ਅਮਰੀਕਾ ਬਣਾਏਗਾ ਇੱਕ ਖ਼ਰਬ ਡਾਲਰ ਦਾ ਸਿੱਕਾ, ਆਖ਼ਰ ਇਸ ਦੀ ਕਿਉਂ ਲੋੜ ਪਈ
Monday, May 29, 2023 - 04:34 PM (IST)


ਅਮਰੀਕਾ ਨੂੰ ਕਰਜ਼ੇ ਦੇ ਸੰਕਟ ਤੋਂ ਬਚਾਉਣ ਲਈ ਰਿਪਬਲਿਕਨ ਅਤੇ ਡੈਮੋਕਰੇਟਸ ਕੋਲ ਬਚਿਆ ਸਮਾਂ ਬਹੁਤ ਤੇਜ਼ੀ ਨਾਲ ਖ਼ਤਮ ਹੋਣ ਜਾ ਰਿਹਾ ਹੈ।
ਇਸ ਸੰਕਟ ਦੇ ਮੱਦੇਨਜ਼ਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮੁਲਕ ਦੀ ਕਾਂਗਰਸ (ਸੰਸਦ) ਨੂੰ ਸਰਕਾਰੀ ਕਰਜ਼ਾ ਚੁੱਕਣ ਦੀ ਸੀਮਾ ਵਧਾਉਣ ਵਾਲਾ ਸਮਝੌਤਾ ਵਧਾਉਣ ਦੀ ਅਪੀਲ ਕੀਤੀ ਹੈ।
ਇਸ ਦਾ ਮਕਸਦ ਅਮਰੀਕਾ ਨੂੰ ਦਰਪੇਸ਼ ਕਰਜ਼ ਆਫ਼ਤ ਨੂੰ ਟਾਲਣਾ ਹੈ।
ਐਤਵਾਰ ਰਾਤ ਨੂੰ ਡੈਮੋਕ੍ਰੇਟਸ ਅਤੇ ਰੀਪਬਲੀਕਨਾਂ ਵਿਚਾਲੇ ਇਹ ਸਮਝੌਤਾ ਸਿਰੇ ਚੜ੍ਹਿਆ ਹੈ। ਤੇ ਜੇ ਇਸ ਸਮਝੌਤੇ ਉੱਤੇ ਕਾਂਗਰਸ ਦੀ ਮੋਹਰ ਲੱਗਣ ਤੋਂ ਬਾਅਦ ਕੇਂਦਰੀ ਸਰਕਾਰ ਨੂੰ ਨਵੰਬਰ 2024 ਦੀਆਂ ਰਾਸ਼ਟਰਪਤੀ ਚੋਣਾਂ ਤੱਕ ਹੋਰ ਕਰਜ਼ ਲੈ ਸਕੇਗੀ।
ਪਰ ਜੇ ਜੂਨ ਤੋਂ ਪਹਿਲਾਂ ਕਰਜ਼ ਸੀਮਾ ਵਧਾਉਣ ''''ਤੇ ਕੋਈ ਸਮਝੌਤਾ ਨਾ ਹੁੰਦਾ ਤਾਂ ਅਮਰੀਕਾ ਡਿਫਾਲਟ ਹੋ ਜਾਵੇਗਾ।
ਕਿਉਂਕਿ ਅਮਰੀਕਾ ਪੂਰੀ ਦੁਨੀਆਂ ਦੀ ਆਰਥਿਕਤਾ ਦਾ ਧੁਰਾ ਹੈ, ਇਸ ਦਾ ਅਸਰ ਵਿਸ਼ਵ ਅਰਥਚਾਰੇ ''''ਤੇ ਵੀ ਪੈਵੇਗਾ।
ਹਾਲ ਹੀ ਦੇ ਦਿਨਾਂ ਵਿੱਚ, ਵ੍ਹਾਈਟ ਹਾਊਸ ਅਤੇ ਕਾਂਗਰਸ ਵਿੱਚ ਰਿਪਬਲਿਕਨਾਂ ਨੇ ਸੰਕੇਤ ਦਿੱਤਾ ਹੈ ਕਿ ਗੱਲਬਾਤ ਇੱਕ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। ਪਰ ਫ਼ਿਰ ਵੀ ਲੋਕਾਂ ਦੀ ਬੇਚੈਨੀ ਬਣੀ ਹੋਈ ਹੈ।
