ਬ੍ਰਿਟੇਨ ''''ਚ ਵਿਦਿਆਰਥੀ ਵੀਜ਼ਾ ''''ਤੇ ਜਾਣ ਵਾਲਿਆਂ ''''ਤੇ ਸਰਕਾਰ ਨੇ ਲਗਾਈਆਂ ਨਵੀਆਂ ਪਾਬੰਦੀਆਂ
Wednesday, Jun 07, 2023 - 11:19 AM (IST)
ਬ੍ਰੈਕਸਿਟ ਦੇ ਵਾਅਦਿਆਂ ਦੇ ਬਾਵਜੂਦ ਯੂਕੇ ਵਿੱਚ ਪ੍ਰਵਾਸੀਆਂ ਦੀ ਆਮਦ ਲਗਭਗ ਤਿੰਨ ਗੁਣਾ ਕਿਉਂ ਹੋ ਗਈ ਹੈ।
ਲਗਾਤਾਰ ਤਿੰਨ ਪ੍ਰਧਾਨ ਮੰਤਰੀਆਂ ਨੇ ਇਸ ਨੂੰ ਘਟਾਉਣ ਦਾ ਵਾਅਦਾ ਕੀਤਾ। ਜਦਕਿ ਉਹ ਸਾਰੇ ਆਪਣਾ ਵਾਅਦਾ ਪੂਰਾ ਕੀਤੇ ਬਿਨਾਂ ਆਪਣੀ ਮਿਆਦ ਪੂਰੀ ਕਰ ਗਏ।
ਕੰਜ਼ਰਵੇਟਿਵ ਪਾਰਟੀ 13 ਸਾਲ ਸੱਤਾ ਵਿੱਚ ਰਹੀ ਤਾਂ ਯੂਕੇ ਵਿੱਚ ਪ੍ਰਵਾਸ ਨੂੰ ਘਟਾਉਣਾ ਉਸਦੀ ਨਿਰੰਤਰ ਵਚਨਬੱਧਤਾ ਰਹੀ ਹੈ।
ਡੇਵਿਡ ਕੈਮਰਨ ਅਤੇ ਥੈਰੀਸਾ ਮੇਅ ਨੇ ਕਿਹਾ ਸੀ ਕਿ ਉਹ ਇਹ ਸੰਖਿਆ "ਹਜ਼ਾਰਾਂ" ਤੱਕ ਘਟਾਉਣਗੇ।
ਬੀਬੀਸੀ ਦੇ ਸਿਆਸੀ ਸੰਪਾਦਕ ਕ੍ਰਿਸ ਮੇਸਨ ਦਾ ਕਹਿਣਾ ਹੈ ਕਿ ਬੋਰਿਸ ਜੌਹਨਸਨ ਨੇ ਇਸ "ਬਹੁਤ ਸਟੀਕ ਵਾਅਦੇ ਤੋਂ ਆਪਣਾ ਸਬਕ ਸਿੱਖਿਆ" ਅਤੇ ਬਸ ਇੰਨਾ ਕਿਹਾ ਕਿ ਬ੍ਰੈਕਸਿਟ ਤੋਂ ਬਾਅਦ ਪ੍ਰਵਾਸੀਆਂ ਦੀ ਗਿਣਤੀ ਘਟ ਜਾਵੇਗੀ।
ਹਾਲਾਂਕਿ, ਮੇਸਨ ਨੇ ਅੱਗੇ ਕਿਹਾ, ਤਿੰਨ ਸਿਆਸਤਦਾਨਾਂ ਦੇ ਵਾਅਦੇ "ਹਕੀਕਤ ਨੇ ਧੋ ਦਿੱਤੇ ਸਨ।"
ਮੌਜੂਦਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਸਰਕਾਰ ਵਿੱਚ ਦਾਅਵੇ ਅਤੇ ਬਿਆਨਬਾਜ਼ੀ ਫਿਰ ਤੱਥਾਂ ਨਾਲ ਟਕਰਾ ਗਈ ਹੈ।
ਬ੍ਰਿਟਿਸ਼ ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ (ਓਐੱਨਐੱਸ) ਵੱਲੋਂ ਮਈ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਨੈੱਟ ਮਾਈਗ੍ਰੇਸ਼ਨ (ਯੂਨਾਈਟਿਡ ਕਿੰਗਡਮ ਵਿੱਚ ਆਉਣ ਵਾਲੇ ਲੋਕ ਜੇ ਉਨ੍ਹਾਂ ਵਿੱਚੋਂ ਛੱਡਣ ਵਾਲੇ ਘਟਾ ਦਿੱਤੇ ਜਾਣ) 2022 ਵਿੱਚ 6,06,000 ਲੋਕ ਸੀ।
ਉਪਰੋਕਤ ਡੇਟਾ ਉਨ੍ਹਾਂ ਲੋਕਾਂ ਦਾ ਹੈ ਜੋ ਘੱਟੋ-ਘੱਟ 12 ਮਹੀਨਿਆਂ ਤੋਂ ਯੂਕੇ ਵਿੱਚ ਰਹਿ ਰਹੇ ਹਨ।
ਇਹ ਅੰਕੜਾ 2021 ਦੇ ਕੁੱਲ ਦੇ ਮੁਕਾਬਲੇ 1, 64,000 ਦੇ ਵਾਧੇ ਨੂੰ ਦਰਸਾਉਂਦਾ ਹੈ। ਜਦਕਿ 2019 ਵਿੱਚ ਹੋਏ ਕੁੱਲ ਪ੍ਰਵਾਸ ਨਾਲੋਂ ਇਹ ਲਗਭਗ ਤਿੰਨ ਗੁਣਾ ਹੈ, ਜਿਸਦਾ ਅਨੁਮਾਨ 2, 26,000 ਸੀ।
ਬ੍ਰੈਕਸਿਟ ਦੇ ਹੱਕ ਵਿੱਚ ਮੁਹਿੰਮ ਨੇ ਸਭ ਤੋਂ ਵੱਧ ਪਾਲਿਸੀ ਮੋਰਚਿਆਂ ''''ਤੇ "ਕੰਟਰੋਲ ਵਾਪਸ ਲੈਣ" ਦਾ ਵਾਅਦਾ ਕੀਤਾ। ਯੂਰਪੀਅਨ ਯੂਨੀਅਨ ਤੋਂ ਬਾਹਰ ਨਿਕਲਣ ਨੂੰ ਉਤਸ਼ਾਹਿਤ ਕਰਨ ਵਾਲਿਆਂ ਦੇ ਪ੍ਰਸਿੱਧ ਨਾਅਰੇ ਵਿੱਚ ਕਿਹਾ ਗਿਆ ਸੀ।
ਫਿਰ ਇਹ ਕਿਵੇਂ ਸਮਝਾਇਆ ਜਾ ਸਕਦਾ ਹੈ ਕਿ ਬ੍ਰੈਕਸਿਟ ਦੇ ਹੱਕ ਵਿੱਚ ਵੋਟ ਪਾਉਣ ਤੋਂ ਲਗਭਗ 7 ਸਾਲਾਂ ਬਾਅਦ ਵੀ ਯੂਕੇ ਵਿੱਚ ਵਿਦੇਸ਼ੀਆਂ ਦਾ ਕੁੱਲ ਪਰਵਾਸ ਲਗਾਤਾਰ ਵਧਦਾ ਜਾ ਰਿਹਾ ਹੈ?
