ਕੀ ਅਮ੍ਰਿਤਪਾਲ ਘਟਨਾਕਰਮ ਨੂੰ ਲੈ ਕੇ ਵਿਦੇਸ਼ਾਂ ''''ਚ ਪਹਿਲਾਂ ਹੋਏ ਪ੍ਰਦਰਸ਼ਨ ਖ਼ਾਲਿਸਤਾਨ ਲਈ ਵਧੇ ਸਮਰਥਨ ਦਾ ਪ੍ਰਤੀਕ ਹਨ
Tuesday, Apr 25, 2023 - 12:47 PM (IST)


ਪੰਜਾਬ ਪੁਲਿਸ ਵੱਲੋਂ ਖ਼ਾਲਿਸਤਾਨ ਸਮਰਥਕ ਅਮ੍ਰਿਤਪਾਲ ਸਿੰਘ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਤੋਂ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਅਮ੍ਰਿਤਪਾਲ ਨੂੰ ਫੜਨ ਲਈ ਵੱਡੇ ਪੱਧਰ ''''ਤੇ ਛਾਪੇਮਾਰੀ 18 ਮਾਰਚ ਨੂੰ ਸ਼ੁਰੂ ਹੋਈ ਸੀ ਪਰ ਇਸ ਤੋਂ ਇੱਕ ਦਿਨ ਬਾਅਦ 19 ਮਾਰਚ ਨੂੰ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਰੋਧ ਪ੍ਰਦਰਸ਼ਨ ਹੋਇਆ।
ਇਸ ਦੌਰਾਨ ਇੱਕ ਵਿਅਕਤੀ ਨੇ ਇਮਾਰਤ ਦੀ ਪਹਿਲੀ ਮੰਜ਼ਿਲ ’ਚ ਬਾਲਕਨੀ ਤੋਂ ਭਾਰਤੀ ਝੰਡੇ ਨੂੰ ਹੇਠਾਂ ਉਤਾਰ ਦਿੱਤਾ।
ਅਗਲੇ ਦਿਨ, ਖ਼ਾਲਿਸਤਾਨ ਪੱਖੀ ਸਮਰਥਕਾਂ ਨੇ ਸਾਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਵਿੱਚ ਭੰਨਤੋੜ ਕੀਤੀ ਅਤੇ ਅਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ।
ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਆਸਟਰੇਲੀਆ ਅਤੇ ਕੈਨੇਡਾ ਵਿੱਚ ਵੀ ਦੇਖੇ ਗਏ ਸਨ।
ਇਸ ਤੋਂ ਸਵਾਲ ਪੈਦਾ ਹੋਇਆ ਕਿ, ਕੀ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਵਿਰੋਧ ਪ੍ਰਦਰਸ਼ਨ ਖ਼ਾਲਿਸਤਾਨ ਲਈ ਵਧੇ ਸਮਰਥਨ ਨੂੰ ਦਰਸਾਉਂਦੇ ਹਨ?

ਪੁਲਿਸ ਨੇ ਅਮ੍ਰਿਤਪਾਲ ਖ਼ਿਲਾਫ਼ ਕਥਿਤ ਤੌਰ ''''ਤੇ ਧਰਮ ਦੇ ਆਧਾਰ ''''ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਉਤਸ਼ਾਹਿਤ ਕਰਨ, ਕਤਲ ਦੀ ਕੋਸ਼ਿਸ਼, ਸਰਕਾਰੀ ਕਰਮਚਾਰੀਆਂ ਨੂੰ ਕੰਮ ਤੋਂ ਰੋਕਣ, ਜਬਰੀ ਵਸੂਲੀ ਅਤੇ ਹੋਰ ਇਲਜ਼ਾਮਾਂ ਤਹਿਤ ਕੇਸ ਦਰਜ ਕੀਤੇ ਹਨ।
ਉਸ ਉੱਤੇ ਰਾਸ਼ਟਰੀ ਸੁਰੱਖਿਆ ਐਕਟ (ਐਨਐਸਏ) ਵੀ ਲਗਾਇਆ ਗਿਆ ਹੈ।
ਇਸ ਸਾਲ ਫਰਵਰੀ ਵਿੱਚ, ਅੰਮ੍ਰਿਤਪਾਲ ਨੇ ਇੱਕ ਸਾਥੀ ਨੂੰ ਛੁਡਾਉਣ ਲਈ ਸੈਂਕੜੇ ਹਥਿਆਰਬੰਦ ਸਮਰਥਕਾਂ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਵਿੱਚ ਇੱਕ ਪੁਲਿਸ ਥਾਣੇ ਦੇ ਘਿਰਾਓ ਕਾਰਨ ਸੁਰਖ਼ੀਆਂ ਬਟੋਰੀਆਂ ਸਨ।
ਉਸ ਦਾ ਦਾਅਵਾ ਸੀ ਕਿ ਪੁਲਿਸ ਨੇ ਉਨ੍ਹਾਂ ਦੇ ਸਾਥੀ ’ਤੇ ਝੂਠਾ ਮੁਕੱਦਮਾ ਦਰਜ ਕੀਤਾ ਸੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਹੋਣ ਦਾ ਹਵਾਲਾ ਦਿੰਦੇ ਹੋਏ ਕਾਰਵਾਈ ਨਹੀਂ ਕੀਤੀ ਸੀ।
ਹਾਲਾਂਕਿ, ਪੁਲਿਸ ਦੀ ਕਥਿਤ ਤੌਰ ''''ਤੇ ਨਾਕਾਮਯਾਬੀ ਦੀ ਵਿਰੋਧੀ ਪਾਰਟੀਆਂ ਨੇ ਤਿੱਖੀ ਆਲੋਚਨਾ ਕੀਤੀ ਸੀ।
ਪੁਲਿਸ ਨੇ ਜਦੋਂ 18 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਕਾਰਵਾਈ ਕੀਤੀ ਤਾਂ ਉਸਦੇ ਕਈ ਸ਼ੱਕੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕੁਝ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਪੁਲਿਸ ਨੇ ਕਿਹਾ ਸੀ ਕਿ ਕਈਆਂ ਨੂੰ ਇਸ ਲਈ ਹਿਰਾਸਤ ਵਿਚ ਲਿਆ ਗਿਆ ਹੈ ਤਾਂ ਕਿ "ਕਾਨੂੰਨ ਅਤੇ ਵਿਵਸਥਾ ਨੂੰ ਭੰਗ ਕਰਨ" ਦੀ ਕੋਸ਼ਿਸ਼ ਨੂੰ ਰੋਕਿਆ ਜਾ ਸਕੇ।
ਅਧਿਕਾਰੀਆਂ ਨੇ ਸੋਸ਼ਲ ਮੀਡੀਆ ''''ਤੇ ਜਾਅਲੀ ਖ਼ਬਰਾਂ, ਅਫ਼ਵਾਹਾਂ ਅਤੇ ਗ਼ਲਤ ਜਾਣਕਾਰੀ ਨੂੰ ਰੋਕਣ ਲਈ ਮੋਬਾਈਲ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾਵਾਂ ''''ਤੇ ਵੀ ਪਾਬੰਦੀ ਲਗਾ ਦਿੱਤੀ ਸੀ।
ਇਸ ਕਾਰਵਾਈ ਤੋਂ ਬਾਅਦ ਸਿੱਖਾਂ ਦੀ ਵਸੋਂ ਵਾਲੇ ਦੇਸ਼ਾਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ।
ਪਰ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਪ੍ਰਦਰਸ਼ਨ ਕੋਈ ਨਵੀਂ ਗੱਲ ਨਹੀਂ ਹੈ ਅਤੇ ਸਾਲਾਂ ਤੋਂ ਹੁੰਦੇ ਆ ਰਹੇ ਹਨ।
ਬੀਬੀਸੀ ਨੇ ਇਹਨਾਂ ਵਿਰੋਧ ਪ੍ਰਦਰਸ਼ਨਾਂ ਬਾਰੇ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਮਾਹਿਰਾਂ ਅਤੇ ਸਿੱਖ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਗੱਲ ਕੀਤੀ ਹੈ।

