ਕਰਨਾਟਕ ਚੋਣਾਂ: ''''91 ਗਾਲ਼ਾਂ'''' ਅਤੇ ਬਜਰੰਗ ਦਲ ਵਰਗੇ ਮੁੱਦਿਆਂ ਦਾ ਜ਼ਮੀਨ ’ਤੇ ਕੀ ਅਸਰ ਹੈ
Monday, May 08, 2023 - 04:48 PM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ।
ਪਿਛਲੇ ਸੱਤ ਦਿਨਾਂ ਵਿੱਚ ਉਨ੍ਹਾਂ ਨੇ 17 ਰੈਲੀਆਂ ਕੀਤੀਆਂ ਤੇ ਪੰਜ ਰੋਡ ਸ਼ੋਅ ਕੀਤੇ ਹਨ।
ਦੱਖਣੀ ਭਾਰਤ ਦੇ ਅਹਿਮ ਸੂਬੇ ਕਰਨਾਟਕ ਦੇ ਚੋਣ ਨਤੀਜੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਕਈ ਹੋਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਅਹਿਮ ਹੋਣਗੇ।
ਪ੍ਰਧਾਨ ਮੰਤਰੀ ਕਰਨਾਟਕ ਵਿੱਚ ਭਾਜਪਾ ਦੀ ਜਿੱਤ ਯਕੀਨੀ ਬਣਾਉਣਾ ਚਾਹੁੰਦੇ ਹਨ ਅਤੇ ਆਉਣ ਵਾਲੀਆਂ ਚੋਣਾਂ ਲਈ ਇਸ ਨੂੰ ਇੱਕ ਪ੍ਰਤੀਕ ਵਜੋਂ ਵਰਤਣਾ ਚਾਹੁੰਦੇ ਹਨ।
ਨਰਿੰਦਰ ਮੋਦੀ ਨੇ ਪਿਛਲੇ ਨੌਂ ਦਿਨਾਂ ਵਿੱਚ ਦੋ ਰਾਤਾਂ ਦਿੱਲੀ ਦੇ ਬਾਹਰ ਬਿਤਾਈਆਂ ਹਨ। ਇਹ ਵੀ ਇੱਕ ਅਸਧਾਰਨ ਗੱਲ ਹੈ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਉਹ ਕਰਨਾਟਕ ਵਿੱਚ ਰੈਲੀਆਂ ਅਤੇ ਰੋਡ ਸ਼ੋਅ ਕਰ ਸਕਣ।
ਕਰਨਾਟਕ ''''ਚ ਚੋਣ ਪ੍ਰਚਾਰ ਸੋਮਵਾਰ ਯਾਨੀ 8 ਮਈ ਨੂੰ ਸ਼ਾਮ 5 ਵਜੇ ਖ਼ਤਮ ਹੋ ਜਾਵੇਗਾ ਅਤੇ 10 ਮਈ ਨੂੰ ਵੋਟਾਂ ਪੈਣਗੀਆਂ। ਕਰਨਾਟਕ ਦੇ ਚੋਣ ਨਤੀਜੇ 13 ਮਈ ਨੂੰ ਆਉਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਰਨਾਟਕ ਚੋਣਾਂ ''''ਤੇ ਕੇਂਦਰਿਤ ਹੋਣਾ ਇਸ ਲਈ ਵੀ ਅਹਿਮ ਹੈ ਕਿਉਂਕਿ ਉਹ ਅਜਿਹੇ ਸੂਬਿਆਂ ਵਿੱਚ ਆਪਣੀ ਪਾਰਟੀ ਦੀ ਕਿਸਮਤ ਨੂੰ ਬਦਲਣਾ ਚਾਹੁੰਦੇ ਹਨ, ਜਿੱਥੇ 1985 ਤੋਂ ਬਾਅਦ ਕੋਈ ਵੀ ਸੱਤਾਧਾਰੀ ਪਾਰਟੀ ਸੱਤਾ ''''ਚ ਵਾਪਸੀ ਨਹੀਂ ਕਰ ਸਕੀ।
ਇਹ ਚੋਣ ਮੁਹਿੰਮ ਇਸ ਲਈ ਵੀ ਅਹਿਮ ਹੈ ਕਿਉਂਕਿ ਇਹ ਪਹਿਲੀ ਚੋਣ ਹੈ ਜਦੋਂ ਕਰਨਾਟਕ ਵਿੱਚ ਭਾਜਪਾ ਦੇ ਸਭ ਤੋਂ ਸੀਨੀਅਰ ਆਗੂ ਬੀਐੱਸ ਯੇਦੀਯੁਰੱਪਾ ਪਾਰਟੀ ਦੀ ਚੋਣ ਮੁਹਿੰਮ ਦੀ ਅਗਵਾਈ ਨਹੀਂ ਕਰ ਰਹੇ ਹਨ।
ਯੇਦੀਯੁਰੱਪਾ ਨੇ ਇਕੱਲਿਆਂ ਹੀ 2008 ਵਿਚ ਪਾਰਟੀ ਨੂੰ ਸੱਤਾ ਵਿਚ ਲਿਆਂਦਾ ਸੀ ਅਤੇ 2018 ਵਿਚ ਤਿਕੋਨੀ ਵਿਧਾਨ ਸਭਾ ਤੋਂ ਬਾਅਦ 2019 ਵਿਚ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ।