ਓਐੱਨਐੱਸ ਦੇ ਅੰਕੜਿਆਂ ਅਤੇ ਬੀਬੀਸੀ ਵੱਲੋਂ ਜਿਨ੍ਹਾਂ ਮਾਹਿਰਾਂ ਨਾਲ ਗੱਲਬਾਤ ਕੀਤੀ ਉਨ੍ਹਾਂ ਮੁਤਾਬਕ ਇਸ ਵਾਧੇ ਦੇ ਪਿੱਛੇ ਤਿੰਨ ਮੁੱਖ ਕਾਰਕ ਹਨ:
-
1- ਅੰਤਰਰਾਸ਼ਟਰੀ ਵਿਦਿਆਰਥੀ
ਸਾਲ 2022 ਵਿੱਚ ਕੁੱਲ 6,06,000 ਪ੍ਰਵਾਸੀਆਂ ਦਾ ਅੰਕੜਾ 12 ਲੱਖ (ਜਿਹੜੇ ਆਏ) ਵਿੱਚੋਂ 5,57,000 (ਜਿਹੜੇ ਛੱਡ ਕੇ ਚਲੇ ਗਏ) ਨੂੰ ਘਟਾ ਕੇ ਮਿਲਦਾ ਹੈ।
ਦਾਖ਼ਲ ਹੋਏ 12 ਲੱਖ ਲੋਕਾਂ ਵਿੱਚੋਂ, 9,25,000 ਯੂਰਪੀਅਨ ਯੂਨੀਅਨ ਦੇ ਬਾਹਰੋਂ ਆਏ ਸਨ ਅਤੇ ਉਨ੍ਹਾਂ ਵਿੱਚੋਂ, ਲਗਭਗ 40% ਵਿਦਿਆਰਥੀ ਵੀਜ਼ਾ ਲੈ ਕੇ ਆਏ ਹਨ।
ਆਕਸਫੋਰਡ ਯੂਨੀਵਰਸਿਟੀ ਮਾਈਗ੍ਰੇਸ਼ਨ ਆਬਜ਼ਰਵੇਟਰੀ ਦੀ ਸੀਨੀਅਰ ਖੋਜਕਾਰ ਮਾਰੀਨਾ ਫਰਨਾਂਡੇਜ਼ ਰੇਨੋ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਅੰਤਰਰਾਸ਼ਟਰੀ ਵਿਦਿਆਰਥੀ ਬ੍ਰਿਟਿਸ਼ ਯੂਨੀਵਰਸਿਟੀਆਂ ਲਈ ਆਮਦਨੀ ਦਾ ਇੱਕ ਬਹੁਤ ਮਹੱਤਵਪੂਰਨ ਸਰੋਤ ਹਨ।"
"ਯੂਨੀਵਰਸਿਟੀਆਂ ਚੀਨ ਦੇ ਵਿਦਿਆਰਥੀਆਂ ''''ਤੇ ਬਹੁਤ ਜ਼ਿਆਦਾ ਨਿਰਭਰ ਕਰਦੀਆਂ ਹਨ, ਜੋ ਹਾਲ ਹੀ ਦੇ ਸਾਲਾਂ ਵਿੱਚ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਬਹੁਗਿਣਤੀ ਸਨ।"
"ਫਿਰ ਸਰਕਾਰ ਨੇ ਵਿਭਿੰਨਤਾ ਦੇ ਪੈਂਤੜੇ ਨੂੰ ਉਤਸ਼ਾਹਿਤ ਕੀਤਾ ਤਾਂ ਜੋ, ਵਿਦਿਆਰਥੀਆਂ ਦਾ ਪ੍ਰਵਾਹ ਘੱਟ ਹੋਣ ਦੀ ਸਥਿਤੀ ਵਿੱਚ, ਯੂਨੀਵਰਸਿਟੀਆਂ ਵਿੱਚ ਦਾਖ਼ਲੇ ਨੂੰ ਇੰਨਾ ਨੁਕਸਾਨ ਨਾ ਹੋਵੇ।"
ਆਕਸਫੋਰਡ ਯੂਨੀਵਰਸਿਟੀ ਦੇ ਉਸੇ ਕੇਂਦਰ ਦੇ ਮਾਹਰ ਪੀਟਰ ਵਾਲਸ਼ ਨੇ ਬੀਬੀਸੀ ਨੂੰ ਦੱਸਿਆ ਕਿ ਵਿਦਿਆਰਥੀਆਂ ਦੇ ਦਾਖ਼ਲੇ ਲਈ ਸਰਕਾਰ ਅਤੇ ਯੂਨੀਵਰਸਿਟੀਆਂ ਨੇ ਖ਼ੁਦ ਪਹਿਲਕਦਮੀਆਂ ਕੀਤੀਆਂ ਹਨ, ਉਦਾਹਰਣ ਵਜੋਂ, ਭਾਰਤ ਅਤੇ ਨਾਈਜੀਰੀਆ ਵਿੱਚ।
ਵਾਲਸ਼ ਨੇ ਅੱਗੇ ਕਿਹਾ, "ਅੰਤਰਰਾਸ਼ਟਰੀ ਵਿਦਿਆਰਥੀ ਉੱਚ ਟਿਊਸ਼ਨ ਫੀਸ ਅਦਾ ਕਰਦੇ ਹਨ ਜੋ ਯੂਕੇ ਵਿੱਚ ਸਥਾਨਕ ਵਿਦਿਆਰਥੀਆਂ ਦੀ ਸਿੱਖਿਆ ਨੂੰ ਸਸਤੀ ਬਣਾਉਂਦਾ ਹੈ।"
ਵਿਦਿਆਰਥੀਆਂ ਨੂੰ ਖਿੱਚਣ ਲਈ, ਸਰਕਾਰ ਨੇ ਦੋ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਅਖੌਤੀ "ਪੋਸਟ ਸਟੱਡੀ ਵਰਕ" ਦੀ ਸ਼ੁਰੂਆਤ ਕੀਤੀ ਸੀ।
