ਡੇਰਾ ਸੱਚਖੰਡ ਬੱਲਾਂ ਦਾ ਕਿਵੇਂ ਹੋਇਆ ਉਭਾਰ ਤੇ ਇਸ ਦੀ ਸਿਆਸੀ ਅਹਿਮੀਅਤ ਕੀ ਹੈ
Tuesday, May 09, 2023 - 07:48 AM (IST)
ਡੇਰਾ ਸੱਚਖੰਡ ਬੱਲਾਂ ਪੰਜਾਬ ਦੇ ਦੁਆਬਾ ਖਿੱਤੇ ਦੇ ਵੱਡੇ ਧਾਰਮਿਕ ਡੇਰਿਆਂ ਵਿੱਚੋਂ ਇੱਕ ਹੈ।
ਇਹ ਡੇਰਾ ਜਲੰਧਰ ਸ਼ਹਿਰ ਤੋਂ 13 ਕਿਲੋਮੀਟਰ ਬਾਹਰਵਾਰ ਪਠਾਨਕੋਟ ਰੋਡ ’ਤੇ, ਪਿੰਡ ਬੱਲਾਂ ਵਿੱਚ ਨਹਿਰ ਦੇ ਕੰਢੇ ਬਣਿਆ ਹੋਇਆ ਹੈ।
ਇਸ ਡੇਰੇ ਵਿੱਚ ਦਲਿਤ ਸਮਾਜ ਤੇ ਖ਼ਾਸ ਕਰਕੇ ਰਵਿਦਾਸੀਆ ਭਾਈਚਾਰੇ ਨਾਲ ਸਬੰਧਤ ਵੱਡੀ ਗਿਣਤੀ ਲੋਕ ਧਾਰਮਿਕ ਆਸਥਾ ਰੱਖਦੇ ਹਨ।
ਡੇਰੇ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਸ਼ਰਧਾਲੂਆਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਤੋਂ ਇਸ ਡੇਰੇ ਦੀ ਮਾਨਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਸ ਦੇ ਨਾਲ ਨਾਲ ਵੱਡੇ ਸਿਆਸੀ ਆਗੂ ਖਾਸਕਰ ਚੋਣਾਂ ਦੇ ਨੇੜੇ ਜਿਵੇਂ ਡੇਰੇ ਵਿੱਚ ਪਹੁੰਚਦੇ ਹਨ,ਉਸ ਤੋਂ ਇਸ ਦੀ ਸਮਾਜਿਕ ਤੇ ਸਿਆਸਤ ਪੱਖ਼ੋਂ ਵੀ ਅਹਿਮਤੀਅਤ ਸਮਝ ਆਉਂਦੀ ਹੈ।
ਡੇਰੇ ਦੇ ਪਹਿਲੇ ਮੁਖੀ ਸੰਤ ਪਿੱਪਲ ਦਾਸ ਜੀ
ਡੇਰਾ ਬੱਲਾਂ, ਜ਼ਿਲ੍ਹਾ ਬਠਿੰਡਾ ਦੀ ਗਿੱਲ ਪੱਤੀ ਵਿੱਚ ਜਨਮੇ ਹਰਮਾਨ ਦਾਸ ਨੇ ਸ਼ੁਰੂ ਕੀਤਾ। ਹਰਨਾਮ ਦਾਸ ਦਾ ਨਾਮ ਪਿੱਪਲ ਦਾਸ ਵੀ ਡੇਰੇ ਦੀ ਸ਼ੁਰੂਆਤੀ ਦਿਨਾਂ ਵਿੱਚ ਹੀ ਪਿਆ ਸੀ। ਇਸ ਬਾਰੇ ਇੱਕ ਕਹਾਣੀ ਵੀ ਪ੍ਰਚਲਿਤ ਹੈ।
ਡੇਰੇ ਬਾਰੇ ਜਾਣਕਾਰੀ ਹਾਸਿਲ ਕਰਨ ਦੇ ਇਛੁੱਕ ਗੁਰਦੇਵ ਸਿੰਘ ਨੇ ਡੇਰਾ ਬੱਲਾਂ ਦੇ ਵੱਖ-ਵੱਖ ਮੁਖੀਆਂ ਨਾਲ ਗੱਲਬਾਤ ਦੇ ਆਧਾਰ ’ਤੇ ‘ਵੈਰਾਗਯ ਸਾਖੀ ਸਾਗਰ’ ਸਿਰਲੇਖ ਹੇਠ ਦੋ ਜਿਲਦਾਂ ਵਿੱਚ ਕਿਤਾਬਾਂ ਲਿਖੀਆਂ ਹਨ।
