ਭਗਤ ਸਿੰਘ ਦੀ ਪਤਨੀ ਬਣ ਕੇ ਅੰਗਰੇਜ਼ਾਂ ਨੂੰ ਧੋਖਾ ਦੇਣ ਵਾਲੀ ਦੁਰਗਾ ਭਾਬੀ ਜਦੋਂ ਭਗਤ ਸਿੰਘ ਲਈ ਗਾਂਧੀ ਨੂੰ ਮਿਲੇ ਸੀ - ਵਿਵੇਚਨਾ

Monday, Apr 24, 2023 - 08:32 AM (IST)

ਭਗਤ ਸਿੰਘ ਦੀ ਪਤਨੀ ਬਣ ਕੇ ਅੰਗਰੇਜ਼ਾਂ ਨੂੰ ਧੋਖਾ ਦੇਣ ਵਾਲੀ ਦੁਰਗਾ ਭਾਬੀ ਜਦੋਂ ਭਗਤ ਸਿੰਘ ਲਈ ਗਾਂਧੀ ਨੂੰ ਮਿਲੇ ਸੀ - ਵਿਵੇਚਨਾ
ਦੁਰਗਾ ਭਾਬੀ
NATIONAL BOOK TRUST
ਦੁਰਗਾ ਭਾਬੀ

ਸਾਈਮਨ ਕਮਿਸ਼ਨ ਦੇ ਵਿਰੋਧ ਸਮੇਂ ਕੀਤੇ ਲਾਠੀਚਾਰਜ ਦੌਰਾਨ ਜਦੋਂ ‘ਪੰਜਾਬ ਕੇਸਰੀ’ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ ਤਾਂ 10 ਦਸੰਬਰ, 1928 ਨੂੰ ਲਾਹੌਰ ਵਿਖੇ ਕ੍ਰਾਂਤੀਕਾਰੀਆਂ ਦੀ ਇੱਕ ਬੈਠਕ ਸੱਦੀ ਗਈ ਸੀ, ਜਿਸ ਦੀ ਪ੍ਰਧਾਨਗੀ ਦੁਰਗਾ ਦੇਵੀ ਨੇ ਕੀਤੀ ਸੀ।

ਉਹ ਕ੍ਰਾਂਤੀਕਾਰੀ ਭਗਵਤੀ ਚਰਨ ਵੋਹਰਾ ਦੀ ਪਤਨੀ ਸਨ, ਜਿਨ੍ਹਾਂ ਨੇ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ’ ਦਾ ਮਨੋਰਥ ਪੱਤਰ ਲਿਖਿਆ ਸੀ।

ਇਸ ਬੈਠਕ ’ਚ ਤੈਅ ਕੀਤਾ ਗਿਆ ਸੀ ਕਿ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ ਜਾਵੇਗਾ।

ਨਾਮਵਰ ਪੱਤਰਕਾਰ ਕੁਲਦੀਪ ਨਈਅਰ ਆਪਣੀ ਕਿਤਾਬ ‘ਵਿਦਆਊਟ ਫੀਅਰ, ਦ ਲਾਈਫ ਐਂਡ ਟ੍ਰਾਇਲ ਆਫ਼ ਭਗਤ ਸਿੰਘ’ ’ਚ ਲਿਖਦੇ ਹਨ, “ ਦੁਰਗਾ ਦੇਵੀ ਨੇ ਸਾਰਿਆਂ ਤੋਂ ਪੁੱਛਿਆ ਕਿ ਤੁਹਾਡੇ ’ਚੋਂ ਕੌਣ ਸਕਾਟ ਦੇ ਕਤਲ ਦਾ ਜ਼ਿੰਮਾ ਚੁੱਕ ਸਕਦਾ ਹੈ? ਭਗਤ ਸਿੰਘ, ਸੁਖਦੇਵ, ਰਾਜਗੁਰੂ ਅਤੇ ਚੰਦਰਸ਼ੇਖਰ ਆਜ਼ਾਦ ਨੇ ਆਪਣੇ ਹੱਥ ਖੜ੍ਹੇ ਕੀਤੇ।”

“ਪਹਿਲਾਂ ਤਾਂ ਸੁਖਦੇਵ ਇਹ ਕੰਮ ਇੱਕਲੇ ਹੀ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਦੀ ਮਦਦ ਲਈ ਚਾਰ ਹੋਰ ਕਾਮਰੇਡਾਂ ਭਗਤ ਸਿੰਘ, ਰਾਜਗੁਰੂ, ਚੰਦਰ ਸ਼ੇਖਰ ਆਜ਼ਾਦ ਅਤੇ ਜੈਗੋਪਾਲ ਨੂੰ ਚੁਣਿਆ ਗਿਆ।”

17 ਦਸੰਬਰ, 1928 ਨੂੰ ਭਗਤ ਸਿੰਘ ਅਤੇ ਰਾਜਗੁਰੂ ਨੇ ਸ਼ਾਮ ਦੇ 4 ਵਜੇ ਅੰਗਰੇਜ਼ ਅਧਿਕਾਰੀ ਸਾਂਡਰਸ ਨੂੰ ਮਾਰ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈ ਲਿਆ ਸੀ।

ਤਿੰਨ ਦਿਨ ਬਾਅਦ ਸੁਖਦੇਵ ਭਗਵਤੀ ਚਰਨ ਵੋਹਰਾ ਦੇ ਘਰ ਗਏ ਜੋ ਕਿ ਉਸ ਸਮੇਂ ਰੂਪੋਸ਼ ਚੱਲ ਰਹੇ ਸਨ।

ਉਨ੍ਹਾਂ ਨੇ ਵੋਹਰਾ ਦੀ ਪਤਨੀ ਨੂੰ ਪੁੱਛਿਆ ਕਿ ਕੀ ‘ਤੁਹਾਡੇ ਕੋਲ ਕੁਝ ਰੁਪਏ ਹੋਣਗੇ?’

