27 ਤੋਂ 76 ਸਾਲ ਤੱਕ ਦੀਆਂ ਔਰਤਾਂ ਨੂੰ ਇੱਥੇ ਵਿਆਹ ਦੀ ਉਡੀਕ, ਕਿਉਂ ਰਹਿ ਜਾਂਦੀਆਂ ਨੇ ਅਣਵਿਆਹੀਆਂ
Tuesday, May 23, 2023 - 07:34 AM (IST)


ਬਿਹਾਰ ਦੇ ਸੁਪੌਲ ਦੀ ਸ਼ਮਾ ਜਦੋਂ ਵੀ ਵਿਆਹ ਦੇ ਗੀਤ ਸੁਣਦੀ ਹੈ ਤਾਂ ਉਦਾਸ ਹੋ ਜਾਂਦੀ ਹੈ।
27 ਸਾਲਾ ਸ਼ਮਾ ਦੀ ਨਿਰਾਸ਼ਾ ਦਾ ਕਾਰਨ, ਉਸ ਦਾ ਵਿਆਹ ਨਾ ਹੋਣਾ ਹੈ ਪਰ ਇਹ ਫੈਸਲਾ ਉਸ ਨੇ ਨਹੀਂ ਲਿਆ ਸਗੋਂ ਕੁਆਰੀ ਰਹਿਣਾ ਉਸ ਦੀ ਮਜਬੂਰੀ ਹੈ।
ਸ਼ਮਾ ਦੀ ਭੈਣ ਸਕੀਨਾ ਖਾਤੂਨ ਵੀ ਅਣਵਿਆਹੀ ਹੈ। ਉਸ ਦੀ ਉਮਰ 26 ਸਾਲ ਹੈ।
ਇਹ ਕਹਾਣੀ ਸਿਰਫ਼ ਸ਼ਮਾ ਅਤੇ ਸਕੀਨਾ ਦੀ ਹੀ ਨਹੀਂ ਹੈ, ਸਗੋਂ ਸੁਪੌਲ ਬਲਾਕ ਦੀ ਕੋਚਗਾਮਾ ਪੰਚਾਇਤ ਦੇ ਵਾਰਡ 10 ਵਿੱਚ ਕਰੀਬ 15 ਅਜਿਹੀਆਂ ਮੁਟਿਆਰਾਂ ਹਨ।
ਇਹ ਸਭ ਕੁਆਰੀਆਂ ਰਹਿਣ ਲਈ ਮਜਬੂਰ ਹਨ।
ਇਹ ਔਰਤਾਂ ਸ਼ੇਰਸ਼ਾਹਬਾਦੀ ਭਾਈਚਾਰੇ ਨਾਲ ਸਬੰਧਤ ਹਨ। ਇਸ ਭਾਈਚਾਰੇ ਵਿੱਚ ਕੁੜੀਆਂ ਦੇ ਵਿਆਹ ਲਈ ਇੱਕ ਸੱਦੇ ਜਾਂ ਅਗੁਆ ਦੀ ਉਡੀਕ ਕੀਤੀ ਜਾਂਦੀ ਹੈ।
ਇਨ੍ਹਾਂ ਕੁੜੀਆਂ ਲਈ ਕੋਈ ਅਗੁਆ ਨਹੀਂ ਆਇਆ ਸੀ। ਅਗੁਆ ਉਹ ਲੋਕ ਹੁੰਦੇ ਹਨ ਜੋ ਵਿਆਹ ਲਈ ਦੋ ਪਰਿਵਾਰਾਂ ਵਿਚਕਾਰ ਵਿਚੋਲਗੀ ਕਰਦੇ ਹਨ।
27 ਸਾਲਾ ਸ਼ਮਾ ਤੋਂ ਲੈ ਕੇ 76 ਸਾਲਾ ਜਮੀਲਾ ਤੱਕ ਇੱਕ ਲੰਮੀ ਸੂਚੀ ਹੈ
ਵਾਰਡ ਦੇ ਮੈਂਬਰ ਅਬਦੁਲ ਮਾਲੀ ਨੇ ਬੀਬੀਸੀ ਨੂੰ ਦੱਸਿਆ, "ਸਾਡੀਆਂ ਕੁੜੀਆਂ ਦਾ ਵਿਆਹ ਆਮ ਤੌਰ ''''ਤੇ 15 ਤੋਂ 20 ਸਾਲ ਦੀ ਉਮਰ ਤੱਕ ਹੋ ਜਾਂਦਾ ਹੈ। ਜੇਕਰ ਕੁੜੀ 25 ਸਾਲ ਦੀ ਉਮਰ ਨੂੰ ਪਾਰ ਕਰ ਲੈਂਦੀ ਹੈ, ਤਾਂ ਉਸ ਨੂੰ ''''ਬੁੱਢੀ'''' ਸਮਝਿਆ ਜਾਂਦਾ ਹੈ, ਅਜਿਹੀ ਸਥਿਤੀ ਵਿੱਚ ਉਨ੍ਹਾਂ ਲਈ ਵਿਆਹ ਕਰਵਾਉਣਾ ਮੁਸ਼ਕਲ ਹੋ ਜਾਂਦਾ ਹੈ।
