ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਮੁਕੇਸ਼ ਅੰਬਾਨੀ ਦੇ ਗੁਆਂਢੀਆਂ ਦੀ ਕਹਾਣੀ
Sunday, May 07, 2023 - 09:03 AM (IST)
‘ਮੰਨਤ’ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਸ਼ਾਹਰੁਖ, ਸ਼ਾਹਰੁਖ ਦੇ ਨਾਮ ਦਾ ਰੌਲਾ ਪਾ ਰਹੀ ਹੈ। ਪੁਲਿਸ ਪ੍ਰਸ਼ੰਸਕਾਂ ਨੂੰ ਲਾਠੀਆਂ ਦੀ ਮਦਦ ਨਾਲ ਡਰਾ ਕੇ ਪਿੱਛੇ ਕਰਨ ਦਾ ਯਤਨ ਕਰ ਰਹੀ ਹੈ।
ਕੁਝ ਮਿੰਟ ਪਹਿਲਾਂ ਹੀ ਸ਼ਾਹਰੁਖ ਖਾਨ ‘ਮੰਨਤ’ ਦੀ ਬਾਹਰੀ ਕੰਧ ਕੋਲ ਬਣੀ ਇੱਕ ਜਗ੍ਹਾ ’ਤੇ ਖੜ੍ਹੇ ਸਨ, ਤਾਂ ਜੋ ਪ੍ਰਸ਼ੰਸਕ ਆਪਣੇ ਚਹੇਤੇ ਸਿਤਾਰੇ ਦੀ ਝਲਕ ਪਾ ਸਕਣ।
ਸ਼ਾਹਰੁਖ ਕਦੇ ਦੋਵੇਂ ਹੱਥ ਫੈਲਾਅ ਕੇ ਪੋਜ਼ ਦਿੰਦੇ ਹੋਏ, ਕਦੇ ਫਲਾਇੰਗ ਕਿਸ ਕਰਦੇ ਅਤੇ ਕਦੇ ਸਲਾਮ ਕਰਦੇ ਹੋਏ ਆਮ ਪ੍ਰਸ਼ੰਸਕਾਂ ਨੂੰ ਖਾਸ ਮਹਿਸੂਸ ਕਰਾਉਂਦੇ ਹੋਏ ਵਿਖਾਈ ਦਿੰਦੇ।
ਸੜਕ ਜਾਮ ਹੈ। ਫੋਨ ਦੇ ਕੈਮਰੇ ਚਾਲੂ ਹਨ। ਪ੍ਰਸ਼ੰਸਕਾਂ ਦੀ ਖੁਸ਼ੀ ਦਾ ਰੌਲਾ ਸੁਣਾਈ ਦੇ ਰਿਹਾ ਹੈ। ਕੁਝ ਮਿੰਟਾਂ ਬਾਅਦ ਸ਼ਾਹਰੁਖ ਆਪਣੇ ਪ੍ਰਸ਼ੰਸਕਾਂ ਨੂੰ ਅਲਵਿਦਾ ਕਹਿ ਕੇ ਮੁਬੰਈ ਦੇ ਬੈਂਡ ਸਟੈਂਡ ‘ਤੇ ਬਣੇ ਇਸ ਸਫ਼ੈਦ ਬੰਗਲੇ ਦੇ ਅੰਦਰ ਵਾਪਸ ਪਰਤਣ ਲੱਗਦੇ ਹਨ।
ਹੁਣ ਸ਼ਾਹਰੁਖ ਦੀ ਪਿੱਠ ਪ੍ਰਸ਼ਸ਼ਸਕਾਂ ਵੱਲ ਹੈ ਅਤੇ ਪ੍ਰਸ਼ੰਸਕਾਂ ਦੀ ਪਿੱਠ ਜਿਨ੍ਹਾਂ ਲੋਕਾਂ ਵੱਲ ਹੈ, ਇਹ ਕਹਾਣੀ ਉਨ੍ਹਾਂ ਲੋਕਾਂ ਦੀ ਹੀ ਹੈ।
ਉਹ ਲੋਕ ਜਿਨ੍ਹਾਂ ਦੇ ਗੁਆਂਢੀ ਦਾ ਘਰ ਵੇਖਣ ਲਈ ਹਰ ਸਾਲ ਲੱਖਾਂ ਦੀ ਤਾਦਾਦ ’ਚ ਲੋਕ ਆਉਂਦੇ ਹਨ ਅਤੇ ਤਸਵੀਰਾਂ ਖਿੱਚਵਾਉਂਦੇ ਹਨ।
ਸ਼ਾਹਰੁਖ ਸਮੇਤ ਮਸਹੂਰ ਹਸਤੀਆਂ ਦੇ ਘਰ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਪ੍ਰਸ਼ੰਸਕ ਜਿਨ੍ਹਾਂ ਲੋਕਾਂ ਵੱਲ ਪਿੱਠ ਕਰਕੇ ਖੜ੍ਹੇ ਹੁੰਦੇ ਹਨ, ਉਨ੍ਹਾਂ ਦੇ ਚਿਹਰੇ ਅਤੇ ਘਰ ਕਿਸ ਤਰ੍ਹਾਂ ਦੇ ਹਨ ?
ਮੁੰਬਈ ਦੇ ਲਗਭਗ ਹਰ ਇਲਾਕੇ ’ਚ ਕੋਈ ਨਾ ਕੋਈ ਕਲਾਕਾਰ ਰਹਿੰਦਾ ਹੈ।
ਫਿਰ ਭਾਵੇਂ ਪਤੇ ਦੀ ਥਾਂ ’ਤੇ ਸਿਰਫ਼ ‘ਅਮਿਤਾਭ ਬੱਚਨ, ਜੁਹੂ’ ਲਿਖ ਦੇਣ ’ਤੇ ਚਿੱਠੀਆਂ ਹਾਸਲ ਕਰਨ ਵਾਲੇ ਅਮਿਤਾਭ ਬੱਚਨ ਹੋਣ ਜਾਂ ਫਿਰ ਸਾਂਤਾਕਰੂਜ਼ ਦੀਆਂ ਤੰਗ ਗਲੀਆਂ ’ਚ 500-1000 ਰੁਪਏ ਪ੍ਰਤੀ ਐਪੀਸੋਡ ’ਤੇ ਕੰਮ ਕਰਨ ਵਾਲਾ ਕੋਈ ਜੂਨੀਅਰ ਕਲਾਕਾਰ।
ਇਸ ਕਹਾਣੀ ’ਚ ਅਸੀਂ ਉਨ੍ਹਾਂ ਕੁਝ ਮਸ਼ਹੂਰ ਹਸਤੀਆਂ ਦੇ ਘਰ ਦੇ ਨੇੜੇ-ਤੇੜੇ ਦੇ ਮਹੌਲ ਅਤੇ ਗੁਆਢੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ, ਜਿਨ੍ਹਾਂ ਦੇ ਘਰ ਸਭ ਤੋਂ ਵੱਧ ਚਰਚਾ ’ਚ ਰਹਿੰਦੇ ਹਨ ਅਤੇ ਜਿਨ੍ਹਾਂ ਘਰਾਂ ਨੂੰ ਸਿਰਫ਼ ਬਾਹਰੋਂ ਵੇਖਣ ਖਾਤਰ ਹੀ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਜਿਵੇਂ- ਸ਼ਾਹਰੁਖ ਖਾਨ, ਸਲਮਾਨ ਖਾਨ, ਅਮਿਤਾਭ ਬੱਚਨ ਅਤੇ ਮੁਕੇਸ਼ ਅੰਬਾਨੀ।
ਮਨੰਤ: ਸ਼ਾਹਰੁਖ ਖਾਨ ਦੇ ਗੁਆਂਢੀ….