ਦੁਰਗਾ ਦੇਵੀ ਨੇ ਉਨ੍ਹਾਂ ਨੂੰ 500 ਰੁਪਏ ਦੇ ਦਿੱਤੇ ਜੋ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਦਿੱਤੇ ਸਨ।

ਸੁਖਦੇਵ ਨੇ ਉਨ੍ਹਾਂ ਨੂੰ ਕਿਹਾ ਕਿ ਕੁਝ ਲੋਕਾਂ ਨੂੰ ਲਾਹੌਰ ਤੋਂ ਬਾਹਰ ਕੱਢਣਾ ਹੈ। ਕੀ ਤੁਸੀਂ ਉਨ੍ਹਾਂ ਦੇ ਨਾਲ ਲਾਹੌਰ ਤੋਂ ਬਾਹਰ ਜਾ ਸਕਦੇ ਹੋ?

ਉਨ੍ਹੀਂ ਦਿਨੀਂ ਦੁਰਗਾ ਭਾਬੀ ਲਾਹੌਰ ਦੇ ਮਹਿਲਾ ਕਾਲਜ ’ਚ ਹਿੰਦੀ ਦੀ ਅਧਿਆਪਕਾ ਸਨ। ਤਿੰਨ-ਚਾਰ ਦਿਨਾਂ ’ਚ ਕ੍ਰਿਸਮਸ ਦੀਆ ਛੁੱਟੀਆਂ ਹੋਣ ਵਾਲੀਆਂ ਸਨ। ਸੁਖਦੇਵ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਕ੍ਰਿਸਮਸ ਤੋਂ ਪਹਿਲਾਂ ਹੀ ਛੁੱਟੀਆਂ ਦਵਾ ਦੇਣਗੇ।

ਮਲਵਿੰਦਰਜੀਤ ਸਿੰਘ ਵੜੈਚ ਆਪਣੀ ਕਿਤਾਬ ‘ਭਗਤ ਸਿੰਘ, ਦਿ ਈਟਰਨਲ ਰਿਬੇਲ’ ’ਚ ਲਿਖਦੇ ਹਨ, “ ਦੁਰਗਾ ਭਾਬੀ ਨੇ ਮੈਨੂੰ ਦੱਸਿਆ ਸੀ ਕਿ ਅਗਲੇ ਦਿਨ ਸੁਖਦੇਵ, ਭਗਤ ਸਿੰਘ ਅਤੇ ਰਾਜਗੁਰੂ ਨਾਲ ਮੇਰੇ ਘਰ ਆਏ। ਉਦੋਂ ਤੱਕ ਮੈਂ ਭਗਤ ਸਿੰਘ ਨੂੰ ਵਾਲਾਂ ਵਾਲੀ ਸੂਰਤ ’ਚ ਹੀ ਵੇਖਿਆ ਸੀ।”

“ਸੁਖਦੇਵ ਨੇ ਮੈਨੂੰ ਪੁੱਛਿਆ ਕਿ ਕੀ ਤੁਸੀਂ ਸਾਨੂੰ ਪਛਾਣਦੇ ਹੋ? ਰਾਜਗੁਰੂ ਨੂੰ ਤਾਂ ਮੈਂ ਪਹਿਲਾਂ ਕਦੇ ਵੀ ਮਿਲੀ ਨਹੀਂ ਸੀ ਇਸ ਲਈ ਮੈਂ ਮਨਾ ਕਰ ਦਿੱਤਾ। ਫਿਰ ਸੁਖਦੇਵ ਨੇ ਸ਼ਰਾਰਤੀ ਹਾਸੇ ਨਾਲ ਭਗਤ ਸਿੰਘ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਉਹੀ ‘ਜੱਟੂ’ ਹੈ ਜੋ ਕਿ ਸੰਤਰੇ ਖਾਣ ਦਾ ਬਹੁਤ ਸ਼ੌਕੀਨ ਹੈ। ਇਹ ਸੁਣਦੇ ਹੀ ਭਗਤ ਸਿੰਘ ਉੱਚੀ-ਉੱਚੀ ਹੱਸਣ ਲੱਗ ਪਏ।”

“ਉਨ੍ਹਾਂ ਦੇ ਹਾਸੇ ਤੋਂ ਮੈਂ ਉਨ੍ਹਾਂ ਨੂੰ ਪਛਾਣ ਲਿਆ ਕਿ ਉਹ ਭਗਤ ਸਿੰਘ ਹਨ। ਭਗਤ ਸਿੰਘ ਨੇ ਹੱਸਦਿਆਂ ਕਿਹਾ, “ ਭਾਬੀ ਜੀ, ਜਦੋਂ ਤੁਸੀਂ ਮੈਨੂੰ ਪਛਾਣ ਨਹੀਂ ਸਕੇ ਤਾਂ ਅੰਗਰੇਜ਼ ਪੁਲਿਸ ਵੀ ਮੈਨੂੰ ਪਛਾਣ ਨਹੀਂ ਸਕੇਗੀ।”

ਭਗਤ ਸਿੰਘ
HARPER COLLINS

ਦੁਰਗਾ ਭਾਬੀ ਅਤੇ ਭਗਤ ਸਿੰਘ ਪਤੀ-ਪਤਨੀ ਬਣੇ

ਅਗਲੀ ਸਵੇਰ ਭਾਵ 20 ਦਸੰਬਰ ਨੂੰ ਭਗਤ ਸਿੰਘ ਇੱਕ ਅਫ਼ਸਰ ਵਰਗੀ ਪੌਸ਼ਾਕ ਪਾ ਕੇ ਟਾਂਗੇ ’ਤੇ ਸਵਾਰ ਹੋ ਗਏ।

ਉਨ੍ਹਾਂ ਨੇ ਇੱਕ ਓਵਰਕੋਟ ਪਾਇਆ ਹੋਇਆ ਸੀ, ਉਨ੍ਹਾਂ ਨੇ ਕੋਟ ਦੇ ਕਾਲਰ ਨੂੰ ਉੱਚਾ ਕੀਤਾ ਹੋਇਆ ਸੀ ਤਾਂ ਜੋ ਉਨ੍ਹਾਂ ਦਾ ਚਿਹਰਾ ਵਿਖਾਈ ਨਾ ਦੇ ਸਕੇ।

ਉਨ੍ਹਾਂ ਦੇ ਨਾਲ ਕੀਮਤੀ ਸਾੜੀ ਅਤੇ ਉੱਚੀ ਹੀਲ ’ਚ ਦੁਰਗਾ ਭਾਬੀ ਸੀ, ਜੋ ਕਿ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਵੱਜੋਂ ਯਾਤਰਾ ਕਰ ਰਹੀ ਸੀ।

