ਸਰਕਾਰ ਅੱਗੇ ਭਲਵਾਨਾਂ ਦੇ ਡਟਨ ਦੇ ਮਾਅਨੇ: ''''ਅੱਖਾਂ ''''ਚ ਹੰਝੂ ਤੇ ਥਕਾਨ ਹੈ, ਪਰ ਡਰ ਨਹੀਂ''''
Tuesday, May 09, 2023 - 08:18 PM (IST)
ਐਤਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ਦਾ ਨਜ਼ਾਰਾ, ਹਜ਼ਾਰਾਂ ਕਿਸਾਨ ਧਰਨੇ ਉੱਤੇ ਬੈਠੇ ਭਲਵਾਨਾਂ ਦੇ ਸਮਰਥਨ ਵਿੱਚ ਪਹੁੰਚੇ।
ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਇਹ ਇੱਕ ਅਸਾਧਾਰਨ ਘਟਨਾ ਹੈ।
ਸਾਡੇ ਚੇਤੇ ਵਿੱਚ ਇਸ ਤੋਂ ਪਹਿਲਾਂ ਕਦੇ ਵੀ ਮਸ਼ਹੂਰ ਐਥਲੀਟਾਂ ਦਾ ਕੋਈ ਸਮੂਹ ਆਪਣੇ ਉੱਚ ਅਧਿਕਾਰੀਆਂ ਦੇ ਵਿਵਹਾਰ ਦਾ ਵਿਰੋਧ ਕਰਨ ਲਈ ਸੜਕਾਂ ''''ਤੇ ਨਹੀਂ ਆਇਆ ਹੈ।
ਭਾਰਤ ਦੇ ਐਥਲੀਟ, ਭਾਵੇਂ ਉਹ ਸਮਾਜ ਦੇ ਕਿਸੇ ਵੀ ਵਰਗ ਦੇ ਹੋਣ, ਆਮ ਤੌਰ ''''ਤੇ ਅਧਿਕਾਰੀਆਂ ਅੱਗੇ ਝੁਕਣ ਦਾ ਸੁਭਾਅ ਰੱਖਦੇ ਹਨ।
ਕਿਸੇ ਵੀ ਤਰ੍ਹਾਂ ਦਾ ਵਿਰੋਧ ਜਾਂ ਤਾਂ ਦਫ਼ਤਰੀ ਗੱਲਬਾਤ ਜਾਂ ਪ੍ਰੈਸ ਕਾਨਫਰੰਸਾਂ ਜਾਂ ਮੀਡੀਆ ਵਿੱਚ ਖ਼ਬਰਾਂ ਲੀਕ ਕਰਨ ਤੱਕ ਸੀਮਤ ਰਹਿੰਦਾ ਰਿਹਾ ਹੈ।
ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਛੇ ਵਾਰ ਦੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਹੀ ਨਹੀਂ ਸਗੋਂ ਸਮੁੱਚੀ ਸਰਕਾਰ ਅਤੇ ਭਾਜਪਾ ਨੂੰ ਖੁੱਲ੍ਹੇਆਮ ਅਤੇ ਲਗਾਤਾਰ ਚੁਣੌਤੀ ਦੇਣਾ ਬਹੁਤ ਹੀ ਦਲੇਰੀ ਭਰਿਆ ਕੰਮ ਹੈ।
ਖੇਡਾਂ ਦੇ ਮਾਮਲੇ ਵਿੱਚ ਭਾਰਤ ਵਿੱਚ ਰਾਜਸੀ ਸ਼ਕਤੀ ਦੀ ਇੱਕ ਹੀ ਦਿਸ਼ਾ ਹੈ।
