ਮੋਰਿੰਡਾ ਬੇਅਦਬੀ ਮਾਮਲਾ: ਗੁਰਦੁਆਰਾ ਕੋਤਵਾਲੀ ਸਾਹਿਬ ਦੀ ਕਮੇਟੀ ਭੰਗ; ‘ਬੇਅਦਬੀ ਲਈ ਕਮੇਟੀ ਵੀ ਓਨੀ ਕਸੂਰਵਾਰ’
Tuesday, Apr 25, 2023 - 01:47 PM (IST)


ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਸੋਮਵਾਰ ਨੂੰ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਰੋਪੜ ਜ਼ਿਲ੍ਹੇ ''''ਚ ਪੈਂਦੇ ਮੋਰਿੰਡਾ ਵਿਖੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਕਥਿਤ ਬੇਅਦਬੀ ਦੀ ਘਟਨਾ ਦਾ ਮਾਮਲਾ ਅਜੇ ਵੀ ਭਖਿਆ ਹੋਇਆ ਹੈ।
ਕਥਿਤ ਬੇਅਦਬੀ ਦੀ ਘਟਨਾ ਦੇ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਵਿਅਕਤੀ ਨੇ ਅੰਦਰ ਆ ਕੇ ਪਾਠ ਕਰ ਰਹੇ ਗ੍ਰੰਥੀ ਸਿੰਘਾਂ ਨਾਲ ਕੁੱਟਮਾਰ ਕੀਤੀ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਵੀ ਹੱਥ ਪਾਇਆ।
ਮੌਕੇ ''''ਤੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਕਾਬੂ ਕਰਕੇ ਉਸ ਨਾਲ ਕੁੱਟਮਾਰ ਕੀਤੀ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ, ਪਰ ਲੋਕਾਂ ''''ਚ ਅਜੇ ਵੀ ਰੋਹ ਹੈ ਅਤੇ ਉਨ੍ਹਾਂ ਨੇ ਆਪਣਾ ਧਰਨਾ ਜਾਰੀ ਰੱਖਿਆ ਹੋਇਆ ਹੈ।
ਸੋਮਵਾਰ ਸ਼ਾਹ ਨੂੰ ਕੁਝ ਲੋਕਾਂ ਨੇ ਮੁਲਜ਼ਮ ਦੇ ਘਰ ਅੰਦਰ ਵੜ ਗਏ ਅਤੇ ਤੋੜਭੰਨ ਵੀ ਕੀਤੀ ਹੈ।
ਇਸ ਸਿਲਸਿਲੇ ''''ਚ ਹੁਣ ਗੁਰਦੁਆਰਾ ਕੋਤਵਾਲੀ ਸਾਹਿਬ ਦੀ ਕਮੇਟੀ ਵੀ ਭੰਗ ਕਰ ਦਿੱਤੀ ਗਈ ਹੈ ਅਤੇ ਇੱਕ ਨਵੀਂ ਕਮੇਟੀ ਬਣਾਈ ਗਈ ਹੈ।
ਸੰਗਤ ਦਾ ਇਲਜ਼ਾਮ ਹੈ ਕਿ ਕਮੇਟੀ ਨੇ ਗੁਰਦੁਆਰੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਠੀਕ ਢੰਗ ਨਾਲ ਪੂਰੀ ਨਹੀਂ ਕੀਤੀ, ਜਿਸ ਦੇ ਕਾਰਨ ਹੀ ਬੇਅਦਬੀ ਦੀ ਘਟਨਾ ਵਾਪਰੀ।
ਇਸੇ ਕਾਰਨ ਸੰਗਤ ਦੀ ਮੰਗ ''''ਤੇ ਗੁਰਦੁਆਰੇ ਦੀ ਪੁਰਾਣੀ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਹੈ।
ਸੁਰੱਖਿਆ ਦੇ ਸਖ਼ਤ ਇੰਤਜ਼ਾਮ
ਮੋਰਿੰਡਾ ਵਿੱਚ ਸੋਮਵਾਰ ਨੂੰ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਇਸ ਵੇਲੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਮੋਰਿੰਡਾ ਤੋਂ ਕੁਰਾਲੀ ਜਾਣ ਵਾਲੀ ਰੋਡ ਨੂੰ ਪੂਰੇ ਤਰੀਕੇ ਨਾਲ ਮੁਜ਼ਾਹਰਾਕਾਰੀਆਂ ਨੇ ਬੰਦ ਕਰ ਦਿੱਤਾ ਹੈ।