ਅਮ੍ਰਿਤਪਾਲ ਸਿੰਘ ਕੌਣ ਹਨ ਅਤੇ ਹੁਣ ਤੱਕ ਕੀ-ਕੀ ਹੋਇਆ
- ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
- ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਪਿਛਲੇ ਸਾਲ ਅਗਸਤ 2022 ਦੌਰਾਨ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ।
- ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
- ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ 18 ਮਾਰਚ ਤੋਂ ਕਾਰਵਾਈ ਸ਼ੁਰੂ ਕੀਤੀ ਗਈ ਸੀ।
- ਅਮ੍ਰਿਤਪਾਲ ਸਿੰਘ ਖ਼ਿਲਾਫ਼ ਐੱਨਐੱਸਏ ਲਗਾ ਹੈ ਅਤੇ ਉਸ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ।
- ਇਸ ਤੋਂ ਪਹਿਲਾਂ ਪੁਲਿਸ ਨੇ 9 ਲੋਕਾਂ ਨੂੰ ਐੱਨਐੱਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਸੀ।
- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਜਿਹੜੇ ਲੋਕ ਦੇਸ਼ ਦੇ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਉੱਤੇ ਅਸੀਂ ਕਾਨੂੰਨ ਦੇ ਤਹਿਤ ਕਾਰਵਾਈ ਕਰਾਂਗੇ, ਅਸੀਂ ਬੇਗੁਨਾਹ ਲੋਕਾਂ ਨੂੰ ਤੰਗ ਨਹੀਂ ਕਰਾਂਗੇ।

ਇਸ ਦੌਰਾਨ ਪਾਇਆ ਕਿ ਪ੍ਰਦਰਸ਼ਨ ਆਮ ਤੌਰ ''''ਤੇ ਮੋਬਾਈਲ ਇੰਟਰਨੈੱਟ ਬੰਦ ਕਰਨ ਅਤੇ ਪੰਜਾਬ ਪੁਲਿਸ ਵੱਲੋਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਣ ਦੀਆਂ ਖ਼ਬਰਾਂ ਤੋਂ ਪ੍ਰੇਰਿਤ ਸਨ।
ਵਿਦੇਸ਼ਾਂ ਵਿੱਚ ਵੱਸਦੇ ਬਹੁਤ ਸਾਰੇ ਮਾਹਿਰ ਮਹਿਸੂਸ ਕਰਦੇ ਹਨ ਕਿ ਸਰਵੇਖਣ ਜਾਂ ਪੋਲ ਦੀ ਅਣਹੋਂਦ ਵਿੱਚ, ਇਹ ਪਤਾ ਲਗਾਉਣਾ ਮੁਸ਼ਕਲ ਹੈ ਕਿ ਵੱਖਵਾਦੀ ਖ਼ਾਲਿਸਤਾਨ ਲਹਿਰ ਨੂੰ ਸਮਰਥਨ ਵਧਿਆ ਹੈ ਜਾਂ ਨਹੀਂ।
ਪਰ ਇਹ ਯਕੀਨੀ ਤੌਰ ''''ਤੇ ਕਿਹਾ ਜਾ ਸਕਦਾ ਹੈ ਕਿ ਪ੍ਰਵਾਸੀ ਸਿੱਖਾਂ ਵਿੱਚ ਵਿਰੋਧ ਦੇ ਅਧਿਕਾਰ ਬਾਰੇ ਬਹੁਤ ਵੱਡੀ ਜਾਗਰੂਕਤਾ ਹੈ ਅਤੇ ਉਨ੍ਹਾਂ ਦਾ ਇੱਕ ਹਿੱਸਾ ਖ਼ਾਲਿਸਤਾਨ ਦੀ ਮੰਗ ਨੂੰ ਲੈ ਕੇ ਖੁੱਲ ਕੇ ਬੋਲ ਰਿਹਾ ਹੈ।
ਇਨ੍ਹਾਂ ਚਾਰਾਂ ਦੇਸ਼ਾਂ ਵਿੱਚ ਸਿੱਖ ਪਰਵਾਸੀ ਲਗਭਗ 20 ਲੱਖ ਹਨ ਜਦੋਂ ਕਿ ਇਹ ਨੋਟ ਕਰਨਾ ਵੀ ਮਹੱਤਵਪੂਰਨ ਹੈ ਕਿ ਪੰਜਾਬ ਵਿੱਚ ਲਗਭਗ 180 ਲੱਖ ਸਿੱਖ ਰਹਿੰਦੇ ਹਨ।
ਇਹਨਾਂ ਵਿਚੋਂ ਇੱਕ ਸਾਲ ਪਹਿਲਾਂ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜ਼ਿਆਦਾਤਰ ਵੋਟਰਾਂ ਨੇ ਸ਼ਮੂਲੀਅਤ ਕੀਤੀ ਸੀ।

