ਜਰਮਨੀ ''''ਚ ਭਾਰਤੀ ਮਾਪਿਆਂ ਤੋਂ ਦੂਰ ਰੱਖੀ ਜਾ ਰਹੀ 2 ਸਾਲਾ ਧੀ, ਮਾਂ ਦਾ ਦਰਦ - ''''ਮੈਂ ਉਸ ਦੇ ਮੂਹੋਂ ਨਿਕਲਿਆ ਪਹਿਲਾ ਸ਼ਬਦ ਤੱਕ ਨਹੀਂ ਸੁਣਿਆ''''
Wednesday, Jun 07, 2023 - 01:04 PM (IST)
ਧਰਾ ਅਤੇ ਭਾਵੇਸ਼ ਸਾਲ 2018 ਵਿੱਚ ਜਰਮਨੀ ਗਏ ਸਨ। ਦੋਵਾਂ ਦੀ ਨਿੱਕੀ ਜਿਹੀ ਧੀ ਹੈ, ਜਿਸ ਦਾ ਨਾਮ ਆਰਿਹਾ ਸ਼ਾਹ ਹੈ। ਪਰਿਵਾਰ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਫਿਰ ਅਚਾਨਕ ਕੁਝ ਅਜਿਹਾ ਹੋਇਆ ਕਿ ਆਰਿਹਾ ਨੂੰ ਉਸ ਦੇ ਮਾਪਿਆਂ ਤੋਂ ਦੂਰ ਜਰਮਨੀ ਦੇ ਹੀ ਇੱਕ ਫੋਸਟਰ ਕੇਅਰ ਵਿੱਚ ਭੇਜ ਦਿੱਤਾ ਗਿਆ।
ਗੁਜਰਾਤੀ ਮੂਲ ਦੀ ਧਰਾ ਅਤੇ ਭਾਵੇਸ਼ ਸ਼ਾਹ ਦੀ ਧੀ ਆਰਿਹਾ ਪਿਛਲੇ 20 ਮਹੀਨਿਆਂ ਤੋਂ ਇਸ ਫੋਸਟਰ ਕੇਅਰ (ਬੱਚਿਆਂ ਦੀ ਦੇਖਭਾਲ ਲਈ ਇੱਕ ਥਾਂ) ਵਿੱਚ ਰਹਿ ਰਹੀ ਹੈ ਅਤੇ ਉਸ ਦੀ ਕਸਟਡੀ ਦਾ ਮਾਮਲਾ ਵਧਦਾ ਹੀ ਜਾ ਰਿਹਾ ਹੈ।
ਭਾਰਤ ਸਰਕਾਰ ਦੇ ਕੂਟਨੀਤਕ ਦਬਾਅ ਤੋਂ ਬਾਅਦ ਹੁਣ 59 ਸੰਸਦ ਮੈਂਬਰਾਂ ਨੇ ਆਰਿਹਾ ਸ਼ਾਹ ਦੇ ਸਮਰਥਨ ''''ਚ ਜਰਮਨੀ ਦੇ ਰਾਜਦੂਤ ਨੂੰ ਪੱਤਰ ਲਿਖਿਆ ਹੈ।
ਆਰਿਹਾ ਦੇ ਮਾਤਾ-ਪਿਤਾ ਨੇ ਉਮੀਦ ਪ੍ਰਗਟਾਈ ਹੈ ਕਿ ਭਾਰਤ ਦੇ ਲੋਕਾਂ, ਸੰਸਦ ਮੈਂਬਰਾਂ ਅਤੇ ਸਰਕਾਰ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਜਲਦ ਹੀ ਉਨ੍ਹਾਂ ਦੀ ਬੱਚੀ ਵਾਪਸ ਮਿਲ ਜਾਵੇਗੀ।
ਕੀ ਹੈ ਪੂਰਾ ਮਾਮਲਾ?
