ਕਿਵੇਂ ਇੱਕ ਨਾਮੀ ਫ਼ੌਜੀ ਦੇ ਮਾਣਹਾਨੀ ਕੇਸ ਨੇ ਆਸਟ੍ਰੇਲੀਆ ਨੂੰ ਹਿਲਾ ਕੇ ਰੱਖ ਦਿੱਤਾ

Saturday, Jun 03, 2023 - 06:04 PM (IST)

ਕਿਵੇਂ ਇੱਕ ਨਾਮੀ ਫ਼ੌਜੀ ਦੇ ਮਾਣਹਾਨੀ ਕੇਸ ਨੇ ਆਸਟ੍ਰੇਲੀਆ ਨੂੰ ਹਿਲਾ ਕੇ ਰੱਖ ਦਿੱਤਾ
ਬੈਨ ਰੋਬਰਟਸ-ਸਮਿਥ
Getty Images
ਬੈਨ ਰੌਬਰਟਸ-ਸਮਿਥ ਉਨ੍ਹਾਂ ਲੇਖਾਂ ''''ਤੇ ਮੁਕੱਦਮਾ ਕਰ ਰਹੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਯੁੱਧ ਅਪਰਾਧੀ ਵਜੋਂ ਪੇਸ਼ ਕੀਤਾ ਗਿਆ ਹੈ

ਦਰਜਨਾਂ ਗਵਾਹਾਂ ਵੱਲੋਂ ਜੰਗੀ ਅਪਰਾਧਾਂ, ਸਹਿਕਰਮੀਆਂ ਨਾਲ ਧੱਕੇਸ਼ਾਹੀਆਂ ਅਤੇ ਆਪਣੀ ਮਿਸਟਰੈੱਸ ’ਤੇ ਹਮਲਾ ਕਰਨ ਦੇ ਇਲਜ਼ਾਮ ਲਗਾਏ ਗਏ ਅਤੇ ਆਸਟ੍ਰੇਲੀਆ ਦਾ ਸਭ ਤੋਂ ਨਾਮੀ ਫ਼ੌਜੀ ਸਿਡਨੀ ਦੇ ਕੋਰਟਰੂਮ ਵਿੱਚ ਸਥਿਰ ਬੈਠਾ ਸੀ।

ਪਰ ਇਹ ਕੇਸ ਬੈਨ ਰੋਬਰਟਸ-ਸਮਿਥ ਖ਼ਿਲਾਫ਼ ਨਹੀਂ ਸੀ।

ਬੈਨ ਰੋਬਰਟਸ ਨੇ ਆਸਟ੍ਰੇਲੀਆ ਦੇ ਤਿੰਨ ਅਖਬਾਰਾਂ ਖ਼ਿਲਾਫ਼ ਕੇਸ ਕੀਤਾ ਸੀ ਅਤੇ ਕਿਹਾ ਸੀ ਕਿ ਸਾਲ 2018 ਵਿੱਚ ਪਬਲਿਸ਼ ਲੇਖਾਂ ਦੀ ਲੜੀ ਵਿੱਚ ਉਸ ਨੂੰ ਬਦਨਾਮ ਕੀਤਾ ਗਿਆ।

ਉਹ ਦਲੀਲ ਦਿੰਦੇ ਹਨ ਕਿ ਘਾਤਕ ਆਦਮੀ ਵਜੋਂ ਪੇਸ਼ ਕਰਕੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ ਜਿਸ ਨੇ ਜੰਗ ਦੇ ਕਾਨੂੰਨੀ ਅਤੇ ਨੈਤਿਕ ਨਿਯਮਾਂ ਨੂੰ ਤੋੜਿਆ ਅਤੇ ਦੇਸ਼ ਦਾ ਨਾਮ ਖਰਾਬ ਕੀਤਾ।

ਪਰ ਮੀਡੀਆ ਅਦਾਰੇ ਕਹਿੰਦੇ ਹਨ ਕਿ ਉਨ੍ਹਾਂ ਨੇ ਸੱਚ ਪੇਸ਼ ਕੀਤਾ ਅਤੇ ਇਹ ਸਾਬਿਤ ਕਰਨ ਲਈ ਤਿਆਰ ਹਨ।

ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਕਿਸੇ ਕੋਰਟ ਕੋਲ ਆਸਟ੍ਰੇਲੀਅਨ ਫੋਰਸ ਦੇ ਜੰਗੀ ਅਪਰਾਧਾਂ ਸਬੰਧੀ ਇਲਜ਼ਾਮਾਂ ਬਾਰੇ ਜਾਂਚ ਕਰਨ ਦਾ ਜ਼ਿੰਮਾ ਹੈ।

(ਚੇਤਾਵਨੀ- ਇਸ ਲੇਖ ਵਿੱਚ ਹਿੰਸਾ ਦਾ ਵਰਨਣ ਹੈ ਜੋ ਕਿ ਪਾਠਕਾਂ ਨੂੰ ਪਰੇਸ਼ਾਨ ਕਰ ਸਕਦਾ ਹੈ।)

ਇਹ ਟ੍ਰਾਇਲ 110 ਦਿਨ ਤੱਕ ਚੱਲਿਆ ਅਤੇ ਕਰੀਬ 25 ਮਿਲੀਅਨ ਆਸਟ੍ਰੇਲੀਅਨ ਡਾਲਰ ਖ਼ਰਚਾ ਆਇਆ। ਇਸ ਦੌਰਾਨ ਰੋਬਰਟਸ-ਸਮਿਥ ਦੀ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਅਜੀਬੋ-ਗਰੀਬ ਸਬੂਤ ਵੀ ਪੇਸ਼ ਕੀਤੇ ਗਏ।

