ਅਮ੍ਰਿਤਪਾਲ ਸਿੰਘ : ਗ੍ਰਿਫ਼ਤਾਰੀ ਲ਼ਈ 36 ਦਿਨ ਦੀ ਮੁਹਿੰਮ ਦੌਰਾਨ ਕਦੋਂ-ਕਦੋਂ, ਕੀ-ਕੀ ਹੋਇਆ

Tuesday, Apr 25, 2023 - 04:32 PM (IST)

ਅਮ੍ਰਿਤਪਾਲ ਸਿੰਘ : ਗ੍ਰਿਫ਼ਤਾਰੀ ਲ਼ਈ 36 ਦਿਨ ਦੀ ਮੁਹਿੰਮ ਦੌਰਾਨ ਕਦੋਂ-ਕਦੋਂ, ਕੀ-ਕੀ ਹੋਇਆ
ਅਮ੍ਰਿਤਪਾਲ ਸਿੰਘ
Getty Images
''''ਵਾਰਿਸ ਪੰਜਾਬ ਦੇ'''' ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਮੋਗਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ

18 ਮਾਰਚ ਤੋਂ ਲੈ ਕੇ 23 ਅਪ੍ਰੈਲ ਤੱਕ, ਯਾਨੀ ਅਮ੍ਰਿਤਪਾਲ ਸਿੰਘ ਨੂੰ ਫੜਨ ਲਈ ਸ਼ੁਰੂ ਕੀਤੇ ਗਏ ਅਪਰੇਸ਼ਨ ਤੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਤੱਕ ਪੰਜਾਬ ਵਿਚ ਕਈ ਗ੍ਰਿਫ਼ਤਾਰੀਆਂ ਵੇਖੀਆਂ ਗਈਆਂ, ਕਦੇ ਕਿਸੇ ਪਿੰਡ ਵਿਚ ਤਲਾਸ਼ ਕਦੇ ਕਿਸੇ ‘ਚ।

ਅਮ੍ਰਿਤਪਾਲ ਸਿੰਘ ਖਾਲਿਸਤਾਨ ਸਮਰਥਕ ਹੈ ਅਤੇ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਮੌਜੂਦਾ ਮੁਖੀ ਹੈ। ਜਿਸ ਖ਼ਿਲਾਫ਼ ਅਜਨਾਲਾ ਪੁਲਿਸ ਥਾਣੇ ਉੱਤੇ ਕਬਜ਼ਾ ਕਰਨ ਅਤੇ ਹਿੰਸਕ ਮੁਜ਼ਾਹਰੇ ਦੀ ਅਗਵਾਈ ਕਰਨ ਸਣੇ 16 ਮਾਮਲੇ ਦਰਜ ਹਨ।

ਕਈ ਵੀਡੀਊ ਤੇ ਕਈ ਤਸਵੀਰਾਂ ਵਾਇਰਲ ਹੋਈਆਂ, ਜਿਨਾਂ ਵਿਚੋਂ ਕੁਝ ਦੀ ਪੁਲਿਸ ਨੇ ਪੁਸ਼ਟੀ ਕੀਤੀ, ਕੁਝ ਨਹੀਂ। ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਰਿਹਾ ਤੇ ਰਾਜਨੀਤਿਕ ਪਾਰਾ ਵੀ ਚੜ੍ਹਿਆ ਰਿਹਾ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਪੁਲਿਸ ਦੇ ਡੀਆਈਜੀ ਨਰਿੰਦਰ ਭਾਰਗਵ ਦੱਸਦੇ ਹਨ, “ਜਦੋਂ ਵੀ ਕੋਈ ਗ੍ਰਿਫ਼ਤਾਰੀ ਹੁੰਦੀ ਸੀ ਸਾਨੂੰ ਲੱਗਦਾ ਸੀ ਕਿ ਅਮ੍ਰਿਤਪਾਲ ਜਲਦੀ ਹੀ ਸਾਡੇ ਹੱਥ ਵਿੱਚ ਆ ਜਾਵੇਗਾ ਪਰ ਇਹ ਹੁੰਦਾ ਨਹੀਂ ਸੀ। ਪਰ ਹਰ ਗ੍ਰਿਫਤਾਰੀ ਤੋਂ ਸਾਨੂੰ ਕੋਈ ਸੁਰਾਗ ਕੋਈ ਸੂਹ ਮਿਲ ਜਾਂਦਾ ਸੀ।”

ਕੀ ਅਜਿਹਾ ਵੀ ਕਦੇ ਲੱਗਾ ਕਿ ਅਮ੍ਰਿਤਪਾਲ ਪੁਲਿਸ ਦੇ ਹੱਥ ਨਹੀਂ ਆਏਗਾ? ਡੀਆਈਜੀ ਨਰਿੰਦਰ ਭਾਰਗਵ ਨੇ ਕਿਹਾ, “ਨਹੀਂ, ਬਲਕਿ ਦਿਨ-ਬ-ਦਿਨ ਸਾਨੂੰ ਇਹ ਯਕੀਨ ਹੁੰਦਾ ਗਿਆ ਕਿ ਅਮ੍ਰਿਤਪਾਲ ਜਲਦੀ ਹੀ ਫੜਿਆ ਜਾਏਗਾ।”