- ਸਤੰਬਰ 2021 ਵਿੱਚ, ਧਰਾ ਸ਼ਾਹ ਨੇ ਆਪਣੀ ਧੀ ਦੇ ਡਾਇਪਰ ਵਿੱਚ ਖੂਨ ਦੇਖਿਆ
- ਡਾਕਟਰ ਨੇ ਮੁੱਢਲੀ ਜਾਂਚ ਵਿੱਚ ਕਿਹਾ ਕਿ ਕੁਝ ਵੀ ਗੰਭੀਰ ਨਹੀਂ ਹੈ
- ਜਦੋਂ ਧਰਾ ਸ਼ਾਹ ਆਪਣੀ ਧੀ ਨੂੰ ਫਾਲੋ-ਅੱਪ ਲਈ ਲੈ ਕੇ ਗਏ ਤਾਂ ਉਨ੍ਹਾਂ ਨੂੰ ਕਿਸੇ ਵੱਡੇ ਹਸਪਤਾਲ ਵਿੱਚ ਦਿਖਾਉਣ ਦੀ ਸਲਾਹ ਦਿੱਤੀ ਗਈ
- ਆਰਿਹਾ ਦੇ ਮਾਪੇ ਗੁਜਰਾਤ ਦੇ ਹਨ
- ਸਾਢੇ ਸੱਤ ਮਹੀਨੇ ਦੀ ਆਰਿਹਾ ਸ਼ਾਹ ਨੂੰ ਜਰਮਨ ਚਾਈਲਡ ਲਾਈਨ ਸਰਵਿਸ ਵਿੱਚ ਭੇਜ ਦਿੱਤਾ ਗਿਆ
- ਡਾਕਟਰਾਂ ਨੇ ਆਰਿਹਾ ਸ਼ਾਹ ਨਾਲ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਗੱਲ ਕਹੀ
- ਇਸ ਤੋਂ ਬਾਅਦ ਆਰਿਹਾ ਸ਼ਾਹ ਨੂੰ ਫੋਸਟਰ ਕੇਅਰ ਵਿੱਚ ਭੇਜ ਦਿੱਤਾ ਗਿਆ
- ਜਾਂਚ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਬੱਚੀ ਨਾਲ ਕੋਈ ਜਿਨਸੀ ਸ਼ੋਸ਼ਣ ਨਹੀਂ ਹੋਇਆ ਹੈ
- ਸਾਲ 2022 ਵਿੱਚ ਪੁਲਿਸ ਨੇ ਕੇਸ ਬੰਦ ਕਰ ਦਿੱਤਾ
- ਪਰ ਚਾਈਲਡ ਲਾਈਨ ਸਰਵਿਸ ਨੇ ਅਦਾਲਤ ਵਿੱਚ ਮਾਪਿਆਂ ਵੱਲੋਂ ਪਾਲਣ-ਪੋਸ਼ਣ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ ਮਾਮਲਾ ਬਰਕਰਾਰ ਰੱਖਿਆ, ਜਿਸ ਦਾ ਮਤਲਬ ਹੈ ਕਿ ਬੱਚੀ ਭਾਵੇਸ਼ ਅਤੇ ਧਰਾ ਸ਼ਾਹ ਨੂੰ ਨਹੀਂ ਜਾ ਸਕਦੀ ਸੀ
- ਕੋਰਟ ਨੇ ਆਰਿਹਾ ਦੇ ਮਾਪਿਆਂ ਨੂੰ ਮਨੋਵਿਗਿਆਨੀ ਜਾਂਚ ਕਰਵਾਉਣ ਲਈ ਕਿਹਾ ਹੈ
ਆਰਿਹਾ ਦੀ ਮਾਂ ਕੀ ਕਹਿੰਦੀ ਹੈ?