ਫਰਨਾਂਡੇਜ਼ ਰੇਨੋ ਨੇ ਸਮਝਾਇਆ, "ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਉਂਦੇ ਹੋ ਤਾਂ ਤੁਸੀਂ ਕਿਸੇ ਵੀ ਨੌਕਰੀ ਵਿੱਚ ਕੰਮ ਕਰਦੇ ਹੋਏ ਦੋ ਸਾਲ ਰਹਿ ਸਕਦੇ ਹੋ, ਬੇਸ਼ੱਕ ਇਹ ਤੁਹਾਡੇ ਦੁਆਰਾ ਪੜ੍ਹੇ ਗਏ ਕੰਮਾਂ ਨਾਲ ਜੁੜਿਆ ਨਾ ਵੀ ਹੋਵੇ।"
"ਇਸ ਨੇ ਯੂਕੇ ਆਉਣ ਦਾ ਬਦਲ ਪਹਿਲਾਂ ਨਾਲੋਂ ਵਧੇਰੇ ਆਕਰਸ਼ਕ ਬਣਾ ਦਿੱਤਾ, ਜਦੋਂ ਤੁਸੀਂ ਇੱਕ ਸਾਲ ਲਈ ਆ ਤਾਂ ਸਕਦੇ ਸੀ ਪਰ ਫਿਰ ਤੁਹਾਨੂੰ ਛੱਡਣਾ ਪੈਂਦਾ ਸੀ।"
ਇੱਕ ਹੋਰ ਕਾਰਕ ਜਿਸ ਨੇ ਗਿਣਤੀ ਵਧਾ ਦਿੱਤੀ ਹੈ ਉਹ ਇਹ ਹੈ ਕਿ ਭਾਰਤ, ਨਾਈਜੀਰੀਆ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀ ਅਕਸਰ ਆਪਣੇ ਪਰਿਵਾਰਾਂ ਨਾਲ ਆਉਂਦੇ ਹਨ।
ਫਰਨਾਂਡੇਜ਼ ਰੇਨੋ ਨੇ ਦੱਸਿਆ, "ਇੱਕ ਉੱਚੀ ਸੰਖਿਆ ਆਸ਼ਰਿਤਾਂ, ਜਿਵੇਂ, ਸਪਾਊਜ਼ ਜਾਂ ਬੱਚਿਆਂ ਦੇ ਨਾਲ ਆਉਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਇਸ ਵਿਦਿਆਰਥੀ ਵੀਜ਼ੇ ਨਾਲ ਆਉਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਵਧ ਗਈ ਹੈ। ਦੂਜੇ ਪਾਸੇ ਚੀਨ ਦੇ ਜ਼ਿਆਦਾਤਰ ਵਿਦਿਆਰਥੀ, ਇਕੱਲੇ ਆਉਂਦੇ ਹਨ।"
ਵਾਲਸ਼ ਨੇ ਬੀਬੀਸੀ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਵਿਦਿਆਰਥੀ ਪਿਛਲੇ ਸਾਲ "ਲਗਭਗ 1,00,000 ਜੋੜਿਆਂ ਅਤੇ ਬੱਚਿਆਂ" ਨੂੰ ਲਿਆਏ ਸਨ।
ਵਿਦਿਆਰਥੀਆਂ ''''ਤੇ ਨਵੀਆਂ ਪਾਬੰਦੀਆਂ
ਰਿਸ਼ੀ ਸੁਨਕ ਸਰਕਾਰ ਨੇ ਹਾਲ ਹੀ ਵਿੱਚ ਵਿਦਿਆਰਥੀਆਂ ਦੇ ਨਿਰਭਰ ਲੋਕਾਂ ਦੀ ਆਮਦਨ ''''ਤੇ ਬੰਦਸ਼ਾਂ ਦਾ ਐਲਾਨ ਕੀਤਾ ਹੈ।
ਫਰਨਾਂਡੇਜ਼ ਰੇਨੋ ਨੇ ਦੱਸਿਆ ਕਿ ਅਗਲੇ ਸਾਲ ਤੋਂ ਸਿਰਫ਼ ਉਹੀ ਲੋਕ ਆਪਣੇ ਨਾਲ ਜੀਆਂ ਨੂੰ ਲਿਆ ਸਕਣਗੇ ਜੋ ਮਾਸਟਰ ਡਿਗਰੀ ਜਾਂ ਰਿਸਰਚ ਡਾਕਟਰੇਟ ਕਰਨ ਲਈ ਆਉਂਦੇ ਹਨ।