ਅਜਿਹੀ ਸਥਿਤੀ ਵਿੱਚ, ਕੁਝ ਵਿਦਵਾਨਾਂ ਅਤੇ ਵਿਸ਼ਲੇਸ਼ਕਾਂ ਨੇ ਆਖਰੀ ਉਪਾਅ ਵਜੋਂ ਇੱਕ ਖ਼ਰਬ ਅਮਰੀਕੀ ਡਾਲਰ ਦੀ ਕੀਮਤ ਦੇ ਇੱਕ ਪਲੈਟੀਨਮ ਸਿੱਕੇ ਦੀ ਚਰਚਾ ਸ਼ੁਰੂ ਕਰ ਦਿੱਤੀ ਹੈ, ਜੋ ਦੇਸ਼ ਨੂੰ ਡਿਫਾਲਟ ਹੋਣ ਤੋਂ ਬਚਾ ਸਕਦਾ ਹੈ।
ਸਾਲ 1997 ਵਿੱਚ ਬਣਾਇਆ ਗਿਆ ਇੱਕ ਕਾਨੂੰਨ ਅਮਰੀਕੀ ਖਜ਼ਾਨਾ ਸਕੱਤਰ ਨੂੰ ਕਿਸੇ ਵੀ ਕਾਰਨ ਅਤੇ ਕਿਸੇ ਵੀ ਮੁੱਲ ਦੇ ਪਲੈਟੀਨਮ ਸਿੱਕੇ ਨੂੰ ਢਾਲਣ ਦੀ ਆਗਿਆ ਦਿੰਦਾ ਹੈ।
ਜਿਹੜੇ ਲੋਕ ਪਲੈਟੀਨਮ ਸਿੱਕੇ ਨੂੰ ਢਾਲਣ ਦੀ ਵਕਾਲਤ ਕਰ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਕਰਜ਼ੇ ਦੀ ਸੀਮਾ ਨੂੰ ਵਧਾਉਣ ਲਈ ਸਹਿਮਤ ਨਹੀਂ ਹੁੰਦੀ ਹੈ, ਤਾਂ ਇਸ ਤਰ੍ਹਾਂ ਅਮਰੀਕੀ ਸਰਕਾਰ ਆਪਣੇ ਖਰਚੇ ਝੱਲ ਸਕਦੀ ਹੈ ਅਤੇ ਦੀਵਾਲੀਆ ਹੋਣ ਤੋਂ ਬਚ ਸਕਦੀ ਹੈ।
ਹਾਲਾਂਕਿ ਖਜ਼ਾਨਾ ਸਕੱਤਰ ਜੈਨੇਟ ਯੇਲੇਨ ਨੇ ਇਸ ਵਿਚਾਰ ਨੂੰ ਰੱਦ ਕਰ ਦਿੱਤਾ ਹੈ, ਪਰ ਬਿਡੇਨ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਇਸ ਬਾਰੇ ਸਕਾਰਾਤਮਕ ਸੋਚ ਰੱਖਦੇ ਹਨ।
ਜੇਕਰ ਸਰਕਾਰ ਅਜਿਹਾ ਫ਼ੈਸਲਾ ਕਰਦੀ ਹੈ ਤਾਂ ਸਰਕਾਰੀ ਟਕਸਾਲ ਇੱਕ ਖਰਬ ਡਾਲਰ ਦਾ ਸਿੱਕਾ ਬਣਾ ਸਕਦੀ ਹੈ।

ਕਿਵੇਂ ਜਾਰੀ ਹੋ ਸਕਦਾ ਹੈ ਇਹ ਸਿੱਕਾ
ਹਾਲਾਂਕਿ, ਇਹ ਕਦੇ ਵੀ ਅਮਰੀਕੀ ਕਰਜ਼ੇ ਦੀ ਸੀਮਾ ਵਧਾਉਣ ਦਾ ਹੱਲ ਨਹੀਂ ਰਿਹਾ।
ਪਰ ਖਜ਼ਾਨਾ ਸਕੱਤਰ ਨੂੰ ਅਜਿਹੇ ਵਿਸ਼ੇਸ਼ ਐਡੀਸ਼ਨ ਵਾਲੇ ਸਿੱਕੇ ਜਾਰੀ ਕਰਨ ਦਾ ਅਧਿਕਾਰ ਹੈ ਜਿਸ ਨੂੰ ਲੋਕ ਖ਼ਰੀਦ ਸਕਦੇ ਹਨ।
ਜੇ ਇੱਕ ਖ਼ਬਰ ਡਾਲਰ ਦੇ ਪਲੈਟੀਨਮ ਦਾ ਸਿੱਕਾ ਢਾਲਣ ਦਾ ਫ਼ੈਸਲਾ ਲਿਆ ਗਿਆ ਤਾਂ ਕੀ ਹੋਵੇਗਾ?