ਈਦ, ਜਨਮਦਿਨ ਅਤੇ ਫਿਲਮ ਰਿਲੀਜ਼ ਮੌਕੇ। ਜ਼ਿਆਦਾਤਰ ਮੌਕਿਆਂ ’ਤੇ ਸ਼ਾਮ ਨੂੰ 4 ਵਜੇ।
ਇਹ ਉਹ ਤੈਅ ਮੌਕੇ ਹਨ, ਜਦੋਂ ਸ਼ਾਹਰੁਖ ਖਾਨ ਮੰਨਤ ਦੇ ਬਾਹਰ ਖੜੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਇੱਕ ਝਲਕ ਦਿੰਦੇ ਹਨ।
ਸ਼ਾਹਰੁਖ ਦੇ ਘਰ ਦੇ ਸਾਹਮਣੇ ਵਾਲਾ ਇਲਾਕਾ ਗਣੇਸ਼ ਨਗਰ ਹੈ। ਚਮਕ-ਦਮਕ ਦੇ ਹੇਠਾਂ ਵਸੀ ਇਹ ਬਸਤੀ ਕੁਝ ਹਨੇਰਿਆਂ ’ਚ ਆਪਣੀ ਜ਼ਿੰਦਗੀ ਗੁਜ਼ਾਰਦੀ ਹੈ।
ਇਸ ਇਲਾਕੇ ’ਚ ਤਕਰੀਬਨ 100 ਘਰ ਹਨ । ਇੱਕ ਘਰ ਲਗਭਗ ਇਨ੍ਹਾਂ ਵੱਡਾ ਹੈ, ਜਿੰਨ੍ਹੇ ’ਚ ਕਿਸੇ ਫਿਲਮ ਸਟਾਰ ਜਾਂ ਅਮੀਰ ਵਿਅਕਤੀ ਦੀ ਕਾਰ ਖੜੀ ਹੁੰਦੀ ਹੈ।
ਗਲੀਆਂ ਇਨ੍ਹੀਆਂ ਤੰਗ ਹਨ ਕਿ ਦੋ ਲੋਕ ਇੱਕਠੇ ਨਹੀਂ ਚੱਲ ਸਕਦੇ ਹਨ।
ਇਨ੍ਹਾਂ ਘਰਾਂ ’ਚ ਵਸਦੇ ਕੁਝ ਲੋਕ ਸ਼ਾਹਰੁਖ ਖਾਨ ਦੇ ਘਰ ਦੇ ਬਾਹਰ ਆਏ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ।
ਮਨੰਤ ਦੇ ਗੇਟ ਦੇ ਸਾਹਮਣੇ ਸਮੁੰਦਰ ਕੰਢੇ ਇੱਕ 10-12 ਸਾਲ ਦੀ ਬੱਚੀ ਪਾਰਵਤੀ ਛੱਲੀਆਂ ਵੇਚ ਰਹੀ ਹੈ। ਉਸ ਦੇ ਨਜ਼ਦੀਕ ਹੀ ਵ੍ਹੀਲਚੇਅਰ ’ਤੇ ਉਸ ਦਾ ਭਰਾ ਪ੍ਰੇਮ ਬੈਠਿਆ ਹੋਇਆ ਹੈ। ਪ੍ਰੇਮ ਚੱਲ, ਬੋਲ ਨਹੀਂ ਸਕਦਾ ਹੈ।
ਜਦੋਂ ਸੂਰਜ ਮੁੰਬਈ ਦੇ ਅਰਬ ਸਾਗਰ ’ਚ ਡੁੱਬ ਕੇ ਹਨੇਰਾ ਕਰ ਦਿੰਦਾ ਹੈ ਤਾਂ ਪ੍ਰੇਮ ਵ੍ਹੀਲਚੇਅਰ ’ਤੇ ਬੈਠੇ-ਬੈਠੇ ਹੀ ਮੋਬਾਈਲ ਫੋਨ ਦੀ ਟਾਰਚ ਨਾਲ ਰੋਸ਼ਨੀ ਕਰਦਾ ਹੈ।
ਝਾਰਖੰਡ ਤੋਂ ਮੁਬੰਈ ਆ ਕੇ ਵਸਿਆ ਪਾਰਵਤੀ ਦਾ ਪਰਿਵਾਰ ਗਣੇਸ਼ ਨਗਰ ’ਚ ਪਿਛਲੇ 20-22 ਸਾਲਾਂ ਤੋਂ ਰਹਿ ਰਿਹਾ ਹੈ।
ਪਾਰਵਤੀ ਨਜ਼ਦੀਕੀ ਸਕੂਲ ’ਚ ਪੜ੍ਹਣ ਜਾਂਦੀ ਹੈ ਅਤੇ ਵਾਪਸ ਆ ਕੇ ਮਨੰਤ ਦੇ ਬਾਹਰ ਖੜ੍ਹੇ ਪ੍ਰਸ਼ੰਸਕਾਂ ਨੂੰ ਛੱਲੀਆਂ ਵੇਚਦੀ ਹੈ।
ਪ੍ਰੇਮ ਤੋਂ ਕੁਝ ਵੀ ਪੁੱਛੋ ਤਾਂ ਉਹ ਮੁਸਕਰਾ ਕੇ ਅੱਖਾਂ ਅਤੇ ਇਸ਼ਾਰਿਆਂ ਨਾਲ ਜਵਾਬ ਦਿੰਦਾ ਹੈ। ਪਰ ਪ੍ਰੇਮ ਵ੍ਹੀਲਚੇਅਰ ’ਤੇ ਕਿਵੇਂ ਪਹੁੰਚਿਆ?
ਪਾਰਵਤੀ ਦੀ ਮਾਂ ਨੀਰਜਾ ਦੇਵੀ ਦਾ ਕਹਿਣਾ ਹੈ, “ ਦੀਵਾਲੀ ਸੀ ਅਤੇ ਘਰ ਨੂੰ ਕਲੀ ਕਰਨ ਲਈ ਦੋਵੇਂ ਭਰਾ ਰੰਗ ਖ੍ਰੀਦਣ ਗਏ ਸਨ। ਜਦੋਂ ਦੋਵੇਂ ਭਰਾ ਆ ਰਹੇ ਸਨ ਤਾਂ ਪਿੱਛੇ ਤੋਂ ਆਉਂਦੀ ਇੱਕ ਵੱਡੀ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰੀ। ਇਸ ਹਾਦਸੇ ’ਚ ਇੱਕ ਦਾ ਹੱਥ ਕੱਟਿਆ ਗਿਆ ਅਤੇ ਇੱਕ ਦਾ ਪੈਰ ਨਕਾਰਾ ਹੋ ਗਿਆ। ਲੱਕ/ਕਮਰ ਤੋਂ ਵੀ ਸਰੀਰ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਗੱਲ ਨੂੰ ਤਿੰਨ ਸਾਲ ਹੋ ਗਏ ਹਨ। ਅਜੇ ਉਹ ਵ੍ਹੀਲਚੇਅਰ ’ਤੇ ਹੀ ਬੈਠਾ ਹੈ।”
ਜੇਕਰ ਸ਼ਾਹਰੁਖ ਖਾਨ ਤੁਹਾਡੀ ਗੱਲ ਸੁਣ ਰਹੇ ਹੋਣ ਤਾਂ ਤੁਸੀਂ ਕੀ ਕਹਿਣਾ ਚਾਹੋਗੇ?
ਪਾਰਵਤੀ ਦੀ ਮਾਂ ਕਹਿੰਦੀ ਹੈ, “ ਇਹੀ ਕਿ ਥੋੜੀ ਬਹੁਤ ਮਦਦ ਹੋ ਜਾਵੇ ਤਾਂ ਵਧੀਆ ਰਹੇਗਾ। ਹੁਣ ਇਨ੍ਹਾ ਬੱਚਿਆਂ ਨੂੰ ਲੈ ਕੇ ਇਧਰ-ਉਧਰ ਭੱਜ ਰਹੀ ਹਾਂ, ਕੋਈ ਖਾਣ-ਪੀਣ ਦਾ ਠਿਕਾਣਾ ਨਹੀਂ ਹੈ ਅਤੇ ਜੇਕਰ ਕਿਤੇ ਦੁਕਾਨ ਲਗਾਉਣ ਬਾਰੇ ਸੋਚਦੇ ਹਾਂ ਤਾਂ ਹਰ ਕੋਈ ਪਰੇਸ਼ਾਨ ਕਰਦਾ ਹੈ।”
ਸ਼ਾਹਰੁਖ ਜਿੱਥੇ ਰਹਿੰਦੇ ਹਨ, ਉਸ ਲਾਈਨ ’ਚ ਹੋਰ ਕਈ ਵੱਡੇ ਸਿਤਾਰੇ ਜਾਂ ਅਮੀਰ ਲੋਕ ਵੀ ਰਹਿੰਦੇ ਹਨ।
ਜਦੋਂ ਮੈਂ ਪਾਰਵਤੀ ਤੋਂ ਪੁੱਛਿਆ ਕਿ ਕਦੇ ਸ਼ਾਹਰੁਖ ਦੇ ਘਰ ਤੋਂ ਕਿਸੇ ਤਿਓਹਾਰ ਆਦਿ ’ਤੇ ਕੁਝ ਆਉਂਦਾ ਹੈ? ਤਾਂ ਪਾਰਵਤੀ ਹੈਰਾਨ ਹੋ ਕੇ ਵੇਖਦੀ ਹੈ।
ਹਾਲਾਂਕਿ ਪਾਰਵਤੀ ਦੀ ਮਾਂ ਮਨੰਤ ਦੇ ਬਰਾਬਰ ਵਾਲੇ ਬੰਗਲੇ ਵੱਲ ਇਸ਼ਾਰਾ ਕਰਕੇ ਕਹਿੰਦੀ ਹੈ, “ ਜਦੋਂ ਇਹ ਹਾਦਸਾ ਹੋਇਆ ਸੀ ਤਾਂ ਇੱਥੇ ਰਹਿਣ ਵਾਲੇ ਇੱਕ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ ਸੀ।”
ਮਹਿੰਗਾ ਹੋਟਲ ਅਤੇ ਝੁੱਗੀ ਦਾ ਕਿਰਾਇਆ
ਇੱਕ ਪਾਸੇ ਉੱਚੀ ਇਮਾਰਤ ਅਤੇ ਦੂਜੇ ਪਾਸੇ ਕੱਚੀ ਬਸਤੀ।
ਕੋਲੀ ਮਛੇਰਿਆਂ, ਵਾਰਲੀ ਭਾਈਚਾਰੇ ਦੇ ਲੋਕਾਂ ਦੀ ਮੁੰਬਈ ਤੇਜ਼ੀ ਨਾਲ ਕਿਸੇ ਹੋਰ ਦੀ ਹੁੰਦੀ ਜਾ ਰਹੀ ਹੈ।
ਬਰਾਬਰੀ ਸ਼ਬਦ ਦਾ ਮਜ਼ਾਕ ਉਡਾਉਂਦੇ ਨਜ਼ਾਰੇ ਮੁਬੰਈ ’ਚ ਲਗਭਗ ਵਧੇਰੇਤਰ ਥਾਵਾਂ ’ਤੇ ਵੇਖਣ ਨੂੰ ਆਮ ਹੀ ਮਿਲ ਜਾਂਦੇ ਹਨ।
