ਸੰਨੀ ਦਿਓਲ ਦੇ ''''ਗਦਰ'''' ਦੇ ਚਰਚੇ ਪਰ ਗੁਰਦਾਸਪੁਰੀਏ ਦਰਸ਼ਨਾਂ ਨੂੰ ਤਰਸੇ

Thursday, Jun 08, 2023 - 07:49 AM (IST)

ਸੰਨੀ ਦਿਓਲ ਦੇ ''''ਗਦਰ'''' ਦੇ ਚਰਚੇ ਪਰ ਗੁਰਦਾਸਪੁਰੀਏ ਦਰਸ਼ਨਾਂ ਨੂੰ ਤਰਸੇ
ਸੰਨੀ ਦਿਓਲ
Source by Sarbjit Dhaliwal/BBC
2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਵਿੱਚ ਪ੍ਰਚਾਰ ਕਰਦੇ ਸੰਸਦ ਮੈਂਬਰ ਸੰਨੀ ਦਿਓਲ

2001 ਵਿੱਚ ਰਿਲੀਜ਼ ਹੋਈ ਸੰਨੀ ਦਿਓਲ ਦੀ ਫ਼ਿਲਮ ‘ਗ਼ਦਰ ਏਕ ਪ੍ਰੇਮ ਕਥਾ ਉਸ ਸਮੇਂ ਬਾਕਸ ਆਫ਼ਿਸ ਉੱਤੇ ਕਾਫ਼ੀ ਹਿੱਟ ਸਾਬਤ ਹੋਈ ਸੀ ਅਤੇ ਇਸ ਵਿੱਚ ਸੰਨੀ ਦਿਓਲ ਦੇ ਕਈ ਡਾਇਲਾਗ ਲੋਕਾਂ ਦੇ ਜ਼ੁਬਾਨ ''''ਤੇ ਵੀ ਚੜ੍ਹ ਗਏ ਸਨ।

ਕਰੀਬ 22 ਸਾਲ ਬਾਅਦ ਇਹ ਫ਼ਿਲਮ ਇੱਕ ਵਾਰ ਫਿਰ 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੰਨੀ ਦਿਓਲ ਅਦਾਕਾਰ ਦੇ ਨਾਲ-ਨਾਲ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਲੋਕ ਸਭਾ ਮੈਂਬਰ ਵੀ ਹਨ।

2019 ਦੀਆਂ ਚੋਣਾਂ ਦੌਰਾਨ ਸੰਨੀ ਦਿਓਲ ਨੇ ਗ਼ਦਰ ਫਿਲਮ ਦੇ ਕਈ ਡਾਇਲਾਗ ਚੋਣ ਪ੍ਰਚਾਰ ਲਈ ਇਸਤੇਮਾਲ ਕੀਤੇ ਸਨ, ਲੋਕਾਂ ਨੇ ਸੰਨੀ ਦਿਓਲ ਨੂੰ ਪਸੰਦ ਕੀਤਾ ਅਤੇ ਵੋਟਾਂ ਦੇ ਵੱਡੇ ਫ਼ਰਕ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ।

ਬਤੌਰ ਲੋਕ ਸਭਾ ਮੈਂਬਰ ਸੰਨੀ ਦਿਓਲ ਸ਼ੁਰੂ ਵਿੱਚ ਕੁਝ ਸਰਗਰਮ ਵੀ ਹੋਏ ਪਰ ਇਸ ਤੋਂ ਬਾਅਦ ਉਹ ਆਪਣੇ ਹਲਕੇ ਅਤੇ ਇੱਥੋਂ ਤੱਕ ਕਿ ਸੰਸਦ ਭਵਨ ਵੀ ਤੋਂ ਦੂਰ ਹੁੰਦੇ ਚਲੇ ਗਏ।

ਲੋਕ ਸਭਾ ਵਿੱਚ ਉਨ੍ਹਾਂ ਦੀ ਹਾਜ਼ਰੀ ਮਹਿਜ਼ 20 ਫੀਸਦੀ ਰਹੀ ਹੈ। ਸੰਨੀ ਦਿਓਲ ਦੀ ਚਰਚਾ ਇਕ ਵਾਰ ਫਿਰ ਹੋ ਰਹੀ ਹੈ ਪਰ ਬਤੌਰ ਸੰਸਦ ਮੈਂਬਰ ਨਹੀਂ ਬਲਕਿ ਉਨ੍ਹਾਂ ਦੀ ਮੁੜ ਤੋਂ ਰਿਲੀਜ਼ ਹੋਣ ਵਾਲੀ ਫਿਲਮ ਗ਼ਦਰ ਨੂੰ ਲੈ ਕੇ।

