ਲਾਸ ਵੇਗਾਸ : ਰੌਸ਼ਨੀਆਂ ਦੇ ਸ਼ਹਿਰ ਦੀਆਂ ਹਨ੍ਹੇਰੀਆਂ ਸੁਰੰਗਾਂ ’ਚ ਰਹਿਣ ਵਾਲੇ ਲੋਕ ਕੌਣ ਹਨ

Wednesday, May 24, 2023 - 06:49 PM (IST)

ਲਾਸ ਵੇਗਾਸ : ਰੌਸ਼ਨੀਆਂ ਦੇ ਸ਼ਹਿਰ ਦੀਆਂ ਹਨ੍ਹੇਰੀਆਂ ਸੁਰੰਗਾਂ ’ਚ ਰਹਿਣ ਵਾਲੇ ਲੋਕ ਕੌਣ ਹਨ
ਲਾਸ ਵੇਗਾਸ
CHURCHILL ROUND
ਲਾਸ ਵੇਗਾਸ ਵਿੱਚ ਬੇਘਰਿਆਂ ਨਾਲ ਕੰਮ ਕਰਨ ਵਾਲੀਆਂ ਸੰਸਥਾਵਾਂ ਦਾ ਅੰਦਾਜ਼ਾ ਹੈ ਕਿ ਸ਼ਹਿਰ ਦੀਆਂ ਭੂਮੀਗਤ ਸੁਰੰਗਾਂ ਵਿੱਚ ਲਗਭਗ 1,500 ਲੋਕ ਰਹਿੰਦੇ ਹਨ

ਗੱਦੇ ''''ਤੇ ਬੈਠਿਆਂ ਉਸਨੇ ਕਿਹਾ, "ਮੈਂ ਜਾ ਰਿਹਾ ਹਾਂ। ਮੈਂ ਡੂੰਘਾਈ ਵਿੱਚ ਕੋਈ ਕੋਨਾ ਲੱਭ ਕੇ, ਅਲੋਪ ਹੋਣ ਜਾ ਰਿਹਾ ਹਾਂ।"

ਰਿੱਕ ਨੇ ਇਹ ਸ਼ਬਦ ਮੁਹਾਵਰੇ ਮਾਤਰ ਲਈ ਨਹੀਂ ਕਹੇ।

ਇੱਕ ਗੱਦੇ ''''ਤੇ ਬੈਠਾ, ਉਹ ਇੱਕ ਹਨੇਰੀ ਗੁਫ਼ਾ ਜਿਹੀ ਵੱਲ ਇਸ਼ਾਰਾ ਕਰਦਾ ਹੈ। ਰਿੱਕੀ ਨੂੰ ਉਮੀਦ ਹੈ ਕਿ ਜੇ ਸਭ ਕੁਝ ਯੋਜਨਾ ਅਨੁਸਾਰ ਹੋਇਆ ਤਾਂ ਉਹ ਖ਼ੁਦ ਨੂੰ ਬਾਹਰੀ ਦੁਨੀਆਂ ਦੇ ਨਕਸ਼ੇ ਤੋਂ ਹਮੇਸ਼ਾ ਲਈ ਮਿਟਾ ਦੇਵੇਗਾ।

ਆਖਰ ਉਹ ਆਪਣੇ-ਆਪ ਨੂੰ ਨਕਸ਼ੇ ਤੋਂ ਗਾਇਬ ਕਿਉਂ ਕਰਨਾ ਚਾਹੁੰਦਾ ਹੈ?

ਰਿੱਕ ਮੰਨਦਾ ਹੈ ਕਿ,"ਮੈਂ ਲੋਕਾਂ ਨਾਲ ਮੇਲ ਨਹੀਂ ਖਾਂਦਾ...ਮੈਂ ਚਾਹੁੰਦਾ ਹਾਂ ਕਿ ਉਹ ਮੈਨੂੰ ਇਕੱਲਿਆਂ ਛੱਡ ਦੇਣ।"

ਇਹ ਲਾਸ ਵੇਗਾਸ ਹੈ। ਉਹ "ਸ਼ਾਨਦਾਰ" ਲਾਸ ਵੇਗਾਸ ਨਹੀਂ, ਜੋ ਰੌਸ਼ਨੀਆਂ ਦੀ ਚਕਾਚੌਂਧ ਵਿੱਚ ਡੁੱਬੇ ਜੂਆ ਘਰਾਂ ਅਤੇ ਨਾਚ ਘਰਾਂ ਲਈ ਮਸ਼ਹੂਰ ਹੈ।

ਸਗੋਂ ਇਹ ਭੂਮੀਗਤ ਲਾਸ ਵੇਗਾਸ ਹੈ, ਅਤੇ ਇਸਦੇ ਸੈਂਕੜੇ ਵਾਸੀਆਂ ਨੂੰ ਮਿਲਣ ਲਈ ਤੁਹਾਨੂੰ ਸਾਡੇ ਨਾਲ਼ ਨਰਕ ਵਿੱਚ ਉਤਰਨਾ ਪਵੇਗਾ।

ਰਿੱਕ, ਬਦ ਸੁਪਨੇ ਅਤੇ ਇੱਕ ਯੋਜਨਾ

72 ਸਾਲਾ ਰਿੱਕ "ਦੁਨੀਆਂ ਦੀ ਪਾਪ ਦੀ ਰਾਜਧਾਨੀ" ਦੇ ਸਭ ਤੋਂ ਪੁਰਾਣੇ ਅੰਡਰ ਗਰਾਊਂਡ ਨਿਵਾਸੀਆਂ ਵਿੱਚੋਂ ਇੱਕ ਹਨ। ਉਹ 35 ਸਾਲਾਂ ਤੋਂ ਇੱਥੇ ਰਹਿੰਦਾ ਰਹੇ ਹਨ।

ਮੋਟੀਆਂ ਮੁੱਛਾਂ ਅਤੇ ਸ਼ਾਂਤ, ਡੂੰਘੀ ਆਵਾਜ਼ ਵਾਲੇ ਇਸ ਘਸਮੈਲੇ ਜਿਹੇ ਵਾਲ਼ਾਂ ਵਾਲ਼ੇ ਸ਼ਖਸ਼ ਤੱਕ ਪਹੁੰਚਣ ਲਈ, ਤੁਹਾਨੂੰ ਰੀਓ ਕੈਸੀਨੋ ਦੇ ਸਾਹਮਣੇ ਨਹਿਰ ''''ਤੇ ਜਾ ਕੇ, ਹੜ੍ਹਾਂ ਦੇ ਇਕੱਠੇ ਕੀਤੇ ਪੱਥਰਾਂ ਅਤੇ ਕੂੜੇ ਨੂੰ ਪਾਰ ਕਰਕੇ ਇੱਕ ਸੁਰੰਗ ਵਿੱਚ ਦਾਖਲ ਹੋਣਾ ਪਏਗਾ।

ਰੀਓ ਕੈਸੀਨੋ ਦੇ ਸਾਹਮਣੇ ਅਜਿਹੀਆਂ ਕਈ ਸੁਰੰਗਾਂ ਦੇ ਮੂੰਹ ਖੁੱਲ੍ਹਦੇ ਹਨ।

ਇਹ ਸੁਰੰਗਾਂ ਲਾਸ ਵੇਗਾਸ ਸ਼ਹਿਰ ਦੀ ਹੜ੍ਹ ਪ੍ਰਬੰਧਨ ਪ੍ਰਣਾਲੀ ਦਾ ਹਿੱਸਾ ਹਨ। ਸ਼ਹਿਰ ਦੇ ਥੱਲੇ ਇਨ੍ਹਾਂ ਸੁਰੰਗਾਂ ਦਾ ਇੱਕ ਗੁੰਝਲਦਾਰ ਤਾਣਾ-ਬਾਣਾ ਹੈ। ਇਸ ਦਾ ਉਦੇਸ਼ ਮੀਂਹ ਦੇ ਪਾਣੀ ਨੂੰ ਸੰਭਾਲਣਾ ਅਤੇ ਨਿਕਾਸੀ ਦੇਣਾ ਹੈ।

ਮੋਜਾਵੇ ਮਾਰੂਥਲ ਦੇ ਮੱਧ ਵਿਚ ਬਣੇ ਇਸ ਸੁੱਕੇ ਸ਼ਹਿਰ ਵਿੱਚ ਮੀਂਹ ਬਹੁਤ ਘੱਟ ਪੈਂਦਾ ਹੈ। ਸਾਲ ਵਿੱਚ ਮਸਾਂ ਹੀ ਚਾਰ ਇੰਚ ਪੈਂਦੇ ਹਨ, ਪਰ ਜਦੋਂ ਪੈਂਦਾ ਹੈ ਤਾਂ ਬੜਾ ਬੇਰਹਿਮ ਹੁੰਦਾ ਹੈ।

ਸਭ ਤੋਂ ਜ਼ਿਆਦਾ ਮੀਂਹ ਜੁਲਾਈ ਤੋਂ ਸਤੰਬਰ ਦੇ ਵਿਚਕਾਰ ਪੈਂਦਾ ਹੈ, ਮਾਨਸੂਨ ਇਨ੍ਹਾਂ ਭੂਮੀਗਤ ਸੁਰੰਗਾਂ ਦੇ ਵਾਸੀਆਂ ਲਈ ਖਾਸ ਤੌਰ ''''ਤੇ ਖਤਰਨਾਕ ਸਮਾਂ ਹੁੰਦਾ ਹੈ।

ਕਲਾਰਕ ਕਾਉਂਟੀ ਰੀਜਨਲ ਫਲੱਡ ਕੰਟਰੋਲ ਡਿਸਟ੍ਰਿਕਟ ਆਪਣੀ ਵੈੱਬਸਾਈਟ ''''ਤੇ ਚੇਤਾਵਨੀ ਦਿੰਦੀ ਹੈ, "ਜਦੋਂ ਮੀਂਹ ਨਹੀਂ ਵੀ ਪੈ ਰਿਹਾ ਹੁੰਦਾ ਉਦੋਂ ਵੀ ਇਹ ਕੋਈ ਖੇਡਣ ਦੀ ਜਗ੍ਹਾ ਨਹੀਂ ਹਨ"।

ਲਾਸ ਵੇਗਾਸ
CHURCHILL ROUND
ਰਿੱਕ

ਇਹ ਅਦਾਰਾ ਨਹਿਰਾਂ, ਹੜ੍ਹਾਂ ਦੇ ਪ੍ਰਬੰਧਨ ਲਈ ਸੈਂਕੜੇ ਕਿਲੋਮੀਟਰ ਵਿੱਚ ਫ਼ੈਲੇ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ ਅਤੇ ਲਗਾਤਾਰ ਵਿਸਥਾਰ ਲਈ ਜ਼ਿੰਮੇਵਾਰ ਸੰਸਥਾ ਹੈ।

"ਪਾਣੀ ਇਸ ਨੈੱਟਵਰਕ ਰਾਹੀਂ ਕਿਸੇ ਵੀ ਸਮੇਂ 30 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਗ ਸਕਦਾ ਹੈ। ਸਿਰਫ਼ ਛੇ ਇੰਚ ਤੱਕ ਦਾ ਪਾਣੀ ਤੁਹਾਨੂੰ ਪੈਰਾਂ ਹੇਠੋਂ ਕੱਢ ਸਕਦਾ ਹੈ।"

ਇਸ ਦੇ ਕਈ ਵਾਕਿਆ ਹੋ ਚੁੱਕੇ ਹਨ।

ਸਾਲ 2022 ਦੇ ਅਗਸਤ ਮਹੀਨੇ ਦੀ 13 ਤਰੀਕ ਨੂੰ ਪਿਛਲੇ ਕਈ ਦਹਾਕਿਆਂ ਦੌਰਾਨ ਸਭ ਤੋਂ ਭਿਆਨਕ ਵਾਟਰ ਸਪਾਊਟਸ ਦੌਰਾਨ ਇੱਕ ਫਾਇਰਫਾਈਟਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇੱਕ ਵਿਅਕਤੀ ਹੜ੍ਹ ਵਿੱਚ ਵਹਿ ਗਿਆ ਸੀ।