ਜਰਮਨੀ ਤੋਂ ਫੋਨ ''''ਤੇ ਹੋਈ ਗੱਲਬਾਤ ''''ਚ ਧਰਾ ਸ਼ਾਹ ਕਹਿੰਦੇ ਹਨ, ''''''''ਸਾਡਾ ਇਹ ਟੈਸਟ ਇਸ ਲਈ ਕਰਵਾਇਆ ਗਿਆ ਤਾਂ ਜੋ ਇਹ ਪਤਾ ਲੱਗ ਸਕੇ ਕਿ ਅਸੀਂ ਬੱਚੇ ਦੀ ਸਹੀ ਤਰੀਕੇ ਨਾਲ ਦੇਖਭਾਲ ਕਰ ਸਕਦੇ ਹਾਂ ਜਾਂ ਨਹੀਂ। ਮਾਹਿਰ ਨੇ 12 ਮਹੀਨਿਆਂ ਬਾਅਦ ਇਸ ਸਬੰਧੀ ਰਿਪੋਰਟ ਦਿੱਤੀ ਹੈ।''''''''
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੱਚੀ ਨੂੰ ਚਾਈਲਡ ਫੈਸਿਲਿਟੀ ਵਿੱਚ ਰੱਖਣ ਦੀ ਗੱਲ ਕਹੀ ਗਈ, ਜਿਸ ਵਿੱਚ ਮਾਂ ਜਾਂ ਪਿਤਾ ਵਿੱਚੋਂ ਕੋਈ ਇੱਕ ਬੱਚੀ ਦੇ ਨਾਲ ਰਹਿ ਸਕਦਾ ਹੈ ਅਤੇ ਦੂਜਾ ਆ ਕੇ ਬੱਚੀ ਨੂੰ ਮਿਲ ਸਕਦਾ ਹੈ। ਅਸੀਂ ਇਸ ਲਈ ਵੀ ਤਿਆਰ ਹਾਂ।
ਉਹ ਕਹਿੰਦੇ ਹਨ, "ਹਾਲਾਂਕਿ ਤੁਸੀਂ ਇਹ ਸੋਚੋ ਕਿ ਕੀ ਇਹ ਵਿਵਹਾਰਿਕ ਤੌਰ ''''ਤੇ ਸੰਭਵ ਹੈ? ਬੱਚੀ ਨੂੰ ਦੋਹਾਂ ਦਾ ਪਿਆਰ ਮਿਲਣਾ ਚਾਹੀਦਾ ਹੈ। ਨਾਲ ਹੀ, ਇਹ ਪਤੀ-ਪਤਨੀ ਦੋਵਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਹੈ।''''''''
ਧਰਾ ਮੁਤਾਬਕ, “ਅਦਾਲਤ ਵਿੱਚ ਚੱਲ ਰਹੀ ਸੁਣਵਾਈ ਵਿੱਚ ਸਿਰਫ ਪਾਲਣ-ਪੋਸ਼ਣ ਦੇ ਹੁਨਰਾਂ ''''ਤੇ ਹੀ ਬਹਿਸ ਹੁੰਦੀ ਰਹੀ। ਹਾਲਾਂਕਿ, ਅਜੇ ਤੱਕ ਕੋਈ ਆਰਡਰ ਨਹੀਂ ਆਇਆ ਹੈ ਅਤੇ ਆਰਿਹਾ ਨੂੰ ਸ਼ਪੈਸ਼ਲ ਨੀਡਜ਼ ਫੈਸਿਲਿਟੀ ਵਿੱਚ ਪਾ ਦਿੱਤਾ ਗਿਆ ਹੈ। ਮੈਨੂੰ ਦੱਸੋ ਕਿ ਮੇਰੀ ਬਿਲਕੁਲ ਠੀਕ ਬੱਚੀ ਨੂੰ ਉੱਥੇ ਕਿਉਂ ਰੱਖਿਆ ਗਿਆ ਹੈ।
ਆਰਿਹਾ ਸ਼ਾਹ ਕੋਈ ਅਜਿਹਾ ਬੱਚਾ ਨਹੀਂ ਹੈ ਜਿਸ ਦੀਆਂ ਕੋਈ ਵਿਸ਼ੇਸ਼ ਜ਼ਰੂਰਤਾਂ ਹੋਣ।
ਧਰਾ ਸ਼ਾਹ ਭਰੇ ਲਹਿਜੇ ਵਿੱਚ ਕਹਿੰਦੇ ਹਨ ਕਿ ਇੱਕ ਮਾਂ ਆਪਣੇ ਬੱਚੇ ਨੂੰ ਵੱਡਾ ਹੁੰਦਾ ਦੇਖਣ ਦੀ ਇੱਛਾ ਰੱਖਦੀ ਹੈ ਪਰ ਉਹ ਇਸ ਸਭ ਤੋਂ ਵਾਂਝੇ ਰਹਿ ਰਹੇ ਹਨ।
