ਮੁੰਡਿਆਂ ਨੂੰ ਮਾਹਵਾਰੀ ਬਾਰੇ ਇਹ ਗੱਲਾਂ ਜਾਨਣੀਆਂ ਜ਼ਰੂਰੀ ਕਿਉਂ ਹਨ?
Sunday, May 21, 2023 - 07:48 PM (IST)


ਪਿਛਲੇ ਦਿਨਾਂ ਵਿੱਚ ਮਹਾਰਾਸ਼ਟਰ ਦੇ ਉਲਹਾਸਨਗਰ ਤੋਂ ਇੱਕ ਖਬਰ ਆਈ ਹੈ ਕਿ ਇੱਕ 12 ਸਾਲ ਦੀ ਕੁੜੀ ਨੂੰ ਪਹਿਲੀ ਵਾਰ ਮਾਹਵਾਰੀ ਸ਼ੁਰੂ ਹੋਈ।
ਉਸ ਦੇ ਕੱਪੜੇ ਮਾਹਵਾਰੀ ਦੇ ਖੂਨ ਕਾਰਨ ਖਰਾਬ ਹੋ ਗਏ ਸਨ। ਖ਼ਬਰ ਵਿੱਚ ਦੱਸਿਆ ਗਿਆ ਸੀ ਕਿ ਉਸ ਦੇ ਭਰਾ ਨੇ ਖੂਨ ਦੇ ਦਾਗ ਦੇਖੇ ਸਨ।
ਉਸ ਨੇ ਸੋਚਿਆ ਵੀ ਨਹੀਂ ਸੀ ਕਿ ਉਸਦੀ 12 ਸਾਲ ਦੀ ਭੈਣ ਨੂੰ ਮਾਹਵਾਰੀ ਆ ਸਕਦੀ ਹੈ।
ਉਸ ਨੇ ਖੂਨ ਦੇ ਧੱਬਿਆਂ ਨੂੰ ਸਰੀਰਕ ਸਬੰਧਾਂ ਨਾਲ ਜੋੜ ਦਿੱਤਾ। ਉਸ ਨਾਲ ਪਰਿਵਾਰ ਦੀ ਇੱਜ਼ਤ ਜੋੜ ਲਈ ਗਈ ਹੋਵੇਗੀ। ਇਸ ਤਰ੍ਹਾਂ ਇਹੋ ਉਸ ਕੁੜੀ ''''ਤੇ ਜ਼ੁਲਮ ਦਾ ਕਾਰਨ ਬਣ ਗਈ।
ਜ਼ੁਲਮ ਨੇ ਕੁੜੀ ਦੀ ਜਾਨ ਲੈ ਲਈ। ਸਾਫ਼ ਹੈ ਕਿ ਜਦੋਂ ਔਰਤ ''''ਤੇ ਜ਼ੁਲਮ ਹੁੰਦਾ ਹੈ ਤਾਂ ਇਸ ਦੇ ਕਈ ਕਾਰਨ ਹੁੰਦੇ ਹਨ।
ਪੁਲਿਸ ਨੇ ਭਰਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਰ ਇਸ ਮਾਮਲੇ ਵਿੱਚ, ਮਾਹਵਾਰੀ ਬਾਰੇ ਘੱਟ ਜਾਣਕਾਰੀ ਹੋਣ ਦੀ ਵਾਰ-ਵਾਰ ਚਰਚਾ ਕੀਤੀ ਜਾ ਰਹੀ ਹੈ।
ਅੱਜ ਦੇ ਯੁੱਗ ਵਿੱਚ ਮੁੰਡਿਆਂ ਨੂੰ ਮਾਹਵਾਰੀ ਬਾਰੇ ਪਤਾ ਨਾ ਹੋਣਾ ਹੈਰਾਨੀ ਵਾਲੀ ਗੱਲ ਲੱਗਦੀ ਹੈ, ਪਰ ਸੱਚ ਇਹੀ ਹੈ ਕਿ ਬਹੁਤ ਸਾਰੇ ਮਰਦਾਂ ਨੂੰ ਮਾਹਵਾਰੀ ਬਾਰੇ ਹਾਲੇ ਪਤਾ ਨਹੀਂ।