ਬਚਾਅ ਕਰਮੀਆਂ ਨੂੰ ਇੱਕ ਹੋਰ ਲਾਸ਼ ਲਾਸ ਵੇਗਾਸ ਬੁਲੇਵਾਰਡ ਦੇ ਨੇੜੇ ਇੱਕ ਨਹਿਰ ਵਿੱਚੋਂ ਮਲਬਾ ਹਟਾਉਂਦੇ ਸਮੇਂ ਮਿਲੀ।

ਇਹ ਇਲਾਕਾ ਲਾਸ ਵੇਗਾਸ ਵਿੱਚ ਮਹਿੰਗੇ ਰਿਜ਼ੋਰਟਾਂ ਦੇ ਹੱਬ ਵਜੋਂ ਜਾਣਿਆ ਜਾਂਦਾ ਹੈ।

ਚੰਦ ਰਾਤਾਂ ਪਹਿਲਾਂ, 29 ਜੁਲਾਈ ਨੂੰ ਤਿੰਨ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਉਨ੍ਹਾਂ ਨੂੰ ਸੱਤ ਲੋਕਾਂ ਨੂੰ ਹੜ੍ਹ ਤੋਂ ਬਚਾਉਣ ਲਈ ਜਾਣਾ ਪਿਆ।

ਸੀਵਰੇਜ ਪ੍ਰਣਾਲੀ ਵਿੱਚ ਆਪਣੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਰਿੱਕ ਨੇ ਪਹਿਲਾਂ ਵੀ ਅਜਿਹੇ ਕਈ ਵਾਕੇ ਦੇਖੇ ਹਨ।

ਗ੍ਰੈਫਿਟੀ ਨਾਲ ਭਰੀ ਹੋਈ ਇੱਕ ਕੰਧ ਦਾ ਸਹਾਰਾ ਲੈ ਕੇ ਖੜ੍ਹਦਿਆਂ ਉਸ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਮੈਂ ਪਾਣੀ ਨੂੰ ਲਗਭਗ ਛੱਤ ਤੱਕ ਪਹੁੰਚਦੇ ਦੇਖਿਆ ਹੈ।"

ਉਸਦੀਆਂ ਅੱਖਾਂ ਹੁਣ ਫਲੈਸ਼ਲਾਈਟ ਦੀ ਮੱਧਮ ਰੋਸ਼ਨੀ ਦੀਆਂ ਆਦੀ ਹੋ ਚੁੱਕੀਆਂ ਹਨ।

ਉਹ, ਉਸ ਸਮੇਂ ਨੂੰ ਵੀ ਯਾਦ ਕਰਦਾ ਹੈ, ਜਦੋਂ ਉਸਨੇ ਕਿਸੇ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਆਖ਼ਰ ਵਿੱਚ ਉਨ੍ਹਾਂ ਨੇ ਹੀ ਰਿੱਕੀ ਦੀ ਮਦਦ ਕਰ ਦਿੱਤੀ ਸੀ।

ਰਿੱਕ ਨੂੰ ਤਾਰੀਕਾਂ ਯਾਦ ਨਹੀਂ ਰਹਿੰਦਿਆਂ। ਇੱਕ ਵਾਰ ਔਰਤ ਇੱਕ ਧਾਰਾ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

"ਅਸੀਂ ਉਸ ''''ਤੇ ਚੀਕੇ। ਉਹ ਇੱਕ ਬੱਚੇ ਨੂੰ ਆਪਣੀ ਪਿੱਠ ''''ਤੇ ਲੈ ਕੇ ਜਾ ਰਹੀ ਸੀ, ਪਰ... ਅਤੇ ਉਹ ਦੋਵੇਂ ਮਰ ਗਏ। ਇਹ ਉਹ ਚੀਜ਼ ਹੈ, ਜੋ ਤੁਸੀਂ ਕਦੇ ਨਹੀਂ ਭੁੱਲਦੇ।"

ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੁਝ ਸਮੇਂ ਤੋਂ ਅਜਿਹੇ ਭਿਆਨਕ ਹੜ੍ਹ ਨਹੀਂ ਦੇਖੇ। ਸਗੋਂ ਹੋਰ ਮੁੱਦੇ ਗਿਣਾਉਂਦਾ ਹੈ, ਜੋ ਉਸਨੂੰ ਵਧੇਰੇ ਪ੍ਰੇਸ਼ਾਨ ਕਰਦੇ ਹਨ: ਇੰਨੇ ਵੱਡੇ ਚੂਹੇ ਜੋ ਕਿਸੇ ਦਾ ਵੀ ਤ੍ਰਾਹ ਕੱਢ ਦੇਣ ਅਤੇ ਸਰੁੰਗਾਂ ਵਿੱਚ ਪੁਲਿਸ ਅਤੇ ਲੋਕਾਂ ਦੀ ਵਧਦੀ ਗਿਣਤੀ।

"ਅਤੇ ਹਾਂ ਇਸ ਦੇ ਨਾਲ- ਨਾਲ... ਮਾੜੇ ਸੁਪਨੇ। ਮੈਂ ਉਨ੍ਹਾਂ ਨੂੰ ਆਪਣੇ ਦਿਮਾਗ ਵਿੱਚੋਂ ਬਾਹਰ ਨਹੀਂ ਕੱਢ ਸਕਦਾ।"

ਲਾਸ ਵੇਗਾਸ
CHURCHILL ROUND
ਇਹ ਸੁਰੰਗਾਂ ਸ਼ਹਿਰ ਦੇ ਹੜ੍ਹ ਵਿਰੋਧੀ ਪ੍ਰਣਾਲੀ ਦਾ ਹਿੱਸਾ ਹਨ।

ਉਹ ਦੱਸਦੇ ਹਨ ਕਿ ਇਹ ਸੁਫ਼ਨੇ ਉਸਦੇ ਫੌਜੀ ਅਤੀਤ ਦੇ ਕਾਰਨ ਹਨ।

ਇਨ੍ਹਾਂ ਕਾਰਨ ਹੀ ਉਹ ਬਾਹਰ ਆਪਣੇ ਲਈ ਜ਼ਿੰਦਗੀ ਤਲਾਸ਼ਣ ਵਿੱਚ ਕਈ ਦਹਾਕਿਆਂ ਤੋਂ ਉਸਦੀ ਸਭ ਤੋਂ ਵੱਡੀ ਰੁਕਾਵਟ ਰਹੇ ਹਨ।

"ਮੈਂ ਵੀਅਤਨਾਮ ਵਿੱਚ ਸੀ, ਜਦੋਂ ਮੈਂ ਤਿੰਨ ਸਾਲ ਨਰਕ ਵਿੱਚ ਬਿਤਾਏ ਅਤੇ ਇਸ ਨਾਲ ਮੈਨੂੰ ਮਾਨਸਿਕ ਸਮੱਸਿਆਵਾਂ ਆਈਆਂ," ਉਹ ਦੱਸਦਾ ਹੈ।

ਬਿਨਾਂ ਅਧਿਕਾਰ ਦੇ ਸ਼ੂਟਿੰਗ ਕਰਨ ਤੋਂ ਬਾਅਦ ਉਹਨਾ ਨੂੰ ਦੁਰਵਿਹਾਰ ਲਈ ਮਰੀਨ ਤੋਂ ਛੁੱਟੀ ਕਰ ਦਿੱਤੀ ਗਈ।

ਬਾਅਦ ਵਿੱਚ, ਆਪਣੇ ਨਾਗਰਿਕ ਜੀਵਨ ਵਿੱਚ, ਉਹਨਾਂ ਨੇ ਸਭ ਕੁਝ ਕੀਤਾ: "ਮੈਂ ਫੋਰੈਂਸਿਕ ਯੂਨੀਅਨ ਵਿੱਚ ਸੀ, ਮੈਂ ਉਸਾਰੀ ਦਾ ਕੰਮ ਕੀਤਾ, ਮੈਂ ਰੀਓ ਅਤੇ ਨਿਊਯਾਰਕ (ਇੱਕ ਕੈਸੀਨੋ ਵੀ) ਖੋਲ੍ਹਿਆ, ਮੈਂ ਮੁਰੰਮਤ ਕੀਤੀ, ਮੈਂ ਇੱਕ ਟੈਕਸੀ ਚਲਾਈ.. ਕਈ ਵਾਰ ਮੈਂ ਕੰਮ ਕਰ ਸਕਦਾ ਸੀ, ਪਰ ਜ਼ਿੰਦਗੀ ਨੇ ਹਮੇਸ਼ਾ ਮੇਰੇ ''''ਤੇ ਆਪਣਾ ਜ਼ੋਰ ਚਲਾਇਆ ਅਤੇ ਮੈਂ ਕੰਮ ਛੱਡ ਦਿੱਤਾ।

 ਰਿਕ
CHURCHILL ROUND
ਰਿਕ ਕਹਿੰਦੇ ਹਨ, "ਮੈਂ ਲੋਕਾਂ ਨਾਲ ਨਹੀਂ ਮਿਲਦਾ।"

ਹੁਣ ਉਹ 23 ਡਾਲਰ ਮਹੀਨੇ ਦੀ ਪੈਨਸ਼ਨ ''''ਤੇ ਗੁਜ਼ਾਰਾ ਕਰਦਾ ਹੈ, ਜੋ ਹਰ ਮਹੀਨੇ ਦੀ 3 ਤਰੀਕ ਨੂੰ ਮਿਲਦੀ ਹੈ।

ਇਸ ਤੋਂ ਇਲਾਵਾ ਕਦੇ-ਕਦੇ ਲੋਕ ਖਾਣਾ ਵੰਡ ਜਾਂਦੇ ਹਨ। ਇਹ ਵਿਚਾਰ ਵੀ ਉਸ ਦਾ ਖਹਿੜਾ ਨਹੀਂ ਛੱਡਦਾ ਕਿ ਵੱਧ ਤੋਂ ਵੱਧ ਲੋਕ ਉਸਦੀ ਸੁਰੰਗ ਵਿੱਚ ਪਨਾਹ ਮੰਗਦੇ ਹਨ।

"ਮੇਰੇ ਇੰਨੇ ਸਾਲਾਂ ਤੱਕ ਇਸ ਇਲਾਕੇ ਵਿੱਚ ਰਹਿਣ ਦੀ ਵਜ੍ਹਾ ਇਹ ਹੈ ਕਿ ਮੈਂ ਲੋਕਾਂ ਨੂੰ ਜਾਣਦਾ ਸੀ। ਹਾਲਾਂਕਿ ਹੁਣ ਇੱਥੇ ਕੁਝ ਨਵੇਂ ਲੋਕ ਵੀ ਹਨ ਅਤੇ ਮੈਂ ਅਸਲ ਵਿੱਚ ਉਨ੍ਹਾਂ ਨਾਲ ਨਹੀਂ ਜੁੜਦਾ… ਮੈਂ ਕਿਸੇ ਨਾਲ ਨਹੀਂ ਜੁੜਦਾ… ਮੈਂ ਇੱਕ ਅੰਤਰਮੁਖੀ ਹਾਂ, ਇਕੱਲਾ ਰਹਿਣ ਵਾਲ਼ਾ।"

"ਹਾਂ, ਤੁਸੀਂ ਇਕੱਲੇ ਹੋ!" ਇੱਕ ਅਵਾਜ਼ ਹਨੇਰੇ ਵਿੱਚੋਂ ਪੁਕਾਰਦੀ ਹੈ ਅਤੇ ਸਾਨੂੰ ਹੈਰਾਨ ਕਰਦੀ ਹੈ।

ਅਸੀਂ ਉਸ ਪਾਸੇ ਦੇਖਦੇ ਹਾਂ। ਕੋਈ ਚਾਰ ਮੀਟਰ ਦੂਰ ਗੱਤੇ ਦੇ ਟੁਕੜੇ ''''ਤੇ ਇੱਕ ਬਹੁਤ ਹੀ ਪਤਲਾ ਆਦਮੀ ਪਿਆ ਹੋਇਆ ਹੈ।