ਭਰੇ ਹੋਏ ਗਲ਼ੇ ਨਾਲ ਉਹ ਕਹਿੰਦੇ ਹਨ, ''''''''ਮੇਰੀ ਧੀ ਦੋ ਸਾਲ ਦੀ ਹੋ ਚੁੱਕੀ ਹੈ। ਨਾ ਮੈਂ ਉਸ ਦੇ ਮੂੰਹੋਂ ਨਿਕਲਿਆ ਪਹਿਲਾ ਸ਼ਬਦ ਸੁਣਿਆ, ਨਾ ਮੈਂ ਤੁਰਨਾ ਸਿੱਖਣ ਤੋਂ ਪਹਿਲਾਂ ਉਸ ਦਾ ਪਹਿਲਾ ਕਦਮ ਦੇਖਿਆ ਅਤੇ ਨਾ ਹੀ ਉਸ ਦੇ ਦੰਦਾਂ ਦਾ ਆਉਣਾ ਦੇਖਿਆ।''''''''
ਇਸ ਦੇ ਨਾਲ ਹੀ ਧਰਾ ਸ਼ਾਹ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਬੇਟੀ ਨੂੰ ਮਿਲਣ ਜਾਂਦੇ ਹਨ ਤਾਂ ਉਹ ਉਨ੍ਹਾਂ ਨੂੰ ਬਹੁਤ ਪਿਆਰ ਨਾਲ ਮਿਲਦੀ ਹੈ ਪਰ ਇਸ ''''ਤੇ ਜਰਮਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸ ਨੂੰ ਸਟ੍ਰੇਂਜਰ ਅਟੈਚਮੈਂਟ ਡਿਸਆਰਡਰ ਹੈ। ਜਿਸ ਦਾ ਮਤਲਬ ਹੈ ਕਿ ਉਸ ਨੂੰ ਅਜਨਬੀਆਂ ਨਾਲ ਲਗਾਵ ਹੁੰਦਾ ਹੈ।
ਅਸੀਂ ਇਸ ਬਾਰੇ ਡਾਕਟਰ ਅਤੇ ਮਨੋਵਿਗਿਆਨੀ ਪੂਜਾ ਸ਼ਿਵਮ ਨਾਲ ਗੱਲਬਾਤ ਕੀਤੀ।
ਉਨ੍ਹਾਂ ਅਨੁਸਾਰ, ਕਈ ਤਰ੍ਹਾਂ ਦੇ ਡਿਸਆਰਡਰ ਹੁੰਦੇ ਹਨ ਪਰ ਜੋ ਦੱਸਿਆ ਜਾ ਰਿਹਾ ਹੈ, ਉਸ ਨੂੰ ਡਿਸਇਨਹਿਬਿਟਿਡ ਸੋਸ਼ਲ ਐਂਗੇਜਮੈਂਟ ਡਿਸਆਰਡਰ ਕਿਹਾ ਜਾਂਦਾ ਹੈ।
ਇਸ ''''ਚ ਬੱਚਾ ਕਿਸੇ ਨਾਲ ਭਾਵਨਾਤਮਕ ਤੌਰ ''''ਤੇ ਨਹੀਂ ਜੁੜਦਾ ਸਗੋਂ ਅਜਨਬੀਆਂ ਨਾਲ ਤੁਰੰਤ ਘੁਲ਼-ਮਿਲ ਜਾਂਦਾ ਹੈ।
ਪਰ ਧਰਾ ਸ਼ਾਹ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਉਨ੍ਹਾਂ ਦੀ ਧੀ ਨੂੰ ਅਜਿਹੀ ਕੋਈ ਸਮੱਸਿਆ ਹੈ।
ਸਿਆਸੀ ਪਾਰਟੀਆਂ ਦਾ ਪੱਤਰ
19 ਸਿਆਸੀ ਪਾਰਟੀਆਂ ਦੇ 59 ਸੰਸਦ ਮੈਂਬਰਾਂ ਨੇ ਆਰਿਹਾ ਸ਼ਾਹ ਨੂੰ ਲੈ ਕੇ ਜਰਮਨੀ ਦੇ ਰਾਜਦੂਤ ਫਿਲਿਪ ਐਕਰਮੈਨ ਨੂੰ ਵੀ ਇੱਕ ਪੱਤਰ ਲਿਖਿਆ ਹੈ।
ਇਸ ਪੱਤਰ ਵਿੱਚ ਇਨ੍ਹਾਂ ਸੰਸਦ ਮੈਂਬਰਾਂ ਨੇ ਜਰਮਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਆਰਿਹਾ ਸ਼ਾਹ ਨੂੰ ਉਸ ਦੇ ਮਾਪਿਆਂ ਹਵਾਲੇ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।