ਉਨ੍ਹਾਂ ਨੇ ਕਿਤਾਬ ਦੇ ਪਹਿਲੇ ਭਾਗ ਵਿੱਚ ਲਿਖਿਆ ਹੈ ਕਿ ਬਾਬਾ ਹਰਨਾਮ ਦਾਸ ਨੇ ਬਠਿੰਡਾ ਵਿਚਲਾ ਆਪਣਾ ਘਰ ਛੱਡ ਦਿੱਤਾ ਸੀ ਤੇ ਆਪਣੇ ਇੱਕ ਪੁੱਤਰ ਸਰਵਣ ਦਾਸ ਨਾਲ ਜਲੰਧਰ ਰੇਲਵੇ ਸ਼ਟੇਸ਼ਨ ’ਤੇ ਆ ਗਏ ਸਨ।
''''''''ਇੱਥੇ ਉਹ ਆਪਣੇ ਪੁੱਤਰ ਸਰਵਣ ਦੀ ਉਂਗਲੀ ਫੜ ਕੇ ਕਿਸੇ ਸਾਧਨ ਦੀ ਉਡੀਕ ਕਰ ਰਹੇ ਸਨ ਕਿ ਕੋਈ ਸਾਨੂੰ ਲੈ ਜਾਵੇ।''''''''
ਕਿਤਾਬ ਦੇ ਵੇਰਵੇ ਮੁਤਾਬਕ, ''''''''ਇਸੇ ਦੌਰਾਨ ਇੱਕ ਜਿਮੀਦਾਰ ਵਜ਼ੀਰ ਸਿੰਘ ਆਪਣਾ ਗੱਡਾ ਲਈ ਆਉਂਦਾ ਸੀ ਤਾਂ ਉਸ ਨੇ ਬਾਬਾ ਪਿੱਪਲ ਦਾਸ ਜੀ ਨੂੰ ਪੁੱਛ ਲਿਆ ਕਿ ਕਿੱਧਰ ਜਾਣਾ ਹੈ ?''''''''
ਤਾਂ ਬਾਬਾ ਜੀ ਨੇ ਕਿਹਾ,“ਭਾਈ ਤੈਂ ਕਿਹੜੇ ਪਿੰਡ ਜਾਣਾ ਹੈ ਤਾਂ ਜਿਮੀਂਦਾਰ ਨੇ ਕਿਹਾ ਕਿ ਮੈਂ ਤਾਂ ਬੱਲਾਂ ਪਿੰਡ ਜਾਣਾ ਹੈ। ਬਾਬਾ ਜੀ ਨੇ ਝਟਪਟ ਕਿਹਾ ਕਿ ਭਾਈ ਅਸੀਂ ਵੀ ਉਸੇ ਪਿੰਡ ਜਾਣਾ ਹੈ।”
ਇਸੇ ਪਿੰਡ ਵਿੱਚ ਆ ਕੇ ਉਨ੍ਹਾਂ ਨੇ ਇੱਕ ਪਿੱਪਲ ਹੇਠਾਂ ਬਹਿਕੇ ਤਪੱਸਿਆ ਕੀਤੀ ਤੇ ਇੱਥੋਂ ਹੀ ਬਾਬਾ ਹਰਨਾਮ ਦਾਸ ਦਾ ਨਾਂਅ ਬਾਬਾ ਪਿੱਪਲ ਦਾਸ ਪੈ ਗਿਆ ਸੀ।
ਸੰਤ ਸਰਵਣ ਦਾਸ
ਸੰਤ ਸਰਵਣ ਦਾਸ, ਜੋ ਕਿ ਸੰਤ ਪਿੱਪਲ ਦਾਸ ਜੀ ਦੇ ਪੁੱਤਰ ਸਨ। ਉਹ ਵੀ ਆਪਣੇ ਪਿਤਾ ਨਾਲ ਹੀ ਪਿੰਡਾਂ ਬੱਲਾਂ ਆਏ ਸਨ। ਉਨ੍ਹਾਂ ਦਾ ਜਨਮ 15 ਫ਼ਰਵਰੀ 1895 ਨੂੰ ਹੋਇਆ ਸੀ।
ਉਹ ਵੀ ਭਗਤੀ ਭਾਵ ਵਾਲੇ ਸਨ, ਤੇ ਹੁਣ ਜਿੱਥੇ ਡੇਰਾ ਸੱਚਖੰਡ ਬੱਲਾਂ ਬਣਿਆ ਹੋਇਆ ਹੈ ਉਥੇ ਪਹਿਲਾ ਸੰਤ ਸਰਵਣ ਦਾਸ ਜੀ ਛੰਨ ਬਣਾ ਕੇ ਰਹਿਣ ਲੱਗੇ ਸਨ।
