ਖਾੜੀ ਮੁਲਕਾਂ ''''ਚ ਕੁੜੀਆਂ ਦੇ ਫਸਣ ਦੇ ਮਸਲੇ ਦਾ ਹੱਲ ਇਹ ਹੋ ਸਕਦਾ ਹੈ - ਐੱਸਪੀਐੱਸ ਓਬਰਾਏ

Friday, May 26, 2023 - 08:04 AM (IST)

ਖਾੜੀ ਮੁਲਕਾਂ ''''ਚ ਕੁੜੀਆਂ ਦੇ ਫਸਣ ਦੇ ਮਸਲੇ ਦਾ ਹੱਲ ਇਹ ਹੋ ਸਕਦਾ ਹੈ - ਐੱਸਪੀਐੱਸ ਓਬਰਾਏ
ਐੱਸਪੀ ਓਬਰਾਏ
BBC
ਦੁਬਈ ਵਿੱਚ ਕਾਰੋਬਾਰੀ ਤੇ ਸਮਾਜ ਸੇਵੀ ਐੱਸਪੀਐੱਸ ਓਬਰਾਏ

ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਬਹੁਤ ਸਾਰੀਆਂ ਔਰਤਾਂ ਰੁਜ਼ਗਾਰ ਦੀ ਭਾਲ ਵਿੱਚ ਦੁਬਈ, ਓਮਾਨ, ਮਸਕਟ ਤੇ ਹੋਰ ਕਈ ਖਾੜੀ ਮੁਲਕਾਂ ਵਿੱਚ ਜਾਂਦੀਆਂ ਹਨ।

ਕਈ ਵਾਰ ਇਹ ਔਰਤਾਂ ਜਾਅਲੀ ਟਰੈਵਲ ਏਜੰਟਾਂ ਦੀ ਮਦਦ ਨਾਲ ਉਨ੍ਹਾਂ ਮੁਲਕਾਂ ਵਿੱਚ ਪਹੁੰਚਦੀਆਂ ਹਨ ਅਤੇ ਉੱਥੇ ਉਨ੍ਹਾਂ ਨੂੰ ਕਈ ਤਰ੍ਹਾਂ ਦਾ ਸ਼ੋਸ਼ਣ ਝੱਲਣਾ ਪੈਂਦਾ ਹੈ।

ਅਜਿਹੇ ਕਈ ਕੇਸ ਸਾਹਮਣੇ ਆਉਂਦੇ ਰਹਿੰਦੇ ਹਨ ਜਦੋਂ ਦੇਖਣ ਨੂੰ ਮਿਲਦਾ ਹੈ ਕਿ ਖਾੜੀ ਮੁਲਕ ਵਿੱਚ ਫਸੀਆਂ ਔਰਤਾਂ ਨੂੰ ਕੱਢਣ ਦੀ ਗੁਹਾਰ ਲਗਾਈ ਜਾਂਦੀ ਹੈ।

ਪਿਛਲੇ ਦਿਨਾਂ ਵਿੱਚ ਇੱਕ ਵੀਡੀਓ ਸਾਹਮਣੇ ਆਈ ਸੀ ਜਿੱਥੇ ਕੁਝ ਔਰਤਾਂ ਖ਼ੁਦ ਨੂੰ ਬਚਾਉਣ ਲਈ ਗੁਹਾਰ ਲਗਾ ਰਹੀਆਂ ਸਨ।

ਪੀੜਤ
BBC
ਓਮਾਨ ਤੋਂ ਭਾਰਤੀ ਪਰਤੀ ਇਸ ਔਰਤ ਨੇ ਬੀਬੀਸੀ ਨਾਲ ਆਪਣੀ ਹੱਡਬੀਤੀ ਸਾਂਝੀ ਕੀਤੀ ਸੀ

ਜਿਨ੍ਹਾਂ ਵਿੱਚੋਂ ਕੁਝ ਨੂੰ ਵਾਪਸ ਵੀ ਲਿਆਂਦਾ ਗਿਆ ਹੈ। ਪਰ ਇਹ ਖਾੜੀ ਦੇਸ਼ਾਂ ਵਿੱਚ ਜਾਣ ਦਾ ਸਿਲਸਿਲਾ ਉਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ।

ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਦੁਬਈ ਦੇ ਕਾਰੋਬਾਰੀ ਤੇ ਸਮਾਜ ਸੇਵੀ ਐੱਸਪੀਐੱਸ ਓਬਾਰਾਏ ਨਾਲ ਗੱਲਬਾਤ ਕੀਤੀ।

ਐੱਸਪੀਐੱਸ ਓਬਰਾਏ ਇਸ ਮਾਮਲੇ ਨੂੰ ਅਕਸਰ ਭਾਰਤ ਸਰਕਾਰ ਅੱਗੇ ਚੁੱਕਦੇ ਰਹੇ ਹਨ ਅਤੇ ਉਨ੍ਹਾਂ ਨੇ ਸਮੇਂ-ਸਮੇਂ ''''ਤੇ ਕਈਆਂ ਕੁੜੀਆਂ ਤੇ ਮੁੰਡਿਆਂ ਨੂੰ ਵਾਪਸ ਭਾਰਤ ਵੀ ਲਿਆਂਦਾ ਹੈ।

ਇਸ ਗੱਲਬਾਤ ਦੌਰਾਨ ਐੱਸਪੀਐੱਸ ਓਬਰਾਏ ਨੇ ਆਪਣੇ ਵਿਚਾਰ ਅਤੇ ਇਸ ਮੁੱਦੇ ਦੀ ਗੰਭੀਰਤਾ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ।

ਐੱਸਪੀ ਓਬਰਾਏ
BBC
ਐੱਸਪੀਐੱਸ ਓਬਰਾਏ ਉਹ ਸ਼ਖ਼ਸ ਹਨ, ਜੋ ਹੁਣ ਤੱਕ ਖਾੜੀ ਮੁਲਕਾਂ ਵਿੱਚ ਫਸੇ ਕਈ ਭਾਰਤੀਆਂ ਨੂੰ ਵਾਪਿਸ ਲਿਆਉਣ ਵਿੱਚ ਮਦਦ ਕਰ ਚੁੱਕੇ ਹਨ

ਸਵਾਲ- ਇਹ ਮਸਲਾ ਕੀ ਹੈ ?

ਜਵਾਬ - ਇਹ ਸਿਲਸਿਲਾ ਹੁਣ ਨਹੀਂ ਸ਼ੁਰੂ ਹੋਇਆ, ਇਹ ਬੜਾ ਪੁਰਾਣਾ ਤੁਰਿਆ ਆ ਰਿਹਾ ਹੈ। ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਅਤੇ ਕੁੜੀਆਂ ਵਾਪਿਸ ਵੀ ਆ ਰਹੀਆਂ ਹਨ।

ਪੁਰ ਜਿੰਨੀਆਂ ਕੁੜੀਆਂ ਵਾਪਿਸ ਆ ਰਹੀਆਂ ਹਨ, ਉਸ ਤੋਂ ਵੱਧ ਉੱਧਰ ਜਾ ਰਹੀਆਂ ਹਨ। ਜਿਹੜੀ ਗਿਣਤੀ 2019 ਵਿੱਚ 104 ਜਾਂ 105 ਸੀ ਪਰ ਹੁਣ ਇਹ ਦਾਅਵਾ ਕਰਦੇ ਹਨ ਕਿ ਅਸੀਂ 250-300 ਕੁੜੀਆਂ ਹਨ।

