ਭਗਵੰਤ ਮਾਨ ਨੇ ਚਰਨਜੀਤ ਚੰਨੀ ਨੂੰ ਕੀ ਦਿੱਤਾ ਅਲਟੀਮੇਟਮ, ਅੱਗੋਂ ਮਿਲੀ ਇਹ ਚੂਣੌਤੀ
Thursday, May 25, 2023 - 08:04 PM (IST)


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਦਿੱਤੇ ਗਏ ਅਲਟੀਮੇਟਮ ਤੋਂ ਬਾਅਦ ਚੰਨੀ ਨੇ ਭਗਵੰਤ ਮਾਨ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਚੁਣੌਤੀ ਦਿੱਤੀ ਹੈ।
ਮੋਰਿੰਡਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ, “31 ਮਈ ਦੀ ਉਡੀਕ ਕਿਉਂ ਕਰਨੀ। ਜੋਂ ਸਬੂਤ ਹਨ, ਉਹ ਜਾਂਚ ਏਜੰਸੀ ਨੂੰ ਦੇਵੋ ਤੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰੋ।”
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੋਂ ਪਹਿਲਾਂ ਟਵੀਟ ਕਰਕੇ ਲਿਖਿਆ ਸੀ, “ਮਾਣਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ ..31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ।”
ਉਨ੍ਹਾਂ ਇਸ ਤੋਂ ਅੱਗੇ ਲਿਖਿਆ ਸੀ, “ਨਹੀਂ ਫੇਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ…ਨਾਮ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਛ ਪੰਜਾਬੀਆਂ ਸਾਹਮਣੇ ਰੱਖਾਂਗਾ।”
ਪਿਛਲੇ ਦਿਨੀ ਮੁੱਖ ਮੰਤਰੀ ਨੇ ਇੱਕ ਰੈਲੀ ਦੌਰਾਨ ਬੋਲਦਿਆਂ ਕਿਹਾ ਸੀ ਕਿ ਉਹਨਾਂ ਨੂੰ ਇੱਕ ਕ੍ਰਿਕਟ ਖਿਡਾਰੀ ਨੇ ਦੱਸਿਆ ਸੀ ਕਿ ਉਸ ਤੋਂ ਨੌਕਰੀ ਲਈ ਚੰਨੀ ਦੇ ਰਿਸ਼ਤੇਦਾਰਾਂ ਨੇ 2 ਕਰੋੜ ਰੁਪਏ ਮੰਗੇ ਸਨ। ਜਿਨਾਂ ਕੋਲ ਉਸ ਨੂੰ ਚੰਨੀ ਨੇ ਹੀ ਭੇਜਿਆ ਸੀ।
ਹਾਲਾਂਕਿ, ਚਰਨਜੀਤ ਸਿੰਘ ਚੰਨੀ ਇਸ ਨੂੰ ਝੂਠਾ ਇਲਜ਼ਾਮ ਅਤੇ ਭੰਡੀ ਪ੍ਰਚਾਰ ਦੱਸ ਰਹੇ ਹਨ।

ਜੋ ਤੁਹਾਡੇ ਕੋਲ ਹੈ ਲੈ ਕੇ ਆਵੋਂ: ਚੰਨੀ
ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ਦੇ ਸਬੂਤ ਜਾਂਚ ਏਜੰਸੀ ਨੂੰ ਦੇ ਕੇ ਪਰਚਾ ਦਰਜ ਕਰਨ ਲਈ ਕਿਹਾ।
ਚੰਨੀ ਨੇ ਕਿਹਾ, “ਜੇਕਰ ਸੀਐੱਮ ਕੋਲ ਕੋਈ ਦਰਖਾਸਤ ਆਈ ਹੈ ਤਾਂ ਉਸ ਦੀ ਜਾਂਚ ਕਰੋ ਅਤੇ ਉਸ ਦਾ ਪਰਚਾ ਦਰਜ ਕਰੋ। ਇਹ ਟਵੀਟੋ ਟਵੀਟੀ ਖੇਡਣਾ ਦਾ ਕੀ ਮਤਲਬ ਹੈ?”