ਗੁਰਦਾਸਪੁਰ
BBC
ਗੁਰਦਾਸਪੁਰ ਦੇ ਸੁਰਿੰਦਰ ਸਿੰਘ ਮਕੈਨਿਕ ਸੰਨੀ ਦਿਓਲ ਦੀਆਂ ਫਿਲਮਾਂ ਦੇ ਪ੍ਰਸ਼ੰਸ਼ਕ ਹਨ

ਕੀ ਸੋਚਦੇ ਹਨ ਗੁਰਦਾਸਪੁਰ ਦੇ ਲੋਕ ਸੰਨੀ ਦਿਓਲ ਬਾਰੇ

ਗੁਰਦਾਸਪੁਰ ਵਿੱਚ ਮੋਟਰ ਸਾਈਕਲ ਮਕੈਨਿਕ ਵਜੋਂ ਕੰਮ ਕਰਨ ਵਾਲਾ ਸੁਰਿੰਦਰ ਸਿੰਘ, ਸੰਨੀ ਦਿਓਲ ਦੀਆਂ ਫ਼ਿਲਮਾਂ ਦੇ ਪ੍ਰਸ਼ੰਸ਼ਕ ਹਨ।

ਉਹ ਦੱਸਦੇ ਹਨ ਕਿ ਸੰਨੀ ਦੀਆਂ ਕਈ ਫ਼ਿਲਮਾਂ ਉਨ੍ਹਾਂ ਨੇ ਦੇਖੀਆਂ ਹਨ, ਉਹ ਦਮਦਾਰ ਕਿਰਦਾਰ ਨਿਭਾਉਂਦੇ ਹਨ।

ਇਸ ਕਰਕੇ ਜਦੋਂ 2019 ਵਿੱਚ ਸੰਨੀ ਦਿਓਲ ਗੁਰਦਾਸਪੁਰ ਵਿੱਚ ਚੋਣ ਲੜਨ ਲਈ ਆਏ ਤਾਂ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਸਨ।

ਸੁਰਿੰਦਰ ਸਿੰਘ ਆਖਦੇ ਹਨ ਕਿ ਲੋਕਾਂ ਨੇ ਉਨ੍ਹਾਂ ਉੱਤੇ ਵਿਸ਼ਵਾਸ ਕੀਤਾ ਅਤੇ ਜਿਤਾ ਕੇ ਲੋਕ ਸਭਾ ਵਿੱਚ ਭੇਜ ਦਿੱਤਾ।

ਸੁਰਿੰਦਰ ਸਿੰਘ ਨੇ ਕਿਹਾ, "ਜਿੱਤਣ ਤੋਂ ਬਾਅਦ ਸੰਨੀ ਦਿਓਲ ਮੁੜ ਕੇ ਗੁਰਦਾਸਪੁਰ ਵਿੱਚ ਨਹੀਂ ਆਏ, ਜਿਸ ਕਰਕੇ ਮੈਨੂੰ ਬਹੁਤ ਨਿਰਾਸ਼ਾ ਹੋਈ ਹੈ।"

ਪਠਾਨਕੋਟ ਵਿੱਚ ਟੈਟੂ ਆਰਟਿਸਟ ਵਜੋਂ ਕੰਮ ਕਰਨ ਵਾਲੀ ਰਸ਼ਮੀ ਆਖਦੀ ਹੈ ਕਿ ਕਲਾਕਾਰ ਦੇ ਤੌਰ ਉੱਤੇ ਸੰਨੀ ਦਿਓਲ ਹਿੱਟ ਹਨ, ਪਰ ਰਾਜਨੀਤੀ ਵਿੱਚ ਤੇ ਲੋਕਾਂ ਦੀਆਂ ਉਮੀਦਾਂ ਉੱਤੇ ਉਹ ਖਰ੍ਹਾ ਨਹੀਂ ਉਤਰੇ।