ਅੱਜ ਦੀ ਤਰੀਕ ਵਿੱਚ ਕੋਈ ਪੰਜ-ਸਾਢੇ ਪੰਜ ਸੌ ਕੁੜੀ, ਉੱਥੇ ਫਸੀ ਹੋਈ ਹੈ ਕਿਉਂਕਿ ਚਾਰ-ਸਾਢੇ ਚਾਰ ਸੌ ਦਾ ਤਾਂ ਮੇਰੇ ਕੋਲ ਹੀ ਫੋਨ ਜਾਂ ਮੈਸੇਜ ਆਉਂਦੇ ਹਨ।

ਦੋ ਤਰੀਕੇ ਨਾਲ ਕੁੜੀਆਂ ਨੂੰ ਕੱਢਿਆਂ ਜਾਂਦਾ ਹੈ। ਇੱਕ ਤਾਂ ਇਹ ਕਿ ਘਰਦਿਆਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੀ ਧੀ ਨੂੰ ਅਸੀਂ ਨਰਸਿੰਗ, ਟੀਚਿੰਗ ਜਾਂ ਕਿਸੇ ਭਾਰਤੀ ਘਰ ਵਿੱਚ ਲਗਾਵਾਂਗੇ।

ਇੱਥੋਂ ਇਹ ਕੁੜੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਕੁਝ ਨਹੀਂ ਪਤਾ ਹੁੰਦਾ, ਕਦੇ ਉਨ੍ਹਾਂ ਨੇ ਖਾਣਾ ਨਹੀਂ ਬਣਾਇਆ ਹੁੰਦਾ, ਕਦੇ ਵੀ ਕੋਈ ਕੰਮ ਨਹੀਂ ਕੀਤਾ ਹੁੰਦਾ।

ਕੁੜੀਆਂ
SM GRAB
ਓਮਾਨ ਵਿੱਚ ਫਸੀਆਂ ਕੁੜੀਆਂ ਦਾ ਇਹ ਵੀਡੀਓ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਪੋਸਟ ਕੀਤਾ ਸੀ

ਏਜੰਟ ਪਰਿਵਾਰ ਨੂੰ ਕਹਿੰਦੇ ਹਨ ਕਿ ਤੁਸੀਂ ਫਿਕਰ ਨਾ ਕਰੋ, ਤੁਹਾਨੂੰ ਕੁਝ ਦੇਣ ਦੀ ਲੋੜ ਨਹੀਂ, ਕੁੜੀ ਉੱਥੇ ਜਾ ਕੇ ਜੋ ਕਮਾਏਗੀ, ਅਸੀਂ ਉਸ ਵਿੱਚੋਂ ਹੌਲੀ-ਹੌਲੀ ਪੈਸੇ ਕਟਦੇ ਜਾਵਾਂਗੇ।

ਇਸ ਤਰ੍ਹਾਂ ਉਹ ਝਾਂਸੇ ਵਿੱਚ ਆ ਜਾਂਦੇ ਹਨ ਤੇ ਸੋਚਦੇ ਹਨ ਕਿ ਕੁੜੀ ਫ੍ਰੀ ਵਿੱਚ ਜਾ ਰਹੀ ਹੈ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੁੜੀ ਨੂੰ ਖੂਹ ਵਿੱਚ ਸੁੱਟ ਰਹੇ ਹਨ।

ਇਸ ਤਰ੍ਹਾਂ ਦੋ ਹਫ਼ਤੇ ਦਾ ਵੀਜ਼ਾ ਹੁੰਦਾ ਹੈ ਅਤੇ ਫਿਰ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਸੜਕ ਰਾਹੀਂ ਓਮਾਨ, ਮਸਕਟ ਜਾਂ ਕਿਤੇ ਹੋਰ ਲੈ ਜਾਂਦੇ ਹਨ।

ਉੱਥੇ ਜਿਹੜੇ ਜ਼ਮੀਂਦਾਰ ਜਾਂ ਹੋਰ ਕੋਈ ਚੰਗੇ ਵਪਾਰੀ ਹੁੰਦੇ, ਜਿਨ੍ਹਾਂ ਨੂੰ ਕਾਮਿਆਂ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਇਹ ਕੁੜੀਆਂ ਸੌਂਪ ਦਿੱਤੀਆਂ ਜਾਂਦੀਆਂ ਹਨ।

ਸਵਾਲ- ਤੁਸੀਂ ਵਿਦੇਸ਼ ਮੰਤਰਾਲੇ ਨੂੰ ਮਿਲੇ, ਤੁਹਾਡੀ ਇਸ ਮੁੱਦੇ ''''ਤੇ ਕੀ ਗੱਲਬਾਤ ਹੋਈ?