ਭਾਵੇਂ ਉਹ ਮਰਦ ਵਿਆਹੇ ਹੋਏ ਹੀ ਕਿਉਂ ਨਾ ਹੋਣ। ਕਈ ਮਰਦ ਔਰਤ ਦੇ ਖੂਨ ਦਾ ਇੱਕ ਹੀ ਮਤਲਬ ਸਮਝਦੇ ਹਨ। ਉਨ੍ਹਾਂ ਲਈ, ਔਰਤ ਦੇ ਸਰੀਰ ਵਿੱਚੋਂ ਖੂਨ ਆਉਣ ਦਾ ਮਤਲਬ ਸਿਰਫ਼ ਸਰੀਰਕ ਸਬੰਧ ਹਨ।
ਸਪੱਸ਼ਟ ਹੈ ਕਿ ਜਦੋਂ ਮਾਹਵਾਰੀ ਬਾਰੇ ਪੂਰਾ ਗਿਆਨ ਨਹੀਂ ਹੋਵੇਗਾ ਤਾਂ ਇਸ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਬਿਲਕੁਲ ਵੀ ਗਿਆਨ ਨਹੀਂ ਹੋਵੇਗਾ।

ਮਾਹਵਾਰੀ ਬਿਮਾਰੀ ਨਹੀਂ ਹੈ
ਕੀ ਮੁੰਡਿਆਂ ਅਤੇ ਮਰਦਾਂ ਨੂੰ ਪਤਾ ਹੈ ਕਿ ਮਾਹਵਾਰੀ ਇੱਕ ਕੁਦਰਤੀ ਜੈਵਿਕ ਪ੍ਰਕਿਰਿਆ ਹੈ।
ਇਹ ਆਮ ਗੱਲ ਹੈ। ਇਹ ਕੋਈ ਬਿਮਾਰੀ ਨਹੀਂ ਹੈ। ਇਹ ਜ਼ਿਆਦਾਤਰ ਔਰਤਾਂ ਨਾਲ ਮਹੀਨੇ ਵਿੱਚ ਇੱਕ ਵਾਰ ਹੁੰਦਾ ਹੈ। ਇਹ ਇੱਕ ਚੱਕਰ ਦੇ ਰੂਪ ਵਿੱਚ ਚਲਦਾ ਹੈ ਜੋ ਚੱਕਰ ਔਸਤਨ 28 ਦਿਨ ਹੁੰਦਾ ਹੈ।
ਉਂਝ ਮਾਹਵਾਰੀ 21 ਤੋਂ 35 ਦਿਨਾਂ ਵਿੱਚ ਕਦੇ ਵੀ ਆ ਸਕਦੀ ਹੈ। ਮਾਹਵਾਰੀ ਦੌਰਾਨ ਬੱਚੇਦਾਨੀ ਦੇ ਅੰਦਰੋਂ ਖੂਨ ਨਿਕਲਦਾ ਹੈ।
ਮਾਹਵਾਰੀ ਸ਼ੁਰੂ ਹੋਣ ਦਾ ਮਤਲਬ ਹੈ ਕਿ ਔਰਤ ਦਾ ਸਰੀਰ ਗਰਭ ਅਵਸਥਾ ਲਈ ਤਿਆਰ ਹੋਣ ਦੀ ਪ੍ਰਕਿਰਿਆ ਸ਼ੁਰੂ ਕਰ ਰਿਹਾ ਹੈ।
ਇਹ ਔਰਤ ਦੇ ਸਰੀਰ ਵਿੱਚ ਹਾਰਮੋਨਲ ਤਬਦੀਲੀਆਂ ਨੂੰ ਵੀ ਦੱਸਦਾ ਹੈ।

ਵੱਖ-ਵੱਖ ਗਲਤ ਧਾਰਨਾਵਾਂ ਤੇ ਔਰਤਾਂ ਦਾ ਜੀਵਨ
ਮਾਹਵਾਰੀ ਨੂੰ ਲੈ ਕੇ ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਵੀ ਪ੍ਰਚਲਿਤ ਹਨ।
ਇਨ੍ਹਾਂ ਵਿੱਚ ਕਈ ਅਜਿਹੇ ਰਿਵਾਜ ਵੀ ਹਨ, ਜੋ ਔਰਤਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਦਿੰਦੇ ਹਨ।