ਉਨ੍ਹਾਂ ਆਖਿਆ, "ਲੋਕਾਂ ਨੂੰ ਉਮੀਦਾਂ ਸਨ ਕਿ ਸੰਨੀ ਦਿਓਲ ਜਿੱਤਣ ਤੋਂ ਬਾਅਦ ਗੁਰਦਾਸਪੁਰ ਦੀ ਤਰੱਕੀ ਵਿੱਚ ਯੋਗਦਾਨ ਪਾਉਣਗੇ ਪਰ ਅਫਸੋਸ ਅਜਿਹਾ ਹੋਇਆ ਨਹੀਂ।"

ਗੁਰਦਾਸਪੁਰ
BBC
''''ਸੰਨੀ ਦਿਓਲ ਨੂੰ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੀਦਾ ਸੀ''''

ਪਠਾਨਕੋਟ ਦੀ ਸਾਹਿਬ ਆਖਦੀ ਹੈ ਕਿ ਗ਼ਦਰ ਫ਼ਿਲਮ ਦਾ ਉਹ ਦ੍ਰਿਸ਼, ਜਿਸ ਵਿੱਚ ਸੰਨੀ ਦਿਓਲ ਨਲਕਾ ਉਖਾੜ ਦਿੰਦੇ ਹਨ, ਉਹ ਬਹੁਤ ਪਸੰਦ ਹੈ।

ਉਨ੍ਹਾਂ ਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੈ ਕਿ ਗ਼ਦਰ ਫ਼ਿਲਮ ਫਿਰ ਤੋਂ ਰਿਲੀਜ਼ ਹੋਣ ਜਾ ਰਹੀ ਹੈ ਪਰ ਜੇਕਰ ਰਾਜਨੀਤਿਕ ਤੌਰ ਉੱਤੇ ਦੇਖਿਆ ਜਾਵੇ ਤਾਂ ਸੰਨੀ ਦਿਓਲ ਨੇ ਗੁਰਦਾਸਪੁਰ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।

ਉਨ੍ਹਾਂ ਆਖਿਆ, "ਕੇਂਦਰ ਵਿੱਚ ਭਾਜਪਾ ਦੀ ਸਰਕਾਰ ਅਤੇ ਉਨ੍ਹਾਂ ਦਾ ਸੰਸਦ ਮੈਂਬਰ ਵੀ ਭਾਜਪਾ ਤੋਂ ਹੈ। ਇਸ ਕਰ ਕੇ ਇਲਾਕੇ ਦੀ ਤਰੱਕੀ ਲਈ ਇਹ ਬਹੁਤ ਵੱਡਾ ਮੌਕਾ ਸੀ ਪਰ ਸੰਨੀ ਦਿਓਲ ਇਸ ਦਾ ਫ਼ਾਇਦਾ ਚੁੱਕਣ ਵਿੱਚ ਨਾਕਾਮਯਾਬ ਰਹੇ ਹਨ।"

ਗੁਰਦਾਸਪੁਰ ਦੀ ਅਮਨਪ੍ਰੀਤ ਕੌਰ ਆਖਦੀ ਹੈ, "ਸੰਨੀ ਦਿਓਲ ਨੂੰ ਰਾਜਨੀਤੀ ਵਿੱਚ ਆਉਣਾ ਹੀ ਨਹੀਂ ਸੀ ਚਾਹੀਦਾ ਸੀ, ਕਿਉਂਕਿ ਉਹ ਇੱਕ ਐਕਟਰ ਹਨ ਅਤੇ ਉਹ ਆਪਣਾ ਕੰਮ ਬਹੁਤ ਚੰਗਾ ਕਰਦੇ ਹਨ ਜਦਕਿ ਰਾਜਨੀਤੀ ਇੱਕ ਵੱਖਰਾ ਕੰਮ ਹੈ।"

ਸੰਨੀ ਦਿਓਲ
PunjabBJP
ਧਾਲੀਵਾਲ ਵੂਲਨ ਮਿੱਲ ਦੇ ਕਰਮਚਾਰੀਆਂ ਦੇ ਮਸਲੇ ਉੱਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਦੌਰਾਨ

ਅਮਨਪ੍ਰੀਤ ਕੌਰ ਆਖਦੀ ਹੈ ਕਿ ਸੰਨੀ ਦਿਓਲ ਐਕਟਰ ਚੰਗਾ ਹੈ, ਪਰ ਰਾਜਨੀਤਿਕ ਆਗੂ ਵਜੋਂ ਉਹ ਫਿੱਟ ਨਹੀਂ ਬੈਠੇ ਕਿਉਂਕਿ ਜਿੱਤਣ ਤੋਂ ਬਾਅਦ ਉਹ ਲੋਕਾਂ ਤੋਂ ਦੂਰ ਹੋ ਗਏ।