ਇਹਨਾਂ 36 ਦਿਨਾਂ ਦੌਰਾਨ ਹੋਈਆਂ ਕੁਝ ਪ੍ਰਮੁਖ ਘਟਨਾਵਾਂ ਬੀਬੀਸੀ ਨੇ ਇਕੱਠੀਆਂ ਕੀਤੀਆਂ ਹਨ।

18 ਮਾਰਚ: ਅਮ੍ਰਿਤਪਾਲ ਫ਼ਰਾਰ

18 ਮਾਰਚ ਸ਼ਨੀਵਾਰ ਦਾ ਦਿਨ ਸੀ। ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਕਾਰਕੁਨਾਂ ਖ਼ਿਲਾਫ਼ ਸੂਬੇ ਭਰ ਵਿੱਚ ਘੇਰਾਬੰਦੀ ਅਤੇ ਸਰਚ ਅਪਰੇਸ਼ਨ ਸ਼ੁਰੂ ਕੀਤਾ। ਦੱਸਿਆ ਗਿਆ ਕਿ ਇਸ ਸੰਗਠਨ ਦੇ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ।

ਇਹ ਅਪਰੇਸ਼ਨ ਮੁੱਖ ਤੌਰ ਦੇ ਅਮ੍ਰਿਤਪਾਲ ਨੂੰ ਫੜਨ ਲਈ ਸੀ। ਜਲੰਧਰ ਦੇ ਸ਼ਾਹਕੋਟ ਵਿੱਚ ਜੱਲੂਪੁਰ ਖੇੜਾ ਤੋਂ ਮੋਗਾ ਵੱਲ ਜਾਂਦੇ ਸਮੇਂ ਅਮ੍ਰਿਤਪਾਲ ਦੇ ਕਾਫ਼ਲੇ ਨੂੰ ਪੁਲਿਸ ਨੇ ਨਾਕੇ ਲਾਕੇ ਰੋਕਣ ਦੀ ਕੋਸ਼ਿਸ਼ੀ ਕੀਤੀ।

ਇੱਥੇ ਪੁਲਿਸ ਨੇ ਉਸ ਦੇ 7 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਪੁਲਿਸ ਮੁਤਾਬਕ ਅਮ੍ਰਿਤਪਾਲ ਸਿੰਘ ਭੱਜਣ ਵਿੱਚ ਸਫ਼ਲ ਰਿਹਾ। ਇਨ੍ਹਾਂ ਵਿਚੋਂ 5 ਨੂੰ ਅਗਲੇ ਹੀ ਦਿਨ ਐੱਨਐੱਸਏ ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ।

ਕਈ ਚੈਨਲਾਂ ''''ਤੇ ਅਜਿਹੀਆਂ ਖ਼ਬਰਾਂ ਵੀ ਆ ਗਈਆਂ ਕਿ ਅਮ੍ਰਿਤਪਾਲ ਨੂੰ ਫੜ ਲਿਆ ਗਿਆ ਹੈ। ਦੇਰ ਸ਼ਾਮ ਪੁਲਿਸ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਫ਼ਰਾਰ ਹਨ ਅਤੇ ਉਨ੍ਹਾਂ ਨੂੰ ਫੜਨ ਲਈ ਵੱਡੇ ਪੱਧਰ ''''ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਅਪਰੇਸ਼ਨ ਦੌਰਾਨ ਪਹਿਲੇ ਹੀ ਦਿਨ ਪੁਲਿਸ ਨੇ ਕੁੱਲ 78 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਕਈਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ।

ਬੀਬੀਸੀ
BBC

ਅਮ੍ਰਿਤਪਾਲ ਸਿੰਘ ਕੌਣ ਹਨ ਅਤੇ ਹੁਣ ਤੱਕ ਕੀ-ਕੀ ਹੋਇਆ

  • ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
  • ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।
  • ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
  • ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ 18 ਮਾਰਚ ਤੋਂ ਸ਼ੁਰੂ ਕੀਤੀ ਗਈ ਕਾਰਵਾਈ ਜਾਰੀ ਹੈ
  • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਅਫ਼ਗਾਨਿਸਤਾਨ ਨਹੀਂ ਬਣਨ ਦੇਣਗੇ
  • ਅਮ੍ਰਿਤਪਾਲ ਸਿੰਘ ਖ਼ਿਲਾਫ਼ ਐੱਨਐੱਸਏ ਲਗਾ ਦਿੱਤਾ ਗਿਆ ਹੈ।
  • ਇਸ ਤੋਂ ਪਹਿਲਾਂ ਅਮ੍ਰਿਤਪਾਲ ਦੇ 9 ਸਾਥੀ ਐੱਨਐੱਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
ਬੀਬੀਸੀ
BBC

19 ਮਾਰਚ: ਈਸੂਜ਼ੂ ਗੱਡੀ ਬਰਾਮਦ

ਪੰਜਾਬ ਪੁਲਿਸ ਦੀ ਕਾਰਵਾਈ ਜਾਰੀ ਸੀ। ਤਲਾਸ਼ ਜਾਰੀ ਸੀ। ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ 112 ਹੋ ਗਈ। ਪਰ ਅਮ੍ਰਿਤਪਾਲ ਨਹੀਂ ਮਿਲਿਆ।

