਂ ਉੱਤੇ ਕੰਮ ਕਰਨ ਲਈ ਆਰਐੱਸਐੱਸ ਵੱਲੋਂ ਬਣਾਈ ਗਈ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਦੇ ਉਹ ਮੁਖੀ ਰਹੇ ਹਨ।
1980ਵਿਆਂ ਦੌਰਾਨ ਪੰਥਕ ਸਿਆਸਤ ਵਿੱਚ ਆਈ ਉਥਲ-ਪੁਥਲ ਤੋਂ ਬਾਅਦ ਉਹ ਸਿੱਖਾਂ ਵਿੱਚ ਰਾਸ਼ਟਰੀਵਾਦ ਦੇ ਪ੍ਰਚਾਰਕ ਵਜੋਂ ਕੰਮ ਕਰਦੇ ਸਨ।
ਇਸ ਮੰਤਵ ਦੀ ਪੈਰਵੀ ਲਈ ਉਨ੍ਹਾਂ ਕਈ ਮੁਲਕਾਂ ਦੇ ਦੌਰੇ ਕੀਤੇ। ਇਸ ਦੌਰਾਨ 2007 ਵਿੱਚ ਇੱਕ ਬ੍ਰਿਟੇਨ ਦੌਰੇ ਦੌਰਾਨ ਉਨ੍ਹਾਂ ਦੇ ਗਲ਼ ਵਿੱਚ ਕੁਝ ਲੋਕਾਂ ਨੇ ਜੁੱਤੀਆਂ ਦਾ ਹਾਰ ਪਾ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨਾਲ ਕਾਫੀ ਖਿੱਚਧੂਹ ਵੀ ਕੀਤੀ ਗਈ ਸੀ।
ਰੁਲਦਾ ਸਿੰਘ ਨਾਲ ਵਾਪਰੀ ਇਸ ਘਟਨਾ ਦੀ ਜਲੰਧਰ ਦੇ ਪੱਤਰਕਾਰ ਪਾਲ ਸਿੰਘ ਨੌਲੀ ਨੇ ਉਦੋਂ ਪੰਜਾਬ ਵਿੱਚ ਖ਼ਬਰ ਪ੍ਰਕਾਸ਼ਿਤ ਕੀਤੀ ਸੀ।
ਨੌਲੀ ਨੇ ਦੱਸਿਆ ਕਿ 2009 ਵਿੱਚ ਜਦੋਂ ਰੁਲਦਾ ਸਿੰਘ ਦਾ ਪਟਿਆਲਾ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਤਾਂ ਪੁਲਿਸ ਨੇ ਉਸੇ ਖ਼ਬਰ ਦੇ ਅਧਾਰ ਉੱਤੇ ਉਨ੍ਹਾਂ ਨੂੰ ਵੀ ਸੰਮਨ ਕਰਵਾਇਆ ਸੀ।
ਪੁਲਿਸ ਉਨ੍ਹਾਂ ਦੀ ਖ਼ਬਰ ਦੇ ਅਧਾਰ ਉੱਤੇ ਕਤਲ ਕੇਸ ਦੇ ਮੁਲਜ਼ਮਾਂ ਖਿਲਾਫ਼ ਇਲਜ਼ਾਮ ਸਾਬਿਤ ਕਰ ਰਹੀ ਸੀ।
ਵਿਰੋਧ ਤੋਂ ਉੱਠਦੇ ਸਵਾਲ
ਪਰਵਾਸੀ ਸਿੱਖ ਭਾਈਚਾਰੇ ਵੱਲੋਂ ਭਾਰਤੀ ਅਤੇ ਖਾਸਕਰ ਪੰਜਾਬ ਤੇ ਸਿੱਖਾਂ ਨਾਲ ਸਬੰਧਤ ਆਗੂਆਂ ਦੇ ਇਸ ਤਰ੍ਹਾਂ ਦੇ ਵਿਰੋਧ ਤੋਂ ਕਈ ਸਵਾਲ ਵੀ ਖੜ੍ਹੇ ਹੰਦੇ ਹਨ ਕਿ ਅਜਿਹੇ ਵਿਰੋਧ ਦਾ ਕਾਰਨ ਕੀ ਹੈ।
ਰੋਹ ਅਤੇ ਨਰਾਜ਼ਗੀ
ਪੰਜਾਬੀ ਅਤੇ ਸਿੱਖ ਆਗੂਆਂ ਦੇ ਵਿਰੋਧ ਦੇ ਜਿੰਨੇ ਵੀ ਵੀਡੀਓ ਵਾਇਰਲ ਹੁੰਦੇ ਹਨ ਜਾਂ ਜਿੰਨੇ ਵੀ ਬਿਆਨ ਆਉਂਦੇ ਹਨ। ਉਨ੍ਹਾਂ ਵਿੱਚ ਪਰਵਾਸੀ ਸਿੱਖ ਭਾਈਚਾਰੇ ਦੇ ਗੁੱਸੇ ਅਤੇ ਨਰਾਜ਼ਗੀ ਝਲਕਦੀ ਹੈ।