ਕਈ ਸਮਾਜਾਂ ਅਤੇ ਧਰਮਾਂ ਵਿੱਚ ਮਾਹਵਾਰੀ ਦੌਰਾਨ ਔਰਤ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ।
ਇਸ ਲਈ ਉਨ੍ਹਾਂ ਨੂੰ ਪੂਜਾ-ਪਾਠ ਅਤੇ ਨਮਾਜ਼ ਤੋਂ ਦੂਰ ਰਹਿਣਾ ਪੈਂਦਾ ਹੈ। ਰਮਜ਼ਾਨ ਦੇ ਦਿਨਾਂ ਵਿੱਚ ਰੋਜ਼ੇ ਰੱਖਣ ਤੋਂ ਗੁਰੇਜ਼ ਕਰਨਾ ਪੈਂਦਾ ਹੈ।
ਇਸ ਦੌਰਾਨ ਕਈ ਥਾਵਾਂ ''''ਤੇ ਔਰਤਾਂ ਨੂੰ ਅਲੱਗ-ਥਲੱਗ ਰੱਖਣ ਦਾ ਰਿਵਾਜ ਵੀ ਹੈ।

ਮਰਦਾਂ ਲਈ ਮਾਹਵਾਰੀ ਬਾਰੇ ਜਾਨਣ ਵਾਲੀਆਂ ਖਾਸ ਗੱਲਾਂ
- ਮਾਹਵਾਰੀ ਦਾ ਮਸਲਾ ਸਿਰਫ਼ ਸਫਾਈ ਜਾਂ ਪੈਡਾਂ ਦਾ ਮਸਲਾ ਨਹੀਂ ਹੈ
- ਇਹ ਜ਼ਿਆਦਾਤਰ ਔਰਤਾਂ ਨਾਲ ਮਹੀਨੇ ਵਿੱਚ ਇੱਕ ਵਾਰ ਹੁੰਦਾ ਹੈ
- ਮਾਹਵਾਰੀ ਨੂੰ ਲੈ ਕੇ ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਵੀ ਪ੍ਰਚਲਿਤ ਹਨ
- ਇਸ ਪ੍ਰਕਿਰਿਆ ਦੇ ਸ਼ੁਰੂ ਹੋਣ ਤੋਂ ਪਹਿਲਾਂ, ਕੁੜੀਆਂ ਜਾਂ ਔਰਤਾਂ ਵਿੱਚ ਬਹੁਤ ਸਾਰੇ ਬਦਲਾਅ ਹੁੰਦੇ ਹਨ
- ਇਸ ਸਮੇਂ ਦੌਰਾਨ ਮਰਦਾਂ ਨੂੰ ਔਰਤਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ

ਪੀਰੀਅਡਸ ਬਾਰੇ ਗੱਲ ਕਰਨ ਦਾ ਮਤਲਬ ''''ਪੈਡਸ'''' ਹੀ ਨਹੀਂ
ਔਰਤਾਂ ਦੀ ਜ਼ਿੰਦਗੀ ਦੇ ਇਸ ਅਹਿਮ ਪਹਿਲੂ ਨੂੰ ਮੁੰਡੇ ਜਾਂ ਮਰਦ ਕਿਸੇ ਰਾਜ਼ ਵਾਂਗ ਹੀ ਜਾਣਦੇ ਹਨ।
ਹਾਲਾਂਕਿ, ਟੀਵੀ ''''ਤੇ ਪ੍ਰਚਾਰ ਅਤੇ ਪਿਛਲੇ ਸਮੇਂ ਵਿੱਚ ਮਾਹਵਾਰੀ ਬਾਰੇ ਵੱਧ ਰਹੀ ਚਰਚਾ ਨੇ ਯਕੀਨੀ ਤੌਰ ''''ਤੇ ਜਾਗਰੂਕਤਾ ਵਧਾ ਦਿੱਤੀ ਹੈ। ਇਹ ਜਾਗਰੂਕਤਾ ਬਾਜ਼ਾਰ ਦੀ ਜ਼ਿਆਦਾ ਦੇਣ ਹੈ।