ਪੁਲਿਸ ਨੇ ਤਲਾਸ਼ੀ ਦੌਰਾਨ ਜ਼ਿਲ੍ਹਾ ਜਲੰਧਰ ਦੇ ਪਿੰਡ ਸਲੀਣਾ, ਥਾਣਾ ਮਹਿਤਪੁਰ, ਤੋਂ ਇੱਕ ਈਸੂਜ਼ੂ ਗੱਡੀ ਬਰਾਮਦ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਗੱਡੀ ਦੀ ਵਰਤੋਂ ਅਮ੍ਰਿਤਪਾਲ ਨੇ ਕੀਤੀ ਸੀ, ਜਦੋਂ ਪੁਲਿਸ ਉਸਦਾ ਪਿੱਛਾ ਕਰ ਰਹੀ ਸੀ।

ਉਨ੍ਹਾਂ ਦੱਸਿਆ ਕਿ ਛੱਡੀ ਗਈ ਗੱਡੀ ਵਿੱਚੋਂ ਇੱਕ .315 ਬੋਰ ਰਾਈਫ਼ਲ ਸਮੇਤ 57 ਜਿੰਦਾ ਕਾਰਤੂਸ, ਇੱਕ ਤਲਵਾਰ ਅਤੇ ਇੱਕ ਵਾਕੀ-ਟਾਕੀ ਸੈੱਟ ਬਰਾਮਦ ਕੀਤਾ ਗਿਆ ਹੈ। ਇਹ ਵੀ ਦੱਸਿਆ ਕਿ ਇਹ ਗੱਡੀ ਮਨਪ੍ਰੀਤ ਸਿੰਘ ਵਾਸੀ ਐਸ.ਬੀ.ਐਸ.ਨਗਰ ਦੀ ਹੈ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ
Getty Images
ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ

20 ਮਾਰਚ: ਅਮ੍ਰਿਤਪਾਲ ਦਾ ਚਾਚਾ ਗ੍ਰਿਫ਼ਤਾਰ

ਅਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਤੇ ਡਰਾਈਵਰ ਹਰਪ੍ਰੀਤ ਸਿੰਘ ਨੇ ਸ਼ਾਹਕੋਟ ਵਿੱਚ ਆਤਮ ਸਮਰਪਣ ਕਰ ਦਿੱਤਾ। ਮੰਨਿਆ ਜਾਂਦਾ ਹੈ ਕਿ ਅਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਉਨ੍ਹਾਂ ਦੇ ਕਾਫ਼ੀ ਨੇੜੇ ਹਨ। ਹਰਜੀਤ ਸਿੰਘ ਅਮ੍ਰਿਤਪਾਲ ਦੇ ਨਾਲ ਸੀ ਪਰ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਤੋ ਅਲੱਗ ਹੋ ਗਏ ਸੀ।

ਆਈਜੀ ਨੇ ਦੱਸਿਆ ਕਿ ਜਲੰਧਰ ਪੁਲਿਸ ਨੇ ਅਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਅਤੇ ਉਸ ਦੇ ਡਰਾਈਵਰ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਮਹਿਤਪੁਰ ਦੇ ਪਿੰਡ ਉਦੋਵਾਲ ਦੇ ਸਰਪੰਚ ਮਨਪ੍ਰੀਤ ਸਿੰਘ ''''ਤੇ ਬੰਦੂਕ ਦੀ ਨੋਕ ''''ਤੇ ਉਸ ਦੇ ਘਰ ਪਨਾਹ ਲੈਣ ਦੇ ਇਲਜ਼ਾਮ ਵਿੱਚ ਇੱਕ ਹੋਰ ਮੁੱਢਲੀ ਸੂਚਨਾ ਰਿਪੋਰਟ (ਐੱਫਆਈਆਰ) ਦਰਜ ਕੀਤੀ ।

ਦੋਵੇਂ ਮੁਲਜ਼ਮ ਆਪਣੀ ਮਰਸਡੀਜ਼ ਕਾਰ ’ਚ ਆਏ ਸਨ। ਉਨ੍ਹਾਂ ਉੱਪਰ ਐੱਨਐੱਸਏ ਲਗਾ ਕੇ ਅਸਾਮ ਦੀ ਡਿਬਰੂਗੜ ਜੇਲ੍ਹ ਭੇਜਿਆ ਗਿਆ ਹੈ।

21 ਮਾਰਚ: ਅਮ੍ਰਿਤਪਾਲ ਸਿੰਘ ਖ਼ਿਲਾਫ਼ ਵਾਰੰਟ

ਅਮ੍ਰਿਤਪਾਲ ਸਿੰਘ ਵਿਰੁੱਧ ਲੁੱਕ ਆਊਟ ਸਰਕੁਲਰ (ਐੱਲਓਸੀ) ਅਤੇ ਗੈਰ-ਜ਼ਮਾਨਤੀ ਵਾਰੰਟ (ਐਨਬੀਡਬਲਿਊ) ਜਾਰੀ ਕਰ ਦਿੱਤਾ ਗਿਆ ਸੀ।