ਬ੍ਰਿਟੇਨ ਵਿੱਚ ਸਿੱਖਾਂ ਦੀ ਕਿੰਨੀ ਮੌਜੂਦਗੀ
ਬ੍ਰਿਟੇਨ ਵਿੱਚ ਲਗਭਗ 5.24 ਲੱਖ ਸਿੱਖ ਆਬਾਦੀ ਹੈ ਜੋ ਕਿ ਦੇਸ਼ ਦੀ ਕੁੱਲ ਆਬਾਦੀ ਦਾ ਲਗਭਗ 0.92% ਹੈ।
ਆਕਸਫੋਰਡ ਬਰੁਕਸ ਯੂਨੀਵਰਸਿਟੀ ਦੇ ਪ੍ਰੋਫੈਸਰ ਅਮੈਰੀਟਸ ਪ੍ਰੀਤਮ ਸਿੰਘ ਨੇ ਕਿਹਾ, " ਬ੍ਰਿਟੇਨ ਵਿੱਚ ਦੇਖੇ ਗਏ ਵਿਰੋਧ ਪ੍ਰਦਰਸ਼ਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੁੱਧ ਸਨ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪੰਜਾਬ ਵਿੱਚ ਚੁੱਕਿਆ ਗਿਆ ਅਤੇ ਗ੍ਰਿਫਤਾਰ ਕੀਤਾ ਜਾ ਰਿਹਾ ਸੀ।"
ਪ੍ਰੀਤਮ ਸਿੰਘ ਕਹਿੰਦੇ ਹਨ, “ਉਨ੍ਹਾਂ ਨੂੰ ਗ਼ੁੱਸਾ ਹੈ ਕਿ ਪੁਲਿਸ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕਿਉਂ ਗ੍ਰਿਫਤਾਰ ਕਰ ਰਹੀ ਹੈ। ਇੱਥੋਂ ਦੇ ਲੋਕ ਇੱਕ ਅਜਿਹੇ ਸਮਾਜ ਵਿੱਚ ਰਹਿੰਦੇ ਹਨ ਜਿੱਥੇ ਪੁਲਿਸ ਕੋਲ ਬਹੁਤ ਸੀਮਤ ਸ਼ਕਤੀਆਂ ਹਨ। ਪੁਲਿਸ ਤੁਹਾਡੀ ਆਗਿਆ ਤੋਂ ਬਿਨਾਂ ਤੁਹਾਡੇ ਘਰ ਵਿੱਚ ਦਾਖਲ ਨਹੀਂ ਹੋ ਸਕਦੀ।”
“ਜੇਕਰ ਕੋਈ ਅੱਤਵਾਦੀ ਨਹੀਂ ਹੈ ਜਾਂ ਸਰਕਾਰ ਦੇ ਖ਼ਿਲਾਫ਼ ਸਾਜ਼ਿਸ਼ ਨਹੀਂ ਕਰ ਰਿਹਾ। ਇਸ ਲਈ, ਇੱਥੇ ਲੋਕ ਮਨੁੱਖੀ ਅਧਿਕਾਰਾਂ ਦੇ ਇਸ ਪੱਧਰ ਦੇ ਆਦਿ ਹਨ। ਭਾਰਤ ਵਿੱਚ ਜੋ ਕੁਝ ਹੁੰਦਾ ਹੈ ਉਹ ਉਸ ਤੋਂ ਨਾਰਾਜ਼ ਮਹਿਸੂਸ ਕਰਦੇ ਹਨ।”
ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਅਨੁਸਾਰ, 31 ਮਾਰਚ ਤੱਕ 438 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
“ਇਨ੍ਹਾਂ ਵਿੱਚੋਂ 360 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਦੋਂ ਕਿ 70 ਵਿਅਕਤੀਆਂ ਨੂੰ ਵੱਖ-ਵੱਖ ਐਫਆਈਆਰਜ਼ ਹੇਠ ਅਤੇ ਅੱਠ ਵਿਅਕਤੀਆਂ ਨੂੰ ਐੱਨਐੱਸਏ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਹਿਰਾਸਤ ਵਿੱਚ ਰੱਖੇ ਗਏ ਵਿਅਕਤੀਆਂ ਵਿੱਚੋਂ 348 ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।”

ਕੀ ਖ਼ਾਲਿਸਤਾਨ ਨੂੰ ਸਮਰਥਨ ਮਿਲ ਰਿਹਾ ਹੈ?
ਕੀ ਖ਼ਾਲਿਸਤਾਨ ਨੂੰ ਹੁਣ ਹੋਰ ਸਮਰਥਨ ਮਿਲ ਰਿਹਾ ਹੈ?
ਪ੍ਰੋ ਪ੍ਰੀਤਮ ਦਾ ਕਹਿਣਾ ਹੈ ਕਿ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਅੰਮ੍ਰਿਤਪਾਲ ਦਾ ਸਮਰਥਨ ਵਧਿਆ ਹੈ ਜਾਂ ਨਹੀਂ ਕਿਉਂਕਿ ਇਸ ਦਾ ਪਤਾ ਲਗਾਉਣ ਲਈ ਕੋਈ ਸਰਵੇਖਣ ਜਾਂ ਖੋਜ ਨਹੀਂ ਹੈ।
ਉਹ ਕਹਿੰਦੇ ਹਨ, “ਗੱਲ ਇਹ ਹੈ ਕਿ ਅੰਮ੍ਰਿਤਪਾਲ ਪਹਿਲਾਂ ਕੋਈ ਜਾਣਿਆ-ਪਛਾਣਿਆ ਵਿਅਕਤੀ ਨਹੀਂ ਸੀ। ਇਸ ਡਰਾਮੇ ਤੋਂ ਬਾਅਦ, ਲੋਕਾਂ ਨੇ ਅਮ੍ਰਿਤਪਾਲ ਬਾਰੇ ਬੋਲਣਾ ਅਤੇ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ।”
ਉਹ ਕਹਿੰਦੇ ਹਨ ਕਿ ਉੱਥੇ ਲੋਕਾਂ ਵਿਚ ਅੰਮ੍ਰਿਤਪਾਲ ਜਾਂ ਖ਼ਾਲਿਸਤਾਨ ਬਾਰੇ ਵਿਚਾਰ ਵੱਖਰੇ- ਵੱਖਰੇ ਹਨ ਜਿਵੇਂ ਕਿ ਪੰਜਾਬ ਵਿੱਚ ਹੈ।