ਲੋਕ ਸਭਾ ਅਤੇ ਰਾਜ ਸਭਾ ਦੇ ਇਨ੍ਹਾਂ ਸੰਸਦ ਮੈਂਬਰਾਂ ਨੇ ਰਾਜਦੂਤ ਨੂੰ ਲਿਖਿਆ ਹੈ ਕਿ ਬੱਚੀ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾਵੇ ਅਤੇ ਜੇਕਰ ਇਸ ਵਿੱਚ ਕੋਈ ਦੇਰੀ ਹੁੰਦੀ ਹੈ ਤਾਂ ਇਸ ਨਾਲ ਬੱਚੀ ਦਾ ਨੁਕਸਾਨ ਹੋਵੇਗਾ।
ਪੱਤਰ ਲਿਖਣ ਵਾਲਿਆਂ ਵਿੱਚ ਭਾਜਪਾ, ਕਾਂਗਰਸ, ਖੱਬੇ ਪੱਖੀ ਪਾਰਟੀਆਂ ਅਤੇ ਹੋਰ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਹਨ।
ਇਸ ਚਿੱਠੀ ''''ਚ ਇਨ੍ਹਾਂ ਆਗੂਆਂ ਨੇ ਲਿਖਿਆ ਹੈ, "ਭਾਰਤ ਆਪਣੇ ਬੱਚੇ ਦੀ ਦੇਖਭਾਲ ਆਪ ਕਰ ਸਕਦਾ ਹੈ। ਜੇਕਰ ਤੁਹਾਡੇ ਦੇਸ਼ ਦੇ ਬੱਚੇ ਨੂੰ ਜ਼ਬਰਦਸਤੀ ਭਾਰਤ ਦੇ ਫੋਸਟਰ ਕੇਅਰ ''''ਚ ਰੱਖਿਆ ਜਾਵੇ ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ।"
ਭਾਰਤ ਸਰਕਾਰ ਨੇ ਬੱਚੀ ਨੂੰ ਬਾਲ ਕਲਿਆਣ ਅਥਾਰਟੀ ਦੇ ਹਵਾਲੇ ਕਰਨ ਲਈ ਜਰਮਨ ਸਰਕਾਰ ਨਾਲ ਰਸਮੀ ਤੌਰ ''''ਤੇ ਗੱਲ ਕੀਤੀ ਹੈ।
ਧਰਾ ਸ਼ਾਹ ਦਾ ਵੀ ਕਹਿਣਾ ਹੈ ਕਿ "ਅਸੀਂ ਅਪੀਲ ਕੀਤੀ ਸੀ ਕਿ ਅਰਿਹਾ ਨੂੰ ਆਪਣੀ ਮਾਤ ਭਾਸ਼ਾ ਸਿਖਾਈ ਜਾਵੇ, ਭਾਈਚਾਰੇ ਦੇ ਮੈਂਬਰਾਂ ਨਾਲ ਮਿਲਵਾਇਆ ਜਾਵੇ, ਮੰਦਰ ਲੈ ਕੇ ਜਾਇਆ ਜਾਵੇ ਪਰ ਅਜਿਹਾ ਕੁਝ ਨਹੀਂ ਸਿਖਾਇਆ ਜਾ ਰਿਹਾ ਹੈ।"
''''''''ਉਹ 27 ਮਹੀਨਿਆਂ ਦੀ ਹੋ ਗਈ ਹੈ, ਫਿਰ ਵੀ ਉਸ ਨੂੰ ਭਾਰਤੀ ਸੱਭਿਆਚਾਰ ਬਾਰੇ ਕੁਝ ਨਹੀਂ ਦੱਸਿਆ ਗਿਆ ਅਤੇ ਸਿਰਫ਼ ਜਰਮਨ ਭਾਸ਼ਾ ਹੀ ਸਿਖਾਈ ਜਾ ਰਹੀ ਹੈ।''''''''
ਸੰਸਦ ਮੈਂਬਰਾਂ ਨੇ ਲਿਖਿਆ ਹੈ, "ਆਰਿਹਾ ਨੂੰ ਇੱਕ ਕੇਅਰ ਸੈਂਟਰ ਤੋਂ ਦੂਜੇ ਕੇਅਰ ਸੈਂਟਰ ਵਿੱਚ ਭੇਜਣ ਦਾ ਉਸ ਉੱਤੇ ਡੂੰਘਾ ਅਤੇ ਨੁਕਸਾਨਦਾਇਕ ਪ੍ਰਭਾਵ ਪਵੇਗਾ।"
''''''''ਮਾਪਿਆਂ ਨੂੰ ਦੋ ਹਫ਼ਤਿਆਂ ਵਿੱਚ ਇੱਕ ਵਾਰ ਮਿਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਅਤੇ ਇਨ੍ਹਾਂ ਮੁਲਾਕਾਤਾਂ ਦੀਆਂ ਵੀਡੀਓਜ਼ ਤੋਂ ਪਤਾ ਲੱਗਦਾ ਹੈ ਕਿ ਬੱਚੀ ਦਾ ਆਪਣੇ ਮਾਪਿਆਂ ਨਾਲ ਡੂੰਘਾ ਲਗਾਵ ਹੈ ਅਤੇ ਦੂਰ ਰਹਿਣ ਦਾ ਦਰਦ ਵੀ ਦਿਖਾਈ ਦਿੰਦਾ ਹੈ।