ਇਸ ਕਾਰਵਾਈ ਵਿੱਚ ਪੰਜਾਬ ਪੁਲਿਸ ਨੂੰ ਦੂਜੇ ਸੂਬਿਆਂ ਅਤੇ ਕੇਂਦਰੀ ਏਜੰਸੀਆਂ ਦਾ ਸਹਿਯੋਗ ਮਿਲ ਰਿਹਾ ਸੀ। ਵੱਖ-ਵੱਖ ਲੁੱਕ ਆਊਟ ਨੋਟਿਸਾਂ ''''ਚ ਅੰਮ੍ਰਿਤਪਾਲ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਈਜੀਪੀ ਸੁਖਚੈਨ ਗਿੱਲ ਨੇ ਲੋਕਾਂ ਨੂੰ ਫਰਾਰ ਅਮ੍ਰਿਤਪਾਲ ਦਾ ਪਤਾ ਦੱਸਣ ਦੀ ਅਪੀਲ ਕੀਤੀ।

ਜਲੰਧਰ ਪੁਲਿਸ ਨੇ ਇੱਕ ਬਰੇਜ਼ਾ ਕਾਰ ਬਰਾਮਦ ਕੀਤੀ, ਜਿਸ ਦੀ ਵਰਤੋਂ ਪੁਲਿਸ ਮੁਤਾਬਕ ਅਮ੍ਰਿਤਪਾਲ ਵੱਲੋਂ 18 ਮਾਰਚ ਨੂੰ ਉਸ ਸਮੇਂ ਕੀਤੀ ਗਈ ਸੀ, ਜਦੋਂ ਪੁਲਿਸ ਦੀਆਂ ਟੀਮਾਂ ਨੇ ਉਸ ਦੇ ਕਾਫ਼ਲੇ ਦਾ ਪਿੱਛਾ ਕੀਤਾ ਸੀ।

ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨੇ ਅਮ੍ਰਿਤਪਾਲ ਨੂੰ ਕਥਿਤ ਤੌਰ ਤੇ ਭੱਜਣ ਵਿੱਚ ਮਦਦ ਕੀਤੀ।

ਦੱਸਿਆ ਗਿਆ ਕਿ ਅਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਪਿੰਡ ਨੰਗਲ ਅੰਬੀਆ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਆਪਣਾ ਪਹਿਰਾਵਾ ਵੀ ਬਦਲਿਆ ਅਤੇ ਦੋ ਮੋਟਰਸਾਈਕਲਾਂ ’ਤੇ ਉੱਥੋਂ ਫ਼ਰਾਰ ਹੋ ਗਏ।

ਅਮ੍ਰਿਤਪਾਲ ਦੇ ਹੱਕ ਵਿਚ ਮੁਹਾਲੀ ਵਿਖੇ ਧਰਨਾ ਲਾਇਆ ਗਿਆ ਸੀ, ਜੋ 21 ਮਾਰਚ ਨੂੰ ਚੁੱਕ ਲਿਆ ਗਿਆ।

ਅਮ੍ਰਿਤਪਾਲ ਸਿੰਘ
Getty Images
ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ

23 ਮਾਰਚ: ਇੱਕ ਔਰਤ ਫੜੀ ਗਈ

ਆਈਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨਾਲ ਸਾਂਝੇ ਅਪਰੇਸ਼ਨ ਵਿੱਚ ਇੱਕ ਔਰਤ ਬਲਜੀਤ ਕੌਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਗ੍ਰਿਫਤਾਰ ਕੀਤਾ ਹੈ।

ਉਨ੍ਹਾਂ ਨੇ ਕਥਿਤ ਕੌਰ ਉੱਤੇ ਅਮ੍ਰਿਤਪਾਲ ਸਿੰਘ ਅਤੇ ਉਸ ਦੇ ਸਹਿਯੋਗੀ ਪਪਲਪ੍ਰੀਤ ਸਿੰਘ ਨੂੰ ਘਰ ਵਿਚ ਸ਼ਰਨ ਦਿੱਤੀ ਸੀ। ਬਲਜੀਤ ਕੌਰ ਨੇ ਕਥਿਤ ਤੌਰ ਉੱਤੇ ਖ਼ੁਲਾਸਾ ਕੀਤਾ ਕਿ ਪਪਲਪ੍ਰੀਤ ਪਿਛਲੇ ਢਾਈ ਸਾਲਾਂ ਤੋਂ ਉਸ ਦੇ ਸੰਪਰਕ ਵਿੱਚ ਸੀ।

ਉਨ੍ਹਾਂ ਦੱਸਿਆ ਕਿ ਖੰਨਾ ਪੁਲਿਸ ਨੇ ਅਮ੍ਰਿਤਪਾਲ ਦਾ ਇੱਕ ਹੋਰ ਨਜ਼ਦੀਕੀ ਸਾਥੀ ਤਜਿੰਦਰ ਸਿੰਘ ਗਿੱਲ ਉਰਫ਼ ਗੋਰਖਾ ਬਾਬਾ, ਵਾਸੀ ਪਿੰਡ ਮਾਂਗੇਵਾਲ ਵੀ ਕਾਬੂ ਕੀਤਾ ਹੈ।

ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਟੀਮਾਂ ਨੇ ਉਸ ਦੇ ਕਬਜ਼ੇ ਵਿੱਚੋਂ ਆਨੰਦਪੁਰ ਖ਼ਾਲਸਾ ਫ਼ੌਜ (ਏਕੇਐਫ) ਦੇ ਹੋਲੋਗ੍ਰਾਮ ਅਤੇ ਹਥਿਆਰਾਂ ਦੀ ਸਿਖਲਾਈ ਦੀਆਂ ਵੀਡੀਉਜ਼ ਸਮੇਤ ਕੁਝ ਅਪਰਾਧਿਕ ਸਮੱਗਰੀ ਵੀ ਬਰਾਮਦ ਕੀਤੀ ਹੈ।

24 ਮਾਰਚ: ਰਿਹਾਈ ਸ਼ੁਰੂ

ਪੰਜਾਬ ਪੁਲਿਸ ਨੇ ਸੂਬੇ ਵਿੱਚ ਅਮਨ-ਕਾਨੂੰਨ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁਧ ਚੱਲ ਰਹੀ ਮੁਹਿੰਮ ਦੌਰਾਨ ਹਿਰਸਾਤ ਵਿੱਚ ਲਏ ਗਏ 44 ਵਿਅਕਤੀਆਂ ਨੂੰ ਪੁਲਿਸ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ।

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅਪਰੇਸ਼ਨ ਦੌਰਾਨ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਪ੍ਰੇਸ਼ਾਨ ਨਾ ਕਰਨ ਦੀਆਂ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ। ਕਈ ਲੋਕਾਂ ਨੇ ਅਪੀਲ ਕੀਤੀ ਸੀ ਕਿ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।

ਪੁਲਿਸ ਨੇ ਕਿਹਾ ਕਿ ਜਨਤਾ ਦੇ ਵਡੇਰੇ ਹਿੱਤ ਵਿੱਚ ਉਨ੍ਹਾਂ ਵਿਅਕਤੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਜਿਹਨਾਂ ਦੀ ਘੱਟੋ-ਘੱਟ ਭੂਮਿਕਾ ਹੈ।

ਪੁਲਿਸ ਮੁਤਾਬਕ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਦੇ ਇਲਜ਼ਾਮ ਹੇਠ ਕੁੱਲ 207 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 30 ਗੰਭੀਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਹਨ।

ਅਮ੍ਰਿਤਪਾਲ ਸਿੰਘ
Getty Images
ਅਮ੍ਰਿਤਪਾਲ ਸਿੰਘ ਦੀ ਉਨ੍ਹਾਂ ਦੇ ਪਿੰਡ ਜੱਲੂਪੁਰ ਖੇੜਾ ਦੀ ਫ਼ਰਵੀਰ 2023 ਦੀ ਇੱਕ ਤਸਵੀਰ

25 ਮਾਰਚ: ਜਥੇਦਾਰ ਦੀ ਨਸੀਹਤ

ਅਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ਉੱਤੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਪੁਲਿਸ ਵੱਲੋਂ ਪੱਤਰਕਾਰਾਂ ਉੱਤੇ ਕਥਿਤ ਕਾਰਵਾਈ ਨੂੰ ਵੀ ਮੰਦਭਾਗਾ ਦੱਸਿਆ।

ਹਰਪ੍ਰੀਤ ਸਿੰਘ ਨੇ ਅਮ੍ਰਿਤਪਾਲ ਸਿੰਘ ਨੂੰ ਵੀ ਗ੍ਰਿਫ਼ਤਾਰੀ ਦੇਣ ਦੀ ਅਪੀਲ ਕੀਤੀ ।

ਉੱਧਰ ਨੇਪਾਲ ਹਾਈ ਅਲਰਟ ''''ਤੇ ਕੀਤਾ ਗਿਆ ਕਿਉਂਕਿ ਭਾਰਤੀ ਦੂਤਾਵਾਸ ਨੇ ਨੇਪਾਲ ਦੇ ਵਿਦੇਸ਼ ਮੰਤਰਾਲੇ ਨੂੰ ਦੱਸਿਆ ਕਿ ਅਮ੍ਰਿਤਪਾਲ ਉੱਥੇ ਲੁਕਿਆ ਹੋ ਸਕਦਾ ਹੈ ਅਤੇ ਉਹ ਨੇਪਾਲ ਰਾਹੀਂ ਭੱਜਣ ਦੀ ਕੋਸ਼ਿਸ਼ ਕਰ ਸਕਦਾ ਹੈ।

ਮਾਰਚ 26: 197 ਦੀ ਰਿਹਾਈ

ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਕੇਸਾਂ ਦੀ ਜਾਂਚ ਕਰਨ ਅਤੇ ਉਨ੍ਹਾਂ ਵਿਅਕਤੀਆਂ ਨੂੰ ਰਿਹਾਅ ਕਰਨ ਲਈ ਆਪਣੀ ਚੱਲ ਰਹੀ ਮੁਹਿੰਮ ਜਾਰੀ ਰੱਖੀ।