ਉਹ ਕਹਿੰਦਾ ਹੈ, "ਸਾਡੇ ਸਮਾਜ ਵਿੱਚ ਕੁੜੀ ਦੇ ਵਿਆਹ ਲਈ ਮੁੰਡੇ ਵਾਲੇ ਪਾਸਿਓਂ ਕੋਈ ਸੁਨੇਹਾ ਜਾਂ ਅਗੁਆ ਉਡੀਕਿਆ ਜਾਂਦਾ ਹੈ। ਕੁੜੀ ਵਾਲੇ ਰਿਸ਼ਤਾ ਲੈ ਕੇ ਨਹੀਂ ਜਾਂਦੇ। ਜੇ ਉਹ ਅਜਿਹਾ ਕਰਦੇ ਹਨ ਤਾਂ ਇਹ ਮੰਨਿਆ ਜਾਵੇਗਾ ਕਿ ਕੁੜੀ ਵਿੱਚ ਕੋਈ ਕਮੀ ਹੈ।"
27 ਸਾਲ ਦੀ ਸ਼ਮਾ ਤੋਂ ਲੈ ਕੇ 76 ਸਾਲ ਦੀ ਜਮੀਲਾ ਖਾਤੂਨ ਤੱਕ ਇਹ ਔਰਤਾਂ ਕੁਆਰੇ ਹੋਣ ਦਾ ਦਰਦ ਝੱਲ ਰਹੀਆਂ ਹਨ।
ਸੁਪੌਲ ''''ਚ ਜੰਮੀ ਜਮੀਲਾ ਖਾਤੂਨ ਨੇ ਵੀ ਸੁਪਨਾ ਦੇਖਿਆ ਸੀ ਕਿ ਉਸ ਦੇ ਵਿਆਹ ਦੀ ਬਰਾਤ ਆਏਗੀ, ਪਰ ਇਹ ਸੁਪਨਾ ਅਧੂਰਾ ਹੀ ਰਹਿ ਗਿਆ। ਜਮੀਲਾ ਆਪਣੀ 57 ਸਾਲਾ ਭੈਣ ਸ਼ਮਸੂਨ ਨਾਲ ਰਹਿੰਦੀ ਹੈ।
ਦੋਵੇਂ ਭੈਣਾਂ ਅਣਵਿਆਹੀਆਂ ਹਨ ਅਤੇ ਪੰਜ ਬੱਕਰੀਆਂ ਨਾਲ ਆਪਣਾ ਜੀਵਨ ਬਤੀਤ ਕਰ ਰਹੀਆਂ ਹਨ।
ਇੰਨੇ ਲੰਬੇ ਸਮੇਂ ਤੱਕ ਵਿਆਹ ਨਾ ਹੋਣ ਦਾ ਕਾਰਨ ਪੁੱਛਿਆ ਤਾਂ ਦੋਵੇਂ ਨੇ ਕਿਹਾ, "ਕੀ ਕਰੀਏ, ਪਰਿਵਾਰ ਕੋਲ ਵਿਆਹ ਦਾ ਕੋਈ ਸੱਦਾ ਹੀ ਨਹੀਂ ਆਇਆ"।
ਸ਼ਮਸੂਨ ਬੀਬੀਸੀ ਨੂੰ ਦੱਸਦੀ ਹੈ, "ਮੇਰੇ ਦਿਲ ਵਿੱਚ ਕਿੰਨਾ ਦਰਦ ਲੁਕਿਆ ਹੋਇਆ ਹੈ, ਮੈਂ ਕਿਸੇ ਨੂੰ ਕੀ ਦੱਸਾਂ?"
ਪਰ ਦੋਵੇਂ ਭੈਣਾਂ ਦਾ ਵਿਆਹ ਕਿਉਂ ਨਹੀਂ ਹੋ ਸਕਿਆ? ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੀ ਹੈ ਕਿ ਵਿਆਹ ਨਾ ਹੋਣ ਦਾ ਕਾਰਨ ਉਹਨਾਂ ਦਾ ਸ਼ੇਰਸ਼ਾਹਬਾਦੀ ਮੁਸਲਮਾਨ ਹੋਣਾ ਹੈ।

ਸ਼ੇਰਸ਼ਾਹਬਾਦੀ ਮੁਸਲਮਾਨ ਕੌਣ ਹਨ?