ਦੋਵਾਂ ਮੌਕਿਆਂ ''''ਤੇ ਭਾਰਤੀ ਜਨਤਾ ਪਾਰਟੀ ਨੂੰ ਕ੍ਰਮਵਾਰ 110 ਅਤੇ 104 ਸੀਟਾਂ ਮਿਲੀਆਂ ਸਨ। ਦੋਵੇਂ ਵਾਰ ਪਾਰਟੀ 224 ਮੈਂਬਰੀ ਵਿਧਾਨ ਸਭਾ ਵਿੱਚ 113 ਦੇ ਜਾਦੂਈ ਅੰਕੜੇ ਨੂੰ ਛੂਹ ਨਹੀਂ ਸਕੀ ਸੀ।
ਇਸ ਚੋਣ ਦਾ ਇੱਕ ਹੋਰ ਪਹਿਲੂ ਇਹ ਹੈ ਕਿ ਇਸ ਵਾਰ ਸੂਬੇ ਵਿੱਚ ਭਾਜਪਾ ਨੂੰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਈ ਮਹੀਨੇ ਪਹਿਲਾਂ ਕਾਂਗਰਸ ਨੇ ਭਾਜਪਾ ''''ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਉਂਦਿਆਂ ਇਸ ਨੂੰ 40 ਫ਼ੀਸਦੀ ਕਮਿਸ਼ਨ ਵਾਲੀ ਸਰਕਾਰ ਦੱਸਿਆ ਸੀ।
ਭ੍ਰਿਸ਼ਟਾਚਾਰ ਦੇ ਮੁੱਦੇ ''''ਤੇ ਭਾਜਪਾ ਨੂੰ ਘੇਰਨ ਦੇ ਨਾਲ-ਨਾਲ ਕਾਂਗਰਸ ਨੇ ਆਪਣੀ ਚੋਣ ਮੁਹਿੰਮ ''''ਚ ਜਨਤਾ ਨੂੰ ਚਾਰ ਗਾਰੰਟੀਆਂ ਵੀ ਦਿੱਤੀਆਂ ਹਨ, ਜੋ ਕਿ ਬੇਰੋਜ਼ਗਾਰੀ ਅਤੇ ਮਹਿੰਗਾਈ ਵਰਗੇ ਅਹਿਮ ਮੁੱਦਿਆਂ ਤੋਂ ਜਨਤਾ ਨੂੰ ਰਾਹਤ ਦੇਣ ਦਾ ਭਰੋਸਾ ਦਿੰਦੀਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 29 ਅਪ੍ਰੈਲ ਨੂੰ ਸੂਬੇ ''''ਚ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਕਾਂਗਰਸ ਵੱਲੋਂ ਉਨ੍ਹਾਂ ''''ਤੇ ਲਗਾਏ ਗਏ ਇਲਜ਼ਾਮਾਂ ਨੂੰ ਆਪਣੀ ਚੋਣ ਮੁਹਿੰਮ ਦਾ ਕੇਂਦਰ ਬਣਾਇਆ ਸੀ
ਉਨ੍ਹਾਂ ਕਾਂਗਰਸੀ ਆਗੂਆਂ ਦੇ ‘ਜ਼ਹਿਰੀਲੇ ਸੱਪ’, ‘ਨਿਕੰਮੇ ਪੁੱਤ’ ਵਰਗੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਵੇਂ ਕਾਂਗਰਸੀ ਆਗੂ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਹਨ ਅਤੇ ਉਨ੍ਹਾਂ ਬਾਰੇ ਨਿੱਜੀ ਟਿੱਪਣੀਆਂ ਕਰਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਬਜਰੰਗ ਦਲ ਖ਼ਿਲਾਫ਼ ਕਾਰਵਾਈ ਕਰਨ ਦੇ ਵਾਅਦੇ ਨੂੰ ਭਗਵਾਨ ਹਨੂੰਮਾਨ (ਬਜਰੰਗ ਬਲੀ) ਦਾ ਅਪਮਾਨ ਦੱਸਿਆ ਤੇ ਇਸ ਗੱਲ ਨੂੰ ਉਨ੍ਹਾਂ ਨੇ ਵਾਰ-ਵਾਰ ਦੁਹਰਾਇਆ।
