ਪਾਕਿਸਤਾਨ: ਈਸ਼ਨਿੰਦਾ ਦੇ ਇਲਜ਼ਾਮ ''''ਚ ਮਸਜਿਦ ਦੇ ਇਮਾਮ ਦੀ ਭੀੜ ਵੱਲੋਂ ਕੁੱਟਮਾਰ ਮਗਰੋਂ ਮੌਤ, ਈਸ਼ਨੰਦਾ ਕੀ ਹੈ ਤੇ ਇਸ ਬਾਰੇ ਕਾਨੂੰਨ ਕੀ ਹੈ
Sunday, May 07, 2023 - 06:33 PM (IST)
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਮਰਦਾਨ ਸ਼ਹਿਰ ''''ਚ ਇੱਕ ਵਿਅਕਤੀ ਦੀ ਈਸ਼ਨਿੰਦਾ ਦੇ ਇਲਜ਼ਾਮ ਕਾਰਨ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਇਸ ਵਿਅਕਤੀ ਨੇ ਇੱਕ ਸਿਆਸੀ ਰੈਲੀ ''''ਚ ਭਾਸ਼ਣ ਦਿੱਤਾ ਸੀ ਜਿਸ ਕਾਰਨ ਭੀੜ ਗੁੱਸੇ ਵਿੱਚ ਸੀ।
ਮਰਦਾਨ ਦੇ ਪੁਲਿਸ ਅਧਿਕਾਰੀ ਨਜੀਬੁਰ ਰਹਿਮਾਨ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਮੌਲਾਨਾ ਨਿਗਾਰ ਅਲੀ ਨਾਂ ਦੇ ਇਸ ਵਿਅਕਤੀ ਨੇ ਇੱਕ ਸਿਆਸੀ ਪਾਰਟੀ ਦੀ ਰੈਲੀ ''''ਚ ਉੱਥੇ ਹਾਜ਼ਰ ਇੱਕ ਨੇਤਾ ਬਾਰੇ ਕੁਝ ਸ਼ਬਦ ਬੋਲੇ ਸਨ, ਜਿਸ ਨਾਲ ਲੋਕ ਭੜਕ ਗਏ ਸਨ।
ਪੁਲਿਸ ਨੇ ਹਾਲੇ ਤੱਕ ਮਾਮਲਾ ਦਰਜ ਨਹੀਂ ਕੀਤਾ ਹੈ। ਹਾਲਾਂਕਿ, ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਵੱਖ-ਵੱਖ ਸਰੋਤਾਂ ਤੋਂ ਘਟਨਾ ''''ਚ ਸ਼ਾਮਲ ਲੋਕਾਂ ਦੀ ਪਛਾਣ ਕਰ ਰਹੇ ਹਨ।
ਪੁਲਿਸ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।
ਬੀਬੀਸੀ ਪੱਤਰਕਾਰ ਅਜ਼ੀਜ਼ਉੱਲ੍ਹਾ ਖ਼ਾਨ ਮੁਤਾਬਕ ਮਾਰੇ ਗਏ ਮੌਲਾਨਾ ਨਿਗਾਰ ਅਲੀ ਸਥਾਨਕ ਮਸਜਿਦ ਦੇ ਇਮਾਮ ਸਨ। ਉਨ੍ਹਾਂ ਦੀ ਲਾਸ਼ ਨੂੰ ਸਥਾਨਕ ਹਸਪਤਾਲ ਭੇਜ ਦਿੱਤਾ ਗਿਆ ਹੈ।