ਸਿਤਾਰਿਆਂ ਜਾਂ ਰਈਸਾਂ ਦੇ ਘਰ ਵੀ ਇਸ ਤੋਂ ਵੱਖਰੇ ਨਹੀਂ ਹਨ। ਫਿਰ ਭਾਵੇਂ ਪ੍ਰਿਯੰਕਾ ਚੋਪੜਾ ਦਾ ਨਵਾਂ ਖਰੀਦਿਆ ਬੰਗਲਾ ਹੋਵੇ ਜਾਂ ਫਿਰ ਸ਼ਾਹਰੁਖ , ਸਲਮਾਨ ਦਾ ਘਰ।
ਇੱਕ ਹਾਊਸਿੰਗ ਪ੍ਰਾਪਰਟੀ ਵੈੱਬਸਾਈਟ ਦਾ ਅੰਦਾਜ਼ਾ ਹੈ ਕਿ ਸ਼ਾਹਰੁਖ ਦੇ ਬੰਗਲੇ ਦੀ ਕੀਮਤ ਤਕਰੀਬਨ 200 ਕਰੋੜ ਰੁਪਏ ਹੋਵੇਗੀ।
ਇਸੇ ਸੜਕ ’ਤੇ ਕੁਝ ਅੱਗੇ ਜਾ ਕੇ ਇੱਕ ਮਹਿੰਗਾ ਪੰਜ ਤਾਰਾ ਹੋਟਲ ਹੈ, ਜਿਸ ’ਚ ਇੱਕ ਰਾਤ ਠਹਿਰਣ ਦਾ ਕਿਰਾਇਆ 25 ਹਜ਼ਾਰ ਦੇ ਕਰੀਬ ਹੋਵੇਗਾ।
ਸੜਕ ਦੇ ਦੂਜੇ ਪਾਸੇ ਜਿਸ ਘਰ ਦਾ ਕਿਰਾਇਆ ਕਰੀਬ 2 ਲੱਖ ਰੁਪਏ ਹੋਵੇਗਾ, ਉਨ੍ਹੀਂ ਥਾਂ ’ਚ ਇੱਥੇ ਤਿੰਨ ਪਰਿਵਾਰ ਪ੍ਰਤੀ ਮਹੀਨਾ 4-5 ਹਜ਼ਾਰ ਰੁਪਏ ਕਿਰਾਇਆ ਦੇ ਕੇ ਰਹਿੰਦੇ ਹਨ।
ਕੁਝ ਲੋਕਾਂ ਦੇ ਤਾਂ ਆਪਣੇ ਘਰ ਵੀ ਹਨ। ਇਹ ਲੋਕ ਇੱਥੇ ਉਦੋਂ ਤੋਂ ਹਨ, ਜਦੋਂ ਸਾਹਰੁਖ ਖਾਨ ਮੁੰਬਈ ’ਚ ਆਏ ਵੀ ਨਹੀਂ ਸਨ।
ਗੰਗਾ ਸਿੰਘ ਛੱਤੀਸਗੜ੍ਹ ਦੇ ਦਾਂਤੇਵਾੜਾ ਸਥਿਤ ਆਪਣੇ ਪੇਕੇ ਪਿੰਡ ਨੂੰ ਛੱਡ ਕੇ ਆਪਣੇ ਪਤੀ ਨਾਲ ਸਾਲ 1986 ਤੋਂ ਗਣੇਸ਼ ਨਗਰ ’ਚ ਰਹਿ ਰਹੇ ਹਨ।
ਗੰਗਾ ਸਿੰਘ ਦਾ ਕਹਿਣਾ ਹੈ, “ ਇਹ ਪਹਿਲਾਂ ਇੱਕ ਪਾਰਸੀ ਦਾ ਬੰਗਲਾ ਸੀ। ਇਹ ਪੂਰੀ ਤਰ੍ਹਾਂ ਨਾਲ ਖੁੱਲ੍ਹਾ ਸੀ। ਹੈਰੀਟੇਜ ਸੀ। ਫਿਰ ਜਦੋਂ ਇਸ ਬੰਗਲੇ ਨੂੰ ਸ਼ਾਹਰੁਖ ਨੇ ਖਰੀਦਿਆ ਅਤੇ ਇਸ ਦੀ ਮੁਰੰਮਤ ਹੋ ਰਹੀ ਸੀ, ਮੈਂ ਉਸ ਸਮੇਂ ਵੀ ਇੱਥੇ ਹੀ ਸੀ। ਬੰਗਲੇ ਦੀ ਮੁਰੰਮਤ ਇੱਕ ਭਾਈ ਕਰਵਾ ਰਹੇ ਸਨ। ਸਾਡਾ ਵੜਾ ਪਾਵ, ਰਾਈਸ ਪਲੇਟ ਦਾ ਹੋਟਲ ਸੀ ਅਤੇ ਸਾਰੇ ਸਟਾਫ ਲਈ ਖਾਣਾ ਸਾਡੇ ਹੋਟਲ ਤੋਂ ਹੀ ਜਾਂਦਾ ਸੀ।”
ਗੰਗਾ ਸਿੰਘ ਦਾ ਦਾਅਵਾ ਹੈ ਕਿ “ ਹਰ ਮਹੀਨੇ ਚੈੱਕ ਆਉਂਦਾ ਸੀ। ਚੈੱਕ ’ਤੇ ਸ਼ਾਹਰੁਖ ਖਾਨ ਦੇ ਦਸਤਖਤ ਹੁੰਦੇ ਸਨ। ਉਸ ਪੈਸੇ ਨਾਲ ਹੀ ਮੈਂ ਆਪਣਾ ਇਹ ਘਰ ਬਣਾਇਆ। ਅਸੀਂ ਪਹਿਲਾਂ ਪਲਾਸਟਿਕ ਦੀ ਥੈਲੀ ਵਾਲੇ ਘਰ ’ਚ ਰਹਿੰਦੇ ਸੀ। ਇਹ ਘਰ ਸ਼ਾਹਰੁਖ ਦੀ ਦੇਨ ਹੈ। ਸ਼ਾਹਰੁਖ ਨੇ ਆਪਣਾ ਬੰਗਲਾ ਬਣਾਇਆ ਅਤੇ ਅਸੀਂ ਵੀ ਆਪਣਾ ਛੋਟਾ ਜਿਹਾ ਘਰ ਬਣਾ ਲਿਆ।”
ਗਣੇਸ਼ ਨਗਰ ’ਚ ਰਹਿਣ ਵਾਲੇ ਇਬਰਾਹਿਮ ਦਾ ਕਹਿਣਾ ਹੈ, “ ਸਾਹਮਣੇ ਮੰਨਤ ਹੈ, ਫਿਰ ਅੱਗੇ ਗਲੈਕਸੀ ਵੀ ਹੈ। 24 ਘੰਟੇ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਸਾਡੇ ਲੋਕਾਂ ਦਾ ਸੀ ਫੇਸਿੰਗ (Sea Facing) ਘਰ ਹੈ। ਪਰ ਜਦੋਂ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਪਾਣੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਸਾਰਾ ਸਮਾਨ ਹਟਾਓ। ਦੂਜੀ ਥਾਂ ’ਤੇ ਜਾਓ। ਪਰ ਇਹ ਜਗ੍ਹਾ ਇਨ੍ਹੀਂ ਖੁੱਲ੍ਹੀ ਹੈ ਕਿ ਇੱਥੇ ਰਹਿਣ ਵਾਲੇ ਲੋਕ ਹੋਰ ਕਿਤੇ ਜਾ ਕੇ ਰਹਿ ਹੀ ਨਹੀਂ ਸਕਦੇ। ਇੱਥੇ ਰਹਿੰਦਿਆਂ ਅਮੀਰਾਂ ਵਾਲਾ ਅਹਿਸਾਸ ਹੁੰਦਾ ਹੈ। ਸਾਨੂੰ ਇੱਥੇ ਜੋ ਮਹਿਸੂਸ ਹੁੰਦਾ ਹੈ ਉਹ ਬਿਲਡਿੰਗ ਵਾਲਿਆਂ ਨੂੰ ਵੀ ਨਹੀਂ ਹੁੰਦਾ ਹੋਵੇਗਾ।”
ਸ਼ਾਹਰੁਖ ਦੇ ਗੁਆਂਢੀ ਹੋਣ ਦਾ ਸੁੱਖ
ਸ਼ਾਹਰੁਖ ਦੇ ਗੁਆਂਢੀ ਹੋਣ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਣ ’ਚ ਆਸਾਨੀ ਹੁੰਦੀ ਹੋਵੇਗੀ?
ਗਣੇਸ਼ ਨਗਰ ਦੇ ਜਿਆਦਾਤਰ ਵਸਨੀਕ ਇਸ ਗੱਲ ਤੋਂ ਸਹਿਮਤ ਨਜ਼ਰ ਆਉਂਦੇ ਹਨ ਅਤੇ ਇਸ ਬਾਰੇ ਪੁੱਛਣ ’ਤੇ ਖੁਸ਼ ਹੋ ਜਾਂਦੇ ਹਨ।
ਪ੍ਰੇਮ ਲਤਾ ਗਣੇਸ਼ ਨਗਰ ’ਚ ਆਪਣੀ ਝੌਂਪੜੀ ਦੇ ਬਾਹਰ ਬੈਠੀ ਇੱਕ ਕੁੜੀ ਦੇ ਭਰਵੱਟੇ ਬਣਾ ਰਹੀ ਹੈ।
ਪ੍ਰੇਮ ਲਤਾ ਦਾ ਕਹਿਣਾ ਹੈ, “ ਮੈਂ ਸੇਠ ਲੋਕਾਂ ਦੇ ਕੰਮ ਕਰਦੀ ਹਾਂ। ਇਸ ਦੇ ਨਾਲ ਹੀ ਮੈਂ ਮੇਕਅੱਪ ਦਾ ਕੰਮ ਵੀ ਸਿੱਖਿਆ ਹੈ। ਜੇਕਰ ਕੋਈ ਪੁੱਛਦਾ ਹੈ ਤਾਂ ਇਹ ਦੱਸਣ ’ਚ ਵਧੀਆ ਹੀ ਲੱਗਦਾ ਹੈ ਕਿ ਸ਼ਾਹਰੁਖ ਨਜ਼ਦੀਕ ਹੀ ਰਹਿੰਦੇ ਹਨ। ਉਨ੍ਹਾਂ ਦੀਆਂ ਫਿਲਮਾਂ ਵੀ ਪਸੰਦ ਹਨ।”
ਮੁਹੰਮਦ ਇਬਰਾਹਿਮ ਨੇ ਕਿਹਾ, “ ਮੇਰੀ ਪਿਕਚਰ ਲਾਈਨ ’ਚ ਕੋਈ ਦਿਲਚਸਪੀ ਨਹੀਂ ਹੈ। ਪਰ ਪਸੰਦ ਹੀ ਕਰਨਾ ਹੋਵੇਗਾ ਤਾਂ ਸ਼ਾਹਰੁਖ ਅਤੇ ਸਲਮਾਨ ਨੂੰ ਪਸੰਦ ਕਰਾਂਗਾ। ਉਹ ਸਾਡੇ ਗੁਆਂਢੀ ਅਤੇ ਅਸੀਂ ਉਨ੍ਹਾਂ ਦੇ ਗੁਆਂਢੀ। ਗੁਆਂਢੀ ਦਾ ਫਰਜ਼ ਹੈ।”
ਸ਼ਾਹਰੁਖ ਖਾਨ ਅਕਸਰ ਹੀ ਬੈਂਡ ਸਟੈਂਡ ’ਤੇ ਸਾਈਕਲ ਚਲਾਉਂਦੇ ਵੇਖੇ ਜਾਂਦੇ ਹਨ। ਕੀ ਸ਼ਾਹਰੁਖ ਖਾਨ ਨਾਲ ਵੀ ਗੁਆਂਢੀਆਂ ਦੀ ਮੁਲਾਕਾਤ ਹੁੰਦੀ ਹੈ?