ਅਮਰੀਕੀ ਟਕਸਾਲ ਦੇ ਸਾਬਕਾ ਮੁਖੀ ਫ਼ਿਲਿਪ ਡੀਲ ਨੇ ਕਿਹਾ, "ਉਨ੍ਹਾਂ ਨੇ ਬਸ ਸਿੱਕੇ ’ਤੇ ਇੱਕ ਖ਼ਰਬ ਡਾਲਰ ਲਿਖ ਕੇ ਫ਼ੈਡਰਲ ਰਿਜ਼ਰਵ ਨੂੰ ਭੇਜ ਦੇਣਾ ਹੈ।"
ਹਾਲਾਂਕਿ ਲੋਕ ਇਹ ਸੋਚ ਵੀ ਨਹੀਂ ਸਕਦੇ ਕਿ ਇੰਨੀ ਵੱਡੀ ਕੀਮਤ ਦਾ ਪਲੈਟੀਨਮ ਸਿੱਕਾ ਬਹੁਤ ਵੱਡਾ ਅਤੇ ਭਾਰੀ ਹੋਵੇਗਾ ਪਰ ਇਹ ਅਸਲ ਵਿੱਚ ਇੱਕ ਚੌਥਾਈ ਡਾਲਰ ਦੇ ਸਿੱਕੇ ਦੇ ਬਰਾਬਰ ਹੋਵੇਗਾ ਜੋ ਜੇਬ ਵਿੱਚ ਰੱਖਿਆ ਜਾ ਸਕੇ।
ਇਥੋਂ ਤੱਕ ਕਿ ਸਿੱਕੇ ''''ਤੇ ਇੱਕ ਖ਼ਰਬ ਜਿੰਨੀਆਂ ਜ਼ੀਰੋ ਲਿਖਣ ਦੀ ਵੀ ਲੋੜ ਨਹੀਂ ਹੈ, ਬਸ ਇੱਕ ਖ਼ਰਬ ਡਾਲਰ ਲਿਖਣਾ ਕਾਫ਼ੀ ਹੋਵੇਗਾ।
ਹੁਣ ਸਵਾਲ ਇਹ ਹੈ ਕਿ ਜਦੋਂ ਸਿੱਕੇ ਦਾ ਮੁੱਲ ਲਿਖ ਕੇ ਤੈਅ ਕਰਨਾ ਹੁੰਦਾ ਹੈ ਤਾਂ ਪਲੈਟੀਨਮ ਸਿੱਕਾ ਹੀ ਕਿਉਂ?