ਪਠਾਨਕੋਟ ਦੇ ਕਾਰੋਬਾਰੀ ਸੁਰੇਸ਼ ਜੋਸ਼ੀ ਦਾ ਕਹਿਣਾ ਹੈ ਕਿ ਸੰਨੀ ਦਿਓਲ ਦੀ ਜਿੱਤ ਵਿੱਚ ਗ਼ਦਰ ਫ਼ਿਲਮ ਵਿੱਚ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਦਾ ਬਹੁਤ ਵੱਡਾ ਯੋਗਦਾਨ ਸੀ।

ਲੋਕਾਂ ਨੂੰ ਸਿਨੇਮਾ ਘਰਾਂ ਵਿੱਚ ਉਨ੍ਹਾਂ ਦਾ ਕਿਰਦਾਰ ਬਹੁਤ ਪਸੰਦ ਆਇਆ ਸੀ, ਇਸ ਕਰ ਕੇ ਜਦੋਂ ਉਨ੍ਹਾਂ ਨੇ ਚੋਣ ਲੜੀ ਤਾਂ ਲੋਕਾਂ ਨੇ ਜਿਤਾ ਦਿੱਤਾ, ਪਰ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਨਿਰਾਸ਼ ਹੀ ਕੀਤਾ ਹੈ।

ਸੰਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਵੀ ਵੱਖ-ਵੱਖ ਥਾਵਾਂ ਉੱਤੇ ਕਈ ਵਾਰ ਲੱਗ ਚੁੱਕੇ ਹਨ।

ਕਾਂਗਰਸ ਪਾਰਟੀ ਦੇ ਕਾਰਕੁਨ ਸੰਨੀ ਦਿਓਲ ਦੇ ਸੰਸਦ ਅਤੇ ਹਲਕੇ ਵਿੱਚ ਨਾ ਆਉਣ ਦੀ ਸ਼ਿਕਾਇਤ ਲੋਕ ਸਭਾ ਦੇ ਸਪੀਕਰ ਨੂੰ ਵੀ ਕਰ ਚੁੱਕੇ ਹਨ।

ਸੰਨੀ ਦਿਓਲ ਸੰਸਦ ਚੋਂ ਵੀ ਦੂਰ ਹੋਏ

ਸੰਨੀ ਦਿਓਲ
BBC

ਸੰਨੀ ਦਿਓਲ ਸਿਰਫ਼ ਗੁਰਦਾਸਪੁਰ ਵਿਚੋਂ ਹੀ ਗ਼ਾਇਬ ਨਹੀਂ ਹਨ ਬਲਕਿ ਲੋਕ ਸਭਾ ਦੇ ਰਿਕਾਰਡ ਮੁਤਾਬਕ ਉਹ ਸੰਸਦ ਵਿਚੋਂ ਵੀ ਗ਼ੈਰ-ਹਾਜ਼ਰ ਰਹੇ ਹਨ।

2019 ਤੋਂ 2023 ਤੱਕ ਦੇ ਸਮੇਂ ਦੌਰਾਨ ਲੋਕ ਸਭਾ ਦੇ ਵੱਖ ਵੱਖ ਸੈਸ਼ਨ ਵਿੱਚ ਸੰਨੀ ਦਿਓਲ ਦੀ ਹਾਜ਼ਰੀ ਹੁਣ ਤੱਕ ਸਿਰਫ਼ 20 ਫ਼ੀਸਦੀ ਰਹੀ ਹੈ।

2023 ਦੇ ਬਜਟ ਸੈਸ਼ਨ ਵਿੱਚ ਸੰਨੀ ਦਿਓਲ ਦੀ ਸੰਸਦ ਵਿੱਚ ਹਾਜ਼ਰੀ ਸਿਰਫ਼ 8 ਫ਼ੀਸਦੀ ਰਹੀ।

ਸਿਰਫ਼ 2019 ਦੇ ਸਰਦ ਰੁੱਤ ਸੈਸ਼ਨ ਵਿੱਚ ਸੰਨੀ ਦਿਓਲ ਦੀ ਹਾਜ਼ਰੀ ਸਭ ਤੋਂ ਵੱਧ 65 ਫ਼ੀਸਦੀ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਲਗਾਤਾਰ ਉਹ ਘਟਦੀ ਚੱਲੇਗੀ।