ਬਿਹਾਰ ਵਿੱਚ ਰਹਿਣ ਵਾਲੇ ਸ਼ੇਰਸ਼ਾਹਬਾਦੀ ਕਾਫੀ ਪਛੜੀ ਸ਼੍ਰੇਣੀ ਵਿੱਚੋਂ ਆਉਂਦੇ ਹਨ। ਇਹ ਬਿਹਾਰ ਦੇ ਸੁਪੌਲ, ਪੂਰਨੀਆ, ਕਟਿਹਾਰ, ਕਿਸ਼ਨਗੰਜ ਅਤੇ ਅਰਰੀਆ ਜ਼ਿਲ੍ਹਿਆਂ ’ਚ ਵੱਡੀ ਗਿਣਤੀ ਵਿੱਚ ਹਨ।
ਉਨ੍ਹਾਂ ਵਿੱਚ ਇਹ ਪਰੰਪਰਾ ਹੈ ਕਿ ਕੁੜੀਆਂ ਦੇ ਵਿਆਹ ਲਈ ਸੱਦਾ ਲੜਕੇ ਵਾਲਿਆਂ ਵੱਲੋਂ ਹੀ ਜਾਂਦਾ ਹੈ।
ਇਸ ਪਰੰਪਰਾ ਦੀ ਇੰਨੇ ਜ਼ੋਰਦਾਰ ਤਰੀਕੇ ਨਾਲ ਪਾਲਣਾ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਲੜਕੀ ਲਈ ਵਿਆਹ ਦਾ ਸੱਦਾ ਨਹੀਂ ਆਉਂਦਾ ਤਾਂ ਉਹ ਅਣਵਿਆਹੀ ਰਹਿ ਜਾਂਦੀ ਹੈ।
ਇਹੀ ਕਾਰਨ ਹੈ ਕਿ ਬਿਹਾਰ ਵਿੱਚ ਜਿੱਥੇ ਵੀ ਸ਼ੇਰਸ਼ਾਹਬਾਦੀ ਹੈ, ਉੱਥੇ ਤੁਹਾਨੂੰ ਅਜਿਹੀਆਂ ਅਣਵਿਆਹੀਆਂ ਔਰਤਾਂ ਜਾਂ ਲੜਕੀਆਂ ਮਿਲਣਗੀਆਂ।
ਸ਼ੇਰਸ਼ਾਹਾਬਾਦੀ ਮੁਸਲਿਮ ਬਹੁ-ਗਿਣਤੀ ਵਾਲੀ ਕੋਚਗਾਮਾ ਪੰਚਾਇਤ ਦੇ ਮੁਖੀ ਪਤਿ ਨੂਰੁਲ ਹੋਦਾ ਕਹਿੰਦੇ ਹਨ, "ਅਸੀਂ ਕੁਝ ਸਾਲ ਪਹਿਲਾਂ ਅਜਿਹੀਆਂ ਅਣਵਿਆਹੀਆਂ ਔਰਤਾਂ ਦੀ ਸੂਚੀ ਬਣਾਈ ਸੀ। ਉਦੋਂ ਉਨ੍ਹਾਂ ਦੀ ਗਿਣਤੀ 250 ਸੀ, ਹੁਣ ਇਹ ਵਧ ਗਈ ਹੋਵੇਗੀ।"
ਸ਼ੇਰ ਸ਼ਾਹ ਸੂਰੀ ਨਾਲ ਸਬੰਧਤ ਹੋਣ ਦਾ ਦਾਅਵਾ
ਸ਼ੇਰਸ਼ਾਹਬਾਦੀ, ਜੋ ਆਮ ਬੰਗਾਲੀ (ਉਰਦੂ ਅਤੇ ਬੰਗਾਲੀ ਦਾ ਮਿਸ਼ਰਣ) ਬੋਲਦੇ ਹਨ, ਆਪਣੇ ਆਪ ਨੂੰ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਨਾਲ ਜੋੜਦੇ ਹਨ।
ਇਨ੍ਹਾਂ ਲੋਕਾਂ ਦਾ ਦਾਅਵਾ ਹੈ ਕਿ ਇਹ ਲੋਕ ਸ਼ੇਰ ਸ਼ਾਹ ਦੀ ਫ਼ੌਜ ਵਿੱਚ ਸਿਪਾਹੀ ਦੇ ਰੂਪ ਵਿੱਚ ਸ਼ਾਮਲ ਹੋਏ ਸਨ।
ਸ਼ੇਰ ਸ਼ਾਹ ਸੂਰੀ ਰਾਜਵੰਸ਼ ਦਾ ਸੰਸਥਾਪਕ ਸਨ। ਉਹਨਾਂ ਨੇ ਮੁਗਲ ਬਾਦਸ਼ਾਹ ਹਿਮਾਂਯੂ ਨੂੰ ਹਰਾ ਕੇ ਆਪਣੀ ਸਲਤਨਤ ਦੀ ਸਥਾਪਨਾ ਕੀਤੀ ਸੀ।