ਇਹ ਜਾਗਰੂਕਤਾ ਸੈਨੇਟਰੀ ਪੈਡਾਂ ਦੇ ਦਾਇਰੇ ਤੱਕ ਸੀਮਤ ਹੈ ਕਿ ਮਾਹਵਾਰੀ ਵਰਗੀ ਕੋਈ ਚੀਜ਼ ਹੁੰਦੀ ਹੈ।
ਇਸ ਦੌਰਾਨ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਅਜਿਹੇ ਵਿੱਚ ਕੋਈ ਵੀ ਵਸਤੂ ਨਹੀਂ ਵਰਤਣੀ ਚੀਹੀਦੀ ਸਗੋਂ ਪੈਡ ਦੀ ਵਰਤੋਂ ਕਰਨੀ ਚਾਹੀਦੀ ਹੈ।
ਪਰ ਗੱਲ ਇੱਥੇ ਤੱਕ ਹੀ ਸੀਮਤ ਨਹੀਂ ਹੈ। ਇਹ ਕੁੜੀਆਂ ਦੇ ਪ੍ਰਜਨਨ ਅਤੇ ਜਿਨਸੀ ਸਿਹਤ ਨਾਲ ਜੁੜਿਆ ਮਾਮਲਾ ਹੈ। ਇਹ ਸਾਲਾਂ ਤੋਂ ਹਰ ਮਹੀਨੇ ਉਹਨਾਂ ਦੇ ਜੀਵਨ ਨੂੰ ਇੱਕ ਖਾਸ ਚੱਕਰ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕਰਦਾ ਹੈ।

ਮੁੰਡਿਆਂ ਅਤੇ ਮਰਦਾਂ ਨੂੰ ਮਾਹਵਾਰੀ ਬਾਰੇ ਜਾਨਣ ਦੀ ਲੋੜ ਕਿਉਂ ਹੈ
ਸਕੂਲੀ ਜੀਵ ਵਿਗਿਆਨ ਦੀਆਂ ਕਿਤਾਬਾਂ ਵਿੱਚ ਮਾਹਵਾਰੀ ਬਾਰੇ ਗੱਲ ਕੀਤੀ ਗਈ ਹੈ। ਹਾਲਾਂਕਿ, ਇਹਨਾਂ ਵਿੱਚੋਂ ਬਹੁਤੀਆਂ ਥਾਵਾਂ ''''ਤੇ ਸਹੀ ਢੰਗ ਨਾਲ ਪੜ੍ਹਾਇਆ ਨਹੀਂ ਜਾਂਦਾ ਅਤੇ ਵਿਦਿਆਰਥੀ ਵੀ ਸਹੀ ਢੰਗ ਨਾਲ ਪੜ੍ਹਦੇ ਨਹੀਂ ਹਨ।
ਜੇਕਰ ਪੜ੍ਹਾਈ ਸਹੀ ਢੰਗ ਨਾਲ ਕੀਤੀ ਜਾਂਦੀ ਹੈ ਜਾਂ ਵਿਦਿਆਰਥੀ ਸਹੀ ਢੰਗ ਨਾਲ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਇਸਤਰੀ ਜੀਵਨ ਦੇ ਇਸ ਮਹੱਤਵਪੂਰਨ ਚੱਕਰ ਬਾਰੇ ਚੰਗੀ ਜਾਣਕਾਰੀ ਹੋਵੇਗੀ।
ਅਜਿਹੇ ਵਿੱਚ ਸੈਕਸ ਐਜੂਕੇਸ਼ਨ ਵੀ ਹੋਣੀ ਚਾਹੀਦੀ ਹੈ।
ਹੁਣ ਸਵਾਲ ਇਹ ਹੈ ਕਿ ਮੁੰਡਿਆਂ ਜਾਂ ਮਰਦਾਂ ਨੂੰ ਕੁੜੀਆਂ ਜਾਂ ਔਰਤਾਂ ਦੀ ਪ੍ਰਜਨਨ ਅਤੇ ਜਿਨਸੀ ਸਿਹਤ ਬਾਰੇ ਕੀ ਜਾਣਕਾਰੀ ਹੈ?