ਨਾਲ ਹੀ ਇਸ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ, "ਅਸੀਂ ਤੁਹਾਡੇ ਦੇਸ਼ ਦੀ ਕਿਸੇ ਵੀ ਏਜੰਸੀ ''''ਤੇ ਇਤਰਾਜ਼ ਨਹੀਂ ਕਰ ਰਹੇ ਹਾਂ ਅਤੇ ਮੰਨਦੇ ਹਾਂ ਕਿ ਤੁਸੀਂ ਉਹੀ ਕੀਤਾ ਜੋ ਬੱਚੇ ਦੇ ਹਿੱਤ ਵਿੱਚ ਸੀ।"
''''''''ਅਸੀਂ ਤੁਹਾਡੀ ਕਾਨੂੰਨੀ ਪ੍ਰਕਿਰਿਆ ਦਾ ਸਨਮਾਨ ਕਰਦੇ ਹਾਂ ਪਰ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਖ਼ਿਲਾਫ਼ ਕੋਈ ਅਪਰਾਧਿਕ ਮਾਮਲਾ ਲੰਬਿਤ ਨਹੀਂ ਹੈ ਇਸ ਲਈ ਹੁਣ ਬੱਚੀ ਨੂੰ ਘਰ ਵਾਪਸ ਭੇਜਿਆ ਜਾਣਾ ਚਾਹੀਦਾ ਹੈ।''''''''
ਭਾਰਤ ਦਾ ਪੱਖ
ਇਸ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਮੀਡੀਆ ਨੂੰ ਦੱਸਿਆ ਸੀ ਕਿ ਵਿਦੇਸ਼ ਮੰਤਰਾਲੇ ਅਤੇ ਬਰਲਿਨ ਸਥਿਤ ਭਾਰਤੀ ਸਰਾਫਤਖਾਨਾ ਆਰਿਹਾ ਸ਼ਾਹ ਦੀ ਵਾਪਸੀ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।
ਬਾਗਚੀ ਨੇ ਕਿਹਾ ਸੀ, "ਉਹ ਬੱਚੀ ਇੱਕ ਭਾਰਤੀ ਨਾਗਰਿਕ ਹੈ ਅਤੇ 23 ਸਤੰਬਰ, 2021 ਤੋਂ ਜਰਮਨੀ ਦੇ ਯੂਥ ਵੈਲਫੇਅਰ ਦਫ਼ਤਰ ਦੀ ਕਸਟਡੀ ਵਿੱਚ ਹੈ। ਉਹ ਪਿਛਲੇ 20 ਮਹੀਨਿਆਂ ਤੋਂ ਫੋਸਟਰ ਕੇਅਰ ਵਿੱਚ ਹੈ।''''''''
ਉਨ੍ਹਾਂ ਦਾ ਕਹਿਣਾ ਸੀ ਕਿ “ਅਸੀਂ ਜਰਮਨੀ ਨੂੰ ਅਪੀਲ ਕਰਦੇ ਹਾਂ ਕਿ ਉਹ ਬੱਚੀ ਨੂੰ ਵਾਪਸ ਕਰ ਦੇਣ। ਭਾਰਤੀ ਸਰਾਫਤਖਾਨਾ ਜਰਮਨ ਪ੍ਰਸ਼ਾਸਨ ਨੂੰ ਲਗਾਤਾਰ ਅਪੀਲ ਕਰਦਾ ਰਿਹਾ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਅਰਿਹਾ ਦੇ ਸੱਭਿਆਚਾਰ, ਧਰਮ ਅਤੇ ਭਾਸ਼ਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ।''''''''
ਇਸ ਦੇ ਨਾਲ ਹੀ ਬੱਚੀ ਨੂੰ ਕਾਊਂਸਲਰ ਦੀ ਸੁਵਿਧਾ ਮਿਲੇ ਅਤੇ ਬੱਚੀ ਨੂੰ ਬਰਲਿਨ ਦੇ ਭਾਰਤੀ ਸੰਸਕ੍ਰਿਤੀ ਸੈਂਟਰ ਵਿੱਚ ਆਪਣੇ ਸੱਭਿਆਚਾਰ ਦੇ ਨੇੜੇ ਜਾਣ ਦਾ ਮੌਕਾ ਦਿੱਤਾ ਜਾਵੇ।