ਇਸ ਕੇਸ ਨੂੰ ਲੈ ਕੇ ਮੀਡੀਆ ਵਿੱਚ ਜਨੂੰਨ ਪੈਦਾ ਹੋਇਆ, ਕੌਮੀ ਪੱਧਰ ’ਤੇ ਇਹ ਕੇਸ ਸੁਰਖ਼ੀਆਂ ਵਿੱਚ ਰਿਹਾ ਅਤੇ ਰੋਬਰਟਸ-ਸਮਿਥ ਨੂੰ ਅਫ਼ਗ਼ਾਨਿਸਤਾਨ ਵਿੱਚ ਆਸਟ੍ਰੇਲੀਆਈ ਜੰਗੀ ਅਪਰਾਧਾਂ ਦੇ ਇਲਜ਼ਾਮਾਂ ਦਾ ਚਿਹਰਾ ਬਣਾ ਦਿੱਤਾ।

ਕਈ ਸਬੂਤਾਂ ਦੇ ਵਿਸ਼ਲੇਸ਼ਣ ਬਾਅਦ, ਇਸ ਹਫ਼ਤੇ ਇਸ ਇਤਿਹਾਸਕ ਕੇਸ ਵਿੱਚ ਫ਼ੈਸਲਾ ਆਉਣ ਵਾਲਾ ਹੈ।

 ਆਸਟ੍ਰੇਲੀਅਨ
Getty Images
ਰਾਬਰਟਸ-ਸਮਿਥ ਰਾਣੀ ਅਲਿਜ਼ਾਬੇਥ ਦੇ ਨਾਲ

ਨਾਇਕ ਜਾਂ ਅਪਰਾਧੀ ?

ਜਦੋਂ ਰੋਬਰਟਸ-ਸਮਿਥ ਨੇ 2012 ਵਿੱਚ ਅਫ਼ਗ਼ਾਨਿਸਤਾਨ ਦਾ ਫ਼ਾਈਨਲ ਟੂਰ ਖਤਮ ਕੀਤਾ, ਤਾਂ ਉਹ ਇੱਕ ਨਾਇਕ ਵਜੋਂ ਘਰ ਪਰਤੇ।

ਰੋਬਰਟਸ-ਸਮਿਥ ਨੂੰ ਉਨ੍ਹਾਂ ਦੀ ਸਪੈਸ਼ਲ ਏਅਰ ਸਰਵਿਸ ਪਲਟਨ ‘ਤੇ ਹਮਲੇ ਕਰ ਰਹੇ ਤਾਲਿਬਾਨ ਦੇ ਮਸ਼ੀਨ-ਗਨਰਜ਼ ਨੂੰ ਮਾਤ ਦੇਣ ਲਈ ਆਸਟ੍ਰੇਲੀਆ ਦੇ ਸਰਵ-ਉੱਚ ਮਿਲਟਰੀ ਐਵਾਰਡ, ‘ਦ ਵਿਕਟੋਰੀਆ ਕਰੌਸ’ ਨਾਲ ਸਨਮਾਨਿਤ ਕੀਤਾ ਗਿਆ।

ਹੋਰ ਵੀ ਕਈ ਤਰ੍ਹਾਂ ਪ੍ਰਸ਼ੰਸਾ ਮਿਲੀ। ਉਨ੍ਹਾਂ ਨੂੰ 2013 ਵਿੱਚ ‘ਫਾਦਰ ਆਫ ਦ ਯੀਅਰ’ ਦਾ ਤਾਜ ਪਹਿਨਾਇਆ ਗਿਆ।

ਉੱਚ ਰੁਤਬੇ ਵਾਲੇ ਕਾਰਜਕਾਰੀ ਅਹੁਦੇ ਦਿੱਤੇ ਗਏ। ਵੱਕਾਰੀ ਥਾਂਵਾਂ ‘ਤੇ ਬੋਲਣ ਦਾ ਮੌਕਾ ਅਤੇ ਆਸਟ੍ਰੇਲੀਆ ਵਾਰ ਮੈਮੋਰੀਅਲ ਵਿੱਚ ਉਨ੍ਹਾਂ ਦੀ ਵੱਡੀ ਤਸਵੀਰ ਲੱਗੀ।

ਪਰ ਉਨ੍ਹਾਂ ਦੀ ਸ਼ਾਨਮੱਤੀ ਜਨਤਕ ਤਸਵੀਰ 2018 ਵਿੱਚ ਧੁੰਦਲੀ ਪੈ ਗਈ ਜਦੋਂ ਪੱਤਰਕਾਰ ਨਿਕ ਮੈਕਿਨਜ਼ੀ, ਕ੍ਰਿਸ ਮਾਸਟਰਜ਼ ਅਤੇ ਡੇਵਿਡ ਰੋਅ ਨੇ ‘ਦਿ ਸਿਡਨੀ ਮੌਰਨਿੰਗ ਹੇਰਾਲਡ’, ‘ਦਿ ਏਜ ਅਤੇ ਦਿ ਕੈਨਬੇਰਾ ਟਾਈਮਜ਼’ ਵਿੱਚ ਉਨ੍ਹਾਂ ਦੇ ਕਥਿਤ ਦੁਰਵਿਹਾਰ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ।

ਅਖਬਾਰ ਦਾਅਵਾ ਕਰਦੇ ਹਨ ਕਿ 2009 ਤੋਂ 2012 ਤੱਕ ਅਫ਼ਗ਼ਾਨਿਸਤਾਨ ਪੋਸਟਿੰਗ ਦੌਰਾਨ ਸ੍ਰੀਮਾਨ ਰੋਬਰਟਸ-ਸਮਿਥ ਛੇ ਨਿਹੱਥੇ ਕੈਦੀਆਂ ਜਾਂ ਨਾਗਰਿਕਾਂ ਦੇ ਕਤਲ ਵਿੱਚ ਸ਼ਾਮਲ ਸੀ। ਇਨ੍ਹਾਂ ਇਲਜ਼ਾਮਾਂ ਨੂੰ ਰੋਬਰਟਸ ਸਿਰੇ ਤੋਂ ਖ਼ਾਰਜ ਕਰਦੇ ਹਨ।

ਅਫ਼ਗਾਨਿਸਤਾਨ
FEDERAL COURT OF AUSTRALIA
ਅਫ਼ਗਾਨਿਸਤਾਨ ਵਿੱਚ ਕਥਿਤ ਕਤਲਾਂ ਵਾਲੀਆਂ ਥਾਵਾਂ ਵਿੱਚੋਂ ਇੱਕ ਦਾ ਦ੍ਰਿਸ਼

ਅਖਬਾਰਾਂ ਨੇ ਕੀ ਲਿਖਿਆ?