ਭਗਤ ਸਿੰਘ ਦੀ ਗੋਦ ’ਚ ਦੁਰਗਾ ਭਾਬੀ ਦਾ ਤਿੰਨ ਸਾਲਾਂ ਦਾ ਮੁੰਡਾ ਸ਼ਚੀ ਸੀ। ਉਨ੍ਹਾਂ ਦੇ ਨੌਕਰ ਦੇ ਰੂਪ ’ਚ ਰਾਜਗੁਰੂ ਉਨ੍ਹਾਂ ਦੇ ਨਾਲ ਸਨ। ਭਗਤ ਸਿੰਘ ਅਤੇ ਰਾਜਗੁਰੂ ਦੋਵਾਂ ਦੇ ਕੋਲ ਹੀ ਲੋਡੇਡ ਰਿਵਾਲਵਰ ਸਨ।

ਲਾਹੌਰ ਰੇਲਵੇ ਸਟੇਸ਼ਨ ’ਤੇ ਇੰਨੀ ਜ਼ਿਆਦਾ ਪੁਲਿਸ ਸੀ ਕਿ ਉਹ ਇੱਕ ਕਿਲੇ ਵਾਂਗ ਵਿਖਾਈ ਦੇਣ ਲੱਗ ਪਿਆ ਸੀ।

ਇਸ ਯਾਤਰਾ ਦੇ ਲਈ ਭਗਤ ਸਿੰਘ ਦਾ ਨਾਮ ਰਣਜੀਤ ਅਤੇ ਦੁਰਗਾ ਭਾਬੀ ਦਾ ਨਾਮ ਸੁਜਾਤਾ ਰੱਖਿਆ ਗਿਆ ਸੀ।

 ਭਗਤ ਸਿੰਘ
BBC
ਭਗਤ ਸਿੰਘ

ਕੁਲਦੀਪ ਨਈਅਰ ਆਪਣੀ ਕਿਤਾਬ ’ਚ ਲਿਖਦੇ ਹਨ, “ ਉਨਾਂ ਦਿਨਾਂ ’ਚ ਰੇਲਗੱਡੀ ’ਚ ਸਵਾਰ ਹੋਣ ਤੋਂ ਪਹਿਲਾਂ ਪਹਿਲੀ ਸ਼੍ਰੇਣੀ ਦੇ ਹਰ ਯਾਤਰੀ ਨੂੰ ਆਪਣਾ ਨਾਮ ਦੱਸਣਾ ਪੈਂਦਾ ਸੀ। ਭਗਤ ਸਿੰਘ ਨੇ ਟੀਸੀ ਨੂੰ ਆਪਣਾ ਨਾਮ ਦੱਸਣ ਦੀ ਬਜਾਏ ਆਪਣੀ ਟਿਕਟ ਹੀ ਵੇਵ ਕਰ ਦਿੱਤੀ।”

ਜਦੋਂ ਉਹ ਸਾਰੇ ਆਪਣੇ ਡੱਬੇ ’ਚ ਪਹੁੰਚੇ ਤਾਂ ਉੱਥੇ ਮੌਜੂਦ ਇੱਕ ਪੁਲਿਸ ਮੁਲਾਜ਼ਮ ਨੇ ਆਪਣੇ ਸਾਥੀ ਨੂੰ ਕਿਹਾ, “ਇਹ ਲੋਕ ਸਾਹਿਬ ਹਨ। ਵੱਡੇ ਅਫ਼ਸਰ ਹਨ ਜੋ ਕਿ ਪਰਿਵਾਰ ਸਮੇਤ ਯਾਤਰਾ ਕਰ ਰਹੇ ਹਨ।”

ਰਾਜਗੁਰੂ ਇੰਨ੍ਹਾਂ ਦੋਵਾਂ ਦੇ ਨੌਕਰ ਬਣ ਕੇ ਤੀਜੇ ਦਰਜੇ ’ਚ ਸਫ਼ਰ ਕਰ ਰਹੇ ਸਨ।

ਕੁਝ ਹੀ ਦੇਰ ’ਚ ਦੇਹਰਾਦੂਨ ਐਕਸਪ੍ਰੈਸ ਲਾਹੌਰ ਸਟੇਸ਼ਨ ਤੋਂ ਰਵਾਨਾ ਹੋ ਗਈ। ਉਹ ਉਨ੍ਹਾਂ ਅੰਗਰੇਜ਼ ਅਫ਼ਸਰਾਂ ਦੀ ਨੱਕ ਹੇਠੋਂ ਨਿਕਲ ਆਏ ਸਨ ਜੋ ਕਿ ਪਲੇਟਫਾਰਮ ਤੋਂ ਰੇਲਗੱਡੀ ’ਚ ਸਵਾਰ ਆਪਣੀਆਂ ਪਤਨੀਆਂ ਅਤੇ ਬੱਚਿਆਂ ਨੂੰ ਰੁਮਾਲ ਹਿਲਾ ਰਹੇ ਸਨ।

ਉਸ ਸਮੇਂ ਸਟੇਸ਼ਨ ’ਤੇ ਭਗਤ ਸਿੰਘ ਦੀ ਤਲਾਸ਼ ’ਚ 500 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਸਨ।

ਦੁਰਗਾ ਭਾਬੀ ਨੇ ਕਲਕੱਤਾ ਟੈਲੀਗ੍ਰਾਮ ਭੇਜਿਆ ‘ਕਮਿੰਗ ਵਿਦ ਬ੍ਰਦਰ’

ਦੁਰਗਾ ਭਾਬੀ ਨੇ ਇਸ ਸਫ਼ਰ ਦਾ ਵਰਣਨ ਕਰਦਿਆਂ ਮਲਵਿੰਦਰ ਜੀਤ ਵੜੈਚ ਨੂੰ ਦੱਸਿਆ ਸੀ, “ ਅਸੀਂ ਪਹਿਲੀ ਸ਼੍ਰੇਣੀ ਦੇ ਡੱਬੇ ’ਚ ਬਿਲਕੁੱਲ ਇੱਕਲੇ ਸੀ। ਇੱਕ ਬਜ਼ੁਰਗ ਜੋੜਾ ਕੁਝ ਦੂਰੀ ਤੱਕ ਸਾਡੇ ਨਾਲ ਤੁਰਿਆ ਸੀ ਪਰ ਫਿਰ ਉਹ ਰੇਲਗੱਡੀ ’ਚੋਂ ਉਤਰ ਗਏ।”