ਸਿਆਸਤਦਾਨ ਆਪਣੇ ਸਾਮਰਾਜ ਅਤੇ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਖੇਡਾਂ ਦੀ ਵਰਤੋਂ ਕਰਦੇ ਹਨ ਅਤੇ ਬਦਲੇ ਵਿੱਚ ਉਨ੍ਹਾਂ ਨੂੰ ਇੱਕ ਫਾਇਦਾ ਮਿਲਦਾ ਹੈ ਕਿ ਉਹ ਆਪਣੇ ਪੱਖ਼ ਵਿੱਚ ਈਕੋਸਿਸਟਮ ਬਣਾ ਲੈਂਦੇ ਹਨ, ਜੋ ਉਨ੍ਹਾਂ ਪ੍ਰਤੀ ਵਫ਼ਾਦਾਰ ਅਤੇ ਉਦਾਰ ਹੁੰਦਾ ਹੈ।
ਪਰਦੇ ਦੇ ਪਿੱਛੇ ਦੀਆਂ ਗੱਲਾਂ ਸਾਹਮਣੇ ਆਉਣ ਲੱਗੀਆਂ ਹਨ
ਭਲਵਾਨਾਂ ਦਾ ਇਹ ਪਹਿਲਾ ਵਿਰੋਧ ਹੈ, ਜਦੋਂ ਅਥਲੀਟਾਂ ਨੇ ਸਿਸਟਮ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਹੈ।
ਆਪਣੀ ਖੇਡ ਵਿੱਚ ਸਭ ਤੋਂ ਤਾਕਤਵਰ ਸਿਆਸਤਦਾਨ ''''ਤੇ ਇਲਜ਼ਾਮ ਲਾ ਕੇ, ਉਹ ਦੇਸ਼ ਦੇ ਸਭ ਤੋਂ ਤਾਕਤਵਰ ਸਿਆਸਤਦਾਨ ਨੂੰ ਆਪਣੇ ਵਾਅਦਿਆਂ ''''ਤੇ ਕਾਇਮ ਰਹਿਣ ਦੀ ਅਪੀਲ ਕਰ ਰਹੇ ਹਨ।
ਦੂਜਾ ਯਤਨ ਐਤਵਾਰ ਨੂੰ ਦੇਖਣ ਨੂੰ ਮਿਲਿਆ, ਜਦੋਂ ਕਿਸਾਨ ਅੰਦੋਲਨ ਦੀ ਸਫਲਤਾਪੂਰਵਕ ਅਗਵਾਈ ਕਰਨ ਦਾ ਤਜਰਬਾ ਰੱਖਣ ਵਾਲੇ ਹਜ਼ਾਰਾਂ ਲੋਕ ਭਲਵਾਨਾਂ ਦੇ ਸਮਰਥਨ ਵਿੱਚ ਆ ਖੜ੍ਹੇ ਹੋ ਗਏ।
ਖੇਡਾਂ ਵਿੱਚ ਸਿਆਸਤ ਨੂੰ ਲੈ ਕੇ ਜੋ ਗੱਲਾਂ ਆਮ ਤੌਰ ''''ਤੇ ਪਰਦੇ ਪਿੱਛੇ ਹੁੰਦੀਆਂ ਹਨ, ਉਹ ਹੁਣ ਖੁੱਲ੍ਹ ਕੇ ਹੋ ਰਹੀਆਂ ਹਨ।
ਹਾਈ ਪ੍ਰੋਫਾਈਲ ਐਥਲੀਟਾਂ ਵਿੱਚ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ''''ਚ ਤਗਮੇ ਜਿੱਤਣ ਵਾਲੇ ਖਿਡਾਰੀ ਸ਼ਾਮਲ ਹਨ।
ਉਨ੍ਹਾਂ ਨੇ ਸਾਨੂੰ ਭਾਰਤੀ ਕੁਸ਼ਤੀ ਦੇ ਹਰ ਪਹਿਲੂ ਨੂੰ ਦੇਖਣ ਦਾ ਮੌਕਾ ਦਿੱਤਾ ਹੈ ਅਤੇ ਖੇਡਾਂ ਦੇ ਪ੍ਰਸ਼ਾਸਨ ਵਿਚਲੀਆਂ ਕਮੀਆਂ ਨੂੰ ਵੱਡੇ ਪੱਧਰ ''''ਤੇ ਉਜਾਗਰ ਕਰਨ ਦਾ ਮੌਕਾ ਦਿੱਤਾ ਹੈ।
ਭਲਵਾਨਾਂ ਨੇ ਜਨਵਰੀ ਵਿੱਚ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਖੇਡ ਸੰਸਥਾ ਦੇ ਅੰਦਰ ਕੋਈ ਰਸਤਾ ਨਹੀਂ ਬਚਿਆ ਸੀ।