ਇਬਰਾਹਿਮ ਕਹਿੰਦੇ ਹਨ, “ ਵੋਟਿੰਗ ਦੇ ਸਮੇਂ ਮੇਰੀ ਆਂਟੀ ਸਾਹਰੁਖ ਅਤੇ ਅਬਰਾਮ ਨੂੰ ਮਿਲੇ ਸਨ। ਜਦੋਂ ਮੇਰੀ ਆਂਟੀ ਨੇ ਅਬਰਾਮ ਨੂੰ ਜਬਰਾਮ ਬੋਲ ਦਿੱਤਾ ਸੀ ਤਾਂ ਸ਼ਾਹਰੁਖ ਨੇ ਅਬਰਾਮ ਨੂੰ ਕਿਹਾ ਕਿ ਬੇਟਾ ਆਂਟੀ ਨੂੰ ਦੱਸੋ ਕਿ ਤੁਹਾਡਾ ਨਾਮ ਜਬਰਾਮ ਨਹੀਂ ਅਬਰਾਮ ਹੈ।”
ਗੰਗਾ ਸਿੰਘ ਨੇ ਅੱਗੇ ਦੱਸਿਆ, “ ਮੇਰੇ ਪੁੱਤਰ ਦਾ ਪਿਛਲੇ ਮਹੀਨੇ ਵਿਆਹ ਸੀ। ਇਹ ਪਿੰਡ ’ਚ ਸੀ ਅਤੇ ਮੈਂ ਬਹੁਤ ਹੀ ਮਾਣ ਨਾਲ ਕਹਿੰਦੀ ਹਾਂ ਕਿ ਸ਼ਾਹਰੁਖ ਖਾਨ ਮੇਰੇ ਗੁਆਂਢੀ ਹਨ। ਅਸੀਂ ਮੋਬਾਈਲ ’ਚ ਵਿਖਾਉਂਦੇ ਹਾਂ। ਜਦੋਂ ਲੋਕ ਸਾਨੂੰ ਪੁੱਛਦੇ ਹਨ ਕਿ ਸ਼ਾਹਰੁਖ ਨੂੰ ਵੇਖਿਆ ਹੈ ਕਦੇ। ਤਾਂ ਮੈਂ ਜਵਾਬ ਦਿੰਦਾ ਹਾਂ- ਅਸੀਂ ਤਾਂ ਹਮੇਸ਼ਾਂ ਹੀ ਵੇਖਦੇ ਹਾਂ। ਸਾਨੂੰ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਹੈ।”
ਇੱਕ ਪੁਰਾਣੀ ਕਹਾਵਤ ਹੈ ਕਿ ਮੁਸੀਬਤ ਵੇਲੇ ਇੱਕ ਗੁਆਂਢੀ ਹੀ ਸਭ ਤੋਂ ਪਹਿਲਾਂ ਕੰਮ ਆਉਂਦਾ ਹੈ, ਕੀ ਬੈਂਡ ਸਟੈਂਡ ਦੇ ਮਾਮਲੇ ’ਚ ਵੀ ਅਜਿਹਾ ਕੁਝ ਹੈ?
ਗੰਗਾ ਸਿੰਘ ਕਹਿੰਦੀ ਹੈ, “ ਕੋਰੋਨਾ ਦੇ ਦੌਰ ’ਚ ਦੋ ਸਾਲਾਂ ਤੱਕ ਸੇਠ ਲੋਕਾਂ ਨੇ ਬਹੁਤ ਮਦਦ ਕੀਤੀ। ਸ਼ਾਹਰੁਖ ਅਤੇ ਸਲਮਾਨ ਖੁਦ ਆ ਕੇ ਦਾਨ ਤਾਂ ਨਹੀਂ ਕਰਦੇ ਹਨ। ਆਪਣਾ ਨਾਮ ਨਹੀਂ ਦੱਸਦੇ ਹਨ। ਸ਼ਾਇਦ ਹੋ ਸਕਦਾ ਹੈ ਕਿ ਇਹ ਲੋਕ ਵੀ ਚੁੱਪ-ਚਪੀਤੇ ਮਦਦ ਭੇਜਦੇ ਹੋਣਗੇ।”
ਸ਼ਾਹਰੁਖ ਦੇ ਲਈ ਆਰੀਅਨ ਖਾਨ ਦੇ ਜੇਲ੍ਹ ਜਾਣ ਦਾ ਸਮਾਂ ਮੁਸ਼ਕਿਲਾਂ ਭਰਿਆ ਸੀ। ਫਿਰ ਬਾਅਦ ’ਚ ਲਤਾ ਮੰਗੇਸ਼ਕਰ ਦੇ ਅੰਤਿਮ ਸਸਕਾਰ ਮੌਕੇ ਦੁਆ ਪੜ੍ਹਣ ਨੂੰ ਥੁੱਕਣਾ ਕਹਿ ਕੇ ਹੋਈ ਟ੍ਰੋਲਿੰਗ ਵੀ ਚਰਚਾ ’ਚ ਰਹੀ ਸੀ।
ਗੰਗਾ ਸਿੰਘ ਉਨ੍ਹਾਂ ਘਟਨਾਵਾਂ ਨੂੰ ਯਾਦ ਕਰਦਿਆਂ ਕਹਿੰਦੇ ਹਨ, “ ਆਰੀਅਨ ਦੇ ਨਾਲ ਜੋ ਕੁਝ ਵੀ ਹੋਇਆ, ਉਹ ਸਹੀ ਨਹੀਂ ਸੀ। ਮੇਰੇ ਘਰ ’ਚ ਵੀ ਜਵਾਨ ਬੇਟਾ ਹੈ। ਮੈਨੂੰ ਵੀ ਡਰ ਲੱਗਦਾ ਹੈ। ਇਨ੍ਹੀ ਵੱਡੀ ਹਸਤੀ ਨੂੰ ਨਹੀਂ ਛੱਡਿਆ ਗਿਆ। ਜੇਕਰ ਗਰੀਬ ਦਾ ਬੱਚਾ ਅਜਿਹੇ ਕਿਸੇ ਮਾਮਲੇ ’ਚ ਅੰਦਰ ਜਾਵੇਗਾ ਤਾਂ ਕਿਵੇਂ ਬਾਹਰ ਆਵੇਗਾ। ਕੁਲਦੇਵੀ ਅੱਗੇ ਪ੍ਰਾਰਥਨਾ ਕੀਤੀ ਕਿ ਆਰੀਅਨ ਬੱਚਾ ਜਲਦ ਤੋਂ ਜਲਦ ਬਾਹਰ ਆ ਜਾਵੇ। ਸ਼ਾਹਰੁਖ ਦਿੱਲੀ ਤੋਂ ਹੈ, ਹੈ ਤਾਂ ਭਾਰਤੀ ਹੀ। ਪਰ ਫਿਰ ਵੀ ਉਸ ਬਾਰੇ ਕਿੰਨਾ ਗਲਤ ਬੋਲਦੇ ਹਨ। ਇੱਥੇ ਅਸੀਂ ਕੋਈ ਵੀ ਹਿੰਦੂ-ਮੁਸਲਮਾਨ ਦਾ ਵੱਖਰੇਵਾਂ ਕਰਕੇ ਨਹੀਂ ਰਹਿੰਦੇ ਹਾਂ। ਅਸੀਂ ਸਾਰੇ ਇੱਕ ਦੂਜੇ ਨਾਲ ਪਿਆਰ ਮਹੁੱਬਤ ਨਾਲ ਰਹਿੰਦੇ ਹਾਂ।
ਅਮੀਰ ਸਿਤਾਰਿਆਂ ਦੇ ‘ਆਮ ਗੁਆਂਢੀਆਂ’ ਬਾਰੇ ਖਾਸ ਗੱਲਾਂ
- ਮੁੰਬਈ ਸੱਤ ਟਾਪੂਆਂ ’ਤੇ ਵਸਿਆ ਸ਼ਹਿਰ ਹੈ ਜਿੱਥੇ ਜਦੋਂ ਮੀਂਹ ਪੈਂਦਾ ਹੈ ਤਾਂ ਕਈ ਦਿਨਾਂ ਤੱਕ ਰੁੱਕਦਾ ਹੀ ਨਹੀਂ ਹੈ
- ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਮੁਕੇਸ਼ ਅੰਬਾਨੀ ਦੇ ਗੁਆਂਢੀਆਂ ਵਿੱਚ ਕੁਝ ਗਰੀਬ ਲੋਕ ਵੀ ਰਹਿੰਦੇ ਹਨ
- ਫਿਲਮੀ ਸਿਤਾਰੀਆਂ ਦੇ ‘ਗੁਆਂਢੀ’ ਉਹਨਾਂ ਨੇੜੇ ਰਹਿਣ ’ਤੇ ਮਾਣ ਮਹਿਸੂਸ ਕਰਦੇ ਹਨ
- ਅਦਕਾਰਾਂ ਦੇ ਗੁਆਂਢ ਵਿਚ ਰਹਿੰਦੇ ਲੋਕਾਂ ਨੂੰ ਅਕਸਰ ਉਹਨਾਂ ਨੂੰ ਦੇਖਣ ਦਾ ਮੌਕਾ ਮਿਲਦਾ ਹੈ
ਸਲਮਾਨ ਖਾਨ ਦਾ ਘਰ ਗਲੈਕਸੀ