ਕੀ ਮੁੰਡੇ ਜਾਂ ਮਰਦ ਜਾਣਦੇ ਹਨ ਕਿ ਹਰ ਮਹੀਨੇ ਕੁੜੀਆਂ ਦੀ ਜ਼ਿੰਦਗੀ ਵਿੱਚ ਛੇ-ਸੱਤ ਦਿਨ ਕਿਵੇਂ ਆਉਂਦੇ ਹਨ? ਜੇ ਨਹੀਂ ਜਾਣਦੇ ਤਾਂ ਜਾਨਣਾ ਪਵੇਗਾ।
ਇਸ ਤੋਂ ਬਿਨਾਂ ਅਸੀਂ ਨਾ ਆਪਣੀ ਭੈਣ, ਦੋਸਤ ਜਾਂ ਸਾਥੀ ਦੇ ਸੁਭਾਅ ਜਾਂ ਮਨੋਦਸ਼ਾ ਨੂੰ ਸਮਝ ਨਹੀਂ ਸਕਾਂਗੇ।
ਹਰ ਮਹੀਨੇ ਅਜਿਹੇ ਕੁਝ ਦਿਨ ਇਸ ਗੱਲ ਦਾ ਅਹਿਸਾਸ ਕਰਾਉਂਦੇ ਹਨ ਕਿ ਇੱਕ ਕੁੜੀ ਵਿੱਚ ਉਹ ਕਰਨ ਦੀ ਸ਼ਕਤੀ ਹੁੰਦੀ ਹੈ ਜੋ ਅਸੀਂ ਮਰਦਾਂ, ਭਾਵੇਂ ਅਸੀਂ ਕਿੰਨੀ ਮਰਦਾਨਗੀ ਦਿਖਾਉਂਦੇ ਹਾਂ, ਨਹੀਂ ਕਰ ਸਕਦੇ।
ਇਹਨਾਂ ਦਿਨਾਂ ਵਿੱਚ ਉਹਨਾਂ ਦੇ ਸਰੀਰ ਵਿੱਚ ਇੱਕ ਅੰਦਰੂਨੀ ਪ੍ਰਕਿਰਿਆ ਚੱਲ ਰਹੀ ਹੁੰਦੀ ਹੈ। ਇਹ ਪ੍ਰਕਿਰਿਆ ਉਹਨਾਂ ਨੂੰ ਅਪਵਿੱਤਰ ਨਹੀਂ ਕਰਦੀ। ਇਸ ਲਈ ਸਾਨੂੰ ਉਹਨਾਂ ਨਾਲ ਸਖਤ ਤਰੀਕੇ ਨਾਲ ਪੇਸ਼ ਨਹੀਂ ਆਉਣਾ ਚਾਹੀਦਾ।

ਮਾਹਵਾਰੀ ਯਾਨੀ ਤਨ-ਮਨ ਵਿੱਚ ਵੱਡੇ ਉਤਰਾਅ-ਚੜ੍ਹਾਅ
ਇਸ ਪ੍ਰਕਿਰਿਆ ਦੇ ਸ਼ੁਰੂ ਹੋਣ ਤੋਂ ਪਹਿਲਾਂ, ਕੁੜੀਆਂ ਜਾਂ ਔਰਤਾਂ ਵਿੱਚ ਬਹੁਤ ਸਾਰੇ ਬਦਲਾਅ ਹੁੰਦੇ ਹਨ। ਇਸ ਨੂੰ ਮਾਹਵਾਰੀ ਤੋਂ ਪਹਿਲਾਂ ਦੀ ਸਮੱਸਿਆ ਕਿਹਾ ਜਾ ਸਕਦਾ ਹੈ।
ਅੰਗਰੇਜ਼ੀ ਵਿੱਚ ਇਸ ਨੂੰ ਪੀਐੱਮਸੀ ਜਾਂ ਪ੍ਰੀ ਮੈਨੂਸਟਰਲ ਸਿੰਡਰੋਮ ਕਹਿੰਦੇ ਹਨ। ਇਸ ਵਿੱਚ ਮਨ ਦੇ ਨਾਲ-ਨਾਲ ਸਰੀਰ ਵਿੱਚ ਵੀ ਬਦਲਾਅ ਆਉਂਦੇ ਹਨ।