ਇਹ ਜਗ੍ਹਾ ਪਿੰਡ ਤੋਂ ਬਹਾਰ-ਵਾਰ ਸੀ। ਇਹ ਜ਼ਮੀਨ ਪਿੰਡ ਵਾਸੀ ਹਜ਼ਾਰਾ ਸਿੰਘ ਨੇ ਦਾਨ ਕੀਤੀ ਸੀ। ਸਮਾਂ ਪਾ ਕੇ ਇੱਥੇ ਪਹਿਲਾਂ ਕੱਚਾ ਮਕਾਨ ਬਣਾਇਆ ਗਿਆ ਤੇ ਫ਼ਿਰ ਪੱਕਾ ਤੇ ਸਮਾਂ ਪਾ ਕੇ ਇਸ ਡੇਰੇ ਦੀ ਮਹਾਨਤਾ ਵਧਦੀ ਗਈ।
ਸੰਤ ਸਰਵਣ ਦਾਸ ਜੀ ਤੋਂ ਬਾਅਦ ਸੰਤ ਹਰੀ ਦਾਸ ਜੀ ਅਤੇ ਸੰਤ ਗਰੀਬ ਦਾਸ ਨੇ ਇਸ ਡੇਰੇ ਦੇ ਮੁਖੀ ਵਜੋਂ ਸੇਵਾਵਾਂ ਨਿਭਾਈਆਂ। ਹੁਣ ਇਸ ਡੇਰੇ ਦੇ ਮੁਖੀ ਸੰਤ ਨਿਰੰਜਣ ਦਾਸ ਹਨ।
ਪ੍ਰੋਫ਼ੈਸਰ ਜੀ ਸੀ ਕੌਲ ਜਿਹੜੇ ਕਿ ਇਸ ਡੇਰੇ ਨਾਲ ਕਾਫੀ ਲੰਮੇ ਸਮੇਂ ਤੋ ਜੁੜੇ ਰਹੇ ਹਨ, ਦਾ ਕਹਿਣਾ ਸੀ ਕਿ ਸੰਤ ਸਰਵਣ ਦਾਸ ਜੀ ਨੇ ਰਵੀਦਾਸੀਆਂ ਭਾਈਚਾਰੇ ਵਿੱਚ ਵੱਡੀ ਚੇਤਨਾ ਲਿਆਂਦੀ ਸੀ।
ਉਹ ਕਹਿੰਦੇ ਹਨ, ਉਨ੍ਹਾਂ ਨੇ ਇਸ ਡੇਰੇ ਦਾ ਵਿਸਥਾਰ ਕਰਨ ਦਾ ਮੁੱਢ ਬੰਨ੍ਹਿਆ ਸੀ।
ਉਨ੍ਹਾਂ ਨੇ ਡੇਰਾ ਬੱਲਾਂ ਵਿੱਚ ਸੰਗਤਾਂ ਨੂੰ ਬਾਣੀ ਨਾਲ ਜੋੜਣ ਦਾ ਕੰਮ ਕੀਤਾ। ਇੰਨਾ ਹੀ ਨਹੀਂ, ਇਸ ਡੇਰੇ ਦੀ ਗੁਰੂ ਰਵੀਦਾਸ ਜਨਮ ਅਸਥਾਨ ਲੱਭਣ ਅਤੇ ਉਥੇ ਉਨ੍ਹਾਂ ਦਾ ਯਾਦ ਵਿੱਚ ਇਮਾਰਤ ਉਸਾਰਨ ਦੇ ਕੰਮ ਵਿੱਚ ਵੀ ਅਹਿਮ ਭੂਮਿਕਾ ਰਹੀ ਹੈ।
ਗੁਰੂ ਰਵੀਦਾਸ ਜੀ ਦੀ ਬਾਣੀ ’ਤੇ ਪੀਐੱਚਡੀ ਕਰਨ ਵਾਲੇ ਪ੍ਰੋਫ਼ੈਸਰ ਕੌਲ ਦਾ ਕਹਿਣਾ ਹੈ ਕਿ, “ਸੰਤ ਸਰਵਣ ਦਾਸ ਨੇ ਗੁਰੂ ਰਵੀਦਾਸ ਜੀ ਦੇ ਜਨਮ ਅਸਥਾਨ ਦੀ ਖੋਜ ਕਰਵਾਈ ਸੀ। ਇਹ ਜਨਮ ਅਸਥਾਨ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਨੇੜੇ ਸੀਰਗਵਰਧਨ ਪੁਰ ਹੈ।”
“ਇਸ ਸਥਾਨ ’ਤੇ ਗੁਰੂ ਰਵੀਦਾਸ ਦਾ ਮੰਦਰ ਉਸਾਰਨ ਵਿੱਚ ਸੰਤ ਸਰਵਣ ਦਾਸ ਨੇ ਅਹਿਮ ਭੂਮਿਕਾ ਨਿਭਾਈ ਤੇ ਇਸ ਕੰਮ ਦੀ ਨਿਗਰਾਨੀ ਸੰਤ ਗਰੀਬ ਦਾਸ ਨੇ ਕੀਤੀ ਸੀ।”