ਭੋਪਾਲ ਦੀ ਜਾਗਰਣ ਲੇਕਸਾਈਡ ਯੂਨੀਵਰਸਿਟੀ ਦੇ ਪ੍ਰੋ ਵਾਈਸ ਚਾਂਸਲਰ ਅਤੇ ਸਿਆਸੀ ਵਿਸ਼ਲੇਸ਼ਕ, ਪ੍ਰੋਫ਼ੈਸਰ ਸੰਦੀਪ ਸ਼ਾਸਤਰੀ ਦਾ ਇਸ ਵਰਤਾਰੇ ਬਾਰੇ ਕਹਿਣਾ ਹੈ ਕਿ, "ਭਾਜਪਾ ਆਗੂਆਂ ਦੇ ਰਵੱਈਏ ਵਿੱਚ ਸਵੈ-ਵਿਸ਼ਵਾਸ ਨਜ਼ਰ ਨਹੀਂ ਆ ਰਿਹਾ ਹੈ।"
ਚੋਣ ਮੁਹਿੰਮ ''''ਤੇ ਹਾਵੀ ਹੋਣ ਵਾਲੇ ਮੁੱਦੇ
ਚੋਣਾਂ ਦਾ ਸਮਾਂ ਨੇੜੇ ਆਉਣ ਤੱਕ ਕਰਨਾਟਕ ਵਿੱਚ ਚੋਣ ਪ੍ਰਚਾਰ ਕਾਫੀ ਗੰਭੀਰ ਹੋ ਗਿਆ ਹੈ।
ਹਾਲਾਂਕਿ, ਕਾਂਗਰਸ ਵੱਲੋਂ ਭਾਜਪਾ ’ਤੇ ‘40 ਫ਼ੀਸਦੀ ਕਮਿਸ਼ਨ ਸਰਕਾਰ’ ਦੇ ਇਲਜ਼ਾਮਾਂ ਨੂੰ ਯਕੀਨੀ ਤੌਰ ’ਤੇ ਅਪਵਾਦ ਵਜੋਂ ਦੇਖਿਆ ਜਾ ਸਕਦਾ ਹੈ।
ਸਭ ਤੋਂ ਪਹਿਲਾਂ ਸੂਬੇ ਦੇ ਠੇਕੇਦਾਰਾਂ ਅਤੇ ਸਕੂਲ ਪ੍ਰਬੰਧਕਾਂ ਨੇ ਸਰਕਾਰ ''''ਤੇ ਇਹ ਇਲਜ਼ਾਮ ਲਗਾਏ ਸਨ ਅਤੇ ਪ੍ਰਧਾਨ ਮੰਤਰੀ ਨੂੰ ਵੀ ਪੱਤਰ ਲਿਖ ਕੇ ਇਸ ਬਾਰੇ ਜਾਣੂ ਵੀ ਕਰਵਾਇਆ ਸੀ।
ਸੂਬੇ ਦੀ ਸਿਆਸਤ ''''ਤੇ ਨਜ਼ਰ ਰੱਖਣ ਵਾਲੇ ਸਿਆਸੀ ਵਿਸ਼ਲੇਸ਼ਕਾਂ ਦਾ ਵੀ ਮੰਨਣਾ ਹੈ ਕਿ ਭਾਜਪਾ ਤੇ ਕਾਂਗਰਸ ਨੇ ਇਸ ਵਾਰ ਭਾਜਪਾ ਦੇ ਇਲਜ਼ਾਮਾਂ ''''ਤੇ ਪ੍ਰਤੀਕਿਰਿਆ ਦੇਣ ਦੀ ਬਜਾਏ ਸੂਬੇ ''''ਚ ਚੋਣਾਂ ਦਾ ਏਜੰਡਾ ਤੈਅ ਕੀਤਾ ਹੈ।
ਮੁੱਖ ਮੰਤਰੀ ਬਸਾਵਰਾਜ ਬੋਮਈ ਦੀ ਅਗਵਾਈ ਹੇਠ ਸੱਤਾਧਾਰੀ ਭਾਜਪਾ ਕਾਂਗਰਸ ਦੇ ਇਲਜ਼ਾਮਾਂ ਖ਼ਿਲਾਫ਼ ਕੋਈ ਠੋਸ ਜਵਾਬ ਨਹੀਂ ਦੇ ਸਕੀ।
ਇੱਕ ਪ੍ਰਸਿੱਧ ਪੇਮੈਂਟ ਐਪ ਦੀ ਮੁਹਿੰਮ ਦਾ ਸਹਾਰਾ ਲੈਂਦਿਆਂ, ਕਾਂਗਰਸ ਨੇ ਸੂਬੇ ਵਿੱਚ ਮੁੱਖ ਮੰਤਰੀ ਨੂੰ ਘੇਰਨ ਲਈ ''''ਪੇਅਸੀਐੱਮ ਮੁਹਿੰਮ ਚਲਾਈ'''' ਜਿਸ ਦਾ ਭਾਜਪਾ ਨੂੰ ਕੋਈ ਤੋੜ ਨਾ ਮਿਲ ਸਕਿਆ।
ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਚੋਣ ਪ੍ਰੋਗਰਾਮ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਨੇ ਸਰਕਾਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਆਲੇ-ਦੁਆਲੇ ਆਪਣੀ ਚੋਣ ਮੁਹਿੰਮ ਤਿਆਰ ਕਰ ਲਈ ਸੀ।
ਕਾਂਗਰਸ ਨੇ ਕਈ ਕਲਿਆਣਕਾਰੀ ਯੋਜਨਾਵਾਂ ਦਾ ਬਲੂਪ੍ਰਿੰਟ ਵੀ ਪੇਸ਼ ਕੀਤਾ, ਜਿਸ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲੋਚਨਾ ਕਰਦਿਆਂ ਇਸ ਨੂੰ ‘ਮੁਫ਼ਤ ਦਾ ਲਾਲਚ’ ਦੇਣ ਵਾਲੇ ਸਭਿਆਚਾਰ ਦੱਸਿਆ ਸੀ।