1980ਵਿਆਂ ਦੌਰਾਨ ਦਰਬਾਰ ਸਾਹਿਬ ਉੱਤੇ ਹੋਈ ਫੌਜੀ ਕਾਰਵਾਈ, ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ, ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਵਰਗੇ ਰਵਾਇਤੀ ਮੁੱਦਿਆਂ ਦੇ ਹੱਲ ਨਾ ਹੋਣਾ, ਇਨ੍ਹਾਂ ਦੇ ਬਿਆਨਾਂ ਦਾ ਹਿੱਸਾ ਬਣਦੇ ਹਨ।
ਇਸ ਦੇ ਨਾਲ-ਨਾਲ ਵੱਖਰੇ ਮੁਲਕ ਖ਼ਾਲਿਸਤਾਨ ਦੀ ਸਿਆਸਤ ਕਰਨ ਵਾਲੇ ਲੋਕ ਵੀ ਇਨ੍ਹਾਂ ਆਗੂਆਂ ਦਾ ਵਿਰੋਧ ਕਰਕੇ ਆਪਣੀ ਹਾਜ਼ਰੀ ਲਗਵਾਉਂਦੇ ਹਨ।
ਜਲੰਧਰ ਜ਼ਿਲ੍ਹੇ ਨਾਲ ਸਬੰਧਤ ਪਾਲ ਸਿੰਘ ਫਰਾਂਸ ਦੇ ਪਰਵਾਸੀ ਹਨ, ਅਤੇ ਇਨ੍ਹੀਂ ਦਿਨੀ ਮੁਹਾਲੀ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਲਈ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਮੋਹਰੀ ਆਗੂ ਹਨ।
ਪਾਲ ਸਿੰਘ ਫਰਾਂਸ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ, "ਪੰਜਾਬ ਦੇ ਆਗੂਆਂ ਨੂੰ ਵਿਦੇਸ਼ਾਂ ਵਿੱਚ ਘੇਰਨ ਦਾ ਮੁੱਢਲਾ ਕਾਰਨ ਭਾਰਤ ਵਿੱਚ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਹੋਇਆ ਧੱਕਾ ਹੈ। ਦਰਬਾਰ ਸਾਹਿਬ ਹਮਲੇ ਤੇ ਸਿੱਖ ਕਤਲੇਆਮ ਦੇ ਜਖ਼ਮ ਅਜੇ ਵੀ ਅੱਲ੍ਹੇ ਹਨ।"
"ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਇਹ ਰੋਸ ਹੈ ਕਿ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਅਤੇ ਕੌਮ ਨਾਲ ਨਿਆਂ ਨਹੀਂ ਕੀਤਾ ਗਿਆ। ਜਦੋਂ ਪੰਜਾਬ ਦੇ ਲੋਕ ਜਾਂ ਸਿੱਖ, ਕੌਮੀ ਇਨਸਾਫ਼ ਮੋਰਚੇ ਵਰਗਾ ਸੰਘਰਸ਼ ਲੜਦੇ ਹਨ ਤਾਂ ਇਹ ਚੁਣੇ ਹੋਏ ਆਗੂ ਉਨ੍ਹਾਂ ਦੇ ਨਾਲ ਨਹੀਂ ਖੜ੍ਹਦੇ ਹਨ।"