ਅਖਬਾਰਾਂ ਦੇ ਮੁਤਾਬਕ, ਇਨ੍ਹਾਂ ਵਿੱਚੋਂ ਇੱਕ ਕੇਸ ਵਿੱਚ ਹੱਥਕੜੀਆਂ ਵਿੱਚ ਜਕੜੇ ਕਿਸਾਨ ਨੂੰ 10 ਮੀਟਰ ਤੋਂ ਥੱਲੇ ਸੁੱਟਿਆ ਗਿਆ ਜਿਸ ਨਾਲ ਉਸ ਦੇ ਦੰਦ ਟੁੱਟੇ ਅਤੇ ਬਾਅਦ ਵਿੱਚ ਉਸ ਨੂੰ ਗੋਲੀ ਮਾਰ ਦਿੱਤੀ ਗਈ।

ਇੱਕ ਹੋਰ ਇਲਜ਼ਾਮ ਮੁਤਾਬਕ ਇੱਕ ਅਫਗਾਨੀ ਕਿਸ਼ੋਰ ਨੂੰ ਰੋਬਰਟਸ ਨੇ ਸਿਰ ਵਿੱਚ ਗੋਲੀ ਮਾਰੀ ਸੀ ਅਤੇ ਕਿਹਾ ਸੀ ਕਿ ਇਹ ਸਭ ਤੋਂ ਖ਼ੂਬਸੂਰਤ ਚੀਜ਼ ਹੈ ਜੋ ਉਨ੍ਹਾਂ ਨੇ ਦੇਖੀ ਹੈ। ਇੱਕ ਗਵਾਹ ਨੇ ਕਿਹਾ ਕਿ ਮੁੰਡਾ ਇੰਨਾਂ ਡਰਿਆ ਹੋਇਆ ਸੀ ਕਿ ਪੱਤੇ ਵਾਂਗ ਹਿੱਲ ਰਿਹਾ ਸੀ।

ਫੈਡਰਲ ਕੋਰਟ ਨੇ ਇਹ ਵੀ ਸੁਣਿਆ ਕਿ ਰੋਬਰਟਸ-ਸਮਿਥ ਨੇ ਫੜੇ ਹੋਏ ਇੱਕ ਲੜਾਕੇ ਨੂੰ ਮਸ਼ੀਨ ਗੰਨ ਨਾਲ ਮਾਰਿਆ ਅਤੇ ਉਸ ਦੀ ਨਕਲੀ ਲੱਤ ਨੂੰ ਟਰੌਫੀ ਵਜੋਂ ਲਿਆ ਅਤੇ ਬਾਅਦ ਵਿੱਚ ਉਸ ਨੂੰ ਫੌਜਾਂ ਨੇ ਕੁਝ ਪੀਣ ਲਈ ਬਰਤਨ ਵਜੋਂ ਵਰਤਿਆ। ਕਾਗਜ਼ਾਂ ਮੁਤਾਬਕ, ਬਾਕੀ ਕਤਲ ਰੋਬਰਟਸ ਦੇ ਹੁਕਮ ਨਾਲ ਹੋਏ।

ਜੰਗ ਦੀ ਬੇਰਹਿਮੀ ਨੂੰ ਸੀਮਤ ਕਰਨ ਲਈ ਬਣਾਈ ਜੇਨੇਵਾ ਕਨਵੈਨਸ਼ਨ ਵਿੱਚ ਤਸ਼ੱਦਦ, ਕੈਦੀਆਂ ਨੂੰ ਮਾਰਨ ਅਤੇ ਜ਼ੁਲਮ ਕਰਨ ’ਤੇ ਮਨਾਹੀ ਹੈ ਅਤੇ ਜ਼ਖਮੀ ਤੇ ਬਿਮਾਰ ਸਿਪਾਹੀਆਂ ਦੀ ਰੱਖਿਆ ਵੀ ਕਰਦਾ ਹੈ।

ਇਨ੍ਹਾਂ ਵਿੱਚੋਂ ਕਿਸੇ ਵੀ ਕਤਲ ਵਿੱਚ ਜੰਗ ਦੀ ਗਰਮੀ ਕਾਰਨ ਫ਼ੈਸਲਾ ਨਹੀਂ ਲਿਆ ਗਿਆ ਸੀ।, ਅਖਬਾਰਾਂ ਲਈ ਕੇਸ ਲੜ ਰਹੇ ਇੱਕ ਵਕੀਲ ਨਿਕੋਲਸ ਓਵੇਨਜ਼ ਨੇ ਕਿਹਾ।

ਰੋਬਰਟਸ-ਸਮਿਥ ਕੀ ਦਲੀਲ ਦਿੰਦੇ ਹਨ ?