"ਬੇਸ਼ੱਕ, ਇਸਦਾ ਦੋ ਚੀਜ਼ਾਂ ਦਾ ਅਸਰ ਪਵੇਗਾ। ਇੱਕ ਇਹ ਕਿ ਘੱਟ ਗਿਣਤੀ ਆਵੇਗੀ, ਕਿਉਂਕਿ ਸਿਰਫ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਹੀ ਅਜਿਹਾ ਕਰਨ ਦੇ ਯੋਗ ਹੋਣਗੇ। ਦੂਸਰੀ ਇਹ ਹੈ ਕਿ ਤਬਦੀਲੀ ਯੂਨਾਈਟਿਡ ਕਿੰਗਡਮ ਵਿੱਚ ਪੜ੍ਹਨ ਦੇ ਬਦਲ ਦੀ ਖਿੱਚ ਨੂੰ ਘੱਟ ਕਰ ਸਕਦੀ ਹੈ।"
"ਰਿਸਰਚ ਮਾਸਟਰ ਦੀਆਂ ਡਿਗਰੀਆਂ ਆਮ ਤੌਰ ''''ਤੇ ਦੋ ਸਾਲਾਂ ਦੀਆਂ ਹੁੰਦੀਆਂ ਹਨ ਅਤੇ ਇਸ ਤੋਂ ਬਾਅਦ ਇਹ ਵਿਦਿਆਥੀਆਂ ਨੂੰ ਡਾਕਟਰੀ ਪ੍ਰੋਗਰਾਮ ਤੱਕ ਪਹੁੰਚ ਦਿੰਦੀਆਂ ਹਨ।"
"ਇਹ ਮਾਸਟਰ ਡਿਗਰੀਆਂ ਦਾ ਬਹੁਤ ਛੋਟਾ ਪ੍ਰਤੀਸ਼ਤ ਹੈ ਅਤੇ ਉਨ੍ਹਾਂ ਨੂੰ ਨਿਰਭਰ ਲੋਕਾਂ ਨੂੰ ਲਿਆਉਣ ਤੋਂ ਮਨ੍ਹਾ ਨਹੀਂ ਕੀਤਾ ਗਿਆ ਹੈ ਕਿਉਂਕਿ ਜੇਕਰ ਤੁਹਾਡੇ ਕੋਲ ਇੱਕ ਪਰਿਵਾਰ ਹੈ ਤਾਂ ਚਾਰ ਸਾਲਾਂ ਲਈ ਤੁਹਾਨੂੰ ਉਸ ਤੋਂ ਵੱਖ ਨਹੀਂ ਕੀਤਾ ਜਾ ਸਕਦਾ।"
ਰਸਲ ਗਰੁੱਪ, ਜੋ ਕਿ ਬ੍ਰਿਟੇਨ ਦੀਆਂ ਸਭ ਤੋਂ ਵੱਕਾਰੀ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਦਾ ਹੈ, ਨੇ ਕਿਹਾ ਕਿ ਨਵੀਆਂ ਪਾਬੰਦੀਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ "ਮਹੱਤਵਪੂਰਨ ਆਮਦਨ" ਨੂੰ ਖਿੱਚਣ ਦੀ ਅਧਿਐਨ ਕੇਂਦਰਾਂ ਦੀ ਯੋਗਤਾ ਨੂੰ ਪ੍ਰਭਾਵਤ ਕਰਨਗੀਆਂ।
ਖ਼ਾਸ ਨੁਕਤੇ
- 2022 ਵਿੱਚ ਕੁੱਲ ਪ੍ਰਵਾਸੀਆਂ ਵਿੱਚ ਵਾਧੇ ਦਾ ਦੂਜਾ ਸਭ ਤੋਂ ਵੱਡਾ ਕਾਰਨ ਯੂਰਪੀਅਨ ਯੂਨੀਅਨ (ਈਯੂ) ਤੋਂ ਬਾਹਰਲੇ ਕਾਮਿਆਂ ਦੀ ਗਿਣਤੀ ਸੀ।
- ਈਯੂ ਨਾਗਰਿਕਾਂ ਦੇ ਮਾਮਲੇ ਵਿੱਚ, 2022 ਵਿੱਚ ਪਹੁੰਚਣ ਵਾਲਿਆਂ (2,02,000) ਨਾਲੋਂ ਜ਼ਿਆਦਾ ਲੋਕ (1,51,000) ਯੂਕੇ ਛੱਡ ਗਏ।
- ਅੰਤਰਰਾਸ਼ਟਰੀ ਵਿਦਿਆਰਥੀ ਪਿਛਲੇ ਸਾਲ "ਲਗਭਗ 1,00,000 ਜੋੜਿਆਂ ਅਤੇ ਬੱਚਿਆਂ" ਨੂੰ ਲਿਆਏ ਸਨ।
- ਹੁਣ ਉਹ ਵਿਦਿਆਰਥੀਆਂ ''''ਤੇ ਨਿਰਭਰ ਲੋਕਾਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਕਰਨ ਜਾ ਰਹੇ ਹਨ।
- ਰਿਸ਼ੀ ਸੁਨਕ ਸਰਕਾਰ ਨੇ ਹਾਲ ਹੀ ਵਿੱਚ ਵਿਦਿਆਰਥੀਆਂ ਦੇ ਨਿਰਭਰ ਲੋਕਾਂ ਦੀ ਆਮਦਨ ''''ਤੇ ਬੰਦਸ਼ਾਂ ਦਾ ਐਲਾਨ ਕੀਤਾ ਹੈ।