ਕਾਂਗਰਸ ਪਾਰਟੀ ਨੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਰੇਕ ਪਰਿਵਾਰ ਲਈ ਹਰ ਮਹੀਨੇ ਦੱਸ ਕਿਲੋ ਚੌਲ, ਅਜਿਹੇ ਪਰਿਵਾਰਾਂ ਦੀਆਂ ਔਰਤਾਂ ਨੂੰ ਲਈ ਪ੍ਰਤੀ ਮਹੀਨਾ 2 ਹਜ਼ਾਰ ਰੁਪਏ ਦੀ ਆਰਥਿਕ ਮਦਦ ਅਤੇ ਗ੍ਰੈਜੂਰੇਟ ਅਤੇ ਡਿਪਲੋਮਾਧਾਰੀ ਬੇਰੁਜ਼ਗਾਰਾਂ ਲਈ ਦੋ ਸਾਲ ਤੱਕ ਬੇਰੁਜ਼ਗਾਰੀ ਭੱਤਾ ਦੇਣ ਵਰਗੀਆਂ ਲੋਕ ਲੁਭਾਊ ਯੋਜਨਾਵਾਂ ਦਾ ਐਲਾਨ ਕੀਤਾ ਹੈ।
ਭਾਰਤੀ ਜਨਤਾ ਪਾਰਟੀ ਨੇ ਇਨ੍ਹਾਂ ਵਾਅਦਿਆਂ ਨੂੰ ਖੋਖਲਾ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਹੈ ਅਤੇ ਨਾਲ ਹੀ ਕਿਹਾ ਕਿ ਅਜਿਹੇ ਵਾਅਦੇ ਪੂਰੇ ਨਹੀਂ ਹੋ ਸਕਦੇ ਹਨ।
ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨੇ ਇਨ੍ਹਾਂ ਯੋਜਨਾਵਾਂ ਨੂੰ ਲੋਕ-ਲੁਭਾਊ ਯੋਜਨਾਵਾਂ ਦੀ ਥਾਂ ਵਿੱਤੀ ਪ੍ਰੋਗਰਾਮ ਦੱਸ ਕੇ ਇਨ੍ਹਾਂ ਦਾ ਬਚਾਅ ਕੀਤਾ ਹੈ।
ਬੀਬੀਸੀ ਹਿੰਦੀ ਨੂੰ ਦਿੱਤੀ ਇੱਕ ਇੰਟਰਵਿਊ ’ਚ ਇਨ੍ਹਾਂ ਪ੍ਰਸਤਾਵਿਤ ਯੋਜਨਾਵਾਂ ਦਾ ਦਾ ਪੱਖ ਪੂਰਦਿਆਂ, ਉਨ੍ਹਾਂ ਕਿਹਾ ਅਜਿਹਾ ਕਰਨਾ ਸੰਭਵ ਹੈ ਕਿਉਂਕਿ ਇਨ੍ਹਾਂ ਯੋਜਨਾਵਾਂ ਨਾਲ ਮਹਿਜ਼ 50 ਹਜ਼ਾਰ ਕਰੋੜ ਰੁਪਏ ਦਾ ਹੀ ਵਾਧੂ ਭਾਰ ਪਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ 3.10 ਲੱਖ ਕਰੋੜ ਰੁਪਏ ਦੇ ਸਾਲਾਨਾ ਬਜਟ ’ਚੋਂ ਹਰ ਸਾਲ 20 ਤੋਂ 25 ਹਜ਼ਾਰ ਕਰੋੜ ਰੁਪਏ ਇਕੱਠੇ ਕੀਤੇ ਜਾ ਸਕਦੇ ਹਨ।
ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ’ਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਹਰ ਪਰਿਵਾਰ ਨੂੰ ਸਾਲ ’ਚ ਤਿੰਨ ਗੈਸ ਸਿਲੰਡਰ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ। ਪਾਰਟੀ ਨੇ ਇਹ ਸਿਲੰਡਰ ਉਗਾਡੀ, ਗਣੇਸ਼ ਚਤੁਰਥੀ ਅਤੇ ਦੀਵਾਲੀ ਵਰਗੇ ਤਿਉਹਾਰਾਂ ਮੌਕੇ ਦੇਣ ਦਾ ਵਾਅਦਾ ਕੀਤਾ ਹੈ।
ਭਾਜਪਾ ਨੇ ਹਰੇਕ ਨਗਰ ਕੌਂਸਲ ਵਾਰਡ ’ਚ ਅਟਲ ਅਹਾਰ ਕੇਂਦਰ ਸਥਾਪਿਤ ਕਰਨਾ ਦਾ ਵਾਅਦਾ ਵੀ ਕੀਤਾ ਹੈ। ਇਨ੍ਹਾਂ ਕੇਂਦਰਾਂ ’ਚ ਲੋਕਾਂ ਨੂੰ ਸਸਤੇ ਭਾਅ ’ਤੇ ਭੋਜਨ ਮੁਹੱਈਆ ਕਰਵਾਇਆ ਜਾਵੇਗਾ।