ਮੈਡੀਕਲ ਸਾਇੰਸ ਦਾ ਕਹਿਣਾ ਹੈ ਕਿ ਇਹ ਬਦਲਾਅ 200 ਤਰ੍ਹਾਂ ਦੇ ਹੋ ਸਕਦੇ ਹਨ। ਇਸ ਦੌਰਾਨ ਮਨ ਦੇ ਉਤਰਾਅ-ਚੜ੍ਹਾਅ ਬਹੁਤ ਜ਼ਿਆਦਾ ਹਨ। ਕੁੜੀਆਂ ਦਾ ਮੂਡ ਬਹੁਤ ਜਲਦੀ ਉੱਪਰ ਅਤੇ ਹੇਠਾਂ ਚਲਾ ਜਾਂਦਾ ਹੈ। ਉਹਨਾਂ ਦਾ ਚਿੜਚਿੜਾਪਨ ਵਧਦਾ ਹੈ ਅਤੇ ਦਰਦ ਭਾਰੀ ਰਹਿੰਦਾ ਹੈ।
ਹਰ ਗੱਲ ''''ਤੇ ਰੋਣ ਦਾ ਦਿਲ ਕਰਦਾ ਹੈ। ਤਣਾਅ ਅਤੇ ਚਿੰਤਾ ਭਾਰੂ ਹੁੰਦੀ ਹੈ।
ਨੀਂਦ ਨਹੀਂ ਆਉਂਦੀ। ਸਿਰਦਰਦ ਅਤੇ ਥਕਾਵਟ ਰਹਿੰਦੀ ਹੈ। ਜਿਨਸੀ ਇੱਛਾਵਾਂ ਵਧਦੀਆਂ ਜਾਂ ਘਟਦੀਆਂ ਹਨ।
ਸਰੀਰ ਵੀ ਦੁਖਦਾ ਹੈ ਪਰ ਮਨ ਵਧੇਰੇ ਪ੍ਰੇਸ਼ਾਨ ਹੁੰਦਾ ਹੈ।
ਸਰੀਰ ਦੀਆਂ ਸਮੱਸਿਆਵਾਂ ਲਈ ਦਵਾਈ ਹੋ ਸਕਦੀ ਹੈ, ਪਰ ਮਨ ਦਾ ਕੀ ਹੈ? ਉਸ ਨੂੰ ਤਾਂ ਮਨ ਦਾ ਆਸਰਾ ਹੀ ਚਾਹੀਦਾ ਹੁੰਦਾ ਹੈ।

ਇਸ ਲਈ ਉਨ੍ਹਾਂ ਦਿਨਾਂ ਨੂੰ ਜਾਨਣਾ ਜ਼ਰੂਰੀ ਹੈ
ਇਹ ਜ਼ਰੂਰੀ ਨਹੀਂ ਕਿ ਇਹ ਸਾਰੇ ਲੱਛਣ ਹਰ ਕੁੜੀ ਜਾਂ ਔਰਤ ਵਿੱਚ ਹੋਣ।
ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਮੁੰਡੇ ਜਾਂ ਮਰਦ ਆਪਣੇ ਘਰ ਦੀਆਂ ਕੁੜੀਆਂ ਜਾਂ ਔਰਤਾਂ ਦੇ ਇਨ੍ਹਾਂ ਦਿਨਾਂ ਨੂੰ ਜਾਣੀਏ ਤੇ ਸਮਝੀਏ।
ਜਦੋਂ ਮੁੰਡਿਆਂ ਜਾਂ ਮਰਦਾਂ ਨੂੰ ਉਨ੍ਹਾਂ ਦਿਨਾਂ ਦਾ ਪਤਾ ਲੱਗੇਗਾ ਤਾਂ ਹੀ ਉਹ ਉਸ ਸਮੇਂ ਦੌਰਾਨ ਉਨ੍ਹਾਂ ਦੇ ਵਿਵਹਾਰ ਅਤੇ ਮੂਡ ਬਾਰੇ ਫੈਸਲਾ ਕਰ ਸਕਣਗੇ।
ਇਸ ਅਨੁਸਾਰ ਸਾਨੂੰ ਆਪਣੇ ਵਿਹਾਰ ਵਿੱਚ ਵੀ ਬਦਲਾਅ ਲਿਆਉਣਾ ਪਵੇਗਾ।
ਫਿਰ ਕੀ ਹੋਵੇਗਾ ਜੇ ਮੁੰਡੇ ਅਤੇ ਮਰਦ ਉਨ੍ਹਾਂ ਤਬਦੀਲੀਆਂ ਨੂੰ ਮਹਿਸੂਸ ਨਹੀਂ ਕਰਦੇ ਅਤੇ ਆਪਣੇ ਆਪ ਨੂੰ ਉਸ ਅਨੁਸਾਰ ਨਹੀਂ ਬਦਲਦੇ?
ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਤਬਦੀਲੀਆਂ ਕੁੜੀ ਦੇ ਆਮ ਰੋਜ਼ਾਨਾ ਵਿਵਹਾਰ ਦਾ ਨਤੀਜਾ ਨਹੀਂ ਹਨ। ਇਹ ਕੁਦਰਤ ਦੇ ਇੱਕ ਚੱਕਰ ਨਾਲ ਸਬੰਧਤ ਹੈ।
ਅਸੀਂ ਤੈਅ ਕਰਨਾ ਹੈ ਕਿ ਅਸੀਂ ਹਰ ਮਹੀਨੇ ਕੁਦਰਤ ਦੇ ਇਸ ਚੱਕਰ ਕਾਰਨ ਹੋਣ ਵਾਲੀਆਂ ਤਬਦੀਲੀਆਂ ਨੂੰ ਦੂਰ ਕਰਨ ਲਈ ਆਪਣੀ ਮਾਂ, ਧੀ, ਭੈਣ, ਦੋਸਤ ਜਾਂ ਸਾਥੀ ਦੀ ਕਿਵੇਂ ਅਤੇ ਕਿਸ ਹੱਦ ਤੱਕ ਮਦਦ ਕਰ ਸਕਦੇ ਹਾਂ।
ਜੇਕਰ ਅਸੀਂ ਪੁਰਸ਼ ਇਨ੍ਹਾਂ ਖਾਸ ਦਿਨਾਂ ''''ਚ ਉਨ੍ਹਾਂ ਦੇ ਮੂਡ ਅਤੇ ਉਨ੍ਹਾਂ ਦੀਆਂ ਗੱਲਾਂ ਨੂੰ ਸਮਝਿਆਂ ਜਾਂ ਨਜ਼ਰਅੰਦਾਜ਼ ਨਹੀਂ ਕੀਤਾ ਤਾਂ ਯਕੀਨਨ, ਅਸੀਂ ਪੁਰਸ਼ ਦੁਨੀਆਂ ਦੇ ਸਭ ਤੋਂ ਵਧੀਆ ਇਨਸਾਨਾਂ ਵਿੱਚੋਂ ਇੱਕ ਸਾਬਤ ਹੋਵਾਂਗੇ।

ਮਾਹਵਾਰੀ ਦੇ ਦਿਨਾਂ ਵਿੱਚ ਮਰਦ ਕੀ ਕਰਨ?
ਜ਼ਰੂਰੀ ਹੈ ਕਿ ਅਸੀਂ ਇਹਨਾਂ ਦਿਨਾਂ ਵਿੱਚ ਧਿਆਨ ਰੱਖੀਏ ਅਤੇ ਸੰਦੇਵਨਸ਼ੀਲ ਤਰੀਕੇ ਨਾਲ ਉਹਨਾਂ ਨੂੰ ਸਮਝਿਆ ਜਾਵੇ।
ਉਹਨਾਂ ਨੂੰ ਇਸ ਨਾਲ ਜੀਣ ਅਤੇ ਹਰ ਰੋਜ਼ ਜਿਉਣ ਵਾਂਗ ਸਾਥ ਦੇਈਏ।
ਸ਼ਾਇਦ ਸਾਡੇ ਲਈ ਕੁਦਰਤ ਨੇ ਇਹੋ ਕੰਮ ਤੈਅ ਕੀਤਾ ਹੋਵੇ।
ਇਹ ਕਾਲੇ ਪੋਲੀਥੀਨ ਵਿੱਚ ਬੰਦ ਕਰਨ ਵਾਲੀ ਚੀਜ਼ ਨਹੀਂ ਹੈ। ਅਪਵਿੱਤਰ ਨਹੀਂ ਹੈ। ਡਰਨ ਵਾਲੀ ਵੀ ਨਹੀਂ ਹੈ। ਕੋਈ ਵੀ ਬਿਮਾਰੀ ਨਹੀਂ ਹੈ।