ਮੁਜ਼ਾਹਰਾਕਾਰੀ ਮੋਰਿੰਡਾ ਦੇ ਵੇਰਕਾ ਚੌਕ ਉੱਤੇ ਬੈਠੇ ਹੋਏ ਹਨ। ਸ਼ਹਿਰ ਵਿੱਚ ਦਾਖਿਲ ਹੋਣ ਵੇਲੇ ਵੀ ਪੁਲਿਸ ਵੱਲੋਂ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ।
ਕੌਣ ਹੈ ਬੇਅਦਬੀ ਦਾ ਮੁਲਜ਼ਮ

ਮੋਰਿੰਡਾ ਵਿਖੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਕਥਿਤ ਬੇਅਦਬੀ ਦੇ ਮਾਮਲੇ ਵਿੱਚ ਜਿਸ ਵਿਅਕਤੀ ਨੂੰ ਹਿਰਾਸਤ ''''ਚ ਲਿਆ ਗਿਆ ਹੈ ਦੀ ਪਛਾਣ 35 ਸਾਲਾ ਜਸਵੀਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ, ਮੁਲਜ਼ਮ ਮੋਰਿੰਡਾ ਦੇ ਹੀ ਵਸਨੀਕ ਹਨ ਅਤੇ ਕਸਬੇ ''''ਚ ਬਿਜਲੀ ਦੇ ਸਮਾਨ ਦੀ ਇੱਕ ਦੁਕਾਨ ਚਲਾਉਂਦੇ ਹਨ।
ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ, ਬੇਅਦਬੀ ਦੀ ਇਸ ਘਟਨਾ ਤੋਂ ਬਾਅਦ ਰੋਹ ''''ਚ ਆਏ ਲੋਕ ਮੁਲਜ਼ਮ ਦੇ ਘਰ ''''ਚ ਵੜ ਗਏ ਅਤੇ ਤੋੜ-ਭੰਨ ਵੀ ਕੀਤੀ।
ਮੁਲਜ਼ਮ ਨੇ ਜਿਸ ਪਾਠੀ ਗੁਰਪ੍ਰੀਤ ਸਿੰਘ ਨਾਲ ਕੁੱਟਮਾਰ ਕੀਤੀ, ਉਨ੍ਹਾਂ ਦੇ ਬਿਆਨ ਮੁਤਾਬਕ ਮੁਲਜ਼ਮ ''''ਤੇ ਆਈਪੀਸੀ ਦੀਆਂ ਧਾਰਾਵਾਂ 295 ਏ ਸਣੇ ਅਧੀਨ ਮੁਕੱਦਮਾ ਨੰਬਰ 26 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਲੋਕਾਂ ਦਾ ਧਰਨਾ ਅਜੇ ਵੀ ਜਾਰੀ
ਮੋਰਿੰਡਾ ਦੇ ਲੋਕਾਂ ਨੇ ਇਸ ਘਟਨਾ ਤੋਂ ਬਾਅਦ ਪੁਲਿਸ ਥਾਣੇ ਨੂੰ ਘੇਰ ਲਿਆ ਸੀ ਅਤੇ ਲੁਧਿਆਣਾ-ਚੰਡੀਗੜ੍ਹ ਰੋਡ ਵੀ ਜਾਮ ਕਰ ਦਿੱਤਾ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ਮੁਜ਼ਾਹਰੇ ''''ਚ ਸ਼ਾਮਲ ਹੋਏ ਸਨ।
ਹਾਲਾਂਕਿ, ਬਾਅਦ ਵਿੱਚ ਹਾਈਵੇਅ ਤੋਂ ਜਾਮ ਹਟਾ ਲਿਆ ਗਿਆ ਪਰ ਲੋਕਾਂ ਨੇ ਸਾਰੀ ਰਾਤ ਥਾਣੇ ਨੇੜੇ ਧਰਨਾ ਦਿੱਤਾ ਜੋ ਕਿ ਅਜੇ ਵੀ ਜਾਰੀ ਹੈ।
ਇਹ ਧਰਨਾ ਵੇਰਕਾ ਚੌਂਕ ਵਿਖੇ ਚਲ ਰਿਹਾ ਹੈ ਤੇ ਇਹ ਮੋਰਿੰਡਾ ਪੁਲਿਸ ਥਾਣੇ ਤੋਂ ਕਰੀਬ ਡੇਢ ਸੌ ਮੀਟਰ ਦੂਰੀ ’ਤੇ ਲੱਗਾ ਹੋਇਆ ਹੈ।
ਧਰਨੇ ਵਾਲੀ ਥਾਂ ’ਤੇ ਭਾਰੀ ਪੁਲਿਸ ਫੋਰਸ ਤੈਨਾਤ ਹੈ ਤੇ ਪੁਲਿਸ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਲੋਕ ਮੰਗ ਕਰ ਰਹੇ ਹਨ ਕਿ ਬੇਅਦਬੀ ਕਰਨ ਵਾਲੇ ਨੂੰ ਲੋਕਾਂ ਦੇ ਹਵਾਲੇ ਕੀਤਾ ਜਾਵੇ।

ਵਾਇਰਲ ਵੀਡੀਓ ਵਿੱਚ ਕੀ ਨਜ਼ਰ ਆਇਆ