ਫੈਡਰੇਸ਼ਨਾਂ ਦਾ ਕੀ ਹਾਲ ਹੈ
ਅਗਸਤ 2010 ਵਿੱਚ, ਰਾਸ਼ਟਰੀ ਖੇਡ ਵਿਕਾਸ ਕੋਡ (ਜ਼ਾਬਤੇ) ਦੇ ਤਹਿਤ ਖੇਡ ਫੈਡਰੇਸ਼ਨਾਂ ਦੇ ਕੰਮਕਾਜ ਲਈ ਢਾਂਚਾ ਤਿਆਰ ਕੀਤਾ ਗਿਆ ਸੀ।
ਇਸ ਵਿੱਚ ਕਿਹਾ ਗਿਆ ਸੀ ਕਿ ਹਰ ਖੇਡ ਸੰਸਥਾ ਵਿੱਚ ਖਿਡਾਰੀਆਂ ਦੇ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਕਦਮ ਚੁੱਕਣੇ ਪੈਣਗੇ।
ਕੋਡ ਵਿੱਚ ਕਿਹਾ ਗਿਆ ਹੈ ਕਿ ਖੇਡ ਫੈਡਰੇਸ਼ਨਾਂ ਵਿੱਚ ਇੱਕ ਸ਼ਿਕਾਇਤ ਕਮੇਟੀ ਦਾ ਗਠਨ ਕਰਨਾ ਹੋਵੇਗਾ ਅਤੇ ਇਸ ਦੀ ਪ੍ਰਧਾਨ ਇੱਕ ਮਹਿਲਾ ਹੋਵੇਗੀ।
ਇਸ ਕਮੇਟੀ ਵਿੱਚ ਘੱਟੋ-ਘੱਟ 50 ਫੀਸਦੀ ਔਰਤਾਂ ਦਾ ਹੋਣਾ ਜ਼ਰੂਰੀ ਹੈ।
ਨਾਲ ਹੀ ਇੱਕ ਸੁਤੰਤਰ ਮੈਂਬਰ ਦਾ ਵੀ ਪ੍ਰਬੰਧ ਹੋਵੇ, ਜੋ ਕਿਸੇ ਐਨਜੀਓ ਜਾਂ "ਜਿਨਸੀ ਸ਼ੋਸ਼ਣ ਨੂੰ ਸਮਝਣ ਵਾਲੀ" ਸੰਸਥਾ ਤੋਂ ਹੋਵੇ।
ਭਾਰਤੀ ਕੁਸ਼ਤੀ ਫੈਡਰੇਸ਼ਨ ਵਿੱਚ ਜਿਨਸੀ ਸ਼ੋਸ਼ਣ ਨਾਲ ਸਬੰਧਤ ਮਾਮਲਿਆਂ ਨਾਲ ਨਜਿੱਠਣ ਵਾਲੀ ਕਮੇਟੀ ਵਿੱਚ ਪੰਜ ਲੋਕ ਸ਼ਾਮਲ ਹਨ ਅਤੇ ਇਸ ਦੀ ਅਗਵਾਈ ਇੱਕ ਪੁਰਸ਼ ਸਕੱਤਰ ਵੀਐਨ ਪ੍ਰਸੂਦ ਕਰਦੇ ਹਨ।
ਇਸ ਕਮੇਟੀ ਵਿੱਚ ਸਾਕਸ਼ੀ ਮਲਿਕ ਇਕਲੌਤੀ ਮਹਿਲਾ ਹਨ। ਇਸ ਤੋਂ ਇਲਾਵਾ ਕਮੇਟੀ ਦੇ ਤਿੰਨ ਸੰਯੁਕਤ ਸਕੱਤਰ ਅਤੇ ਦੋ ਕਾਰਜਕਾਰਨੀ ਮੈਂਬਰ ਹਨ।
ਫੈਡਰੇਸ਼ਨ ਵਿੱਚ ਇੱਕ ਸ਼ਿਕਾਇਤ ਨਿਵਾਰਨ ਕਮੇਟੀ ਵੀ ਹੈ, ਜਿਸਦਾ ਕੰਮ ਪ੍ਰਸ਼ਾਸਨਿਕ ਕੁਪ੍ਰਬੰਧਾਂ ਨਾਲ ਸਬੰਧਤ ਮਾਮਲਿਆਂ ਨੂੰ ਦੇਖਣਾ ਹੈ।
ਇਸ ਦੇ ਚਾਰ ਮੈਂਬਰ ਹਨ- ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ, ਇਸ ਦੇ ਖਜ਼ਾਨਚੀ, ਇੱਕ ਸੰਯੁਕਤ ਸਕੱਤਰ ਅਤੇ ਇੱਕ ਕਾਰਜਕਾਰਨੀ ਮੈਂਬਰ।
ਕੀ ਹੈ ਮਾਮਲਾ?
