ਭਗਵੰਤ ਮਾਨ ਨੇ ਚੰਨੀ ’ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਣ ਵਾਲੇ ਖਿਡਾਰੀ ਨੂੰ ਸਾਹਮਣੇ ਲਿਆਂਦਾ, ਚੰਨੀ ਦਾ ਸੀ ਇਹ ਜਵਾਬ
Wednesday, May 31, 2023 - 08:19 PM (IST)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਦੇ ਭਤੀਜੇ ’ਤੇ ਨੌਕਰੀ ਬਦਲੇ 2 ਕਰੋੜ ਰੁਪਏ ਮੰਗਣ ਦਾ ਇਲਜ਼ਾਮ ਲਗਾਉਣ ਵਾਲੇ ਕ੍ਰਿਕਟ ਖਿਡਾਰੀ ਦੀ ਪਛਾਣ ਨਸ਼ਰ ਕੀਤੀ ਹੈ।
ਭਗਵੰਤ ਮਾਨ ਨੇ ਇਸ ਖਿਡਾਰੀ ਦਾ ਨਾਮ ਜਸਇੰਦਰ ਸਿੰਘ ਦੱਸਿਆ ਹੈ ਜੋ ਆਪਣੇ ਪਿਤਾ ਸਮੇਤ ਮੁੱਖ ਮੰਤਰੀ ਨਾਲ ਹੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਨ।
ਹਾਲਾਂਕਿ, ਚਰਨਜੀਤ ਸਿੰਘ ਚੰਨੀ ਨੇ ਇਹਨਾਂ ਇਲਜ਼ਾਮਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਭਗਵੰਤ ਮਾਨ ਵੱਲੋਂ ਉਹਨਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਭਗਵੰਤ ਮਾਨ ਨੇ ਪਿਛਲੇ ਦਿਨੀ ਟਵੀਟ ਕਰਕੇ ਲਿਖਿਆ ਸੀ, “ਮਾਣਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ 31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ।”
ਉਨ੍ਹਾਂ ਇਸ ਤੋਂ ਅੱਗੇ ਲਿਖਿਆ ਸੀ, “ਨਹੀਂ ਫੇਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ…ਨਾਮ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਝ ਪੰਜਾਬੀਆਂ ਸਾਹਮਣੇ ਰੱਖਾਂਗਾ।”
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਇੱਕ ਰੈਲੀ ਦੌਰਾਨ ਬੋਲਦਿਆਂ ਕਿਹਾ ਸੀ ਕਿ ਉਹਨਾਂ ਨੂੰ ਇੱਕ ਕ੍ਰਿਕਟ ਖਿਡਾਰੀ ਨੇ ਦੱਸਿਆ ਸੀ ਕਿ ਉਸ ਤੋਂ ਨੌਕਰੀ ਲਈ ਚੰਨੀ ਦੇ ਰਿਸ਼ਤੇਦਾਰਾਂ ਨੇ 2 ਕਰੋੜ ਰੁਪਏ ਮੰਗੇ ਸਨ ਜਿਨਾਂ ਕੋਲ ਉਸ ਨੂੰ ਚੰਨੀ ਨੇ ਹੀ ਭੇਜਿਆ ਸੀ।