ਆਲ ਬਿਹਾਰ ਸ਼ੇਰਸ਼ਾਹਵਾਦੀ ਐਸੋਸੀਏਸ਼ਨ ਦੇ ਪ੍ਰਧਾਨ ਸਯਦੁਰਿਆਮਾਨ ਰਹਿਮਾਨ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਇਨ੍ਹਾਂ ਲੋਕਾਂ ਨੂੰ ਸ਼ੇਰ ਸ਼ਾਹ ਨੇ ਵਸਾਇਆ ਸੀ। ਇਹ ਲੋਕ ਸਰੀਰ ਦੇ ਤਕੜੇ, ਮਿਹਨਤੀ ਅਤੇ ਦਰਿਆ ਦੇ ਕੰਢੇ ਰਹਿੰਦੇ ਸਨ। ਬਿਹਾਰ ਤੋਂ ਇਲਾਵਾ ਇਹ ਬੰਗਾਲ, ਝਾਰਖੰਡ ਅਤੇ ਨੇਪਾਲ ਦੇ ਇਲਾਕੇ ਵਿੱਚ ਰਹਿੰਦੇ ਹਨ।''''''''
ਬਿਹਾਰ ਵਿੱਚ ਉਨ੍ਹਾਂ ਦੀ ਆਬਾਦੀ ਲਗਭਗ 40 ਲੱਖ ਹੈ ਅਤੇ ਉਹ ਸੀਮਾਂਚਲ ਦੀਆਂ 20 ਵਿਧਾਨ ਸਭਾ ਸੀਟਾਂ ''''ਤੇ ਪ੍ਰਭਾਵ ਰੱਖਦੇ ਹਨ। ਬਿਹਾਰ ਦੇ ਇਹ ਲੋਕ ਵਿੱਦਿਅਕ ਅਤੇ ਆਰਥਿਕ ਖੇਤਰ ਵਿੱਚ ਬਹੁਤ ਪਿਛੜੇ ਹੋਏ ਹਨ।

ਕੁੜੀਆਂ ਵਿੱਚ ਵਿਆਹ ਨਾ ਹੋਣ ਦਾ ਡਰ
ਸੁਪੌਲ ਦੀ ਕੋਚਗਾਮਾ ਪੰਚਾਇਤ ਤੋਂ ਕਰੀਬ 200 ਕਿਲੋਮੀਟਰ ਦੂਰ ਕਟਿਹਾਰ ਦੇ ਕੋਡਾ ਬਲਾਕ ਦੀ ਖੈਰੀਆ ਪੰਚਾਇਤ ਵਿੱਚ ਸ਼ੇਰਸ਼ਾਹਬਾਦੀਆਂ ਦੀ ਆਬਾਦੀ ਹੈ।
ਧੀਮਨਗਰ ਪਿੰਡ ਵਿੱਚ ਇੱਕ ਬੱਚੇ ਨੂੰ ਗੋਦੀ ਚੁੱਕੇ ਹੋਏ ਰਿਫੁਲ ਖਾਤੂਨ ਕਹਿੰਦੀ ਹੈ, "ਮੈਂ ਇੱਕ ਸ਼ੇਰਸ਼ਾਹਬਾਦੀ ਔਰਤ ਹਾਂ ਅਤੇ ਮੇਰੇ ਪਿਤਾ ਨੇ ਮੇਰੇ ਵਿਆਹ ਲਈ ਅਗੁਆ ਨੂੰ ਦਸ ਹਜ਼ਾਰ ਰੁਪਏ ਦਿੱਤੇ ਸਨ।"
ਰੇਫੁਲ ਦਾ ਪਤੀ ਬੰਗਾਲ ਵਿੱਚ ਮਜ਼ਦੂਰੀ ਕਰਦਾ ਹੈ।
ਉਹ ਕਹਿੰਦੀ ਹੈ, "ਸਾਡੇ ਇੱਥੇ ਇਹ ਨਿਯਮ ਹੈ। ਅਗੁਆ ਮੁੰਡੇ ਵਾਲਿਆਂ ਵੱਲੋਂ ਹੀ ਆਵੇਗਾ। ਉਸ ਤੋਂ ਬਿਨਾਂ ਵਿਆਹ ਨਹੀਂ ਹੋਵੇਗਾ। ਕੁੜੀ ਘਰ ਬੈਠੀ ਰਹੇਗੀ। ਸਾਡੇ ਪਿੰਡ ਵਿੱਚ ਕਈ ਕੁੜੀਆਂ ਬਿਨਾਂ ਵਿਆਹ ਤੋਂ ਬੈਠੀਆਂ ਹਨ।"