- ਭਾਰਤੀ ਕੁਸ਼ਤੀ ਦੇ ਕਈ ਨਾਮੀ ਭਲਵਾਨਾਂ ਨੇ ਰੈਸਲਿੰਗ ਫ਼ੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ ਸ਼ਰਨ ਸਿੰਘ ’ਤੇ ਜਿਣਸੀ ਸ਼ੋਸ਼ਣ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ।
- ਭਲਵਾਨਾਂ ਦਾ ਇਲਜ਼ਾਮ ਸੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਕੁਸ਼ਤੀ ਫ਼ੈਡਰੇਸ਼ਨ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਂਦੇ ਹਨ ਜਿਸ ਸਦਕਾ ਖਿਡਾਰੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
- ਖਿਡਾਰੀਆਂ ਨੇ ਕਿਹਾ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਕਰਦੇ ਹਨ ਅਤੇ ਪਰੇਸ਼ਾਨ ਕਰਦੇ ਹਨ।
- ਉਨ੍ਹਾਂ ਦੀ ਮੰਗ ਹੈ ਕੀ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਫੈਡਰੇਸ਼ਨ ਦੇ ਸਾਰੇ ਮੈਂਬਰਾਂ ਨੂੰ ਬਦਲਿਆ ਜਾਵੇ।
- ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਹੈ ਕਿ ਕਿਸੇ ਵੀ ਐਥਲੀਟ ਦਾ ਜਿਨਸੀ ਸ਼ੋਸ਼ਣ ਨਹੀਂ ਹੋਇਆ ਹੈ।
ਕੀ ਇਸ ਤਰ੍ਹਾਂ ਸੁਣੀ ਜਾਵੇਗੀ ਸ਼ਿਕਾਇਤ?
ਅਜਿਹੀ ਸਥਿਤੀ ਵਿੱਚ ਕੋਈ ਭਲਵਾਨ ਕਿਵੇਂ ਪ੍ਰਧਾਨ ਜਾਂ ਇਨ੍ਹਾਂ ਕਮੇਟੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਦੇ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਜਾਂ ਨਿਰਪੱਖ ਕਾਰਵਾਈ ਦੀ ਉਮੀਦ ਕਰ ਸਕਦਾ ਹੈ।
ਦੋਵਾਂ ਕਮੇਟੀਆਂ ਵਿੱਚ ਕੋਈ ਵੀ ਸੁਤੰਤਰ ਮੈਂਬਰ ਨਹੀਂ ਹੈ।