ਇਸ ਤੋਂ ਇਲਾਵਾ ਪਾਰਟੀ ਨੇ ਪ੍ਰਤੀ ਦਿਨ ਅੱਧਾ ਕਿਲੋ ਨੰਦਨੀ ਦੁੱਧ, ਹਰ ਮਹੀਨੇ ਪੰਜ ਕਿਲੋ ਮੋਟਾ ਅਨਾਜ ਅਤੇ ਬੇਘਰ ਗਰੀਬਾਂ ਲਈ 10 ਲੱਖ ਘਰ ਬਣਾਉਣ ਦਾ ਵਾਅਦਾ ਵੀ ਕੀਤਾ ਹੈ।
ਕਰਨਾਟਕ ਵਿਧਾਨ ਸਭਾ ਚੋਣਾਂ - 2023
ਸੂਬੇ ਦੇ 5.3 ਕਰੋੜ ਵੋਟਰ ਸਿਆਸੀ ਪਾਰਟੀਆਂ ਦੀ ਕਿਸਮਤ ਤੈਅ ਕਰਨਗੇ
ਵੋਟਿੰਗ- 10 ਮਈ ਨੂੰ
ਨਤੀਜੇ-13 ਮਈ ਨੂੰ
ਹਮਲਾਵਰ ਹੋਈ ਚੋਣ ਮੁਹਿੰਮ
ਪਰ ਕਾਂਗਰਸ ਦੇ ਚੋਣ ਮਨੋਰਥ ਪੱਤਰ ’ਚ ਇੱਕ ਛੋਟੇ ਜਿਹੇ ਪੈਰਾਗ੍ਰਾਫ਼ ਨੇ ਉਸ ਨੂੰ ਪ੍ਰਧਾਨ ਮੰਤਰੀ ਮਰਿੰਦਰ ਮੋਦੀ ਦੇ ਨਿਸ਼ਾਨੇ ’ਤੇ ਲਿਆ ਦਿੱਤਾ ਹੈ।
ਦਰਅਸਲ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ’ਚ ਬਜਰੰਗ ਦਲ, ਪਾਪੂਲਰ ਫ਼ਰੰਟ ਆਫ਼ ਇੰਡੀਆ (ਪੀਐਫਆਈ) ਅਤੇ ਹੋਰ ਸੰਗਠਨਾਂ ਵਿਰੁੱਧ ਕਾਰਵਾਈ ਦਾ ਵਾਅਦਾ ਕੀਤਾ ਹੈ।
ਕਾਂਗਰਸ ਵੱਲੋਂ ਬਜਰੰਗ ਦਲ ਦੀ ਤੁਲਨਾ ਪਾਬੰਦੀਸ਼ੁਦਾ ਸੰਗਠਨ ਪੀਐੱਫ਼ਆਈ ਨਾਲ ਕਰਨ ਕਰਕੇ ਭਾਜਪਾ ਨੇ ਕਾਂਗਰਸ ਪਾਰਟੀ ਖ਼ਿਲਾਫ਼ ਹਮਲਾਵਰ ਰੁਖ਼ ਅਖਤਿਆਰ ਕੀਤਾ ਹੈ। ਪੀਐੱਫ਼ਆਈ ’ਤੇ ‘ਕਥਿਤ ਅੱਤਵਾਦੀ ਸੰਗਠਨਾਂ’ ਤੋਂ ਫੰਡ ਲੈਣ ਦੇ ਇਲਜ਼ਾਮ ਵੀ ਲੱਗੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀਆਂ ਚੋਣ ਰੈਲੀਆਂ ਦੀ ਸ਼ੁਰੂਆਤ ਜੈ ਬਜਰੰਗ ਬਲੀ ਦਾ ਨਾਅਰਾ ਲਗਾ ਕੇ ਕੀਤੀ।
ਨਰਿੰਦਰ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਉਹ ਵੋਟ ਪਾਉਣ ਲਈ ਜਾਣ ਤਾਂ ਜੈ ਬਜਰੰਗ ਬਲੀ ਦਾ ਨਾਅਰਾ ਲਗਾ ਕੇ ਹੀ ਵੋਟ ਪਾਉਣ।
ਕਾਂਗਰਸ ਨੇ ਇਸ ਦਾ ਜਵਾਬ , ਸਾਲ 2014 ’ਚ ਗੋਆ ਦੇ ਤਤਕਾਲੀ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਸ਼੍ਰੀ ਰਾਮ ਸੈਨਾ ਸੰਗਠਨ ’ਤੇ ਪਾਬੰਦੀ ਲਗਾਉਣ ਦੀ ਤੁਲਨਾ ਕਰਕੇ ਦਿੱਤਾ।
ਮਨੋਹਰ ਪਾਰੀਕਰ ਭਾਜਪਾ ਦੇ ਹੀ ਮੁੱਖ ਮੰਤਰੀ ਸਨ। ਕਾਂਗਰਸ ਨੇ ਦਲੀਲ ਦਿੱਤੀ ਹੈ, “ ਕੀ ਜਦੋਂ ਗੋਆ ’ਚ ਸ਼੍ਰੀ ਰਾਮ ਸੈਨਾ ਸੰਗਠਨ ’ਤੇ ਪਾਬੰਦੀ ਲਗਾਈ ਗਈ ਸੀ, ਉਸ ਸਮੇਂ ਪ੍ਰਧਾਨ ਮੰਤਰੀ ਨੇ ਇਸ ਨੂੰ ਭਗਵਾਨ ਰਾਮ ਦਾ ਅਪਮਾਨ ਕਿਹਾ ਸੀ?”