ਰਿੱਕ ਨੇ ਸਾਨੂੰ ਦੱਸਿਆ, "ਇਹ ਗਲੇਨ ਹੈ। ਅਸੀਂ ਇੱਕ ਦੂਜੇ ਨੂੰ ਲਗਭਗ 15 ਸਾਲਾਂ ਤੋਂ ਜਾਣਦੇ ਹਾਂ," ਗਲੈਨ ਵੀ ਰਿੱਕ ਦੇ ਨਾਲ ਹੀ ਸੁਰੰਗ ਦੀ ਡੂੰਘਾਈ ਵਿੱਚ ਜਾਣ ਦਾ ਇਰਾਦਾ ਰੱਖਦਾ ਹੈ। "ਚਲੋ ਗੁੰਮ ਹੋ ਜਾਈਏ"।

ਗੁਆਚੀ ਪਛਾਣ

ਅਸੀਂ ਰਿਕ ਤੋਂ ਵਿਦਾ ਲਈ, ਅਤੇ ਉਸਦੇ ਸਾਥੀ ਕੋਲ਼ੋਂ ਲੰਘ ਕੇ, ਜੋ ਹੁਣ ਸ਼ਾਇਦ ਸੁੱਤਾ ਪਿਆ ਹੈ, ਅੱਗੇ ਸੁਰੰਗ ਵਿੱਚ ਡੂੰਘੇ ਚਲੇ ਜਾਂਦੇ ਹਾਂ।

ਅਸੀਂ ਪਾਣੀ ਭਰੇ ਕੁਝ ਹਿੱਸਿਆਂ ਨੂੰ ਪਾਰ ਕਰਦੇ ਹਾਂ, ਹਾਲਾਂਕਿ ਹਫ਼ਤਿਆਂ ਤੋਂ ਮੀਂਹ ਨਹੀਂ ਪਿਆ ਹੈ ਪਰ ਪਾਣੀ ਕਈ ਥਾਈਂ ਖੜ੍ਹਾ ਹੈ। ਅਸੀਂ ਮਲਬੇ ਤੋਂ ਬਚ ਕੇ ਲੰਘਦੇ ਹਾਂ। ਖੁਸ਼ਕਿਸਮਤੀ ਨਾਲ, ਬਿੱਲੀ ਦੇ ਆਕਾਰ ਦੇ ਚੂਹਿਆਂ ਦਾ ਕਿਤੇ ਕੋਈ ਸੰਕੇਤ ਨਹੀਂ ਹੈ ਜਿਸ ਬਾਰੇ ਰਿੱਕ ਨੇ ਸਾਨੂੰ ਚੇਤਾਵਨੀ ਦਿੱਤੀ ਸੀ।

ਉੱਪਰੋਂ ਆ ਰਹੀ ਟ੍ਰੈਫਿਕ ਦੀ ਵੱਧ ਰਹੀ ਆਵਾਜ਼ ਤੋਂ ਸਾਨੂੰ ਪਤਾ ਲਗਦਾ ਹੈ ਕਿ ਅਸੀਂ ਡੀਨ ਮਾਰਟਿਨ ਐਵੇਨਿਊ ਦੇ ਹੇਠਾਂ ਹਾਂ ਅਤੇ ਇੰਟਰਸਟੇਟ ਹਾਈਵੇ 15 ਦੇ ਨੇੜੇ ਆ ਰਹੇ ਹਾਂ।

ਅਸੀਂ ਹੋਰ 10 ਮਿੰਟਾਂ ਲਈ ਲਗਾਤਾਰ ਅੱਗੇ ਚੱਲਦੇ ਹਾਂ ਜਦੋਂ ਤੱਕ ਅਸੀਂ ਕੰਧ ਦੇ ਨਾਲ ਝੁਕੇ ਹੋਏ ਯੂ-ਆਕਾਰ ਵਿੱਚ ਮੋੜੇ ਹੋਏ ਇੱਕ ਗੱਤੇ ਕੋਲ਼ ਨਹੀਂ ਪਹੁੰਚ ਜਾਂਦੇ। ਗੱਤੇ ਦੇ ਉੱਪਰ ਜੁਰਾਬਾਂ ਦਾ ਇੱਕ ਜੋੜਾ, ਇੱਕ ਦਰੀ, ਅਤੇ ਇੱਕ ਪਲਾਸਟਿਕ ਬੈਗ ਲਟਕ ਰਿਹਾ ਹੈ।

"ਮੈਂ ਆ ਰਿਹਾ ਹਾਂ। ਮੈਂ ਆਪਣੇ ਜੁੱਤੀਆਂ ਦੇ ਤਸਮੇ ਬੰਨ੍ਹ ਰਿਹਾ ਹਾਂ," ਅਲੌਕਿਕ ਢਾਂਚੇ ਦੇ ਅੰਦਰੋਂ ਇੱਕ ਬਹੁਤ ਦਿਆਲੂ ਆਵਾਜ਼ ਕਹਿੰਦੀ ਹੈ।

ਜੈ
CHURCHILL ROUND
ਜੈ ਦਾ ਕਹਿਣਾ ਹੈ ਕਿ ਜਦੋਂ ਉਹ 14 ਸਾਲ ਪਹਿਲਾਂ ਲਾਸ ਵੇਗਾਸ ਆਇਆ ਸੀ ਤਾਂ ਉਸ ਦਾ ਸਭ ਕੁਝ ਚੋਰੀ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਨੇ ਕੋਈ ਆਈਡੀ ਪ੍ਰਾਪਤ ਨਹੀਂ ਕੀਤੀ ਹੈ।

ਇਹ ਜੇਅ ਹੈ ਅਤੇ ਜੋ ਸਾਡੇ ਆਉਣ ਤੋਂ ਬਹੁਤ ਖੁਸ਼ ਹੈ, ਫ਼ੋਟੋ ਖਿੱਚਵਾਉਣ ਲਈ ਵੀ ਤਿਆਰ ਹੈ। ਜੇਅ ਨੇ ਮਜ਼ਾਕ ਨਾਲ ਕਿਹਾ,"ਮੈਂ ਮੇਕਅੱਪ ਵੀ ਕੀਤਾ ਹੈ।"

ਜੇਅ "ਲਗਭਗ 47 ਸਾਲ" ਦਾ ਹੈ ਅਤੇ 14 ਸਾਲ ਪਹਿਲਾਂ ਅਮਰੀਕਾ ਦੇ ਉੱਤਰ-ਪੂਰਬ ਦੇ ਇੱਕ ਰਾਜ ਨਿਊ ਹੈਂਪਸ਼ਾਇਰ ਤੋਂ ਬੱਸ ਰਾਹੀਂ ਲਾਸ ਵੇਗਾਸ ਪਹੁੰਚਿਆ ਸੀ।

"ਕਿਸਨੇ ਸੋਚਿਆ ਹੋਵੇਗਾ ਕਿ ਇੱਥੇ ਉਹ ਮੇਰਾ ਪਾਸਪੋਰਟ, ਮੇਰਾ ਸੋਸ਼ਲ ਸਿਕਿਉਰਿਟੀ ਕਾਰਡ, ਸਭ ਕੁਝ ਚੋਰੀ ਕਰ ਲੈਣਗੇ, ਅਤੇ ਮੇਰੀ ਜੇਬ ਵਿੱਚ ਸਿਰਫ਼ 27 ਡਾਲਰ ਰਹਿ ਜਾਣਗੇ?"

ਉਸ ਦਾ ਕਹਿਣਾ ਹੈ ਕਿ ਕਈ ਸਾਲਾਂ ਵਿੱਚ ਕਿੰਨੀ ਹੀ ਕੋਸ਼ਿਸ਼ ਦੇ ਬਾਵਜੂਦ, ਉਸ ਨੂੰ ਕੋਈ ਆਈਡੀ ਨਹੀਂ ਮਿਲ ਸਕੀ ਅਤੇ ਇਸੇ ਕਰਕੇ ਉਹ ਪਿਛਲੇ ਨੌਂ ਸਾਲਾਂ ਤੋਂ ਲਾਸ ਵੇਗਾਸ ਦੇ ਡਰੇਨੇਜ ਸਿਸਟਮ ਵਿੱਚ ਰਹਿ ਰਿਹਾ ਹੈ।

ਇਹ ਉਸ ਉਲਝੀ ਹੋਈ ਕਹਾਣੀ ਦਾ ਸੰਖੇਪ ਰੂਪ ਹੈ, ਜੋ ਜੇਅ ਅਕਸਰ ਲੋਕਾਂ ਨੂੰ ਸੁਣਾਉਂਦਾ ਰਹਿੰਦਾ ਹੈ।

ਜੇਅ ਕਥੱਕੜ ਹੈ ਅਤੇ ਉਸਦੇ ਨਾਲ ਗੱਲਬਾਤ ਵਿੱਚ ਕਰਦੇ ਰਹਿ ਸਕਣਾ ਔਖਾ ਹੈ। ਜੇਅ ਨੇ ਆਪਣੀ ਖੱਬੀ ਅੱਖ, ਸਿਰ ਵਿੱਚ ਗੋਲੀ ਲੱਗਣ ਤੋਂ ਬਾਅਦ ਗੁਆ ਦਿੱਤੀ ਸੀ।

"ਇਹ ਕੋਈ ਵਧੀਆ ਕਹਾਣੀ ਨਹੀਂ ਹੈ। ਜੇਕਰ ਉਨ੍ਹਾਂ ਨੇ ਮੈਨੂੰ ਨਾ ਦੱਸਿਆ ਹੁੰਦਾ ਤਾਂ ਮੈਂ ਇਸ ''''ਤੇ ਵਿਸ਼ਵਾਸ ਨਾ ਕਰਦਾ, ਕਿਉਂਕਿ ਇਹ ਅਸਲੀਅਤ ਨਹੀਂ ਲਗਦੀ ਪਰ ਇਹੀ ਸੱਚਾਈ ਹੈ।"

ਉਹ ਦੱਸਦਾ ਹੈ ਕਿ ਉਹ ਲਾਸ ਵੇਗਾਸ ਦੇ ਹੋਰ ਅੰਡਰਗਰਾਊਂਡ ਲੋਕਾਂ ਤੋਂ ਇਸ ਗੱਲ ਵਿੱਚ ਵੱਖਰਾ ਹੈ ਕਿ ਉਹ ਹੁਣ ਨਸ਼ੇ ਨਹੀਂ ਕਰਦਾ-ਭਾਵੇਂ ਉਸ ਨੇ ਸਾਰੇ ਨਸ਼ੇ ਕਰਕੇ ਦੇਖ ਲਏ ਹਨ -ਅਤੇ ਇਹ ਕਿ ਉਹ ਆਸ਼ਾਵਾਦੀ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਨਹੀਂ ਤਾਂ ਇਹ "ਸਮੇਂ ਅਤੇ ਊਰਜਾ ਦੀ ਬਰਬਾਦੀ" ਹੈ।

ਉਸਦੇ ਸਮਾਨ ਵਿੱਚ ਗੱਤੇ ਦੀਆਂ ਤਿੰਨ ਕੰਧਾਂ ਤੋਂ ਇਲਾਵਾ, ਇੱਕ ਸਿਰਹਾਣਾ ਅਤੇ ਕੁਝ ਕੰਬਲ, ਇੱਕ ਸੁਪਰਮਾਰਕੀਟ ਕਾਰਟ, ਕਈ ਪਾਣੀ ਦੇ ਡੱਬੇ, ਦੋ ਲਾਂਡਰੀ ਬਾਲਟੀਆਂ, ਸਾਬਣ, ਬਲੀਚ ਅਤੇ ਇੱਕ ਝਾੜੂ ਆਦਿ ਹਨ।

ਜਿਉਂਦੇ ਬਚੇ ਰਹਿਣ ਲਈ ਉਹ ਕਬਾੜ ਵੇਚ ਕੇ ਵੱਟੇ ਪੈਸਿਆਂ ਨਾਲ ਖਾਣਾ ਖ਼ਰੀਦਦਾ ਹੈ। ਜੇਅ ਇਸ ਥਾਂ ਨੂੰ ਜਾਦੂਈ ਦੱਸਦਾ ਹੈ। ਉਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਅਜਿਹੀ ਥਾਂ ਹੈ ਜਿਸ ਦੇ ਕੁਝ ਹਿੱਸਿਆਂ ਦੀ ਵਿਆਖਿਆ ਕੀਤੀ ਜਾ ਸਕਦੀ ਹੈ ਜਦਕਿ ਦੂਜਿਆਂ ਦੀ ਨਹੀਂ।

ਜੈ
CHURCHILL ROUND
ਜੈ ਉਹ ਥਾਂ ਦਿਖਾਉਂਦਾ ਹੈ ਜਿੱਥੇ ਉਹ ਸੁਰੰਗ ਦੇ ਅੰਦਰ ਸੌਂਦਾ ਹੈ।

ਮੈਂ ਪੁੱਛਿਆ "ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ?"