ਘਟਨਾ ਦੇ ਵੀਡੀਓ ਵਾਇਰਲ ਹੋ ਰਹੇ ਹਨ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਆਦਮੀ ਆਉਂਦਾ ਹੈ ਅਤੇ ਪਾਠ ਕਰ ਰਹੇ ਗ੍ਰੰਥੀ ਸਿੰਘਾਂ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ।
ਪਹਿਲਾਂ ਇਹ ਨੌਜਵਾਨ ਚੱਲ ਰਹੇ ਪਾਠਾਂ ਦੀ ਲੜੀ ਵਾਲੇ ਕਮਰੇ ਵਿਚ ਦਾਖ਼ਲ ਹੋਇਆ ਅਤੇ ਜੰਗਲਾ ਟੱਪ ਕੇ ਉਸ ਨੇ ਪਾਠ ਕਰ ਰਹੇ ਗ੍ਰੰਥੀ ਸਿੰਘਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਕਮਰੇ ਵਿਚ ਬੈਠੀਆਂ ਸੰਗਤਾਂ ਹੈਰਾਨ ਰਹਿ ਗਈਆਂ। ਇੰਨਾਂ ਹੀ ਨਹੀਂ, ਉਕਤ ਨੌਜਵਾਨ ਨੇ ਗ੍ਰੰਥੀ ਸਿੰਘਾਂ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਗੁਰੂ ਗ੍ਰੰਥ ਸਾਹਿਬ ਨੂੰ ਵੀ ਹੱਥ ਪਾਇਆ।
ਇਸੇ ਦੌਰਾਨ ਸਿੱਖ ਸੰਗਤਾਂ ਨੇ ਉਸ ਨੌਜਵਾਨ ਨੂੰ ਕਾਬੂ ਕਰਕੇ ਉਸ ਨਾਲ ਕੁੱਟਮਾਰ ਕੀਤੀ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ।


- ਪੰਜਾਬ ਦੇ ਮੋਰਿੰਡਾ ਕਸਬੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਹੈ
- ਮੋਰਿੰਡਾ ਕਸਬਾ ਚੰਡੀਗੜ੍ਹ ਤੋਂ ਉੱਤਰ-ਪੱਛਮ ਵੱਲ ਕਰੀਬ 33 ਕਿਲੋਮੀਟਰ ਦੂਰ ਚੰਡੀਗੜ੍ਹ-ਲੁਧਿਆਣਾ ਸ਼ਾਹ-ਮਾਰਗ ਉੱਤੇ ਪੈਂਦਾ ਹੈ
- ਬੇਅਦਬੀ ਦੀ ਘਟਨਾ ਮੋਰਿੰਡਾ ਦੇ ਇਤਿਹਾਸਿਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਵਾਪਰੀ ਹੈ
- ਗੁਰੂਦੁਆਰਾ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨਾਲ ਸਬੰਧਤ ਹੈ
- ਸ਼ੱਕੀ ਵਿਅਕਤੀ ਨੇ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋ ਕੇ ਪਾਠ ਕਰ ਕੇ ਗ੍ਰੰਥੀ ਸਿੰਘਾਂ ਉੱਤੇ ਹਮਲਾ ਕਰ ਦਿੱਤਾ
- ਘਟਨਾ ਤੋਂ ਬਾਅਦ ਹਾਜ਼ਰ ਲੋਕਾਂ ਨੇ ਮੁਲਜ਼ਮ ਨੂੰ ਫੜ੍ਹ ਲਿਆ ਅਤੇ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ
- ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ
- ਘਟਨਾ ਤੋਂ ਬਾਅਦ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਸਦਰ ਥਾਣੇ ਦਾ ਘਿਰਾਓ ਕੀਤਾ
- ਲੋਕ ਕਾਫੀ ਗੁੱਸੇ ਵਿੱਚ ਹਨ ਅਤੇ ਕੁਝ ਲੋਕਾਂ ਨੇ ਮੁਲਜ਼ਮ ਦੇ ਘਰ ਵੜ ਕੇ ਭੰਨਤੋੜ ਵੀ ਕੀਤੀ


''''ਸਾਡੀ ਦਸਤਾਰ ਉਤਾਰ ਦਿੱਤੀ''''- ਪਾਠੀ