ਇਸੇ ਕਾਰਨ ਰੈਸਲਿੰਗ ਫੈਡਰੇਸ਼ਨ ਦੀ ਸ਼ਿਕਾਇਤ ਕਮੇਟੀ ਕਟਹਿਰੇ ਵਿੱਚ ਹੈ। ਇਹ ਇਸ ਗੱਲ ਦਾ ਸੰਕੇਤ ਵੀ ਹੈ ਕਿ ਜ਼ਿਆਦਾਤਰ ਖੇਡ ਫੈਡਰੇਸ਼ਨਾਂ ਦੀ ਹਾਲਤ ਕੀ ਹੋਵੇਗੀ।
ਹਾਲ ਹੀ ਵਿੱਚ ਇੰਡੀਅਨ ਐਕਸਪ੍ਰੈਸ ਨੇ ਆਪਣੀ ਇੱਕ ਰਿਪੋਰਟ ਵਿੱਚ ਦੱਸਿਆ ਕਿ ਉਨ੍ਹਾਂ ਨੇ 30 ਖੇਡ ਫੈਡਰੇਸ਼ਨਾਂ ਦੀ ਜਾਂਚ ਕੀਤੀ ਅਤੇ ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਖੇਡ ਫੈਡਰੇਸ਼ਨਾਂ ਵਿੱਚ ਕੋਈ ਸ਼ਿਕਾਇਤ ਕਮੇਟੀ ਨਹੀਂ ਹੈ ਜਾਂ ਨਿਯਮਾਂ ਅਨੁਸਾਰ ਨਹੀਂ ਬਣਾਈ ਗਈ ਹੈ।
ਇਨ੍ਹਾਂ ਵਿੱਚ ਕੁਸ਼ਤੀ ਦੇ ਨਾਲ-ਨਾਲ ਤੀਰਅੰਦਾਜ਼ੀ, ਬੈਡਮਿੰਟਨ, ਬਾਸਕੇਟਬਾਲ, ਬਿਲੀਅਰਡਜ਼ ਅਤੇ ਸਨੂਕਰ, ਜਿਮਨਾਸਟਿਕ, ਹੈਂਡਬਾਲ, ਜੂਡੋ, ਕਬੱਡੀ, ਕਾਇਆਕਿੰਗ-ਕੈਨੋਇੰਗ, ਟੇਬਲ ਟੈਨਿਸ, ਟ੍ਰਾਈਥਲਾਨ, ਵਾਲੀਬਾਲ, ਨੌਕਾਯਾਨ ਅਤੇ ਵੇਟਲਿਫਟਿੰਗ ਸ਼ਾਮਲ ਹਨ।
ਜਿਨ੍ਹਾਂ ਖੇਡਾਂ ਲਈ ਸਹੀ ਢੰਗ ਨਾਲ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਉਨ੍ਹਾਂ ਵਿੱਚ ਐਥਲੈਟਿਕਸ, ਬਾਕਸਿੰਗ, ਸਾਈਕਲਿੰਗ, ਘੋੜ ਸਵਾਰੀ, ਤਲਵਾਰਬਾਜ਼ੀ, ਫੁੱਟਬਾਲ, ਗੋਲਫ, ਹਾਕੀ, ਰੋਇੰਗ, ਸ਼ੂਟਿੰਗ, ਤੈਰਾਕੀ, ਟੈਨਿਸ ਅਤੇ ਵੁਸ਼ੂ ਸ਼ਾਮਲ ਹਨ।
ਖਿਡਾਰੀ ਕਿੱਥੇ ਜਾਣ?
ਅਖ਼ਬਾਰ ਅਨੁਸਾਰ, 13 ਫੈਂਡਰੇਸ਼ਨਾਂ ਵਿੱਚ ਸਹੀ ਢੰਗ ਨਾਲ ਕਮੇਟੀਆਂ ਬਣਾਈਆਂ ਗਈਆਂ ਸਨ ਅਤੇ 16 ਵਿੱਚ ਨਹੀਂ ਹਨ। ਬਾਲਿੰਗ ਸੰਘ ਤੋਂ ਜਾਣਕਾਰੀ ਨਹੀਂ ਮਿਲੀ।
ਸ਼ਿਕਾਇਤ ਕਮੇਟੀ ਦੀ ਹੋਂਦ ਕਿਸੇ ਵੀ ਫੈਂਡਰੇਸ਼ਨ ਦੇ ਪ੍ਰਭਾਵਸ਼ਾਲੀ ਅਤੇ ਪੇਸ਼ੇਵਰ ਪ੍ਰਬੰਧਨ ਨੂੰ ਨਹੀਂ ਦਰਸਾਉਂਦੀ ਹੈ।
ਇਹ ਆਪਣੇ ਐਥਲੀਟਾਂ ਲਈ ਨਿੱਜੀ ਸੁਰੱਖਿਆ ਦੀ ਘੱਟੋ-ਘੱਟ ਗਰੰਟੀ ਦਿੰਦਾ ਹੈ।