ਰੋਬਰਟਸ-ਸਮਿਥ ਕਹਿੰਦੇ ਹਨ ਕਿ ਉਨ੍ਹਾਂ ਨੇ ਹਮੇਸ਼ਾ ਨਿਯਮਾਂ ਦਾ ਸਨਮਾਨ ਕੀਤਾ ਹੈ।

ਉਹ ਦਲੀਲ ਦਿੰਦੇ ਹਨ ਕਿ ਇਨ੍ਹਾਂ ਵਿੱਚੋਂ ਪੰਜ ਕਤਲ ਮੁਕਾਬਲੇ ਦੌਰਾਨ ਹੋਏ ਹਨ, ਜੋ ਕਿ ਗੈਰ-ਕਾਨੂੰਨੀ ਨਹੀਂ ਹਨ ਅਤੇ ਛੇਵੀਂ ਘਟਨਾ ਵਾਪਰੀ ਹੀ ਨਹੀਂ।

ਸਾਬਕਾ ਐੱਸਏਐੱਸ ਕੋਰਪੋਰਲ ਲੀਗਲ ਟੀਮ ਬਹਿਸ ਕਰਦੀ ਹੈ ਕਿ ਰੋਬਰਟਸ-ਸਮਿਥ ’ਤੇ ਲਗਾਏ ਗਏ ਸਭ ਤੋਂ ਗੰਭੀਰ ਇਲਜ਼ਾਮ ਸਹਿਧਰਮੀਆਂ ਦੀ ਈਰਖਾ ਕਾਰਨ ਫੈਲੇ ਝੂਠਾਂ ਤੋਂ ਪੈਦਾ ਹੋਏ ਹਨ।

ਬੈਰਿਸਟਰ ਆਰਥਰ ਮੋਸਿਜ਼ ਨੇ ਕੋਰਟ ਨੂੰ ਦੱਸਿਆ, “ਉਨ੍ਹਾਂ ਨੇ ਇਹ ਉਮੀਦ ਨਹੀਂ ਕੀਤੀ ਸੀ ਕਿ ਵਿਕਟੋਰੀਆ ਕਰੌਸ ਨਾਲ ਸਨਮਾਨਿਤ ਹੋਣਾ, ਉਨ੍ਹਾਂ ਦੀ ਪਿੱਠ ਵਿੱਚ ਵਾਰ ਦਾ ਕਾਰਨ ਬਣ ਜਾਏਗਾ।”

ਉਨ੍ਹਾਂ ਦੀ ਟੀਮ ਨੇ ਕਿਹਾ, “ਪੱਤਰਕਾਰਾਂ ਨੇ ਅਫ਼ਵਾਹਾਂ ਨੂੰ ਸੱਚ ਮੰਨ ਲਿਆ ਅਤੇ ਉਨ੍ਹਾਂ ਨੂੰ ਤੱਥਾਂ ਵਜੋਂ ਛਾਪ ਦਿੱਤਾ। ਸਾਰੇ ਸਬੂਤ ਅਸੰਗਤ, ਕਾਲਪਨਿਕ ਅਤੇ ਬੇਬੁਨਿਆਦ ਸਾਬਿਤ ਹੋਣਗੇ।”

ਆਪਣੇ ਦਾਅਵਿਆਂ ਦੇ ਹੱਕ ਵਿੱਚ ਅਖਬਾਰਾਂ ਨੇ ਜੋ ਗਵਾਹ ਬੁਲਾਏ। ਉਨ੍ਹਾਂ ਵਿੱਚ ਅਫ਼ਗ਼ਾਨਿਸਤਾਨ ਦੇ ਪਿੰਡ ਵਿੱਚ ਰਹਿਣ ਵਾਲੇ, ਇੱਕ ਫੈਡਰਲ ਮੰਤਰੀ ਅਤੇ ਕਈ ਸਾਬਕਾ ਅਤੇ ਮੌਜੂਦਾ ਫ਼ੌਜੀ ਅਫਸਰ ਸ਼ਾਮਲ ਸਨ।

ਆਸਟ੍ਰੇਲੀਆਈ
Getty Images
ਆਸਟ੍ਰੇਲੀਆ ਦੇ ਰੱਖਿਆ ਬਲਾਂ ਦੇ ਮੁਖੀ ਜਨਰਲ ਐਂਗਸ ਕੈਂਪਬੈਲ

ਉਨ੍ਹਾਂ ਨੇ ਹੋਰ ਵੀ ਗੰਭੀਰ ਇਲਜ਼ਾਮ ਲਗਾਏ। ਰੋਬਰਟਸ-ਸਮਿਥ ਦੇ ਇੱਕ ਕਰੀਬੀ ਦੋਸਤ ਨੇ ਬਿਨ੍ਹਾਂ ਆਪਣੀ ਪਛਾਣ ਜ਼ਾਹਿਰ ਕੀਤਿਆਂ ਕਿਹਾ ਕਿ ਇਨ੍ਹਾਂ ਅਖਬਾਰਾਂ ਵਿੱਚ ਦੱਸੇ ਕੇਸਾਂ ਤੋਂ ਇਲਾਵਾ ਅਫ਼ਗ਼ਾਨਿਸਤਾਨ ਵਿੱਚ ਤਿੰਨ ਹੋਰ ਕਤਲ ਹੋਏ ਜਿਨ੍ਹਾਂ ਵਿੱਚ ਰੋਬਰਟਸ ਸ਼ਾਮਲ ਸੀ।

ਕਾਫ਼ੀ ਸਬੂਤ ਇਹ ਸਾਬਿਤ ਕਰਨ ਲਈ ਵੀ ਸੀ ਕਿ ਰੋਬਰਟਸ ਆਪਣੇ ਸਹਿਧਰਮੀਆ ਨਾਲ ਬੁਰਾ ਵਤੀਰਾ ਕਰਦੇ ਸੀ।

ਜੰਗੀ ਨਾਇਕ ਨੇ ਮੰਨਿਆ ਕਿ ਉਨ੍ਹਾਂ ਨੇ ਸਾਰੀ ਟੀਮ ਮੂਹਰੇ ਇੱਕ ਸਾਥੀ ਸਿਪਾਹੀ ਦੇ ਮੂੰਹ ‘ਤੇ ਮੁੱਕਾ ਮਾਰਿਆ ਅਤੇ ਇੱਕ ਹੋਰ ਨੂੰ ਸਿਰ ਪਿੱਛੇ ਗੋਲੀ ਸਾਧ ਕੇ ਡਰਾਉਣ ਦੇ ਇਲਜ਼ਾਮ ਨਕਾਰੇ।