ਮਰਦਾਨ ਪੁਲਿਸ ਦੇ ਇੱਕ ਅਧਿਕਾਰੀ ਨੇ ਪੱਤਰਕਾਰ ਮੁਹੰਮਦ ਜ਼ੁਬੈਰ ਖ਼ਾਨ ਨੂੰ ਦੱਸਿਆ ਕਿ ਜਦੋਂ ਮੌਲਾਨਾ ਨਿਗਾਰ ਅਲੀ ਦੇ ਭਾਸ਼ਣ ਨੂੰ ਲੈ ਕੇ ਲੋਕ ਗੁੱਸੇ ਵਿੱਚ ਆ ਗਏ ਤਾਂ ਮੌਕੇ ''''ਤੇ ਮੌਜੂਦ ਅਧਿਕਾਰੀਆਂ ਨੇ ਉਨ੍ਹਾਂ ਨੂੰ ਭੀੜ ਤੋਂ ਬਚਾਇਆ ਅਤੇ ਨੇੜੇ ਦੀ ਇੱਕ ਦੁਕਾਨ ਵਿੱਚ ਲੈ ਗਏ।
ਇਸ ਅਧਿਕਾਰੀ ਦਾ ਕਹਿਣਾ ਹੈ ਕਿ ਕਈ ਵਿਦਵਾਨ ਅਤੇ ਆਗੂ ਵੀ ਉਥੇ ਪਹੁੰਚ ਗਏ ਸਨ। ਉੱਥੇ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਹੋਰ ਪੁਲਿਸ ਬੁਲਾਈ ਗਈ।
ਪੁਲਿਸ ਅਨੁਸਾਰ ਜਦੋਂ ਗੱਲਬਾਤ ਚੱਲ ਰਹੀ ਸੀ ਤਾਂ ਗੁੱਸੇ ਵਿੱਚ ਆਈ ਭੀੜ ਨੇ ਦੁਕਾਨ ''''ਤੇ ਹਮਲਾ ਕਰ ਦਿੱਤਾ। ਮੌਲਾਨਾ ਨਿਗਾਰ ਨੂੰ ਜ਼ਬਰਦਸਤੀ ਦੁਕਾਨ ਤੋਂ ਬਾਹਰ ਕੱਢ ਲਿਆ ਗਿਆ ਅਤੇ ਕੁੱਟਮਾਰ ਕਰਦੇ ਹੋਏ ਆਪਣੇ ਨਾਲ ਲੈ ਗਏ।
ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਰੋਹ ਵਿੱਚ ਆਏ ਲੋਕਾਂ ਨੂੰ ਪੁਲਿਸ ਰੋਕ ਨਹੀਂ ਪਾਈ।
ਹਾਲਾਂਕਿ, ਪੁਲਿਸ ''''ਰਾਜਨੀਤਿਕ ਪਾਰਟੀ ਦੇ ਹੋਰ ਨੇਤਾਵਾਂ ਨੂੰ ਸੁਰੱਖਿਅਤ ਰੱਖਣ ਵਿੱਚ ਕਾਮਯਾਬ ਰਹੀ।
ਪੁਲਿਸ ਨੇ ਕਿਹਾ ਕਿ ਭੀੜ ਇੰਨੀ ਗੁੱਸੇ ਵਿੱਚ ਸੀ ਕਿ ਉਹ ਲਾਸ਼ ਨੂੰ ਸੌਂਪਣ ਲਈ ਤਿਆਰ ਨਹੀਂ ਸੀ। ਪਰ ਆਖਿਰ ਵਿੱਚ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਹਸਪਤਾਲ ਲੈ ਗਏ।
ਸੂਬੇ ਦੀ ਸਰਕਾਰ ਨੇ ਕੀ ਕਿਹਾ?