ਜਵਾਬ- ਮੇਰੀ ਕੁਝ ਦਿਨਾਂ ਪਹਿਲਾਂ ਹੀ ਵਿਦੇਸ਼ ਮੰਤਰਾਲੇ ਨਾਲ ਮੁਲਾਕਾਤ ਹੋਈ ਹੈ ਅਤੇ ਮੇਰਾ ਸੁਝਾਅ ਸੀ ਕਿ ਅਸੀਂ ਇਮੀਗ੍ਰੇਸ਼ਨ ਵਿਭਾਗ ਨੂੰ ਕੁਝ ਅਜਿਹੇ ਨਿਰਦੇਸ਼ ਦਈਏ ਤਾਂ ਜੋ ਕੁੜੀਆਂ ਇੱਥੋਂ ਜਾ ਹੀ ਨਾ ਸਕਣ।

ਇਨ੍ਹਾਂ ਕੁੜੀਆਂ ਕੋਲ ਟੂਰਿਸਟ ਵੀਜ਼ਾ ਹੁੰਦਾ ਹੈ। ਉਨ੍ਹਾਂ ਨੇ ਨਾ ਤਾਂ ਕੱਪੜੇ ਢੰਗ ਦੇ ਪਾਏ ਹੁੰਦੇ ਹਨ ਅਤੇ ਨਾ ਹੀ ਇਨ੍ਹਾਂ ਕੋਲ ਪੈਸੇ ਹੁੰਦੇ ਹਨ।

ਅਜਿਹੇ ਵਿੱਚ ਇਨ੍ਹਾਂ ਨੂੰ ਪੁੱਛ ਲੈਣਾ ਚਾਹੀਦਾ ਹੈ ਕਿ ਤੁਸੀਂ ਟੂਰਿਸਟ ਵੀਜ਼ੇ ''''ਤੇ ਜਾ ਰਹੇ ਹੋ, ਕਿੱਥੇ ਜਾਣਾ ਹੈ ਤੇ ਕਿੱਥੇ ਰਹਿਣਾ ਹੈ।

ਕਿਹੜੇ ਹੋਟਲ ਵਿੱਚ ਰਹੋਗੇ, ਉੱਥੇ ਤੁਹਾਡਾ ਕੌਣ ਹੈ ਜਾਂ ਤੁਸੀਂ ਪੈਸਾ ਕਿਵੇਂ ਖਰਚ ਕਰੋਗੇ? ਕ੍ਰੈਡਿਟ ਕਾਰਡ ਹੈ ਜਾਂ ਕੈਸ਼ ਹੈ ?

ਇਸੇ ਤਰ੍ਹਾਂ ਦੇ ਦੋ-ਚਾਰ ਸਵਾਲ ਪੁੱਛੇ ਜਾਣ ''''ਤੇ ਅਤੇ ਏਅਰਪੋਰਟ ਤੋਂ ਹੀ ਕੁੜੀਆਂ ਵਾਪਿਸ ਮੋੜ ਦਿੱਤੀਆਂ ਜਾ ਸਕਦੀਆਂ। ਪਰ ਇਸ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ।

ਅੰਮ੍ਰਿਤਪਾਲ ਕੌਰ
BBC
ਅੰਮ੍ਰਿਤਪਾਲ ਕੌਰ ਸਿਰਫ਼ 10 ਦਿਨ ਓਮਾਨ ਵਿੱਚ ਰਹਿਣ ਤੋਂ ਬਾਅਦ ਪੰਜਾਬ ਵਾਪਿਸ ਪਰਤ ਆਏ

