ਇਮਰਾਨ ਖ਼ਾਨ : ਐੱਨਏਬੀ ਕਿਹੜੀ ਏਜੰਸੀ ਹੈ, ਜਿਸ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਅਦਾਲਤ ਵਿੱਚੋਂ ਚੁੱਕ ਲਿਆ

Wednesday, May 10, 2023 - 01:03 PM (IST)

ਇਮਰਾਨ ਖ਼ਾਨ : ਐੱਨਏਬੀ ਕਿਹੜੀ ਏਜੰਸੀ ਹੈ, ਜਿਸ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਅਦਾਲਤ ਵਿੱਚੋਂ ਚੁੱਕ ਲਿਆ
ਪਾਕਿਸਤਾਨ
Reuters
ਇਰਮਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੋਸ ਮੁਜ਼ਹਾਰੇ ਹੋ ਰਹੇ ਹਨ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਲਕ ਵਿੱਚ ਮਾਹੌਲ ਤਣਾਅ ਵਾਲੇ ਹਨ।

ਇਮਰਾਨ ਖਾਨ ਨੂੰ ਅਲ-ਕਾਦਰ ਟਰੱਸਟ ਮਾਮਲੇ ਵਿੱਚ ਨੈਸ਼ਨਲ ਅਕਾਊਟੇਬਿਲਟੀ ਬਿਊਰੋ ਨੇ ਇਸਲਾਮਾਬਾਦ ਅਦਾਲਤੀ ਕੰਪਲੈਕਸ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਸੀ।

ਇਮਰਾਨ ਖਾਨ ਕਿਸੇ ਹੋਰ ਕੇਸ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਏ ਸਨ, ਜਿਸ ਵੇਲੇ ਉਹ ਅਦਾਲਤੀ ਕੰਪਲੈਕਸ ਵਿੱਚ ਬਾਇਓਮੀਟ੍ਰਿਕ ਕਰਵਾ ਰਹੇ ਹਨ, ਉਦੋਂ ਪਾਕਿਸਤਾਨ ਰੇਂਜ਼ਰਜ਼ ਨੇ ਮੰਗਲਵਾਲ ਬਾਅਦ ਦੁਪਹਿਰ ਉਨ੍ਹਾਂ ਨੂੰ ਇਸ ਦਫ਼ਤਰ ਦੇ ਸ਼ੀਸ਼ੇ ਅਤੇ ਦਰਵਾਜੇ ਭੰਨ ਕੇ ਚੁੱਕ ਲਿਆ।

ਇਸ ਗ੍ਰਿਫ਼ਤਾਰੀ ਤੋਂ ਬਾਅਦ ਪੂਰੇ ਮੁਲਕ ਖਾਸਕਰ ਲਾਹੌਰ ਵਿੱਚ ਹਿੰਸਕ ਮੁਜਾਹਰੇ ਹੋ ਰਹੇ ਹਨ। ਹੁਣ ਤੱਕ ਇਨ੍ਹਾਂ ਮੁਜ਼ਾਹਰਿਆਂ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪਾਕਿਸਾਤਨ ਰੇਜ਼ਰਜ਼
EPA
ਇਰਮਾਨ ਖਾਨ ਦੀ ਗ੍ਰਿਫਤਾਰੀ ਕਾਦਰ ਟਰੱਸਟ ਕੇਸ ਵਿੱਚ ਹੋਈ ਹੈ