"ਹਾਂ, ਜਿਵੇਂ ਬਹੁਤ ਦੂਰ ਕੋਈ ਚੀਜ਼ ਜੋ ਚਲਦੀ ਹੈ। ਕੁਝ ਸਾਲ ਪਹਿਲਾਂ ਇੰਨਾ ਮਾੜਾ ਹਾਲ ਸੀ ਕਿ ਹਨੇਰਾ ਹੋਣ ਤੋਂ ਬਾਅਦ ਕੋਈ ਇੱਥੇ ਨਹੀਂ ਰਹਿੰਦਾ ਸੀ। ਉਹ ਬਹੁਤ ਬੁਰਾ ਅਤੇ ਬੇਰਹਿਮ ਸਮਾਂ ਸੀ। ਮੈਂ ਸੱਚੀਂ ਇੱਥੇ ਕੁਝ ਚੀਜ਼ਾਂ ਦੇਖੀਆਂ ਹਨ... ਅਤੇ ਉਹ ਤੁਹਾਨੂੰ ਪਰੇਸ਼ਾਨ ਕਰਦੇ ਹਨ, ਉਹ ਚਿੰਬੜ ਜਾਂਦੇ ਹਨ। ਮੈਂ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਕਿਉਂਕਿ ਇਹ ਮੇਰੇ ਤੋਂ ਪਹਿਲਾਂ ਵੀ ਮੌਜੂਦ ਸੀ ਅਤੇ ਇਹ ਬਾਅਦ ਵਿੱਚ ਵੀ ਰਹਿਣਗੀਆਂ।"

ਨਿਸ਼ਚਿਤ ਹੀ ਉਸ ਦਾ ਇਸ਼ਾਰਾ ਸੁਰੰਗਾਂ ਵਿੱਚ ਭਟਕਦੀਆਂ ਰੂਹਾਂ ਵੱਲ ਸੀ।

ਫਿਰ ਇਸ ਗੱਲ ਨਾਲ ਜੋ ਮੁਹਾਵਰੇ ਅਤੇ ਕਲਪਨਾ ਦੇ ਵਿਚਕਾਰ ਝੂਲ ਰਹੀ ਸੀ ਅਤੇ ਜੇਅ ਤੋਂ ਵਿਦਾ ਲੈਣ ਤੋਂ ਪਹਿਲਾਂ ਉਸਨੂੰ ਇੱਕ ਸੈਂਡਵਿਚ, ਬੁਨਿਆਦੀ ਸਫਾਈ ਦੀਆਂ ਚੀਜ਼ਾਂ ਵਾਲਾ ਇੱਕ ਬੈਗ ਅਤੇ ਮੈਕਡੋਨਲਡਜ਼ ਵਿੱਚ ਖਾਣ ਲਈ ਇੱਕ ਗਿਫ਼ਟ ਕਾਰਡ ਦਿੰਦੇ ਹਾਂ।

ਜੋਅ, ਸੁਰੰਗ ਵਿੱਚ ਇੱਕ ਰੋਸ਼ਨੀ ਦੀ ਕਿਰਨ

ਦਰਅਸਲ, ਖਾਣਾ ਉਸ ਨੂੰ ਜੋਅ ਰਿਓਰਡਨ ਨੇ ਦਿੱਤਾ ਸੀ।

ਜੋਅ ਇੱਕ ਸੰਘਣੀਆਂ ਮੁੱਛਾਂ ਅਤੇ ਚਮਕਦਾਰ ਨੀਲੀਆਂ ਅੱਖਾਂ ਵਾਲਾ ਆਦਮੀ ਹੈ, ਜੋ "ਜੇਅ ਜਾਂ ਰਿੱਕ ਬਣਨ ਤੋਂ ਮਹਿਜ਼ ਕੁਝ ਹੀ ਦੂਰ ਸੀ"। ਜੋਅ ਫਿਲਹਾਲ ਸ਼ਾਈਨ ਏ ਲਾਈਟ ਸੰਸਥਾ ਜੋ ਇਸ ਅੰਡਰਵਰਲਡ ਵਿੱਚ ਰਹਿ ਰਹੇ ਬੇਘਰੇ ਲੋਕਾਂ ਦੀ ਮਦਦ ਕਰਦੀ ਹੈ, ਨਾਲ ਵਲੰਟੀਅਰ ਵਜੋਂ ਕੰਮ ਕਰਦਾ ਹੈ।

"ਅਸੀਂ ਸਤਿਹ ਤੋਂ 55 ਫੁੱਟ (ਲਗਭਗ 16 ਮੀਟਰ) ਹੇਠਾਂ ਹਾਂ। ਇਸ ਦੇ ਉੱਪਰ ਜੋ ਦੁਨੀਆਂ ਹੈ ਉੱਥੇ ਤੁਸੀਂ 1,000 ਡਾਲਰ ਵਿੱਚ ਦਾ ਦੁਪਹਿਰ ਦਾ ਖਾਣਾ ਖਾ ਰਹੇ ਹੋ," ਉਹ ਛੱਤ ਵੱਲ ਇਸ਼ਾਰਾ ਕਰਦੇ ਹੋਏ, ਨਾਲ ਆਏ ਫੋਟੋਗ੍ਰਾਫਰ ਨੂੰ ਕਹਿੰਦਾ ਹੈ।

ਫਿਰ, ਇੱਕ ਵਾਰ ਜਦੋਂ ਅਸੀਂ ਬਾਹਰ ਆ ਜਾਂਦੇ ਹਾਂ, ਅਸੀਂ ਆਪਣੇ ਰੂਟ ਨੂੰ ਸਮਝਣ ਲਈ ਗੂਗਲ ਮੈਪਸ ਉੱਪਰ ਲਾਸ ਵੇਗਾਸ ਨਹਿਰ ਅਤੇ ਸੀਵਰ ਸਿਸਟਮ ਦੇ ਨਕਸ਼ੇ ਨੂੰ ਦੇਖਦੇ ਹਾਂ। ਇਸ ਤੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਜੇਅ ਦੀ ਟਿੱਪਣੀ ਕਿੰਨੀ ਸਟੀਕ ਸੀ।

ਜੇਅ ਅਤੇ ਰਿੱਕ ਦੀ ਸਰੁੰਗ ਸੀਜ਼ਰ ਪੈਲੇਸ ਦੇ ਨੇੜਿਓਂ ਲੰਘਦੀ ਹੈ ਜੋ ਕਿ ਇਲਾਕੇ ਦੇ ਸਭ ਤੋਂ ਮਸ਼ਹੂਰ ਹੋਟਲ-ਕਸੀਨੋ ਵਿੱਚੋਂ ਇੱਕ ਹੈ, ਜਿੱਥੇ ਅਣਗਿਣਤ ਫਿਲਮਾਂ ਦਾ ਫਿਲਮਾਂਕਣ ਹੋਇਆ ਹੈ।

ਇਸਦੇ ਰੋਮਨ ਸਕੁਏਰ ਦੇ ਇੱਕ ਰੈਸਟੋਰੈਂਟ ਵਿੱਚ, ਗੋਰਡਨ ਰਾਮਸੇ ਦੀ ਹੈਲਜ਼ ਕਿਚਨ ਹੈ। ਜਿਸ ਕੋਲ ਨੌਂ ਮਿਸ਼ਲਿਨ ਸਟਾਰ ਹਨ। ਮਿਸ਼ਲਿਨ ਸਟਾਰ ਹਾਸਲ ਕਰਨ ਨਾਲ ਕਿਸੇ ਰੈਸਟੋਰੈਂਚ ਦਾ ਇਲਾਕੇ ਵਿੱਚ ਵਕਾਰ ਬਹੁਤ ਵਧ ਜਾਂਦਾ ਹੈ।

ਇੱਥੇ ਤੁਸੀਂ ਦਰਜਣ ਭਰ ਓਇਸਟਰ (ਸਿੱਪੀਆਂ) ਖਾਣ ਲਈ 56 ਅਮਰੀਕੀ ਡਾਲਰਾਂ ਦਾ ਭੁਗਤਾਨ ਕਰ ਸਕਦੇ ਹੋ।

ਜੋਅ ਰਿਓਰਡਨ ਅਤੇ ਰੌਬਰਟ ਬੈਨਹਾਰਟ
CHURCHILL ROUND
ਸ਼ਾਈਨ ਏ ਲਾਈਟ ਲਈ ਵਲੰਟੀਅਰ ਅਤੇ ਆਊਟਰੀਚ ਦੇ ਨਿਰਦੇਸ਼ਕ ਜੋਅ ਰਿਓਰਡਨ ਅਤੇ ਰੌਬਰਟ ਬੈਨਹਾਰਟ, ਜੋ ਹਰ ਸ਼ਨੀਵਾਰ ਨੂੰ ਆਪਣੇ ਨਿਵਾਸੀਆਂ ਨੂੰ ਮਿਲਣ ਅਤੇ ਮਦਦ ਦੀ ਪੇਸ਼ਕਸ਼ ਕਰਨ ਲਈ ਸੁਰੰਗਾਂ ਵਿੱਚ ਉਤਰਦੇ ਹਨ।

ਇਸ ਇਲਾਕੇ ਦੇ ਹੋਰ ਰੈਸਟੋਰੈਂਟਾਂ ਦੀਆਂ ਕੀਮਤਾਂ ਤਾਂ ਹੋਰ ਵੀ ਅਸਮਾਨੀ ਅੱਗ ਲਾਉਣ ਵਾਲੀਆਂ ਹਨ। ਇੱਥੇ ਹੀ ਇੱਕ ਬੇਲਾਜੀਓ ਕੈਸੀਨੋ ਹੈ, ਜੋ ਤੁਰਕੇ ਸਿਰਫ਼ 10-ਮਿੰਟ ਦੀ ਦੂਰੀ ''''ਤੇ ਹੈ। ਉੱਥੇ ਇੱਕ ਸਟੀਕ ਲਈ ਕੀਮਤ109 ਡਾਲਰ ਤੋਂ ਸ਼ੁਰੂ ਹੁੰਦੀ ਹੈ। ਸਾਲ 2008 ਦੀ ਪੁਰਾਣੀ ਸ਼ੈਂਪੇਨ ਦੀ ਇੱਕ ਬੋਤਲ ਲਈ 1,500 ਡਾਲਰ ਤੋਂ ਵੱਧ ਵਸੂਲੇ ਜਾਂਦੇ ਹਨ।

ਇਸ ਤਰ੍ਹਾਂ ਦੇ ਖਾਣਿਆਂ ਵਿੱਚ, ਹੋਟਲ ਦੇ ਕਮਰਿਆਂ, ਟੈਕਸੀਆਂ, ਦੁਕਾਨਾਂ, ਸੰਗੀਤ ਸਮਾਰੋਹਾਂ, ਪੋਕਰ ਵਗੈਰਾ ਵਿੱਚ ਅਤੇ ਕੈਸੀਨੋ ਵਿੱਚ ਜੂਆ ਖੇਡਣ ਲਈ ਸੈਲਾਨੀਆਂ ਨੇ ਪਿਛਲੇ ਸਾਲ 44.9 ਬਿਲੀਅਨ ਅਮਰੀਕੀ ਡਾਲਰ ਖਰਚ ਕੀਤੇ ਸਨ।