ਸ਼ਾਹਰੁਖ ਦੇ ਘਰ ਤੋਂ ਨਿਕਲਦੇ ਹੀ, ਕੁਝ ਦੂਰ ਚੱਲਦੇ ਹੀ... ਰਸਤੇ ’ਚ ਹੈ ਸਲਮਾਨ ਦਾ ਘਰ ।
ਸਲਮਾਨ ਖਾਨ ਦਾ ਘਰ ਬਾਹਰੋਂ ਇੰਨਾ ਸਧਾਰਣ ਲੱਗਦਾ ਹੈ ਕਿ ਕਈ ਵਾਰ ਉੱਥੇ ਆਏ ਪ੍ਰਸ਼ੰਸਕਾਂ ਨੂੰ ਯਕੀਨ ਨਹੀਂ ਹੁੰਦਾ ਕਿ ਇਸ ਗਲੈਕਸੀ ਵਿੱਚ ਸਲਮਾਨ ਖਾਨ ਵੀ ਰਹਿੰਦੇ ਹਨ।
ਅਜਿਹੇ ਮੌਕਿਆਂ ''''ਤੇ ਸਲਮਾਨ ਖਾਨ ਦਾ ਇੱਕ ਡਾਇਲਾਗ ਇਕਦਮ ਢੁਕਵਾਂ ਲੱਗਦਾ ਹੈ- "ਮੇਰੇ ਬਾਰੇ ਇੰਨਾ ਨਾ ਸੋਚਿਓ, ਮੈਂ ਦਿਲ ’ਚ ਆਉਂਦਾ ਹਾਂ, ਸਮਝ ’ਚ ਨਹੀਂ ।"
ਸਲਮਾਨ ਖਾਨ ਦੇ ਘਰ ਦੇ ਸਾਹਮਣੇ ਕੁਝ ਕੱਚੇ-ਪੱਕੇ ਛੋਟੇ ਘਰ ਹਨ।
ਇਸ ਇਲਾਕੇ ’ਚ ਸਾਹਮਣੇ ਵੱਲ੍ਹ ਕਰੀਬ 10-12 ਘਰ ਹਨ। ਇੱਥੇ ਰਹਿਣ ਵਾਲੇ ਕੈਥੋਲਿਕ ਹਨ। ਘਰਾਂ ਦੇ ਬਾਹਰ ਕਰਾਸ ਬਣੇ ਹੋਏ ਹਨ। ਨੇੜੇ ਹੀ ਸੇਂਟ ਐਂਡਰਿਊਜ਼ ਚਰਚ ਹੈ।ਉਸੇ ਸਮੇਂ ਇੱਕ ਬਜ਼ੁਰਗ ਔਰਤ ਆਪਣੇ ਘਰ ਦੀ ਬਾਲਕੋਨੀ ’ਚ ਵਿਖਾਈ ਦਿੱਤੀ ।ਰੋਜ਼ੀ ਲਗਭਗ 80 ਸਾਲਾਂ ਦੇ ਹਨ । ਉਹ ਆਪਣੇ ਘਰ ਦੀ ਪਹਿਲੀ ਮੰਜ਼ਿਲ ਦੀ ਬਾਲਕੋਨੀ ’ਚ ਬੈਠੇ ਹਨ । ਇਸ ਬਾਲਕੋਨੀ ਤੋਂ ਸਲਮਾਨ ਦੇ ਘਰ ਦੀ ਖਿੜਕੀ ਵਿਖਾਈ ਦਿੰਦੀ ਹੈ।
ਰੋਜ਼ੀ ਕਹਿੰਦੇ ਹਨ , ''''''''ਸਲਮਾਨ ਜਦੋਂ ਛੋਟਾ ਸੀ ਤਾਂ ਘਰ ਵੀ ਆਉਂਦਾ ਸੀ। ਹੁਣ ਤਾਂ ਵੱਡਾ ਹੀਰੋ ਬਣ ਗਿਆ, ਕਾਫੀ ਸਮੇਂ ਤੋਂ ਨਹੀਂ ਆਇਆ। ਇਹ ਜੋ ਗਲੈਕਸੀ ਘਰ ਹੈ, ਇਹ ਬਹੁਤ ਬਾਅਦ ’ਚ ਬਣਿਆ। ਅਸੀਂ ਤਾਂ ਇਸ ਤੋਂ ਪਹਿਲਾਂ ਦੇ ਇੱਥੇ ਹਾਂ। ਗਲੈਕਸੀ ਵਾਲੀ ਬਿਲਡਿੰਗ ਵੀ ਸਾਡੇ ਸਾਹਮਣੇ ਹੀ ਬਣੀ । ਪਹਿਲਾਂ ਸਲਮਾਨ ਦੇ ਮਾਤਾ-ਪਿਤਾ ਮਿਲਦੇ ਰਹਿੰਦੇ ਸਨ।
ਸਲਮਾਨ ਖਾਨ ਦੇ ਗੁਆਂਢੀ ਹੋਣ ਦਾ ਸੁੱਖ
ਸਲਮਾਨ ਦੇ ਘਰ ਦੇ ਨੇੜੇ ਰਹਿਣ ਨਾਲ ਕੀ ਗੁਆਂਢੀਆਂ ਦੀ ਜ਼ਿੰਦਗੀ ਕੁਝ ਵੱਖਰੀ ਹੁੰਦੀ ਹੈ?
ਬੱਚਿਆਂ ਨੂੰ ਫੁੱਟਬਾਲ ਦੀ ਕੋਚਿੰਗ ਦੇਣ ਵਾਲੇ ਸੈਬੀ ਕੋਚ ਦੀ ਵਰਦੀ ’ਚ ਮਿਲੇ ।
ਸੈਬੀ ਦਾ ਕਹਿਣਾ ਹੈ, “ਮੈਂ ਇੱਥੇ ਆਪਣੀ ਮਾਸੀ ਦੇ ਘਰ ਰਹਿੰਦਾ ਹਾਂ। ਲੋਕ ਇੰਨੇ ਜ਼ਿਆਦਾ ਹੁੰਦੇ ਹਨ ਕਿ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਜਨਮ ਦਿਨ ਅਤੇ ਈਦ ’ਤੇ ਤਾਂ ਘਰ ਤੋਂ ਬਾਹਰ ਨਿਕਲਣ ''''ਚ ਵੀ ਦਿੱਕਤ ਹੁੰਦੀ ਹੈ ।
ਪਰ ਜਦੋਂ ਕਿਸੇ ਨੂੰ ਇਹ ਦੱਸਣਾ ਹੁੰਦਾ ਹੈ ਕਿ ਕਿੱਥੇ ਰਹਿੰਦੇ ਹੋ, ਤਾਂ ਤੁਸੀਂ ਕੀ ਕਹਿੰਦੇ ਹੋ?
ਸੈਬੀ ਨੇ ਕਿਹਾ, '''''''' ਸਲਮਾਨ ਜਦੋਂ ਵੀ ਸਾਈਕਲ ਆਦਿ ''''ਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਦੇਖਿਆ ਜਾ ਸਕਦਾ ਹੈ।ਪਹਿਲਾਂ ਸਲਮਾਨ ਛੋਟੇ ਸਨ, ਫਿਰ ਉਹ ਇੱਥੇ ਦੇ ਲੋਕਾਂ ਨਾਲ ਮਿਲਦੇ-ਜੁਲਦੇ ਸਨ। ਹੁਣ ਉਹ ਵੱਡੇ ਸਟਾਰ ਬਣ ਗਏ ਹਨ, ਇਸ ਲਈ ਮੁਲਾਕਾਤ ਨਹੀਂ ਹੁੰਦੀ। ਕਿਸੇ ਨੂੰ ਦੱਸਦੇ ਹਾਂ ਤਾਂ ਅਹਿਸਾਸ ਤਾਂ ਹੁੰਦਾ ਹੈ ਕਿ ਸਲਮਾਨ ਦੇ ਸਾਹਮਣੇ ਰਹਿੰਦੇ ਹਾਂ। ਲੋਕਾਂ ਨੂੰ ਦੱਸਦੇ ਹਾਂ, ਤਾਂ ਉਹ ਇੱਕ ਵੱਖਰੇ ਹੀ ਅਹਿਸਾਸ ''''ਚ ਆ ਜਾਂਦੇ ਹਨ। ਸੈਬੀ ਦੇ ਮਨ ਭਾਉਂਦੇ ਐਕਟਰ ਅਮੀਰ ਖਾਨ ਹਨ।
ਸੈਬੀ ਦੱਸਦੇ ਹਨ, “ਇਲਾਕੇ ’ਚ ਜੇਕਰ ਕਿਸੇ ਨੂੰ ਲੋੜ ਪੈਂਦੀ ਹੈ, ਤਾਂ ਉਹ ਮਦਦ ਮੰਗਣ ਜਾਂਦੇ ਹਨ। ਸਲਮਾਨ ਦੀ ਫਾਊਂਡੇਸ਼ਨ/ਸੰਸਥਾ ਵੀ ਹੈ ਨਾ , ਤਾਂ ਇਸ ਲਈ ਲੋਕ ਆ ਜਾਂਦੇ ਹਨ।
ਉਹ ਆਪਣੇ ਆਪ ਨੂੰ ਸਲਮਾਨ ਦੀ ਗੁਆਂਢਣ ਦੱਸਦੀ ਹੈ ਜਾਂ ਕੁਝ ਹੋਰ?