ਪਰ ਰੋਬਰਟਸ-ਸਮਿਥ ਵੱਲੋਂ ਦੱਸੀਆਂ ਗਈਆਂ ਘਟਨਾਵਾਂ, ਦਫ਼ਤਰੀ ਫੀਲਡ ਰਿਪੋਰਟਾਂ ਮੁਤਾਬਕ ਹੋਰ ਸਮਿਆਂ ’ਤੇ ਵਾਪਰੀਆਂ ਅਤੇ ਗਵਾਹਾਂ ਵਾਲੀਆਂ ਘਟਨਾਵਾਂ ਦੇ ਸਮੇਂ ਨਾਲ ਮੇਲ ਨਹੀਂ ਖਾਂਦੀਆਂ।

ਹਾਲਾਂਕਿ ਅਖਬਾਰ ਇਲਜ਼ਾਮ ਲਗਾਉਂਦੇ ਹਨ ਕਿ ਅਪਰਾਧ ਢਕਣ ਲਈ ਰਿਪੋਰਟਾਂ ਗਲਤ ਢੰਗ ਨਾਲ ਬਣਾਈਆਂ ਗਈਆਂ ਹਨ।

ਮਾਣਹਾਨੀ ਦੇ ਕੇਸ ਵਿੱਚ ਹੋਰ ਵੀ ਕਈ ਹੈਰਾਨ ਕਰ ਦੇਣ ਵਾਲੇ ਸਬੂਤ ਸਾਹਮਣੇ ਲਿਆਂਦੇ ਗਏ-

  • ਰੋਬਰਟਸ-ਸਮਿਥ ਵੱਲੋਂ ਡਾਟਾ ਮਿਟਾਉਣ ਲਈ ਕਈ ਲੈਪਟਾਪ ਅੱਗ ਹਵਾਲੇ ਕਰਨਾ ਮੰਨਣਾ
  • ਦਾਅਵੇ ਕਿ ਉਨ੍ਹਾਂ ਨੇ ਇੱਕ ਬੱਚੇ ਦੇ ਲੰਚਬੌਕਸ ਵਿੱਚ ਅਹਿਮ ਜਾਣਕਾਰੀ ਉਸ ਦੇ ਘਰ ਦੇ ਵਿਹੜੇ ਵਿੱਚ ਲੁਕੋਈ।
  • ਇੱਕ ਨਿੱਜੀ ਇਨਵੈਸੀਗੇਟਰ ਦੀ ਗਵਾਹੀ ਕਿ ਰੋਬਟਰਸ-ਸਮਿਥ ਨੇ ਉਸ ਨੂੰ ਜੰਗੀ ਅਪਰਾਧਾਂ ਵਾਲੀ ਜਾਂਚ ਵਿੱਚ ਸਹਿਯੋਗ ਕਰ ਰਹੇ ਫ਼ੌਜੀਆਂ ਨੂੰ ਆਏ ਬੇਨਾਮ ਧਮਕੀ ਭਰੇ ਖ਼ਤਾਂ ਦਾ ਇਲਜ਼ਾਮ ਆਪਣੇ ਸਿਰ ਲੈਣ ਨੂੰ ਕਿਹਾ ਸੀ ।
ਰੋਬਰਟਸ-ਸਮਿਥ
Getty Images
ਰੋਬਰਟਸ-ਸਮਿਥ

ਰੋਬਰਟਸ-ਸਮਿਥ ਨੇ ਇਹ ਵੀ ਦੇਖਿਆ ਕਿ ਉਨ੍ਹਾਂ ਦੀ ਪਹਿਲੀ ਪਤਨੀ ਨੇ ਉਸ ਘਟਨਾ ਬਾਰੇ ਦੱਸਿਆ ਕਿ ਕਿਵੇਂ ਇੱਕ ਔਰਤ ਉਨ੍ਹਾਂ ਦੇ ਘਰ ਅਚਾਨਕ ਆ ਗਈ ਸੀ ਜਿਸ ਨਾਲ ਉਸ ਦਾ ਐਕਸਟਰਾ-ਮੈਰੀਟਲ ਅਫੇਅਰ ਸੀ ਅਤੇ ਦਾਅਵਾ ਕੀਤਾ ਸੀ ਕਿ ਉਹ ਉਸਦੇ ਬੱਚੇ ਦੀ ਮਾਂ ਬਣਨ ਵਾਲੀ ਹੈ।

ਉਹ ਔਰਤ, ਜਿਸ ਦੀ ਪਛਾਣ ਲੁਕੋਈ ਗਈ ਹੈ। ਕੋਰਟ ਦੇ ਕਟਿਹਰੇ ਵਿੱਚ ਰੋਂਦਿਆ ਇੱਕ ਸ਼ਾਮ ਦੀ ਘਟਨਾ ਬਿਆਨ ਕਰਦਿਆ ਕਿਹਾ ਕਿ ਰੋਬਰਟਸ-ਸਮਿਥ ਨੇ ਹੋਟਲ ਦੇ ਕਮਰੇ ਵਿੱਚ ਉਸ ਦੇ ਮੁੱਕਾ ਮਾਰਿਆ, ਕਿਉਂਕਿ ਇਸ ਤੋਂ ਪਹਿਲਾਂ ਇੱਕ ਈਵੈਂਟ ਵਿੱਚ ਰੋਬਰਟਸ ਨੂੰ ਉਸ ਕਾਰਨ ਸ਼ਰਮਿੰਦਗੀ ਮਹਿਸੂਸ ਹੋਈ ਸੀ।

