ਸੱਤ ਘੰਟੇ ਊਠ ਦੀ ਪਿੱਠ ’ਤੇ ਸਵਾਰੀ ਤੇ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬੱਚੇ ਨੂੰ ਜਨਮ ਦੇਣ ਵਾਲੀ 19 ਸਾਲਾ ਕੁੜੀ ਦੀ ਕਹਾਣੀ

Saturday, May 27, 2023 - 02:04 PM (IST)

ਸੱਤ ਘੰਟੇ ਊਠ ਦੀ ਪਿੱਠ ’ਤੇ ਸਵਾਰੀ ਤੇ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬੱਚੇ ਨੂੰ ਜਨਮ ਦੇਣ ਵਾਲੀ 19 ਸਾਲਾ ਕੁੜੀ ਦੀ ਕਹਾਣੀ
ਯਮਨ
SADAM ALOLOFY/UNFPA
ਮੋਨਾ ਜਣੇਪੇ ਦੀ ਪੀੜ ਸਹਿਣ ਕਰਦਿਆਂ 40 ਕਿਲੋਮੀਟਰ ਦੂਰ ਹਸਪਤਾਲ ਵਿੱਚ ਪਹੁੰਚੇ

ਮੋਨਾ ਦੇ ਘਰ ਤੋਂ ਹਸਪਤਾਲ ਕਰੀਬ 40 ਕਿਲੋਮੀਟਰ ਦੂਰ ਹੈ। ਜਦੋਂ ਉਸ ਨੂੰ ਪ੍ਰਸੂਤਾ ਪੀੜ ਹੋਣ ਲੱਗੀ ਤਾਂ ਇੱਕ ਊਠ ਉਨ੍ਹਾਂ ਦਾ ਸਹਾਰਾ ਬਣਿਆ।

ਉੱਤਰ-ਪੱਛਮੀ ਯਮਨ ਦੇ ਸੂਬੇ ਮਹਵੀਤ ਦੇ ਇੱਕ ਪਿੰਡ ਅਲ-ਮਕਰਾ ਵਿੱਚ ਰਹਿਣ ਵਾਲੀ 19 ਸਾਲਾ ਮੋਨਾ ਲਈ ਹਸਪਤਾਲ ਪਹੁੰਚਣਾ ਇੱਕ ਵੱਡੀ ਚੁਣੌਤੀ ਸੀ।

ਸਭ ਤੋਂ ਨੇੜਲਾ ਹਸਪਤਾਲ ਬਾਨੀ ਸਾਦ ਵਿੱਚ ਸੀ। ਮੋਨਾ ਦਾ ਘਰ ਇੱਕ ਪਹਾੜ ਉੱਤੇ ਸੀ ਤੇ ਹਸਪਤਾਲ ਉਸਦੇ ਘਰ ਤੋਂ ਕਰੀਬ 25 ਮੀਲ ਯਾਨੀ 40 ਕਿਲੋਮੀਟਰ ਦੀ ਦੂਰੀ ’ਤੇ ਸੀ।

ਵੈਸੇ ਤਾਂ ਉਨ੍ਹਾਂ ਦੇ ਘਰ ਤੋਂ ਹਸਪਤਾਲ ਦਾ ਸਫ਼ਰ ਚਾਰ ਘੰਟਿਆਂ ਦੀ ਹੀ ਹੋਣਾ ਸੀ ਜੇ ਸੜਕ ਉੱਤੇ ਕੋਈ ਆਵਾਜਾਈ ਦਾ ਸਾਧਨ ਹੁੰਦਾ।

ਪਰ ਮੋਨਾ ਦੇ ਘਰ ਤੋਂ ਹਸਪਤਾਲ ਨੂੰ ਕੋਈ ਪੱਕੀ ਸੜਕ ਨਹੀਂ ਜਾਂਦੀ ਤੇ ਖ਼ਰਾਬ ਮੌਸਮ ਨੇ ਇਹ ਸਫ਼ਰ ਹੋਰ ਲੰਬਾ ਕਰ ਦਿੱਤਾ ਕਾਰਨ ਉਨ੍ਹਾਂ ਨੂੰ ਇਹ ਸਫ਼ਰ ਤੈਅ ਕਰਨ ਵਿੱਚ ਸੱਤ ਘੰਟੇ ਲੱਗ ਗਏ।