ਘਟਨਾ ਦੌਰਾਨ ਜਿਸ ਪਾਠੀ ਗੁਰਪ੍ਰੀਤ ਸਿੰਘ ਉੱਤੇ ਹਮਲਾ ਹੋਇਆ, ਉਸ ਨੇ ਘਟਨਾ ਦਾ ਵੇਰਵਾ ਦਿੰਦਿਆਂ ਹੋਇਆ ਦੱਸਿਆ ਕਿ ਉਹ ਉਸ ਵੇਲੇ ਆਪਣੀ 12 ਤੋਂ 2 ਵਾਲੀ ਡਿਊਟੀ ਦੀ ਸੇਵਾ ਕਰ ਰਹੇ ਸਨ।
ਬੀਬੀਸੀ ਪੱਤਰਕਾਰ ਸਰਵਜੀਤ ਸਿੰਘ ਧਾਲੀਵਾਲ ਮੁਤਾਬਕ, ਉਨ੍ਹਾਂ ਨੇ ਦੱਸਿਆ ਕਿ "ਅਸੀਂ ਆਪਣੀ ਡਿਊਟੀ ਲਗਾ ਰਹੇ ਸੀ ਅਤੇ ਇੱਕ ਵ$ਜ ਕੇ 10 ਮਿੰਟ ਉੱਤੇ ਇਹ ਭਾਈ ਸਾਬ੍ਹ ਅੰਦਰ ਆਏ। ਅੰਦਰ ਆਉਂਦਿਆਂ ਸਾਰ ਹੀ ਉਨ੍ਹਾਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ। ਉਸ ਨੇ ਮੇਰੇ ਜਿਹੜਾ ਮੁੱਕਾ ਮਾਰਿਆ ਉਸ ਨਾਲ ਸੁੰਨ ਕਰ ਕੇ ਰੱਖ ਦਿੱਤਾ, ਸਾਡੀ ਦਸਤਾਰ ਉਤਾਰ ਦਿੱਤੀ। ਮੈਂ ਬਾਬਾ ਜੀ ਦੇ ਸਰੂਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਉੱਤੇ ਰੁਮਾਲਾ ਪਾਉਣ ਦੀ ਕੋਸ਼ਿਸ਼ ਕੀਤੀ।"
"ਫਿਰ ਉਸ ਨੇ ਦੂਜੇ ਗ੍ਰੰਥੀ, ਜੋ ਮੇਰੇ ਨਾਲ ਹੀ ਡਿਊਟੀ ''''ਤੇ ਬੈਠੇ ਸਨ, ਉਨ੍ਹਾਂ ''''ਤੇ ਹਮਲਾ ਕੀਤਾ। ਉਨ੍ਹਾਂ ਵੀ ਦਸਤਾਰ ਉਤਾਰ ਦਿੱਤੀ। ਉਨ੍ਹਾਂ ਦੀ ਅੱਖ ''''ਤੇ ਵੀ ਸੱਟ ਲੱਗੀ ਹੈ। ਉਸ ਤੋਂ ਬਾਅਦ ਉਹ ਬਾਹਰ ਨੂੰ ਭੱਜ ਗਿਆ।"
ਘਟਨਾ ਨੂੰ ਲੈ ਕੇ ਪ੍ਰਤੀਕਿਰਿਆਵਾਂ

‘ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ’ – ਐਸਜੀਪੀਸੀ ਪ੍ਰਧਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੇਅਦਬੀ ਦੇ ਦੋਸ਼ੀ ਵਿਅਕਤੀ ਖ਼ਿਲਾਫ਼ ਕਰੜੀ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ, "ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਬੇਹੱਦ ਸਤਿਕਾਰਤ ਹਨ, ਪਰੰਤੂ ਦੁੱਖ ਦੀ ਗੱਲ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸਰਕਾਰ ਵੱਲੋਂ ਦੋਸ਼ੀਆਂ ਖ਼ਿਲਾਫ਼ ਢਿੱਲੀ ਕਾਰਵਾਈ ਕਰਕੇ ਬੇਅਦਬੀ ਕਰਨ ਵਾਲਿਆਂ ਦੇ ਹੌਂਸਲੇ ਵੱਧ ਰਹੇ ਹਨ।"
"ਜੇਕਰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿਸੇ ਦੀ ਅਜਿਹਾ ਘਿਨੌਣਾ ਅਪਰਾਧ ਕਰਨ ਦੀ ਹਿੰਮਤ ਨਾ ਪਵੇ।"
ਐਡਵੋਕੇਟ ਧਾਮੀ ਨੇ ਕਿਹਾ ਕਿ ਮੋਰਿੰਡਾ ਵਿਖੇ ਬੇਅਦਬੀ ਦੀ ਘਟਨਾ ਰੂਹ ਨੂੰ ਝੰਜੋੜਨ ਵਾਲੀ ਹੈ, ਜਿਸ ਦੇ ਦੋਸ਼ੀ ਨੇ ਸ਼ਰ੍ਹੇਆਮ ਆ ਕੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਹੈ।