ਕੌਲ ਕਹਿੰਦੇ ਹਨ ,“ਸਮਾਜਿਕ ਤੌਰ ’ਤੇ ਦੱਬੇ ਹੋਏ ਲੋਕਾਂ ਵਿੱਚ ਜਿਹੜੀ ਚੇਤਨਾ ਸੰਤ ਸਰਵਣ ਦਾਸ ਨੇ ਲਿਆਂਦੀ, ਉਹ ਸੀ ਆਪਣੇ ਬੱਚਿਆਂ ਨੂੰ ਵਿਦਿਆ ਦਾ ਦਾਨ ਦੇਣ ਲਈ ਜਾਗਰੂਕ ਕਰਨਾ ਤੇ ਸਮਾਜ ਵਿੱਚ ਆਪਣੀ ਥਾਂ ਬਣਾਉਣ ਲਈ ਪ੍ਰੇਰਿਤ ਕਰਨਾ।”
ਕੌਲ ਦਾ ਕਹਿਣਾ ਸੀ ਕਿ ਡੇਰਾ ਸੱਚਖੰਡ ਬੱਲਾਂ ਦੀ ਪ੍ਰਸਿੱਧੀ ਇਸ ਕਰਕੇ ਵਧਣ ਲੱਗੀ ਸੀ ਕਿ ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਗੁਰੂ ਰਵੀਦਾਸ ਦੇ ਜਨਮ ਅਸਥਾਨ ਨਾਲ ਸਿੱਧਾ ਜੋੜਿਆ ਜਾਂਦਾ ਸੀ ਤੇ ਉਨ੍ਹਾਂ ਨੂੰ ਬਨਾਰਸ ਜਾਣ ਲਈ ਪ੍ਰੇਰਿਤ ਕੀਤਾ ਜਾਂਦਾ ਸੀ।
ਸੰਤ ਨਿਰੰਜਣ ਦਾਸ ਦੀ ਅਗਵਾਈ ਵਿੱਚ ਸੰਗਤਾਂ ਨੂੰ ਗੁਰੂ ਰਵੀਦਾਸ ਜੀ ਦੇ ਜਨਮ ਅਸਥਾਨ ਤੱਕ ਲੈ ਕੇ ਜਾਣ ਲਈ ਸਪਸ਼ੈਲ ਬੇਗਮਪੁਰਾ ਐਕਸਪ੍ਰੈਸ ਗੱਡੀ ਚਲਾਈ ਗਈ।
ਹਰ ਸਾਲ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਮੌਕੇ ਜਾਣ ਵਾਲੀ ਇੱਸ ਗੱਡੀ ਵਿੱਚ ਡੇਰਾ ਬੱਲਾਂ ਦੇ ਸ਼ਰਧਾਂਲੂ ਹੀ ਜਾਂਦੇ ਹਨ।
ਡੇਰਾ ਬੱਲਾਂ ਦੀ ਸ਼ੁਰੂਆਤ
ਹਰਪਾਲ ਸਿੰਘ ਉਰਫ਼ ਪਿੱਪਲ ਦਾਸ ਨੇ ਡੇਰਾ ਬੱਲਾਂ ਦੀ ਸ਼ੁਰੂਆਤ ਕੀਤੀ
ਡੇਰੇ ਦੀ ਮੁੱਖ ਭੂਮਿਕਾ ਲੋਕਾਂ ਨੂੰ ਰਵਿਦਾਸ ਦੀ ਬਾਣੀ ਤੇ ਵਿਚਾਰਧਾਰਾ ਨਾਲ ਜੋੜਨਾ ਸੀ
ਡੇਰੇ ਨੇ ਆਉਣ ਵਾਲੀ ਸੰਗਤ ਨੂੰ ਬੱਚਿਆਂ ਨੂੰ ਪੜ੍ਹਾਉਣ ਲਈ ਪ੍ਰੇਰਿਤ ਕੀਤਾ
ਬਹੁਤੇ ਸਿਆਸੀ ਮਾਹਰ ਵੱਡੀ ਗਿਣਤੀ ਸੰਗਤ ਦੇ ਚਲਦਿਆਂ ਡੇਰੇ ਵਿੱਚ ਨਤਮਸਕਤ ਹੋਣ ਆਉਂਦੇ ਹਨ
ਸਿਆਸੀ ਮਾਹਰਾਂ ਦਾ ਦਾਅਵਾ ਹੈ ਕਿ ਡੇਰੇ ਵਲੋਂ ਕਦੇ ਵੀ ਸੰਗਤ ਨੂੰ ਕਿਸੇ ਖ਼ਾਸ ਪਾਰਟੀ ਨੂੰ ਵੋਟ ਪਾਉਣ ਲਈ ਨਹੀਂ ਕਿਹਾ ਗਿਆ
ਆਦਿ ਧਰਮ ਲਹਿਰ ਵਿੱਚ ਭੂਮਿਕਾ