ਰੋਜ਼ੀ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਹਿੰਦੇ ਹਨ , "ਇਹ ਦੱਸਦੇ ਹਨ ਕਿ ਉਹ ਚਰਚ ਦੇ ਨੇੜੇ ਰਹਿੰਦੇ ਹਨ।" ਸਲਮਾਨ ਹੋਰੀਂ ਤਾਂ ਬਾਅਦ ’ਚ ਇੱਥੇ ਰਹਿਣ ਲਈ ਆਏ ਹਨ।
ਸੇਂਟ ਐਂਡਰਿਊਜ਼ ਚਰਚ ਦੇ ਨੇੜੇ ਰਹਿਣ ਵਾਲੇ ਇਹ ਕੈਥੋਲਿਕ ਅਜਨਬੀ ਲੋਕਾਂ ਨੂੰ ਦੇਖਣ ਦੇ ਇੰਨੇ ਆਦੀ ਹੋ ਗਏ ਹਨ ਕਿ ਉਹ ਕਿਸੇ ਨਾਲ ਅੱਖ ਨਹੀਂ ਮਿਲਾਉਂਦੇ ।
ਇਹ ਸੋਚ ਕੇ ਉਹੀ ਪੁਰਾਣਾ ਸਵਾਲ ਪੁੱਛਿਆ ਜਾਵੇਗਾ ਕਿ ਇਹ ਸਲਮਾਨ ਦਾ ਘਰ ਹੈ?
ਸਲਮਾਨ ਦੇ ਘਰ ਦੇ ਸਾਹਮਣੇ ਨਾਰੀਅਲ ਪਾਣੀ ਵੇਚਣ ਵਾਲੇ ਵਿਅਕਤੀ ਨੇ ਕਿਹਾ, "ਸਾਰਾ ਦਿਨ ਲੋਕ ਸਿਰਫ ਇੱਕ ਹੀ ਸਵਾਲ ਪੁੱਛਦੇ ਹਨ।"
ਅਮਿਤਾਭ ਬੱਚਨ ਦਾ ਘਰ ਅਤੇ ਬਾਹਰ ਦਾ ਮਾਹੌਲ
ਗੁਆਂਢੀਆਂ ਦੇ ਮਾਮਲੇ ''''ਚ ਅਮਿਤਾਭ ਬੱਚਨ ਇਕੱਲੇ ਹੀ ਨਜ਼ਰ ਆਉਂਦੇ ਹਨ। ਅਮਿਤਾਭ ਦੇ ਜੁਹੂ ਸਥਿਤ ਬੰਗਲੇ ਜਲਸਾ ਦੇ ਨਾਲ ਇੱਕ ਬੈਂਕ ਹੈ। ਜਲਸਾ ਦੀਆਂ ਕੰਧਾਂ ''''ਤੇ ਚਿੱਤਰਕਾਰੀ ਹੈ।
ਬੰਗਲੇ ਦੇ ਸਾਹਮਣੇ ਪਾਣੀ ਨਾਲ ਭਰਿਆ ਇੱਕ ਘੜਾ ਰੱਖਿਆ ਹੋਇਆ ਹੈ, ਜਿਸ ''''ਚੋਂ ਪ੍ਰਸ਼ੰਸਕ ਪਾਣੀ ਪੀਂਦੇ ਹਨ ਅਤੇ ਵੀਡੀਓ ਕਾਲ ਜ਼ਰੀਏ ਲੋਕਾਂ ਨੂੰ ਦੱਸਦੇ ਹਨ ਕਿ ਉਹ ਅਮਿਤਾਭ ਦੇ ਘਰ ਦਾ ਪਾਣੀ ਪੀ ਰਹੇ ਹਨ।
ਅਮਿਤਾਭ ਦੇ ਬੰਗਲੇ ਦੇ ਬਾਹਰ ਭੀੜ ਵੀ ''''ਪਰੰਪਰਾ, ਇੱਜ਼ਤ,ਅਤੇ ਅਨੁਸ਼ਾਸਨ'''' ‘ਚ ਨਜ਼ਰ ਆਉਂਦੀ ਹੈ।
ਭੀੜ ਦੀ ਸ਼ਕਲ ’ਚ ਜੋ ਚੁਲਬੁਲਾਹਟ ਸਲਮਾਨ, ਸ਼ਾਹਰੁਖ ਦੇ ਘਰ ਦੇ ਬਾਹਰ ਭੂਗੋਲਿਕ ਅਤੇ ਹੋਰ ਕਾਰਨਾਂ ਕਰਕੇ ਵਿਖਾਈ ਦਿੰਦੀ ਹੈ ਉਹ ਅਮਿਤਾਭ ਦੇ ਘਰ ਦੇ ਬਾਹਰ ਘੱਟ ਵਿਖਾਈ ਦਿੰਦੀ ਹੈ।
ਜੁਹੂ ’ਚ ਅਮਿਤਾਭ ਦੇ ਦੋ ਹੋਰ ਬੰਗਲੇ ਹਨ- ਜਨਕ ਅਤੇ ਪ੍ਰਤੀਕਸ਼ਾ ।
ਸਭ ਤੋਂ ਵੱਧ ਭੀੜ ਜਲਸਾ ਨੂੰ ਨਸੀਬ ਹੁੰਦੀ ਹੈ, ਜਿੱਥੇ ਐਤਵਾਰ ਸ਼ਾਮ ਨੂੰ ਅਮਿਤਾਭ ਵੀ ਪ੍ਰਸ਼ੰਸਕਾਂ ਦੇ ਸਾਹਮਣੇ ਆਉਂਦੇ ਹਨ। ਨਮਸਕਾਰ ਕਰਦੇ ਹਨ ਅਤੇ ਮਿਲ ਕੇ ਵਾਪਸ ਚਲੇ ਜਾਂਦੇ ਹਨ।
ਇਸ ਤੋਂ ਇਲਾਵਾ ਹੁੰਦਾ ਇਹ ਹੈ ਕਿ ਜਲਸਾ ਦੇ ਬਾਹਰ ਗੱਡੀਆਂ ਆਉਂਦੀਆਂ ਹਨ। ਰੁੱਕਦੀਆਂ ਹਨ। ਲੋਕ ਸੁਰੱਖਿਆ ਗਾਰਡਾਂ ਨੂੰ ਸਵਾਲ ਪੁੱਛਦੇ ਹਨ, ਉਨ੍ਹਾਂ ਦੀਆਂ ਤਸਵੀਰਾਂ ਖਿੱਚਵਾਉਂਦੇ ਹਨ ਅਤੇ ਘੜੇ ਦਾ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਕੇ ਚਲੇ ਜਾਂਦੇ ਹਨ।
ਅਮਿਤਾਭ ਦੇ ਘਰ ਦੇ ਕੁਝ ਸੁਰੱਖਿਆ ਗਾਰਡਾਂ ਨਾਲ ਗੱਲਬਾਤ ਹੋਈ।
ਉਹ ਮੁਸਕਰਾਉਂਦੇ ਹੋਏ ਕਹਿੰਦੇ ਹਨ, "ਲੋਕ ਆਉਂਦੇ ਹਨ ਅਤੇ ਕਹਿੰਦੇ ਹਨ- ਅਮਿਤਾਭ ਸਾਹਿਬ ਕਿੱਥੇ ਸੌਂਦੇ ਹਨ, ਉਹ ਸਾਹਮਣੇ ਜੋ ਕਮਰਾ ਦਿਖ ਰਿਹਾ ਹੈ ਉੱਥੇ ਸੌਂਦੇ ਹਨ ਜਾਂ ਕਿਤੇ ਹੋਰ ਸੌਂਦੇ ਹਨ।" ਕੀ ਕਦੇ ਬਾਲਕੋਨੀ ’ਚ ਆਉਂਦੇ ਹਨ? ਜੇਕਰ ਮੈਂ ਹੁਣ ਉੱਚੀ ਬੋਲਾਂ ਤਾਂ ਕੀ ਆਵਾਜ਼ ਅਮਿਤਾਭ ਜੀ ਤੱਕ ਪਹੁੰਚੇਗੀ? ਸਾਰਾ ਦਿਨ ਬਸ ਇਹੀ ਸਵਾਲ।”
ਸਿਤਾਰਿਆਂ ਦੇ ਘਰ ਦੇ ਨੇੜੇ ਸਵਾਲ ਪੁੱਛਣ ਦੀ ਸਹੂਲਤ ਰਹਿੰਦੀ ਹੈ, ਪਰ ਕੀ ਇਹ ਸਹੂਲਤਾਂ ਹੋਰ ਥਾਵਾਂ ''''ਤੇ ਵੀ ਹਨ?