ਭਗਵੰਤ ਮਾਨ ਨੇ ਖਿਡਾਰੀ ਨੂੰ ਮੀਡੀਆ ਸਾਹਮਣੇ ਲਿਆਂਦਾ
ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਜਸਇੰਦਰ ਸਿੰਘ ਅਤੇ ਉਨ੍ਹਾਂ ਦੇ ਪਿਤਾ ਸਮੇਤ ਮੀਡੀਆ ਦੇ ਰੂਬਰੂ ਹੋਏ।
ਭਗਵੰਤ ਮਾਨ ਨੇ ਕਿਹਾ ਕਿ ਜਸਇੰਦਰ ਸਿੰਘ ਦੀ ਕਿੰਗਜ਼ 11 ਵਿੱਚ ਸ਼ਮੂਲੀਅਤ ਹੈ ਪਰ ਉਸ ਨੂੰ ਖੇਡਣ ਵਾਲੇ 11 ਖਿਡਾਰੀਆਂ ਵਿੱਚ ਮੌਕਾ ਹਾਲੇ ਨਹੀਂ ਮਿਲਿਆ।
ਮਾਨ ਨੇ ਦੱਸਿਆ, “ਖੇਡ ਵਿਭਾਗ ਨੇ ਆਪ ਲਿਖਿਆ ਸੀ ਕਿ ਜਸਇੰਦਰ ਸਿੰਘ ਨੇ ਕਈ ਵਾਰ ਪੰਜਾਬ ਦੀ ਪ੍ਰਤੀਨਿੱਧਤਾ ਕੀਤੀ ਹੈ। ਇਸ ਵਿੱਚ ਵਿਜੇ ਮਰਚੈਂਟ ਟਰਾਫ਼ੀ ਹੈ, ਕੂਚ ਵਿਹਾਰ ਟਰਾਫ਼ੀ ਹੈ ਅਤੇ ਸੀਕੇ ਨਾਇਡੂ ਟਰਾਫ਼ੀ ਸ਼ਾਮਿਲ ਹੈ। ਇਹ ਇੱਕ ਦਿਨਾਂ ਮੈਚਾਂ ਵਿੱਚ ਵੀ ਖੇਡੇ ਹਨ। ਇਸ ਤੋਂ ਇਲਾਵਾ ਅੰਤਰ ਰਾਜ ਸੀਨੀਅਰ ਟੂਰਨਾਮੈਟ ਵਿੱਚ ਰਣਜ਼ੀ ਟਰਾਫ਼ੀ ਸੀਜਨ 2021-22 ਖੇਡਣਾ ਇਸ ਦੀਆਂ ਪ੍ਰਾਪਤੀਆਂ ਹਨ।”
ਮੁੱਖ ਮੰਤਰੀ ਨੇ ਕਿਹਾ ਕਿ ਖੇਡ ਦੇ ਸਰਟੀਫ਼ਿਕੇਟ ਮੁਤਾਬਕ ਉਸ ਨੂੰ ਡੀ-ਗਰੇਡੇਸ਼ਨ ਮਿਲੀ ਹੋਈ ਹੈ।
ਭਗਵੰਤ ਮਾਨ ਨੇ ਦੱਸਿਆ, “ਜਸਇੰਦਰ ਸਿੰਘ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲੇ ਸਨ ਅਤੇ ਉਹਨਾਂ ਕਿਹਾ ਸੀ ਕਿ ਤੁਹਾਡਾ ਕੰਮ ਬਣ ਸਕਦਾ ਹੈ। ਉਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਸੀ ਕਿ ਇਸ ਕੇਸ ’ਤੇ ਵਿਚਾਰ ਕੀਤਾ ਜਾਵੇ ਅਤੇ ਕੈਬਨਿਟ ਵਿੱਚ ਇਹ ਕੇਸ ਲਿਆਂਦਾ ਜਾਵੇ।”