ਰੋਬਰਟਸ ਇਸ ਨੂੰ ਨਕਾਰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਉਸ ਦੀ ਸੱਟ ਈਵੈਂਟ ਦੌਰਾਨ ਡਿੱਗ ਜਾਣ ਕਾਰਨ ਲੱਗੀ ਸੀ।

ਰੋਬਰਟਸ-ਸਮਿਥ ‘ਤੇ ਕਿਸੇ ਵੀ ਇਲਜ਼ਾਮ ਦੇ ਦੋਸ਼ ਤੈਅ ਨਹੀਂ ਕੀਤੇ ਗਏ ਅਤੇ ਉਨ੍ਹਾਂ ਖ਼ਿਲਾਫ਼ ਕੁਝ ਵੀ ਨਹੀਂ ਮਿਲਿਆ।

‘ਕੋਡ ਆਫ ਸਾਈਲੈਂਸ’

ਪਰ ਸਬੂਤ ਐੱਸਏਐੱਸ ਦੀ ਗੁਪਤ ਦੁਨੀਆ ‘ਤੇ ਵੀ ਰੌਸ਼ਨੀ ਪਾਉਂਦੇ ਹਨ।

ਨਵੰਬਰ 2020 ਵਿੱਚ, ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਆਸਟ੍ਰੇਲੀਅਨ ਫੋਰਸਜ਼ ਨੇ 2007 ਤੋਂ 2013 ਤੱਕ ਅਫ਼ਗ਼ਾਨਿਸਤਾਨ ਵਿੱਚ 39 ਨਾਗਰਿਕਾਂ ਤੇ ਕੈਦੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਮਾਰਿਆ।

ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਮੁਖੀ ਨੇ ਕਿਹਾ ਕਿ ਇਸ ਨੇ ਕਈ ਫ਼ੌਜੀਆਂ ਖਾਸ ਕਰਕੇ ਐੱਸਏਐੱਸ ਅੰਦਰ ਦੇ ਬੇਕਾਬੂ ‘ਯੋਧਾ ਸੱਭਿਆਚਾਰ’ ਨੂੰ ਨੰਗਾ ਕੀਤਾ ਹੈ, ਜਿਨ੍ਹਾਂ ਨੇ ਕਥਿਤ ਤੌਰ ’ਤੇ ਕਾਨੂੰਨ ਆਪਣੇ ਹੱਥ ਵਿੱਚ ਲਿਆ ਸੀ।

ਕੋਰਟ ਵਿੱਚ ਸਾਬਕਾ ਅਤੇ ਮੌਜੂਦਾ ਐੱਸਏਐੱਸ ਫ਼ੌਜੀਆਂ ਨੂੰ ਵੀ ਸੁਣਿਆ ਗਿਆ ਜਿਨ੍ਹਾਂ ਵਿੱਚੋਂ ਕਈਆਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਰੈਜੀਮੈਂਟ ਦੇ ਅੰਦਰ ‘ਕੋਡ ਆਫ ਸਾਈਲੈਂਸ’ ਕਰਕੇ ਆਮ ਤੌਰ ‘ਤੇ ਰਿਪੋਰਟ ਨਹੀਂ ਹੁੰਦੀਆਂ ਸੀ। ਜਦਕਿ ਦੂਜਿਆਂ ਨੇ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਜ਼ਰੂਰੀ ਠਹਿਰਾਇਆ।

ਕਈਆਂ ਨੇ ਆਪਣੀ ਮਰਜ਼ੀ ਦੇ ਉਲਟ, ਬੇਨਤੀ ਕਰਨ ‘ਤੇ ਗਵਾਹੀ ਦਿੱਤੀ ਅਤੇ ਤਿੰਨਾਂ ਨੇ ਖੁਦ ’ਤੇ ਦੋਸ਼ ਲੱਗਣ ਦੇ ਡਰੋਂ ਕੁਝ ਇਲਜ਼ਾਮਾਂ ਬਾਰੇ ਬੋਲਣ ਤੋਂ ਇਨਕਾਰ ਕਰ ਦਿੱਤਾ।

ਇੱਕ ਸਿਪਾਹੀ, ਜਿਸ ਨੇ ਗਵਾਹੀ ਦਿੱਤੀ ਕਿ ਉਸ ਨੇ ਰੋਬਰਟਸ-ਸਮਿਥ ਨੂੰ ਕਿਸੇ ਨੂੰ ਮਾਰਦਿਆਂ ਦੇਖਿਆ, ਨੇ ਬਾਅਦ ਵਿੱਚ ਕਿਹਾ ਕਿ ਉਸ ਨੂੰ ਰੋਬਰਟਸ ਖ਼ਿਲਾਫ਼ ਸਬੂਤ ਦੇਣ ਲਈ ਮਜਬੂਰ ਕੀਤਾ ਗਿਆ ਸੀ।