- ਅਨਿਯਮਿਤ ਪ੍ਰਵਾਸ ਲਈ, ਸਰਕਾਰ ਨੇ 2022 ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਰਵਾਂਡਾ ਭੇਜਣ ਦੀ ਇੱਕ ਵਿਵਾਦਪੂਰਨ ਯੋਜਨਾ ਦਾ ਐਲਾਨ ਕੀਤਾ।
2- ਵਰਕ ਵੀਜ਼ਾ
2022 ਵਿੱਚ ਕੁੱਲ ਪ੍ਰਵਾਸੀਆਂ ਵਿੱਚ ਵਾਧੇ ਦਾ ਦੂਜਾ ਸਭ ਤੋਂ ਵੱਡਾ ਕਾਰਨ ਯੂਰਪੀਅਨ ਯੂਨੀਅਨ (ਈਯੂ) ਤੋਂ ਬਾਹਰਲੇ ਕਾਮਿਆਂ ਦੀ ਗਿਣਤੀ ਸੀ। ਇੱਕ ਸਾਲ ਵਿੱਚ ਉਨ੍ਹਾਂ ਦੀ ਗਿਣਤੀ 1,37,000 ਤੋਂ 2,35,000 ਤੱਕ ਲਗਭਗ ਦੁੱਗਣੀ ਹੋ ਗਈ।
ਓਐੱਨਐੱਸ ਦੇ ਅਨੁਸਾਰ, ਈਯੂ ਨਾਗਰਿਕਾਂ ਦੇ ਮਾਮਲੇ ਵਿੱਚ, 2022 ਵਿੱਚ ਪਹੁੰਚਣ ਵਾਲਿਆਂ (2,02,000) ਨਾਲੋਂ ਜ਼ਿਆਦਾ ਲੋਕ (1,51,000) ਯੂਕੇ ਛੱਡ ਗਏ।
ਯੂਰਪੀਅਨ ਯੂਨੀਅਨ ਤੋਂ ਬਾਹਰਲੇ ਕਾਮਿਆਂ ਵਿੱਚ ਹੋਇਆ ਵਾਧਾ ਮੁੱਖ ਤੌਰ ''''ਤੇ "ਕੁਆਲੀਫਾਈਡ ਕਾਮਿਆਂ" ਜਾਂ ਹੁਨਰਮੰਦ ਕਾਮਿਆਂ ਲਈ ਵੀਜ਼ਾ ਦੇ ਵਾਧੇ ਦੇ ਕਾਰਨ ਸੀ।
ਇਹ ਰਸਤਾ, ਬ੍ਰੈਕਸਿਟ ਤੋਂ ਪਹਿਲਾਂ, ਬ੍ਰਿਟਿਸ਼ ਕੰਪਨੀਆਂ ਜਾਂ ਸੰਸਥਾਵਾਂ, ਜਿਵੇਂ ਕਿ ਡਾਕਟਰ ਜਾਂ ਨਰਸਾਂ ਦੁਆਰਾ ਸਪਾਂਸਰ ਕੀਤੇ ਗਏ ਯੋਗ ਲੋਕਾਂ ਦੇ ਦਾਖ਼ਲੇ ਦੀ ਪਹਿਲਾਂ ਹੀ ਇਜਾਜ਼ਤ ਦਿੰਦਾ ਸੀ।
ਹਾਲਾਂਕਿ ਸਾਲ 2022 ਵਿੱਚ, "ਹੋਰ ਕਿੱਤੇ ਜਿਨ੍ਹਾਂ ਨੂੰ ਅਕਸਰ ਪੂਰੀ ਤਰ੍ਹਾਂ ਯੋਗ ਨਹੀਂ ਮੰਨਿਆ ਜਾਂਦਾ ਹੈ, ਨੂੰ ਸ਼ਾਮਲ ਕੀਤਾ ਗਿਆ ਸੀ।"
"ਸਭ ਤੋਂ ਮਹੱਤਵਪੂਰਨ ਇਹ ਹੈ ਕਿ ਥੋੜ੍ਹੇ ਜਿਹੇ ਤਜ਼ਰਬੇ ਵਾਲੇ ਦੇਖਭਾਲ ਕਰਮਚਾਰੀ, ਜਿਸ ਨੂੰ ਉਹ ਸੀਨੀਅਰ ਕੇਅਰ ਵਰਕਰ ਕਹਿੰਦੇ ਹਨ, ਜੋ ਹੁਣ ਆ ਸਕਦੇ ਹਨ। ਪਹਿਲਾਂ ਬਾਹਰ ਰੱਖੇ ਗਏ ਸੀ।"
"ਅਸੀਂ ਦੇਖ ਰਹੇ ਹਾਂ ਕਿ ਵੀਜ਼ੇ ਬਹੁਤ ਵਧ ਗਏ ਹਨ ਕਿਉਂਕਿ ਸਿਹਤ ਖੇਤਰ ਲਈ ਕਰਮਚਾਰੀ ਵਿਸ਼ੇਸ਼ ਵੀਜ਼ੇ ਲੈ ਕੇ ਆਉਂਦੇ ਹਨ।"
ਓਐੱਨਐੱਸ ਮੁਤਾਬਕ, ਸਿਹਤ ਸੰਭਾਲ ਖੇਤਰ ਵਿੱਚ ਦੇਖਭਾਲ ਕਰਨ ਵਾਲੇ ਜ਼ਿਆਦਾਤਰ ਲੋਕ ਤਿੰਨ ਪ੍ਰਮੁੱਖ ਦੇਸ਼ਾਂ ਭਾਰਤ, ਨਾਈਜੀਰੀਆ ਅਤੇ ਜ਼ਿੰਬਾਬਵੇ ਤੋਂ ਆਉਂਦੇ ਹਨ।
ਵਿਡੀਆ ਰੁਹੋਮੁਤਲੀ, ਜੋ ਦਹਾਕਿਆਂ ਪਹਿਲਾਂ ਮਾਰੀਸ਼ਸ ਤੋਂ ਕਿੰਗਡਮ ਵਿੱਚ ਆਏ ਸੀ, ਲੰਡਨ ਤੋਂ ਤਿੰਨ ਘੰਟੇ ਦੀ ਦੂਰੀ ''''ਤੇ ਨੌਰਫੋਕ ਕਾਉਂਟੀ ਵਿੱਚ ਇੱਕ ਨਰਸਿੰਗ ਹੋਮ ਦੀ ਮਾਲਕ ਹਨ।