ਖੈਬਰ ਪਖਤੂਨਖਵਾ ਦੇ ਕਾਰਜਕਾਰੀ ਮੁੱਖ ਮੰਤਰੀ ਮੁਹੰਮਦ ਆਜ਼ਮ ਖਾਨ ਨੇ ਮਰਦਾਨ ''''ਚ ਵਾਪਰੀ ਘਟਨਾ ''''ਤੇ ਅਫਸੋਸ ਪ੍ਰਗਟ ਕੀਤਾ ਹੈ।
ਮੁਹੰਮਦ ਆਜ਼ਮ ਖਾਨ ਨੇ ਕਿਹਾ ਕਿ ਸਿਆਸੀ ਇਕੱਠਾਂ ਨੂੰ ਸਿਆਸੀ ਬਿਆਨਾਂ ਤੱਕ ਸੀਮਤ ਰੱਖਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਸਿਆਸੀ ਮਾਮਲਿਆਂ ਨੂੰ ਧਾਰਮਿਕ ਰੰਗਤ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਲੋਕਾਂ ਨੂੰ ਕਾਨੂੰਨ ਨੂੰ ਹੱਥ ਵਿੱਚ ਲੈਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ, "ਅਜਿਹੇ ਮਾਮਲਿਆਂ ਵਿੱਚ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦੀ ਹੈ। ਮੌਜੂਦਾ ਸਥਿਤੀ ਵਿੱਚ ਸਬਰ ਰੱਖਣ ਦੀ ਲੋੜ ਹੈ।"
ਮੁੱਖ ਮੰਤਰੀ ਨੇ ਕਿਹਾ ਕਿ ਘਟਨਾ ਦੇ ਸੰਦਰਭ ਵਿੱਚ ਵਿਦਵਾਨਾਂ ਦੀ ਭੂਮਿਕਾ ਬਹੁਤ ਅਹਿਮ ਹੈ।
ਉਨ੍ਹਾਂ ਕਿਹਾ ਉਲੇਮਾਂ ਨੂੰ ਅੱਗੇ ਆ ਕੇ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਈਸ਼ਨਿੰਦਾ ਕਾਨੂੰਨ ਬਾਰੇ ਖਾਸ ਗੱਲਾਂ:
- ਦੁਨੀਆਂ ਦੇ ਕਈ ਦੇਸ਼ਾਂ ਵਿੱਚ ਈਸ਼ਨਿੰਦਾ ਕਾਨੂੰਨ ਬਣਿਆ ਹੋਇਆ ਹੈ
- ਇੱਕ ਰਿਪੋਰਟ ਮੁਤਾਬਕ ਦੁਨੀਆਂ ਦੇ 26 ਫੀਸਦੀ ਦੇਸ਼ਾਂ ''''ਚ ਧਰਮ ਦੇ ਅਪਮਾਨ ਨਾਲ ਸਬੰਧਤ ਕਾਨੂੰਨ ਹਨ
- ਪਾਕਿਸਤਾਨ ਵਿੱਚ 1982 ’ਚ ਕੁਰਾਨ ਦੀ ਬੇਅਦਬੀ ਲਈ ਉਮਰ ਕੈਦ ਦੀ ਸਜ਼ਾ ਰੱਖੀ ਗਈ ਸੀ
- ਪੈਗੰਬਰ ਮੁਹੰਮਦ ਵਿਰੁੱਧ ਈਸ਼ਨਿੰਦਾ ਕਰਨ ਲਈ ਸਜ਼ਾ-ਏ- ਮੌਤ ਜਾਂ ਉਮਰ ਕੈਦ ਦੀ ਸਿਫ਼ਾਰਸ਼ ਕੀਤੀ ਗਈ ਸੀ
ਈਸ਼ਨਿੰਦਾ ਬਾਰੇ ਕੀ ਹੈ ਕਾਨੂੰਨ ?
ਪਾਕਿਸਤਾਨ ਦੁਨੀਆ ਦਾ ਇਕੱਲਾ ਅਜਿਹਾ ਦੇਸ਼ ਨਹੀਂ ਹੈ ਜਿੱਥੇ ਈਸ਼ਨਿੰਦਾ ਬਾਰੇ ਕਾਨੂੰਨ ਹੈ।
ਰਿਸਰਚ ਇੰਸਟੀਚਿਊਟ ਪਿਊ ਰਿਸਰਚ ਵੱਲੋਂ ਸਾਲ 2015 ''''ਚ ਜਾਰੀ ਕੀਤੀ ਇੱਕ ਰਿਪੋਰਟ ਮੁਤਾਬਕ ਦੁਨੀਆ ਦੇ 26 ਫੀਸਦੀ ਦੇਸ਼ਾਂ ''''ਚ ਧਰਮ ਦੇ ਅਪਮਾਨ ਨਾਲ ਸਬੰਧਤ ਕਾਨੂੰਨ ਹਨ।
ਇਹਨਾਂ ਕਾਨੂੰਨਾਂ ਤਹਿਤ ਸਜ਼ਾ ਦੇ ਪ੍ਰਬੰਧ ਹਨ। ਇਨ੍ਹਾਂ ਦੇਸ਼ਾਂ ਵਿੱਚੋਂ 70% ਦੇਸ਼ ਮੁਸਲਿਮ ਬਹੁਗਿਣਤੀ ਵਾਲੇ ਹਨ।
ਇਨ੍ਹਾਂ ਦੇਸ਼ਾਂ ''''ਚ ਈਸ਼ਨਿੰਦਾ ਦੇ ਦੋਸ਼ ''''ਚ ਜੁਰਮਾਨੇ ਅਤੇ ਕੈਦ ਦੀ ਵਿਵਸਥਾ ਹੈ।
ਹਾਲਾਂਕਿ, ਸਾਊਦੀ ਅਰਬ, ਈਰਾਨ ਅਤੇ ਪਾਕਿਸਤਾਨ ''''ਚ ਇਸ ਅਪਰਾਧ ਲਈ ਮੌਤ ਤੱਕ ਦੀ ਸਜ਼ਾ ਦੀ ਵਿਵਸਥਾ ਹੈ।
ਪਾਕਿਸਤਾਨ ਦਾ ਕਾਨੂੰਨ ਕੀ ਕਹਿੰਦਾ ਹੈ?