ਰੋਬਰਟਸ
BBC

ਆਸਟ੍ਰੇਲੀਅਨ ਫੋਰਸਜ਼ ਵੱਲੋਂ ਅਫ਼ਗ਼ਾਨਿਸਤਾਨ ਕਤਲਾਂ ਦਾ ਮਾਮਲਾ

  • ਬੈਨ ਰੋਬਰਟਸ ਨੇ ਆਸਟ੍ਰੇਲੀਆ ਦੇ ਤਿੰਨ ਅਖਬਾਰਾਂ ਖ਼ਿਲਾਫ਼ ਕੇਸ ਕੀਤਾ ਸੀ
  • ਉਹਨਾਂ ਨੂੰ ਘਾਤਕ ਆਦਮੀ ਵਜੋਂ ਪੇਸ਼ ਕਰਨ ਦਾ ਅਖਬਾਰਾਂ ’ਤੇ ਇਲਜ਼ਾਮ ਲੱਗਾ ਹੈ
  • ਕੋਰਟ ਵਿੱਚ ਸਾਬਕਾ ਅਤੇ ਮੌਜੂਦਾ ਐੱਸਏਐੱਸ ਫ਼ੌਜੀਆਂ ਨੂੰ ਵੀ ਸੁਣਿਆ ਗਿਆ
  • ਅਖਬਾਰਾਂ ਨੂੰ ਸਿਰਫ਼ ਇਹ ਸਾਬਿਤ ਕਰਨਾ ਪਵੇਗਾ ਕਿ ਇਲਜ਼ਾਮ ਸਹੀ ਹਨ
  • ਇਹ ਮਾਮਲਾ ਡਿਫੈਂਸ ਫੋਰਸ ‘ਤੇ ਭਰੋਸਾ ਤੇ ਮੀਡੀਆ ਸਿਸਟਮ ’ਤੇ ਭਰੋਸੇ ਦਾ ਸਵਾਲ ਹੈ
ਰੋਬਰਟਸ
BBC

ਉਸ ਨੇ ਕਿਹਾ, “ਮੈਂ ਹਾਲੇ ਵੀ ਇਸ ਗੱਲ ਨਾਲ ਸਹਿਮਤ ਨਹੀਂ ਕਿ ਰੋਬਰਟਸ-ਸਮਿਥ ਹਾਲੇ ਵੀ ਇੱਥੇ ਹਨ, ਬਹੁਤ ਦਬਾਅ ਹੇਠ, ਉਹ ਵੀ ਉਨ੍ਹਾਂ ਬੁਰੇ ਬੰਦਿਆਂ ਨੂੰ ਮਾਰਨ ਕਰਕੇ ਜਿਨ੍ਹਾਂ ਨੂੰ ਅਸੀਂ ਉੱਥੇ ਮਾਰਨ ਗਏ ਸੀ।”

ਲੈਂਡਮਾਰਕ ਬਰੇਰੇਟਨ ਰਿਪੋਰਟ ਦੇ ਲਗਭਗ ਤਿੰਨ ਸਾਲ ਬਾਅਦ, ਸਥਾਨਕ ਮੀਡੀਆ ਨੇ 40 ਤੋਂ ਵੱਧ ਫ਼ੌਜੀਆਂ ਦੇ ਕਥਿਤ ਜੰਗੀ ਅਪਰਾਧਾਂ ਵਿੱਚ ਸ਼ਾਮਲ ਹੋਣ ਬਾਰੇ ਪੜਤਾਲ ਕੀਤੀ ਹੈ, ਪਰ ਦੋਸ਼ ਸਿਰਫ਼ ਇੱਕ ਉੱਤੇ ਲਗਾਏ ਗਏ।

ਆਸਟ੍ਰੇਲੀਅਨ ਵਾਰ ਮੈਮੋਰੀਅਲ ਦੇ ਸਾਬਕਾ ਪ੍ਰਿੰਸੀਪਲ ਇਤਿਹਾਸਕਾਰ ਪੀਟਰ ਸਟੇਨਲੀ ਕਹਿੰਦੇ ਹਨ ਕਿ ਰੋਬਰਟਸ-ਸਮਿਥ ਮਾਣਹਾਨੀ ਕੇਸ ਦਾ ਫ਼ੈਸਲਾ ਆਸਟ੍ਰੇਲੀਆ ਲਈ ਕਾਨੂੰਨੀ ਅਤੇ ਸੱਭਿਆਚਾਰਕ ਪੱਖੋਂ ਵੱਡਾ ਪਲ ਹੈ।

ਆਸਟ੍ਰੇਲੀਆ ਦੇ ਬੈਨਰ ਹੇਠਾਂ ਸੇਵਾ ਨਿਭਾਂ ਰਹੇ ਫ਼ੌਜੀਆਂ ਨੇ ਤਕਰੀਬਨ ਪੱਕਾ ਹੀ ਇਸ ਤੋਂ ਪਹਿਲਾਂ ਜੰਗੀ ਅਪਰਾਧ ਕੀਤੇ ਹਨ, ਪਰ ਹੁਣ ਤੱਕ ਕਿਸੇ ’ਤੇ ਵੀ ਕੇਸ ਨਹੀਂ ਚੱਲਿਆ।

ਭਾਵੇਂ ਆਮ ਜਨਤਾ ਆਸਟ੍ਰੇਲੀਆ ਵੱਲੋਂ ਲੜੀਆਂ ਜੰਗਾਂ ਨਾਲ ਹਮੇਸ਼ਾ ਸਹਿਮਤ ਨਾ ਹੋਵੇ, ਪਰ ਜਿਸ ਤਰ੍ਹਾਂ ਜੰਗਾਂ ਲੜੀਆਂ ਗਈਆਂ, ਉਨ੍ਹਾਂ ਬਾਰੇ ਮਾਣ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਬੈਨ ਰੋਬਰਟਸ-ਸਮਿਥ ਐਪੀਸੋ਼ਡ ਜੰਗੀ ਅਪਰਾਧ ਜਾਂਚਾਂ, ਅਪਰਾਧਾਂ, ਮੁਕੱਦਮਿਆਂ ਅਤੇ ਸੰਭਾਵਿਤ ਦੋਸ਼ੀ ਠਹਿਰਾਏ ਜਾਣ ਵਾਲੀ ਕੜੀ ਦਾ ਟ੍ਰੇਲਰ ਹੈ ਜੋ ਅਸੀਂ ਆਉਂਦੇ ਸਾਲਾਂ ਵਿੱਚ ਦੇਖਾਂਗੇ।”

“ਇਸ ਨੇ ਯਕੀਨਨ ਹੀ ਰੋਬਰਟਸ ਨੂੰ ਲਿਟਮਸ ਟੈਸਟ ਬਣਾ ਦਿੱਤਾ।”

ਆਸਟ੍ਰੇਲੀਅਨ
Getty Images
ਆਸਟ੍ਰੇਲੀਆ ਦੇ ਕੁਝ ਹੀ ਚੋਟੀ ਦੇ ਫੌਜੀ ਸਨਮਾਨ ਵਿਕਟੋਰੀਆ ਕਰਾਸ ਨਾਲ ਸਿਰਫ਼ ਮੁੱਠੀ ਭਰ ਫੌਜੀਆਂ ਨੂੰ ਦਿੱਤੇ ਗਏ ਹਨ।

ਹੁਣ ਅੱਗੇ ਕੀ ?