ਡੇਰਾ ਸੱਚਖੰਡ ਬੱਲਾਂ ਨੇ ਸਮਾਜ ਸੁਧਾਰਕ ਬਾਬੂ ਮੰਗੂਰਾਮ ਮੂਗੋਵਾਲੀਆਂ ਨਾਲ ਵੀ ਸਬੰਧ ਰਿਹਾ ਹੈ। ਮੰਗੂਰਾਮ ਦਾ ਪਿਛੋਕੜ ਹੁਸ਼ਿਆਪੁਰ ਜ਼ਿਲ੍ਹੇ ਦੇ ਮਹਿਲਪੁਰ ਕਸਬੇ ਨਾਲ ਸੀ ਅਤੇ 1909 ਵਿੱਚ ਅਮਰੀਕਾ ਪੜ੍ਹਨ ਗਏ ਸੀ।
ਪਰ ਇਸੇ ਦੌਰਾਨ ਉਹ ਭਾਰਤ ਨੂੰ ਅਜ਼ਾਦ ਕਰਵਾਉਣ ਲ਼ਈ ਚੱਲੀ ਗਦਰ ਲਹਿਰ ਦੇ ਸਰਗਰਮ ਹੋ ਗਏ ਸਨ।
ਮੰਗੂਰਾਮ ਦਲਿਤ ਭਾਈਚਾਰੇ ਨਾਲ ਸਬੰਧਤ ਸਨ, ਅਤੇ ਉਨ੍ਹਾਂ ਦਲਿਤ ਅਤੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੇ ਸਸ਼ਕਤੀਕਰਨ ਲਈ ਆਦਿ ਧਰਮ ਲਹਿਰ ਸ਼ੁਰੂ ਕੀਤੀ।
ਡੇਰਾ ਸੱਚਖੰਡ ਬੱਲਾਂ ਦੀ ਵੈੱਬਸਾਈਟ ਉੱਤੇ ਉਪਲੱਬਧ ਜਾਣਕਾਰੀ ਮੁਤਾਬਕ ਡੇਰੇ ਦਾ ਬਾਬੂ ਮੰਗੂਰਾਮ ਦੀ ਲਹਿਰ ਵਿੱਚ ਭੂਮਿਕਾ ਰਹੀ ਹੈ। ਡੇਰੇ ਵਲੋਂ ਕਰਮਕਾਂਡ ਅਤੇ ਅੰਧ-ਵਿਸ਼ਵਾਸ਼ ਖਿਲਾਫ਼ ਪ੍ਰਚਾਰ ਕੀਤਾ ਜਾਂਦਾ ਸੀ ਅਤੇ ਮੰਗੂਰਾਮ ਦਾ ਸੰਤ ਪਿੱਪਲ ਦਾਸ ਨਾਲ ਮਿਲਵਰਤਨ ਰਿਹਾ।
ਸੰਤ ਪਿੱਪਲ ਦਾਸ ਨੇ ਮੰਗੂਰਾਮ ਨਾਲ ਮਿਲ ਕੇ ਆਦਿ ਧਰਮ ਲਹਿਰ ਲਈ ਅਧਿਐਨ ਦਾ ਕਾਰਜ ਕਰਵਾਇਆ, ਖਾਸਕਰ ਗੁਰੂ ਰਵਿਦਾਸ, ਭਗਤ ਨਾਮਦੇਵ, ਭਗਵਾਨ ਬਾਲਮੀਕ ਅਤੇ ਸੰਤ ਕਬੀਰ ਬਾਰੇ ਖੋਜ ਕਾਰਜਾਂ ਵਿੱਚ ਮਦਦ ਕੀਤੀ।
ਰਾਜਨੀਤਿਕ ਆਗੂਆਂ ਦਾ ਡੇਰਾ ਸੱਚਖੰਡ ਬੱਲਾਂ ਆਉਣਾ
ਡੇਰੇ ਵਿੱਚ ਸਿਆਸੀ ਪਾਰਟੀਆਂ ਦਾ ਮਕਸਦ ਹੁੰਦਾ ਹੈ ਕਿ ਉਹ ਲੋਕਾਂ ਨੂੰ ਤੇ ਖ਼ਾਸ ਕਰਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ।
“ਧਰਮ ਵਿੱਚ ਲੋਕਾਂ ਦੀ ਆਸਥਾ ਬੁਹਤ ਡੂੰਘੀ ਤੇ ਸੱਚੀ ਸੁੱਚੀ ਹੁੰਦੀ ਹੈ। ਜਿਸ ਵੀ ਅਸਥਾਨ ’ਤੇ ਸੰਗਤਾਂ ਦਾ ਆਉਣਾ ਵੱਧ ਜਾਂਦਾ ਹੈ, ਉਥੇ ਹੀ ਸਿਆਸੀ ਆਗੂਆਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ।