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਇੱਕ ਪ੍ਰੈਸ ਕਾਨਫਰੰਸ ’ਚ ਕਿਹਾ, “ ਉਸ ਸਮੇਂ ਅਜਿਹਾ ਕੁਝ ਵੀ ਨਹੀਂ ਕਿਹਾ ਗਿਆ ਸੀ। ਹੁਣ ਇਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।”
“ਬਜਰੰਗ ਦਲ ਦੀ ਤੁਲਨਾ ਬਜਰੰਗ ਬਲੀ ਨਾਲ ਨਹੀਂ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਬਜਰੰਗ ਦਲ, ਬਜਰੰਗ ਬਲੀ ਬਣ ਸਕਦਾ ਹੈ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਨਾਟਕ ’ਚ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਦੇ ਸਭ ਤੋਂ ਗੰਭੀਰ ਆਗੂਆਂ ਦੀ ਸ਼੍ਰੇਣੀ ’ਚ ਮੰਨੇ ਜਾਂਦੇ ਪਾਰਟੀ ਪ੍ਰਧਾਨ ਮਲਿੱਕਾਰਜੁਨ ਖੜਗੇ ਨੇ ਮੋਦੀ ਖ਼ਿਲਾਫ਼ ਬੋਲਦਿਆਂ, ਉਨ੍ਹਾਂ ਨੂੰ ‘ਜ਼ਹਿਰੀਲਾ ਸੱਪ’ ਕਿਹਾ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੁਣ ਤੱਕ 91 ਵਾਰ ਉਨ੍ਹਾਂ ਨੂੰ ਗਾਲ਼ਾਂ ਕੱਢ ਚੁੱਕੀ ਹੈ।
ਇਸ ਤੋਂ ਅਗਲੇ ਹੀ ਦਿਨ ਮੋਦੀ ਨੇ ਆਪਣੇ ਭਾਸ਼ਣ ’ਚ ਕਿਹਾ, “ ਉਨ੍ਹਾਂ ਨੇ ਮੈਨੂੰ ਸੱਪ ਕਿਹਾ ਹੈ, ਪਰ ਸੱਪ ਤਾਂ ਭਗਵਾਨ ਸ਼ਿਵ ਦੇ ਗਲ਼ੇ ਦਾ ਹਾਰ ਹੈ। ਮੈਂ ਇਸ ਦੇਸ਼ ਦੇ ਲੋਕਾਂ ਅਤੇ ਕਰਨਾਟਕ ਦੇ ਲੋਕਾਂ ਨੂੰ ਸ਼ਿਵ ਮੰਨਦਾ ਹਾਂ। ਇਸ ਲਈ ਮੈਂ ਇਸ ਬਿਆਨ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ।”
ਇਸ ਤੋਂ ਅਗਲੇ ਹੀ ਦਿਨ ਪ੍ਰਿਯਾਂਕ ਖੜਗੇ ਨੇ ਪੀਐੱਮ ਮੋਦੀ ਨੂੰ ‘ਨਾਲਾਇਕ ਬੇਟਾ’ ਕਿਹਾ। ਇਸ ਨਾਲ ਪੀਐੱਮ ਮੋਦੀ ਨੂੰ ਇੱਕ ਹੋਰ ਸੌਖਾ ਮੁੱਦਾ ਮਿਲ ਗਿਆ। ਪ੍ਰਿਯਾਂਕ ਖੜਗੇ ਚਿੱਤਾਪੁਰ ਵਿਧਾਨਸਭਾ ਸੀਟ ਤੋਂ ਮੁੜ ਚੁਣੇ ਜਾਣ ਲਈ ਚੋਣ ਮੈਦਾਨ ’ਚ ਨਿਤਰੇ ਹਨ।
ਕੀ ਕਾਂਗਰਸ ਦੇ ਸਾਹਮਣੇ ਚਾਹਵਾਲਾ ਵਿਵਾਦ ਵਰਗੀ ਸਥਿਤੀ ਪੈਦਾ ਹੋ ਗਈ ਹੈ?