ਪ੍ਰੀਤਮ ਮੁਤਾਬਕ, “ਪੰਜਾਬ ਵਾਂਗ ਇੱਥੇ ਵੀ ਖ਼ਾਲਿਸਤਾਨ ਜਾਂ ਅੰਮ੍ਰਿਤਪਾਲ ਬਾਰੇ ਕੋਈ ਇੱਕ ਰਾਇ ਨਹੀਂ ਹੈ। ਪਰ ਚੰਗੇ ਲੋਕਤੰਤਰ ਵਿੱਚ ਰਹਿਣ ਵਾਲਾ ਡਾਇਸਪੋਰਾ ਲੋਕਤੰਤਰ ਵਿੱਚ ਬੋਲਣ ਦੇ ਉੱਚ ਪੱਧਰੀ ਅਧਿਕਾਰ ਦੇ ਰਾਜਨੀਤਿਕ ਸੱਭਿਆਚਾਰ ਕਾਰਨ ਵਧੇਰੇ ਖੁੱਲ ਕੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਨ।”
ਲੰਡਨ ਵਿੱਚ ਵਿਰੋਧ ਪ੍ਰਦਰਸ਼ਨ ਦਾ ਸੱਦਾ ਦੇਣ ਵਾਲੇ ਸੰਗਠਨ ਯੂਕੇ ਸਿੱਖ ਸੰਗਤ ਦੇ ਦੀਪਾ ਸਿੰਘ ਕਹਿੰਦੇ ਹਨ, “ਯੂਕੇ ਦੀ ਸਿੱਖ ਸੰਗਤ ਦਾ ਮੰਨਣਾ ਹੈ ਕਿ ਸਾਡੀ ਆਜ਼ਾਦੀ ਅਤੇ ਧਾਰਮਿਕਤਾ ਲਈ ਪੰਜਾਬ ਵਿੱਚ ਆਪਣੇ ਭੈਣਾਂ-ਭਰਾਵਾਂ ਦਾ ਸਮਰਥਨ ਕਰਨਾ ਮਹੱਤਵਪੂਰਨ ਹੈ। ਅਸੀਂ ਲੰਬੇ ਸਮੇਂ ਤੋਂ ਖ਼ਾਲਿਸਤਾਨ ਚਾਹੁੰਦੇ ਹਾਂ।”
ਉਹ ਕਹਿੰਦੇ ਹਨ, “ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ 1984 ਦੇ ਦਰਬਾਰ ਸਾਹਿਬ ਹਮਲੇ ਦੇ ਦਿਨਾਂ ਤੋਂ ਜਾਰੀ ਹੈ। ਅੱਜ ਇਹ ਅੰਮ੍ਰਿਤਪਾਲ ਹੈ ਤੇ ਕੱਲ੍ਹ ਕੋਈ ਹੋਰ ਹੋਵੇਗਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੌਣ ਜ਼ਮੀਨ ''''ਤੇ ਹੈ। ਪੰਜਾਬ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ ਅਤੇ ਇਹ ਜਾਰੀ ਰਹੇਗਾ।''''''''
ਅਮਰੀਕਾ ਵਿੱਚ ਸਿੱਖਾਂ ਦੀ ਅਬਾਦੀ
ਅਮਰੀਕਾ ਦਾ ਜਨਗਣਨਾ ਬਿਊਰੋ ਅਮਰੀਕੀਆਂ ਨੂੰ ਉਨ੍ਹਾਂ ਦੀ ਧਾਰਮਿਕ ਮਾਨਤਾ ਬਾਰੇ ਨਹੀਂ ਪੁੱਛਦਾ ਹੈ।
ਇਸ ਲਈ ਸਿੱਖਾਂ ਦੀ ਅਬਾਦੀ ਦੇ ਸਵਾਲ ਦਾ ਕੋਈ ਪੱਕਾ ਜਵਾਬ ਨਹੀਂ ਹੈ।
ਉਦਾਹਰਨ ਲਈ, ਪੀਊ ਰਿਸਰਚ ਸੈਂਟਰ ਨੇ ਇੱਕ ਤੋਂ ਬਾਅਦ 2012 ਵਿੱਚ ਸਿੱਖਾਂ ਦੀ ਲਗਭਗ 200,000 ਆਬਾਦੀ ਦਾ ਅਨੁਮਾਨ ਲਗਾਇਆ ਸੀ।
ਆਪਣੇ ਆਪ ਨੂੰ ਰਾਸ਼ਟਰੀ ਸਿੱਖ ਅਮਰੀਕਨ ਪ੍ਰਭਾਵ ਸੰਗਠਨ ਦੱਸਣ ਵਾਲੇ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਲਗਭਗ 700,000 ਸਿੱਖ ਹਨ।

ਨਿਊਯਾਰਕ ਦੇ ਰਹਿਣ ਵਾਲੇ ਪੱਤਰਕਾਰ ਸਲੀਮ ਰਿਜ਼ਵੀ ਕਹਿੰਦੇ ਹਨ, “ਅੰਮ੍ਰਿਤਪਾਲ ਦੇ ਮੁੱਦੇ ‘ਤੇ ਨਿਊਯਾਰਕ, ਵਾਸ਼ਿੰਗਟਨ, ਸੈਨ ਫਰਾਂਸਿਸਕੋ ਅਤੇ ਲਾਸ ਐਂਜਲਸ ਵਰਗੇ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਹਨ। ਇਹਨਾਂ ਵਿੱਚੋਂ ਹਰ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਲਗਭਗ 100-150 ਵਿਅਕਤੀ ਸਨ, ਜੋ ਕਿ ਇੱਥੇ ਇੱਕ ਵੱਡੀ ਗਿਣਤੀ ਮੰਨਿਆ ਜਾਂਦਾ ਹੈ।”
ਉਹ ਕਹਿੰਦੇ ਹਨ, “ਪਰ ਜਦੋਂ ਤੁਸੀਂ ਅਮਰੀਕਾ ਵਿੱਚ ਸਿੱਖਾਂ ਦੀ ਆਬਾਦੀ ਨੂੰ ਦੇਖਦੇ ਹੋ, ਤਾਂ ਇਹ ਬਹੁਤ ਵੱਡੀ ਗਿਣਤੀ ਨਹੀਂ ਹੈ। ਪ੍ਰਦਰਸ਼ਨਕਾਰੀ ਮੁੱਖ ਤੌਰ ''''ਤੇ ਉਹੀ ਲੋਕ ਹਨ ਜੋ ਪਿਛਲੇ ਕਈ ਸਾਲਾਂ ਤੋਂ ਖ਼ਾਲਿਸਤਾਨ ਲਈ ਪ੍ਰਦਰਸ਼ਨ ਕਰ ਰਹੇ ਹਨ। ਪਰ ਅੰਮ੍ਰਿਤਪਾਲ ਵਾਲੀ ਘਟਨਾ ਤੋਂ ਬਾਅਦ ਮੈਂ ਇਹੀ ਕਹਾਂਗਾ ਕਿ ਇਸ ਭੀੜ ਦੀ ਆਵਾਜ਼ ਜ਼ਰੂਰ ਵਧੀ ਹੈ । ਹਾਲਾਂਕਿ ਵੱਡੀ ਗਿਣਤੀ ਭਾਰਤ ਸਰਕਾਰ ਜਾਂ ਭਾਰਤ ਦੀ ਅਖੰਡਤਾ ਦਾ ਸਮਰਥਨ ਕਰਦੇ ਹਨ।”