ਇਸ ਤੋਂ ਇਲਾਵਾ ਇੱਕ ਹੋਰ ਸੁਝਾਅ ਦਿੱਤਾ ਸੀ ਕਿ ਇੱਥੇ ਸੈਂਟਰ ਖੋਲ੍ਹ ਕੇ ਤਿੰਨ-ਤਿੰਨ ਮਹੀਨੇ ਦੀ ਸਿਖਲਾਈ ਦਿੱਤੀ ਜਾਵੇ। ਉਹ ਭਾਵੇਂ ਸਫ਼ਾਈ ਕਰਮੀ ਹੋਵੇ ਜਾਂ ਹਾਊਸ ਮੇਡ ਦੀ।

ਇਸ ਨਾਲ ਇੱਕ ਸਰਕਾਰੀ ਠੱਪਾ ਲੱਗ ਜਾਵੇਗਾ ਤੇ ਫਿਰ ਏਜੰਟਾਂ ਰਾਹੀਂ ਜੇ ਉਨ੍ਹਾਂ ਨੂੰ ਭੇਜਿਆ ਵੀ ਜਾਵੇਗਾ ਤਾਂ ਉਹ ਕੁੜੀ ਕਦੇ ਮਾਰ ਨਹੀਂ ਖਾਏਗੀ।

ਇਸ ਤੋਂ ਇਲਾਵਾ ਸਰਕਾਰ ਏਜੰਟਾਂ ਦੇ ਫੀਸ ਤੈਅ ਕਰ ਦੇਵੇ।

ਕਿਉਂਕਿ ਜਦੋਂ ਦੁਬਈ ਵਿੱਚ ਕਿਸੇ ਮੇਡ ਨੂੰ ਕੰਮ ''''ਤੇ ਰੱਖਿਆ ਜਾਂਦਾ ਹੈ ਤਾਂ ਉਸ ਦਾ 12 ਹਜ਼ਾਰ ਵੀਜ਼ਾ ਸਟੈਂਪ ਦਾ ਖਰਚਾ ਆਉਂਦਾ ਹੈ।

ਉਹ ਖਰਚਾ ਉਨ੍ਹਾਂ ਦਾ ਹੁੰਦਾ ਹੈ, ਜਿਨ੍ਹਾਂ ਨੇ ਕੰਮ ਉੱਤੇ ਰੱਖਣਾ ਹੁੰਦਾ ਹੈ ਨਾ ਕਿ ਏਜੰਟ ਦਾ, ਪੁਰ ਏਜੰਟ ਉਹ ਖਰਚਾ ਲੱਖਾਂ ''''ਚ ਇੱਥੋਂ ਵੀ ਲੈ ਲੈਂਦੇ ਹਨ। ਇਸ ਲਈ ਲਾਜ਼ਮੀ ਹੈ ਕਿ ਸਰਕਾਰ ਉਨ੍ਹਾਂ ਦੀ ਫੀਸ ਤੈਅ ਕਰੇ।

ਬੀਬੀਸੀ
BBC

-

ਬੀਬੀਸੀ
BBC

ਸਵਾਲ- ਮੁੱਦਾ ਕਿੰਨਾ ਕੁ ਗੰਭੀਰ ਹੈ

ਜਵਾਬ- ਮੁੱਦਾ ਬੇਹੱਦ ਗੰਭੀਰ ਹੈ। ਜਿਨ੍ਹਾਂ ਪਰਿਵਾਰਾਂ ਦੀਆਂ ਕੁੜੀਆਂ ਗਈਆਂ ਹਨ ਉਨ੍ਹਾਂ ਨੂੰ ਜਾ ਕੇ ਪੁੱਛੋ। ਉਹ ਰੋਂਦੇ ਹਨ ਕਿ ਸਾਡੀ ਕੁੜੀ ਨਾਲ ਉੱਥੇ ਕੀ ਹੋ ਰਿਹਾ ਹੈ।