ਬਿਨਾਂ ਇਹ ਸੋਚੇ ਕਿ ਬਿਲਕੁਲ ਉਨ੍ਹਾਂ ਦੇ ਪੈਰਾਂ ਹੇਠਾਂ ਦਾਨ ਕੀਤੇ ਸੈਂਡਵਿਚ ਅਤੇ ਕੂੜੇ ਵਿੱਚ ਚੁਣੇ ਖਾਣੇ ਉੱਪਰ ਗੁਜ਼ਰ ਕਰਨ ਵਾਲੇ ਵੀ ਰਹਿੰਦੇ ਹਨ।

ਇਹ ਜਾਣਕਾਰੀ ਲਾਸ ਵੇਗਾਸ ਕਨਵੈਨਸ਼ਨ ਅਤੇ ਵਿਜ਼ਿਟਰਸ ਅਥਾਰਟੀ ਦੀ ਸਭ ਤੋਂ ਤਾਜ਼ਾ ਰਿਪੋਰਟ ਵਿੱਚ ਸ਼ਾਮਲ ਕੀਤੀ ਗਈ ਹੈ।

ਇਹ ਰਿਪੋਰਟ ਅਪ੍ਰੈਲ ਵਿੱਚ ਜਾਰੀ ਕੀਤੀ ਗਈ ਸੀ ਅਤੇ ਅਮੀਰਾਂ ਤੇ ਗਰੀਬਾਂ ਦੇ ਦੋਵਾਂ ਸੰਸਾਰਾਂ ਵਿਚਕਾਰ ਖਾੜੀ ਨੂੰ ਉਜਾਗਰ ਕਰਦੀ ਹੈ।

ਲਾਸ ਵੇਗਾਸ
CHURCHILL ROUND

ਮੈਥਿਊ ਓ''''ਬ੍ਰਾਇਨ, ਸ਼ਹਿਰ ਦੀਆਂ ਇਨ੍ਹਾਂ ਗੰਦੀਆਂ ਆਂਦਰਾਂ ਵਿੱਚ ਉਤਰਨ ਵਾਲਾ ਪਹਿਲਾ ਪੱਤਰਕਾਰ ਹੈ ਅਤੇ ਸਥਾਨਕ ਮੈਗਜ਼ੀਨ ਲਾਸ ਵੇਗਾਸ ਸਿਟੀ ਲਾਈਫ ਅਤੇ ਬਾਅਦ ਵਿੱਚ ਆਪਣੀਆਂ ਕਿਤਾਬਾਂ ਵਿੱਚ ਇਨ੍ਹਾਂ ਆਂਦਰਾਂ ਵਿੱਚ ਰਹਿਣ ਵਾਲੇ ਲੋਕਾਂ ਬਾਰੇ ਲਿਖਦਾ ਹੈ।

ਮੈਥਿਊ ਨੇ ਬੀਬੀਸੀ ਮੁੰਡੋ ਨੂੰ ਦੱਸਿਆ,''''ਹਾਲਾਂਕਿ ਦੋਵੇਂ ਹਕੀਕਤਾਂ ਇੱਕ ਦੂਜੇ ਨਾਲ ਜੁੜੀਆਂ ਹਨ''''।

ਉਹ ਦੱਸਦਾ ਹੈ, "ਸੁਰੰਗਾਂ ਦੇ ਵਾਸੀ ਲਾਸ ਵੇਗਾਸ ਦੀ ਰਹਿੰਦ-ਖੂਹੰਦ ਉੱਪਰ ਜਿੰਦਾ ਹਨ। ਉਹ ਕੈਸੀਨੋ ਵਿੱਚੋਂ ਲੰਘਦੇ ਹਨ, ਉਹ ਜ਼ਮੀਨ ''''ਤੇ ਡਿੱਗੇ ਪੈਸੇ ਜਾਂ ਜੋ ਮਸ਼ੀਨਾਂ ਵਿੱਚ ਰਹਿ ਗਿਆ ਹੈ, ਲੱਭਦੇ ਹਨ, ਸੈਲਾਨੀਆਂ ਤੋਂ ਭੀਖ ਮੰਗਦੇ ਹਨ।"

ਪਰ ਰਿਸ਼ਤਾ ਇਸ ਤੋਂ ਜ਼ਿਆਦਾ ਹੈ

ਓ''''ਬ੍ਰਾਇਨ ਆਪਣੀ ਗੱਲ ਜਾਰੀ ਰੱਖਦੇ ਹਨ, "ਜਿਨ੍ਹਾਂ ਦੀ ਮੈਂ ਸੁਰੰਗਾਂ ਵਿੱਚ ਇੰਟਰਵਿਊ ਕੀਤੀ ਸੀ, ਉਨ੍ਹਾਂ ਵਿੱਚੋਂ ਬਹੁਤ ਸਾਰੇ ਬੇਘਰੇ ਨਹੀਂ ਸਨ ਜਦੋਂ ਉਹ ਲਾਸ ਵੇਗਾਸ ਪਹੁੰਚੇ ਸਨ। ਉਹ ਉਨ੍ਹਾਂ ਕਾਰਨਾਂ ਕਰਕੇ ਉੱਥੇ ਚਲੇ ਗਏ ਸਨ ਜਿਨ੍ਹਾਂ ਕਾਰਨ ਮੈਂ ਕੀਤਾ ਸੀ: ਬਦਲਾਵ ਲਈ, ਨਵੀਂ ਜ਼ਿੰਦਗੀ ਦੀ ਭਾਲ ਕਰਨ ਲਈ, ਹੋਰ ਸੁਪਨਿਆਂ ਦਾ ਪਿੱਛਾ ਕਰਨ ਲਈ,"

ਓ''''ਬ੍ਰਾਇਨ ਨੇ ਇੱਕ ਕਮਿਊਨਿਟੀ ਪ੍ਰੋਜੈਕਟ ਵਜੋਂ ਸਾਲ 2009 ਵਿੱਚ ਸ਼ਾਈਨ ਏ ਲਾਈਟ ਸ਼ੁਰੂ ਕੀਤੀ ਸੀ ਅਤੇ ਕਈ ਸਾਲਾਂ ਤੋਂ ਅਲ ਸੈਲਵਾਡੋਰ ਵਿੱਚ ਰਹਿ ਰਿਹਾ ਹੈ। ਫਿਲਹਾਲ ਉਹ ਸਾਡੇ ਨਾਲ ਅਲ ਸੈਲਵਾਡੋਰ ਤੋਂ ਫ਼ੋਨ ਰਾਹੀਂ ਗੱਲ ਕਰ ਰਿਹਾ ਹੈ।

"ਅਤੇ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕੰਮ ਨਾ ਮਿਲੇ ਜਾਂ ਹੋ ਸਕਦਾ ਹੈ ਕਿ ਉਹ ਜੂਏ ਦੇ ਆਦੀ ਹੋ ਗਏ, ਉਨ੍ਹਾਂ ਨਸ਼ੀਲੇ ਪਦਾਰਥਾਂ ਦੇ ਜੋ ਸੜਕਾਂ ''''ਤੇ ਸੁਖਾਲੇ ਹੀ ਮਿਲ ਜਾਂਦੇ ਹਨ, ਅਤੇ ਕੁਝ ਉਨ੍ਹਾਂ ਕੈਸੀਨੋਜ਼ ਦੇ ਹੇਠਾਂ ਰਹਿ ਗਏ ਜਿਨ੍ਹਾਂ ਨੇ ਕਦੇ ਉਨ੍ਹਾਂ ਨੂੰ ਇਸ ਨੇਵਾਡਾ ਸ਼ਹਿਰ ਵੱਲ ਖਿੱਚਿਆ ਸੀ।"

ਮੈਥਿਊ ਦਾ ਮੰਨਣਾ ਹੈ ਕਿ ਕਿਉਂਕਿ ਲਾਸ ਵੇਗਾਸ, ਇੱਕ ਅਜਿਹਾ ਸ਼ਹਿਰ ਹੈ ਜੋ ਸੌਂਦਾ ਨਹੀਂ, ਬੇਘਰਾਂ ਲਈ ਇੱਕ ਚੁੰਬਕ ਵੀ ਹੈ ਅਤੇ ਬੇਘਰਿਆਂ ਦੀ ਇੱਕ ਫੈਕਟਰੀ ਹੈ।

ਰਾਬਰਟ
CHURCHILL ROUND

ਰਾਬਰਟ ਅਤੇ "ਕਬਾਇਲੀ ਮਾਨਸਿਕਤਾ"

ਸ਼ਹਿਰ ਦੇ ਸਥਾਨਕ ਪ੍ਰਸ਼ਾਸਨ ਦੇ ਅੰਕੜਿਆਂ ਦੇ ਅਨੁਸਾਰ, ਲਾਸ ਵੇਗਾਸ ਦੇ 6,500 ਤੋਂ ਵੱਧ ਨਿਵਾਸੀਆਂ ਕੋਲ ਸਥਾਈ ਘਰ ਨਹੀਂ ਹੈ ਅਤੇ ਲਗਭਗ 65% ਖੁੱਲ੍ਹੇ ਅਕਾਸ਼ ਥੱਲੇ ਸੌਂਦੇ ਹਨ।

ਬੇਘਰਿਆਂ ਨਾਲ਼ ਕੰਮ ਕਰਨ ਵਾਲੀਆਂ ਸੰਸਥਾਵਾਂ ਦਾ ਅੰਦਾਜ਼ਾ ਹੈ ਕਿ 1,500 ਤੱਕ ਲੋਕ ਸੁਰੰਗਾਂ ਵਿੱਚ ਰਹਿੰਦੇ ਹਨ।

ਨਵੰਬਰ 2019 ਵਿੱਚ, ਸਿਟੀ ਕਾਉਂਸਿਲ ਨੇ ਇੱਕ ਆਰਡੀਨੈਂਸ ਪਾਸ ਕੀਤਾ ਜਿਸ ਵਿੱਚ ਫੁੱਟਪਾਥਾਂ ''''ਤੇ ਬੈਠਣ, ਆਰਾਮ ਕਰਨ, ਜਾਂ "ਰਹਿਣ" ਕਾਰਨ ਕਿਸੇ ਨੂੰ ਛੇ ਮਹੀਨੇ ਤੱਕ ਦੀ ਜੇਲ੍ਹ ਜਾਂ 1,000 ਡਾਲਰ ਤੱਕ ਦੇ ਜੁਰਮਾਨੇ ਦੀ ਸਜ਼ਾ ਦਿੱਤੀ ਜਾ ਸਕਦੀ ਹੈ।

ਆਲੋਚਕਾਂ ਵੱਲੋਂ ਇਸਨੂੰ ਦੇਸ਼ ਵਿੱਚ" ਬੇਘਰਾਂ ਦੇ ਵਿਰੁੱਧ "ਸਭ ਤੋਂ ਭਿਆਨਕ" ਕਦਮ ਕਿਹਾ ਗਿਆ ਸੀ। ।

ਇਹ ਸਾਲ 2020 ਦੀ ਫਰਵਰੀ ਤੋਂ ਲਾਗੂ ਹੋਣਾ ਸ਼ੁਰੂ ਹੋਇਆ। ਹਾਲਾਂਕਿ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਜਾਂ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ, ਉਨ੍ਹਾਂ ਨੂੰ ਕੋਰੀਡੋਰ ਆਫ ਹੋਪ ਵਿੱਚ ਜਾਣ ਲਈ ਕਿਹਾ ਜਾਂਦਾ ਹੈ, ਇੱਕ ਜ਼ਿਲ੍ਹਾ ਜੋ ਬੇਘਰਿਆਂ ਦੀ ਭਲਾਈ ਵੱਲ ਧਿਆਨ ਦਿੰਦਾ ਹੈ।