ਭਗਵੰਤ ਮਾਨ ਨੇ ਕਿਹਾ, “ਇਸ ਨਾਲ ਪਰਿਵਾਰ ਨੂੰ ਖੁਸ਼ੀ ਹੋਈ ਪਰ ਜਲਦੀ ਹੀ ਕੈਪਟਨ ਸਾਹਿਬ ਬਦਲ ਗਏ। ਪਰ ਇਸ ਤੋਂ ਬਾਅਦ ਚੰਨੀ ਮੁੱਖ ਮੰਤਰੀ ਬਣ ਗਏ ਜੋ ਇਹਨਾਂ ਦੇ ਹੀ ਇਲਾਕੇ ਦੇ ਸਨ। ਜਦੋਂ ਇਹ ਚਰਨਜੀਤ ਸਿੰਘ ਚੰਨੀ ਨੂੰ ਮਿਲੇ ਤਾਂ ਇਹਨਾਂ ਨੂੰ ਕਿਹਾ ਗਿਆ ਕਿ ‘ਮੇਰੇ ਭਤੀਜੇ’ ਨੂੰ ਮਿਲ ਲਵੋਂ ਤੁਹਾਡਾ ਕੰਮ ਬਣ ਜਾਵੇਗਾ।”
ਉਨ੍ਹਾਂ ਕਿਹਾ, “ਚੰਨੀ ਦੇ ਭਤੀਜੇ ਜਸ਼ਨ ਨੇ ਵੀ ਕਿਹਾ ਕਿ ਤੁਹਾਡਾ ਕੰਮ ਬਣ ਜਾਵੇਗਾ ਅਤੇ ਦੋ ਉਂਗਲਾਂ ਖੜ੍ਹੀਆਂ ਕਰ ਦਿੱਤੀਆਂ ਕਿ ਐਨੇ ਪੈਸੇ ਲੱਗਣਗੇ।”
ਭਗਵੰਤ ਮਾਨ ਨੇ ਕਿਹਾ, “ਇਹ ਤੀਜੇ ਦਿਨ ਫਿਰ ਉਸ ਨੂੰ ਮਿਲੇ। ਜਦੋਂ ਇਹਨਾਂ ਨੇ ਦੋ ਲੱਖ ਦਿਖਾਏ ਤਾਂ ਉਹਨਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਅਤੇ ਇੰਤਜ਼ਾਰ ਕਰਨ ਲਈ ਕਿਹਾ। ਜਸ਼ਨ ਨੇ ਦੋ ਕਿਹਾ ਤਾਂ ਇਹ ਦੋ ਲੱਖ ਲੈ ਕੇ ਆ ਗਏ। ਉਹ ਕਹਿੰਦੇ ਸਨ ਇਸ ਦਾ ਮਤਲਬ ਦੋ ਕਰੋੜ ਸੀ।”
ਮੁੱਖ ਮੰਤਰੀ ਦੇ ਨਾਲ ਬੈਠੇ ਜਸਇੰਦਰ ਦੇ ਪਿਤਾ ਨੇ ਕਿਹਾ, “ਗੁੱਸੇ ਵਿੱਚ ਚੰਨੀ ਨੇ ਕਿਹਾ ਕਿ ਤੇਰਾ ਮੁੰਡਾ ਕੋਈ ਓਲੰਪਿਕ ਖੇਡਿਆ ਹੈ? ਗੋਲਡ ਮੈਡਲ ਲਿਆਇਆ ਹੈ ਕਿ ਮੈਂ ਉਸ ਨੂੰ ਨੌਕਰੀ ਦੇ ਦੇਵਾਂ? ਉਹ ਕਾਫ਼ੀ ਕੁੱਝ ਬੋਲੇ ਤਾਂ ਅਸੀਂ ਠੰਢੇ ਹੋ ਗਏ।”
ਮੈਨੂੰ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਕੀਤਾ ਜਾ ਰਿਹਾ: ਚੰਨੀ
ਭਗਵੰਤ ਮਾਨ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਪਿਛਲੇ ਕਰੀਬ ਸਵਾ ਸਾਲ ਤੋਂ ਸਾਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੈਨੂੰ ਵੀ ਅਤੇ ਹੁਣ ਮੇਰੇ ਪਰਿਵਾਰ ਨੂੰ ਵੀ।”
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, “ਕਦੇ ਉਹ ਵਿਧਾਨ ਸਭਾ ਵਿੱਚ ਕਹਿੰਦੇ ਹਨ ਕਿ ਚੰਨੀ ਕਿੱਥੇ ਭੱਜ ਗਿਆ। ਕਦੇਂ ਮੇਰੇ ਬੇਟੇ ਦੇ ਵਿਆਹ ਬਾਰੇ ਅਤੇ ਕਦੇ ਜਾਇਦਾਦ ਬਾਰੇ ਬੋਲ ਰਿਹਾ । ਲਗਾਤਾਰ ਜੀਣਾ ਹਰਾਮ ਕਰ ਰਿਹਾ ਹੈ। ਹੁਣ ਮੇਰੇ ਪਰਿਵਾਰ ’ਤੇ ਪੈ ਗਿਆ।”