ਸਿਰਫ਼ ਪੰਜਾਬ ਤੋਂ ਹੀ ਨਹੀਂ ਬਲਕਿ ਭਾਰਤ ਦੇ ਹਰੇਕ ਸੂਬੇ ਤੋਂ ਉੱਥੇ ਕੁੜੀਆਂ ਹਨ। ਇਸ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਆਦਿ ਤੋਂ ਵੀ ਕੁੜੀਆਂ ਉੱਥੇ ਹਨ।

ਜੇ ਦੇਖਿਆ ਜਾਵੇ ਤਾਂ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਕੁੜੀਆਂ ਹਨ।

ਇਥੋਂ ਏਜੰਟ ਉਨ੍ਹਾਂ ਨੂੰ ਭੇਜ ਦਿੰਦੇ ਹਨ ਅਤੇ ਅੱਗੇ ਉਨ੍ਹਾਂ ਦੇ ਬੰਦੇ ਬੈਠੇ ਹੁੰਦੇ ਹਨ ਜੋ ਉਨ੍ਹਾਂ ਨੂੰ ਫੜ ਲੈਂਦੇ ਹਨ।

ਫਿਰ ਉਨ੍ਹਾਂ ਨੂੰ ਕਮਰੇ ਵਿੱਚ ਬੰਦ ਕਰ ਦਿੰਦੇ ਹਨ। ਮੈਂ ਖ਼ੁਦ ਦੇਖਿਆਂ ਓਮਾਨ ਵਿੱਚ ਕਈ ਕੁੜੀਆਂ ਦੋ ਹਫ਼ਤਿਆਂ ਲਈ ਕਮਰੇ ਵਿੱਚ ਬੰਦਾ ਕੀਤਾ ਹੁੰਦਾ ਹੈ।

ਸਿਰਫ਼ ਉਨ੍ਹਾਂ ਦੇ ਵੀਜ਼ੇ ਨੂੰ ਗ਼ੈਰ-ਕਾਨੂੰਨੀ ਕਰਨਾ ਹੁੰਦਾ ਜੋ 12 ਦਿਨਾਂ ਬਾਅਦ ਹੋ ਜਾਂਦਾ ਅਤੇ ਫਿਰ ਕੁੜੀ ਆਪ ਨਹੀਂ ਹੀ ਬਾਹਰ ਨਹੀਂ ਜਾਂਦੀ।

ਉਸ ਨੂੰ ਪਤਾ ਹੁੰਦਾ ਹੈ ਕਿ ਹੁਣ ਮੇਰਾ ਵੀਜ਼ਾ ਗ਼ੈਰ-ਕਾਨੂੰਨੀ ਹੋ ਗਿਆ ਹੈ ਤੇ ਜੇ ਮੈਂ ਬਾਹਰ ਜਾਵਾਂਗੀ ਤਾਂ ਪੁਲਿਸ ਮੈਨੂੰ ਫੜ ਲਵੇਗੀ

ਇਸ ਤਰ੍ਹਾਂ ਇਹ ਬਹੁਤ ਹੀ ਵੱਡਾ ਮਸਲਾ ਬਣਿਆ ਹੋਇਆ ਹੈ। ਇਸ ਦਾ ਹੱਲ ਜਿੰਨੀ ਛੇਤੀ ਹੋ ਸਕੇ ਕੱਢਣਾ ਚਾਹੀਦਾ ਹੈ।

ਬਲਜੀਤ ਕੌਰ
BALJEET KAUR
ਮੁਕਤਸਰ ਦੀ ਬਲਜੀਤ ਕੌਰ (ਬਦਲਿਆ ਹੋਇਆ) ਨਾਮ ਨੇ ਆਪਣਾ ਕੌੜਾ ਤਜਰਬਾ ਭਾਰਤ ਆ ਕੇ ਸਾਂਝਾ ਕੀਤਾ ਸੀ