ਉਨ੍ਹਾਂ ਕਿਹਾ, “ਮੈਂ ਆਪਣਾ ਪੱਖ ਗੁਰੂ ਘਰ ਵਿੱਚ ਪੇਸ਼ ਕਰ ਚੁੱਕਿਆ ਹਾਂ। ਚਮਕੌਰ ਸਾਹਿਬ ਦੀ ਧਰਤੀ ਉਪਰ ਕੋਈ ਝੂਠੀ ਸਹੁੰ ਖਾ ਹੀ ਨਹੀਂ ਸਕਦਾ। ਸਭ ਕੁਝ ਖਤਮ ਹੋ ਜਾਂਦਾ ਹੈ। ਮੈਂ ਇਸ ਗੱਲ ਦੀ ਸਹੁੰ ਖਾਧੀ ਹੈ ਕਿ ਮੇਰੇ ਕੋਲ ਹਜ਼ਾਰ ਬੰਦਾ ਆਉਂਦਾ ਹੈ, ਹਜ਼ਾਰਾਂ ਨੇ ਫੋਟੋਆਂ ਕਰਵਾਈਆਂ ਹੋਣਗੀਆਂ, ਨੌਕਰੀਆਂ ਮੰਗੀਆਂ ਹੋਣਗੀਆਂ ਪਰ ਮੈਂ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੂੰ ਮੇਰੇ ਭਤੀਜੇ-ਭਾਣਜੇ ਨੂੰ ਮਿਲ ਲੈ।”
ਚੰਨੀ ਨੇ ਕਿਹਾ, “ਝੂਠੇ ਟਵੀਟੋ ਟਵੀਟੀ ਖੇਡਣਾ ਬੰਦ ਕਰੋ। ਜੋ ਤੁਹਾਡੇ ਕੋਲ ਸਬੂਤ ਹੈ, ਤਾਂ ਲੈ ਕੇ ਆਵੋਂ, 31 ਤਰੀਕ ਉਡੀਕਣ ਦੀ ਲੋੜ ਨਹੀਂ ਹੈ। ਜੋ ਕਿਸੇ ਨੂੰ ਕੁਝ ਦਿੱਤਾ ਲਿਆ ਹੈ, ਉਸ ਮੁਤਾਬਕ ਪਰਚਾ ਦਰਜ ਕਰੋ।”

ਵਿਵਾਦਾ ਬਾਰੇ ਖਾਸ ਗੱਲਾਂ
- ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਹਨ
- ਇੱਕ ਕ੍ਰਿਕਟ ਖਿਡਾਰੀ ਤੋਂ ਨੌਕਰੀ ਲਈ 2 ਕਰੋੜ ਰੁਪਏ ਮੰਗਣ ਦੇ ਇਲਜ਼ਾਮ ਲਗਾਏ ਸਨ
- ਭਗਵੰਤ ਮਾਨ ਨੇ ਟਵੀਟ ਕਰਕੇ ਚੰਨੀ ਨੂੰ ਕਿਹਾ ਕਿ 31 ਮਈ 2 ਵਜੇ ਦਾ ਚੰਨੀ ਨੂੰ ਜਾਣਕਾਰੀ ਜਨਤਕ ਕਰਨ ਦਾ ਮੌਕਾ ਦੇਣ ਦੀ ਗੱਲ ਆਖੀ ਸੀ
- ਚਰਨਜੀਤ ਸਿੰਘ ਚੰਨੀ ਇਸ ਨੂੰ ਝੂਠਾ ਇਲਜ਼ਾਮ ਅਤੇ ਭੰਡੀ ਪ੍ਰਚਾਰ ਦੱਸ ਰਹੇ ਹਨ
- ਚੰਨੀ ਨੇ ਮੁੱਖ ਮੰਤਰੀ ਨੂੰ ਕੇਸ ਦਰਜ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਚੁਣੌਤੀ ਦਿੱਤੀ ਹੈ

‘ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ, ਉਹਨਾਂ ਨੂੰ ਪੁੱਛੋ’
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, “ਜਦੋਂ ਮੈਂ ਤਕਨੀਕੀ ਸਿੱਖਿਆ ਮੰਤਰੀ ਸੀ ਤਾਂ ਹਜ਼ਾਰਾਂ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਹਨ। ਅਸੀਂ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਹਨ, ਉਹਨਾਂ ਨੂੰ ਪੁੱਛੋ ਕਿ ਚੰਨੀ ਨੇ ਪੈਸੇ ਲਏ ਹਨ?