ਹਾਂ, ਜੇਕਰ ਕਿਸੇ ਕੁੜੀ ਜਾਂ ਔਰਤ ਨੂੰ ਮਾਹਵਾਰੀ ਕਾਰਨ ਕੋਈ ਸਮੱਸਿਆ ਹੈ ਜਾਂ ਉਹ ਆਰਾਮ ਕਰਨਾ ਚਾਹੁੰਦੀ ਹੈ ਜਾਂ ਚੁੱਲ੍ਹਾ-ਚੌਂਕਾ ਅਤੇ ਘਰੇਲੂ ਹੋਰ ਕੰਮ ਨਹੀਂ ਕਰਨਾ ਚਾਹੁੰਦੀ ਤਾਂ ਉਸ ਨੂੰ ਆਰਾਮ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ।
ਉਨ੍ਹਾਂ ਨੂੰ ਘਰ ਦੇ ਕਿਸੇ ਕੋਨੇ ਵਿੱਚ ਨਹੀਂ, ਜਿੱਥੇ ਉਨ੍ਹਾਂ ਦੀ ਜਗ੍ਹਾ ਹੈ, ਉੱਥੇ ਆਰਾਮ ਕਰਨ ਦਿਓ। ਉਨ੍ਹਾਂ ਦੇ ਖਾਣ-ਪੀਣ ਦਾ ਧਿਆਨ ਰੱਖੋ।
ਇਹ ਸਭ ਕਰਨ ਲਈ ਸਾਨੂੰ ਮੁੰਡਿਆਂ ਅਤੇ ਮਰਦਾਂ ਨੂੰ ਘਰ ਦੇ ਉਹ ਕੰਮ ਕਰਨੇ ਪੈਣਗੇ ਜੋ ਅਸੀਂ ਔਰਤਾਂ ’ਤੇ ਛੱਡ ਦਿੱਤੇ ਹਨ।
ਖਾਸ ਤੌਰ ''''ਤੇ ਇਸ ਸਮੇਂ ਉਨ੍ਹਾਂ ਦੇ ਸੁਭਾਅ ਦਾ ਧਿਆਨ ਰੱਖੋ। ਕੁਝ ਬਰਦਾਸ਼ਤ ਕਰਨ ਦੀ ਤਾਕਤ ਪੈਦਾ ਕਰੋ। ਨਹੀਂ ਤਾਂ, ਕਈ ਵਾਰ ਅਣਜਾਣੇ ਵਿੱਚ ਗੱਲਾਂ ਵਿਗੜ ਜਾਂਦੀਆਂ ਹਨ।
ਜਦੋਂ ਸਾਨੂੰ ਪਤਾ ਹੋਵੇਗਾ ਤਾਂ ਅਸੀਂ ਉਸ ਸਮੇਂ ਉਹਨਾਂ ਦੇ ਸ਼ਬਦਾਂ ਨੂੰ ਅਣਡਿੱਠ ਕਰਨਾ ਵੀ ਸਿੱਖ ਲਵਾਂਗੇ।
ਇਸੇ ਕਾਰਨ ਨੌਕਰੀਆਂ ਕਰਨ ਵਾਲੀਆਂ ਕੁੜੀਆਂ ਨੂੰ ਮਾਹਵਾਰੀ ਦੌਰਾਨ ਛੁੱਟੀ ਦੀ ਵਕਾਲਤ ਕੀਤੀ ਜਾਂਦੀ ਹੈ।
ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਮਾਹਵਾਰੀ ਦਾ ਮਸਲਾ ਸਿਰਫ਼ ਸਫਾਈ ਜਾਂ ਪੈਡਾਂ ਦਾ ਮਸਲਾ ਨਹੀਂ ਹੈ।
ਇਹ ਉਸ ਤੋਂ ਵੱਡਾ ਹੈ। ਇਸ ਵਿੱਚ, ਕੀ ਅਸੀਂ ਮਰਦ ਮਾਹਵਾਰੀ ਵਿੱਚ ਕੁੜੀਆਂ ਅਤੇ ਔਰਤਾਂ ਦੀ ਮਦਦ ਕਰਨ ਲਈ ਤਿਆਰ ਹਾਂ?
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)