ਆਓ 10 ਨੁਕਤਿਆਂ ਰਾਹੀ ਸਮਝੀਏ ਮੁਲਕ ਦੇ ਤਾਜਾ ਹਾਲਾਤ ਕੀ ਹਨ

ਇਮਰਾਨ ਖ਼ਾਨ ਕਿੱਥੇ ਹਨ

  • ਪਾਕਿਸਤਾਨ ਦੀ ਕੇਂਦਰੀ ਸਰਕਾਰ ਨੇ ਇਸਲਾਮਾਬਾਦ ਪੁਲਿਸ ਲਾਇਨ ਮੁੱਖ ਦਫ਼ਤਰ ਨੂੰ ਸਬ ਜੇਲ੍ਹ ਐਲਾਨ ਕੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬੀਤੀ ਰਾਤ ਇੱਥੇ ਪਹੁੰਚਾ ਦਿੱਤਾ ਸੀ।
  • ਇਮਰਾਨ ਖਾਨ ਦੀ ਪਾਰਟੀ ਤਹਰੀਕ-ਏ-ਇਨਸਾਫ਼ ਵਲੋਂ ਸਾਂਝਾ ਕੀਤੇ ਗਏ ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਇਸੇ ਪੁਲਿਸ ਲਾਇਨ ਦੇ ਗੈਸਟ ਹਾਊਸ ਨੂੰ ਅਕਾਊਟੇਬਿਲਟੀ ਕੋਰਟ (ਐੱਨਏਸੀ) ਵਿੱਚ ਬਦਲ ਦਿੱਤਾ ਗਿਆ ਹੈ।
  • ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਮੁਤਾਬਕ ਨੈਸ਼ਨਲ ਅਕਾਊਟੇਬਿਲਟੀ ਬਿਊਰੋ (ਐੱਨਏਬੀ) ਇਮਰਾਨ ਖਾਨ ਨੂੰ ਇੱਥੇ ਹੀ ਪੇਸ਼ ਕਰਕੇ 14 ਦਿਨਾਂ ਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ ਕਰੇਗੀ।
  • ਇਸ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ, ਜਿੱਥੇ ਪੇਸ਼ੀ ਦੌਰਾਨ ਇਮਰਾਨ ਖਾਨ ਨੂੰ ਪਾਕਿਸਤਾਨੀ ਰੇਜ਼ਰਜ਼ ਨੇ ਚੁੱਕਿਆ ਸੀ, ਨੇ ਇਸ ਗ੍ਰਿਫ਼ਤਾਰੀ ਨੂੰ ਕਾਨੂੰਨੀ ਤੌਰ ਉੱਤੇ ਜਾਇਜ਼ ਠਹਿਰਾਇਆ ਹੈ। ਹਾਈ ਕੋਰਟ ਦੇ ਇਸ ਫੈਸਲੇ ਨੂੰ ਪੀਟੀਆਈ ਦੇ ਆਗੂ ਅਤੇ ਸਾਬਕਾ ਮੰਤਰੀ ਫੱਵਾਦ ਚੌਧਰੀ ਨੇ ਹੈਰਾਨੀਜਨਕ ਦੱਸਿਆ ਹੈ। ਪਾਰਟੀ ਨੇ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੀ ਗੱਲ ਕਹੀ ਹੈ।
ਲਾਹੌਰ
BBC
ਲਾਹੌਰ ਵਿੱਚ ਔਡੀ ਦੀ ਏਜੰਸੀ ਨੂੰ ਅੱਗ ਲਾ ਕੇ ਫੂਕ ਦਿੱਤਾ ਗਿਆ