ਕਿਸੇ ਵੀ ਸ਼ਿਕਾਇਤ ਨੂੰ ਸੁਣਨ ਅਤੇ ਉਚਿਤ ਸੁਝਾਅ ਦੇਣ ਲਈ ਇੱਕ ਸੁਤੰਤਰ ਮੈਂਬਰ ਦੀ ਮੌਜੂਦਗੀ ਦੀ ਗਰੰਟੀ ਮਿਲਦੀ ਹੈ।
ਪਰ ਅਜਿਹੀ ਪ੍ਰਣਾਲੀ ਦੀ ਅਣਹੋਂਦ ਇਹ ਦਰਸਾਉਂਦੀ ਹੈ ਕਿ ਸਾਡੇ ਖਿਡਾਰੀਆਂ ਕੋਲ ਸ਼ੋਸ਼ਣ ਅਤੇ ਵਿਤਕਰੇ ਦੀ ਸ਼ਿਕਾਇਤ ਕਰਨ ਲਈ ਕੋਈ ਸੁਰੱਖਿਅਤ ਥਾਂ ਨਹੀਂ ਹੈ।
ਭਲਵਾਨਾਂ ਦਾ ਵਿਰੋਧ ਖੇਡ ਮੰਤਰਾਲੇ ਲਈ ਸਹੀ ਸਮਾਂ ਹੈ ਕਿ ਉਹ ਬਿਨਾਂ ਸ਼ਿਕਾਇਤ ਕਮੇਟੀਆਂ ਵਾਲੀਆਂ ਫੈਡਰੇਸ਼ਨਾਂ ਨੂੰ ਇਹ ਕਮੇਟੀਆਂ ਕਾਇਮ ਕਰਨ ਲਈ ਕਹੇ।
ਪਰ 2010 ਦੀ ਤਰ੍ਹਾਂ ਇਨ੍ਹਾਂ ਐਸੋਸੀਏਸ਼ਨਾਂ ਦੀ ਸਲਾਨਾ ਰਜਿਸਟ੍ਰੇਸ਼ਨ ਦੌਰਾਨ ਉਨ੍ਹਾਂ ਨੂੰ ਸਿਰਫ਼ ਪੁੱਛਿਆ ਹੀ ਨਾ ਜਾਵੇ, ਬਲਕਿ ਉਨ੍ਹਾਂ ਦਾ ਫਾਲੋਅਪ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ।
ਖੇਡ ਹੋ ਰਹੀ ਪ੍ਰਭਾਵਿਤ
ਕੁਝ ਟਿੱਪਣੀਆਂ ਇਹ ਵੀ ਕੀਤੀਆਂ ਜਾ ਰਹੀਆਂ ਹਨ ਕਿ ਹੁਣ ਜਦੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਐਫਆਈਆਰ ਦਰਜ ਹੋ ਗਈ ਹੈ ਤਾਂ ਭਲਵਾਨਾਂ ਨੂੰ ਆਪਣਾ ਵਿਰੋਧ ਬੰਦ ਕਰ ਕੇ ਟਰੇਨਿੰਗ ''''ਤੇ ਵਾਪਸ ਜਾਣਾ ਚਾਹੀਦਾ ਹੈ।
ਪਰ ਇਹ ਪਹਿਲਵਾਨਾਂ ਦੀ ਨੀਅਤ ਦੀ ਗਲਤ ਵਿਆਖਿਆ ਹੈ। ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਹੋਰ ਕਿਸੇ ਤੋਂ ਵੱਧ ਆਪ ਜਾਣਦੇ ਹਨ ਕਿ ਇਹ ਉਨ੍ਹਾਂ ਦੀ ਖੇਡ ਲਈ ਬਹੁਤ ਮਹੱਤਵਪੂਰਨ ਸਾਲ ਹੈ।
ਉਹ ਜਾਣਦੇ ਹਨ ਕਿ ਧਰਨੇ ਵਿੱਚ ਬਿਤਾਇਆ ਹਰ ਦਿਨ ਉਨ੍ਹਾਂ ਦੀ ਖੇਡ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
ਉਹ ਵਾਰਮਅੱਪ ਤਾਂ ਕਰ ਲੈਂਦੇ ਹਨ, ਪਰ ਫਿਟਨੈੱਸ ਨੂੰ ਸਹੀ ਪੱਧਰ ''''ਤੇ ਰੱਖਣ ਅਤੇ ਪ੍ਰਦਰਸ਼ਨ ਨੂੰ ਸਹੀ ਰੱਖਣ ਲਈ ਹਫਤੇ ''''ਚ ਘੱਟੋ-ਘੱਟ ਚਾਰ ਤੋਂ ਪੰਜ ਦਿਨ ਪੂਰੀ ਟ੍ਰੇਨਿੰਗ ਕਰਨੀ ਪੈਂਦੀ ਹੈ।