ਸਾਲ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਦੋਂ ਭਾਜਪਾ ਨੇ ਨਰਿੰਦਰ ਮੋਦੀ ਦਾ ਨਾਮ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵੱਜੋਂ ਐਲਾਨਿਆ ਸੀ ਤਾਂ ਉਸ ਤੋਂ ਕੁਝ ਦਿਨ ਬਾਅਦ ਹੀ ਕਾਂਗਰਸ ਦੇ ਤਤਕਾਲੀ ਸੀਨੀਅਰ ਆਗੂ ਮਣੀਸ਼ੰਕਰ ਅਈਅਰ ਨੇ ਮੋਦੀ ਨੂੰ ਚਾਹਵਾਲਾ ਕਹਿ ਦਿੱਤਾ ਸੀ।
ਇਸ ਤੋਂ ਬਾਅਦ ਭਾਜਪਾ ਨੇ ਕਾਂਗਰਸ ਦੇ ਖ਼ਿਲਾਫ਼ ‘ਚਾਹ ’ਤੇ ਚਰਚਾ’ ਨਾਮ ਦੀ ਇੱਕ ਹਮਲਾਵਰ ਚੋਣਾਵੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ।
ਕਾਂਗਰਸ ਨੂੰ ਚੋਣਾਂ ਦੌਰਾਨ ਇਸ ਦਾ ਨੁਕਸਾਨ ਵੀ ਭੁਗਤਣਾ ਪਿਆ ਸੀ।
ਅਜਿਹੇ ’ਚ ਸਵਾਲ ਇਹ ਉੱਠ ਰਿਹਾ ਹੈ ਕਿ ਕਾਂਗਰਸ ’ਚ ਚੱਲ ਰਹੇ ਤਾਜ਼ਾ ਸਿਆਸੀ ਵਿਵਾਦਾਂ ਦਾ ਕਾਂਗਰਸ ਅਤੇ ਭਾਜਪਾ ਦੇ ਲਈ ਚੋਣਾਂ ’ਚ ਕੀ ਪ੍ਰਭਾਵ ਪੈ ਸਕਦਾ ਹੈ।
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਸ ਦਾ ਚੋਣਾਂ ’ਤੇ ਕੋਈ ਖ਼ਾਸਾ ਪ੍ਰਭਾਵ ਨਹੀਂ ਪਵੇਗਾ।
ਸਿਆਸੀ ਵਿਸ਼ਲੇਸ਼ਕ ਡੀ ਉਮਾਪਥੀ ਦਾ ਕਹਿਣਾ ਹੈ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਭਾਜਪਾ ਸੂਬੇ ’ਚ ਧਰੁਵੀਕਰਨ ਦੀ ਆਪਣੀ ਮੁਹਿੰਮ ਨੂੰ ਛੱਡ ਚੁੱਕੀ ਸੀ।”
“ਪਾਰਟੀ ਨੇ ਸੂਬੇ ’ਚ ਧਾਰਮਿਕ ਧਰੁਵੀਕਰਨ ਦੇ ਆਪਣੇ ਏਜੰਡੇ ਨੂੰ ਛੱਡ ਦਿੱਤਾ ਕਿਉਂਕਿ ਪਾਰਟੀ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਹ ਮੁੱਦਾ ਵਧੇਰੇ ਲਾਭ ਨਹੀਂ ਦੇਵੇਗਾ।”
ਉਨ੍ਹਾਂ ਕਿਹਾ, “ਲੋਕਾਂ ਦੇ ਸਾਹਮਣੇ ਰੋਜ਼ੀ-ਰੋਟੀ ਅਤੇ ਮਹਿੰਗਾਈ ਦਾ ਸਵਾਲ ਸੀ, ਬੇਰੁਜ਼ਗਾਰੀ ਵੱਡਾ ਮੁੱਦਾ ਸੀ। ਇਸ ਤੋਂ ਇਲਾਵਾ ਭਾਜਪਾ ਸਰਕਾਰ ਵਿਰੋਧੀ ਲਹਿਰ ਦਾ ਵੀ ਸਾਹਮਣਾ ਕਰ ਰਹੀ ਸੀ।”
ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ’ਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਏ ਨਾਰਾਇਣ ਵੀ ਉਮਾਪਥੀ ਦੀ ਇਸ ਗੱਲ ਨਾਲ ਸਹਿਮਤ ਨਜ਼ਰ ਆਉਂਦੇ ਹਨ।
ਪ੍ਰੋ. ਨਾਰਾਇਣ ਦਾ ਕਹਿਣਾ ਹੈ, “ ਮੈਨੂੰ ਨਹੀਂ ਲੱਗਦਾ ਕਿ ਅਜਿਹੇ ਵਿਵਾਦਾ ਦਾ ਜ਼ਮੀਨੀ ਪੱਧਰ ’ਤੇ ਕੋਈ ਖਾਸਾ ਅਸਰ ਪਵੇਗਾ।”