ਚੰਨੀ ਨੇ ਕਿਹਾ, “ਇਸ ਬੰਦੇ ਦਾ (ਭਗਵੰਤ ਮਾਨ) ਕੰਮ ਮੈਨੂੰ ਬਦਨਾਮ ਕਰਨਾ ਹੈ। ਜ਼ਲੀਲ ਕਰਨਾ ਹੈ।”
ਉਨ੍ਹਾਂ ਕਿਹਾ, “ਪਹਿਲੇ ਦਿਨ ਉਹਨਾਂ ਮੇਰੇ ਭਾਣਜੇ ਕਿਹਾ, ਫਿਰ ਭਾਣਜੇ-ਭਤੀਜੇ ਕਿਹਾ ਅਤੇ ਹੁਣ ਭਤੀਜੇ ਦਾ ਨਾਮ ਲੈ ਰਿਹਾ ਹੈ ਜੋ ਡਾਕਟਰ ਹੈ। ਉਹ ਤਾਂ ਐੱਮਡੀ ਦੀ ਤਿਆਰੀ ਕਰ ਰਿਹਾ ਹੈ।”
ਜਸਇੰਦਰ ਸਿੰਘ ਦੇ ਪਿਤਾ ਨਾਲ ਫੋਟੋ ਬਾਰੇ ਚੰਨੀ ਨੇ ਕਿਹਾ, “ਉਹ ਇੱਕ ਪ੍ਰੋਗਰਾਮ ਦੀ ਫੋਟੋ ਹੈ, ਉਸ ਨੂੰ ਪੰਜਾਬ ਭਵਨ ਵਿੱਚ ਦਿਖਾਇਆ ਜਾ ਰਿਹਾ ਹੈ। ਜਦੋਂ ਮੁੱਖ ਮੰਤਰੀ ਕਿਤੇ ਜਾਂਦਾ ਹੈ ਤਾਂ ਉਸ ਨੂੰ ਮਿਲਣ ਵਾਲਿਆਂ ਦੀ ਲੰਮੀ ਕਤਾਰ ਹੁੰਦੀ ਹੈ। ਲੋਕਾਂ ਨੂੰ ਮੁੱਖ ਮੰਤਰੀ ਨਾਲ ਫੋਟੋ ਖਿਚਾਉਣ ਦਾ ਚਾਅ ਹੁੰਦਾ ਹੈ। ਇਸ ਤਰ੍ਹਾਂ ਉਹਨਾਂ ਦੀ ਫੋਟੋ ਹੋਣੀ।”
ਬਣਦੀ ਨੌਕਰੀ ਜਾਂ ਸਮਝੌਤਾ
ਇਹ ਸਵਾਲ ਪੁੱਛੇ ਜਾਣ ’ਤੇ ਕਿ ਜਸਇੰਦਰ ਸਿੰਘ ਨੇ ਕਿਸ ਨੌਕਰੀ ਲਈ ਬੇਨਤੀ ਕੀਤੀ ਸੀ ਤਾਂ ਮੁੱਖ ਮੰਤਰੀ ਨੇ ਕਿਹਾ, “ਜੋ ਬਣਦੀ ਹੈ ਅਤੇ ਮੈਂ ਹੁਣ ਦੇਵਾਂਗਾ। ਪੋਸਟ ਤਾਂ ਉਹੀ ਹੈ ਜੋ ਪੀਪੀਐੱਸਸੀ ਵੱਲੋਂ ਖੇਡ ਕੋਟੇ ਵਿੱਚ ਕਲੀਅਰ ਹੈ। ਉਸ ਬਾਰੇ ਅਸੀਂ ਖੇਡ ਅਤੇ ਗ੍ਰਹਿ ਵਿਭਾਗ ਨਾਲ ਗੱਲ ਕਰਾਂਗੇ।”
ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਕਿਹਾ, “ਉਸ ਦੇ ਪਿਤਾ ਨੇ ਕਿਹਾ ਕਿ ਪਹਿਲਾਂ ਉਹ ਕੈਪਟਨ ਅਮਰਿੰਦਰ ਸਿੰਘ ਕੋਲ ਗਿਆ ਪਰ ਸਰਕਾਰ ਟੁੱਟ ਗਈ। ਇਸ ਤੋਂ ਬਾਅਦ ਚੰਨੀ ਕੋਲ ਗਿਆ। ਉਹਨਾਂ ਵੀ ਕਿਹਾ ਕਿ ਕੇਸ ਬਣਦਾ ਹੈ ਅਤੇ ਮੇਰੇ ਭਤੀਜੇ ਨੂੰ ਮਿਲ ਲੈ। ਕੀ ਉਹ ਸਵਾ ਸਾਲ ਵਿੱਚ ਮੇਰੇ ਬਦਲਣ ਬਾਅਦ ਭਗਵੰਤ ਮਾਨ ਕੋਲ ਨਹੀਂ ਗਿਆ ਹੋਵੇਗਾ?”