ਸਵਾਲ- ਜਦੋਂ ਕੁੜੀ ਵਾਪਸ ਮੁੜਦੀ ਹੈ ਤਾਂ ਮੁੜ ਵਸੇਬੇ ਦੀ ਸਮੱਸਿਆ ਬਣੀ ਹੁੰਦੀ ਹੈ, ਉਸ ਦੀ ਮਾਨਸਿਕਤਾ ਪ੍ਰਭਾਵਿਤ ਹੁੰਦੀ, ਇਸ ਬਾਰੇ ਕੀ ਕਹੋਗੇ?

ਜਵਾਬ- ਜੋ ਕੁੜੀਆਂ ਉੱਥੇ ਜਾਂਦੀਆਂ ਹਨ ਉਹ ਇੱਕ ਤਰ੍ਹਾਂ ਨਾਲ ਸਦਮੇ ਵਿੱਚ ਆ ਜਾਂਦੀਆਂ ਹਨ ਕਿ ਮੇਰੇ ਨਾਲ ਹੋ ਕੀ ਰਿਹਾ ਹੈ। ਉਨ੍ਹਾਂ ਨੇ ਕਦੇ ਸੋਚਿਆਂ ਹੀ ਨਹੀਂ ਹੁੰਦਾ ਕਿ ਸਾਡੇ ਨਾਲ ਇਹ ਕੁਝ ਵੀ ਹੋ ਸਕਦਾ ਹੈ।

ਉਹ ਤਾਂ ਆਸ ਲੈ ਕੇ ਜਾਂਦੀਆਂ ਹਨ ਕਿ ਸਾਨੂੰ ਚੰਗੀ ਨੌਕਰੀ ਮਿਲ ਜਾਵੇਗੀ, ਵਧੀਆ ਤਨਖਾਹ ਮਿਲ ਜਾਵੇਗੀ ਤੇ ਪਰਿਵਾਰ ਪਲ ਜਾਵੇਗਾ।

ਹੁਣ ਤੱਕ ਮੈਂ ਹੀ 60-65 ਕੁੜੀਆਂ ਨੂੰ ਆਪਣੇ ਪੈਸੇ ''''ਤੇ ਵਾਪਸ ਲਿਆਂਦਾ ਹੈ।

ਮੈਂ ਜਾ ਕੇ ਸਿੱਧਾ ਮਾਲਕ ਨੂੰ ਮਿਲਦਾ ਹਾਂ ਕਿ ਤੇ ਕਹਿੰਦਾ ਹਾਂ ਕਿ ਇਹ ਕੁੜੀ ਤੁਹਾਡੇ ਨਾਲ ਕੰਮ ਨਹੀਂ ਕਰਨਾ ਚਾਹੁੰਦੀ, ਉਸ ਨੂੰ ਵਾਪਸ ਜਾਣ ਦਿਓ।

ਇਸ ਤੋਂ ਅੱਗੇ ਹੋ ਉਹ ਆਖਦੇ ਹਨ ਕਿ ਸਾਡੇ ਇਹ ਖਰਚੇ ਹੋਏ ਹਨ, ਇੰਨੇ ਪੈਸੇ ਅਸੀਂ ਏਜੰਟ ਨੂੰ ਦਿੱਤੇ ਸਨ, ਇੰਨੇ ਇਸ ''''ਤੇ ਲੱਗੇ ਤੁਸੀਂ ਸਾਨੂੰ ਪੈਸਾ ਦੇ ਦਿਓ।

ਇਸ ਤਰ੍ਹਾਂ ਇੱਕ ਕੁੜੀ ''''ਤੇ ਔਸਤਨ ਦੋ-ਢਾਈ ਲੱਖ ਰੁਪਏ ਦਾ ਖਰਚਾ ਬਣਦਾ ਹੈ। ਇਸ ਤਰ੍ਹਾਂ ਮੈਂ ਉਨ੍ਹਾਂ ਦੇ ਪੈਸੇ ਚੁਕਾਏ, ਟਿਕਟਾਂ ਲਈਆਂ ਤੇ ਕੁੜੀਆਂ ਨੂੰ ਵਾਪਸ ਭੇਜਿਆ।