ਪਾਕਿਸਤਾਨ ਦੇ ਕੀ ਹਾਲਾਤ

  • ਉੱਧਰ ਦੇਰ ਰਾਤ ਲਾਹੌਰ ਸਣੇ ਕਈ ਥਾਵਾਂ ਉੱਤੇ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਖਿਲਾਫ਼ ਹਿੰਸਕ ਮੁਜ਼ਾਹਰੇ ਜਾਰੀ ਸਨ, ਪੀਟੀਆਈ ਕਾਰਕੁਨਾਂ ਨੇ ਲਿਬਰਟੀ ਵਿੱਚ ਅਸਕਰੀ ਟਾਵਰ ਨੂੰ ਅੱਗ ਲਗਾ ਦਿੱਤੀ। ਇਸ ਇਮਾਰਤ ਵਿੱਚ ਔਡੀ ਗੱਡੀਆਂ ਦੀ ਏਜੰਸੀ ਸੀ, ਭੜਕੇ ਲੋਕਾਂ ਨੇ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਨਾਲ -ਨਾਲ ਲਾਹੌਰ ਵਿੱਚ ਮੁਸਲਿਮ ਲੀਗ ਐੱਨ( ਸ਼ਰੀਫ਼ ਭਰਾਵਾਂ ਦੀ ਪਾਰਟੀ) ਦੇ ਪਾਰਟੀ ਦਫ਼ਤਰ ਦੀ ਵੀ ਭੰਨਤੋੜ ਕੀਤੀ ਗਈ ਹੈ।
  • ਪੀਟੀਆਈ ਵਰਕਰਾਂ ਨੇ ਸਵਾਤ ਚਾਕਦਾ ਮੋਟਰਵੇਅ ਉੱਤੇ ਟੋਲ ਪਲਾਜਾ ਨੂੰ ਫੂਕ ਸੁੱਟਿਆ।
  • ਪੀਟੀਆਈ ਦੇ ਲੀਡਰਸ਼ਿਪ ਨੇ ਇੱਕ ਐਮਰਜੈਂਸੀ ਬੈਠਕ ਬੁਲਾ ਕੇ ਆਪਣੇ ਚੇਅਰਮੈਨ ਦੀ ਗ੍ਰਿਫ਼ਤਾਰੀ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ ਅਤੇ ਇਸ ਖਿਲਾਫ਼ ਨਿੰਦਾ ਮਤਾ ਪਾਸ ਕੀਤਾ ਹੈ। ਪਾਰਟੀ ਨੇ ਐਲਾਨ ਕੀਤਾ ਹੈ ਕਿ ਇਮਰਾਨ ਖਾਨ ਦੀ ਰਿਹਾਈ ਤੱਕ ‘‘ਸ਼ਾਂਤਮਈ’’ ਰੋਸ ਮੁਜਾਹਰੇ ਜਾਰੀ ਰਹਿਣਗੇ। ਵਰਕਰਾਂ ਨੂੰ ਇਸਲਾਮਾਬਾਦ ਕੋਰਟ ਅੱਗੇ ਇਕੱਠੇ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ।
  • ਸੁਰੱਖਿਆ ਦੇ ਹਰ ਪਾਸੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ , ਦੇਸ ਭਰ ਵਿੱਚ ਮੋਬਾਈਲ ਬਰੌਡਬੈਂਡ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਕੁਝ ਹੱਦ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਵੱਖ ਵੱਖ ਸ਼ਹਿਰਾਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
  • ਸਕੂਲ ਅਤੇ ਕਾਲਜ ਪੱਧਰ ਦੇ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ, ਆਈਲੈੱਟਸ ਦੀ ਪ੍ਰੀਖਿਆ ਵੀ ਮੁਲਤਵੀ ਕੀਤੀ ਗਈ ਹੈ।
  • ਸਰਕਾਰ ਨੇ ਹਿੰਸਕ ਮੁਜਾਹਰਿਆਂ ਵਿੱਚ ਸਾਮਲ ਲੋਕਾਂ ਖਿਲਾਫ਼ ਸਖ਼ਤੀ ਨਾਲ ਨਜਿੱਠਣ ਦੀ ਗੱਲ ਰਹੀ ਹੈ।
ਲਾਹੌਰ
EPA
ਹਿੰਸਾ ਕਾਰਨ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਹਨ

60 ਅਰਬ ਪਾਕ ਰੁਪਏ ਦਾ ‘ਗਬਨ’ ਕੀ ਹੈ

9 ਮਈ ਨੂੰ ਇਮਰਾਨ ਖ਼ਾਨ ਦੀ ਗ੍ਰਿਫਤਾਰੀ ਅਲ-ਕਾਦਿਰ ਟਰੱਸਟ ਕੇਸ ਵਿੱਚ ਹੋਈ। ਜਿਸ ਮਗਰੋਂ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਕਾਫੀ ਹਿੰਸਾ ਵੀ ਹੋ ਰਹੀ ਹੈ।

ਅਲ-ਕਾਦਿਰ ਟਰੱਸਟ ਕੇਸ ਦੀ ਕਹਾਣੀ ਸ਼ੁਰੂ ਹੁੰਦੀ ਹੈ, ਦਸੰਬਰ 2019 ’ਚ, ਜਦੋਂ ਯੂਕੇ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਵੱਡੇ ਜਾਇਦਾਦ ਕਾਰੋਬਾਰੀ ਮਲਿਕ ਰਿਆਜ਼ ਤੋਂ 190 ਮਿਲੀਅਨ ਪਾਉਂਡ ਦੀ ਰਕਮ ਜ਼ਬਤ ਕੀਤੀ।