ਕਾਨੂੰਨ ਦੀਆਂ ਰੋਕਥਾਮ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਕੁੱਲ 353 ਵਿਅਕਤੀਆਂ ਵਿੱਚੋਂ 197 ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ।

28 ਮਾਰਚ: ਹੁਸ਼ਿਆਰਪੁਰ ''''ਚ ਅਮ੍ਰਿਤਪਾਲ ਨੂੰ ਫੜਨ ਲਈ ਵੱਡਾ ਅਪਰੇਸ਼ਨ

ਰਾਤ ਕਰੀਬ 8 ਵਜੇ ਹੁਸ਼ਿਆਰਪੁਰ ਦੇ ਪਿੰਡ ਮਰਨੀਆਂ ਵਿਖੇ ਪੰਜਾਬ ਪੁਲਿਸ ਨੇ ਅਮ੍ਰਿਤਪਾਲ ਦੀ ਭਾਲ ਲਈ ਅਭਿਆਨ ਚਲਾਇਆ। ਘਰ-ਘਰ ਜਾ ਕੇ ਤਲਾਸ਼ੀ ਲਈ ਗਈ। ਅਮ੍ਰਿਤਪਾਲ ਹੱਥ ਨਹੀਂ ਆਇਆ।

ਪੁਲਿਸ ਦੇ ਫਗਵਾੜਾ ਹੁਸ਼ਿਆਰਪੁਰ ਸੜਕ ਉੱਤੇ ਇੱਕ ਗੱਡੀ ਦੀ ਪਿੱਛਾ ਕੀਤੀ, ਜਿਸ ਬਾਰੇ ਦਾਅਵਾ ਕੀਤਾ ਗਿਆ ਕਿ ਉਸ ਵਿੱਚ ਅਮ੍ਰਿਤਪਾਲ, ਪਪਲਪ੍ਰੀਤ ਅਤੇ ਉਨ੍ਹਾਂ ਨੂੰ ਵਾਪਸ ਪੰਜਾਬ ਲਿਆਉਣ ਵਾਲਾ ਵਿਅਕਤੀ ਜੋਗਾ ਸਿੰਘ ਸਵਾਰ ਸਨ।

ਪਰ ਪੁਲਿਸ ਇਨ੍ਹਾਂ ਨੂੰ ਫੜ੍ਹ ਨਹੀਂ ਸਕੀ, ਇਹ ਮਰਨੀਆਂ ਪਿੰਡ ਵਿਚਲੇ ਇੱਕ ਡੇਰੇ ਵਿੱਚ ਗੱਡੀ ਖੜ੍ਹਾ ਕੇ ਰਾਤ ਦੇ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਪੁਲਿਸ ਕੋਲ਼ੋ ਬਚ ਨਿਕਲੇ।

ਬਾਅਦ ਵਿੱਚ ਪਪਲਪ੍ਰੀਤ ਨੇ ਦੱਸਿਆ ਕਿ ਉਹ ਇਸੇ ਦਿਨ 28 ਤਾਰੀਖ਼ ਨੂੰ ਅਮ੍ਰਿਤਪਾਲ ਤੋਂ ਵੱਖ ਹੋ ਗਿਆ ਸੀ।

ਹੁਸ਼ਿਆਰਪੁਰ ਦੇ ਇਸੇ ਇਲਾਕੇ ਵਿੱਚੋਂ ਪੁਲਿਸ ਨੇ 2 ਭਰਾਵਾਂ ਨੂੰ ਹਿਰਾਸਤ ਵਿੱਚ ਲਿਆ ਸੀ। ਜਿਨ੍ਹਾਂ ਬਾਰੇ ਦਾਅਵਾ ਕੀਤਾ ਗਿਆ ਕਿ 28 ਦੀ ਰਾਤ ਨੂੰ ਇਨ੍ਹਾਂ ਅਮ੍ਰਿਤਪਾਲ ਨੂੰ ਖਾਣਾ ਖੁਆਇਆ ਸੀ।

29 ਮਾਰਚ: ਅਮ੍ਰਿਤਪਾਲ ਦੀ ਵੀਡੀਓ

29 ਮਾਰਚ ਸ਼ਾਮ ਨੂੰ ਅਮ੍ਰਿਤਪਾਲ ਸਿੰਘ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ।

ਇਸ ਵੀਡੀਓ ਵਿੱਚ ਅਮ੍ਰਿਤਪਾਲ ਨੇ ਕਿਹਾ, “ਜੇ ਸਰਕਾਰ ਸਾਨੂੰ ਘਰੋਂ ਗ੍ਰਿਫ਼ਤਾਰ ਕਰਦੀ ਤਾਂ ਮੈਂ ਗ੍ਰਿਫ਼ਤਾਰੀ ਦੇ ਦਿੰਦਾ। ਫੋਰਸ ਲਾ ਕੇ, ਘੇਰਾ ਪਾ ਕੇ ਸਾਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੋਂ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਕੱਢਿਆ ਹੈ।”

ਅਮ੍ਰਿਤਪਾਲ ਨੇ ਅੱਗੇ ਕਿਹਾ, “ਜਥੇਦਾਰ ਸਾਹਿਬ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵਿਸਾਖੀ ਦੇ ਮੇਲੇ ’ਤੇ ਸਰਬੱਤ ਖ਼ਾਲਸਾ ਸੱਦਣਾ ਚਾਹੀਦਾ ਹੈ।”