ਰੁਹੋਮੁਤਲੀ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਭਾਰਤ ਤੋਂ ਆਪਣੇ ਬਹੁਤ ਸਾਰੇ ਕਾਮਿਆਂ ਨੂੰ ਨੌਕਰੀ ''''ਤੇ ਰੱਖਦੇ ਹਨ।
ਉਹ ਕਹਿੰਦੇ ਹਨ, “ਭਾਰਤ ਤੋਂ ਬਿਨਾਂ ਅਸੀਂ ਇੱਥੇ ਨਹੀਂ ਹੁੰਦੇ ਅਤੇ ਸਾਡੇ ਤੋਂ ਬਿਨਾਂ, ਸਥਾਨਕ ਹਸਪਤਾਲ ਵਿੱਚ ਬਿਸਤਰੇ ਭਰੇ ਹੋਣਗੇ ਜੋ ਉਹ ਹੋਰ ਮਰੀਜ਼ਾਂ ਲਈ ਖਾਲੀ ਨਹੀਂ ਕਰ ਸਕਦੇ।”
3- ਯੂਕਰੇਨ ਅਤੇ ਹਾਂਗ ਕਾਂਗ
ਓਐੱਨਐੱਸ ਮੁਤਾਬਕ "ਬੇਮਿਸਾਲ ਗਲੋਬਲ ਘਟਨਾਵਾਂ" ਦੇ ਮੱਦੇਨਜ਼ਰ ਬਣਾਈਆਂ ਗਈਆਂ ਪੁਨਰਵਾਸ ਸਕੀਮਾਂ ਪ੍ਰਵਾਸ ਵਿੱਚ ਵਾਧੇ ਦੀਆਂ ਤੀਜੀਆਂ ਸਭ ਤੋਂ ਵੱਡੀਆਂ ਕਾਰਨ ਹਨ।
ਮਾਨਵਤਾਵਾਦੀ ਰੂਟਾਂ ਰਾਹੀਂ ਯੂਕੇ ਵਿੱਚ ਪਹੁੰਚਣ ਵਾਲੇ ਗ਼ੈਰ-ਯੂਰਪੀ ਨਾਗਰਿਕਾਂ ਦੀ ਗਿਣਤੀ 2022 ਵਿੱਚ 9% ਤੋਂ ਵਧ ਕੇ 19% ਹੋ ਗਈ ਹੈ।
ਸਾਲ 2022 ਵਿੱਚ 1,14,000 ਯੂਕਰੇਨੀਅਨ ਅਤੇ 52,000 ਹਾਂਗਕਾਂਗ ਦੇ ਨਾਗਰਿਕ ਘੱਟੋ-ਘੱਟ 12 ਮਹੀਨਿਆਂ ਲਈ ਯੂਕੇ ਦਾਖ਼ਲ ਹੋਏ।
ਇਸ ਤੋਂ ਬਾਅਦ ਚੀਨ ਵੱਲੋਂ ਹਾਂਗਕਾਂਗ ਉੱਪਰ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤੇ ਜਾਣ ਤੋਂ ਬਾਅਦ ਇੱਕ ਵਿਸ਼ੇਸ਼ ਵੀਜ਼ਾ ਯੋਜਨਾ ਤਜਵੀਜ਼ ਕੀਤੀ ਗਈ ਸੀ, ਕਿਉਂਕਿ ਹਾਂਗਕਾਂਗ ਵੀ ਕਿਸੇ ਸਮੇਂ ਬ੍ਰਿਟੇਨ ਦੀ ਬਸਤੀ ਰਿਹਾ ਹੈ।
''''ਸੰਖਿਆ ਬਹੁਤ ਜ਼ਿਆਦਾ ਹੈ''''
ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮਈ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਬਾਰੇ ਜ਼ੋਰ ਦੇ ਕੇ ਕਿਹਾ ਕਿ ਪਰਵਾਸ "ਨਿਯੰਤਰਣ ਤੋਂ ਬਾਹਰ ਨਹੀਂ ਹੈ।"
ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਜਿਸ ਦਿਨ ਡੇਟਾ ਜਾਰੀ ਕੀਤਾ ਗਿਆ ਸੀ, ਸੁਨਕ ਨੇ ਕਿਹਾ, "ਸੰਖਿਆ ਬਹੁਤ ਜ਼ਿਆਦਾ ਹੈ ਅਤੇ ਮੈਂ ਇਸ ਨੂੰ ਹੇਠਾਂ ਲਿਆਉਣਾ ਚਾਹੁੰਦਾ ਹਾਂ।"
ਬੀਬੀਸੀ ਦੇ ਕਾਨੂੰਨੀ ਅਤੇ ਗ੍ਰਹਿ ਮਾਮਲਿਆਂ ਦੇ ਪੱਤਰਕਾਰ ਡੋਮਿਨਿਕ ਕੈਸੀਆਨੀ ਦੇ ਅਨੁਸਾਰ, ਭਵਿੱਖ ਵਿੱਚ ਪ੍ਰਵਾਸ ਦਾ ਕੁੱਲ ਅੰਕੜਾ (ਆਉਣ ਵਾਲੀਆਂ ਵਿੱਚੋਂ ਜਾਣ ਵਾਲੇ ਘਟਾਅ ਕੇ ਜੋ ਬਾਕੀ ਬਚਦਾ ਹੈ) ਘਟ ਸਕਦਾ ਹੈ।