“ਇੱਕ ਇੱਕਲਾ ਯਾਤਰੀ ਕਾਫ਼ੀ ਦੇਰ ਤੱਕ ਸਾਡੇ ਨਾਲ ਸੀ, ਪਰ ਉਹ ਪੂਰੇ ਸਫ਼ਰ ਦੌਰਾਨ ਸੁੱਤਾ ਹੀ ਰਿਹਾ ਸੀ। ਕੁੱਲ ਮਿਲਾ ਕੇ ਸਾਨੂੰ ਇੱਕ ਵਾਰ ਵੀ ਮਹਿਸੂਸ ਨਹੀਂ ਹੋਇਆ ਕਿ ਸਾਡੇ ’ਤੇ ਨਜ਼ਰ ਰੱਖੀ ਜਾ ਰਹੀ ਹੈ।”

ਗੱਡੀ ਦੇ ਕਾਨਪੁਰ ਪਹੁੰਚਣ ਤੋਂ ਬਾਅਦ ਉਨ੍ਹਾਂ ਤਿੰਨ੍ਹਾਂ ਨੇ ਕਲਕੱਤਾ ਲਈ ਰੇਲਗੱਡੀ ਫੜੀ। ਇਸ ਦੌਰਾਨ ਜਾਸੂਸਾਂ ਨੂੰ ਚਕਮਾ ਦੇਣ ਲਈ ਭਗਤ ਸਿੰਘ ਨੇ ਪੂਰਾ ਡਰਾਮਾ ਕੀਤਾ।

ਆਈਡੀ ਗੌੜ ਆਪਣੀ ਕਿਤਾਬ ‘ਮਾਰਟੀਅਰਸ ਐਜ਼ ਬ੍ਰਾਈਡਗਰੂਮ’ ’ਚ ਲਿਖਦੇ ਹਨ, “ ਪੂਰੇ ਸਫ਼ਰ ਨੂੰ ਕੁਦਰਤੀ ਰੂਪ ਦੇਣ ਲਈ ਸਾਹਿਬ ਚਾਹ ਪੀਣ ਲਈ ਲਖਨਊ ਦੇ ਚਾਰਬਾਗ ਸਟੇਸ਼ਨ ’ਤੇ ਉਤਰੇ। ਨੌਕਰ ਬੱਚੇ ਲਈ ਦੁੱਧ ਲੈਣ ਲਈ ਵੱਖਰਾ ਚਲਾ ਗਿਆ। ਦੁੱਧ ਦੇਣ ਤੋਂ ਬਾਅਦ ਰਾਜਗੁਰੂ ਵੱਖਰੀ ਦਿਸ਼ਾ ਵੱਲ ਚਲੇ ਗਏ। ਇੱਥੋਂ ਹੀ ਦੁਰਗਾ ਭਾਬੀ ਨੇ ਆਪਣੀ ਸਹਿਕਰਮੀ ਸੁਸ਼ੀਲਾ ਦੀਦੀ ਨੂੰ ਕਲਕੱਤਾ ਟੈਲੀਗ੍ਰਾਮ ਭੇਜਿਆ, ਜਿਸ ’ਚ ਲਿਖਿਆ ਸੀ ਕਿ ‘ ਕਮਿੰਗ ਵਿਦ ਬ੍ਰਦਰ- ਦੁਰਗਾਵਤੀ’।

ਦੁਰਗਾ ਭਾਬੀ
BBC

ਦੁਰਗਾ ਭਾਬੀ ਬਾਰੇ ਖਾਸ ਗੱਲਾਂ:

  • ਦੁਰਗਾ ਭਾਬੀ ਲਾਹੌਰ ਦੇ ਮਹਿਲਾ ਕਾਲਜ ’ਚ ਹਿੰਦੀ ਦੀ ਅਧਿਆਪਕਾ ਸਨ
  • ਦੁਰਗਾ ਭਾਬੀ ਦਾ ਜਨਮ 7 ਅਕਤੂਬਰ 1907 ਨੂੰ ਸ਼ਹਿਜ਼ਾਦਪੁਰ, ਇਲਾਹਾਬਾਦ ਵਿਖੇ ਹੋਇਆ, ਉਨ੍ਹਾਂ ਦੇ ਪਿਤਾ ਜੱਜ ਸਨ
  • ਭਾਰੀ ਸੁਰੱਖਿਆ ਦੇ ਬਾਵਜੂਦ ਦੁਰਗਾ ਭਾਬੀ ਅਤੇ ਭਗਤ ਸਿੰਘ ਪਤੀ-ਪਤਨੀ ਬਣ ਕੇ ਲਾਹੌਰ ਤੋਂ ਕਲਕੱਤਾ ਪਹੁੰਚੇ ਸਨ
  • ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਫਾਂਸੀ ਰਕਵਾਉਣ ਲਈ ਦੁਰਗਾ ਭਾਬੀ ਮਹਾਤਮਾ ਗਾਂਧੀ ਨੂੰ ਮਿਲੇ ਸਨ
ਦੁਰਗਾ ਭਾਬੀ
BBC

ਉਨ੍ਹੀ ਦਿਨੀਂ ਦੁਰਗਾ ਭਾਬੀ ਦੇ ਪਤੀ ਭਗਵਤੀ ਚਰਨ ਵੋਹਰਾ ਸੁਸ਼ੀਲਾ ਦੀਦੀ ਕੋਲ ਹੀ ਰੁੱਕੇ ਹੋਏ ਸਨ। ਉਹ ਦੋਵੇਂ ਹੀ ਟੈਲੀਗ੍ਰਾਮ ਪਾ ਕੇ ਹੈਰਾਨ ਸਨ ਕਿ ਇਹ ਦੁਰਗਾਵਤੀ ਕੌਣ ਹੈ, ਜੋ ਕਿ ਆਪਣੇ ਭਰਾ ਨਾਲ ਕਲਕੱਤਾ ਆ ਰਹੀ ਹੈ।