ਸਫ਼ਰ ਦੌਰਾਨ ਮੋਨਾ ਨੇ ਲਗਾਤਾਰ ਜਣੇਪੇ ਦਾ ਦਰਦ ਝੱਲਿਆ।

ਉਹ ਕਹਿੰਦੇ ਹਨ, "ਲੱਗਦਾ ਸੀ ਕਿ ਊਠ ਦਾ ਹਰ ਕਦਮ ਮੇਰੀ ਜਾਨ ਲੈ ਲਵੇਗਾ।"

ਯਮਨ
SADAM ALOLOFY/UNFPA
ਮੋਨਾ ਨੇ ਕੁਝ ਸਫ਼ਰ ਊਠ ’ਤੇ ਤੈਅ ਕੀਤਾ ਤੇ ਕੁਝ ਪੈਦਲ

ਅੱਧ ਰਸਤੇ ਊਠ ਲਈ ਵੀ ਅੱਗੇ ਵੱਧਣਾ ਔਖਾ ਹੋ ਗਿਆ। ਮੋਨਾ ਊਠ ਦੀ ਪਿੱਠ ਤੋਂ ਉਤਰ ਗਈ ਤੇ ਉਸਨੇ ਆਪਣੇ ਪਤੀ ਨਾਲ ਪੈਦਲ ਹਸਪਤਾਲ ਤੱਕ ਪਹੁੰਚਣ ਦਾ ਫ਼ੈਸਲਾ ਲਿਆ।

ਬਾਨੀ ਸਾਦ ਯਮਨ ਦੇ ਮਹਵੀਤ ਸੂਬੇ ਦਾ ਉਹ ਹਸਪਤਾਲ ਹੈ, ਜੋ ਹਜ਼ਾਰਾਂ ਔਰਤਾਂ ਦੇ ਇਲਾਜ ਲਈ ਇੱਕੋ-ਇੱਕ ਟਿਕਾਣਾ ਹੈ।

ਮੋਨਾ ਦੇ ਪਿੰਡ ਤੋਂ ਇੱਥੇ ਪਹੁੰਚਣ ਦੇ ਦੋ ਹੀ ਤਰੀਕੇ ਹਨ, ਊਠ ਦੀ ਪਿੱਠ ''''ਤੇ ਸਵਾਰ ਹੋ ਕੇ ਪਹਾੜੀ ਰਸਤਾ ਪਾਰ ਕਰਨਾ ਜਾਂ ਪੈਦਲ ਹਸਪਤਾਲ ਪਹੁੰਚਣਾ।

ਮੋਨਾ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਸਫਰ ਦੌਰਾਨ ਊਠ ''''ਤੇ ਸਵਾਰ ਰਹੇ, ਉਦੋਂ ਤੱਕ ਉਹ ਆਪਣੀ ਅਤੇ ਆਪਣੇ ਅਣਜੰਮੇ ਬੱਚੇ ਦੀ ਸੁਰੱਖਿਆ ਦੀ ਚਿੰਤਾ ਕਰਦੇ ਰਹੇ।

ਉਹ ਦੱਸਦੇ ਹਨ, "ਪਹਾੜੀ ਸੜਕ ਬਹੁਤ ਖੱਜਲ-ਖੁਆਰੀ ਭਰੀ ਸੀ। ਇਹ ਸਫ਼ਰ ਮਾਨਸਿਕ ਅਤੇ ਸਰੀਰਕ ਤੌਰ ''''ਤੇ ਬਹੁਤ ਥਕਾਉਣ ਵਾਲਾ ਸੀ।”

“ਕਈ ਵਾਰ ਅਜਿਹਾ ਹੋਇਆ ਕਿ ਮੈਂ ਅੱਲ੍ਹਾ ਅੱਗੇ ਪ੍ਰਾਰਥਨਾ ਕਰ ਰਹੀ ਸੀ ਕਿ ਉਹ ਮੈਨੂੰ ਆਪਣੇ ਕੋਲ ਬੁਲਾ ਲਵੇ ਅਤੇ ਮੈਨੂੰ ਇਸ ਦਰਦ ਤੋਂ ਰਾਹਤ ਦੇਵੇ ਨਾਲ ਹੀ ਕਹਿ ਰਹੀ ਸੀ ਕਿ ਮੇਰੇ ਬੱਚੇ ਨੂੰ ਬਚਾ ਲਵੇ।"

