ਖਾੜੀ ਮੁਲਕਾਂ ’ਚ ਔਰਤਾਂ ਦੀ ਤਸਕਰੀ ਦੀ ਜਾਂਚ ਲਈ ਐੱਸਆਈਟੀ ਦਾ ਗਠਨ, ਵਿਕਰਮਜੀਤ ਸਾਹਨੀ ਨੇ ਕੀਤੀ ਲੋਕਾਂ ਨੂੰ ਇਹ ਅਪੀਲ
Saturday, May 27, 2023 - 08:49 PM (IST)


ਪੰਜਾਬ ਪੁਲਿਸ ਨੇ ਮਨੁੱਖੀ ਤਸਕਰੀ ਦੇ ਕੇਸਾਂ ਦੀ ਜਾਂਚ ਲਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ।
ਇਹ ਐੱਸਆਈਟੀ ਪੱਛਮੀ ਏਸ਼ੀਆ ਦੇ ਦੇਸ਼ਾਂ ਵਿੱਚ ਰੁਜ਼ਗਾਰ ਦੀ ਤਲਾਸ਼ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਭੇਜੀਆਂ ਗਈਆਂ ਔਰਤਾਂ ਦੇ ਕੇਸਾਂ ਨੂੰ ਮੁੱਖ ਰੱਖਦੇ ਹੋਏ ਬਣਾਈ ਗਈ ਹੈ।
ਪਿਛਲੇ ਦਿਨਾਂ ਵਿੱਚ ਓਮਾਨ ਵਿੱਚ ਕਥਿਤ ਤੌਰ ''''ਤੇ ਫਸੀਆਂ ਕਾਫੀ ਔਰਤਾਂ ਨੂੰ ਭਾਰਤ ਲਿਆਂਦਾ ਗਿਆ ਸੀ।
ਇਹਨਾਂ ਔਰਤਾਂ ਦਾ ਕਹਿਣਾ ਸੀ ਕਿ ਉਹਨਾਂ ਨਾਲ ਏਜੰਟਾਂ ਨੇ ਧੋਖਾ ਕੀਤਾ ਸੀ ਅਤੇ ਉਹਨਾਂ ਨੂੰ ਓਮਾਨ ਵਿੱਚ ਭੁੱਖੇ ਰੱਖਿਆ ਗਿਆ ਸੀ ਅਤੇ ਕੰਮ ਕਰਨ ਦਾ ਮਿਹਨਤਾਨਾਂ ਵੀ ਨਹੀਂ ਦਿੱਤਾ ਗਿਆ ਸੀ।

ਕੀ ਹੋਵੇਗਾ ਐੱਸਆਈਟੀ ਦੀ ਜਾਂਚ ਦਾ ਹਿੱਸਾ?
ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਐਲਕੇ ਯਾਦਵ ਵੱਲੋਂ ਜਾਰੀ ਹੁਕਮਾਂ ਮੁਤਾਬਕ ਡੀਆਈਜੀ ਲੁਧਿਆਣਾ ਰੇਂਜ ਕੌਸਤੁਭ ਸ਼ਰਮਾ ਇਸ ਐੱਸਆਈਟੀ ਦੇ ਨੋਡਲ ਅਫ਼ਸਰ ਹੋਣਗੇ।
ਹੁਕਮਾਂ ਦੇ ਅਨੁਸਾਰ, "ਆਈਪੀਐਸ ਅਧਿਕਾਰੀ ਰਣਧੀਰ ਕੁਮਾਰ ਦੀ ਅਗਵਾਈ ਵਾਲੀ ਐਸਆਈਟੀ ਇਨ੍ਹਾਂ ਮਾਮਲਿਆਂ ਦੀ ਜਾਂਚ ਕਰੇਗੀ। ਰਣਧੀਰ ਕੁਮਾਰ ਨੂੰ ਕਿਸੇ ਵੀ ਅਧਿਕਾਰੀ ਨੂੰ ਐੱਸਆਈਟੀ ਦੇ ਮੈਂਬਰ ਵਜੋਂ ਚੁਣਨ ਜਾਂ ਸਥਾਨਕ ਪੁਲਿਸ ਦੇ ਕਿਸੇ ਅਧਿਕਾਰੀ ਨੂੰ ਸ਼ਾਮਲ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਜਿੱਥੇ ਐਫਆਈਆਰ ਦਰਜ ਕੀਤੀ ਗਈ ਹੈ।"
ਆਦੇਸ਼ਾਂ ਮੁਤਾਬਕ ਅਜਿਹੀਆਂ ਸਾਰੀਆਂ ਸ਼ਿਕਾਇਤਾਂ ''''ਤੇ ਬਿਨਾਂ ਕਿਸੇ ਸਮੇਂ ਦੇ ਦੇਰੀ ਦੇ ਤੁਰੰਤ ਐਫਆਈਆਰ ਦਰਜ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਇੱਕ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਗਲ ਖੁਰਦ ਵਿੱਚ 2 ਮਈ ਨੂੰ ਆਈਪੀਸੀ ਦੀ ਧਾਰਾ 420 ਤਹਿਤ ਦਰਜ ਕੀਤਾ ਗਿਆ ਸੀ।

ਖਾੜੀ ਮੁਲਕਾਂ ’ਚ ਔਰਤਾਂ ਦੀ ਤਸਕਰੀ ਦਾ ਕੀ ਹੈ ਮਾਮਲਾ?
ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਬਹੁਤ ਸਾਰੀਆਂ ਔਰਤਾਂ ਰੁਜ਼ਗਾਰ ਦੀ ਭਾਲ ਵਿੱਚ ਦੁਬਈ, ਓਮਾਨ, ਮਸਕਟ ਤੇ ਹੋਰ ਕਈ ਖਾੜੀ ਮੁਲਕਾਂ ਵਿੱਚ ਜਾਂਦੀਆਂ ਹਨ।
ਕਈ ਵਾਰ ਇਹ ਔਰਤਾਂ ਜਾਅਲੀ ਟਰੈਵਲ ਏਜੰਟਾਂ ਦੀ ਮਦਦ ਨਾਲ ਉਨ੍ਹਾਂ ਮੁਲਕਾਂ ਵਿੱਚ ਪਹੁੰਚਦੀਆਂ ਹਨ ਅਤੇ ਉੱਥੇ ਉਨ੍ਹਾਂ ਨੂੰ ਕਈ ਤਰ੍ਹਾਂ ਦਾ ਸ਼ੋਸ਼ਣ ਝੱਲਣਾ ਪੈਂਦਾ ਹੈ।
ਅਜਿਹੇ ਕਈ ਕੇਸ ਸਾਹਮਣੇ ਆਉਂਦੇ ਰਹਿੰਦੇ ਹਨ ਜਦੋਂ ਦੇਖਣ ਨੂੰ ਮਿਲਦਾ ਹੈ ਕਿ ਖਾੜੀ ਮੁਲਕ ਵਿੱਚ ਫਸੀਆਂ ਔਰਤਾਂ ਨੂੰ ਕੱਢਣ ਦੀ ਗੁਹਾਰ ਲਗਾਈ ਜਾਂਦੀ ਹੈ।
ਜਿਨ੍ਹਾਂ ਵਿੱਚੋਂ ਕੁਝ ਨੂੰ ਵਾਪਸ ਵੀ ਲਿਆਂਦਾ ਗਿਆ ਹੈ। ਪਰ ਇਹ ਖਾੜੀ ਦੇਸ਼ਾਂ ਵਿੱਚ ਜਾਣ ਦਾ ਸਿਲਸਿਲਾ ਉਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ।
ਮੁਕਤਸਰ ਜ਼ਿਲ੍ਹੇ ਨਾਲ ਸਬੰਧਤ ਬਲਜੀਤ ਕੌਰ (ਬਦਲਿਆ ਹੋਇਆ ਨਾਮ) ਕੌੜੇ ਤਜਰਬੇ ਲੈ ਕੇ ਕੁਝ ਦਿਨ ਪਹਿਲਾਂ ਹੀ ਓਮਾਨ ਤੋਂ ਪਰਤੀ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਬਲਜੀਤ ਕੌਰ ਨੇ ਦੱਸਿਆ ਕਿ ਉਸ ਨਾਲ ਉੱਥੇ ਕਈ ਵਾਰ ਬਲਾਤਕਾਰ ਹੋਇਆ, ਜੇਕਰ ਉਹ ਇਸ ਤੋਂ ਮਨ੍ਹਾਂ ਕਰਦੀ ਤਾਂ ਉਸ ਨੂੰ ਕੁੱਟਿਆਂ ਜਾਂਦਾ।
ਉਨ੍ਹਾਂ ਦੱਸਿਆ ਕਿ ਜਿੰਨਾ ਚਿਰ ਉਹ ਓਮਾਨ ਵਿੱਚ ਰਹੀ, ਉਸ ਦਾ ਬਾਹਰੀ ਦੁਨੀਆਂ ਨਾਲ ਸੰਪਰਕ ਨਹੀਂ ਸੀ, ਉਸ ਨੂੰ ਇੱਕ ਕਮਰੇ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ।
34 ਔਰਤਾਂ ''''ਚੋਂ 15 ਦੇਸ਼ ਪਰਤੀਆਂ
ਮੈਂਬਰ ਪਾਰਲੀਮੈਂਟ ਵਿਕਰਮਜੀਤ ਸਿੰਘ ਸਾਹਨੀ ਨੇ ਪਿਛਲੇ ਸਮੇਂ 15 ਔਰਤਾਂ ਨੂੰ ਦੁਬਾਰਾ ਭਾਰਤ ਲਿਆਉਣ ਵਿੱਚ ਮਦਦ ਕੀਤੀ ਸੀ।