ਨਾਰਾਇਣ ਕਹਿੰਦੇ ਹਨ,“ ਹਾਲ ਹੀ ਦੇ ਸਮੇਂ ਦੌਰਾਨ ਮੈਂ ਪਿੰਡਾਂ ’ਚ ਲੋਕਾਂ ਨਾਲ ਗੱਲਬਾਤ ਕੀਤੀ ਹੈ ਅਤੇ ਮੈਨੂੰ ਇਹ ਸਮਝ ਆ ਗਿਆ ਹੈ ਕਿ ਬਜਰੰਗ ਦਲ ਜਾਂ ਅਜਿਹੇ ਹੀ ਹੋਰਨਾਂ ਮੁੱਦਿਆਂ ਦਾ ਜ਼ਮੀਨੀ ਪੱਧਰ ’ਤੇ ਕੋਈ ਬਹੁਤਾ ਪ੍ਰਭਾਵ ਨਹੀਂ ਹੈ। ਲੋਕ ਕੋਈ ਸਵਾਲ ਪੁੱਛਣ ਤੋਂ ਪਹਿਲਾਂ ਹੀ ਸੂਬੇ ’ਚ ਭਾਜਪਾ ਸਰਕਾਰ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੰਦੇ ਹਨ।”
ਉੱਥੇ ਹੀ ਪ੍ਰੋਫ਼ੈਸਰ ਸ਼ਾਸਤਰੀ ਨੇ ਇਸ ਤੋਂ ਪਹਿਲਾਂ ਇੱਕ ਇੰਟਰਵਿਊ ’ਚ ਕਿਹਾ ਸੀ ਕਿ ਚੋਣ ਪ੍ਰਚਾਰ ਦੇ ਆਖ਼ਰੀ ਹਫ਼ਤੇ ’ਚ ਪਤਾ ਲੱਗੇਗਾ ਕਿ ਕਾਂਗਰਸ ਭਾਜਪਾ ਦੇ ਹਮਲੇ ਦਾ ਮੁਕਾਬਲਾ ਕਰ ਪਾਉਂਦੀ ਹੈ ਜਾਂ ਫ਼ਿਰ ਨਹੀਂ।
ਸ਼ਾਸਤਰੀ ਕਹਿੰਦੇ ਹਨ, “ਹੁਣ ਅਜਿਹਾ ਲੱਗਦਾ ਹੈ ਕਿ ਕਾਂਗਰਸ ਨੇ ਭਾਜਪਾ ਦੇ ਹਮਲਿਆਂ ਨੂੰ ਸਹਾਰ ਲਿਆ ਹੈ।”
ਪ੍ਰੋਫ਼ੈਸਰ ਸ਼ਾਸਤਰੀ ਲੋਕਨੀਤੀ ਨੈੱਟਵਰਕ ਦੇ ਸਹਿ-ਨਿਰਦੇਸ਼ਕ ਵੀ ਹਨ। ਲੋਕਨੀਤੀ ਨੈੱਟਵਰਕ ਨੇ ਸੀਐੱਸਡੀਐੱਸ ਦੇ ਨਾਲ ਮਿਲ ਕੇ ਐੱਨਡੀਟੀਵੀ ਚੈਨਲ ਦੇ ਲਈ ਚੋਣ ਸਰਵੇਖਣ ਕੀਤਾ ਹੈ।
ਇਸ ਸਰਵੇਖਣ ਤੋਂ ਸੰਕੇਤ ਮਿਲੇ ਹਨ ਕਿ ਸੂਬੇ ’ਚ ਭਾਜਪਾ ਨੂੰ 61 ਫ਼ੀਸਦੀ ਸਰਕਾਰ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋਂ ਇਲਾਵਾ 57 ਫ਼ੀਸਦ ਲੋਕ ਭਾਜਪਾ ਸਰਕਾਰ ਦੀ ਵਾਪਸੀ ਨਹੀਂ ਚਾਹੁੰਦੇ ਹਨ ਅਤੇ ਮੁੱਖ ਮੰਤਰੀ ਦੇ ਅਹੁਦੇ ਲਈ ਸਭ ਤੋਂ ਪਸੰਦੀਦਾ ਆਗੂ ਸਿੱਧਰਮਈਆ ਹਨ।
ਮੁੱਖ ਮੰਤਰੀ ਬਸਾਵਰਾਜ ਬੋਮਈ ਨੂੰ ਮਹਿਜ਼ 22 ਫ਼ੀਸਦ ਲੋਕ ਹੀ ਵਾਪਸ ਅਹੁਦੇ ’ਤੇ ਚਾਹੁੰਦੇ ਹਨ। ਜਦਕਿ ਜੇਡੀਐੱਸ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਨੂੰ 15 ਫ਼ੀਸਦ ਲੋਕ ਪਸੰਦ ਕਰ ਰਹੇ ਹਨ।
ਯੇਦੀਯੁਰੱਪਾ ਇਸ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ’ਚ ਨਹੀਂ ਹਨ। ਸੂਬੇ ਦੇ 5 ਫ਼ੀਸਦ ਲੋਕ ਚਾਹੁੰਦੇ ਹਨ ਕਿ ਉਹ ਮੁੱਖ ਮੰਤਰੀ ਬਣਨ ਜਦਕਿ ਕਾਂਗਰਸ ਆਗੂ ਡੀ ਕੇ ਸ਼ਿਵਕੁਮਾਰ 4 ਫ਼ੀਸਦ ਲੋਕਾਂ ਦੀ ਪਸੰਦ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)