ਇਸ ਤੋਂ ਇਲਾਵਾ ਉਨ੍ਹਾਂ ਸੰਸਦ ਵਿੱਚ ਕਿਸੇ ਵੀ ਡਿਬੇਟ ਵਿੱਚ ਹਿੱਸਾ ਨਹੀਂ ਲਿਆ ਹੈ। ਐੱਮਪੀ ਵਜੋਂ ਉਨ੍ਹਾਂ ਇੱਕ ਸਵਾਲ ਹੁਣ ਤੱਕ ਸੰਸਦ ਵਿੱਚ ਪੁੱਛਿਆ ਹੈ।

ਸੰਨੀ ਦਿਓਲ ਲੋਕ ਸਭਾ ਵਿੱਚ ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਤਬਦੀਲੀ ਸਬੰਧੀ ਗਠਨ ਕੀਤੀ ਗਈ ਸਥਾਈ ਕਮੇਟੀ ਦੇ ਮੌਜੂਦਾ ਮੈਂਬਰ ਵੀ ਹਨ।

ਲੋਕ ਸਭਾ ਹਲਕੇ ਅਤੇ ਸੰਸਦ ਵਿੱਚ ਘੱਟ ਹਾਜ਼ਰੀ ਦੇ ਸਬੰਧ ਵਿੱਚ ਬੀਬੀਸੀ ਨੇ ਸੰਨੀ ਦਿਓਲ ਦਾ ਪੱਖ ਜਾਣਨ ਦੇ ਲਈ ਫ਼ੋਨ ਰਾਹੀਂ ਉਨ੍ਹਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਸਟਾਫ਼ ਨੇ ਦੱਸਿਆ ਕਿ ਸੰਨੀ ਦਿਓਲ ਸ਼ੂਟਿੰਗ ਵਿੱਚ ਮਸਰੂਫ਼ ਹਨ।

ਸੰਨੀ ਦਿਓਲ ਦੇ ਸਹਾਇਕ ਪੰਕਜ ਜੋਸ਼ੀ
BBC
ਪੰਕਜ ਜੋਸ਼ੀ ਗੁਰਦਾਸਪੁਰ ਵਿੱਚ ਸੰਨੀ ਦਾ ਕੰਮਕਾਜ ਦੇਖਦੇ ਹਨ

ਸੰਨੀ ਦਿਓਲ ਦੀ ਗ਼ੈਰਹਾਜ਼ਰੀ ਵਿੱਚ ਕੌਣ ਹੈ ਉਨ੍ਹਾਂ ਦਾ ਨੁਮਾਇੰਦਾ

ਸਥਿਤੀ ਇਹ ਹੈ ਕਿ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਸੰਨੀ ਦਿਓਲ ਦਾ ਕੋਈ ਵੀ ਹੋਰਡਿੰਗ ਜਾਂ ਪੋਸਟਰ ਵੀ ਨਜ਼ਰ ਨਹੀਂ ਆਉਂਦਾ।

ਪਠਾਨਕੋਟ ਕਲੱਬ ਦੇ ਨੇੜੇ ਸੰਨੀ ਦਿਓਲ ਦਾ ਦਫ਼ਤਰ ਦਾ ਇਕ ਬੋਰਡ ਨਜ਼ਰ ਆਉਂਦਾ ਹੈ, ਇਥੇ ਹੀ ਬਤੌਰ ਐੱਮਪੀ ਉਨ੍ਹਾਂ ਨੇ ਇਕ ਕੋਠੀ ਵਿੱਚ ਦਫ਼ਤਰ ਸਥਾਪਤ ਕੀਤਾ ਹੋਇਆ ਹੈ, ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਉਨ੍ਹਾਂ ਆਪਣੇ ਨਿੱਜੀ ਸਹਾਇਕ ਪੰਕਜ ਜੋਸ਼ੀ ਨੂੰ ਦਿੱਤੀ ਹੋਈ ਹੈ।