ਮੋਨਾ ਨੂੰ ਯਾਦ ਨਹੀਂ ਕਿ ਉਹ ਕਦੋਂ ਹਸਪਤਾਲ ਪਹੁੰਚੇ ਅਤੇ ਕਦੋਂ ਉਨ੍ਹਾਂ ਦਾ ਇਲਾਜ ਹੋਇਆ। ਉਨ੍ਹਾਂ ਨੂੰ ਸਿਰਫ ਇੰਨਾ ਯਾਦ ਹੈ ਕਿ ਜਦੋਂ ਅੱਖ ਖੁੱਲ੍ਹੀ ਤਾਂ ਉਨ੍ਹਾਂ ਦਾ ਛੋਟਾ ਬੱਚਾ ਡਾਕਟਰਾਂ ਅਤੇ ਦਾਈ ਦੀ ਗੋਦ ਵਿੱਚ ਸੀ ਅਤੇ ਰੋ ਰਿਹਾ ਸੀ।

ਮੋਨਾ ਅਤੇ ਉਨ੍ਹਾਂ ਦੇ ਪਤੀ ਨੇ ਆਪਣੇ ਬੇਟੇ ਦਾ ਨਾਂ ਜੈਰਾ ਰੱਖਿਆ ਹੈ। ਜੈਰਾ ਉਸ ਡਾਕਟਰ ਦਾ ਨਾਂ ਹੈ ਜਿਸ ਨੇ ਮੋਨਾ ਅਤੇ ਉਸ ਦੇ ਬੱਚੇ ਦਾ ਇਲਾਜ ਕੀਤਾ ਅਤੇ ਉਨ੍ਹਾਂ ਦੀ ਜਾਨ ਬਚਾਈ।

ਯਮਨ
BBC

ਹਸਪਤਾਲ ਦਾ ਚੁਣੌਤੀਪੂਰਣ ਸਫ਼ਰ

ਹਸਪਤਾਲ ਦੇ ਆਲੇ-ਦੁਆਲੇ ਦੇ ਪਿੰਡਾਂ ਤੋਂ ਇੱਥੇ ਪਹੁੰਚਣ ਦਾ ਰਸਤਾ ਬਹੁਤ ਤੰਗ ਅਤੇ ਮੁਸ਼ਕਿਲਾਂ ਨਾਲ ਭਰਿਆ ਹੋਇਆ ਹੈ।

ਕਈ ਸੜਕਾਂ ਟੁੱਟੀਆਂ ਹੋਈਆਂ ਹਨ ਤਾਂ ਕਈ ਸਾਲਾਂ ਤੋਂ ਜਾਰੀ ਜੰਗ ਕਾਰਨ ਸੜਕ ਬੰਦ ਹੈ।

ਪਿਛਲੇ ਅੱਠ ਸਾਲਾਂ ਤੋਂ, ਯਮਨ ਵਿੱਚ ਸਰਕਾਰ-ਸਮਰਥਿਤ ਬਲਾਂ (ਜਿਨ੍ਹਾਂ ਨੂੰ ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਬਲਾਂ ਦਾ ਸਮਰਥਨ ਪ੍ਰਾਪਤ ਹੈ) ਅਤੇ ਈਰਾਨ-ਸਮਰਪਿਤ ਹੋਤੀ ਬਾਗ਼ੀ ਸਮੂਹਾਂ ਦਰਮਿਆਨ ਸੰਘਰਸ਼ ਚੱਲ ਰਿਹਾ ਹੈ।

ਇਸ ਨਾਲ ਇੱਥੋਂ ਦੇ ਪਿੰਡਾਂ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ’ਤੇ ਵੱਡਾ ਅਸਰ ਪਿਆ ਹੈ।

ਇੱਥੇ ਅਕਸਰ ਹੀ ਗਰਭਵਤੀ ਔਰਤਾਂ ਨੂੰ ਪਹਾੜੀ ਰਾਹ ਪਾਰ ਕਰਵਾਉਣ ਵਿੱਚ ਔਰਤਾਂ ਤੇ ਹੋਰ ਪਰਿਵਾਰਕ ਮੈਂਬਰ ਮਦਦ ਕਰਦੇ ਹਨ।