ਜਦੋਂ ਅੰਮ੍ਰਿਤਪਾਲ ਨੂੰ ਫੜਨ ਲਈ ਕਾਰਵਾਈ ਸ਼ੁਰੂ ਹੋਈ ਤਾਂ ਮੋਬਾਈਲ ਇੰਟਰਨੈੱਟ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਪਰ ਵਾਈਫਾਈ ਜਾਂ ਬ੍ਰਾਡਬੈਂਡ ''''ਤੇ ਇੰਟਰਨੈੱਟ ਹਮੇਸ਼ਾ ਉਪਲਬਧ ਸੀ।
ਸਲੀਮ ਰਿਜ਼ਵੀ ਦਾ ਕਹਿਣਾ ਹੈ ਕਿ ਇਹ ਲੱਗਦਾ ਹੈ ਕਿ ਅੰਮ੍ਰਿਤਪਾਲ ਨੇ ਅਮਰੀਕਾ ਦੇ ਨੌਜਵਾਨਾਂ ਵਿਚ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ ਹੈ।
ਉਹ ਕਹਿੰਦੇ ਹਨ, "ਇੱਥੇ ਇੱਕ ਸਿੱਖ ਧਾਰਮਿਕ ਆਗੂ ਨੇ ਮੈਨੂੰ ਦੱਸਿਆ ਕਿ ਕਿਵੇਂ ਨੌਜਵਾਨ ਅੰਮ੍ਰਿਤਪਾਲ ਵੱਲ ਆਕਰਸ਼ਿਤ ਹੋ ਰਹੇ ਹਨ, ਖ਼ਾਸ ਕਰ ਕੇ ਜਦੋਂ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿੱਖ ਧਰਮ ਅਤੇ ਸਮਾਜ ਆਦਿ ਨੂੰ ਅਪਣਾਉਣ ਦੀ ਅਪੀਲ ਕਰਦਾ ਹੈ।"

ਇੱਕ ਖੋਜਾਰਥੀ ਜੋਤ ਸਿੰਘ ਵੀ ਰਿਜ਼ਵੀ ਦੇ ਵਿਚਾਰਾਂ ਨਾਲ ਸਹਿਮਤ ਨਜ਼ਰ ਆਉਂਦੇ ਹਨ।
ਜੋਤ ਸਿੰਘ ਕਹਿੰਦੇ ਹਨ ਕਿ ਲੋਕ ਮਹਿਸੂਸ ਕਰਦੇ ਹਨ ਕਿ ਅੰਮ੍ਰਿਤਪਾਲ ਸਿੱਖੀ ਵੱਲ ਜਾਣ ਵਰਗੀਆਂ ਮਹੱਤਵਪੂਰਨ ਚਰਚਾਵਾਂ ਕਰਦਾ ਹੈ ਪਰ ਜਦੋਂ ਸਰਕਾਰ ਉਸ ਦੇ ਪਿੱਛੇ ਪਈ ਤਾਂ ਉਹ ਨਿਰਾਸ਼ ਮਹਿਸੂਸ ਕਰਨ ਲੱਗੇ।”
ਉਹ ਕਹਿੰਦੇ ਹਨ ਕਿ ਵਿਰੋਧ ਪ੍ਰਦਰਸ਼ਨ ਅਤੇ ਸਮਰਥਨ ਖ਼ਾਲਿਸਤਾਨ ਬਾਰੇ ਨਹੀਂ ਸੀ, ਸਗੋਂ ਇਸ ਵਿਚਾਰ ਬਾਰੇ ਸੀ ਕਿ ਆਖ਼ਰਕਾਰ ਪੰਜਾਬ ਨੂੰ ਇੱਕ ਅਜਿਹਾ ਆਗੂ ਮਿਲਿਆ ਜੋ ਪੰਜਾਬ ਨੂੰ ਸੰਕਟ ਵਿੱਚੋਂ ਬਾਹਰ ਕੱਢ ਸਕਦਾ ਸੀ।
ਉਹ ਕਹਿੰਦੇ ਹਨ ਕਿ ਇਹਨਾਂ ਵਿਰੋਧ ਪ੍ਰਦਰਸ਼ਨਾਂ ਦਾ ਮੂਲ ਕਾਰਨ ਇਹ ਹੈ ਕਿ ਗਲੋਬਲ ਡਾਇਸਪੋਰਾ ਭਾਈਚਾਰਾ “ਸਮਾਜਿਕ ਮੁੱਦਿਆਂ ਅਤੇ ਵੱਡੀ ਬੇਰੁਜ਼ਗਾਰੀ ਨੂੰ ਹੱਲ ਕਰਨ ਵਿੱਚ ਪੰਜਾਬ ਦੀ ਲਗਾਤਾਰ ਅਸਮਰੱਥਾ ਤੋਂ ਨਿਰਾਸ਼ ਹੈ।”
“ਜਦੋਂ ਅੰਮ੍ਰਿਤਪਾਲ ਸਿੰਘ ਇਹ ਗੱਲਬਾਤ ਕਰ ਰਹੇ ਸਨ ਤਾਂ ਬਹੁਤ ਸਾਰੇ ਲੋਕ ਆਸ਼ਾਵਾਦੀ ਸਨ। ਮੈਂ ਜਾਣਦਾ ਹਾਂ ਕਿ ਮੀਡੀਆ ਨੇ ਉਸ ਨੂੰ ਖ਼ਾਸ ਤੌਰ ''''ਤੇ ਖਾਲਿਸਤਾਨੀ ਵਜੋਂ ਦਿਖਾਇਆ ਹੈ।''''''''