ਗ੍ਰਿਫ਼ਤਾਰੀ ਬਾਰੇ ਅਮ੍ਰਿਤਪਾਲ ਨੇ ਕਿਹਾ, "ਇਹ ਵਾਹਿਗੁਰੂ ਦੇ ਹੱਥ ਹੈ, ਮੈਂ ਚੜ੍ਹਦੀ ਕਲਾਂ ਵਿੱਚ ਹਾਂ ਅਤੇ ਕੋਈ ਮੇਰਾ ਵਾਲ਼ ਵਿੰਗਾ ਵੀ ਨਹੀਂ ਕਰ ਸਕਿਆ।"

ਅਮ੍ਰਿਤਪਾਲ ਸਿੰਘ
Getty Images

30 ਮਾਰਚ: ਇੱਕ ਹੋਰ ਵੀਡੀਓ ਸਾਹਮਣੇ ਆਈ

ਦੂਜੇ ਦਿਨ ਇਕ ਹੋਰ ਵੀਡੀਉ ਆਈ। ਦੂਜੀ ਵੀਡੀਓ ਵਿੱਚ ਉਸ ਨੇ ਜਥੇਦਾਰ ਨੂੰ ਮੁੜ ਤੋਂ ਸਰਬੱਤ ਖ਼ਾਲਸਾ ਸੱਦਣ ਦੀ ਅਪੀਲ ਕੀਤੀ ਸੀ।

ਪਰ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸਰਬੱਤ ਖ਼ਾਲਸਾ ਨਹੀਂ ਬੁਲਾਇਆ ਗਿਆ ਸੀ, ਕਿਉਂ ਕਿ ਸਿੱਖ ਵਿਵਦਾਨਾਂ ਦੀ ਦਲੀਲ ਸੀ ਕਿ ਸਰਬੱਤ ਖਾਲਸਾ ਇੱਕ ਪੁਰਾਤਨ ਰਵਾਇਤ ਹੈ, ਉਹ ਕਿਸੇ ਮੁੱਦੇ ਉੱਤੇ ਬੁਲਾਇਆ ਜਾ ਸਕਦਾ ਹੈ, ਕਿਸੇ ਇੱਕ ਵਿਅਕਤੀ ਦੇ ਨਿੱਜੀ ਸੱਦੇ ਉੱਤੇ ਨਹੀਂ।

10 ਅਪ੍ਰੈਲ: ਪਪਲਪ੍ਰੀਤ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਕੱਥੂਨੰਗਲ ਇਲਾਕੇ ਤੋਂ ਅੰਮ੍ਰਿਤਪਾਲ ਸਿੰਘ ਦੇ ਮੁੱਖ ਸਾਥੀ ਪਪਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਪਪਲਪ੍ਰੀਤ ਨੂੰ ਰਾਸ਼ਟਰੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਹਿਰਾਸਤ ਵਿਚ ਲਿਆ ਗਿਆ ਸੀ।

ਆਈਜੀ ਸੁਖਚੈਨ ਗਿੱਲ ਨੇ ਕਿਹਾ ਕਿ ਪੁਲਿਸ ਟੀਮਾਂ ਚੱਲ ਰਹੇ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਕੁਝ ਅਹਿਮ ਸੁਰਾਗਾਂ ''''ਤੇ ਕੰਮ ਕਰ ਰਹੀਆਂ ਸਨ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਪਪਲਪ੍ਰੀਤ ਸਿੰਘ ਪੰਜਾਬ ਪੁਲਿਸ ਨੂੰ ਛੇ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।

ਕਈ ਦਿਨਾਂ ਬਾਅਦ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਸੀ। ਪੁਲਿਸ ਨੇ ਕਈ ਦਿਨਾਂ ਬਾਅਦ ਹੀ ਪ੍ਰੈਸ ਵਾਰਤਾ ਵੀ ਕੀਤੀ।

ਅਮ੍ਰਿਤਪਾਲ ਸਿੰਘ
BBC
ਅਮ੍ਰਿਤਪਾਲ ਸਿੰਘ ਵੀਡੀਓ ਜਾਰੀ ਕਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਰਬੱਤ ਖਾਲਸਾ ਸੱਦਣ ਦੀ ਅਪੀਲ ਕੀਤੀ ਸੀ

15 ਅਪ੍ਰੈਲ: ਪਨਾਹ ਦੇਣ ਵਾਲਾ ਜੋਗਾ ਸਿੰਘ ਗ੍ਰਿਫ਼ਤਾਰ

ਜੋਗਾ ਸਿੰਘ ਨੂੰ ਸਰਹਿੰਦ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਨੇ ਦੱਸਿਆ ਕਿ ਅਮ੍ਰਿਤਪਾਲ ਦਾ ਸਾਥੀ ਜੋਗਾ ਸਿੰਘ ਜਦੋਂ ਸਰਹੰਦ ਤੋਂ ਹਰਿਆਣਾ ਜਾ ਰਿਹਾ ਸੀ ਤਾਂ ਉਸ ਸਮੇਂ ਅੰਮ੍ਰਿਤਸਰ ਅਤੇ ਹਰਿਆਣਾ ਪੁਲਿਸ ਨੇ ਸਾਂਝੇ ਅਪਰੇਸ਼ਨ ਦੌਰਾਨ ਜੋਗਾ ਸਿੰਘ ਪੰਜਾਬ ਨੂੰ ਗ੍ਰਿਫਤਾਰ ਕੀਤਾ ਗਿਆ।