ਉਹਨਾਂ ਕਿਹਾ ਸੀ ਕਿ ਹੁਣ ਤੱਕ 34 ਔਰਤਾਂ ਦੀ ਪਛਾਣ ਹੋ ਚੁੱਕੀ ਹੈ ਅਤੇ 15 ਵਾਪਸ ਲਿਆਂਦੀਆਂ ਗਈਆਂ ਹਨ।
ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਉਹਨਾਂ ਦਾ ਪਾਰਲੀਮੈਂਟਰੀ ਦਫ਼ਤਰ ਅਤੇ ਡਬਲਿਯੂਪੀਓ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐੱਫਆਈਆਰ ਦਰਜ ਕਰਨ ਅਤੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਫਸੀਆਂ ਕੁੜੀਆ ਨੂੰ ਬਚਾਉਣ ਲਈ ਸਾਰੇ ਪੀੜਤ ਪਰਿਵਾਰਾਂ ਦੀ ਮਦਦ ਕਰ ਰਹੇ ਹਨ।
ਉਹਨਾਂ ਨੇ ਅਬੂ ਧਾਬੀ, ਓਮਾਨ ਅਤੇ ਭਾਰਤ ਵਿੱਚ ਚਾਰ ਹੈਲਪਲਾਇਨਾਂ ਸ਼ੁਰੂ ਕੀਤੀਆ ਹਨ।
ਸਾਹਨੀ ਨੇ ਵਾਪਸ ਆਉਣ ਵਾਲੀਆਂ ਸਾਰੀਆਂ ਕੁੜੀਆਂ ਅਤੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਫਸੇ ਗੈਰ ਕਾਨੂੰਨੀ ਪਰਵਾਸੀਆਂ ਦੇ ਪਰਿਵਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਸਬੰਧਤ ਥਾਣਿਆਂ ਵਿੱਚ ਕੇਸ ਦਰਜ ਕਰਾਉਣ ਤਾਂ ਜੋ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ।

ਏਜੰਟ ਕਿਸੇ ਤਰੀਕੇ ਨਾਲ ਕਰਦੇ ਹਨ ਗੁਮਰਾਹ
ਖਾੜੀ ਦੇਸ਼ਾਂ ਵਿੱਚ ਪੰਜਾਬੀ ਔਰਤਾਂ ਨੂੰ ਏਜੰਟਾਂ ਵੱਲੋਂ ਗੁਮਰਾਹ ਕਰਨਾ ਅਤੇ ਫਿਰ ਉੱਥੇ ਪਹੁੰਚਣ ਉੱਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।
ਅਜਿਹੇ ਮਾਮਲਿਆਂ ਨਾਲ ਕਾਨੂੰਨੀ ਤੌਰ ਉੱਤੇ ਨਜਿੱਠਣ ਵਾਲੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਗੁਰਭੇਜ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਕੋਲ ਪਿਛਲੇ ਤਿੰਨ ਮਹੀਨਿਆਂ ਵਿੱਚ ਚਾਰ ਅਜਿਹੇ ਕੇਸ ਆਏ ਹਨ।