ਆਸਟ੍ਰੇਲੀਆ ਵਿੱਚ ਕੀ ਹਾਲਾਤ ਹਨ
2021 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ 6.73 ਲੱਖ ਲੋਕ ਰਹਿੰਦੇ ਹਨ, ਜਿਨ੍ਹਾਂ ਵਿੱਚੋਂ 2.39 ਲੱਖ ਪੰਜਾਬੀ ਬੋਲਣ ਵਾਲੇ ਲੋਕ ਹਨ।
ਮੈਲਬਾਰਨ ਸਥਿਤ ਪੱਤਰਕਾਰ ਰੁਚਿਕਾ ਤਲਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਹਾਲ ਹੀ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਨਹੀਂ ਹੋਏ ਹਨ।
ਉਨ੍ਹਾਂ ਕਿਹਾ, “ਇਸ ਮੁੱਦੇ ਨੇ ਬਹੁਤਾ ਸਮਰਥਨ ਪ੍ਰਾਪਤ ਨਹੀਂ ਕੀਤਾ ਹੈ। ਕੈਨਬਰਾ ਵਿੱਚ ਸੰਘੀ ਸੰਸਦ ਦੇ ਬਾਹਰ ਇੱਕ ਛੋਟਾ ਜਿਹਾ ਇਕੱਠ ਹੋਇਆ। ਇਸ ਦੇ ਮੁਕਾਬਲੇ, ਕੁੱਝ ਮਹੀਨੇ ਪਹਿਲਾਂ ਰੈਫਰੈਂਡਮ ਦੇ ਮੁੱਦੇ ਨੇ ਮੈਲਬਾਰਨ ਵਿੱਚ ਕਈ ਹਜ਼ਾਰ ਲੋਕਾਂ ਨੂੰ ਖਿੱਚਿਆ ਸੀ। ਬ੍ਰਿਸਬੇਨ ਵਿੱਚ ਵੀ ਇੱਕ ਵੱਡਾ ਵਿਰੋਧ ਦੇਖਣ ਨੂੰ ਮਿਲਿਆ ਸੀ।”
"ਹੁਣ ਸਿੱਖਾਂ ਦੀ ਆਬਾਦੀ ਨੂੰ ਦੇਖਦੇ ਹੋਏ, ਜੇਕਰ ਮੁੱਠੀ ਭਰ ਲੋਕ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਰਹੇ ਹਨ ਜੋ ਯਕੀਨੀ ਤੌਰ ''''ਤੇ ਭਾਈਚਾਰੇ ਦੇ ਪ੍ਰਤੀਨਿਧ ਨਹੀਂ ਹਨ।"

ਸਿਡਨੀ ਸਥਿਤ ਜਸਦੇਵ ਬਾਵਾ, ਇੱਕ ਭਾਰਤੀ, ਜੋ ਦਹਾਕੇ ਪਹਿਲਾਂ ਆਸਟ੍ਰੇਲੀਆ ਪਰਵਾਸ ਕਰ ਗਏ ਸੀ, ਜਿੱਥੇ ਉਨ੍ਹਾਂ ਨੇ ਭੌਤਿਕ ਵਿਗਿਆਨ ਪੜ੍ਹਾਇਆ, ਨੈਸ਼ਨਲ ਸਿੱਖ ਕੌਂਸਲ ਦੇ ਸਕੱਤਰ ਹਨ।
ਜਸਦੇਵ ਬਾਵਾ ਦੱਸਦੇ ਹਨ ਕਿ ਉਹ ਹਾਲ ਹੀ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਨਹੀਂ ਕਰਦੇ।
ਉਹ ਕਹਿੰਦੇ ਹਨ, "ਮੇਰਾ ਵਿਚਾਰ ਹੈ ਕਿ ਜੇਕਰ ਕੋਈ ਖ਼ਾਲਿਸਤਾਨ ਬਣਾਉਣਾ ਚਾਹੁੰਦਾ ਹੈ, ਤਾਂ ਉਨ੍ਹਾਂ ਨੂੰ ਭਾਰਤ ਵਿੱਚ ਜਾ ਕੇ ਵਿਰੋਧ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਹ ਇੱਥੇ ਆਸਟ੍ਰੇਲੀਆ ਵਿੱਚ ਖ਼ਾਲਿਸਤਾਨ ਨਹੀਂ ਬਣਾ ਸਕਦੇ।”
ਉਨ੍ਹਾਂ ਦਾ ਕਹਿਣਾ ਹੈ ਕਿ ਖ਼ਾਲਿਸਤਾਨ ਦੀ ਹਮਾਇਤ ਹਾਲ ਦੇ ਸਾਲਾਂ ਵਿੱਚ ਹੀ ਸਾਹਮਣੇ ਆਈ ਹੈ।
"ਮੈਨੂੰ ਨਹੀਂ ਪਤਾ ਕਿ ਸਮਰਥਨ ਵਧਿਆ ਹੈ ਜਾਂ ਘਟਿਆ ਹੈ, ਪਰ ਮੈਲਬੌਰਨ ਵਿੱਚ ਯਕੀਨੀ ਤੌਰ ''''ਤੇ ਅਜਿਹੇ ਲੋਕ ਹਨ ਜੋ ਇਸ ਦਾ ਸਮਰਥਨ ਕਰ ਰਹੇ ਹਨ।"
ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਮਾਮਲੇ ਦਾ ਆਸਟ੍ਰੇਲੀਆ ਦੇ ਸਿੱਖਾਂ ਨਾਲ ਕੋਈ ਸਬੰਧ ਨਹੀਂ ਹੈ ਪਰ ਕੁੱਝ ਲੋਕ ਉਸ ਦਾ ਸਮਰਥਨ ਕਰਦੇ ਹਨ।
ਕੈਨੇਡਾ ਵਿੱਚ ਖਾਲਿਸਤਾਨ ਦੀ ਕਿੰਨੀ ਹਮਾਇਤ
ਕੁੱਲ ਸਿੱਖ ਆਬਾਦੀ: ਲਗਭਗ 7.7 ਲੱਖ; ਕੁੱਲ ਆਬਾਦੀ ਦਾ ਲਗਭਗ 2.12%
ਕੈਨੇਡਾ-ਆਧਾਰਤ ਪੱਤਰਕਾਰ ਸ਼ਮੀਲ ਕਹਿੰਦੇ ਹਨ, “ਭਾਈਚਾਰੇ ਵਿੱਚ ਹਮੇਸ਼ਾ ਇੱਕ ਅਜਿਹਾ ਵਰਗ ਰਿਹਾ ਹੈ ਜੋ ਜਦੋਂ ਵੀ ਪੰਜਾਬ ਵਿੱਚ ਖ਼ਾਲਿਸਤਾਨ ਬਾਰੇ ਕੁਝ ਵਾਪਰਨ ਉੱਤੇ ਉਤਸ਼ਾਹਿਤ ਹੋ ਜਾਂਦਾ ਹੈ।”
“ਮੈਂ 1980 ਦੇ ਦਹਾਕੇ ਤੋਂ ਉੱਤਰੀ ਅਮਰੀਕਾ ਵਿੱਚ ਰਹਿ ਰਹੇ ਲੋਕਾਂ ਤੋਂ ਸੁਣਿਆ ਹੈ ਕਿ ਖ਼ਾਲਿਸਤਾਨ ਜਾਂ ਪੰਜਾਬ ਦੇ ਪੰਥਕ ਮੁੱਦਿਆਂ ਦੇ ਸਮਰਥਨ ਵਿੱਚ ਉਨ੍ਹਾਂ ਦਿਨਾਂ ਵਿੱਚ ਬਹੁਤ ਵੱਡੀਆਂ ਰੈਲੀਆਂ ਜਾਂ ਵਿਰੋਧ ਪ੍ਰਦਰਸ਼ਨ ਹੋਏ ਸਨ। ਦਿੱਲੀ ਦੀਆਂ ਬਰੂੰਹਾਂ ''''ਤੇ ਕਿਸਾਨ ਅੰਦੋਲਨ ਦੌਰਾਨ ਵੀ, ਇੱਥੇ ਪ੍ਰਦਰਸ਼ਨ ਬਹੁਤ ਵੱਡੇ ਅਤੇ ਨਿਰੰਤਰ ਸਨ।”
ਤਾਂ ਕੀ ਹਾਲ ਦੀ ਘੜੀ ਖ਼ਾਲਿਸਤਾਨ ਦਾ ਸਮਰਥਨ ਵਧਿਆ ਹੈ?
“ਇਹ ਦੱਸਣ ਲਈ ਕੋਈ ਵਿਗਿਆਨਕ ਅਧਿਐਨ ਜਾਂ ਡੇਟਾ ਨਹੀਂ ਹੈ ਕਿ ਇਹ ਸਮਰਥਨ ਕਿੰਨਾ ਵੱਡਾ ਹੈ। ਸਾਡੇ ਕੋਲ ਇਸ ਸਮਰਥਨ ਨੂੰ ਮਾਪਣ ਲਈ ਕੋਈ ਸਰਵੇਖਣ ਜਾਂ ਪੋਲ ਨਹੀਂ ਹੈ, ਜਿਵੇਂ ਕਿ ਪੰਜਾਬ ਵਿਚ ਸਾਨੂੰ ਆਮ ਚੋਣਾਂ ਦੌਰਾਨ ਕੁੱਝ ਅੰਦਾਜ਼ਾ ਹੁੰਦਾ ਹੈ ਜਦੋਂ ਸਿਮਰਨਜੀਤ ਸਿੰਘ ਮਾਨ ਵਰਗੇ ਲੋਕ ਅਜਿਹੇ ਏਜੰਡੇ ''''ਤੇ ਆਪਣੀ ਚੋਣ ਮੁਹਿੰਮ ਚਲਾਉਂਦੇ ਹਨ। ”
ਪੰਜਾਬ ਵਿੱਚ ਓਪਰੇਸ਼ਨ ਤੋਂ ਤੁਰੰਤ ਬਾਅਦ ਹੋਈਆਂ ਰੋਸ ਰੈਲੀਆਂ ਵਿੱਚ ਕੁੱਝ ਸੌ ਲੋਕ ਸ਼ਾਮਲ ਹੋਏ, ਅਤੇ ਕੈਨੇਡਾ ਵਿੱਚ ਸਿੱਖਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ।"