ਅੰਬਾਨੀ ਦਾ ਘਰ ਐਂਟੀਲੀਆ
ਜਦੋਂ ਫਿਲਮੀ ਸਿਤਾਰਿਆਂ ਦੀ ਬਹੁਤਾਤ ਵਾਲੇ ਅਤੇ ਟ੍ਰੈਫਿਕ ਜਾਮ ਨਾਲ ਭਰੇ ਬਾਂਦਰਾ ਤੋਂ ਹਾਜੀ ਅਲੀ ਹੁੰਦੇ ਹੋਏ ਦੱਖਣੀ ਬੰਬਈ ਵੱਲ ਵਧੀਏ ਤਾਂ ਸੀ ਲਿੰਕ ਭਾਵ ਸਮੁੰਦਰ ’ਤੇ ਬਣੇ ਪੁੱਲ ਨੂੰ ਪਾਰ ਕਰਨਾ ਪੈਂਦਾ ਹੈ।
ਸੀ ਲਿੰਕ ਪਾਰ ਕਰਕੇ ਸਮਾਂ ਬੱਚਦਾ ਹੈ ਅਤੇ ਅੱਖਾਂ ਨੂੰ ਮੁੰਬਈ ਦੀ ਧਰਤੀ ''''ਤੇ ਬਣੀਆਂ ਅਸਮਾਨ ਛੂਹਣ ਵਾਲੀਆਂ ਇਮਾਰਤਾਂ ਦਾ ਨਜ਼ਾਰਾ ਦਿਖਦਾ ਹੈ।
ਅਜਿਹੀ ਹੀ ਇੱਕ ਉੱਚੀ ਇਮਾਰਤ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਚਰਚਾ ’ਚ ਹੈ। ਦੁਨੀਆ ਦੇ ਜ਼ਿਆਦਾਤਰ ਅਮੀਰ ਇਸ ਇਮਾਰਤ ''''ਚ ਆਉਂਦੇ ਹਨ।
ਇਸ ਇਮਾਰਤ ''''ਚ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਵੱਡੇ-ਵੱਡੇ ਫਿਲਮੀ ਸਿਤਾਰੇ ਮੁਸਕਰਾਉਂਦੇ ਹੋਏ ਖਾਣਾ ਪਰੋਸਦੇ ਨਜ਼ਰ ਆਉਂਦੇ ਹਨ।
ਇਹ ਘਰ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦਾ ਹੈ।
ਇਹ 27 ਮੰਜ਼ਿਲਾ ਘਰ ਮੁੱਖ ਤੌਰ ''''ਤੇ ਸਿਰਫ਼ ਛੇ ਲੋਕਾਂ ਲਈ ਬਣਾਇਆ ਗਿਆ ਸੀ। ਜੇਕਰ ਅਸੀਂ ਵੀ ਵਧੇ ਮੈਂਬਰਾਂ ਦੀ ਗਿਣਤੀ ਵੀ ਕਰ ਲਈਏ ਤਾਂ ਵੀ ਇਸ ਘਰ ''''ਚ ਵੱਧ ਤੋਂ ਵੱਧ ਅੱਠ ਲੋਕ ਹੀ ਰਹਿ ਰਹੇ ਹਨ।
ਹਾਲਾਂਕਿ, ਸੈਂਕੜੇ, ਹਜ਼ਾਰਾਂ ਲੋਕਾਂ ਲਈ ਇਹ ਘਰ... ਉਨ੍ਹਾਂ ਲਈ ਘਰ ਚਲਾਉਣ ਦਾ ਇੱਕ ਸਾਧਨ ਵੀ ਹੈ।
ਐਂਟੀਲੀਆ ਨੂੰ ਜੇਕਰ ਕੋਈ ਆਮ ਇਨਸਾਨ ਕੁੱਝ ਪਲਾਂ ਲਈ ਰੁੱਕ ਕੇ ਦੇਖ ਲਵੇ ਤਾਂ ਸੁਰੱਖਿਆ ਗਾਰਡ ਆ ਕੇ ਅਕਸਰ ਉਸ ਨੂੰ ਹਟਾ ਦਿੰਦੇ ਹਨ।
ਐਂਟੀਲੀਆ ਦੇ ਘਰ ਦੇ ਬਾਹਰ ਭਾਰੀ ਸੁਰੱਖਿਆ ਬਲ ਤਾਇਨਾਤ ਰਹਿੰਦੇ ਹਨ।
ਤਸਵੀਰਾਂ ਖਿੱਚਣ ਦੀ ਮਨਾਹੀ ਰਹਿੰਦੀ ਹੈ। ਹਾਂ, ਕੁਝ ਮੌਕਿਆਂ ''''ਤੇ ਇੱਥੇ ਪੈਪਰਾਜ਼ੀ ਦੇ ਕੈਮਰੇ ਗੇਟ ਖੁੱਲ੍ਹਣ ਅਤੇ ਘਰ ਤੋਂ ਬਾਹਰ ਨਿਕਲਦੇ ਹੋਏ ਕਿਸੇ ਵੱਡੇ ਆਦਮੀ ਨੂੰ ਕੈਦ ਕਰਦੇ ਜ਼ਰੂਰ ਦੇਖੇ ਗਏ ਹਨ।
ਮੁਕੇਸ਼ ਅੰਬਾਨੀ ਦੇ ਘਰ ਦੇ ਆਲੇ-ਦੁਆਲੇ ਕਈ ਹੋਰ ਅਮੀਰ ਲੋਕ ਰਹਿੰਦੇ ਹਨ। ਆਮ ਲੋਕ ਇਸ ਖੇਤਰ ’ਚ ਨੌਕਰੀਆਂ ਤਾਂ ਕਰ ਸਕਦੇ ਹਨ, ਪਰ ਮਕਾਨ ਲੈ ਕੇ ਰਹਿ ਨਹੀਂ ਸਕਦੇ।
ਪਰ ਇੱਕ ਗੱਲ ਜੋ ਹੈਰਾਨ ਕਰਦੀ ਹੈ, ਉਹ ਹੈ ਅੰਬਾਨੀ ਦੇ ਗੇਟ ਦੇ ਬਿਲਕੁਲ ਨੇੜੇ ਤਿੰਨ ਛੋਟੀਆਂ ਦੁਕਾਨਾਂ ਦੇ ਖੋਖੇ। ਦੋ ਖਾਣ-ਪੀਣ ਦੀਆਂ ਦੁਕਾਨਾਂ ਅਤੇ ਇੱਕ ਕਬਾੜੀ ਵਾਲੇ ਦੀ ਦੁਕਾਨ।
ਅੰਬਾਨੀ ਦੇ ਗੇਟ ਦੇ ਬਿਲਕੁਲ ਕੋਲ ਇਕ ਛੋਟੀ ਜਿਹੀ ਦੁਕਾਨ ਹੈ, ਜਿਸ ਦਾ ਨਾਂ ਹੈ- ਲੱਕੀ ਸਟੋਰ ।
ਦੁਨੀਆਂ ਦੇ ਰਈਸਾਂ ’ਚੋਂ ਇੱਕ ਦੇ ਘਰ ਦੇ ਬਾਹਰ ਦੁਕਾਨ ਦਾ ਹੋਣਾ ਸੱਚਮੁੱਚ ਹੀ ‘ਲੱਕੀ’ (ਖੁਸ਼ਕਿਸਮਤ) ਹੋਣਾ ਹੁੰਦਾ ਹੈ।
ਇਸ ਦੁਕਾਨ ਦੇ ਮਾਲਕ ਅਤੇ ਅੰਬਾਨੀ ’ਚ ਖੁਸ਼ਕਿਸਮਤ ਹੋਣ ਤੋਂ ਇਲਾਵਾ ਇੱਕ ਹੋਰ ਸਮਾਨਤਾ ਹੈ – ਉਹ ਹੈ ਗੁਜਰਾਤੀ ਹੋਣਾ। ਲੱਕੀ ਸਟੋਰ ਦਾ ਮਾਲਕ ਗੁਜਰਾਤ ਦੇ ਕੱਛ ਦਾ ਰਹਿਣ ਵਾਲਾ ਹੈ।
ਇਨ੍ਹਾਂ ਤਿੰਨਾਂ ਦੁਕਾਨਾਂ ''''ਤੇ ਕੰਮ ਕਰਨ ਵਾਲੇ ਲੋਕ ਗੱਲ ਕਰਨ ਤੋਂ ਕਤਰਾਉਂਦੇ ਹਨ।
ਇੱਕ ਵਿਅਕਤੀ ਨੇ ਕਿਹਾ- ਜਨਾਬ, ਅਸੀਂ ਇੱਥੇ ਕਾਰੋਬਾਰ ਕਰਨਾ ਹੈ, ਸਵਾਲ ਆਦਿ ਜੇਕਰ ਪੁੱਛਣੇ ਹਨ, ਤਾਂ ਫਿਰ ਸੇਠ ਨੂੰ ਪੁੱਛੋ।
ਅੰਬਾਨੀ ਦੇ ਘਰ ਨੇੜੇ ਕਬਾੜ ਦੀ ਦੁਕਾਨ ''''ਤੇ ਸੈਂਕੜੇ ਖ਼ਬਰਾਂ ਨੂੰ ਆਪਣੇ ''''ਚ ਸਮੋਏ ਅਖਬਾਰ ਪਏ ਹੋਏ ਹਨ।
ਇਹ ਘਰ ਤੋਂ ਬਾਹਰ ਦਾ ਮਾਹੌਲ ਹੈ। ਪਰ ਐਂਟੀਲੀਆ ਦੇ ਅੰਦਰ ਜਾਣ ਵਾਲੇ ਲੋਕ ਕੀ ਦੇਖਦੇ ਹਨ?