ਧਰਮ ਨਾਲ ਸਬੰਧਤ ਅਪਰਾਧਿਕ ਮਾਮਲਿਆਂ ਨੂੰ ਪਹਿਲੀ ਵਾਰ ਬ੍ਰਿਟਿਸ਼ ਰਾਜ ਸਮੇਂ 1860 ਵਿੱਚ ਗਠਿਤ ਕੀਤਾ ਗਿਆ ਸੀ।
ਸਾਲ 1927 ਵਿੱਚ ਇਸਦਾ ਵਿਸਥਾਰ ਕੀਤਾ ਗਿਆ ਸੀ।
ਭਾਰਤ-ਪਾਕਿਸਾਤਨ ਦੀ ਵੰਡ ਤੋਂ ਬਾਅਦ ਪਾਕਿਸਤਾਨ ਨੇ ਇਸ ਨੂੰ ਅਪਣਾ ਲਿਆ ਸੀ।
ਪਾਕਿਸਤਾਨ ਵਿੱਚ ਜ਼ਿਆ-ਉਲ-ਹੱਕ ਦੇ ਫ਼ੌਜੀ ਸ਼ਾਸਨ ਸਮੇਂ 1980 ਤੋਂ 86 ਵਿਚਕਾਰ ਹੋਰ ਧਾਰਾਵਾਂ ਜੋੜੀਆਂ ਗਈਆਂ। ਉਸ ਸਮੇਂ ਉਹ ਇਸ ਦਾ ਇਸਲਾਮੀਕਰਨ ਕਰਨਾ ਚਾਹੁੰਦੇ ਸਨ। ਸਾਲ 1973 ਵਿਚ ਅਹਿਮਦੀ ਭਾਈਚਾਰੇ ਨੂੰ ਗੈਰ-ਮੁਸਲਿਮ ਭਾਈਚਾਰਾ ਐਲਾਨਿਆ ਗਿਆ ਸੀ। ਨਾਲ ਹੀ ਉਹ ਇਸ ਨੂੰ ਕਾਨੂੰਨੀ ਤੌਰ ''''ਤੇ ਵੱਖ ਕਰਨਾ ਚਾਹੁੰਦੇ ਸਨ।
ਇਹ ਅੰਗਰੇਜ਼ਾਂ ਦੇ ਰਾਜ ਸਮੇਂ ਬਣਿਆ ਆਮ ਕਾਨੂੰਨ ਸੀ। ਇਸ ਕਾਨੂੰਨ ਤਹਿਤ ਜੇਕਰ ਕੋਈ ਵਿਅਕਤੀ ਜਾਣਬੁਝ ਕੇ ਕਿਸੇ ਪੂਜਾ ਸਥਾਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਕਿਸੇ ਧਾਰਮਿਕ ਸਮਾਗਮ ਵਿੱਚ ਵਿਘਨ ਪਾਉਂਦਾ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ, ਜੇਕਰ ਕੋਈ ਬੋਲ ਕੇ ਜਾਂ ਲਿਖ ਕੇ ਜਾਂ ਕੁਝ ਦ੍ਰਿਸ਼ਾਂ ਰਾਹੀਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਦਾ ਹੈ, ਤਾਂ ਉਸ ਨੂੰ ਵੀ ਗੈਰ-ਕਾਨੂੰਨੀ ਮੰਨਿਆ ਗਿਆ ਸੀ।
ਇਸ ਕਾਨੂੰਨ ਤਹਿਤ ਇੱਕ ਤੋਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਵਿੱਚ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
ਪਰ 1980 ਦੇ ਦਹਾਕੇ ਦੇ ਸ਼ੁਰੂ ਵਿੱਚ, ਧਾਰਮਿਕ ਮਾਮਲਿਆਂ ਨਾਲ ਜੁੜੇ ਅਪਰਾਧਾਂ ਉਪਰ ਪਾਕਿਸਤਾਨ ਪੀਨਲ ਕੋਡ ਵਿੱਚ ਕਈ ਧਾਰਾਵਾਂ ਜੋੜੀਆਂ ਗਈਆਂ ਸਨ।