ਉਨ੍ਹਾਂ ਦਾ ਕਹਿਣਾ ਸੀ, “ਅਸੀਂ ਇਹ ਦੁਹਰਾਉਣਾ ਚਾਹੁੰਦੇ ਹਾਂ ਕਿ ਆਰਿਹਾ ਸ਼ਾਹ ਇੱਕ ਭਾਰਤੀ ਨਾਗਰਿਕ ਹੈ ਅਤੇ ਉਸ ਦੀ ਨਾਗਰਿਕਤਾ ਅਤੇ ਸਮਾਜਿਕ-ਸੱਭਿਆਚਾਰਕ ਪਿਛੋਕੜ ਇਹ ਨਿਰਧਾਰਤ ਕਰਨ ਵਿੱਚ ਮਹੱਤਵਪੂਰਨ ਬਣ ਜਾਂਦੇ ਹਨ ਕਿ ਉਸ ਨੂੰ ਪਾਲਣ-ਪੋਸ਼ਣ ਕਿੱਥੇ ਮਿਲਣਾ ਚਾਹੀਦਾ ਹੈ।''''''''
''''''''ਅਸੀਂ ਜਰਮਨ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਆਰਿਹਾ ਨੂੰ ਜਲਦੀ ਤੋਂ ਜਲਦੀ ਭੇਜਿਆ ਜਾਵੇ ਕਿਉਂਕਿ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਇਹ ਉਸ ਦਾ ਹੱਕ ਹੈ, ਜਿਸ ਤੋਂ ਉਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ।''''''''
ਧਰਾ ਸ਼ਾਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਤੀ ਆਈਟੀ ਵਿੱਚ ਕੰਮ ਕਰਦੇ ਹਨ ਅਤੇ ਵੀਜ਼ਾ ਵੀ ਇਸੇ ਮਹੀਨੇ ਖ਼ਤਮ ਹੋ ਰਿਹਾ ਹੈ।
ਉਹ ਕਹਿੰਦੇ ਹਨ, "ਭਾਰਤ ਸਰਕਾਰ ਦਾ ਕਹਿਣਾ ਹੈ ਕਿ ਆਰਿਹਾ ਨੂੰ ਉਨ੍ਹਾਂ ਦੀ ਬਾਲ ਕਲਿਆਣ ਕਮੇਟੀ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਅਤੇ ਬੱਚੀ ਉਨ੍ਹਾਂ ਦੀ ਦੇਖਭਾਲ ਵਿੱਚ ਰਹੇਗੀ, ਇਸ ਦੇ ਬਾਵਜੂਦ ਜਰਮਨ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਹੈ।"
ਧਰਾ ਕਹਿੰਦੇ ਹਨ, "ਭਾਰਤ ਸਰਕਾਰ ਨੇ ਇੱਕ ਜੈਨ ਗੁਜਰਾਤੀ ਪਰਿਵਾਰ ਵੀ ਤੈਅ ਕਰ ਦਿੱਤਾ ਹੈ ਜੋ ਆਰਿਹਾ ਨੂੰ ਰੱਖੇਗਾ।"
ਦੂਜੇ ਪਾਸੇ ਧਰਾ ਸ਼ਾਹ ਇਸ ਮਾਮਲੇ ਵਿੱਚ ਜਰਮਨੀ ਦੀ ਜ਼ਿਲ੍ਹਾ ਅਦਾਲਤ ਦੇ ਫੈਸਲੇ ਦਾ ਵੀ ਇੰਤਜ਼ਾਰ ਕਰ ਰਹੇ ਹਨ, ਜੋ ਕਿ ਜੂਨ ਮਹੀਨੇ ਵਿੱਚ ਆਉਣ ਵਾਲਾ ਹੈ।
ਉਨ੍ਹਾਂ ਨੂੰ ਆਸ ਹੈ ਕਿ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਕੁਝ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)