ਰਾਬਰਟ
CHURCHILL ROUND
ਸਰਕਾਰ ਦਾ ਅੰਦਾਜ਼ਾ ਹੈ ਕਿ ਲਾਸ ਵੇਗਾਸ ਦੇ 6,500 ਤੋਂ ਵੱਧ ਨਿਵਾਸੀਆਂ ਕੋਲ ਸਥਾਈ ਰਿਹਾਇਸ਼ ਦੀ ਘਾਟ ਹੈ ਅਤੇ ਲਗਭਗ 65% ਵਿਦੇਸ਼ਾਂ ਵਿੱਚ ਸੌਂਦੇ ਹਨ।

ਉੱਥੇ, ਕੋਰਟਯਾਰਡ ਹੋਮਲੈੱਸ ਰਿਸੋਰਸ ਸੈਂਟਰ ਵਿਖੇ, 20 ਮਿਲੀਅਨ ਡਾਲਰ ਦੀ ਪਹਿਲਕਦਮੀ ਸਦਕਾ, ਉਹ ਇਸ਼ਨਾਲ ਕਰ ਸਕਦੇ ਹਨ, ਖਾ ਸਕਦੇ ਹਨ, ਸੌਂ ਸਕਦੇ ਹਨ, ਹੋਰ ਚੀਜ਼ਾਂ ਦੇ ਨਾਲ-ਨਾਲ ਡਾਕਟਰੀ ਅਤੇ ਮਾਨਸਿਕ ਸਿਹਤ ਦੇਖਭਾਲ, ਰੁਜ਼ਗਾਰ ਅਤੇ ਕਾਨੂੰਨੀ ਸਲਾਹ ਪ੍ਰਦਾਨ ਕੀਤੀ ਜਾਂਦੀ ਹੈ।

ਮਿਉਂਸਪਲ ਡੇਟਾ ਦੇ ਅਨੁਸਾਰ, 2021 ਵਿੱਚ 6,081 ਲੋਕਾਂ ਨੇ ਇਨ੍ਹਾਂ ਸੇਵਾਵਾਂ ਤੱਕ ਪਹੁੰਚ ਕੀਤੀ ਅਤੇ ਔਸਤਨ 371 ਜਣਿਆਂ ਨੇ ਇਸ ਦੀਆਂ ਸੁਵਿਧਾਵਾਂ ਵਿੱਚ ਰਾਤ ਕੱਟੀ।

ਇਨ੍ਹਾਂ ਸਹੂਲਤਾਂ ਦਾ ਹੁਣ ਵਿਸਥਾਰ ਕੀਤਾ ਜਾ ਰਿਹਾ ਹੈ।

ਇਸ ਪਹਿਲਦਕਮੀ ਨੂੰ ਇੱਕ ਹੋਰ ਪ੍ਰੋਗਰਾਮ ਵੱਲੋਂ ਵੀ ਮਦਦ ਮਿਲਦੀ ਹੈ, ਜਿਸ ਨਾਲ ਵੱਖ-ਵੱਖ ਏਜੰਸੀਆਂ ਦੇ ਨੁਮਾਇੰਦਿਆਂ ਦੀਆਂ ਬਣੀਆਂ ਟੀਮਾਂ ਸਿੱਧੇ ਸੜਕ ''''ਤੇ ਕੰਮ ਕਰਦੀਆਂ ਹਨ।

ਲਾਸ ਵੇਗਾਸ ਦੀ ਮਿਉਂਸਪਲਿਟੀ ਦੇ ਬੁਲਾਰੇ ਨੇ ਜ਼ੋਰ ਦੇ ਕੇ ਕਿਹਾ, "ਸ਼ਹਿਰ ਦਾ ਟੀਚਾ ਬੇਘਰਿਆਂ ਨੂੰ ਗ੍ਰਿਫਤਾਰ ਕਰਨਾ ਨਹੀਂ ਹੈ। ਸਗੋਂ ਬੇਘਰਿਆਂ ਨਾਲ ਮਿਲ ਕੇ ਕੰਮ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਸਿਹਤਮੰਦ ਰਹਿਣ, ਰਿਹਾਇਸ਼ ਦੇਣਾ ਜਾਂ ਉਨ੍ਹਾਂ ਨੂੰ ਨੌਕਰੀ ''''ਤੇ ਰਖਵਾਉਣਾ" ਹੈ।

ਲਾਸ ਵੇਗਾਸ ਦਾ ਸ਼ਹਿਰ ਉਨ੍ਹਾਂ ਕਈ ਮਿਉਂਸੀਪੈਲਿਟੀਆਂ ਵਿੱਚੋਂ ਇੱਕ ਹੈ ਜੋ ਲਾਸ ਵੇਗਾਸ ਮੈਟਰੋਪੋਲੀਟਨ ਦੇ ਅਧੀਨ ਆਉਂਦੇ ਹਨ ਅਤੇ ਜੋ ਬੇਘਰਿਆਂ ਨੂੰ ਸੇਵਾਵਾਂ ਮੁਹਈਆ ਕਰਦੇ ਹਨ।

ਰਾਬਰਟ
CHURCHILL ROUND
ਰੌਬਰਟ ਬੈਂਗਹਾਰਟ ਤਿੰਨ ਸਾਲਾਂ ਤੱਕ ਸੁਰੰਗਾਂ ਵਿੱਚ ਰਿਹਾ ਅਤੇ ਹੁਣ ਸ਼ਾਈਨ ਏ ਲਾਈਟ ਸੰਸਥਾ ਨਾਲ ਕੰਮ ਕਰਦਾ ਹੈ ਤਾਂ ਜੋ ਦੂਜਿਆਂ ਦੀ ਮਦਦ ਕੀਤੀ ਜਾ ਸਕੇ।

ਰੌਬਰਟ ਬੈਂਗਹਾਰਟ, ਅੱਜ ਸ਼ਾਈਨ ਏ ਲਾਈਟ ਦੇ ਆਊਟਰੀਚ ਨਿਰਦੇਸ਼ਕ ਹਨ। ਉਹ ਵੀ ਉਸ ਵਿੱਚੋਂ ਲੰਘਿਆ ਹੈ ਜਿਸ ਨੂੰ ਉਹ ਤਨਜ਼ ਵਜੋਂ "ਨਿਰਾਸ਼ਾ ਦਾ ਗਲਿਆਰਾ" ਕਹਿਣਾ ਪਸੰਦ ਕਰਦਾ ਹੈ ਅਤੇ ਭੂਮੀਗਤ ਵੀ ਰਹਿੰਦਾ ਰਿਹਾ ਸੀ।

ਅਸੀਂ ਰੀਓ ਸੁਰੰਗ ਦੇ ਪ੍ਰਵੇਸ਼ ਦੁਆਰ ''''ਤੇ ਵਾਪਸ ਜਾ ਰਹੇ ਸੀ ਜਦੋਂ ਰੌਬਰਟ ਨੇ ਦੱਸਿਆ, "ਮੈਂ ਨਾਲੀਆਂ ਵਿੱਚ ਜਾਣ ਦਾ ਫ਼ੈਸਲਾ ਕੀਤਾ ਕਿਉਂਕਿ ਇੱਕ ਜਾਣਕਾਰ ਨੇ ਜੋ ਉਨ੍ਹਾਂ ਵਿੱਚ ਸੁੱਤਾ ਸੀ, ਮੈਨੂੰ ਸੱਦਾ ਦਿੱਤਾ। ਮੈਂ ਸਾਲਾਂ ਤੋਂ ਸੜਕਾਂ ''''ਤੇ ਰਹਿ ਰਿਹਾ ਸੀ, ਜਿੱਥੇ ਸਭ ਕੁਝ ਬਹੁਤ ਬੇਤਰਤੀਬ ਹੈ: ਹੋ ਸਕਦਾ ਹੈ ਕਿ ਕੋਈ ਸੈਲਾਨੀ ਤੁਹਾਨੂੰ ਭੋਜਨ ਦੇ ਦੇਵੇ, ਹੋ ਸਕਦਾ ਹੈ ਕਿ ਤੁਸੀਂ ਆਪਣੇ ਆਪ ਕੁਝ ਪ੍ਰਾਪਤ ਕਰ ਸਕੋ… ਇਸ ਲਈ ਜਦੋਂ ਮੈਂ ਉੱਥੇ ਗਿਆ ਤਾਂ ਮੈਨੂੰ ਉਹੋ ਜਿਹਾ ਮਹਿਸੂਸ ਹੋਇਆ ਜੋ ਮੈਂ ਹੁਣ ਮਹਿਸੂਸ ਕਰਦਾ ਹਾਂ ਜਦੋਂ ਮੈਂ ਘਰ ਪਹੁੰਚਦਾ ਹਾਂ।"

ਹਾਲਾਂਕਿ ਉਹ ਸਪਸ਼ਟ ਕਰਦਾ ਹੈ ਕਿ ਉਹ ਇੱਕ "ਬਹੁਤ ਹੀ ਬੁਨਿਆਦੀ" ਜੀਵਨ ਦੀ ਗੱਲ ਕਰ ਰਿਹਾ ਹੈ। ਜਿੱਥੇ ਸਿਰਫ ਸਭ ਤੋਂ ਮੁੱਢਲੀਆਂ ਲੋੜਾਂ ਨੂੰ ਸੰਤੁਸ਼ਟ ਕਰਨਾ ਮਾਇਨੇ ਰੱਖਦਾ ਹੈ: "ਮੈਨੂੰ ਪਾਣੀ ਦੀ ਲੋੜ ਹੈ, ਮੈਨੂੰ ਖਾਣ ਦੀ ਲੋੜ ਹੈ, ਮੈਨੂੰ ਜੀਵਨ ਉੱਚਾ ਚੁੱਕਣ ਦੀ ਲੋੜ ਹੈ।"

ਉਸ ਸਥਿਤੀ ਵਿੱਚ ਲੋਕਾਂ ਲਈ, ਡਰੇਨੇਜ ਨਾਲੀਆਂ ਪਨਾਹ ਹੋ ਸਕਦੀਆਂ ਹਨ: ਉਹਨਾਂ ਕੋਲ ਕੰਕਰੀਟ ਦੀ ਛੱਤ ਅਤੇ ਕੰਧਾਂ ਹਨ, ਜੋ ਗਰਮੀਆਂ ਵਿੱਚ 40 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ਅਤੇ ਤੇਜ਼ ਹਵਾਵਾਂ ਤੋਂ ਸੁਰੱਖਿਆ ਦਿੰਦੀਆਂ ਹਨ।

ਰੌਬਰਟ ਅੱਗੇ ਕਹਿੰਦਾ ਹੈ "ਇਸ ਤੋਂ ਇਲਾਵਾ ਕੋਈ ਵੀ ਤੁਹਾਨੂੰ ਨਹੀਂ ਦੇਖਦਾ ਜਾਂ ਤੁਹਾਨੂੰ ਪਰੇਸ਼ਾਨ ਨਹੀਂ ਕਰਦਾ।" ਇਹ ਉਹੀ ਗੱਲਾਂ ਹਨ ਜੋ ਅਸੀਂ ਪਹਿਲਾਂ ਹੀ ਰਿੱਕ ਅਤੇ ਜੇਅ ਤੋਂ ਵੀ ਸੁਣੀਆਂ ਹਨ।

ਸੁਰੰਗਾਂ
CHURCHILL ROUND
ਇੱਥੇ ਸੁਰੰਗਾਂ ਹਨ ਜਿਨ੍ਹਾਂ ਵਿੱਚ ਇਸ ਦੇ ਵਾਸੀ ਮੂਲ ਵਸਤਾਂ ਨਾਲ ਰਹਿੰਦੇ ਹਨ। ਦੂਜਿਆਂ ਨੇ ਉਨ੍ਹਾਂ ਨੂੰ ਘਰਾਂ ਦੇ ਰੂਪ ਵਿੱਚ ਕੰਡੀਸ਼ਨ ਕੀਤਾ ਹੈ।