ਇਹ ਪੁੱਛੇ ਜਾਣ ''''ਤੇ ਕਿ ਕੀ ਇਹ ਪ੍ਰਦਰਸ਼ਨ ਅੰਮ੍ਰਿਤਪਾਲ ਦੇ ਸਮਰਥਨ ਵਿੱਚ ਸਨ, ਸ਼ਮੀਲ ਨੇ ਕਿਹਾ, "ਇਹਨਾਂ ਰੈਲੀਆਂ ਦਾ ਉਦੇਸ਼ ਮੁੱਖ ਤੌਰ ''''ਤੇ ਪੰਜਾਬ ਪੁਲਿਸ ਵੱਲੋਂ ਅੱਤਿਆਚਾਰਾਂ, ਇੰਟਰਨੈੱਟ ''''ਤੇ ਪਾਬੰਦੀ ਅਤੇ ਨੌਜਵਾਨਾਂ ਦੀਆਂ ਵੱਡੇ ਪੱਧਰ ''''ਤੇ ਗ੍ਰਿਫਤਾਰੀਆਂ ਦਾ ਵਿਰੋਧ ਕਰਨਾ ਸੀ।”
“ਕੋਈ ਇਨ੍ਹਾਂ ਰੈਲੀਆਂ ਨੂੰ ਅੰਮ੍ਰਿਤਪਾਲ ਅਤੇ ਉਸ ਦੀ ਰਾਜਨੀਤੀ ਦੇ ਬਰਾਂਡ ਦੇ ਸਮਰਥਨ ਵਜੋਂ ਸਮਝ ਸਕਦਾ ਹੈ, ਪਰ ਮੈਂ ਇਹ ਕਹਾਂਗਾ ਕਿ ਇਹ ਮੁੱਖ ਤੌਰ ''''ਤੇ ਪ੍ਰਵਾਸੀ ਸਿੱਖ ਭਾਈਚਾਰੇ ਦੇ ਇੱਕ ਵਰਗ ਦੀਆਂ ਵੱਡੀਆਂ ਚਿੰਤਾਵਾਂ ਲਈ ਸਨ।”
ਓਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ (ਓਐਸਜੀਸੀ) ਦੇ ਚੇਅਰ ਕੁਲਤਾਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਸਿੱਖਾਂ ’ਤੇ ਹੋ ਰਹੀਆਂ ਕਥਿਤ ਵਧੀਕੀਆਂ ਕਾਰਨ ਲੋਕ ਮੁੱਖ ਤੌਰ ’ਤੇ ਦੁਖੀ ਹਨ।
“ਮੈਨੂੰ ਲੱਗਦਾ ਹੈ ਕਿ ਅੰਮ੍ਰਿਤਪਾਲ ਸਿੰਘ ਇੱਕ ਬਹਾਨਾ ਬਣ ਗਿਆ ਹੈ। ਪਰ ਮੁੱਖ ਸਮੱਸਿਆ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਹਨ। ਸਾਨੂੰ ਮੌਜੂਦਾ ਸਰਕਾਰ ਤੋਂ ਵੀ ਬਹੁਤ ਉਮੀਦਾਂ ਸਨ।”