ਉਹ ਕਹਿੰਦੇ ਹਨ, ''''''''ਬੇਰੁਜ਼ਗਾਰੀ ਅਤੇ ਗ਼ੁਰਬਤ ਕਾਰਨ ਮਹਿਲਾਵਾਂ ਵੱਡੇ ਪੱਧਰ ਉੱਤੇ ਏਜੰਟ ਦੇ ਝਾਂਸੇ ਵਿੱਚ ਆ ਕੇ ਦੁਬਈ ਅਤੇ ਖਾੜੀ ਦੇ ਹੋਰ ਦੇਸ਼ਾਂ ਵਿੱਚ ਜਾ ਰਹੀਆਂ ਹਨ।''''''''
ਉਹ ਦੱਸਦੇ ਹਨ, ''''''''ਅਕਸਰ ਏਜੰਟ ਮਹਿਲਾਵਾਂ ਨੂੰ ਖਾੜੀ ਦੇਸ਼ਾਂ ਵਿੱਚ ਉਥੋਂ ਦੇ ਲੋਕਾਂ ਦੇ ਘਰਾਂ ਵਿੱਚ ਘਰੇਲੂ ਨੌਕਰ ਦੇ ਤੌਰ ਉਤੇ 25000 ਤੋਂ 30,000 ਰੁਪਏ ਮਹੀਨਾ ਤਨਖ਼ਾਹ ਦਿਵਾਉਣ ਦਾ ਝਾਂਸਾ ਦਿੰਦੇ ਹਨ। ਵਿਦੇਸ਼ ਭੇਜਣ ਦੇ ਨਾਮ ਉੱਤੇ ਏਜੰਟ ਇਨ੍ਹਾਂ ਔਰਤਾਂ ਤੋਂ 50 ਹਜ਼ਾਰ ਤੋਂ 70 ਹਜ਼ਾਰ ਰੁਪਏ ਵੀ ਲੈਂਦੇ ਹਨ।''''''''
''''''''ਏਜੰਟ ਇਨ੍ਹਾਂ ਔਰਤਾਂ ਨੂੰ ਵਰਕ ਵੀਜ਼ੇ ਦੀ ਥਾਂ ਟੂਰਿਸਟ ਵੀਜ਼ੇ ਉੱਤੇ ਵਿਦੇਸ਼ ਭੇਜਦੇ ਹਨ। ਵਿਦੇਸ਼ ਪਹੁੰਚਣ ਉੱਤੇ ਮਹਿਲਾ ਨਾਲ ਜੋ ਵਾਅਦੇ ਏਜੰਟ ਭਾਰਤ ਵਿੱਚ ਕਰਦਾ ਹੈ ਉਸ ਮੁਤਾਬਕ ਕੁਝ ਵੀ ਨਹੀਂ ਹੁੰਦਾ।''''''''
ਗੁਰਭੇਜ ਸਿੰਘ ਮੁਤਾਬਕ, ''''''''ਕੁਝ ਏਜੰਟ ਇਨ੍ਹਾਂ ਕੁੜੀਆਂ ਨੂੰ ਉੱਥੇ ਵੇਚ ਦਿੰਦੇ ਹਨ, ਜਿੱਥੇ ਇਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਹੁੰਦਾ ਹੈ। ਅਨਪੜ੍ਹ ਹੋਣ ਕਾਰਨ ਇਨ੍ਹਾਂ ਔਰਤਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਆਪਣੇ ਨਾਲ ਹੋ ਰਹੀ ਵਧੀਕੀ ਲਈ ਆਵਾਜ਼ ਕਿਥੇ ਚੁੱਕਣੀ ਹੈ।''''''''
ਗੁਰਭੇਜ ਸਿੰਘ ਦੱਸਦੇ ਹਨ, ''''''''ਜੇਕਰ ਕੋਈ ਭਾਰਤੀ ਮਹਿਲਾ ਨੌਕਰੀ ਛੱਡਣਾ ਵੀ ਚਾਹੁੰਦੀ ਹੈ ਤਾਂ ਵੀ ਉਹ ਅਜਿਹਾ ਨਹੀਂ ਕਰ ਪਾਉਂਦੀ ਕਿਉਂਕਿ ਏਜੰਟ ਉਸ ਨੂੰ ਧਮਕਾਉਂਦੇ ਹਨ। ਕਈ ਮਾਮਲਿਆਂ ਵਿੱਚ ਤਾਂ ਝੂਠੇ ਚੋਰੀ ਦੇ ਕੇਸ ਵਿੱਚ ਫਸਾਉਣ ਦੀ ਵੀ ਧਮਕੀ ਦਿੱਤੀ ਜਾਂਦੀ ਹੈ, ਜਿਸ ਕਾਰਨ ਔਰਤਾਂ ਉੱਥੇ ਫਸ ਜਾਂਦੀਆਂ ਹਨ।''''''''
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)