20 ਅਪ੍ਰੈਲ: ਅਮ੍ਰਿਤਪਾਲ ਦੀ ਪਤਨੀ

ਅਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਹਵਾਈ ਅੱਡੇ ''''ਤੇ ਰੋਕਿਆ ਗਿਆ। ਉਸਨੂੰ ਰੋਕਣ ਤੇ ਪੁੱਛਗਿੱਛ ਕਰਨ ਦੀ ਖ਼ਬਰ ਆਈ ਤਾਂ ਨਾਲ ਹੀ ਇਸ ਦੀ ਨਿੰਦਾ ਵੀ ਹੋਈ।

ਕਿਰਨਦੀਪ ਕੌਰ ਬ੍ਰਿਟੇਨ ਆਪਣੇ ਮਾਪਿਆਂ ਕੋਲ ਜਾਣਾ ਚਾਹੁੰਦੀ ਸੀ। ਪਰ ਜਦੋਂ ਉਹ ਹਵਾਈ ਅੱਡੇ ਉੱਤੇ ਪਹੁੰਚੀ ਤਾਂ ਇੰਮੀਗਰੇਸ਼ਨ ਅਤੇ ਏਜੰਸੀਆਂ ਨੇ ਉਸ ਨੂੰ ਰੋਕ ਲਿਆ ਅਤੇ ਪੁੱਛਗਿੱਛ ਤੋਂ ਬਾਅਦ ਵਾਪਸ ਪਿੰਡ ਭੇਜ ਦਿੱਤਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ, "ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨੌਜੁਆਨੀ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਪੰਜਾਬ ਦਾ ਇਤਿਹਾਸ ਤੇ ਸਰੋਕਾਰ ਧੀਆਂ ਭੈਣਾਂ ਦੀ ਰਾਖੀ ਅਤੇ ਸਤਿਕਾਰ ਕਰਨ ਵਾਲੇ ਹਨ, ਪਰੰਤੂ ਮੌਜੂਦਾ ਸਰਕਾਰ ਵੱਲੋਂ ਇਸ ਤਰ੍ਹਾਂ ਬੱਚੀਆਂ ਨੂੰ ਰੋਕਣਾ ਤੇ ਸ਼ੱਕ ਦੀ ਨਿਗਾਹ ਨਾਲ ਵੇਖਣਾ ਠੀਕ ਨਹੀਂ।"

23 ਅਪ੍ਰੈਲ: ਗ੍ਰਿਫ਼ਤਾਰੀ

ਅਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਅਤੇ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੀ ਇੱਕ ਸਾਂਝੀ ਟੀਮ ਨੇ ਜ਼ਿਲ੍ਹਾ ਮੋਗਾ ਵਿੱਚ ਪੈਂਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕੀਤਾ।

ਐਤਵਾਰ ਸਵੇਰੇ ਰੋਡੇ ਪਿੰਡ ਤੋਂ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਇੱਕ ਵੀਡੀਓ ਜਾਰੀ ਕਰਕੇ 6.45 ਉੱਤੇ ਅਮ੍ਰਿਤਪਾਲ ਵਲੋਂ ਆਤਮ-ਸਮਰਪਣ ਦੀ ਖ਼ਬਰ ਸਾਂਝੀ ਕੀਤੀ।

ਇਸ ਵੀਡੀਓ ਵਿੱਚ ਅਮ੍ਰਿਤਪਾਲ ਸਿੰਘ ਗੁਰਦੁਆਰਾ ਵਿੱਚ ਨਤਮਸਕ ਹੁੰਦੇ ਦਿਖ ਰਹੇ ਸਨ ਉਨ੍ਹਾਂ 4-5 ਮਿੰਟ ਲ਼ਈ ਹਾਜ਼ਰ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਉਹ ਗੁਰਦੁਆਰੇ ਦੇ ਬਾਹਰ ਖੜ੍ਹੀ ਪੁਲਿਸ ਨਾਲ ਗੱਡੀ ਵਿੱਚ ਬੈਠ ਕੇ ਚਲੇ ਗਏ।

ਜਿਸ ਤੋਂ ਬਾਅਦ ਉਸੇ ਦਿਨ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ, ਕਿਉਂ ਕਿ ਉਨ੍ਹਾਂ ਉੱਤੇ ਐੱਨਐੱਸਏ ਪਹਿਲਾਂ ਹੀ ਲੱਗ ਚੁੱਕਿਆ ਸੀ। ਇਸ ਜੇਲ੍ਹ ਵਿੱਚ ਉਨ੍ਹਾਂ ਦੇ 9 ਸਾਥੀ ਪਹਿਲਾਂ ਹੀ ਬੰਦ ਸਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)



Related News