ਹਾਲਾਂਕਿ 22 ਦਸੰਬਰ, 1928 ਦੀ ਸਵੇਰ ਸੁਸ਼ੀਲਾ ਦੀਦੀ ਅਤੇ ਭਗਵਤੀ ਚਰਨ ਵੋਹਰਾ ਦੁਰਗਾ ਭਾਬੀ ਨੂੰ ਲੈਣ ਲਈ ਕਲਕੱਤਾ ਦੇ ਹਾਵੜਾ ਸਟੇਸ਼ਨ ’ਤੇ ਪਹੁੰਚੇ।

ਸਤਿਆਨਾਰਾਇਣ ਸ਼ਰਮਾ ਕਿਤਾਬ ‘ਕ੍ਰਾਂਤੀਕਾਰੀ ਦੁਰਗਾ ਭਾਬੀ’ ’ਚ ਲਿਖਦੇ ਹਨ, “ ਉਨ੍ਹਾਂ ਦਿਨਾਂ ’ਚ ਭਗਵਤੀ ਚਰਨ ਵੋਹਰਾ ਫਰਾਰ ਸਨ, ਇਸ ਲਈ ਉਹ ਇੱਕ ਰੇਲਵੇ ਕੂਲੀ ਦੇ ਪਹਿਰਾਵੇ ’ਚ ਸਨ। ਉਨ੍ਹਾਂ ਨੇ ਲੰਮੀ ਦਾੜੀ ਰੱਖੀ ਸੀ ਅਤੇ ਗੋਡਿਆਂ ਤੱਕ ਧੋਤੀ ਪਾਈ ਹੋਈ ਸੀ। ਉਹ ਆਪਣੀ ਪਤਨੀ ਦੁਰਗਾ, ਪੁੱਤਰ ਸ਼ਚੀ ਅਤੇ ਭਗਤ ਸਿੰਘ ਨੂੰ ਵੇਖ ਕੇ ਖੁਸ਼ੀ ਨਾਲ ਝੂਮ ਉੱਠੇ। ਅਚਾਨਕ ਉਨ੍ਹਾਂ ਦੇ ਮੂੰਹੋਂ ਨਿਕਲਿਆ, ‘ਦੁਰਗਾ ਤੁਹਾਨੂੰ ਅੱਜ ਪਛਾਣਿਆ’।

ਦੁਰਗਾ ਭਾਬੀ
NATIONAL BOOK TRUST

ਨਿੱਜੀ ਅਤੇ ਕ੍ਰਾਂਤੀਕਾਰੀ ਜ਼ਿੰਦਗੀ ਦਾ ਸਫ਼ਰ

ਦੁਰਗਾ ਭਾਬੀ ਦਾ ਜਨਮ 7 ਅਕਤੂਬਰ 1907 ਨੂੰ ਸ਼ਹਿਜ਼ਾਦਪੁਰ, ਇਲਾਹਾਬਾਦ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਬਾਂਕੇ ਬਿਹਾਰੀ ਲਾਲ ਭੱਟ ਇਲਾਹਾਬਾਦ ’ਚ ਜ਼ਿਲ੍ਹਾ ਜੱਜ ਸਨ।

1918 ’ਚ ਉਨ੍ਹਾਂ ਦਾ ਵਿਆਹ ਮਸ਼ਹੂਰ ਸੁਤੰਤਰਤਾ ਸੈਨਾਨੀ ਭਗਵਤੀ ਚਰਨ ਵੋਹਰਾ ਨਾਲ ਹੋਇਆ ਸੀ। 3 ਦਸੰਬਰ, 1925 ਨੂੰ ਉਨ੍ਹਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ। ਆਪਣੇ ਪਤੀ ਨਾਲ ਰਹਿੰਦਿਆਂ ਉਨ੍ਹਾਂ ਨੇ ਵੀ ਕ੍ਰਾਂਤੀਕਾਰੀਆਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੀ।

ਸਤਿਆਨਾਰਾਇਣ ਸ਼ਰਮਾ ਲਿਖਦੇ ਹਨ, “ਸਹਿਯੋਗੀ ਕ੍ਰਾਂਤੀਕਾਰੀਆਂ ਨੂੰ ਜਿਹੜੇ ਕੱਪੜੇ ਜੇਲ੍ਹ ’ਚ ਭੇਜੇ ਜਾਂਦੇ ਸਨ, ਦੁਰਗਾ ਭਾਬੀ ਉਨ੍ਹਾਂ ਦੀ ਤੁਰਪਾਈ ਖੋਲ੍ਹ ਕੇ ਉਨ੍ਹਾਂ ’ਚ ਕੋਰਡਵਰਡ ’ਚ ਸੁਨੇਹਾ ਲਿਖ ਕੇ ਭੇਜਦੇ ਸਨ। ਕਾਗਜ਼ ’ਤੇ ਮਦਾਰ ਦੇ ਦੁੱਧ ਅਤੇ ਪਿਆਜ਼ ਦੇ ਰਸ ਨਾਲ ਸੁਨੇਹਾ ਲਿਖ ਕੇ ਭੇਜਿਆ ਜਾਂਦਾ ਸੀ। ਦੁੱਧ ਜਾਂ ਰਸ ਸੁੱਖਣ ਤੋਂ ਬਾਅਦ ਉਹ ਕਾਗਜ਼ ਇੱਕ ਕੋਰੇ ਕਾਗਜ਼ ਵਾਂਗਰ ਹੀ ਵਿਖਾਈ ਦਿੰਦਾ ਸੀ, ਜਿਸ ਨੂੰ ਜੇਲ੍ਹ ’ਚ ਉਨ੍ਹਾਂ ਦੇ ਸਹਿਯੋਗੀ ਅੱਗ ਦੀ ਲਾਟ ’ਚ ਆਸਾਨੀ ਨਾਲ ਪੜ੍ਹ ਲੈਂਦੇ ਸੀ।”

ਇੱਕ ਬੰਬ ਧਮਾਕੇ ’ਚ ਆਪਣੇ ਪਤੀ ਦੀ ਸ਼ਹਾਦਤ ਤੋਂ ਬਾਅਦ ਉਹ ਆਪਣੇ ਇੱਕ ਜਾਣਕਾਰ ਕੇਵਲ ਕ੍ਰਿਸ਼ਨ ਦੇ ਘਰ 15 ਦਿਨਾਂ ਤੱਕ ਇੱਕ ਮੁਸਲਿਮ ਔਰਤ ਵਜੋਂ ਰਹੇ।