33 ਸਾਲਾਂ ਦੇ ਸਲਮਾ ਅਬਦੂ ਨੇ ਇੱਕ ਗਰਭਵਤੀ ਔਰਤ ਨੂੰ ਹਸਪਤਾਲ ਲਿਜਾਣ ਵਿੱਚ ਮਦਦ ਕੀਤੀ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਅੱਧੇ ਸਫ਼ਰ ਦੌਰਾਨ ਉਨ੍ਹਾਂ ਨੇ ਇੱਕ ਗਰਭਵਤੀ ਔਰਤ ਦੀ ਲਾਸ਼ ਦੇਖੀ। ਉਹ ਦੱਸਦੇ ਹਨ ਕਿ ਰਾਤ ਨੂੰ ਸਫ਼ਰ ਕਰਦੇ ਸਮੇਂ ਉਸ ਦੀ ਮੌਤ ਹੋ ਗਈ ਸੀ।

ਯਮਨ
SADAM ALOLOFY/UNFPA
ਯਮਨ ਵਿੱਚ ਸਿਹਤ ਸੇਵਾਵਾਂ ਲਈ ਪ੍ਰਾਪਤ ਹੋਣ ਵਾਲੀ ਕੌਮਾਂਤਰੀ ਸਹਾਇਤਾ ਵਿੱਚ ਲਗਾਤਾਰ ਕਮੀ ਹੋ ਰਹੀ ਹੈ

ਸਲਮਾ ਨੇ ਲੋਕਾਂ ਨੂੰ ਔਰਤਾਂ ਅਤੇ ਬੱਚਿਆਂ ''''ਤੇ ਰਹਿਮ ਕਰਨ ਦੀ ਅਪੀਲ ਕੀਤੀ।

ਉਹ ਕਹਿੰਦੇ ਹਨ, "ਸਾਨੂੰ ਸੜਕਾਂ, ਹਸਪਤਾਲ ਅਤੇ ਦਵਾਈਆਂ ਦੀਆਂ ਦੁਕਾਨਾਂ ਦੀ ਲੋੜ ਹੈ। ਅਸੀਂ ਇਸ ਘਾਟੀ ਵਿੱਚ ਫ਼ਸੇ ਹੋਏ ਹਾਂ। ਇੰਨਾ ਮੁਸ਼ਕਲ ਸਫ਼ਰ ਕਰਦੇ ਹੋਏ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।"

ਹਾਲਾਂਕਿ ਇੱਥੇ ਹਸਪਤਾਲ ਤੱਕ ਪਹੁੰਚਣਾ ਨਾ ਸਿਰਫ ਮੁਸ਼ਕਲ ਹੈ, ਇੱਥੇ ਇੱਕ ਸਮੱਸਿਆ ਗਰੀਬੀ ਵੀ ਹੈ। ਬਹੁਤ ਸਾਰੇ ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਹਸਪਤਾਲ ਪਹੁੰਚਣ ਦੇ ਸਾਧਨ ਨਹੀਂ ਹਨ।

ਯਮਨ ਵਿੱਚ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਸੰਸਥਾ, ਸੰਯੁਕਤ ਨੇਸ਼ਨਜ਼ ਪਾਪੂਲੇਸ਼ਨ ਫੰਡ (ਯੂਐੱਨਐੱਫਪੀਏ) ਦੇ ਹਿਚਾਮ ਨਾਹਰੋ ਦਾ ਕਹਿਣਾ ਹੈ ਕਿ ਯਮਨ ਵਿੱਚ ਹਰ ਦੋ ਘੰਟੇ ਵਿੱਚ ਇੱਕ ਔਰਤ ਦੀ ਮੌਤ ਜਣੇਪੇ ਦੌਰਾਨ ਹੁੰਦੀ ਹੈ, ਜਦਕਿ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਹੈ।

ਹਿਚਾਮ ਨਾਹਰੋ ਕਹਿੰਦੇ ਹਨ, "ਯਮਨ ਦੇ ਪੇਂਡੂ ਖੇਤਰਾਂ ਵਿੱਚ ਔਰਤਾਂ ਦੀ ਰੂਟੀਨ ਵਿੱਚ ਸਿਹਤ ਜਾਂਚ ਵੀ ਨਹੀਂ ਹੁੰਦੀ। ਕਈ ਮਾਮਲਿਆਂ ਜਿਵੇਂ ਕਿ ਸਮੇਂ ਤੋਂ ਪਹਿਲਾਂ ਖੂਨ ਨਿਕਲਣਾ ਜਾਂ ਅਚਾਨਕ ਤੇਜ਼ ਦਰਦ ਹੋਣ ਦੀ ਸਥਿਤੀ ਵਿੱਚ ਗਰਭਵਤੀ ਔਰਤਾਂ ਨੂੰ ਫ਼ੌਰੀ ਤੌਰ ’ਤੇ ਮਦਦ ਵੀ ਨਹੀਂ ਮਿਲ ਪਾਉਂਦੀ।"