ਚਰਨਜੀਤ ਸਿੰਘ ਚੰਨੀ ਨੇ ਕਿਹਾ, “ਮੈਂ ਜ਼ਿੰਦਗੀ ਵਿੱਚ ਇਹ ਕਮਾਈ ਨਹੀਂ ਕਰੀ ਅਤੇ ਨਾ ਹੀ ਸੋਚਿਆ। ਆਪ ਮਿਹਨਤ ਕਰਕੇ, ਟੈਂਟ ਲਗਾ ਕੇ ਅਤੇ ਰਾਤਾਂ ਨੂੰ ਕੰਮ ਕਰਕੇ ਪੜਾਈ ਕੀਤੀ ਹੈ। ਅੱਜ ਤੱਕ ਮੇਰੀ ਕਾਲਜ ਅਤੇ ਯੂਨੀਵਰਸਿਟੀ ਵਿੱਚ ਫੀਸ ਨਹੀਂ ਲੱਗੀ। ਜਦੋਂ ਕਾਲਜ ਗਿਆ ਸੀ ਤਾਂ ਇੱਕ ਵਾਰ ਫੀਸ ਲੱਗੀ ਸੀ, ਉਸ ਤੋਂ ਬਾਅਦ ਸਪੋਰਟਸ ਕੋਟੇ ਵਿੱਚ ਪੜਦਾ ਰਿਹਾ ਹਾਂ।”
ਉਨ੍ਹਾਂ ਕਿਹਾ, “ਮੇਰੇ ਕੋਲ ਪੰਜਾਬ ਯੂਨੀਵਰਸਿਟੀ ਦੇ ਤਿੰਨ ਗੋਲਡ ਮੈਡਲ ਹਨ। ਇਸ ਲਈ ਖਿਡਾਰੀਆਂ ਦੀ ਕਿਹੜੀ ਇੱਜਤ ਹੁੰਦੀ ਹੈ, ਮੈਨੂੰ ਇਸ ਦਾ ਪਤਾ ਹੈ, ਮੁੱਖ ਮੰਤਰੀ ਜੀ।”
ਚੰਨੀ ਨੇ ਕਿਹਾ, “ਮੈਂ ਹਾਕੀ ਦੇ ਖਿਡਾਰੀਆਂ ਨੂੰ ਘਰ ਬੁਲਾ ਕੇ ਕਿਹਾ ਸੀ ਕਿ ਕਿਹੜੀ ਨੌਕਰੀ ਲੈਣੀ ਹੈ। ਕੀ ਮੈਂ ਉਹਨਾਂ ਨੂੰ ਆਪਣੇ ਭਤੀਜੇ ਕੋਲ ਨਹੀਂ ਭੇਜ ਸਕਦਾ ਸੀ? ਪੰਜਾਬ ਦੇ ਹਾਕੀ ਦੇ ਖਿਡਾਰੀਆਂ ਨੂੰ ਚਰਨਜੀਤ ਸਿੰਘ ਚੰਨੀ ਨੇ ਨੌਕਰੀ ਦਿੱਤੀ ਹੈ। ਤੁਸੀਂ ਰੋਜ਼ ਮੇਰੇ ਖਿਲਾਫ਼ ਭੰਡੀ ਪ੍ਰਚਾਰ ਕਿਸ ਲਈ ਕਰ ਰਹੇ ਹੋ?”