ਗੁਆਂਢੀਆਂ ਨੂੰ ਦੱਸਿਆ ਗਿਆ ਸੀ ਕਿ ਉਹ ਪਰਦਾ ਕਰਕੇ ਰੱਖਦੇ ਹਨ। ਉਨ੍ਹਾਂ ਦੇ ਪਤੀ ਕੇਵਲ ਕ੍ਰਿਸ਼ਨ ਦੇ ਦੋਸਤ ਹਨ ਅਤੇ ਉਹ ਇਸ ਸਮੇਂ ਹੱਜ ’ਤੇ ਗਏ ਹਨ। ਜਦੋਂ ਤੱਕ ਉਹ ਹੱਜ ਤੋਂ ਮੁੜ ਨਹੀਂ ਆਉਂਦੇ ਉਦੋਂ ਤੱਕ ਉਹ ਸਾਡੇ ਨਾਲ ਹੀ ਰਹਿਣਗੇ।

“ਮੈਨੂੰ ਦੁਰਗਾ ਭਾਬੀ ਨੇ ਦੱਸਿਆ ਸੀ ਕਿ ਉਹ ਦੋ ਵਾਰ ਜੈਪੁਰ ਤੋਂ ਆਪਣੀ ਪਾਰਟੀ ਦੇ ਮੈਂਬਰਾਂ ਲਈ ਪਿਸਤੌਲ ਅਤੇ ਰਿਵਾਲਵਰ ਲੈ ਕੇ ਆਏ ਸਨ ਅਤੇ ਅੰਗਰੇਜ਼ ਪੁਲਿਸ ਨੂੰ ਉਨ੍ਹਾਂ ’ਤੇ ਬਿਲਕੁੱਲ ਵੀ ਸ਼ੱਕ ਨਹੀਂ ਹੋਇਆ ਸੀ।”

ਭਗਤ ਸਿੰਘ ਨੂੰ ਕਲਕੱਤਾ ਛੱਡਣ ਤੋਂ ਬਾਅਦ ਦੁਰਗਾ ਭਾਬੀ ਲਾਹੌਰ ਵਾਪਸ ਪਰਤ ਆਏ ਸਨ ਅਤੇ ਆਪਣੇ ਅਧਿਆਪਨ ਦੇ ਕੰਮ ’ਚ ਮੁੜ ਰੁੱਝ ਗਏ ਸਨ।

ਸਾਰਜੈਂਟ ਟੇਲਰ ਦਾ ਕਤਲ

1930 ’ਚ ਚੰਦਰਸ਼ੇਖਰ ਆਜ਼ਾਦ ਸੋਚ ਰਹੇ ਸਨ ਕਿ ਇਨਕਲਾਬੀ ਗਤੀਵਿਧੀਆਂ ਸਮੁੱਚੇ ਭਾਰਤ ’ਚ ਤੇਜ਼ ਰਫ਼ਤਾਰ ਨਾਲ ਨਹੀਂ ਹੋ ਰਹੀਆਂ ਹਨ, ਇਸ ਲਈ ਉਨ੍ਹਾਂ ਨੇ ਦੁਰਗਾ ਭਾਬੀ, ਵਿਸ਼ਵਨਾਥ ਵੈਸ਼ਮਪਾਇਨ ਅਤੇ ਸੁਖਦੇਵ ਨੂੰ ਬੰਬਈ ਭੇਜਿਆ।

ਉੱਥੇ ਹੀ ਤੈਅ ਹੋਇਆ ਕਿ ਉਹ ਲੋਕ ਪੁਲਿਸ ਕਮਿਸ਼ਨਰ ਲਾਰਡ ਹੈਲੀ ਦਾ ਕਤਲ ਕਰ ਦੇਣ।

ਉਨ੍ਹਾਂ ਦੀ ਮੋਟਰ ਕਾਰ ਲੈਮਿੰਗਟਨ ਰੋਡ ਪੁਲਿਸ ਸਟੇਸ਼ਨ ਦੇ ਨਜ਼ਦੀਕ ਖੜ੍ਹੀ ਸੀ। ਉਸੇ ਸਮੇਂ ਉਨ੍ਹਾਂ ਨੂੰ ਮਾਲਾਬਾਰ ਹਿੱਲ ਵੱਲੋਂ ਇੱਕ ਕਾਰ ਆਉਂਦੀ ਵਿਖਾਈ ਦਿੱਤੀ। ਉਨ੍ਹਾਂ ਨੂੰ ਲੱਗਿਆ ਕਿ ਕਾਰ ’ਤੇ ਗਵਰਨਰ ਦਾ ਝੰਡਾ ਲੱਗਿਆ ਹੋਇਆ ਹੈ। ਕਾਰ ’ਚੋਂ ਇੱਕ ਅੰਗਰੇਜ਼ ਅਫ਼ਸਰ ਬਾਹਰ ਨਿਕਲਿਆ।

ਸਤਿਆਨਾਰਾਇਣ ਸ਼ਰਮਾ ਲਿਖਦੇ ਹਨ, ਪ੍ਰਿਥਵੀ ਸਿੰਘ ਆਜ਼ਾਦ ਨੇ ਹੁਕਮ ਦਿੱਤਾ, ‘ਸ਼ੂਟ’। ਦੁਰਗਾ ਬਾਬੀ ਨੇ ਤੁਰੰਤ ਗੋਲੀ ਚਲਾ ਦਿੱਤੀ। ਸੁਖਦੇਵ ਨੇ ਵੀ ਗੋਲੀਆਂ ਚਲਾਈਆਂ। ਗੋਲੀਬਾਰੀ ’ਚ ਸਾਰਜੈਂਟ ਟੇਲਰ ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ। ਦੁਰਗਾ ਭਾਬੀ ਦੇ ਡਰਾਇਵਰ ਜਨਾਰਦਨ ਬਾਪਟ ਨੇ ਤੁਰੰਤ ਕਾਰ ਨੂੰ ਭਜਾ ਲਿਆ। ਘਟਨਾ ਤੋਂ ਤੁਰੰਤ ਬਾਅਦ ਦੁਰਗਾ ਭਾਬੀ ਅਤੇ ਸੁਖਦੇਵ ਰਾਜ ਕਾਨਪੁਰ ਲਈ ਰਵਾਨਾ ਹੋ ਗਏ।