ਪਾਲ ਸਿੰਘ ਮੁਤਾਬਕ ਪੰਜਾਬ ਦੇ ਸੰਕਟ ਦੌਰਾਨ ਬਹੁਤ ਸਾਰੇ ਲੋਕ ਜੋ ਸਿਆਸੀ ਸ਼ਰਨ ਦੇ ਨਾਂ ਉੱਤੇ ਵਿਦੇਸ਼ਾਂ ਵਿੱਚ ਜਾ ਵੱਸੇ, ਜਦੋਂ ਉਹ ਵਾਪਸ ਵਤਨ ਪਰਤਣਾ ਚਾਹੁੰਦੇ ਹਨ ਤਾਂ ਭਾਰਤੀ ਅੰਬੈਸੀਆਂ ਉਨ੍ਹਾਂ ਨੂੰ ਭਾਰਤੀ ਪਾਸਪੋਰਟ ਨਹੀਂ ਦਿੰਦੀਆਂ।
ਫੇਰ ਉਨ੍ਹਾਂ ਦੇ ਪਰਿਵਾਰ ਤੇ ਬੱਚੇ ਵੀ ਉੱਥੇ ਚਲੇ ਜਾਂਦੇ ਹਨ, ਅਤੇ ਇੱਕ-ਇੱਕ ਬੰਦੇ ਤੋਂ ਵੱਡੇ ਗਰੁੱਪ ਬਣ ਜਾਂਦੇ ਹਨ, ਉਹ ਫੇਰ ਇਨ੍ਹਾਂ ਆਗੂਆਂ ਖ਼ਿਲਾਫ਼ ਗੁੱਸਾ ਕੱਢਦੇ ਹਨ ਕਿ ਇਹ ਉਨ੍ਹਾਂ ਦਾ ਸਾਥ ਕਿਉਂ ਨਹੀਂ ਦਿੰਦੇ, ਕਿਉਂਕਿ ਗ਼ਲਤੀ ਇੱਕ ਬੰਦੇ ਦੀ ਹੋ ਸਕਦੀ ਹੈ, ਫੇਰ ਸਾਰੇ ਪਰਿਵਾਰ ਨੂੰ ਸਜ਼ਾ ਕਿਉਂ?
ਪਾਲ ਸਿੰਘ ਕਹਿੰਦੇ ਹਨ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਕਿਸੇ ਨਾਲ ਬਦਤਮੀਜ਼ੀ ਕਰਨ ਦੇ ਸਖ਼ਤ ਖ਼ਿਲਾਫ਼ ਹਨ। ਪਰ ਸਿੱਖਾਂ ਤੇ ਪੰਜਾਬ ਦੇ ਮਸਲਿਆਂ ਬਾਰੇ ਜੋ ਸਵਾਲ ਇਨ੍ਹਾਂ ਆਗੂਆਂ ਨੂੰ ਕੀਤੇ ਜਾਂਦੇ ਹਨ, ਉਸ ਦੇ ਇਨ੍ਹਾਂ ਨੂੰ ਜਵਾਬ ਦੇਣੇ ਚਾਹੀਦੇ ਹਨ।
ਮੁੱਦਿਆਂ ਉੱਤੇ ਦੁਬਿਧਾ
‘ਦਿ ਹਿੰਦੂ’ ਅਖ਼ਬਾਰ ਲਈ ਲੰਬਾ ਸਮਾਂ ਪੰਜਾਬ ਨੂੰ ਕਵਰ ਕਰਦੇ ਰਹੇ ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਉਕਤ ਵਰਤਾਰੇ ਪਿੱਛੇ ਪਰਵਾਸੀਆਂ ਵਿੱਚ ਮੁੱਦਿਆਂ ਨੂੰ ਲੈ ਕੇ ਦੁਬਿਧਾ ਨੂੰ ਕਾਰਨ ਸਮਝਦੇ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਸਰਬਜੀਤ ਪੰਧੇਰ ਉਲਟਾ ਸਵਾਲ ਕਰਦੇ ਹਨ ਕਿ ਜੇਕਰ 1980ਵਿਆਂ ਦੀ ਸਿਆਸਤ ਨੂੰ ਲੈ ਕੇ ਰੋਹ ਸਚਮੁੱਚ ਹੀ ਇੰਨਾ ਜਿਆਦਾ ਹੁੰਦਾ ਤਾਂ ਪੰਜਾਬ ਵਿੱਚ ਕਾਂਗਰਸ ਦੀ ਮੁੜ ਕੇ ਸਰਕਾਰ ਨਾ ਬਣਦੀ।
ਪਰ ਪਾਲ ਸਿੰਘ ਫਰਾਂਸ ਇਸ ਗੱਲ ਨਾਲ ਇਤਫਾਕ ਨਹੀਂ ਰੱਖਦੇ, ਉਹ ਕਹਿੰਦੇ ਹਨ ਕਿ ਪੰਜਾਬ ਦੇ ਲੋਕਾਂ ਕੋਲ ਕੋਈ ਬਦਲ ਨਹੀਂ ਹੈ।