ਐੱਸਪੀ ਸਿੰਘ ਓਬਰਾਏ
BBC

ਸਵਾਲ- ਰੁਜ਼ਗਾਰ ਲਈ ਉੱਧਰ ਜਾਣ ਦਾ ਸਹੀ ਤਰੀਕਾ ਕੀ ਹੈ?

ਜਵਾਬ- ਇੱਥੇ ਬੋਰਡ ਬਣਾ ਦਿੱਤਾ ਜਾਵੇ। ਕੁੜੀਆਂ ਨੂੰ ਸਿਖਲਾਈ ਦਿੱਤੀ ਜਾਵੇ ਅਤੇ ਏਜੰਟ ਰਜਿਸਟਰਡ ਕੀਤੇ ਜਾਣ।

ਏਜੰਟ ਕੋਲ ਸਾਰੀ ਜਾਣਕਾਰੀ ਹੋਣੀ ਚਾਹੀਦਾ ਹੈ ਕਿ ਕੁੜੀ ਕਿੱਥੇ ਜਾ ਰਹੀ ਹੈ, ਕਿਸ ਕੋਲ ਜਾ ਰਹੀ ਹੈ।

ਸਵਾਲ- ਉਨ੍ਹਾਂ ਮੁਲਕਾਂ ਵਿੱਚ ਸਰਕਾਰ ਕੋਈ ਕਾਰਵਾਈ ਕਿਉਂ ਨਹੀਂ ਕਰਦੀ?

ਜਵਾਬ- ਉੱਥੇ ਇਸ ਲਈ ਕਾਰਵਾਈ ਨਹੀਂ ਹੁੰਦੀ ਕਿ ਦੁਬਈ ਸਾਰੀ ਹੀ ਟੂਰਿਜ਼ਮ ਉੱਤੇ ਹੈ। ਜੇ ਕਿਸੇ ਨੇ ਘੁੰਮਣ ਫਿਰਨ ਜਾਣਾ ਤੇ ਦੁਬਈ ਨਾ ਕਿਉਂ ਕਹੇਗੀ।

ਦੁਬਈ ਨੇ ਆਪਣੀ ਫੀਸ ਲੈਣੀ ਹੈ ਤੇ ਉਨ੍ਹਾਂ ਨੂੰ ਟਰਾਂਜ਼ਿਟ ਵੀਜ਼ਾ ਦੇਣਾ ਹੈ ਕਿਉਂਕਿ ਉਸ ਦਾ ਅਰਥਚਾਰਾ ਹੀ ਇਸ ਦੇ ਸਿਰ ''''ਤੇ ਹਨ।

ਦੁਬਈੇ ਕਿਸੇ ਨਾਲ ਕੋਈ ਧੋਖਾ ਨਹੀਂ ਕਰਦਾ, ਉਸ ਕੋਲੋਂ ਤਾਂ ਵੀਜ਼ਾ ਮੰਗਿਆ ਗਿਆ ਤੇ ਉਸ ਨੇ ਲੀਗਲ ਵੀਜ਼ਾ ਦੇ ਦਿੱਤਾ।

ਵੀਜ਼ਾ ਅਸਲੀ ਹੀ ਹੁੰਦਾ ਹੈ ਵੀਜ਼ਾ ਜਾਅਲੀ ਨਹੀਂ ਹੈ, ਸਾਡੇ ਏਜੰਟ ਜਾਅਲੀ ਹਨ। ਜਿਹੜੇ ਦਿਖਾਏ ਜਾਂਦੇ ਹਨ ਉਹ ਨਿਯੁਕਤੀ ਪੱਤਰ ਜਾਅਲੀ ਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)



Related News