ਸ਼ਰਮਾ ਲਿਖਦੇ ਹਨ, “ ਬਾਅਦ ’ਚ ਦੁਰਗਾ ਭਾਬੀ ਨੇ ਇਸ ਘਟਨਾ ਦਾ ਵੇਰਵਾ ਦਿੰਦਿਆਂ ਮੈਨੂੰ ਦੱਸਿਆ ਕਿ ਜਦੋਂ ਅਸੀਂ ਬੰਬਈ ਤੋਂ ਰਵਾਨਾ ਹੋਏ ਤਾਂ ਅਸੀਂ ਬਹੁਤ ਡਰੇ ਹੋਏ ਸੀ। ਸਾਨੂੰ ਵੇਖ ਕੇ ਚੰਦਰ ਸ਼ੇਖਰ ਆਜ਼ਾਦ ਗੁੱਸੇ ’ਚ ਲਾਲ-ਪੀਲੇ ਹੋ ਗਏ। ਜੇਕਰ ਯੋਜਨਾ ਸਫਲ ਹੋ ਜਾਂਦੀ ਤਾਂ ਸ਼ਾਇਦ ਆਜ਼ਾਦ ਉਸ ਦੀਆਂ ਖਾਮੀਆਂ ਵੱਲ ਧਿਆਨ ਨਾ ਦਿੰਦੇ। ਪਰ ਹੈਲੀ ਦੀ ਥਾਂ ’ਤੇ ਪੁਲਿਸ ਸਾਰਜੈਂਟ ਅਤੇ ਉਸ ਦੀ ਪਤਨੀ ਦਾ ਕਤਲ, ਜਿਸ ’ਚ ਵਾਧੂ ਦਾ ਖਤਰਾ ਸੀ, ਉਨ੍ਹਾਂ ਨੂੰ ਬਿਲਕੁੱਲ ਵੀ ਸਵੀਕਾਰ ਨਹੀਂ ਸੀ। ਪਰ ਕੁਝ ਸਮੇਂ ਬਾਅਦ ਆਜ਼ਾਦ ਸਹਿਜ ਹੋ ਗਏ ਸਨ।”

ਭਗਤ ਸਿੰਘ
Provided by Chaman Lal
ਭਗਤ ਸਿੰਘ ਜੇਲ੍ਹ ਵਿੱਚ

ਭਗਤ ਸਿੰਘ ਨੂੰ ਮਿਲਣ ਲਈ ਲਾਹੌਰ ਤੋਂ ਦਿੱਲੀ ਆਏ

ਜਿਸ ਦਿਨ ਭਗਤ ਸਿੰਘ ਨੇ ਸੈਂਟਰਲ ਅਸੈਂਬਲੀ ’ਚ ਬੰਬ ਸੁੱਟਿਆ ਸੀ, ਦੁਰਗਾ ਭਾਬੀ ਖਾਸ ਤੌਰ ’ਤੇ ਉਨ੍ਹਾਂ ਨੂੰ ਮਿਲਣ ਲਈ ਦਿੱਲੀ ਆਏ ਸਨ।

ਬਾਅਦ ’ਚ ਉਨ੍ਹਾਂ ਨੇ ਮਲਵਿੰਦਰ ਜੀਤ ਵੜੈਚ ਨੂੰ ਦਿੱਤੀ ਇੱਕ ਇੰਟਰਵਿਊ ’ਚ ਦੱਸਿਆ, “ ਜਦੋਂ ਮੈਂ ਸਿਆਲਕੋਟ ’ਚ ਸੀ, ਉੱਥੇ ਮੈਨੂੰ ਇੱਕ ਸੰਦੇਸ਼ਵਾਹਕ ਰਾਹੀਂ ਮੇਰੇ ਪਤੀ ਦਾ ਇੱਕ ਪੱਤਰ ਮਿਲਿਆ ਸੀ ਜਿਸ ’ਚ ਕਿਹਾ ਗਿਆ ਸੀ ਕਿ ਮੈਂ ਤੁਰੰਤ ਸੁਸ਼ੀਲਾ ਦੀਦੀ ਦੇ ਨਾਲ ਦਿੱਲੀ ਪਹੁੰਚ ਜਾਵਾਂ।”

“ਅਸੀਂ ਲਾਹੌਰ ਲਈ ਬੱਸ ਲਈ ਅਤੇ ਫਿਰ ਉੱਥੋਂ ਰਾਤ ਭਰ ਰੇਲਗੱਡੀ ਦਾ ਸਫ਼ਰ ਤੈਅ ਕਰਕੇ 8 ਅਪ੍ਰੈਲ ਨੂੰ ਤੜਕਸਾਰ ਦਿੱਲੀ ਪਹੁੰਚ ਗਏ। ਅਸੀਂ ਕੁਦੇਸੀਆ ਗਾਰਡਨ ਗਏ ਜਿੱਥੇ ਸੁਖਦੇਵ ਭਗਤ ਸਿੰਘ ਨੂੰ ਸਾਡੇ ਨਾਲ ਮਿਲਾਉਣ ਲਈ ਲਿਆਏ ਸਨ। ਅਸੀਂ ਆਪਣੇ ਨਾਲ ਲਾਹੌਰ ਤੋਂ ਖਾਣਾ ਬਣਾ ਕੇ ਲਿਆਏ ਸੀ, ਜੋ ਅਸੀਂ ਸਾਰਿਆਂ ਨੇ ਇੱਕਠੇ ਬੈਠ ਕੇ ਖਾਧਾ।”

ਉਨ੍ਹਾਂ ਨੇ ਅੱਗੇ ਦੱਸਿਆ, “ਸੁਸ਼ੀਲਾ ਦੀਦੀ ਨੇ ਆਪਣੀ ਉਂਗਲੀ ਕੱਟ ਕੇ ਆਪਣੇ ਖੂਨ ਨਾਲ ਭਗਤ ਸਿੰਘ ਦਾ ਤਿਲਕ ਕੀਤਾ। ਉਸ ਸਮੇਂ ਸਾਨੂੰ ਬਿਲਕੁੱਲ ਵੀ ਨਹੀਂ ਪਤਾ ਸੀ ਕਿ ਭਗਤ ਸਿੰਘ ਕਿਹੜੇ ਮਿਸ਼ਨ ’ਤੇ ਜਾ ਰਹੇ ਹਨ। ਸਾਨੂੰ ਤਾਂ ਸਿਰਫ ਇਹ ਪਤਾ ਸੀ ਕਿ ਉਹ ਕਿਸੇ ‘ਐਕਸ਼ਨ’ ਲਈ ਜਾ ਰਹੇ ਹਨ।”