ਚੰਨੀ ਨੇ ਕਿਹਾ, “ਅਸਲ ਗੱਲ ਇਹ ਹੈ ਕਿ ਉਹ ਭਗਵੰਤ ਮਾਨ ਕੋਲ ਆਇਆ ਹੋਵੇਗਾ, ਉਸ ਨੇ ਦੱਸਿਆ ਹੋਵੇਗਾ ਅਤੇ ਭਗਵੰਤ ਮਾਨ ਨੇ ਕਿਹਾ ਹੋਵੇਗਾ ਕਿ ਨੌਕਰੀ ਦੇ ਦਿੰਦੇ ਹਾਂ ਪਰ ਇਸ ਤਰ੍ਹਾਂ ਕਰਨਾ ਪਵੇਗਾ। ਫਿਰ ਉਹਨਾਂ ਚੰਨੀ ਦੇ ਖਿਲਾਫ਼ ਚੁਬਾਰਾ ਚਿਣ ਲਿਆ।”
‘ਦੋ ਵਾਰ ਹਾਈ ਕੋਰਟ ’ਚੋਂ ਰੱਦ ਹੋਇਆ ਕੇਸ’
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਇਹ ਬੰਦਾ ਪਬਲਿਕ ਸਰਵਿਸ ਕਮਿਸ਼ਨ ਕੋਲ ਗਿਆ ਤਾਂ ਉਹਨਾਂ ਨੇ ਖੇਡ ਕੋਟੇ ਵਿੱਚ ਕੇਸ ਨਾ ਹੋਣ ਕਾਰਨ ਕੇਸ ਰੱਦ ਕਰ ਦਿੱਤਾ ਸੀ।
ਚੰਨੀ ਨੇ ਕਿਹਾ ਕਿ ਇਹ ਬੰਦਾ ਦੋ ਵਾਰ ਹਾਈ ਕੋਰਟ ਗਿਆ ਸੀ ਜਿੱਥੇ ਉਸ ਦਾ ਕੇਸ ਰੱਦ ਹੋ ਗਿਆ ਸੀ।
ਚੰਨੀ ਨੇ ਕਿਹਾ, “ਪਹਿਲਾਂ ਉਹ ਹਾਈ ਕੋਰਟ ਦੇ ਸਿੰਗਲ ਬੈਂਚ ਕੋਲ ਗਿਆ ਅਤੇ ਉੱਥੋਂ ਅਪੀਲ ਰੱਦ ਹੋਣ ਤੋਂ ਬਾਅਦ ਦੂਹਰੀ ਬੈਂਚ ਕੋਲ ਗਿਆ। ਪਰ ਦੋਵਾਂ ਥਾਵਾਂ ਤੋਂ ਕੇਸ ਰੱਦ ਹੋ ਗਿਆ। ਹੁਣ ਉਸ ਨੇ ਕੋਰਟ ਵਿੱਚ ਕੇਸ ਪਾ ਕੇ ਵਾਪਿਸ ਲੈ ਲਿਆ ਕਿਉਂਕਿ ਭਗਵੰਤ ਮਾਨ ਨਾਲ ਸਮਝੌਤਾ ਹੋ ਗਿਆ।”
ਉਨ੍ਹਾਂ ਕਿਹਾ, “ਇਸ ਨੂੰ ਕਿਉਂ ਨੌਕਰੀ ਦਿੱਤੀ ਜਾਵੇ? ਇਸ ਵਰਗੇ ਹਜ਼ਾਰਾਂ ਨੌਜਵਾਨ ਹਨ ਪੰਜਾਬ ਵਿੱਚ। ਇਸ ਦਾ ਡੀ ਗਰੇਡ ਹੈ। ਮੇਰੇ ਆਪਣੇ ਕੋਲ ਏ ਪਲੱਸ ਹੈ। ਮੇਰੇ ਆਪਣੇ ਮੁੰਡੇ ਕੋਲ ਬੀ ਪਲੱਸ ਹੈ। ਉਹ ਕਿਹੜਾ ਖਿਡਾਰੀ ਹੈ? ਅਸੀਂ ਹਾਕੀ ਦੇ ਓਲੰਪਿਕ ਵਾਲੇ ਖਿਡਾਰੀਆਂ ਨੂੰ ਨੌਕਰੀ ਦਿੱਤੀ ਹੈ, ਉਹਨਾਂ ਨੂੰ ਪੁੱਛੋ ਕਿ ਪੈਸੇ ਲਏ ਹਨ?”