ਇਸ ਵਿਅਕਤੀ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਰੜੀ ਕਾਰਵਾਈ ਕਰਕੇ ਇਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਦੀ ਗੰਭੀਰ ਜਾਂਚ ਕੀਤੀ ਜਾਵੇ ਤਾਂ ਜੋ ਬੇਅਦਬੀ ਦੇ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਸਾਹਮਣੇ ਆ ਸਕਣ।
''''ਇਹ ਪੰਜਾਬ ਨੂੰ ਮੁੜ ਹਨ੍ਹੇਰੇ ਨੇਰੇ ਵੱਲ ਝੋਕਣ ਦੀ ਕਾਰਵਾਈ''''- ਜਥੇਦਾਰ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੋਰਿੰਡਾ ਅਤੇ ਫਰੀਦਕੋਟ ਵਿਖੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ''''ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ''''ਇਹ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕਾਰਵਾਈ ਹੈ ਤੇ ਪੰਜਾਬ ਨੂੰ ਮੁੜ ਤੋਂ ਹਨ੍ਹੇਰੇ ਵੱਲ ਝੋਕਣ ਦੀ ਕਾਰਵਾਈ ਹੈ।''''
ਉਨ੍ਹਾਂ ਕਿਹਾ, ''''''''ਜਿੰਨਾ ਚਿਰ ਅਜਿਹੇ ਲੋਕਾਂ ''''ਤੇ ਸਖ਼ਤ ਕਾਰਵਾਈ ਨਹੀਂ ਹੁੰਦੀ ਓਨਾ ਚਿਰ ਇਹ ਬੇਅਦਬੀਆਂ ਨਹੀਂ ਰੁਕਣੀਆਂ।''''''''
''''''''ਇਨ੍ਹਾਂ ਬੇਅਦਬੀਆਂ ਪਿੱਛੇ ਜ਼ਰੂਰ ਕੋਈ ਵੱਡੀਆਂ ਤਾਕਤਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਨੂੰ ਬੇਪਰਦਾ ਕਰਨਾ ਬਹੁਤ ਜ਼ਰੂਰੀ ਹੈ।''''''''
ਉਨ੍ਹਾਂ ਕਿਹਾ ਕਿ ''''ਇਹ ਸਿੱਖਾਂ ਦੇ ਅਕਸ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਹਨ ਕਿਉਂਕਿ ਜਦੋਂ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਸਿੱਖ ਬਰਦਾਸ਼ਤ ਨਹੀਂ ਕਰ ਪਾਉਂਦੇ ਤੇ ਫਿਰ ਇਹ ਲੋਕ ਕਹਿੰਦੇ ਨੇ ਕਿ ਸਿੱਖ ਮਾਹੌਲ ਖ਼ਰਾਬ ਕਰਦੇ ਹਨ। ਜਦਕਿ ਮਾਹੌਲ ਅਜਿਹੇ ਘਟੀਆ ਇਨਸਾਨ ਖ਼ਰਾਬ ਕਰਦੇ ਹਨ।''''''''

ਅਸਲ ਦੋਸ਼ੀਆਂ ਦੀ ਪਛਾਣ ਕੀਤੀ ਜਾਵੇ - ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਰਿੰਡਾ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਸਰਕਾਰ ''''ਤੇ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਲਿਖਿਆ ਹੈ, ਅਜਿਹਾ ਲੱਗਦਾ ਹੈ ਕਿ ਮੋਰਿੰਡਾ ਵਿੱਚ ਬੇਅਦਬੀ ਦਾ ਨਿੰਦਣਯੋਗ ਕਾਰਾ ਅੰਮ੍ਰਿਤਪਾਲ ਸਿੰਘ ਦੀ ''''ਗ੍ਰਿਫ਼ਤਾਰੀ'''', ਸਿੱਖਾਂ ਵਿਰੁੱਧ ਜਬਰ ਅਤੇ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਕਾਇਮ ਰੱਖਣ ਵਿੱਚ ਅਸਫ਼ਲਤਾ ਤੋਂ ਧਿਆਨ ਹਟਾਉਣ ਲਈ ਬੁਰੀ ਤਰ੍ਹਾਂ ਨਾਲ ਘਿਰੀ ''''ਆਪ'''' ਸਰਕਾਰ ਦੀ ਇੱਕ ਕੋਝੀ ਚਾਲ ਹੈ।"