ਇਨ੍ਹਾਂ ਧਾਰਾਵਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। ਜਿਸ ਵਿੱਚ ਪਹਿਲਾ ਅਹਿਮਦੀ ਵਿਰੋਧੀ ਕਾਨੂੰਨ ਅਤੇ ਦੂਜਾ ਈਸ਼ਨਿੰਦਾ ਕਾਨੂੰਨ ਸ਼ਾਮਲ ਸੀ।
ਸਾਲ 1984 ਵਿੱਚ ਅਹਿਮਦੀ ਵਿਰੋਧੀ ਕਾਨੂੰਨ ਸ਼ਾਮਿਲ ਕੀਤਾ ਗਿਆ ਸੀ। ਇਸ ਕਾਨੂੰਨ ਦੇ ਤਹਿਤ, ਅਹਿਮਦੀਆਂ ਨੂੰ ਆਪਣੇ ਆਪ ਨੂੰ ਮੁਸਲਮਾਨ ਕਹਿਣ ਜਾਂ ਉਨ੍ਹਾਂ ਵਾਂਗ ਵਿਹਾਰ ਕਰਨ ਅਤੇ ਆਪਣੇ ਧਰਮ ਦਾ ਅਭਿਆਸ ਕਰਨ ਦੀ ਮਨਾਹੀ ਸੀ।
ਈਸ਼ਨਿੰਦਾ ਕਾਨੂੰਨ ਕਈ ਪੜਾਵਾਂ ਵਿੱਚ ਬਣਾਇਆ ਗਿਆ ਅਤੇ ਇਸ ਦਾ ਵਿਸਥਾਰ ਕੀਤਾ ਗਿਆ।
ਸਾਲ 1980 ਵਿੱਚ ਇੱਕ ਧਾਰਾ ਵਿੱਚ ਕਿਹਾ ਗਿਆ ਕਿ ਜੇਕਰ ਕੋਈ ਇਸਲਾਮੀ ਵਿਅਕਤੀ ਵਿਰੁੱਧ ਅਪਮਾਨਜਨਕ ਟਿੱਪਣੀ ਕਰਦਾ ਹੈ ਤਾਂ ਉਸ ਨੂੰ ਤਿੰਨ ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਇਸ ਦੇ ਨਾਲ ਹੀ ਸਾਲ 1982 ਵਿੱਚ ਇੱਕ ਹੋਰ ਧਾਰਾ ਵਿੱਚ ਕਿਹਾ ਗਿਆ ਸੀ ਕਿ ਜੇਕਰ ਕੋਈ ਵਿਅਕਤੀ ਕੁਰਾਨ ਦੀ ਬੇਅਦਬੀ ਕਰਦਾ ਹੈ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ।
ਸਾਲ 1986 ਵਿੱਚ, ਇੱਕ ਵੱਖਰਾ ਸੈਕਸ਼ਨ ਜੋੜਿਆ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਪੈਗੰਬਰ ਮੁਹੰਮਦ ਵਿਰੁੱਧ ਈਸ਼ਨਿੰਦਾ ਕਰਨ ਲਈ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਇਸ ਵਿੱਚ ਮੌਤ ਜਾਂ ਉਮਰ ਕੈਦ ਦੀ ਸਿਫ਼ਾਰਸ਼ ਕੀਤੀ ਗਈ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)