ਇਹ ਰਕਮ ਤਕਰੀਬਨ 60 ਅਰਬ ਪਾਕਿਸਤਾਨੀ ਰੁਪਏ ਦੀ ਬਣਦੀ ਹੈ। ਉਨ੍ਹਾਂ ਨੇ ਇਹ ਰਕਮ ਪਾਕਿਸਤਾਨ ਹਕੂਮਤ ਦੇ ਅਕਾਊਂਟ ’ਚ ਭੇਜੀ।

ਉਸ ਵੇਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਨ ਅਤੇ ਮਲਿਕ ਰਿਆਜ਼ ਨੂੰ ਬਹਰਿਆ ਟਾਊਨ ਕਰਾਚੀ ਮਾਮਲੇ ’ਚ 460 ਰੁਪਏ ਅਰਬ ਜੁਰਮਾਨਾ ਲਗਾਇਆ ਗਿਆ ਸੀ।

ਇਮਰਾਨ ਖ਼ਾਨ ਦੀ ਹਕੂਮਤ ’ਤੇ ਇਲਜ਼ਾਮ ਇਹ ਹਨ ਕਿ ਉਨ੍ਹਾਂ ਨੇ ਯੂਕੇ ਤੋਂ ਮਿਲਣ ਵਾਲੇ 50 ਅਰਬ ਰੁਪਏ ਨੂੰ ਕੌਮੀ ਖਜ਼ਾਨੇ ’ਚ ਜਮਾ ਨਹੀਂ ਕਰਵਾਇਆ ਬਲਕਿ ਉਨ੍ਹਾਂ ਨੇ ਇਨ੍ਹਾਂ ਪੈਸਿਆਂ ਨੂੰ ਉਸ ਜੁਰਮਾਨੇ ’ਚ ਅਡਜਸਟ ਕਰ ਦਿੱਤਾ, ਜੋ ਕਿ ਮਲਿਕ ਰਿਆਜ਼ ਨੇ ਅਦਾ ਕਰਨੇ ਸੀ।

ਇਲਜ਼ਾਮ ਹਨ ਕਿ ਇਸ ਦੇ ਬਦਲੇ ’ਚ ਵੱਡੇ ਜਾਇਦਾਦ ਕਾਰੋਬਾਰੀ ਨੇ ਜੇਹਲਮ ਦੇ ਕਰੀਬ 450 ਕਨਾਲ ਤੋਂ ਜ਼ਿਆਦਾ ਜ਼ਮੀਨ ਅਲ-ਕਾਦਿਰ ਯੂਨਿਵਰਸਿਟੀ ਟਰੱਸਟ ਦੇ ਨਾਮ ਕਰ ਦਿੱਤੀ, ਜਿਸ ਦੇ ਦੋ ਟਰੱਸਟੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਵੀ ਸਨ।

ਇਮਰਾਨ ਖਾਨ ਕੇਸ
BBC
ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਵੀ ਅਲ ਕਾਦਿਰ ਟਰੱਸਟ ਦੀ ਮੈਂਬਰ ਹੈ

ਇਮਰਾਨ ਦੀ ਗ੍ਰਿਫ਼ਤਾਰੀ ''''ਨੈਬ'''' ਨੇ ਕੀਤੀ

ਭ੍ਰਿਸ਼ਟਾਚਾਰ ਖਿਲਾਫ ਕੰਮ ਕਰਨ ਵਾਲੀ ਪਾਕਿਸਤਾਨ ਦੀ ਨੈਸ਼ਨਲ ਅਕਾਊਟੇਬਿਲਟੀ ਬਿਊਰੋ (ਨੈਬ) ਨੇ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੇ ਖਿਲਾਫ ਅਲ ਕਾਦਿਲ ਯੂਨੀਵਰਸਿਟੀ ਟਰਸਟ ਦੇ ਨਾਂ ਉੱਤੇ ਵੱਡੇ ਜਾਇਦਾਦ ਕਾਰੋਬਾਰੀ ਤੋਂ ਸੈਂਕੜੇ ਕਨਾਲ ਜ਼ਮੀਨ ਲੈਣ ਤੋਂ ਸੰਬਧਿਤ ਪੁੱਛਗਿੱਛ ਨੂੰ ਜਾਂਚ ਵਿੱਚ ਬਦਲ ਦਿੱਤਾ ਹੈ।