ਰੈਸਲਿੰਗ ਫੈਡਰੇਸ਼ਨ ਦੇ ਖਿਲਾਫ਼ ਚੱਲ ਰਹੀ ਜਾਂਚ ਦੇ ਕਾਰਨ ਏਸ਼ਿਆਈ ਚੈਂਪੀਅਨਸ਼ਿਪ ਦੇ ਟਰਾਇਲ ਦਿੱਲੀ ਦੀ ਬਜਾਇ ਕਜ਼ਾਕਿਸਤਾਨ ਵਿੱਚ ਸ਼ਿਫਟ ਕਰ ਦਿੱਤੇ ਗਏ ਸਨ ਅਤੇ ਵਿਨੇਸ਼, ਸਾਕਸ਼ੀ ਅਤੇ ਬਜਰੰਗ ਨੂੰ ਟਰਾਇਲ ਛੱਡਣੇ ਪਏ।
16 ਤੋਂ 24 ਸਤੰਬਰ ਤੱਕ ਸਰਬੀਆ ਦੇ ਬੇਲਗਰੇਡ ਵਿੱਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਹੋਣੀ ਹੈ।
2024 ਦੇ ਪੈਰਿਸ ਓਲੰਪਿਕ ਵਿੱਚ ਸਰਬੀਆ ਦੇ ਤਮਗਾ ਜੇਤੂਆਂ ਲਈ 90 ਕੋਟਾ (ਰਾਖਵੇਂ) ਸਥਾਨ ਹਨ।
ਇਸ ਤੋਂ ਬਾਅਦ 23 ਸਤੰਬਰ ਤੋਂ 9 ਅਕਤੂਬਰ ਤੱਕ ਚੀਨ ਵਿੱਚ ਏਸ਼ੀਆਈ ਖੇਡਾਂ ਹੋਣਗੀਆਂ। ਜਿੱਥੇ ਇਨ੍ਹਾਂ ਤਿੰਨਾਂ ਤੋਂ ਤਮਗੇ ਦੀਆਂ ਉਮੀਦਾਂ ਹਨ ਤੇ ਉਨ੍ਹਾਂ ਨੂੰ ਵੀ ਇਹ ਸਭ ਪਤਾ ਹੈ।
ਅੰਦੋਲਨ ਭਾਵੇਂ ਸਫ਼ਲ ਹੋਵੇ ਜਾਂ ਅਸਫ਼ਲ, ਅੰਦੋਲਨ ਜਿੰਨੇ ਜ਼ਿਆਦਾ ਦਿਨ ਚੱਲੇਗਾ, ਇਨ੍ਹਾਂ ਪਹਿਲਵਾਨਾਂ ਦੀ ਫਿਟਨੈਸ ਅਤੇ ਫਾਰਮ ''''ਤੇ ਓਨਾ ਹੀ ਬੁਰਾ ਪ੍ਰਭਾਵ ਪਵੇਗਾ।
ਪਰ ਹੁਣ ਲੱਗਦਾ ਹੈ ਕਿ ਭਲਵਾਨਾਂ ਨੇ ਇਸ ਲੜਾਈ ਵਿੱਚ ਖੁਦ ਨੂੰ ਝੋਕ ਦਿੱਤਾ ਹੈ। ਉਹ ਆਪਣੇ ਸਭ ਤੋਂ ਵੱਡੇ ਵਿਰੋਧੀ ਦੇ ਸਾਹਮਣੇ ਹਨ ਅਤੇ ਉਹ ਹੈ ਸਰਕਾਰ ਦੀ ਤਾਕਤ।
ਇਹ ਪ੍ਰਸ਼ੰਸਾਯੋਗ ਵੀ ਹੈ ਅਤੇ ਡਰਾਉਣਾ ਵੀ।
ਇਸ ਲਹਿਰ ਵਿੱਚ ਨਿੱਤ ਨਵੀਆਂ ਰੁਕਾਵਟਾਂ ਆ ਰਹੀਆਂ ਹਨ। ਤੁਸੀਂ ਉਸ ਦੇ ਹੰਝੂ ਦੇਖ ਸਕਦੇ ਹੋ, ਤੁਸੀਂ ਥਕਾਵਟ ਦੇਖ ਸਕਦੇ ਹੋ।
ਪਰ ਇੱਕ ਚੀਜ਼ ਜੋ ਉਨ੍ਹਾਂ ਦੀਆਂ ਅੱਖਾਂ ਵਿੱਚ ਦਿਖਾਈ ਨਹੀਂ ਦਿੰਦੀ, ਉਹ ਹੈ ਡਰ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)