ਹਿੰਦੀ ਫਿਲਮ ਇੰਡਸਟਰੀ ਦੀ ਇੱਕ ਵੱਡੀ ਹਸਤੀ ਮੁਕੇਸ਼ ਅੰਬਾਨੀ ਦੀ ਇੱਕ ਪਾਰਟੀ ’ਚ ਗਏ ਸਨ। ।
ਉਨ੍ਹਾਂ ਕਿਹਾ, ''''''''ਉੱਥੇ ਅਸੀਂ ਫਿਲਮਾਂ ਵਾਲੇ ਲੋਕ ਜਾਂਦੇ ਹਾਂ, ਤਾਂ ਇਕ ਕੋਨੇ ''''ਚ ਸਾਨੂੰ ਬੈਠਾ ਦਿੱਤਾ ਜਾਂਦਾ ਹੈ। ਅੰਦਰ ਕੋਈ ਬਹੁਤੀ ਪੁੱਛ-ਗਿੱਛ ਥੋੜ੍ਹੀਂ ਹੈ। ਅੰਦਰ ਦੂਜੇ ਵੱਡੇ ਰਈਸ ਰਹਿੰਦੇ ਹਨ। ਯਾਰ, ਤੁਸੀਂ ਸੋਚੋ ਇਹਨਾਂ ਲੋਕਾਂ ਕੋਲ ਕਿੰਨਾ ਪੈਸਾ ਹੈ, ਅਸੀਂ ਲੋਕ ਤਾਂ ਇਹਨਾਂ ਦੇ ਸਾਹਮਣੇ ਕੁੱਝ ਵੀ ਨਹੀਂ ਹਾਂ ।”
ਇਹ ਗੱਲ ਇੱਕ ਉਸ ਸ਼ਖਸ ਨੇ ਕਹੀ ਜਿਸ ਦੀਆਂ ਫਿਲਮਾਂ 100 ਕਰੋੜ ਦੇ ਕਲੱਬ ਨੂੰ ਪਾਰ ਕਰ ਜਾਂਦੀਆਂ ਹਨ।
ਸਲਮਾਨ ਖਾਨ ਜਿੱਥੇ ਅੰਬਾਨੀ ਦੇ ਪਿੱਛੇ ਖੜ੍ਹਾ ਹੋ ਕੇ ਸਟੇਜ ''''ਤੇ ਬੈਕ ਡਾਂਸਰ ਵਜੋਂ ਕੰਮ ਕਰੇ, ਉੱਥੇ ਜਾ ਕੇ ਕਿਸੇ ਕਰੋੜਪਤੀ ਨਾਮੀ ਹਸਤੀ ਦਾ ਇਹ ਸੋਚਣਾ ਸੰਭਵ ਹੈ ।
ਮੁੰਬਈ ਸ਼ਹਿਰ
ਸੱਤ ਟਾਪੂਆਂ ’ਤੇ ਵਸਿਆ ਸ਼ਹਿਰ ਮੁੰਬਈ, ਜਿੱਥੇ ਜਦੋਂ ਮੀਂਹ ਪੈਂਦਾ ਹੈ ਤਾਂ ਕਈ ਦਿਨਾਂ ਤੱਕ ਰੁੱਕਦਾ ਹੀ ਨਹੀਂ ਹੈ।
ਅੱਖਾਂ ’ਚ ਸੁਪਨੇ ਲੈ ਕੇ ਜਿੱਥੇ ਹਜ਼ਾਰਾਂ, ਲੱਖਾਂ ਹੀ ਲੋਕ ਅਸਮਾਨ ਨੂੰ ਉਮੀਦ ਭਰੀਆਂ ਨਜ਼ਰਾਂ ਨਾਲ ਵੇਖਦੇ ਹਨ, ਉੱਥੇ ਅਸਮਾਨ ਦਾ ਜੰਮ ਕੇ ਵਰਸਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ।
ਇਹ ਮੁੰਬਈ ਸ਼ਹਿਰ ਹੀ ਹੋ ਸਕਦਾ ਹੈ, ਜਿੱਥੇ ਲਗਭਗ ਹਰ ਤੀਜੀ ਗੱਡੀ ਕੋਈ ਮਹਿੰਗੀ ਵੀਆਈਪੀ ਨੰਬਰ ਵਾਲੀ ਕਾਰ ਹੈ।
ਮੁੰਬਈ ਤੋਂ ਬਾਹਰ ਦੇ ਲੋਕ ਜਦੋਂ ਇਨ੍ਹਾਂ ਕਾਲੇ ਸ਼ੀਸੇ ਵਾਲੀਆਂ ਕਾਰਾਂ ਨੂੰ ਵੇਖਦੇ ਹਨ ਤਾਂ ਉਹ ਸੋਚਦੇ ਹਨ ਕਿ ਸ਼ਾਇਦ ਇਸ ਕਾਰ ’ਚ ਕੋਈ ਵੱਡਾ ਸਿਤਾਰਾ ਜਾ ਰਿਹਾ ਹੋਵੇਗਾ।
ਪਰ ਇੱਥੇ ਇਨ੍ਹੇ ਅਮੀਰ ਲੋਕ ਹਨ ਕਿ ਮੁੰਬਈ ਦੀ ਜ਼ਮੀਨ ਵੀ ਅਣਗਿਣਤ ਤਾਰਿਆਂ ਵਾਲਾ ਅਸਮਾਨ ਲੱਗਣ ਲੱਗਦੀ ਹੈ।
ਕਾਲੀ ਪੀਲੀ ਟੈਕਸੀ ਚਲਾ ਰਹੇ ਡਰਾਈਵਰ ਸੀ ਲਿੰਕ ਪਾਰ ਕਰਦੇ ਹੋਏ ਕਹਿੰਦੇ ਹਨ, “ ਬੰਬੇ ਦੇ ਅਸਲੀ ਲੋਕ ਸਿਰਫ ਸੋਨੇ ਦੀ ਚੇਨ ਪਾਉਂਦੇ ਹਨ। ਸੌਂਦੇ ਹਨ। ਬਾਹਰੋਂ ਜੋ ਲੋਕ ਆਉਂਦੇ ਹਨ ਉਹ ਇੱਥੇ ਪੈਸੇ ਕਮਾਉਂਦੇ ਹਨ ਅਤੇ ਵੇਖੋ ਕਿੰਨੀਆਂ ਉੱਚੀਆਂ-ਉੱਚੀਆਂ ਇਮਾਰਤਾਂ ਬਣਾ ਕੇ ਚਲੇ ਜਾਂਦੇ ਹਨ।”
ਟੈਕਸੀ ਡਰਾਈਵਰ ਨੇ ਜਿਨ੍ਹਾਂ ਬਾਹਰੀ ਲੋਕਾਂ ਦੀ ਗੱਲ ਕੀਤੀ , ਉਹ ਮੁੰਬਈ ਦਾ ਇੱਕ ਵੱਖਰਾ ਇਤਿਹਾਸਿਕ, ਸਿਆਸੀ ਅਤੇ ਸਮਾਜਿਕ ਮੁੱਦਾ ਰਿਹਾ ਹੈ।
ਪਰ ਕੁਝ ਬਾਹਰੀ ਲੋਕ ਅੰਬਾਨੀ ਵਰਗੇ ਵੀ ਹੁੰਦੇ ਹਨ, ਜਿਨ੍ਹਾਂ ਦੇ ਘਰ ਦੇ ਬਾਹਰ ਕੋਈ ਰੁੱਕ ਵੀ ਨਹੀਂ ਸਕਦਾ।
ਕੁਝ ਸ਼ਾਹਰੁਖ ਵਰਗੇ ਬਾਹਰੀ ਵੀ ਹੁੰਦੇ ਹਨ, ਜਿਨ੍ਹਾਂ ਦੇ ਘਰ ਦੇ ਬਾਹਰ ਆ ਕੇ ਸਮੁੰਦਰ ਵੀ ਕੁਝ ਦੇਰ ਲਈ ਰੁੱਕ ਜਾਂਦਾ ਹੈ ਅਤੇ ਫਿਰ ਲਹਿਰਾਂ ਦੇ ਜ਼ਰੀਏ ਆਉਂਦਾ-ਜਾਂਦਾ ਰਹਿੰਦਾ ਹੈ।
ਇਹੀ ਲਹਿਰਾਂ ਜਦੋਂ ਕਈ ਵਾਰ ਤੇਜ਼ ਹੁੰਦੀਆਂ ਹਨ ਤਾਂ ਸ਼ਾਹਰੁਖ ਦੇ ਘਰ ਦੇ ਬਾਹਰ ਛੱਲੀਆਂ ਵੇਚ ਰਹੀ ਪਾਰਵਤੀ ਦੀ ਛੋਟੀ ਜਿਹੀ ਦੁਕਾਨ ਨੂੰ ਹਟਾ ਦਿੰਦੀਆਂ ਹਨ।
ਈਦ ਦੇ ਅਗਲੇ ਦਿਨ ਬੈਂਡ ਸਟੈਂਡ ’ਤੇ ਤੇਜ਼ ਲਹਿਰਾਂ ਸੜਕ ਦੇ ਕਿਨਾਰੇ ਤੱਕ ਆ ਰਹੀਆਂ ਸਨ। ਪਾਰਵਤੀ ਆਪਣੀ ਮਾਂ ਨਾਲ ਖੜ੍ਹੀ ਹੈ।
ਦੁਕਾਨ ਲਹਿਰਾਂ ਅਤੇ ਫਿਰ ਬੀਐਮਸੀ ਦੇ ਡਰ ਕਰਕੇ ਹੱਟ ਚੁੱਕੀ ਹੈ।
ਪਾਰਵਤੀ ਦਾ ਭਰਾ ਪ੍ਰੇਮ ਵ੍ਹੀਲਚੇਅਰ ਦੇ ਨਾਲ ਘਰ ’ਚ ਹੀ ਹੈ। ਜਦੋਂ ਪਾਰਵਤੀ ਤੋਂ ਪ੍ਰੇਮ ਦੇ ਘਰ ਹੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ- ਉਹ ਇਨ੍ਹੇ ਪਾਣੀ ’ਚ ਕਿਵੇਂ ਆਵੇਗਾ?
ਆਪਣੀ ਭੈਣ ਦੀ ਸਿਰਫ ਮੋਬਾਈਲ ਟਾਰਚ ਵਿਖਾ ਕੇ ਮਦਦ ਕਰਨ ਵਾਲਾ ਪ੍ਰੇਮ ਤੇਜ਼ ਲਹਿਰਾਂ ਦੇ ਕਰਕੇ ਨਹੀਂ ਆ ਸਕਿਆ ਹੈ।
ਪ੍ਰੇਮ ਅਤੇ ਪਾਰਵਤੀ ਦਾ ਦੂਜਾ ਭਰਾ ਇੱਕ ਹਾਦਸੇ ’ਚ ਆਪਣਾ ਇੱਕ ਹੱਥ ਹਮੇਸ਼ਾਂ ਲਈ ਗਵਾ ਬੈਠਾ ਹੈ।
ਪਾਰਵਤੀ ਦੇ ਦੋਵਾਂ ਭਰਾਵਾਂ ਦੇ ਇਨ੍ਹਾਂ ਹੱਥਾਂ ਦੀ ਕਹਾਣੀ ਤੋਂ ਕੁਝ ਮੀਟਰ ਦੂਰ ਜਦੋਂ ਸ਼ਾਹਰੁਖ ਖਾਨ ਆਪਣਾ ਹੱਥ ਹਿਲਾਉਂਦੇ ਹਨ ਤਾਂ ਭੀੜ ਮੰਨਤ ਵੱਲ ਵੇਖਣ ਲੱਗ ਜਾਂਦੀ ਹੈ।
“ ਵੱਡੇ-ਵੱਡੇ ਸ਼ਹਿਰਾਂ ’ਚ….ਅਜਿਹੀਆਂ ਛੋਟੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ…”
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)