ਨੈਸ਼ਨਲ ਅਕਾਊਟਿਬਿਲਟੀ ਬਿਊਰੋ ਪਾਕਿਸਤਾਨ ਦੀ ਇੱਕ ਖੁਦਮੁਖਿਤਾਰ ਕੇਂਦਰੀ ਏਜੰਸੀ ਹੈ, ਜਿਸ ਦਾ ਮੁੱਖ ਕੰਮ ਭ੍ਰਿਸ਼ਟਾਚਾਰ ਅਤੇ ਆਰਥਿਕ ਘੋਟਾਲਿਆ ਅਤੇ ਅਪਰਾਧਾਂ ਦੀ ਜਾਂਚ ਕਰਨਾ ਅਤੇ ਉਨ੍ਹਾਂ ਵਿੱਚ ਸ਼ਾਮਲ ਵਿਅਕਤੀਆਂ ਤੇ ਸੰਸਥਵਾਂ ਖਿਲਾਫ਼ ਕਾਰਵਾਈ ਕਰਨਾ ਹੈ।

ਇਹ ਇੱਕ ਸੰਵਿਧਾਨਕ ਅਦਾਰਾ ਹੈ, ਜਿਸ ਦਾ ਗਠਨ 1999 ਵਿੱਚ ਕੀਤਾ ਗਿਆ ਸੀ। ਇਸ ਦਾ ਮੁੱਖ ਦਫ਼ਤਰ ਇਸਲਾਮਾਬਾਦ ਵਿੱਚ ਹੈ ਅਤੇ ਪੂਰਾ ਮੁਲਕ ਇਸ ਦੇ ਅਧਿਕਾਰ ਖੇਤਰ ਹੇਠ ਆਉਂਦਾ ਹੈ।

ਪੁੱਛਗਿੱਛ ਨੂੰ ਜਾਂਚ ਵਿੱਚ ਬਦਲਣ ਦਾ ਕੀ ਮਤਲਬ ਹੈ?

ਨੈਬ ਦੇ ਅਧਿਕਾਰੀ ਮੁਤਾਬਕ ਜਦੋਂ ਮਾਮਲਾ ਜਾਂਚ ਦੇ ਪੱਧਰ ਤੱਕ ਪਹੁੰਚ ਜਾਂਦਾ ਹੈ ਤਾਂ ਮੁਲਜ਼ਮ ਤੋਂ ਪੁੱਛਗਿੱਛ ਵੀ ਕੀਤੀ ਜਾਂਦੀ ਹੈ ਤੇ ਲੋੜ ਪੈਣ ਉੱਤੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ।

ਉੱਥੇ ਹੀ ਇਮਰਾਨ ਖਾਨ ਦੇ ਵਕੀਲ ਬੈਰਿਸਟਰ ਗੌਹਰ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲਗਿਆ ਕਿ ਅਲਵ ਕਾਦਿਰ ਟਰਸਟ ਮਾਮਲੇ ਵਿੱਚ ਪੁੱਛਗਿੱਛ ਨੂੰ ਜਾਂਚ ਵਿੱਚ ਬਦਲ ਦਿੱਤਾ ਹੈ ਤਾਂ ਉਨ੍ਹਾਂ ਨੇ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਸੀ।

ਇਸ ਅਰਜ਼ੀ ਵਿੱਚ ਨੈਬ ਨੂੰ ਇਮਰਾਨ ਨੂੰ ਗ੍ਰਿਫ਼ਤਾਰ ਕਰਨ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ।

ਨੈਬ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਮਰਾਨ ਖਾਨ ਨੰ ਨੋਟਿਸ ਦਿੱਤਾ ਗਿਆ ਸੀ ਜਿਸ ਦਾ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ।



Related News