"ਯੂਕਰੇਨ ਅਤੇ ਹਾਂਗਕਾਂਗ ਤੋਂ ਲੋਕਾਂ ਦੀ ਆਮਦ ਰੁਕਣ ਦੀ ਉਮੀਦ ਹੈ ਅਤੇ ਕਾਮਿਆਂ ਦਾ ਆਉਣਾ ਸਥਿਰ ਹੋ ਸਕਦਾ ਹੈ।"
ਦੂਜੇ ਪਾਸੇ ਕੈਸੀਆਨੀ ਨੇ ਕਿਹਾ, "ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਰਵਾਨਗੀ ਵਧਣੀ ਚਾਹੀਦੀ ਹੈ, ਜਦੋਂ ਕਿ ਬਹੁਤ ਸਾਰੇ ਨਵੇਂ ਹੁਣ ਆਪਣੇ ਰਿਸ਼ਤੇਦਾਰਾਂ ਨੂੰ ਨਹਿਰ ਲਿਆ ਸਕਣਗੇ।"
ਫਰਨਾਂਡੇਜ਼ ਰੇਨੋ ਲਈ, "ਭਵਿੱਖਬਾਣੀ ਕਰਨਾ ਹਮੇਸ਼ਾ ਮੁਸ਼ਕਲ ਹੁੰਦਾ ਹੈ, ਅਨਿਸ਼ਚਿਤਤਾ ਹੁੰਦੀ ਹੈ। ਪਰ ਅਸੀਂ ਦਸੰਬਰ 2022 ਲਈ ਸਾਹਮਣੇ ਆਏ ਅੰਕੜਿਆਂ ਤੋਂ ਦੇਖ ਰਹੇ ਹਾਂ, ਸਤੰਬਰ ਦੇ ਮੁਕਾਬਲੇ, ਪ੍ਰਵਾਸ ਲਗਾਤਾਰ ਵਧਦਾ ਨਹੀਂ ਰਿਹਾ ਹੈ।"
ਜਿਵੇਂ ਕਿ ਯੂਕਰੇਨ ਤੋਂ ਆਉਣ ਵਾਲਿਆਂ ਬਾਰੇ, "ਹਮਲੇ ਤੋਂ ਬਾਅਦ ਦੇ ਮਹੀਨਿਆਂ ਵਿੱਚ ਹੀ ਜ਼ਿਆਦਾ ਸਨ ਅਤੇ ਫਿਰ ਉਹ ਹੌਲੀ-ਹੌਲੀ ਘਟ ਗਏ ਹਨ, ਹਾਲਾਂਕਿ ਇਹ ਭਵਿੱਖਬਾਣੀ ਕਰਨਾ ਹਮੇਸ਼ਾ ਮੁਸ਼ਕਲ ਹੁੰਦਾ ਹੈ ਕਿਉਂਕਿ ਇਹ ਸੱਚ ਹੈ ਕਿ ਯੂਕਰੇਨ ਦੀ ਜੰਗ ਦੀ ਸਥਿਤੀ ਵਿਗੜ ਵੀ ਸਕਦੀ ਹੈ।"
ਮਾਹਰ ਮੁਤਾਬਕ ਜੇਕਰ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਹੁੰਦੇ ਤਾਂ ਦੇਖਭਾਲ ਅਤੇ ਸਿਹਤ ਲਈ ਕਰਮਚਾਰੀਆਂ ਦੀ ਆਮਦ ਦਾ ਵਧਣਾ ਜਾਰੀ ਰਹਿ ਸਕਦਾ ਹੈ।
"ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦੋ ਸੈਕਟਰਾਂ ਵਿੱਚ ਕਾਮਿਆਂ ਦੀ ਬਹੁਤ ਵੱਡੀ ਘਾਟ ਹੈ। ਫਿਰ ਵੀ, ਮੈਂ ਸੋਚਦਾ ਹਾਂ ਕਿ ਸੰਖਿਆ ਘੱਟਣ ਜਾ ਰਹੀ ਹੈ ਕਿਉਂਕਿ ਛੱਡਣ ਵਾਲੇ ਲੋਕਾਂ ਦੀ ਗਿਣਤੀ ਵਧਣ ਜਾ ਰਹੀ ਹੈ।"
ਅਨਿਯਮਿਤ ਪ੍ਰਵਾਸ ਲਈ, ਸਰਕਾਰ ਨੇ 2022 ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਰਵਾਂਡਾ ਭੇਜਣ ਦੀ ਇੱਕ ਵਿਵਾਦਪੂਰਨ ਯੋਜਨਾ ਦਾ ਐਲਾਨ ਕੀਤਾ।
ਬ੍ਰਿਟਿਸ਼ ਅਦਾਲਤਾਂ ਅੱਗੇ ਦਾਇਰ ਅਪੀਲਾਂ ਅਤੇ ਮਨੁੱਖੀ ਅਧਿਕਾਰਾਂ ਦੀ ਯੂਰਪੀਅਨ ਅਦਾਲਤ ਦੇ ਦਖਲ ਦੇਣ ਕਾਰਨ ਇਸ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਜਾ ਸਕਿਆ ਹੈ।