‘ਮੈਨੂੰ ਫੜ ਕੇ ਅੰਦਰ ਦੇਵੋ’
ਕਾਂਗਰਸ ਨੇਤਾ ਚਰਨਜੀਤ ਸਿੰਘ ਚੰਨੀ ਨੇ ਕਿਹਾ, “ਇਸ ਗੱਲ ਨੂੰ ਤੁਸੀਂ ਮੀਡੀਆ ਟਰਾਇਲ ਬਣਾਇਆ ਹੋਇਆ ਹੈ। ਇਸ ਨੂੰ ਤੁਸੀਂ ਰੈਲੀਆਂ ਦਾ ਟਰਾਇਲ ਬਣਾਇਆ ਹੋਇਆ ਹੈ। ਟਵੀਟੋ ਟਵੀਟੀ ਕਰਦੇ ਹੋ, ਮੈਨੂੰ ਫੜ ਕੇ ਅੰਦਰ ਦੇਵੋ। ਮੈਂ ਘਰ ਸੌਂਦਾ ਹਾਂ। ਪਹਿਲਾਂ ਤੁਸੀਂ ਕਹਿੰਦੇ ਸੀ ਮੈਂ ਬਾਹਰ (ਵਿਦੇਸ਼) ਹਾਂ, ਹੁਣ ਮੈਂ ਆਇਆ ਹਾਂ, ਦੇ ਦੇਵੋ ਅੰਦਰ।”
ਉਨ੍ਹਾਂ ਕਿਹਾ, “ਆਮ ਆਦਮੀ ਪਾਰਟੀ ਨੇ ਨਿਸ਼ਚਾ ਕੀਤੀ ਹੋਇਆ ਹੈ ਕਿ ਚੰਨੀ ਨੂੰ ਫੜ ਕੇ ਅੰਦਰ ਦੇਣਾ ਹੈ। ਪਹਿਲਾਂ ਇਹ ਮੈਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ। ਕਾਂਗਰਸੀਆਂ ਦਾ ਇਹਨਾਂ ਨੇ ਇਹੋ ਹਾਲ ਕਰਿਆ ਹੋਇਆ ਹੈ ਪਰ ਜਦੋਂ ਦਿੱਲੀ ਵਿੱਚ ਇਹਨਾਂ ਉਪਰ ਕੋਈ ਗੱਲ ਹੁੰਦੀ ਹੈ ਤਾਂ ਫਿਰ ਚੀਕਾਂ ਮਾਰਦੇ ਹਨ ਕਿ ਅਸੀਂ ਇਮਾਨਦਾਰ ਹਾਂ ਅਤੇ ਏਜੰਸੀਆਂ ਗਲਤ ਕਰ ਰਹੀਆਂ ਹਨ।”
ਚੰਨੀ ਨੇ ਕਿਹਾ, “ਮੈਨੂੰ ਕੋਈ ਫਰਕ ਨਹੀਂ ਪੈਣਾ। ਤੁਸੀਂ ਮੇਰੇ 6 ਮਹੀਨੇ ਲਗਵਾਓ ਜਾਂ 5 ਸਾਲ ਲਗਵਾਓ ਅੰਦਰ, ਪਰਚੇ ਦਰਜ ਕਰੋ ਪਰ ਜੋ ਤੁਸੀਂ ਝੂਠ ਦੀ ਰਵਾਇਤ ਪਾ ਰਹੇ ਹੋ, ਇਹ ਚੱਲਣੀ ਨਹੀਂ। ਜੇ ਮੈਂ ਪੈਸੇ ਲਏ ਹਨ ਤਾਂ ਮੈਨੂੰ ਫੜ ਕੇ ਅੰਦਰ ਕਰੋ। ਮੈਨੂੰ ਕੋਈ ਗੁੱਸਾ ਨਹੀਂ ਹੈ ਪਰ ਮੈਂ ਆਪਣੇ ਰੱਬ ਦੇ ਘਰ ’ਤੇ ਸੱਚਾ ਹਾਂ।”
ਉਨ੍ਹਾਂ ਕਿਹਾ, “ਮੈਂ ਇਸ ਬਾਰੇ ਆਪਣੇ ਭਤੀਜਿਆਂ ਤੋਂ ਵੀ ਪੁੱਛ ਲਿਆ ਹੈ। ਉਹਨਾਂ ਕਿਹਾ ਕਿ ਅਜਿਹੀ ਕੋਈ ਗੱਲਬਾਤ ਨਹੀਂ ਹੈ।”
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)