ਦਰਅਸਲ, ਉਨ੍ਹਾਂ ਸਰੁੰਗਾਂ ਦੀ ਪਹਿਰੇਦਾਰੀ ਜਾਂ ਗਸ਼ਤ ਨਹੀਂ ਕੀਤੀ ਜਾਂਦੀ। ਲਾਸ ਵੇਗਾਸ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ (LVMPD) ਨੇ ਬੀਬੀਸੀ ਮੁੰਡੋ ਕੋਲ਼ ਪੁਸ਼ਟੀ ਕੀਤੀ ਕਿ ਉਹ ਸੰਬੰਧਿਤ ਸੰਸਥਾਵਾਂ ਨਾਲ ਕੰਮ ਕਰਦੇ ਹਨ ਜੋ ਸੁਰੰਗਾਂ ਦੇ ਵਾਸੀਆਂ ਨੂੰ ਸਰੁੰਗਾਂ ਵਿੱਚ ਰਹਿਣ ਦੇ ਖ਼ਤਰਿਆਂ ਬਾਰੇ ਚੇਤਾਵਨੀ ਦੇਣ ਅਤੇ ਉਨ੍ਹਾਂ ਨੂੰ ਇੱਥੋਂ ਘਰਾਂ ਵਿੱਚ ਜਾਣ ਲਈ ਵਸੀਲੇ ਜੁਟਾਉਣ ਵਿੱਚ ਮਦਦ ਕਰਦੇ ਹਨ।

ਰੌਬਰਟ ਨੂੰ ਖ਼ੁਦ ਸੁਰੰਗ ਵਿੱਚੋਂ ਨਿਕਲ ਕੇ ਘਰ ਵਿੱਚ ਜਾਣ ਦਾ ਇਹ ਕਦਮ ਚੁੱਕਣ ਵਿੱਚ ਕਈ ਸਾਲ ਲੱਗ ਗਏ।

ਆਖਰ ਜੋ ਤਿੰਨ ਹੋਰ ਬੇਘਰ ਲੋਕਾਂ ਵੱਲੋਂ ਚਾੜ੍ਹਿਆ ਉਸਦਾ ਕੁਟਾਪਾ ਇਸ ਵਿੱਚ ਫ਼ੈਸਲਾਕੁੰਨ ਸਾਬਤ ਹੋਇਆ।

ਸੁਰੰਗ ਵਿੱਚ ਸਾਡੇ ਨਾਲ ਤੁਰੇ ਜਾਂਦੇ ਨੇ ਸਾਨੂੰ ਦੱਸਿਆ, "ਉਨ੍ਹਾਂ ਨੇ ਮੇਰੇ ''''ਤੇ ਹਮਲਾ ਕੀਤਾ ਅਤੇ ਮੈਨੂੰ ਰੇਲ ਦੀਆਂ ਪਟੜੀਆਂ ''''ਤੇ ਛੱਡ ਕੇ ਚਲੇ ਗਏ। ਉੱਥੋਂ ਮੈਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਮੈਨੂੰ ਦੋ ਵਾਰ ਹੋਸ਼ ਵਿੱਚ ਲਿਆਂਦਾ," ਇਹ ਕਹਿ ਕੇ ਉਹ ਸੁਰੰਗ ਦੇ ਮੁਹਾਣੇ ਵੱਲ ਝਾਕਣ ਲਗਦਾ ਹੈ। ਉਹ ਕੀ ਸੋਚ ਰਿਹਾ ਸੀ, ਇਸ ਦੀ ਸਿਰਫ਼ ਕਲਪਨਾ ਹੀ ਕੀਤੀ ਜਾ ਸਕਦੀ ਹੈ।

ਉੱਥੇ ਉਹ ਉਸ ਸੰਗਠਨ ਨਾਲ ਸ਼ਾਮਲ ਹੋ ਗਿਆ ਜਿਸ ਲਈ ਉਹ ਹੁਣ ਕੰਮ ਕਰਦਾ ਹੈ, ਪਹਿਲਾਂ ਇੱਕ ਵਲੰਟੀਅਰ ਵਜੋਂ ਅਤੇ ਫਿਰ ਆਪਣੀ ਮੌਜੂਦਾ ਭੂਮਿਕਾ ਵਿੱਚ, ਉਹ ਖ਼ੁਦ ਇੱਕ ਮਿਸਾਲ ਬਣ ਕੇ ਦੂਜਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਉਹ ਕਹਿੰਦਾ ਹੈ,"ਸਾਡੇ ਕੋਲ ਇੱਕ ਕਬਾਇਲੀ ਮਾਨਸਿਕਤਾ ਹੈ ਅਤੇ ਅਸੀਂ ਰਿਸ਼ਤੇ ਬਣਾਉਂਦੇ ਹਾਂ।"

ਬੇਵਰਲੀ
CHURCHILL ROUND
ਬੇਵਰਲੀ 44 ਸਾਲਾਂ ਦੀ ਹੈ ਅਤੇ ਛੇ ਸਾਲਾਂ ਤੋਂ ਰੀਓ ਕੈਸੀਨੋ ਦੇ ਸਾਹਮਣੇ ਸੁਰੰਗ ਵਿੱਚ ਰਹਿ ਰਹੀ ਹੈ।

ਬੇਵਰਲੀ ਅਤੇ ਉਸਦਾ ਭਾਈਚਾਰਾ

ਅਸੀਂ ਇਸ ਕਥਨ ਨੂੰ ਉਦੋਂ ਪ੍ਰਤੱਖ ਦੇਖਦੇ ਹਾਂ ਜਦੋਂ ਅਸੀਂ ਬਾਹਰੀ ਦੁਨੀਆਂ ਵਿੱਚ ਆਉਂਦੇ ਹਾਂ ਅਤੇ ਇੱਕ ਨਾਲ ਲੱਗਦੀ ਸੁਰੰਗ ਦੇ ਮੂੰਹ ''''ਤੇ ਬੇਵਰਲੀ ਨੂੰ ਮਿਲਦੇ ਹਾਂ।

ਸੁਨਹਿਰੇ ਵਾਲਾਂ ਵਾਲੀ ਪਤਲੀ, ਮੌਸਮ ਦੀ ਮਾਰ ਨਾਲ ਕੁਮਲਾਈ ਚਮੜੀ ਅਤੇ ਕੁਝ ਟੁੱਟ ਚੁੱਕੇ ਦੰਦਾਂ ਦੇ ਨਾਲ, ਬੇਵਰਲੀ ਨੇ ਇੱਕ ਘੜੇ ਵਿੱਚ ਪਕਾਉਣ ਲਈ ਕੁਝ ਪਾਇਆ ਹੋਇਆ ਹੈ। ਕੀ? ਉਹ ਅਸੀਂ ਦੇਖ ਨਹੀਂ ਸਕੇ ਅਤੇ ਬਾਹਰ ਕੁਝ ਕੱਪੜੇ ਸੁੱਕਣ ਲਈ ਪਾਏ ਹੋਏ ਹਨ। ਇਹ ਕੱਪੜੇ ਉਸ ਨੇ ਪਲਾਸਟਿਕ ਦੇ ਡੱਬੇ ਵਿੱਚ ਧੋਤੇ ਹਨ।

ਉਹ ਸਾਨੂੰ ਦੱਸਦੀ ਹੈ ਕਿ ਉਹ ਅਸਲ ਵਿੱਚ ਮਿਸੀਸਿਪੀ ਤੋਂ ਹੈ, ਪਰ ਇੱਕ ਦਿਨ ਉਸ ਦੀ ਮੁਲਾਕਾਤ ਇੱਕ ਮੁੰਡੇ ਨਾਲ਼ ਹੋਈ ਜਿਸਨੇ ਉਸਨੂੰ ਕਿਹਾ "ਚਲੋ ਯਾਤਰਾ ਕਰੀਏ।" ਇਸ ਸੋਚੇ ਬਿਨਾਂ ਕਿ ਉਹ ਸਫ਼ਰ ਕਿਵੇਂ ਕਰਨਗੇ, ਉਹ ਲਾਸ ਵੇਗਾਸ ਆ ਪਹੁੰਚੇ। ਹੁਣ ਉਹ 44 ਸਾਲਾਂ ਦੀ ਹੈ ਅਤੇ ਛੇ ਸਾਲਾਂ ਤੋਂ ਇਸ ਸੁਰੰਗ ਵਿੱਚ ਰਹਿ ਹੈ।

- ਰੌਬਰਟ ਨੇ ਉਸ ਨੂੰ ਪਿਆਰ ਨਾਲ ਪੁੱਛਿਆ, ਤੁਸੀਂ ਕਦੋਂ ਬਾਹਰ ਜਾ ਰਹੇ ਹੋ?

- ਪਤਾ ਨਹੀਂ। ਆਸਾਨ ਨਹੀਂ ਹੈ। ਮੈਂ ਤੁਹਾਨੂੰ ਸਿਰਫ ਇਹ ਦੱਸ ਸਕਦੀ ਹਾਂ ਕਿ ਅੱਜ ਉਹ ਦਿਨ ਨਹੀਂ ਹੈ।

- ਯਾਦ ਰੱਖੋ ਕਿ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਜੇ ਤੁਸੀਂ ਇੱਥੇ ਰਹਿ ਸਕਦੇ ਹੋ, ਤਾਂ ਤੁਸੀਂ ਕਿਤੇ ਵੀ ਰਹਿ ਸਕਦੇ ਹੋ।

ਬੇਵਰਲੀ
CHURCHILL ROUND

ਸਾਡੇ ਜਾਣ ਤੋਂ ਪਹਿਲਾਂ, ਬੇਵਰਲੀ ਸਾਨੂੰ ਦੱਸਦੀ ਹੈ ਕਿ ਉਹ ਉੱਥੇ ਇੱਕ ਭਾਈਚਾਰੇ ਦਾ ਹਿੱਸਾ ਮਹਿਸੂਸ ਕਰਦੀ ਹੈ।

ਕੁਝ ਗੁਆਂਢੀਆਂ ਵੱਲ ਇਸ਼ਾਰਾ ਕਰਦੇ ਹੋਏ, ਰੌਬਰਟ ਕਹਿੰਦਾ ਹੈ, "ਪਹਿਲੀ ਸੁਰੰਗ ਖਾਸ ਤੌਰ ''''ਤੇ ਸਰਗਰਮ ਹੈ," ਲੋਕ ਇੱਕ ਦੂਜੇ ਦੀ ਸੰਗਤ ਕਰਦੇ ਹਨ ਅਤੇ ਸਾਨੂੰ ਕੁਝ ਮੀਟਰ ਦੂਰ ਤੋਂ ਟੇਢੀਆਂ ਅੱਖਾਂ ਦੇਖਦੇ ਹਨ।" ਹਰੇਕ ਸੁਰੰਗ ਦੀ ਆਪਣੀ ਸ਼ਖਸੀਅਤ ਹੈ,"ਹਾਲਾਂਕਿ, ਰੌਬਰਟ ਇਸ ਬਾਰੇ ਬਾਅਦ ਵਿੱਚ ਦੱਸੇਗਾ।

"ਕੁਝ ਜ਼ਿਆਦਾ ਕਦੀਨੇ ਵਿੱਚ, ਖਾਸ ਤਰਤੀਬ ਵਿੱਚ। ਜਦਕਿ ਕੁਝ ਬਹੁਤ ਬੁਨਿਆਦੀ ਹਨ, ਪਰ ਦੂਜਿਆਂ ਵਿੱਚ ਉਨ੍ਹਾਂ ਦੇ ਨਿਵਾਸੀਆਂ ਨੇ ਰੋਸ਼ਨੀਆਂ ਲਗਾਈਆਂ ਹਨ, ਉਹਨਾਂ ਨੂੰ ਸਜਾਇਆ ਹੈ, ਫਰਨੀਚਰ ਰੱਖਿਆ ਹੈ... ਤੁਸੀਂ ਉਨ੍ਹਾਂ ਨੂੰ ਦੇਖ ਕੇ ਹੈਰਾਨ ਹੋਵੋਗੇ।"

ਸਟੀਵ ਦੀ "ਗੁਫ਼ਾ"

ਇਹ ਗੁਫ਼ਾ (ਸੁਰੰਗ) ਅਲੀ ਬਾਬਾ ਦੇ ਨਾਂ ਨਾਲ ਜਾਣੀ ਜਾਂਦੀ ਹੈ। ਹਾਲਾਂਕਿ ਜੋ ਇਸ ਗੁਫ਼ਾ ''''ਚੋਂ ਬਾਹਰ ਆਉਂਦਾ ਹੈ ਉਹ ਸਟੀਵ ਹੈ।