ਉਹ ਲੋਕਾਂ ਨੂੰ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਦੀ ਉਸ ਧਾਰਮਿਕ ਸਥਾਨ ਵਿੱਚ ਸ਼ਰਧਾ ਹੈ।”
ਸਿਆਸਤਦਾਨ ਅਕਸਰ ਧਾਰਮਿਕ ਅਸਥਾਨ ਦੇ ਮੁਖੀ ਦਾ ਅਦਬ ਸਤਿਕਾਰ ਕਰਦੇ ਹਨ। ਇਹ ਸਭ ਡੇਰੇ ਦੇ ਸਮਰਥਕਾਂ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ।
ਚੰਨੀ ਦਾ ਡੇਰੇ ਸੱਚਖੰਡ ਬੱਲਾ ਵਿੱਚ ਰਾਤ ਰਹਿਣਾ
ਡੇਰਾ ਸੱਚਖੰਡ ਬੱਲਾਂ ਵਿੱਚ ਸੰਗਤਾਂ ਦੇ ਰਹਿਣ ਦਾ ਇੰਤਜਾਮ ਤਾਂ ਹੁੰਦਾ ਹੀ ਹੈ।
ਪ੍ਰੌਫ਼ੈਸਰ ਕੌਲ ਦੱਸਦੇ ਹਨ ਕਿ ਜਦੋਂ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਤਾਂ ਉਹ ਦਲਿਤ ਭਾਈਚਾਰੇ ਤੋਂ ਇਸ ਅਹੁਦੇ ਤੱਕ ਪਹੁੰਚਣ ਵਾਲੇ ਪਹਿਲੇ ਵਿਅਕਤੀ ਸਨ।
“ਇਸ ਗੱਲ ਤੋਂ ਡੇਰਾ ਬੱਲਾ ਦੇ ਸ਼ਰਧਾਲੂਆਂ ਨੂੰ ਖ਼ੁਸ਼ੀ ਹੋਣਾ ਸੁਭਾਵਿਕ ਸੀ। ਇਸ ਸਭ ਦੇ ਚਲਦਿਆਂ ਹੀ ਚੰਨੀ ਡੇਰੇ ਵਿੱਚ ਠਹਿਰੇ ਤੇ ਅਜਿਹਾ ਕਰਨ ਵਾਲੇ ਉਹ ਪਹਿਲੇ ਮੁੱਖ ਮੰਤਰੀ ਹਨ। ਉਹ ਆਮ ਸ਼ਰਧਾਲੂ ਵਾਂਗ ਹੀ ਉਥੇ ਰਹੇ ਤੇ ਇਸ ਦਾ ਸੰਗਤਾਂ ’ਤੇ ਡੂੰਘਾ ਅਸਰ ਹੋਇਆ ਸੀ।”
ਡੇਰੇ ਦਾ ਵੋਟਰਾਂ ’ਤੇ ਪ੍ਰਭਾਵ
ਸਿਆਸੀ ਮਾਹਰ ਡਾਕਟਰ ਰੌਣਕੀ ਰਾਮ ਕਹਿੰਦੇ ਹਨ ਕਿ ਡੇਰਾ ਬੱਲਾ ਵਾਲਿਆਂ ਨੇ ਕਦੇਂ ਵੀ ਕਿਸੇ ਖ਼ਾਸ ਪਾਰਟੀ ਨੂੰ ਵੋਟਾਂ ਪਾਉਣ ਲਈ ਨਹੀਂ ਕਿਹਾ। ਸਾਰੀਆਂ ਸਿਆਸੀ ਪਾਰਟੀਆਂ ਡੇਰੇ ਜਰੂਰ ਜਾਂਦੀਆਂ ਹਨ ਤੇ ਉਥੇ ਜਾ ਕੇ ਨਤਮਸਤਕ ਹੁੰਦੀਆਂ ਹਨ। ਪਰ ਇਸ ਦਾ ਕਾਰਨ ਕੁਝ ਹੋਰ ਹੈ।
ਉਹ ਕਹਿੰਦੇ ਹਨ, “ਡੇਰਾ ਬੱਲਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ ਇਸੇ ਕਰਕੇ ਸਿਆਸੀ ਪਾਰਟੀਆਂ ਦੇ ਆਗੂ ਇੱਥੇ ਆਉਣ ਨੂੰ ਤਰਜੀਹ ਦਿੰਦੇ ਹਨ। ਹਾਲਾਂ ਕਿ ਡੇਰੇ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਲੋਕ ਆਉਂਦੇ ਹਨ ਪਰ ਫ਼ਿਰ ਵੀ ਇੱਕ ਖ਼ਾਸ ਭਾਈਚਾਰੇ ਦੇ ਲੋਕ ਜ਼ਿਆਦਾ ਆਉਂਦੇ ਹਨ।”