ਦਰਅਸਲ, ਅਮਰੀਕੀ ਕਾਨੂੰਨ ਤਹਿਤ 50 ਡਾਲਰ ਤੋਂ ਵੱਧ ਮੁੱਲ ਦੇ ਸਿੱਕਿਆਂ ਲਈ ਪਲੈਟੀਨਮ ਧਾਤ ਦੀ ਵਰਤੋਂ ਨੂੰ ਲਾਜ਼ਮੀ ਬਣਾਇਆ ਗਿਆ ਹੈ।
ਇੱਕ ਖ਼ਰਬ ਡਾਲਰ ਦਾ ਸਿੱਕਾ ਬਣਾਉਣ ਦਾ ਆਈਡੀਆ ਦੇਣ ਵਾਲੇ ਵਿਲਮੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਰੋਹਨ ਗ੍ਰੇ ਕਹਿੰਦੇ ਹਨ, "ਜੇ ਤੁਹਾਨੂੰ ਦੀਵਾਲੀਆ ਹੋਣ ਅਤੇ ਮੁਦਰਾ ਛਾਪਣ ਵਿੱਚੋਂ ਕੋਈ ਇੱਕ ਚੁਣਨਾ ਪਵੇ ਤਾਂ ਤੁਸੀਂ ਕੀ ਕਰੋਗੇ ... ਕਾਰਜਕਾਰੀ ਡਿਫਾਲਟ ਹੋਣ ਦੀ ਆਗਿਆ ਤਾਂ ਨਹੀਂ ਦੇ ਸਕਦਾ ਹੈ। "


ਜੇ ਡੈਮੋਕ੍ਰੇਟਸ ਤੇ ਰੀਪਬਲੀਕਨਾਂ ਦਰਮਿਆਨ ਹੋਏ ਸਮਝੌਤੇ ’ਤੇ ਕਾਂਗਰਸ ਦੀ ਮੋਹਰ ਲੱਗ ਜਾਵੇ ਤਾਂ-
- ਸਰਕਾਰ ਨੂੰ ਨਵੰਬਰ 2024 ਦੀਆਂ ਰਾਸ਼ਟਰਪਤੀ ਚੋਣਾਂ ਤੱਕ ਹੋਰ ਕਰਜ਼ ਲੈ ਸਕੇਗੀ।
- 31.4 ਖ਼ਰਬ ਡਾਲਰ ਕਰਨ ਦੀ ਸੀਮਾਂ 2025 ਤੱਕ ਮੁਅੱਤਲ ਰਹੇਗੀ, ਤੇ ਸਰਕਾਰ ਵੱਧ ਕਰਜ਼ਾ ਲੈ ਸਕੇਗੀ
- ਅਗਲੇ 10 ਸਾਲਾਂ ਦੌਰਾਨ ਰੱਖਿਆ ਮਾਮਲਿਆਂ ਨੂੰ ਛੱਡ ਕੇ ਬਾਕੀ ਖ਼ਰਚਿਆ ਉੱਤੇ ਕਟੌਤੀ ਹੋਵੇਗੀ
- ਅਣ-ਵਰਤਿਆ ਕੋਵਿਡ ਫੰਡ (30 ਅਰਬ ਡਾਲਰ) ਵਾਪਸ ਕੀਤਾ ਜਾਵੇਗਾ
- ਭਲਾਈ ਸਕੀਮਾਂ ਦਾ ਮੁਲਾਂਕਣ ਹੋਵੇਗਾ, ਪਰ ਓਵਰਹਾਲ ਬਦਲਾਅ ਨਹੀਂ ਹੋਵੇਗਾ
- ਅਮੀਰ ਅਮਰੀਕੀਆਂ ਦੇ ਲਈ ਟੈਕਸ ਨਿਯਮਾਂ ਵਿੱਚ ਕੁਝ ਰਿਆਇਤਾਂ ਦੇਣੀਆਂ
- ਊਰਜਾ ਪ੍ਰੋਜੈਕਟਾਂ ਲਈ ਲਾਇਸੰਸ ਪ੍ਰਕਿਰਿਆ ਸੌਖੀ ਕਰਨੀ
- ਵਿਦਿਆਰਥੀ ਕਰਜ਼ਿਆਂ ਉੱਤੇ ਕਿਸੇ ਵੀ ਤਰ੍ਹਾਂ ਕਾਰਵਾਈ ਨਾ ਕਰਨਾ

ਇੱਕ ਖ਼ਰਬ ਡਾਲਰ ਦੇ ਸਿੱਕੇ ਦਾ ਵਿਚਾਰ ਕਿਵੇਂ ਆਇਆ?