"ਵਿਆਹ ਨਾ ਹੋਣ ਦਾ ਡਰ ਇੰਨਾ ਜ਼ਿਆਦਾ ਹੁੰਦਾ ਹੈ ਕਿ 14 ਸਾਲ ਦੀ ਕੁੜੀ ਨੂੰ ਵੀ ਕੁਆਰੀ ਰਹਿ ਜਾਣ ਦਾ ਡਰ ਰਹਿੰਦਾ ਹੈ।”

ਸ਼ੇਰਸ਼ਾਹਬਾਦੀ ਔਰਤਾਂ ਦੇ ਵਿਆਹ ਬਾਰੇ ਖਾਸ ਗੱਲਾਂ
- ਸ਼ੇਰਸ਼ਾਹਬਾਦੀ ਉਰਦੂ ਅਤੇ ਬੰਗਾਲੀ ਦਾ ਮਿਸ਼ਰਣ ਬੋਲਦੇ ਹਨ, ਆਪਣੇ ਆਪ ਨੂੰ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਨਾਲ ਜੋੜਦੇ ਹਨ।
- ਇਹ ਭਾਈਚਾਰਾ ਬਿਹਾਰ ਤੋਂ ਇਲਾਵਾ ਬੰਗਾਲ, ਝਾਰਖੰਡ ਅਤੇ ਨੇਪਾਲ ਦੇ ਇਲਾਕੇ ਵਿੱਚ ਰਹਿੰਦਾ ਹੈ।
- ਇਸ ਭਾਈਚਾਰੇ ਵਿੱਚ ਕੁੜੀਆਂ ਦੇ ਵਿਆਹ ਲਈ ਇੱਕ ਸੱਦੇ ਦੀ ਉਡੀਕ ਕੀਤੀ ਜਾਂਦੀ ਹੈ।
- ਅਕਸਰ ਕੋਈ ਵਿਆਹ ਦਾ ਸੱਦਾ ਨਾ ਆਉਣ ਕਾਰਨ ਕੁੜੀਆਂ ਕੁਆਰੀਆਂ ਰਹਿ ਜਾਂਦੀਆਂ ਹਨ

ਪੈਸੇ ਤੇ ਪੜ੍ਹਾਈ ਤੋਂ ਬਿਨਾ ਕੁੜੀ ਦਾ ਰੰਗ ਵੀ ਅਹਿਮ ਹੈ
ਆਰਥਿਕ ਅਤੇ ਵਿੱਦਿਅਕ ਤੌਰ ''''ਤੇ ਪਛੜੇ ਸਮਾਜ ਤੋਂ ਆਉਂਦੇ, ਇਸ ਸਮਾਜ ਦੀਆਂ ਔਰਤਾਂ ਜ਼ਿਆਦਾਤਰ ਪੰਜਵੀਂ ਜਮਾਤ ਤੱਕ ਪੜ੍ਹੀਆਂ-ਲਿਖੀਆਂ ਹਨ।
ਔਰਤਾਂ ਨੂੰ ਘਰੋਂ ਬਾਹਰ ਨਿਕਲਣ ਦੀ ਆਜ਼ਾਦੀ ਨਹੀਂ ਹੈ। ਮਰਦ ਵੀ ਸੂਰਤ, ਜੈਪੁਰ, ਕੋਲਕਾਤਾ ਵਰਗੇ ਵੱਡੇ ਸ਼ਹਿਰਾਂ ਵਿੱਚ ਮਜ਼ਦੂਰ ਜਾਂ ਦਰਜ਼ੀ ਦਾ ਕੰਮ ਕਰਨ ਲਈ ਜਾਂਦੇ ਹਨ।
ਵਿਆਹ ਲਈ ਸੰਦੇਸ਼ ਲਈ ਸਭ ਤੋਂ ਵੱਧ ਮਾਇਨੇ ਰੱਖਣ ਵਾਲੀ ਚੀਜ਼ ਲੜਕੀ ਦਾ ਰੰਗ ਹੈ।
ਸ਼ਹਿਨਾਜ਼ ਬੇਗਮ ਆਪਣੇ 12 ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹੈ। ਉਸ ਦੀਆਂ ਦੋ ਛੋਟੀਆਂ ਭੈਣਾਂ ਵਿਆਹੀਆਂ ਹੋਈਆਂ ਹਨ ਪਰ ਉਹ ਅਣਵਿਆਹੀ ਹੈ।
ਸ਼ਹਿਨਾਜ਼ ਕਹਿੰਦੀ ਹੈ, "ਮੇਰੀਆਂ ਭੈਣਾਂ ਗੋਰੀਆਂ ਸਨ, ਇਸ ਲਈ ਉਨ੍ਹਾਂ ਦੇ ਵਿਆਹ ਹੋ ਗਏ। ਮੈਂ ਕਾਲੀ ਹਾਂ ਤਾਂ ਮੇਰੇ ਨਾਲ ਕੌਣ ਵਿਆਹ ਕਰਵਾਏਗਾ?