ਪੰਕਜ ਜੋਸ਼ੀ ਨੇ ਬੀਬੀਸੀ ਨੂੰ ਦੱਸਿਆ ਕਿ ਸੰਨੀ ਦਿਓਲ ਬੇਸ਼ੱਕ ਹਲਕੇ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਨਹੀਂ ਆਏ ਹਨ ਪਰ ਲੋਕਾਂ ਦੇ ਕੰਮ ਉਹ ਦਿੱਲੀ ਵਿੱਚ ਰਹਿ ਕੇ ਕਰਵਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਉਨ੍ਹਾਂ ਐਂਬੂਲੈਂਸ ਅਤੇ ਕੋਵਿਡ ਦੇ ਦੌਰਾਨ ਆਕਸੀਜਨ ਦੀ ਵਿਵਸਥਾ ਕਰਵਾਈ।

ਪੰਕਜ ਜੋਸ਼ੀ ਨੇ ਦੱਸਿਆ, "ਪਿਛਲੇ ਕਾਫ਼ੀ ਸਮੇਂ ਤੋਂ ਧਾਰੀਵਾਲ ਵੂਲਨ ਦੇ ਕਰਮਚਾਰੀ ਦਾ ਮਸਲਾ ਅੜਿਆ ਪਿਆ, ਜਿਸ ਦੇ ਹੱਲ ਲਈ ਉਨ੍ਹਾਂ 5 ਜੂਨ ਨੂੰ ਕੇਂਦਰੀ ਟੈਕਸਟਾਈਲ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕੀਤੀ ਅਤੇ ਮਸਲਾ ਹੱਲ ਕਰਵਾਇਆ।"

ਪੰਕਜ ਜੋਸ਼ੀ ਮੁਤਾਬਕ ਸੰਨੀ ਦਿਓਲ ਫ਼ਿਲਮਾਂ ਵਿੱਚ ਮਸ਼ੂਰਫ ਹਨ ਪਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਲਾਕੇ ਵਿੱਚ ਉਨ੍ਹਾਂ ਦੀ ਟੀਮ ਮੌਜੂਦ ਹੈ ਜੋ ਕੰਮ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਜਿੱਥੇ ਸੰਨੀ ਦਿਓਲ ਦੀ ਜ਼ਰੂਰਤ ਹੈ ਉੱਥੇ ਉਹ ਖੁਦ ਦਿੱਲੀ ਰਹੇ ਕੇ ਕੰਮ ਕਰਦੇ ਹਨ।

ਗੁਰਦਾਸਪੁਰ
BBC
ਪਠਾਨਕੋਟ ਤੋਂ ਬੀਜੇਪੀ ਬੁਲਾਰੇ ਯੋਗੇਸ਼ ਕਪੂਰ ਮੁਤਾਬਕ ਸੰਨੀ ਦਿਓਲ ਨੇ ਕਈ ਕੰਮ ਕਰਵਾਏ ਹਨ।

ਬੀਜੇਪੀ ਨੂੰ ਵੀ ਖਟਕੀ ਦਿਓਲ ਦੀ ਗ਼ੈਰ-ਹਾਜ਼ਰੀ

ਪਠਾਨਕੋਟ ਤੋਂ ਬੀਜੇਪੀ ਬੁਲਾਰੇ ਯੋਗੇਸ਼ ਕਪੂਰ ਮੁਤਾਬਕ ਸੰਨੀ ਦਿਓਲ ਨੇ ਕਈ ਕੰਮ ਕਰਵਾਏ ਹਨ।

ਉਨ੍ਹਾਂ ਆਖਿਆ, "ਸੰਨੀ ਦਿਓਲ ਦੀ ਇੱਕ ਟੀਮ ਹਲਕੇ ਵਿੱਚ ਮੌਜੂਦ ਹੈ ਜੋ ਲੋਕਾਂ ਦੇ ਕੰਮ ਕਰਦੀ ਹੈ।"

ਹਾਲਾਂਕਿ, ਉਨ੍ਹਾਂ ਇਹ ਗੱਲ ਵੀ ਸਵੀਕਾਰ ਕੀਤੀ ਕਿ ਸੰਨੀ ਦਿਓਲ ਦੀ ਗੁਰਦਾਸਪੁਰ ਵਿਚੋਂ ਗ਼ੈਰਹਾਜ਼ਰੀ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਹੈ, ਕਿਉਂਕਿ ਲੋਕ ਆਪਣੇ ਆਗੂ ਨੂੰ ਆਪਣੇ ਵਿੱਚ ਦੇਖਣਾ ਚਾਹੁੰਦੇ ਹਨ।