ਅਸਲ ਵਿੱਚ, ਡਿਫਾਲਟਰ ਹੋਣ ਤੋਂ ਬਚਣ ਲਈ ਇੱਕ ਖ਼ਰਬ ਡਾਲਰ ਦਾ ਸਿੱਕਾ ਜਾਰੀ ਕਰਨ ਦਾ ਵਿਚਾਰ ਸਭ ਤੋਂ ਪਹਿਲਾਂ 2010 ਵਿੱਚ ਕਾਰਲੋਸ ਮੁਚਾ ਨਾਮ ਦੇ ਅਟਲਾਂਟਾ ਦੇ ਇੱਕ ਵਕੀਲ ਨੇ ਦਿੱਤੀ ਸੀ।
ਕਾਰਲੋਸ ਨੂੰ ਪਤਾ ਲੱਗਾ ਕਿ 1997 ਦੇ ਕਰੰਸੀ ਐਕਟ ਦੇ ਤਹਿਤ, ਪਲੈਟੀਨਮ ਸਿੱਕਿਆਂ ਨੂੰ ਢਾਲਣ ਦੀ ਇਜਾਜ਼ਤ ਹੈ।
ਉਨ੍ਹਾਂ ਨੇ ਆਪਣੇ ਲੇਖ ਵਿੱਚ ਲਿਖਿਆ, "ਦਿਲਚਸਪ ਗੱਲ ਇਹ ਹੈ ਕਿ, ਕਾਂਗਰਸ ਪਹਿਲਾਂ ਹੀ ਖਜ਼ਾਨੇ ਨੂੰ ਇੱਕ ਖ਼ਰਬ ਡਾਲਰ ਦੇ ਸਿੱਕੇ ਢਾਲਣ ਦੇ ਅਧਿਕਾਰ ਦੇ ਚੁੱਕੀ ਹੈ।"
ਮੋਚਾ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਇਸ ਗੱਲ ਦੇ ਵ੍ਹਾਈਟ ਹਾਊਸ ਅਤੇ ਕੈਪੀਟਲ ਹਿੱਲ ਤੱਕ ਚਰਚੇ ਹੋਣਗੇ।
ਇਸ ਤੋਂ ਕੁਝ ਦਿਨ ਬਾਅਦ ਟਕਸਾਲ ਦੇ ਸਾਬਕਾ ਨਿਰਦੇਸ਼ਕ ਫ਼ਿਲਿਪ ਡੀਏਲ ਦੀ ਇੱਕ ਈਮੇਲ ਮਿਲੀ ਜਿਸ ਵਿੱਚ ਕਿਹਾ ਗਿਆ ਸੀ ਕਿ ਕਾਰਲੋਸ ਦਾ ਪ੍ਰਸਤਾਵ ''''ਅਸਲੋਂ ਕੰਮ ਕਰ ਸਕਦਾ ਹੈ''''।
ਇਹ ਗੱਲ ਵਾਇਰਲ ਹੋ ਗਈ ਅਤੇ ਬਲੌਗ ਦੇ ਸਮਰਥਕਾਂ ਦੀ ਗਿਣਤੀ ਵਧਣ ਲੱਗੀ, ਪਰ 2011 ਤੱਕ ਜਨਤਕ ਬਹਿਸ ਦਾ ਮੁੱਦਾ ਨਹੀਂ ਸੀ ਬਣੀ, ਜਦੋਂ ਤੱਕ ਬਰਾਕ ਓਬਾਮਾ ਦੇ ਪਹਿਲੇ ਕਾਰਜਕਾਲ ਵਿੱਚ ਕਰਜ਼ਾ ਸੰਕਟ ਨਹੀਂ ਸੀ ਆਇਆ।
ਉਨ੍ਹੀਂ ਦਿਨੀਂ 7,000 ਲੋਕਾਂ ਦੇ ਹਸਤਾਖਰਾਂ ਨਾਲ ਇੱਕ ਪੱਤਰ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਵਿੱਚ ਵੱਡੇ-ਵੱਡੇ ਅਰਥਸ਼ਾਸਤਰੀ ਜਿਵੇਂ ਕਿ ਨੋਬਲ ਪੁਰਸਕਾਰ ਜੇਤੂ ਪਾਲ ਕਰੂਗਮੈਨ ਅਤੇ ਫ਼ਿਲਿਪ ਡੀਏਲ ਵਰਗੇ ਨਾਮਾਂ ਨੇ ਖ਼ੁਦ ਇਸ ਵਿਚਾਰ ਨੂੰ ਸਮਰਥਨ ਦਿੱਤਾ ਸੀ।