ਯੂਐੱਨਐੱਫ਼ਪੀਏ ਮੁਤਾਬਕ ਬਹੁਤ ਥੋੜ੍ਹੇ ਜਿਹੇ ਮਾਮਲਿਆਂ ਵਿੱਚ ਸਿਖਲਾਈ ਪ੍ਰਾਪਤ ਡਾਕਟਰਾਂ ਦੀ ਨਿਗਰਾਨੀ ਹੇਠ ਗਰਭਵਤੀ ਔਰਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਜਣੇਪੇ ਦੇ ਇੱਕ ਤਿਹਾਈ ਮਾਮਲੇ ਹੀ ਹਸਪਤਾਲਾਂ ਤੱਕ ਪਹੁੰਚਦੇ ਹਨ।

ਸੰਸਥਾ ਦਾ ਕਹਿਣਾ ਹੈ ਕਿ ਯਮਨ ਦੀ ਵੱਡੀ ਗਿਣਤੀ ਆਬਾਦੀ ਨੂੰ ਹਸਪਤਾਲ ਪਹੁੰਚਣ ਲਈ ਘੱਟੋ-ਘੱਟ ਇੱਕ ਘੰਟੇ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ।

ਯਮਨ
BBC

ਯਮਨ ਦੇ ਹਾਲਾਤ

ਅਜਿਹਾ ਨਹੀਂ ਕਿ ਜੰਗ ਤੋਂ ਪਹਿਲਾਂ ਯਮਨ ਦੀ ਸਥਿਤੀ ਬਹੁਤ ਬਿਹਤਰ ਸੀ, ਪਰ ਜੰਗ ਨੇ ਹਾਲਾਤ ਹੋਰ ਵੀ ਖ਼ਰਾਬ ਕਰ ਦਿੱਤੇ ਹਨ।

ਜੰਗ ਕਾਰਨ ਯਮਨ ਦੀਆਂ ਸੜਕਾਂ ਅਤੇ ਵਧੀਆ ਹਸਪਤਾਲ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।

ਮੌਜੂਦਾ ਹਾਲਾਤ ਅਜਿਹੇ ਹਨ ਕਿ ਲੋੜ ਪੈਣ ''''ਤੇ ਲੋਕਾਂ ਲਈ ਹਸਪਤਾਲ ਪਹੁੰਚਣਾ ਤਕਰੀਬਨ ਅਸੰਭਵ ਹੋ ਗਿਆ ਹੈ।

ਜਿੱਥੋਂ ਤੱਕ ਹਸਪਤਾਲਾਂ ਦਾ ਸਬੰਧ ਹੈ, ਇੱਥੇ ਨਾ ਸਿਰਫ਼ ਸਿੱਖਿਅਤ ਡਾਕਟਰਾਂ ਦੀ ਘਾਟ ਹੈ, ਸਗੋਂ ਦਵਾਈਆਂ ਅਤੇ ਲੋੜੀਂਦੇ ਉਪਕਰਨਾਂ ਦੀ ਵੀ ਘਾਟ ਹੈ। ਪਿਛਲੇ ਸਾਲਾਂ ਤੋਂ ਸੜਕਾਂ ਅਤੇ ਬੁਨਿਆਦੀ ਢਾਂਚੇ ''''ਤੇ ਨਿਵੇਸ਼ ਨਹੀਂ ਹੋਇਆ ਹੈ।

ਯੂਐੱਨਐੱਫ਼ਪੀਏ ਮੁਤਾਬਕ ਇੱਥੇ ਪੰਜ ਵਿੱਚੋਂ ਸਿਰਫ਼ ਇੱਕ ਹਸਪਤਾਲ ਵਿੱਚ ਜੱਚਾ-ਬੱਚਾ ਲਈ ਲੋੜੀਂਦੀਆਂ ਸਿਹਤ ਸਹੂਲਤਾਂ ਉਪਲਬਧ ਹਨ।