ਅਪ੍ਰੈਲ ਦੇ ਅੰਤ ਵਿੱਚ ਸਵੇਰੇ ਹੀ ਤਿੱਖੀ ਹੋ ਚੁੱਕੀ ਧੁੱਪ ਤੋਂ ਚੁੰਧਿਆਇਆ, ਉਹ ਤੁਰੰਤ ਧੁੱਪ ਵਾਲੀਆਂ ਐਨਕਾਂ ਚਾੜ੍ਹ ਲੈਂਦਾ ਹੈ ਅਤੇ ਆਪਣੀ ਚਮਕਦਾਰ ਨੀਲੀ ਕਮੀਜ਼ ਦੇ ਬਟਨ ਬੰਦ ਕਰਦਾ ਹੈ।

ਉਹ ਸਾਨੂੰ ਮੁਹਾਣੇ ''''ਤੇ ਬੈਠਣ ਲਈ ਕਹਿੰਦਾ ਹੈ, ਜਿੱਥੇ ਉਸ ਕੋਲ ਕੁਰਸੀਆਂ ਵਾਲਾ ਇੱਕ ਮੇਜ਼, ਇੱਕ ਆਰਮਚੇਅਰ ਅਤੇ ਇੱਕ ਬਾਰਬਿਕਯੂ ਹੈ। ਗੱਲਾਂ-ਗੱਲਾਂ ਵਿੱਚ ਉਹ ਇੱਕ ਕਾਲੇ ਪਰਦੇ ਨੂੰ ਕੋਨੇ ਤੋਂ ਖਿੱਚ ਆਪਣੇ ਘਰ ਦੇ ਬਾਕੀ ਹਿੱਸੇ ਨੂੰ ਲੁਕਾਉਂਦਾ ਹੈ।

ਸਟੀਵ
CHURCHILL ROUND
ਸਟੀਵ

ਇੱਕ ਔਰਤ ਦੀ ਅਵਾਜ਼—ਜੋ ਉਸਦੀ ਪ੍ਰੇਮਿਕਾ ਹੈ, ਹਾਲਾਂਕਿ ਉਸਦੀ ਪਛਾਣ ਨਹੀਂ ਹੋਈ—ਅੰਦਰੋਂ ਚੇਤਾਵਨੀ ਦਿੰਦੀ ਹੈ ਕਿ ਅਸੀਂ ਉਹ ਹੱਦ ਪਾਰ ਨਾ ਕਰੀਏ।

ਹਾਲਾਂਕਿ ਅੱਧਾ-ਉੱਠਿਆ ਹੋਇਆ ਕਾਲਾ ਕੱਪੜਾ ਸਾਨੂੰ ਆਲੇ-ਦੁਆਲੇ ਘੁੰਮਣ ਅਤੇ ਇਹ ਝਾਤੀ ਜ਼ਰੂਰ ਮਾਰਨ ਦੇ ਦਿੰਦਾ ਹੈ ਕਿ ਅੰਦਰ ਗਲੀਚੇ, ਇੱਕ ਹੋਰ ਮੇਜ਼, ਰਸੋਈ ਦੇ ਸਮਾਨ ਨਾਲ਼ ਭਰੀਆਂ ਅਲਮਾਰੀਆਂ ਅਤੇ ਹੋਰ ਨਿੱਕ-ਸੁੱਕ ਰੱਖਿਆ ਹੋਇਆ ਹੈ।

ਸਟੀਵ, ਜੋ ਕਿ 57 ਸਾਲਾਂ ਦਾ ਹੈ। ਉੱਠਦਾ ਹੈ ਅਤੇ ਇੱਕ ਵਾਕਰ ਦੀ ਮਦਦ ਨਾਲ ਸਾਨੂੰ ਆਪਣੇ ਭੂਮੀਗਤ ਘਰ ਦਾ ਵਿਹੜਾ ਦਿਖਾਉਂਦਾ ਹੈ, ਅਤੇ ਸਾਨੂੰ ਸੁਰੰਗਾਂ ਦੇ ਦੂਜੇ ਨਿਵਾਸੀਆਂ ਵਰਗੀ ਪਰ ਇੱਕ ਵੱਖਰੀ ਕਹਾਣੀ ਸੁਣਾਉਂਦਾ ਹੈ।

ਉਸਦੇ ਮਾਪੇ ਇੱਕ ਕੈਸੀਨੋ ਖੋਲ੍ਹਣ ਲਈ "ਵੱਡੇ ਸੁਪਨੇ ਲੈ ਕੇ" ਲਾਸ ਵੇਗਾਸ ਆਏ ਸਨ। ਉਹ ਉਸ ਉਦਯੋਗ ਵਿੱਚ ਵੱਡਾ ਹੋਇਆ। ਵੱਡਾ ਹੋਇਆ ਤਾਂ ਸ਼ਰਾਬ ਅਤੇ ਨਸ਼ਿਆਂ ਵਿੱਚ ਪੈ ਗਿਆ।

ਕੁਝ ਸਮਾਂ ਸ਼ਹਿਰ ਦੀਆਂ ਸੜਕਾਂ ''''ਤੇ ਰਹਿਣ ਤੋਂ ਬਾਅਦ, ਉਨ੍ਹਾਂ ਨੂੰ ਇੱਥੇ ਆਏ ਛੇ ਸਾਲ ਹੋ ਗਏ ਹਨ।

"ਅਸੀਂ ਇੱਥੇ ਚੁੱਪ ਰਹਿਣ ਅਤੇ ਦੁਨੀਆ ਤੋਂ ਅਲੋਪ ਹੋਣ ਲਈ ਆਏ ਹਾਂ। ਭਾਵੇਂ ਕਿ ਸੁਰੰਗ ਤੋਂ ਪਹਿਲਾਂ ਵੀ ਅਸੀਂ ਕਿਸੇ ਤਰ੍ਹਾਂ ਅਦਿੱਖ ਹੀ ਸੀ।"

ਸਟੀਵ
CHURCHILL ROUND
ਸਟੀਵ ਦਾ ਕਹਿਣਾ ਹੈ ਕਿ ਉਸਦਾ ਟੀਚਾ ਉਸ ਸੁਰੰਗ ਨੂੰ ਸਾਫ਼-ਸੁਥਰਾ ਰੱਖਣਾ ਹੈ ਜਿਸ ਵਿੱਚ ਉਹ ਰਹਿੰਦਾ ਹੈ।

ਮੇਰੇ ਜ਼ਹਿਨ ਵਿੱਚ ਗੂੰਜਣ ਵਾਲੇ ਉਸ ਆਖਰੀ ਵਾਕ ਦੇ ਨਾਲ, ਅਸੀਂ ਭੂਮੀਗਤ ਲਾਸ ਵੇਗਾਸ ਦੀ ਆਪਣੀ ਫੇਰੀ ਨੂੰ ਖਤਮ ਕਰਦੇ ਹਾਂ।

ਰਾਤ ਨੂੰ, ਜਦੋਂ ਸਾਰੀਆਂ ਨੀਓਨ ਲਾਈਟਾਂ ਜਗਮਗਾਉਂਦੀਆਂ ਹਨ ਅਤੇ ਮੈਂ ਇੱਕ ਸੈਲਾਨੀ ਵਾਂਗ ਸੜਕ ਦੀ ਪੱਟੀ ''''ਤੇ ਤੁਰਦਾ ਹਾਂ। ਮੈਂ ਇੱਕ ਮਾਂ ਵੱਲ ਧਿਆਨ ਧਿਆਨ ਦੇਣ ਤੋਂ ਖ਼ੁਦ ਨੂੰ ਰੋਕ ਨਹੀਂ ਪਾਉਂਦਾ ਜੋ ਵਾਇਲਨ ਵਜਾ ਕੇ ਪੈਸੇ ਮੰਗ ਰਹੀ ਹੈ ਅਤੇ ਉਸਦਾ ਛੇ ਸਾਲ ਦਾ ਪੁੱਤਰ ਮੋਬਾਈਲ ਨਾਲ਼ ਸਮਾਂ ਬਿਤਾ ਰਿਹਾ ਹੈ।

ਨਾਲ ਹੀ ਆਈਫ਼ਲ ਟਾਵਰ ਦੇ ਨਮੂਨੇ ਦੇ ਪੈਰਾਂ ਵਿੱਚ ਛੋਟੇ ਕੱਪੜਿਆਂ ਵਿੱਚ ਖੜ੍ਹੀਆਂ ਕੁਝ ਮੁਟਿਆਰ ਕੁੜੀਆਂ ਇੱਕ ਸਟ੍ਰਿਪ ਕਲੱਬ ਦੇ ਇਸ਼ਤਿਹਾਰ ਵੰਡ ਰਹੀਆਂ ਹਨ।

ਫਿਰ ਮੇਰੀ ਨਜ਼ਰ ਉਸ ਆਦਮੀ ਨੂੰ ਦੇਖਦੀ ਹੈ ਜੋ ਕੂੜੇ ਵਿੱਚੋਂ ਕੈਨ ਕੱਢ ਰਿਹਾ ਹੈ ਅਤੇ ਇੱਕ ਹੋਰ ਜੋ ਪਾਣੀ ਦੇ ਡੱਬਿਆਂ ਅਤੇ ਪਲਾਸਟਿਕ ਦੀਆਂ ਬਾਲਟੀਆਂ ਨੂੰ ਇਕੱਠਾ ਕਰ ਰਿਹਾ ਹੈ ਜਿਸ ਨਾਲ ਉਹ ਫੁੱਟਪਾਥ ''''ਤੇ ਸੰਗੀਤਕ ਪੇਸ਼ਕਾਰੀ ਕਰਨ ਲਈ ਬੈਟਰੀ ਬਣਾਉਂਦਾ ਹੈ। ਉਹ ਆਪਣਾ ਦਿਨ ਕਿੱਥੇ ਖਤਮ ਕਰਨਗੇ? ਉਹ ਕਿਹੜੇ ਘਰ ਵਿੱਚ ਸੌਂਣਗੇ?

ਰੌਬਰਟ ਨੇ ਮੈਨੂੰ ਚੇਤਾਇਆ, "ਇਸ ਦੇਸ਼ ਵਿੱਚ 10 ਵਿੱਚੋਂ ਸੱਤ ਲੋਕ ਤਨਖ਼ਾਹ ਦਰ ਤਨਖ਼ਾਹ ਜੀਵਨ ਬਤੀਤ ਕਰ ਰਹੇ ਹਨ ਅਤੇ ਕੁਝ ਤਾਂ ਬੇਘਰੇ ਹੋਣ ਤੋਂ ਮਹਿਜ਼ ਦੋ ਤਨਖ਼ਾਹਾਂ ਦੂਰ ਹਨ"

"ਇੱਕ ਮਾੜਾ ਫੈਸਲਾ, ਬਦਕਿਸਮਤੀ, ਇੱਕ ਗਲਤੀ, ਅਤੇ ਤੁਸੀਂ ਸੜਕ ''''ਤੇ ਆ ਜਾਂਦੇ ਹੋ।"

ਅਤੇ ਜਦੋਂ ਮੈਂ ਸੀਜ਼ਰਸ ਪੈਲੇਸ ਵਿੱਚ ਪਹੁੰਚਿਆ ਤਾਂ ਮੈਂ ਸੋਚਿਆ ਕਿ ਮੇਰੇ ਪੈਰਾਂ ਦੇ ਹੇਠਾਂ ਕਿਤੇ, ਉੱਥੋਂ ਦੂਰ ਨਹੀਂ, ਜ਼ਰੂਰ ਰਿੱਕ, ਜੇਅ, ਬੇਵਰਲੀ ਅਤੇ ਲਾਸ ਵੇਗਾਸ ਦੇ ਭੂਮੀਗਤ ਸ਼ਹਿਰ ਦੇ ਬਾਕੀ ਨਿਵਾਸੀ ਹੋਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)



Related News