ਮੇਰੇ ਸਵਾਲ ''''ਤੇ ਸ਼ਹਿਨਾਜ਼ ਦੇ ਕੋਲ ਬੈਠੀ ਪੰਜਵੀਂ ਪਾਸ ਮਰਜਾਨਾ ਖਾਤੂਨ ਥੋੜੀ ਨਰਾਜ਼ ਹੋ ਕੇ ਕਹਿੰਦੀ ਹੈ, "ਅਸੀਂ ਦੁਨੀਆ ਦੇਖ ਰਹੇ ਹਾਂ। ਇੱਥੇ ਕਾਲੇ ਲੋਕਾਂ ਦਾ ਵਿਆਹ ਨਹੀਂ ਹੁੰਦਾ। ਸਾਨੂੰ ਇਹ ਵੀ ਬਚਪਨ ਤੋਂ ਪਤਾ ਸੀ ਕਿ ਅਸੀਂ ਗਰੀਬ ਅਤੇ ਕਾਲੇ ਹਾਂ। ਵਿਆਹ ਹੋਣਾ ਮੁਸ਼ਕਲ ਹੈ।"
ਅਬੂ ਹਿਲਾਲ ਇੱਕ ਪ੍ਰਾਈਵੇਟ ਅਧਿਆਪਕ ਹਨ ਅਤੇ ਸ਼ੇਰਸ਼ਾਹਬਾਦੀ ਭਾਈਚਾਰੇ ਦੇ ਹੱਕਾਂ ਲਈ ਕੰਮ ਕਰਦੇ ਹਨ।
ਉਹ ਕਹਿੰਦੇ ਹਨ, "ਸਾਲ 1980 ਦੇ ਦਹਾਕੇ ਵਿੱਚ ਕੋਚਗਾਮਾ ਵਿੱਚ ਸ਼ੇਰਸ਼ਾਹਬਾਦੀਆਂ ਦੀ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਇਹ ਤੈਅ ਹੋਇਆ ਸੀ ਕਿ ਕੁੜੀ ਵਾਲੇ ਵੀ ਰਿਸ਼ਤੇ ਲਈ ਲੜਕੇ ਵਾਲਿਆਂ ਕੋਲ ਜਾਣਗੇ ਪਰ ਕੁਝ ਨਹੀਂ ਬਦਲਿਆ।"
"ਹੁਣ ਕੁੜੀ ਦਾ ਰੰਗ ਬਹੁਤ ਮਹੱਤਵਪੂਰਨ ਹੁੰਦਾ ਹੈ। ਲੜਕੀ ਦਾ ਪਿਤਾ ''''ਚੁੱਪ-ਚੁੱਪ'''' ਦਾਜ ਵੀ ਦੇ ਦੇਵੇ, ਪਰ ਜੇਕਰ ਲੜਕੀ ਦਾ ਰੰਗ ਸਾਫ਼ ਨਾ ਹੋਵੇ ਤਾਂ ਵਿਆਹ ਕਰਨਾ ਮੁਸ਼ਕਲ ਹੈ।"
ਕੋਚਗਾਮਾ ਪੰਚਾਇਤ ਦੇ ਵਾਰਡ ਮੈਂਬਰ ਅਬਦੁਲ ਮਾਲੀ ਇਸ ਦੀ ਉਦਰਾਹਣ ਹਨ।
ਉਹ ਕਹਿੰਦੇ ਹਨ, "ਮੇਰੀ ਧੀ ਪੜ੍ਹੀ-ਲਿਖੀ ਹੈ। ਉਸ ਦੇ ਵਿਆਹ ''''ਤੇ ਪੈਸੇ ਖਰਚਣੇ ਔਖੇ ਨਹੀਂ ਹਨ, ਪਰ ਬਹੁਤ ਭੱਜ ਦੌੜ ਦੇ ਬਾਵਜੂਦ ਵੱਡੀ ਧੀ ਦਾ ਵਿਆਹ ਨਹੀਂ ਹੋ ਸਕਿਆ। ਮੇਰੀ ਛੋਟੀ ਧੀ ਗੋਰੀ ਹੈ, ਉਸ ਦੇ ਵਿਆਹ ''''ਚ ਕੋਈ ਮੁਸ਼ਕਲ ਨਹੀਂ ਆਵੇਗੀ।''''