ਡੋਮਿਨਿਕ ਕੈਸੀਆਨੀ ਲਈ, ਜੇਕਰ ਸਰਕਾਰ ਦੀ ਲਗਭਗ ਸਾਰੀਆਂ ਸ਼ਰਣ ਅਰਜ਼ੀਆਂ ਨੂੰ ਵਿਦੇਸ਼ਾਂ ਵਿੱਚ ਮੋੜਨ ਦੀ ਯੋਜਨਾ ਕੰਮ ਕਰਦੀ ਹੈ ਤਾਂ, ਯੂਨਾਈਟਿਡ ਕਿੰਗਡਮ ਵਿੱਚ ਦਾਖਲੇ ਦੇ ਅੰਕੜੇ "ਹੋਰ 70,000 ਲੋਕਾਂ ਦੀ ਗਿਰਾਵਟ ਦੇਖ ਸਕਦੇ ਹਨ ਪਰ ਇਹ ''''ਜੇ'''' ਹੈ ਜਿੰਨਾ ਵੱਡਾ ਹੈ ਡੋਵਰ ਪਹਾੜਾਂ ਦੀ ਉਚਾਈ ਜਿੰਨਾ ਵੱਡਾ।"
ਪ੍ਰਵਾਸ ਦੀ ਲਾਗਤ ਅਤੇ ਮਿਲਣ ਵਾਲੇ ਲਾਭ
ਕ੍ਰਿਸ ਮੇਸਨ ਦੱਸਦੇ ਹਨ ਕਿ ਮਾਈਗ੍ਰੇਸ਼ਨ ਦਾ ਮਸਲਾ ਸੰਖਿਆ ਦੇ ਮਾਮਲੇ ਨਾਲੋਂ ਬਹੁਤ ਜ਼ਿਆਦਾ ਹੈ।
ਇਹ ਇੱਕ ਅਜਿਹਾ ਮੁੱਦਾ ਹੈ ਜਿਸਦਾ ਸਬੰਧ "ਭਾਵਨਾ, ਭਾਈਚਾਰਿਆਂ ਅਤੇ ਜਨਤਕ ਸੇਵਾਵਾਂ ਨਾਲ ਵੀ ਹੈ। ਵਾਅਦਿਆਂ, ਲੋਕਾਂ ਅਤੇ ਸਥਾਨਾਂ ਨਾਲ।"
ਫਰਨਾਂਡੇਜ਼ ਰੇਨੋ ਮੁਤਾਬਕ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਮਹੱਤਵਪੂਰਨ ਹੈ ਕਿ ਅਕਸਰ "ਰਾਜਨੇਤਾ ਪ੍ਰਵਾਸੀ ਵਹਾਅ ਨੂੰ ਨਿਯਮਤ ਕਰਨ ਦੀ ਆਪਣੀ ਯੋਗਤਾ ਦਾ ਬਹੁਤ ਜ਼ਿਆਦਾ ਅੰਦਾਜ਼ਾ ਲਗਾਉਂਦੇ ਹਨ।"
"ਅਕਸਰ ਸਿਆਸਤਦਾਨਾਂ ਦੀ ਇਨ੍ਹਾਂ ਅੰਕੜਿਆਂ ਨੂੰ ਘਟਾਉਣ ਦੀ ਸਮਰੱਥਾ ਸੀਮਤ ਹੁੰਦੀ ਹੈ। ਹੁਣ ਉਹ ਵਿਦਿਆਰਥੀਆਂ ''''ਤੇ ਨਿਰਭਰ ਲੋਕਾਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਕਰਨ ਜਾ ਰਹੇ ਹਨ।
ਇਸ ਤਬਦੀਲੀ ਦੀ, ਹਾਲਾਂਕਿ, ਯੂਨੀਵਰਸਿਟੀਆਂ ਨੂੰ ਵੱਡੀ ਕੀਮਤ ਤਾਰਨੀ ਪੈ ਸਕਦੀ ਹੈ।
ਫਰਨਾਂਡੇਜ਼ ਰੇਨੋ ਨੇ ਕਿਹਾ, ਮਾਈਗ੍ਰੇਸ਼ਨ ਉਪਾਵਾਂ ਵਿੱਚ ਆਮ ਤੌਰ ''''ਤੇ ਇੱਕ ਚਿਹਰਾ ਅਤੇ ਇੱਕ ਪੂਛ ਹੁੰਦੀ ਹੈ।
ਮਾਈਗ੍ਰੇਸ਼ਨ ਨੂੰ ਘਟਾਉਣਾ "ਹਮੇਸ਼ਾ ਕਿਸੇ ਨੂੰ ਲਾਭ ਜਾਂ ਨੁਕਸਾਨ ਪਹੁੰਚਾਉਂਦਾ ਹੈ।"
"ਇੱਥੋਂ ਤੱਕ ਕਿ ਅਨਿਯਮਿਤ ਪ੍ਰਵਾਸ ਅਤੇ ਸ਼ਰਣ ਮੰਗਣ ਵਾਲਿਆਂ ਦੇ ਮੁੱਦੇ ''''ਤੇ ਵੀ, ਸਖਤ ਉਪਾਅ ਅਕਸਰ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਸੀਮਤ ਕਰਨ ਵਿੱਚ ਉਮੀਦ ਮੁਤਬਕ ਪ੍ਰਭਾਵ ਨਹੀਂ ਪਾਉਂਦੇ ਹਨ।”
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)