ਇੱਥੋਂ ਤੱਕ ਕਿ ਟਵਿੱਟਰ ''''ਤੇ #MintTheCoin(#ਮਿੰਟਦਾਕੁਆਇਨ) ਹੈਸ਼ਟੈਗ ਨਾਲ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ। ਹਾਲਾਂਕਿ ਉਦੋਂ ਸਿਆਸੀ ਸੰਕਟ ਹੱਲ ਹੋਣ ਕਰਕੇ ਇਸ ਬਾਰੇ ਗੱਲ ਅੱਗੇ ਨਹੀਂ ਸੀ ਵਧੀ।
ਅਮਰੀਕਾ ''''ਚ ਕਰਜ਼ੇ ਦੀ ਸੀਮਾ ਵਧਾਉਣ ਨੂੰ ਲੈ ਕੇ ਜੋ ਸੰਕਟ ਚੱਲ ਰਿਹਾ ਹੈ ਉਸ ਵਿੱਚ ਜੋਅ ਬਾਇਡਨ ਦੀ ਸਰਕਾਰ ਨੇ ਇਸ ਤਰ੍ਹਾਂ ਦੇ ਬਦਲ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਹੈ।

ਖਜ਼ਾਨਾ ਸਕੱਤਰ ਜੈਨੇਟ ਯੇਲੇਨ ਨੇ ਕੁਝ ਦਿਨ ਪਹਿਲਾਂ ਕਿਹਾ ਸੀ, "ਮੇਰੀ ਸਮਝ ਵਿੱਚ ਇਹ ਇੱਕ ਧੋਖਾ ਹੋਵੇਗਾ।"
ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇੱਕ ਖ਼ਰਬ ਡਾਲਰ ਦਾ ਸਿੱਕਾ ਜਾਰੀ ਕਰਨ ਦਾ ਪ੍ਰਸਤਾਵ ਦੇਣ ਨਾਲ ਰਿਪਬਲਿਕਨਾਂ ਨਾਲ ਗੱਲਬਾਤ ਵਿੱਚ ਡੈਮੋਕਰੇਟਸ ਦੇ ਹੱਥ ਇੱਕ ਹੋਰ ਤੀਰ ਆ ਸਕਦਾ ਹੈ।
ਕਰਜ਼ ਦੀ ਸੀਮਾਂ ਨੂੰ ਵਧਾਉਣ ਦੀ ਜੋਅ ਬਾਇਡਨ ਦੀ ਅਪੀਲ ’ਤੇ ਰਿਪਬਲਿਕਨ ਸਹਿਮਤ ਨਹੀਂ ਹੋ ਰਹੇ ਹਨ ਤੇ ਉਨ੍ਹਾਂ ਦੀ ਮੰਗ ਹੈ ਕਿ ਜਨਤਕ ਖਰਚਿਆਂ ਵਿੱਚ ਕਟੌਤੀ ਕੀਤੀ ਜਾਵੇ।
ਜੇ ਦੋਵੇਂ ਧਿਰਾਂ 1 ਜੂਨ ਤੱਕ ਕਿਸੇ ਸਮਝੌਤੇ ''''ਤੇ ਨਹੀਂ ਪਹੁੰਚਦੀਆਂ, ਤਾਂ ਅਮਰੀਕਾ ਆਪਣਾ ਭੁਗਤਾਨ ਕਰਨ ਵਿੱਚ ਅਸਫ਼ਲ ਹੋਣਾ ਸ਼ੁਰੂ ਕਰ ਦੇਵੇਗਾ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)