ਪੰਜਾਬ ਵਿੱਚ ਦਲਿਤਾਂ ਦੀ ਵੱਸੋਂ 32 ਫ਼ੀਸਦੀ ਹੈ। ਤੇ ਡੇਰਾ ਬੱਲਾਂ ਵਿੱਚ ਆਉਣ ਵਾਲੀ ਵੱਡੀ ਗਿਣਤੀ ਰਵੀਦਾਸੀਆਂ ਤੇ ਆਦਿ-ਧਰਮੀ ਲੋਕਾਂ ਨਾਲ ਸਬੰਧ ਰੱਖਦੀ ਹੈ।
ਰੌਣਕੀ ਰਾਮ ਕਹਿੰਦੇ ਹਨ ਡੇਰਾ ਬੱਲਾਂ ਵਿੱਚ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਤੇ ਆਪ ਹਰ ਪਾਰਟੀ ਦੇ ਆਗੂ ਆਉਂਦੇ ਹਨ। ਲੀਡਰ ਸੋਚਦੇ ਹਨ ਕਿ ਸ਼ਾਇਦ ਸ਼ਰਧਾਲੂਆਂ ’ਤੇ ਪ੍ਰਭਾਵ ਪਵੇ ਕਿ ਉਹ ਡੇਰੇ ਦੇ ਬਹੁਤ ਨੇੜੇ ਹਨ ਤੇ ਉਹ ਉਨ੍ਹਾਂ ਨੂੰ ਵੋਟਾਂ ਪਾ ਦੇਣਗੇ।
ਸ਼ਰਧਾਲੂ ਬਹੁਤ ਵੱਡੀ ਗਿਣਤੀ ਵਿੱਚ ਡੇਰਾ ਬੱਲਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਪ੍ਰਭਾਵ ਸਾਰੇ ਪੰਜਾਬ ਵਿੱਚ ਤੇ ਖ਼ਾਸ ਕਰਕੇ ਦੋਆਬੇ ਵਿੱਚ ਤਾਂ ਬਹੁਤ ਜ਼ਿਆਦਾ ਹੈ।
ਵੱਡੇ ਬਾਦਲ ਸਾਹਿਬ ਨੇ ਮੁੱਖ ਮੰਤਰੀ ਹੁੰਦਿਆ ਹੋਇਆ ਭਗਵਾਨ ਵਾਲਮੀਕ ਦੇ ਰਾਮ ਤੀਰਥ ਅਸਥਾਨ ਨੂੰ 5 ਕਰੋੜ ਰੁਪਏ ਦਿੱਤੇ ਸਨ।
ਉਹ ਕਹਿੰਦੇ ਹਨ ਕਿ ਦੋਆਬੇ ਵਿੱਚ ਦਲਿਤ ਭਾਈਚਾਰਾ ਆਰਥਿਕ ਪੱਖੋਂ ਮਜ਼ਬੂਤ ਹੈ ਤੇ ਸਿਆਸੀ ਤੌਰ ’ਤੇ ਵੱਧ ਜਾਗਰੂਕ ਹੈ ਤੇ ਉਹ ਸਮਝਦਾਰੀ ਨਾਲ ਵੋਟ ਪਾਉਂਦਾ ਹੈ।
ਦੋਆਬੇ ਵਿੱਚ ਬਹੁਤ ਸਾਰੇ ਪਿੰਡਾਂ ਵਿੱਚ ਰਵੀਦਾਸ ਭਵਨ ਅਤੇ ਡਾਕਟਰ ਅੰਬੇਦਕਰ ਭਵਨ ਬਣੇ ਹੋਏ ਹਨ। ਇਹ ਵੀ ਇਸੇ ਗੱਲ ਦਾ ਪ੍ਰਤੀਕ ਹੈ ਕਿ ਇਸ ਖਿਤੇ ਦੇ ਲੋਕ ਸਿਆਸੀ ਤੌਰ ’ਤੇ ਜਾਗਰੂਕ ਹਨ ਉਹ ਆਪਣੀ ਸਮਝ ਨਾਲ ਵੋਟ ਪਾਉਂਦੇ ਹਨ ਨਾ ਕਿ ਕਿਸੇ ਅਸਥਾਈ ਪ੍ਰਭਾਵ ਅਧੀਨ।