ਅਕਾਲੀਆਂ ਦੇ ਰਾਜ ਵਿੱਚ ਜਿਵੇਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਜਿਵੇਂ ਉਹ ਇੱਕ ਪਰਿਵਾਰ ਦੀ ਪਾਰਟੀ ਬਣ ਗਿਆ, ਉਸ ਤੋਂ ਬਾਅਦ ਆਮ ਆਦਮੀ ਨੂੰ ਲਿਆਂਦਾ ਗਿਆ, ਪਰ ਵੀ ਆਸਾਂ ਉੱਤੇ ਖਰੇ ਨਹੀਂ ਉਤਰ ਰਹੇ, ਉਹ ਪੰਜਾਬ ਜਾਂ ਸਿੱਖ ਮਸਲਿਆਂ ਦੀ ਬਜਾਇ ਦਿੱਲੀ ਦੇ ਇਸ਼ਾਰੇ ਉੱਤੇ ਕੰਮ ਕਰਨ ਲੱਗੇ ਹਨ।
ਸਰਬਜੀਤ ਸਿੰਘ ਪੰਧੇਰ ਕਹਿੰਦੇ ਹਨ, "ਅਸਲ ਵਿੱਚ ਇਹ ਮੁੱਦਿਆ ਦੀ ਦੁਬਿਧਾ ਦਾ ਮਸਲਾ ਹੈ, ਪੰਜਾਬ ਤੋਂ ਇਹ ਲੋਕ ਚਲੇ ਗਏ ਅਤੇ ਉੱਥੋਂ ਦੇ ਸੱਭਿਆਚਾਰਕ ਨਾਲ ਜੁੜੇ ਨਹੀਂ। ਇਸ ਲਈ, ਇਹ ਆਪਣੀ ਭੜਾਸ ਕੱਢਦੇ ਹਨ, ਜਿਸ ਹੱਥ ਜੋ ਮੁੱਦਾ ਆਉਂਦਾ ਹੈ, ਉਹ ਉਸੇ ਨੂੰ ਲੈ ਕੇ ਰੌਲਾ ਪਾ ਲੈਂਦਾ ਹੈ।"
"ਖ਼ਾਲਿਸਤਾਨ ਦੇ ਨਾਂ ਉੱਤੇ ਆਪ-ਹੁਦਰੀ ਸਿਆਸਤ ਕਰਨ ਵਾਲੇ ਜਦੋਂ ਪੰਜਾਬ ਆਉਂਦੇ ਹਨ ਤਾਂ ਇੱਥੇ ਮੰਤਰੀਆਂ ਤੇ ਵਿਧਾਇਕਾਂ ਨੂੰ ਸਿਫਾਰਿਸ਼ਾਂ ਨਾਲ ਮਿਲਦੇ ਹਨ ਅਤੇ ਫੋਟੋਆਂ ਖਿਚਵਾਉਂਦੇ ਹਨ।"
ਸਰਬਜੀਤ ਇਹ ਵੀ ਸਵਾਲ ਕਰਦੇ ਹਨ ਕਿ ਇਹ ਲੋਕ ਪੰਜਾਬ ਦੇ ਹਿੱਤਾਂ ਅਤੇ ਸਿੱਖ ਮੁੱਦਿਆਂ ਦੇ ਨਾਅਰੇ ਮਾਰਦੇ ਹਨ, ਪਰ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਲੋਕਾਂ ਨੂੰ ਚੁਣਿਆ ਹੋਇਆ ਹੈ, ਇਹ ਉਨ੍ਹਾਂ ਦਾ ਹੀ ਵਿਰੋਧ ਕਰਦੇ ਹਨ।
ਕੀ ਇੰਝ ਪੰਜਾਬੀਆਂ ਤੇ ਸਿੱਖਾਂ ਨੂੰ ਬੇਇੱਜ਼ਤ ਕਰਨਾ ਨਹੀਂ ਹੈ। ਕਿਸੇ ਨਾਲ ਸਵਾਲ-ਜਵਾਬ ਕਰਨੇ ਇੱਕ ਗੱਲ ਹੈ, ਪਰ ਇਸ ਤਰ੍ਹਾਂ ਆਪ ਹੁਦਰਾਪਣ ਕਿਸੇ ਤਰ੍ਹਾਂ ਜਾਇਜ਼ ਨਹੀਂ ਹੈ।
"ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਘੇਰ ਨੇ ਬੇਇੱਜ਼ਤ ਕਰਨਾ, ਕੁੱਟਮਾਰ ਅਤੇ ਗਾਲ਼ੀਗਲੋਚ ਕਰਨਾ ਕਿਸ ਆਧੁਨਿਕ ਲੋਕਤੰਤਰ ਦੀ ਨਿਸ਼ਾਨੀ ਹੈ।"
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)