“ਉਸ ਦੀ ਕੈਬਨਿਟ ਤੋਂ ਨੌਕਰੀ ਬਣਦੀ ਹੀ ਨਹੀਂ।”
ਮਾਨ ਨੇ ਕਾਰਵਾਈ ਬਾਰੇ ਕੀ ਕਿਹਾ?
ਇਸ ਕੇਸ ਵਿੱਚ ਮੀਡੀਆ ਵੱਲੋਂ ਅਗਲੀ ਕਾਰਵਾਈ ਬਾਰੇ ਪੁੱਛੇ ਜਾਣ ’ਤੇ ਭਗਵੰਤ ਮਾਨ ਨੇ ਕਿਹਾ, “ਉਹ ਤਾਂ ਸਾਡਾ ਕੰਮ ਹੈ। ਜਲਦਬਾਜ਼ੀ ਦੀ ਜਰੂਰਤ ਨਹੀਂ, ਅਰਾਮ ਨਾਲ ਸਭ ਅੰਦਰ ਜਾਣਗੇ।”
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਇਸ ਨੂੰ ਸਨਸਨੀ ਬਣਾ ਰਹੇ ਹਨ।
ਉਨ੍ਹਾਂ ਕਿਹਾ, “ਜੇਕਰ ਕੋਈ ਦਰਖਾਸਤ ਆਈ ਹੈ ਤਾਂ ਉਸ ਨੂੰ ਅੱਗੇ ਭੇਜੋ। ਜਦੋਂ ਸਾਨੂੰ ਪੁਲਿਸ ਬੁਲਾਵੇਗੀ ਤਾਂ ਅਸੀਂ ਜਾਵਾਂਗੇ। ਪਰ ਉਹ ਆਪ ਸਨਸਨੀਖੇਜ ਬਣਾ ਰਿਹਾ ਹੈ। ਪਹਿਲਾਂ ਸਟੇਜ ’ਤੇ ਬੋਲਿਆਂ, ਫਿਰ ਟੀਵੀ ’ਤੇ। ਇਸ ਤੋਂ ਬਾਅਦ ਹੋਵੇਗਾ ਕਿ ਅੱਜ ਬੁਲਾ ਲਿਆ, ਅੱਜ ਫਿਰ ਬੁਲਾ ਲਿਆ।”
ਚੰਨੀ ਦੇ ਭਤੀਜੇ ਨੇ ਕੀ ਕਿਹਾ ?
ਚਰਨਜੀਤ ਸਿੰਘ ਚੰਨੀ ਦੇ ਨਾਲ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਦੇ ਭਤੀਜੇ ਜਸ਼ਨ ਵੀ ਆਏ ਸਨ।
ਜਸ਼ਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਮੈਂ ਉਨ੍ਹਾਂ ਨੂੰ ਕਦੇ ਵੀ ਅੱਜ ਤੱਕ ਮਿਲਿਆ ਨਹੀਂ ਅਤੇ ਨਾ ਹੀ ਮੈਂ ਉਹਨਾਂ ਨੂੰ ਪਛਾਣਦਾ ਹਾਂ।”
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)