ਇਲਾਕੇ ਦੇ ਫਰਹਾਨ ਦਾ ਕਹਿਣਾ ਹੈ, "ਇੱਕ ਕਾਲਾ ਮੁੰਡਾ ਵੀ ਗੋਰੀ ਕੁੜੀ ਲੱਭਦਾ ਹੈ। ਉਹ ਵੀ ਆਪਣਾ ਭਵਿੱਖ ਵੀ ਦੇਖਦਾ ਹੈ। ਬੱਚੇ ਗੋਰੇ ਹੋਣੇ ਚਾਹੀਦੇ ਹਨ।"

ਬੇਮੇਲ ਵਿਆਹ
ਇੱਥੇ ਬੇਮੇਲ ਵਿਆਹ ਵੀ ਆਮ ਹਨ ਪਰ ਇਸ ਲਈ ਵੀ ਸੰਦੇਸ਼ ਦੀ ਉਡੀਕ ਕੀਤੀ ਜਾਂਦੀ ਹੈ।
11 ਬੱਚਿਆਂ ਦੀ ਮਾਂ ਅਰਫਾ ਖਾਤੂਨ ਆਪਣੀ ਵੱਡੀ ਬੇਟੀ ਦਾ ਵਿਆਹ ਨਹੀਂ ਕਰਵਾ ਸਕੀ, ਇਸ ਲਈ ਉਸ ਨੇ ਆਪਣੀ ਛੋਟੀ ਬੇਟੀ ਰੁਖਸਾਨਾ ਦਾ ਵਿਆਹ 50 ਸਾਲਾ ਰਿਆਜ਼ੁੱਲਾ ਨਾਲ ਕਰਵਾ ਦਿੱਤਾ।
ਰੁਖਸਾਨਾ ਦੀ ਉਮਰ 18 ਸਾਲ ਹੈ ਅਤੇ ਉਸ ਦੇ ਪਤੀ ਰਿਆਜ਼ੁੱਲਾ ਦੇ ਪਹਿਲਾਂ ਹੀ ਪੰਜ ਬੱਚੇ ਹਨ। ਉਸ ਦੇ ਸਭ ਤੋਂ ਵੱਡੇ ਬੱਚੇ ਦੀ ਉਮਰ 23 ਸਾਲ ਹੈ।
ਅਰਫਾ ਰੋਂਦੀ ਹੋਈ ਕਹਿੰਦੀ ਹੈ, "ਕੀ ਕਰੀਏ, ਜਿਹੋ ਜਿਹਾ ਰਿਸ਼ਤਾ ਆ ਜਾਵੇ, ਉਸੇ ਨਾਲ ਕੰਮ ਨਿਬੇੜ ਦਿੰਦੇ ਹਾਂ।"

ਅਣਵਿਆਹੀਆਂ ਔਰਤਾਂ ਖਰਚਾ ਕਿਵੇਂ ਚਲਾਉਂਦੀਆਂ ਹਨ?
ਸ਼ੇਰਸ਼ਾਹਬਾਦੀ ਸਮਾਜ ਵਿੱਚ ਔਰਤਾਂ ਨੂੰ ਘਰ ਤੋਂ ਬਾਹਰ ਕੰਮ ਕਰਨ ਦੀ ਇਜਾਜ਼ਤ ਦੇਣਾ ਵੀ ਔਖਾ ਹੈ।
ਅਜਿਹੇ ''''ਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਅਣਵਿਆਹੀਆਂ ਔਰਤਾਂ ਕੀ ਕਰਦੀਆਂ ਹਨ ਅਤੇ ਆਪਣੇ ਖਰਚਿਆਂ ਦਾ ਪ੍ਰਬੰਧ ਕਿਵੇਂ ਕਰਦੀਆਂ ਹਨ?