ਮੋਨਾ ਦੀ ਕਹਾਣੀ ਯਮਨ ਵਿੱਚ ਗਰਭਵਤੀ ਔਰਤਾਂ ਨੂੰ ਦਰਪੇਸ਼ ਮੁਸ਼ਕਲਾਂ ਦੀ ਮਹਿਜ਼ ਇੱਕ ਉਦਾਹਰਣ ਹੈ।

ਯਮਨ ''''ਚ 80 ਫ਼ੀਸਦ ਲੋਕਾਂ ਦੀ ਨਿਰਭਰਤਾ ਰਾਹਤ ''''ਚ ਮਿਲਣ ਵਾਲੇ ਸਮਾਨ ''''ਤੇ ਹੈ।

ਇੱਥੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਲੋਕਾਂ ਕੋਲ ਕਾਰ ਵਰਗੇ ਕਿਸੇ ਸਾਧਨ ਦੀ ਗੱਲ ਕਰਨਾ ਬੇਅਰਥ ਹੈ।

ਇਸ ਤਰ੍ਹਾਂ ਦੀ ਹੀ ਇੱਕ ਕਹਾਣੀ ਹਾਏਲਿਆ ਦੀ ਹੈ।

ਹਾਏਲਿਆ ਦੇ ਪਤੀ ਨੇ ਆਪਣੇ ਬਚੇ ਹੋਏ ਪੈਸਿਆਂ ਦੀ ਵਰਤੋਂ ਕਰਕੇ ਕਿਰਾਏ ''''ਤੇ ਮੋਟਰਸਾਈਕਲ ਲਿਆ ਤੇ ਪਤਨੀ ਨੂੰ ਹਸਪਤਾਲ ਪਹੁੰਚਾਇਆ। ਉਸ ਨੇ ਇਹ ਪੈਸੇ ਉਸ ਸਮੇਂ ਬਚਾਏ ਸਨ ਜਦੋਂ ਉਹ ਸਾਊਦੀ ਅਰਬ ਵਿੱਚ ਕੰਮ ਕਰਦਾ ਸੀ।

ਜਦੋਂ ਹਾਏਲਿਆ ਨੂੰ ਜਣੇਪੇ ਦਾ ਦਰਦ ਹੋਣ ਲੱਗਿਆ ਤਾਂ ਪਤੀ ਦੇ ਭਰਾ ਨੇ ਹਾਏਲਿਆ ਨੂੰ ਮੋਟਰਸਾਈਕਲ ''''ਤੇ ਬਿਠਾਇਆ ਤੇ ਹਸਪਤਾਲ ਪਹੁੰਚਾ ਦਿੱਤਾ। ਪਰ ਰਸਤੇ ਵਿੱਚ ਉਹ ਮੋਟਰਸਾਈਕਲ ਤੋਂ ਡਿੱਗ ਗਈ ਸੀ।

ਉਸ ਨੂੰ ਕਿਸੇ ਤਰ੍ਹਾਂ ਧਾਮਾਰ ਦੇ ਹਦਾਕਾ ਹੈਲਥ ਕੇਂਦਰ ਪਹੁੰਚਾਇਆ ਗਿਆ। ਇਸ ਸਮੇਂ ਤੱਕ ਉਸ ਦੀ ਹਾਲਤ ਵਿਗੜ ਚੁੱਕੀ ਸੀ। ਉਸ ਨੂੰ ਤੁਰੰਤ ਸਰਜਰੀ ਲਈ ਲਿਜਾਇਆ ਗਿਆ।

ਯਮਨ
Getty Images
ਲੰਬੀ ਜੰਗ ਦੇ ਚਲਦਿਆਂ ਯਮਨ ਵਿੱਚ ਬਹੁਤੇ ਹਸਪਤਾਲ ਜੱਚਾ-ਬੱਚਾ ਲਈ ਲੋੜੀਂਦੀਆ ਸਿਹਤ ਸਹੂਲਤਾਂ ਤੋਂ ਵਾਂਝੇ ਹਨ

ਮਾਵਾਂ ਦੀ ਸਿਹਤ ਬਚਾਉਣ ਦੀ ਕੋਸ਼ਿਸ਼

30 ਸਾਲਾ ਹਾਏਲਿਆ ਕਹਿੰਦੇ ਹਨ, "ਮੈਂ ਸੋਚਿਆ ਕਿ ਇਹ ਮੇਰੀ ਜ਼ਿੰਦਗੀ ਦੇ ਆਖਰੀ ਪਲ ਹਨ। ਮੈਨੂੰ ਨਹੀਂ ਸੀ ਲੱਗਦਾ ਕਿ ਮੇਰੀ ਅਤੇ ਮੇਰੇ ਬੱਚੇ ਦੀ ਜਾਨ ਬਚ ਜਾਵੇਗੀ।"