ਯੋਗੇਸ਼ ਕਪੂਰ ਮੁਤਾਬਕ, "ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਿਓਲ ਪਰਿਵਾਰ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਦੁਨੀਆ ਭਰ ਵਿੱਚ ਪ੍ਰਸਿੱਧ ਕੀਤਾ ਹੈ। ਪਰ ਕਿਸਾਨ ਅੰਦੋਲਨ ਦੌਰਾਨ ਬਹੁਤ ਸਾਰੇ ਲੋਕਾਂ ਨੇ ਦਿਓਲ ਪਰਿਵਾਰ ਬਾਰੇ ਕਾਫ਼ੀ ਕੁਝ ਬੋਲਿਆ ਜਿਸ ਕਾਰਨ ਉਨ੍ਹਾਂ ਦੇ ਮਨ ਵਿੱਚ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਹੈ।"

ਉਨ੍ਹਾਂ ਦੱਸਿਆ ਕਿ ਬਾਰਡਰ ਇਲਾਕਾ ਹੋਣ ਕਾਰਨ ਨਸ਼ਾ ਅਤੇ ਇੰਡਸਟਰੀ ਦੀ ਕਮੀ ਇਸ ਇਲਾਕੇ ਦੀਆਂ ਮੁੱਖ ਸਮੱਸਿਆਵਾਂ ਹਨ।

ਉਨ੍ਹਾਂ ਦੱਸਿਆ ਕਿ ਇੰਡਸਟਰੀ ਜੰਮੂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸ਼ਿਫ਼ਟ ਹੋ ਗਈ ਹੈ ਕਿਉਂਕਿ ਉੱਥੇ ਸਪੈਸ਼ਲ ਪੈਕੇਜ ਕਾਰਨ ਕਈ ਤਰਾਂ ਦੀ ਸੁਵਿਧਾਵਾਂ ਹਨ। ਇਸ ਤੋਂ ਇਲਾਵਾ ਸਿੱਖਿਆ ਦੋ ਕਈ ਵੱਡਾ ਅਦਾਰਾ ਨਹੀਂ ਹੈ ਅਤੇ ਬੱਚੇ ਹਾਇਰ ਐਜੂਕੇਸ਼ਨ ਲਈ ਚੰਡੀਗੜ੍ਹ ਅਤੇ ਦਿੱਲੀ ਜਾਂਦੇ ਹਨ।

ਵਰਿੰਦਰਜੀਤ ਸਿੰਘ ਪਾਹੜਾ
BBC
ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਵਰਿੰਦਰਜੀਤ ਸਿੰਘ ਪਾਹੜਾ ਮੁਤਾਬਕ ਸੰਨੀ ਦਿਓਲ ਨੇ ਗੁਰਦਾਸਪੁਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ।

ਸਿਆਸੀ ਪਾਰਟੀਆਂ ਨੇ ਘੇਰੀ ਭਾਜਪਾ

ਪੰਜਾਬ ਦੀਆਂ 13 ਲੋਕ ਸੀਟਾਂ ਵਿੱਚੋਂ 2019 ਦੀਆਂ ਚੋਣਾਂ ਸਮੇਂ ਭਾਜਪਾ ਨੇ ਦੋ ਸੀਟਾਂ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਜਿੱਤ ਹਾਸਲ ਕੀਤੀ ਸੀ।

ਇਨ੍ਹਾਂ ਵਿਚੋਂ ਵੱਡਾ ਨਾਮ ਸੰਨੀ ਦਿਓਲ ਦਾ ਸੀ ਕਿਉਂਕਿ ਉਹ ਇੱਕ ਨਾਮੀ ਐਕਟਰ ਵੀ ਹਨ।

ਪਰ ਚੋਣ ਜਿੱਤਣ ਤੋਂ ਬਾਅਦ ਸੰਨੀ ਦਿਓਲ, ਜਿਸ ਤਰੀਕੇ ਨਾਲ ਹਲਕੇ ਵਿੱਚ ਗ਼ੈਰ-ਹਾਜ਼ਰ ਰਹੇ ਹਨ ਉਸ ਨੂੰ ਲੈ ਕੇ ਸਿਆਸੀ ਪਾਰਟੀਆਂ ਲਗਾਤਾਰ ਬੀਜੇਪੀ ਨੂੰ ਘੇਰ ਰਹੀਆਂ ਹਨ।

ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਵਰਿੰਦਰਜੀਤ ਸਿੰਘ ਪਾਹੜਾ ਮੁਤਾਬਕ ਸੰਨੀ ਦਿਓਲ ਨੇ ਗੁਰਦਾਸਪੁਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ।