ਆਰਥਿਕ ਤੌਰ ''''ਤੇ ਇਹ ਔਰਤਾਂ ਆਪਣੇ ਮਾਤਾ-ਪਿਤਾ ਜਾਂ ਭਰਾਵਾਂ ''''ਤੇ ਨਿਰਭਰ ਹਨ।
ਵਿਆਹ ਨਾ ਹੋਣ ਦਾ ਸੰਤਾਪ ਹੰਢਾ ਰਹੀਆਂ ਇਨ੍ਹਾਂ ਔਰਤਾਂ ਨੂੰ ਆਪਣੇ ਹੀ ਪਰਿਵਾਰ ਵਾਲਿਆਂ ਦੇ ਤਾਅਨੇ-ਮਿਹਣੇ ਸੁਣਨੇ ਪੈਂਦੇ ਹਨ।
ਨਾ ਉਮੀਦ ਤਸਕਰਾ ਖਾਤੂਨ ਕਹਿੰਦੀ ਹੈ, "ਮੇਰੇ ਭਰਾ ਦੇ ਛੇ ਬੱਚੇ ਹਨ। ਮੈਂ ਆਪਣੇ ਭਰਾ ਅਤੇ ਭਰਜਾਈ ਦੇ ਤਾਅਨੇ ਸਹਿਣ ਤੋਂ ਬਾਅਦ ਵੀ ਬੱਚਿਆਂ ਅਤੇ ਪੂਰੇ ਘਰ ਦੀ ਦੇਖਭਾਲ ਕਰਦੀ ਹਾਂ।"

ਛੋਟੀਆਂ-ਛੋਟੀਆਂ ਤਬਦੀਲੀਆਂ
ਫਿਲਹਾਲ ਕੁਝ ਔਰਤਾਂ ਨੇ ਆਂਗਣਵਾੜੀ ਕੇਂਦਰਾਂ ਅਤੇ ਸਰਕਾਰੀ ਸਕੂਲਾਂ ਵਿੱਚ ਮਿਡ-ਡੇ-ਮੀਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
45 ਸਾਲਾ ਹਮੀਦਾ ਖਾਤੂਨ ਮਿਡ-ਡੇ-ਮੀਲ ਬਣਾਉਂਦੀ ਹੈ। ਵਿਆਹ ਬਾਰੇ ਗੱਲ ਕਰਦੇ ਹੋਏ ਹਮੀਦਾ ਕਹਿੰਦੀ ਹੈ, "ਮੈਂ 1500 ਰੁਪਏ ਕਮਾਉਣ ਲੱਗੀ ਹਾਂ ਅਤੇ ਮੈਂ ਆਪਣੇ ਭਰਾ ਤੋਂ ਵੱਖਰੀ ਝੌਂਪੜੀ ਬਣਵਾਈ। ਜੇਕਰ ਕੋਈ ਬਿਨਾਂ ਦਾਜ ਦੇ ਵਿਆਹ ਕਰੇਗਾ ਤਾਂ ਮੈਂ ਵਿਆਹ ਲਈ ਤਿਆਰ ਹਾਂ।"
ਹੁਣ ਮੁਸਲਮਾਨਾਂ ਦੇ ਹੋਰ ਜਾਤਾਂ ਵਿੱਚ ਵੀ ਵਿਆਹ ਹੋਣ ਲੱਗ ਪਏ ਹਨ। ਇਸ ਤੋਂ ਇਲਾਵਾ ਬਿਹਾਰ ਤੋਂ ਬਾਹਰ ਨਿਕਲ ਕੇ ਉਨ੍ਹਾਂ ਦੇ ਵਿਆਹ ਉੱਤਰ ਪ੍ਰਦੇਸ਼ ਤੋਂ ਕਸ਼ਮੀਰ ਤੱਕ ਹੋਣੇ ਸ਼ੁਰੂ ਹੋ ਗਏ ਹਨ।
ਇਕੱਲੇ ਕੋਚਗਾਮਾ ਵਿੱਚ ਹੀ ਹਾਲ ਦੇ ਸਾਲਾਂ ਵਿੱਚ 100 ਤੋਂ ਵੱਧ ਅਜਿਹੇ ਵਿਆਹ ਹੋਏ ਹਨ।
ਉੱਤਰ ਪ੍ਰਦੇਸ਼ ਤੋਂ ਕਸ਼ਮੀਰ ਤੱਕ ਹੋਣ ਵਾਲੇ ਵਿਆਹਾਂ ਲਈ ਵੀ ਕੁੜੀਆਂ ਲਈ ਵਿਆਹ ਦਾ ਸੁਨੇਹਾ ਆਉਂਦਾ ਹੈ।
10 ਬੱਚਿਆਂ ਦੀ ਮਾਂ ਨਸਤਾਰਾ ਖਾਤੂਨ ਨੇ ਕਸ਼ਮੀਰ ਵਿੱਚ ਆਪਣੀ 12ਵੀਂ ਪਾਸ ਧੀ ਦਾ ਰਿਸ਼ਤਾ ਕੀਤਾ ਸੀ।
ਨਸਤਾਰਾ ਕਹਿਦੀ ਹੈ, "ਮੇਰੀ ਧੀ ਪੜ੍ਹੀ-ਲਿਖੀ ਸੀ ਪਰ ਉਸ ਦਾ ਰੰਗ ਕਾਲਾ ਸੀ। ਇੱਥੇ ਕੋਈ ਰਿਸ਼ਤਾ ਨਹੀਂ ਆਇਆ। ਫਿਰ ਕਸ਼ਮੀਰ ਤੋਂ ਇੱਕ 30 ਸਾਲ ਦੇ ਲੜਕੇ ਦਾ ਰਿਸ਼ਤਾ ਆਇਆ ਤਾਂ ਵਿਆਹ ਕਰ ਦਿੱਤਾ।"
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)