ਉਸ ਦੀ ਗਰਭ ਅਵਸਥਾ ਦੌਰਾਨ, ਡਾਕਟਰਾਂ ਨੇ ਉਸ ਨੂੰ ਚੇਤਾਵਨੀ ਦਿੱਤੀ ਸੀ ਕਿ ਬਹੁਤ ਜ਼ਿਆਦਾ ਖੂਨ ਵਹਿਣ ਅਤੇ ਗਰਭ ਅਵਸਥਾ ਨਾਲ ਜੁੜੀਆਂ ਪੇਚੀਦਗੀਆਂ ਕਾਰਨ ਹੋਮ ਡਿਲੀਵਰੀ ਖ਼ਤਰਨਾਕ ਸਾਬਤ ਹੋ ਸਕਦੀ ਹੈ।

ਸਿਹਤ ਕੇਂਦਰ ਦੇ ਡਾਕਟਰਾਂ ਨੇ ਦੱਸਿਆ ਕਿ ਹਾਏਲਿਆ ਨੇ ਬੱਚੀ ਨੂੰ ਜਨਮ ਦਿੱਤਾ ਹੈ। ਉਹ ਅਤੇ ਉਸ ਦੀ ਬੱਚੀ ਨੂੰ ਆਖਰੀ ਸਮੇਂ ''''ਤੇ ਬਚਾ ਲਿਆ ਗਿਆ।

ਹਾਏਲਿਆ ਨੇ ਆਪਣੀ ਬੱਚੀ ਦਾ ਨਾਮ ਅਮਾਲ ਰੱਖਿਆ, ਇੱਕ ਅਰਬੀ ਸ਼ਬਦ ਜਿਸਦਾ ਅਰਥ ਹੈ ‘ਉਮੀਦ’।

ਉਹ ਕਹਿੰਦੇ ਹਨ, "ਮੈਂ ਆਪਣੀ ਬੱਚੀ ਨੂੰ ਤਕਰੀਬਨ ਗੁਆ ਚੁੱਕੀ ਸੀ। ਤੁਸੀਂ ਕਹਿ ਸਕਦੇ ਹੋ ਕਿ ਇਸ ਜੰਗ ਕਾਰਨ ਆਪਣੀ ਜਾਨ ਗੁਆ ਚੁੱਕੀ ਸੀ। ਮੇਰੀ ਬੱਚੀ ਨੇ ਮੈਨੂੰ ਇੱਕ ਨਵੀਂ ਉਮੀਦ ਦਿੱਤੀ ਹੈ।"

ਪਰ ਯਮਨ ਨੂੰ ਜੋ ਕੌਮਾਂਤਰੀ ਸਹਾਇਤਾ ਮਿਲ ਰਹੀ ਹੈ, ਉਹ ਹੌਲੀ-ਹੌਲੀ ਘਟਦੀ ਜਾ ਰਹੀ ਹੈ ਅਤੇ ਅਜਿਹੀ ਹਾਲਾਤ ਵਿੱਚ, ਬਾਨੀ ਸਾਦ ਵਰਗੇ ਹਸਪਤਾਲਾਂ ਨੂੰ ਜੋ ਮਦਦ ਮਿਲ ਰਹੀ ਹੈ, ਉਹ ਵੀ ਘਟ ਰਹੀ ਹੈ।

ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਮਾਵਾਂ ਅਤੇ ਬੱਚਿਆਂ ਨੂੰ ਲੈ ਕੇ ਚਿੰਤਤ ਹਨ ਕਿ ਸਥਿਤੀ ਅਜਿਹੀ ਨਾ ਬਣ ਜਾਵੇ ਕਿ ਉਨ੍ਹਾਂ ਨੂੰ ਚੋਣ ਕਰਨ ਲਈ ਮਜਬੂਰ ਹੋਣਾ ਪਵੇ ਕਿ ਕਿਸਦਾ ਇਲਾਜ ਕਰਨ ਅਤੇ ਕਿਸ ਦਾ ਨਾ ਕਰਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News