ਸਿਆਸੀ ਮਾਹਰ ਡਾਕਟਰ ਕਮਲੇਸ਼ ਸਿੰਘ ਦੁੱਗਲ ਦੱਸਦੇ ਹਨ ਕਿ ਡੇਰਾ ਬੱਲਾਂ ਦਾ ਇੱਕਲੇ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਤਕੜਾ ਪ੍ਰਭਾਵ ਹੈ।
ਉਹ ਦੱਸਦੇ ਹਨ,“ਡੇਰੇ ਦੀ ਪਹਿਲ ਨਾਲ ਬਣੇ ਰਵਿਦਾਸ ਮੰਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਵਾਰ ਜਾ ਚੁੱਕੇ ਹਨ। ਇਸੇ ਤਰ੍ਹਾਂ ਕਾਂਗਰਸੀ ਆਗੂ ਪ੍ਰਿੰਆਕਾ ਗਾਂਧੀ ਵੀ ਬਨਾਰਸ ਦੇ ਰਵੀਦਾਸ ਮੰਦਰ ਨਤਮਸਤਕ ਹੋਣ ਗਏ ਹਨ। ਇਹ ਮੰਦਰ ਦਾ ਸਮੁੱਚਾ ਪ੍ਰਬੰਧਾ ਡੇਰਾ ਬੱਲਾਂ ਦੇ ਅਧੀਨ ਹੈ।”
ਵਿਆਨਾ ਕਾਂਡ ਤੋਂ ਬਾਅਦ ਹਿੰਸਾ
ਡੇਰਾ ਸੱਚਖੰਡ ਬੱਲਾਂ ਦੇ ਤਤਕਾਲੀ ਮੁਖੀ ਸੰਤ ਨਿਰੰਜਨ ਦਾਸ ਉੱਤੇ ਆਸਟਰੀਆ ਦੇ ਸ਼ਹਿਰ ਵਿਆਨਾ ਵਿੱਚ ਜਾਨਲੇਵਾ ਹਮਲਾ ਹੋਇਆ ਸੀ। 24 ਮਈ 2009 ਨੂੰ ਹੋਈ ਇਸ ਘਟਨਾ ਦੌਰਾਨ ਡੇਰੇ ਨਾਲ ਹੀ ਸਬੰਧਤ ਸੰਤ ਰਾਮਾਨੰਦ ਦੀ ਮੌਤ ਹੋ ਗਈ ਸੀ। ਹਮਲੇ ਦੌਰਾਨ ਉਹ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ ਸਨ ਅਤੇ ਅਗਲੇ ਦਿਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਇਸ ਘਟਨਾ ਤੋਂ ਬਾਅਦ ਜਲੰਧਰ ਵਿੱਚ ਵੱਡੇ ਪੱਧਰ ਉੱਤੇ ਹਿੰਸਾ ਮੁਜ਼ਾਹਰੇ ਹੋਏ ਸਨ।ਜਿਸ ਦੌਰਾਨ ਦੋ ਜਣੇ ਮਾਰੇ ਗਏ ਸਨ ਅਤੇ ਕਈ ਜਾਇਦਾਦਾਂ ਨੂੰ ਭੰਨਤੋੜ ਤੇ ਫੂਕ ਦਿੱਤੀਆਂ ਗਈਆਂ ਸਨ।
ਪੁਲਿਸ ਨੇ ਉਦੋਂ 75 ਦੇ ਕਰੀਬ ਐੱਫਆਈਆਈ ਦਰਜ ਕੀਤੀਆਂ ਸਨ। ਇਸ ਘਟਨਾ ਤੋਂ ਬਾਅਦ ਡੇਰਾ ਸੱਚਖੰਡ ਬੱਲਾਂ ਕਾਫ਼ੀ ਚਰਚਾ ਵਿੱਚ ਆਇਆ ਸੀ। ਇਸ ਤੋਂ ਇਲ਼ਾਵਾ ਇਸ ਡੇਰੇ ਨਾਲ ਕਦੇ ਵੀ ਕੋਈ ਵਿਵਾਦ ਨਹੀਂ ਜੁੜਿਆ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)