"ਅਸਲ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।"
ਦੋਸ਼ੀ ਬਖ਼ਸ਼ੇ ਨਹੀਂ ਜਾਣਗੇ- ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮੋਰਿੰਡਾ ਦੇ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਕਥਿਤ ਬੇਅਦਬੀ ਦੀ ਘਟਨਾ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਨੇ ਫੇਸਬੁੱਕ ਪੋਸਟ ''''ਤੇ ਲਿਖਿਆ ਹੈ, "ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਘਟਨਾ ਬੇਹੱਦ ਨਿੰਦਣਯੋਗ ਹੈ ਤੇ ਕਿਸੇ ਨੂੰ ਵੀ ਇਸ ਘਟਨਾ ਲਈ ਬਖਸ਼ਿਆ ਨਹੀਂ ਜਾਵੇਗਾ। ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਸਭ ਤੋਂ ਪਹਿਲਾਂ ਹੈ।"

ਮਾਤਾ ਗੁਜਰੀ ਤੇ ਸਹਿਬਜ਼ਾਦਿਆਂ ਨਾਲ ਸਬੰਧਤ ਹੈ ਗੁਰਦੁਆਰਾ ਕੋਤਵਾਲੀ ਸਾਹਿਬ
ਜ਼ਿਲ੍ਹਾ ਰੋਪੜ ਦੇ ਮੋਰਿੰਡਾ ਵਿੱਚ ਇਤਾਹਿਸਕ ਗੁਰਦੁਆਰਾ ਕੋਤਵਾਲੀ ਸਾਹਿਬ ਮਾਤਾ ਗੁਜਰੀ ਜੀ, ਸਹਿਬਜ਼ਾਦਾ ਫਤਿਹ ਸਿੰਘ ਅਤੇ ਸਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਨਾਲ ਸਬੰਧਤ ਹੈ।
ਸਾਲ 1705 ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਆਪਣੇ ਪਰਿਵਾਰ ਤੋਂ ਵੱਖ ਹੋ ਗਏ ਸਨ ਤਾਂ ਮਾਤਾ ਗੁਜਰੀ ਅਤੇ ਦੋਵੇਂ ਸਹਿਬਜ਼ਾਦੇ ਆਪਣੇ ਲਾਂਗਰੀ ਗੰਗੂ ਨਾਲ ਸਨ।
ਇਤਿਹਾਸਕ ਹਵਾਲਿਆਂ ਮੁਤਾਬਕ ਗੰਗੂ ਨੇ ਮੁਗਲ ਹਕੂਮਤ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਸੀ ਅਤੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਹਕੂਮਤ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਜਾਨੀ ਖ਼ਾਨ ਅਤੇ ਮਨੀ ਖ਼ਾਨ ਇਸ ਥਾਂ ਉਪਰ ਲੈ ਕੇ ਆਏ ਸਨ। ਇਸ ਕੋਤਵਾਲੀ ਥਾਣਾ ਸੀ, ਇੱਥੇ ਮਾਤਾ ਅਤੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਰੱਖਿਆ ਗਿਆ ਸੀ
ਉਨ੍ਹਾਂ ਨੂੰ ਰਾਤ ਭਰ ਏਥੇ ਜੇਲ੍ਹ ਵਿੱਚ ਰੱਖਿਆ ਗਿਆ ਸੀ ਅਤੇ ਫਿਰ ਕੇਸ ਚਲਾਉਣ ਲਈ ਸਰਹਿੰਦ ਲੈ ਗਏ ਸਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)