ਭਾਰਤ ਵਿੱਚ ਸਿੱਖ ਕੈਦੀਆਂ ਦੇ ਕੇਸ ਦਾ ਹਵਾਲਾ ਦਿੰਦਿਆਂ ਉਹ ਕਹਿੰਦੇ ਹਨ, “ਕਾਨੂੰਨ ਅਨੁਸਾਰ ਉਨ੍ਹਾਂ ਨੂੰ 20 ਸਾਲਾਂ ਬਾਅਦ ਰਿਹਾਅ ਕਰਨਾ ਚਾਹੀਦਾ ਸੀ। ਪਰ ਉਹ 30 ਸਾਲਾਂ ਤੋਂ ਜੇਲ੍ਹਾਂ ਵਿੱਚ ਹਨ। ਦੂਜੇ ਪਾਸੇ ਸਿਰਸਾ ਡੇਰਾ ਮੁਖੀ ਨੂੰ ਲਗਾਤਾਰ ਪੈਰੋਲ ਮਿਲ ਰਹੀ ਹੈ।”

ਕੈਨੇਡਾ ਵਿੱਚ ਅੰਮ੍ਰਿਤਪਾਲ ਦੇ ਸਮਰਥਨ ਬਾਰੇ ਕੀ ਕਿਹਾ ਜਾ ਸਕਦਾ ਹੈ?
“ਇਹ ਕਾਫ਼ੀ ਗੁੰਝਲਦਾਰ ਮੁੱਦਾ ਲੱਗਦਾ ਹੈ। ਜਦੋਂ ਉਸ ਨੂੰ ਫੜਨ ਲਈ 70,000-80,000 ਜਵਾਨਾਂ ਦੀ ਫੋਰਸ ਹੋਵੇ ਤਾਂ ਕੋਈ ਕਿਵੇਂ ਬਚ ਸਕਦਾ ਹੈ। ਇਹ ਇੱਕ ਪਹਿਲਾਂ ਤੋਂ ਲਿਖੀ ਕਹਾਣੀ ਵਾਂਗ ਜਾਪਦਾ ਹੈ।”
ਉਹ ਕਹਿੰਦੇ ਹਨ, “ਵਿਦੇਸ਼ਾਂ ਵਿੱਚ ਬੈਠ ਕੇ ਸਾਨੂੰ ਅੰਮ੍ਰਿਤਪਾਲ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਪਰ ਵਿਰੋਧ ਅਤੇ ਸਾਰੀ ਗੱਲਬਾਤ ਪੰਜਾਬ ਵਿੱਚ ਹਾਲ ਹੀ ਵਿੱਚ ਇੰਟਰਨੈੱਟ ਬੰਦ ਕਰਨ ਵਰਗੀਆਂ ਵਧੀਕੀਆਂ ਬਾਰੇ ਹਨ।"
ਤਾਂ ਕੀ ਇਹ ਕਿਹਾ ਜਾ ਸਕਦਾ ਹੈ ਕਿ ਸਿਰਫ਼ ਖ਼ਾਲਿਸਤਾਨ ਅਤੇ ਅਮ੍ਰਿਤਪਾਲ ਪ੍ਰਵਾਸੀਆਂ ਦੇ ਇੱਕ ਹਿੱਸੇ ਵਿੱਚ ਹੀ ਗੂੰਜਦੇ ਹਨ?
ਯੂਕੇ ਸਿੱਖ ਸੰਗਤ ਦੇ ਦੀਪਾ ਸਿੰਘ ਇਸ ਗੱਲ ਨਾਲ ਅਸਹਿਮਤ ਹਨ ਅਤੇ ਕਹਿੰਦੇ ਹਨ ਕਿ ਇਹ ਕੋਈ “ਕੰਢੀ ਲਹਿਰ ਨਹੀਂ ਹੈ। ਇਹ ਇੱਕ ਰਾਸ਼ਟਰੀ ਲਹਿਰ ਹੈ, ਇੱਕ ਅੰਤਰਰਾਸ਼ਟਰੀ।”
“ਸਾਰਾ ਡਾਇਸਪੋਰਾ ਸੰਗਠਿਤ ਹੈ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਯੂਕੇ ਵਿੱਚ ਅਸੀਂ ਸਾਰੇ ਇਕੱਠੇ ਹਾਂ। ਅਸੀਂ ਇੱਕ ਦੂਜੇ ਦਾ ਸਮਰਥਨ ਕਰਾਂਗੇ ਕਿਉਂਕਿ ਅਸੀਂ ਪੰਜਾਬ ਵਿੱਚ ਆਪਣੇ ਭੈਣਾਂ-ਭਰਾਵਾਂ ਦਾ ਸਮਰਥਨ ਕਰਨਾ ਚਾਹੁੰਦੇ ਹਾਂ... ਪਰ ਹੁਣ ਜੋ ਹੋ ਰਿਹਾ ਹੈ, ਉਸ ਨੂੰ ਦੇਖ ਕੇ ਬਹੁਤ ਸਾਰੇ ਲੋਕ ਭਾਰਤ ਵਿਰੋਧੀ ਹੋ ਗਏ ਹਨ।"
ਸ਼ਮੀਲ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਲੜੀਵਾਰ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਹਾਲਾਤ ਆਮ ਵਾਂਗ ਹੋ ਰਹੇ ਹਨ।
“ਇਸ ਗੱਲ ਦਾ ਡਰ ਸੀ ਕਿ ਸਥਿਤੀ ਹੋਰ ਵਿਗੜ ਸਕਦੀ ਹੈ ਅਤੇ ਜੇਕਰ ਪੰਜਾਬ ਵਿਚ ਪੁਲਿਸ ਕਾਰਵਾਈ ਜਾਰੀ ਰਹੀ ਤਾਂ ਭਾਰਤ ਸਰਕਾਰ ਵਿਰੁੱਧ ਪ੍ਰਦਰਸ਼ਨ ਹੋਰ ਵੀ ਤਿੱਖਾ ਹੋ ਜਾਵੇਗਾ।”
“ਸਮਾਜ ਦੇ ਬਹੁਤ ਸਾਰੇ ਲੋਕ ਚਿੰਤਤ ਸਨ ਕਿ ਅਸੀਂ ਉਸ ਸਥਿਤੀ ਵੱਲ ਵਧ ਰਹੇ ਹਾਂ ਜੋ ਅਸੀਂ 1980 ਅਤੇ 1990 ਦੇ ਦਹਾਕੇ ਵਿੱਚ ਵੇਖੀ ਸੀ। ਪਰ ਅੰਮ੍ਰਿਤਪਾਲ ਦੇ ਫ਼ਰਾਰ ਹੋਣ ਦਾ ਭੇਤ ਜਾਰੀ ਹੈ ਅਤੇ ਜ਼ਿਆਦਾਤਰ ਗ੍ਰਿਫਤਾਰ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਸਥਿਤੀ ਆਮ ਵਾਂਗ ਹੋ ਰਹੀ ਹੈ।”
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)