ਜੱਜ ਐਂਥਨੀ ਬਿਸਾਂਕੋ ਪਹਿਲਾਂ ਫ਼ੈਸਲਾ ਲੈਣਗੇ ਕਿ ਲੇਖ ਮਾਣਹਾਨੀ ਕਰਦੇ ਹਨ ਅਤੇ ਜੇ ਹਾਂ ਤਾਂ ਉਹ ਸੰਭਾਵਿਤ ਬਚਾਵਾਂ ਬਾਰੇ ਸੋਚਣਗੇ।

ਆਸਟ੍ਰੇਲੀਆ ਵਿੱਚ ਮਾਣਹਾਨੀ ਇੱਕ ਸਿਵਲ ਕੇਸ ਹੈ, ਮਤਲਬ ਕਿ ਸਬੂਤ ਦਾ ਬੋਝ, ਅਪਰਾਧਿਕ ਕੇਸਾਂ ਤੋਂ ਕਾਫ਼ੀ ਥੋੜ੍ਹਾ ਹੈ।

ਅਖਬਾਰਾਂ ਨੂੰ ਸਿਰਫ਼ ਇਹ ਸਾਬਿਤ ਕਰਨਾ ਪਵੇਗਾ ਕਿ ਇਲਜ਼ਾਮ ਸਹੀ ਹਨ।

ਉਹ ਦਲੀਲ ਦਿੰਦੇ ਹਨ ਕਿ ਛੇ ਵਿੱਚੋਂ ਇੱਕ ਕੇਸ ਨੂੰ ਵੀ ਸਾਬਿਤ ਕਰਨਾ, ਉਨ੍ਹਾਂ ਲਈ ਕੇਸ ਜਿੱਤਣ ਲਈ ਕਾਫੀ ਹੈ।

ਪਰ ਕਾਨੂੰਨ ਕਹਿੰਦਾ ਹੈ ਕਿ ਜੱਜ ਬਿਸਾਂਕੋ ਸਬੂਤਾਂ ਦੀ ਤਾਕਤ ਅਤੇ ਕਮਜ਼ੋਰੀ ਮਾਪਣ ਵੇਲੇ ਖਾਸ ਧਿਆਨ ਰੱਖਿਆ ਜਾਵੇ।

ਮੋਸੇਜ਼ ਨੇ ਅੰਤ ਵਿੱਚ ਕਿਹਾ, “ਮੀਡੀਆ ਅਦਾਰਿਆਂ ਵੱਲੋਂ ਲਗਾਏ ਗਏ ਅਪਰਾਧਿਕ ਇਲਜ਼ਾਮ ਮਸਲੇ ਦੀ ਗੰਭੀਰਤਾ ਦੇ ਬਿਲਕੁਲ ਅਖੀਰ ਵਿੱਚ ਅਤੇ ਰੋਬਰਟਸ-ਸਮਿਥ ਦੀ ਨੈਤਿਕਤਾ ਅਤੇ ਮਨੁੱਖਤਾ ਦੇ ਬਿਲਕੁਲ ਦਿਲ ਅੰਦਰ ਹਮਲਾ ਕਰਦੇ ਹਨ।”

ਅਖਬਾਰਾਂ ਦੀ ਸਾਖ ਵੀ ਦਾਅ ‘ਤੇ ਹੈ।

ਮਾਹਿਰ ਕਹਿੰਦੇ ਹਨ ਕਿ ਕੇਸ ਵਿੱਚ ਹਾਰ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਕਿਸੇ ਮਾਣਹਾਨੀ ਲਈ ਅਦਾ ਕੀਤੀ ਸਭ ਤੋਂ ਵੱਡੀ ਰਕਮ ਹੋ ਸਕਦੀ ਹੈ।

ਸਟੇਨਲੀ ਕਹਿੰਦੇ ਹਨ, “ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਾਨੂੰਨੀ ਕੇਸ ਜੰਗੀ ਅਪਰਾਧ ਦਾ ਮੁਕੱਦਮਾ ਨਹੀਂ ਹੁੰਦੇ।”

ਪਰ ਇਸ ਦੇ ਨਤੀਜੇ ‘ਤੇ ਸਭ ਦੀ ਨਜ਼ਰ ਹੈ।

ਇਹ ਸਿਰਫ਼ ਇੱਕ ਆਦਮੀ ਦੀ ਇਜ਼ਤ ਨਹੀਂ, ਬਲਕਿ ਪੂਰੀ ਡਿਫੈਂਸ ਫੋਰਸ ‘ਤੇ ਭਰੋਸਾ, ਮੀਡੀਆ ਦੇ ਸਿਸਟਮ ’ਤੇ ਭਰੋਸੇ ਦਾ ਸਵਾਲ ਹੈ ਜਿਸ ਉੱਤੇ ਸੱਚੀ ਅਤੇ ਦੁਨੀਆ ਦੀ ਸਹੀ ਖ਼ਬਰ ਜਾਨਣ ਲਈ ਅਸੀਂ ਨਿਰਭਰ ਹੁੰਦੇ ਹਾਂ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News