ਉਨ੍ਹਾਂ ਆਖਿਆ, "ਸੰਨੀ ਦਿਓਲ ਦੇ ਜਿੱਤਣ ਤੋਂ ਬਾਅਦ ਇਲਾਕੇ ਤੋਂ ਦੂਰ ਹੋਣ ਕਾਰਨ ਕਈ ਕੰਮ ਰੁਕ ਗਏ। 2019 ਤੋਂ ਬਾਅਦ ਗੁਰਦਾਸਪੁਰ ਦਾ ਕੋਈ ਵੀ ਮੁੱਦਾ ਲੋਕ ਸਭਾ ਵਿੱਚ ਨਹੀਂ ਚੁੱਕਿਆ ਗਿਆ ਅਤੇ ਨਾ ਹੀ ਕੋਈ ਵੱਡਾ ਪ੍ਰੋਜੈਕਟ ਇਸ ਇਲਾਕੇ ਵਿੱਚ ਆਇਆ ਹੈ।"

"ਸੰਨੀ ਦਿਓਲ ਲਗਾਤਾਰ ਆਪਣੀਆਂ ਫ਼ਿਲਮਾਂ ਦੀਆਂ ਸ਼ੂਟਿੰਗਾਂ ਵਿੱਚ ਮਸ਼ਰੂਫ਼ ਹਨ ਪਰ ਜਿੰਨਾ ਲੋਕਾਂ ਨੇ ਉਮੀਦਾਂ ਨਾਲ ਜਿਤਾ ਕੇ ਸੰਸਦ ਵਿੱਚ ਭੇਜਿਆ ਸੀ, ਉਨ੍ਹਾਂ ਦਾ ਸਾਰ ਲੈਣ ਲਈ ਉਹ ਕਦੇ ਵੀ ਨਹੀਂ ਆਏ।"

ਉਨ੍ਹਾਂ ਆਖਿਆ ਕਿ ਸੰਨੀ ਦਿਓਲ ਬੇਸ਼ੱਕ ਫਿਲਮਾਂ ਬਣਾਉਣ ਪਰ ਉਨ੍ਹਾਂ ਦੀ ਗ਼ੈਰਹਾਜ਼ਰੀ ਨੇ ਗੁਰਦਾਸਪੁਰ ਵਿੱਚ ''''ਗ਼ਦਰ'''' ਮਚਾਇਆ ਹੋਇਆ ਹੈ।

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਦੇ ਮੁਤਾਬਕ ਸੰਨੀ ਦਿਓਲ ਦੀ ਬਤੌਰ ਲੋਕ ਸਭਾ ਮੈਂਬਰ ਪ੍ਰਾਪਤੀ ‘ਸਿਫ਼ਰ’ ਦੇ ਬਰਾਬਰ ਹੈ।

ਉਨ੍ਹਾਂ ਦੱਸਿਆ ਕਿ ਸੰਸਦ ਵਿੱਚ ਸੰਨੀ ਦਿਓਲ ਨੇ ਨਾ ਤਾਂ ਲੋਕਾਂ ਦੇ ਮੁੱਦਿਆਂ ਦੀ ਗੱਲ ਕੀਤੀ ਅਤੇ ਨਾ ਹੀ ਕੋਈ ਸਵਾਲ ਪੁੱਛਿਆ।

ਉਨ੍ਹਾਂ ਆਖਿਆ, "ਕੇਂਦਰ ਸਰਕਾਰ ਤੋਂ ਸੰਨੀ ਦਿਓਲ ਗੁਰਦਾਸਪੁਰ ਲਈ ਕੋਈ ਵੱਡਾ ਪ੍ਰੋਜਕੈਟ ਨਹੀਂ ਲਿਆ ਸਕੇ। ਕੰਗ ਮੁਤਾਬਕ ਸੰਨੀ ਦਿਓਲ ਨੇ ਜਿੱਤ ਕੇ ਲੋਕਾਂ ਦੀਆਂ ਵੋਟਾਂ ਦਾ ਮਜ਼ਾਕ ਬਣਾਇਆ ਹੈ ਕਿਉਂਕਿ ਉਹ ਮੁੜ ਕੇ ਹਲਕੇ ਵਿੱਚ ਆਏ ਹੀ ਨਹੀਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)



Related News