“ਜਦੋਂ ਅਸੀਂ ਅਸੈਂਬਲੀ ਨੇੜੇ ਪਹੁੰਚੇ ਤਾਂ ਚਾਰੇ ਪਾਸੇ ਪੁਲਿਸ ਹੀ ਪੁਲਿਸ ਸੀ। ਫਿਰ ਅਸੀਂ ਵੇਖਿਆ ਕਿ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਇੱਕ ਪੁਲਿਸ ਦੀ ਗੱਡੀ ’ਚ ਬੈਠਾ ਕੇ ਲਿਜਾਇਆ ਜਾ ਰਿਹਾ ਹੈ। ਜਿਵੇਂ ਹੀ ਮੇਰੀ ਗੋਦ ’ਚ ਬੈਠੇ ਮੇਰੇ ਬੇਟੇ ਸ਼ਚੀ ਨੇ ਭਗਤ ਸਿੰਘ ਨੂੰ ਵੇਖਿਆ ਤਾਂ ਉਹ ਜ਼ੋਰ ਨਾਲ ਬੋਲਿਆ ‘ਲੰਬੂ ਚਾਚਾ’।

“ਮੈਂ ਤੁਰੰਤ ਆਪਣੇ ਹੱਥ ਨਾਲ ਉਸ ਦਾ ਮੂੰਹ ਬੰਦ ਕੀਤਾ। ਭਗਤ ਸਿੰਘ ਨੇ ਵੀ ਸ਼ਚੀ ਦੀ ਆਵਾਜ਼ ਸੁਣੀ ਅਤੇ ਉਹ ਸਾਡੇ ਵੱਲ ਵੇਖਣ ਹੀ ਲੱਗੇ ਸਨ ਕਿ ਇੱਕ ਹੀ ਪਲ ’ਚ ਸਾਡੀਆਂ ਅੱਖਾਂ ਤੋਂ ਉਲੇ ਹੋ ਗਏ।”

ਗਾਂਧੀ
Getty Images

ਦੁਰਗਾ ਭਾਬੀ ਦੀ ਮਹਾਤਮਾ ਗਾਂਧੀ ਨਾਲ ਮੁਲਾਕਾਤ

ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਤੋਂ ਬਾਅਦ ਹੀ ਚੰਦਰਸ਼ੇਖਰ ਆਜ਼ਾਦ ਇਸ ਫਾਂਸੀ ਦੀ ਸਜ਼ਾ ਨੂੰ ਰੁਕਵਾਉਣ ਲਈ ਯਤਨ ਕਰਨ ਲੱਗੇ। ਉਨ੍ਹਾਂ ਨੇ ਦੁਰਗਾ ਭਾਬੀ ਨੂੰ ਮਹਤਾਮਾ ਗਾਂਧੀ ਨਾਲ ਮਿਲਣ ਲਈ ਦਿੱਲੀ ਭੇਜਣ ਦਾ ਫੈਸਲਾ ਕੀਤਾ।

ਹਾਲਾਂਕਿ ਭਗਤ ਸਿੰਘ ਆਪਣੀ ਫਾਂਸੀ ਦੀ ਸਜ਼ਾ ਰੁਕਵਾਉਣ ਦੇ ਖਿਲਾਫ ਸਨ।

26 ਫਰਵਰੀ, 1931 ਨੂੰ ਗਾਜ਼ੀਆਬਾਦ ਦੇ ਉੱਘੇ ਕਾਂਗਰਸੀ ਆਗੂ ਰਘੂਨੰਦਨ ਸ਼ਰਨ ਦੁਰਗਾ ਭਾਬੀ ਅਤੇ ਸੁਸ਼ੀਲਾ ਦੇਵੀ ਨੂੰ ਲੈ ਕੇ ਡਾਕਟਰ ਐਮਏ ਅੰਸਾਰੀ ਦੀ ਦਰਿਆਗੰਜ ਸਥਿਤ ਕੋਠੀ ਵਿਖੇ ਰਾਤ ਦੇ 11 ਵਜੇ ਪਹੁੰਚੇ। ਗਾਂਧੀ ਜੀ ਵੀ ਉੱਥੇ ਹੀ ਠਹਿਰੇ ਹੋਏ ਸਨ।

ਸਤਿਆਨਾਰਾਇਣ ਸ਼ਰਮਾ ਦੁਰਗਾ ਭਾਬੀ ਦੀ ਜੀਵਨੀ ’ਚ ਲਿਖਦੇ ਹਨ, “ ਕੋਠੀ ਦੇ ਬਾਹਰ ਜਵਾਹਰ ਲਾਲ ਨਹਿਰੂ ਘੁੰਮ ਰਹੇ ਸਨ। ਉਹ ਦੋਵੇਂ ਔਰਤਾਂ ਨੂੰ ਕੋਠੀ ਦੇ ਅੰਦਰ ਲੈ ਗਏ। ਦੁਰਗਾ ਭਾਬੀ ਨੇ ਮਹਾਤਮਾ ਗਾਂਧੀ ਨੂੰ ਦੱਸਿਆ ਕਿ ਉਹ ਚੰਦਰ ਸ਼ੇਖਰ ਆਜ਼ਾਦ ਦੇ ਕਹਿਣ ’ਤੇ ਉਨ੍ਹਾਂ ਨੂੰ ਮਿਲਣ ਲਈ ਆਏ ਹਨ ਅਤੇ ਉਹ ਚਾਹੁੰਦੇ ਹਨ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਫਾਂਸੀ ਰੁਕਵਾਉਣ ਲਈ ਉਹ ਕੋਸ਼ਿਸ਼ ਕਰਨ।”

“ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਆਜ਼ਾਦ ਦਾ ਉਹ ਸੁਨੇਹਾ ਵੀ ਦਿੱਤਾ ਕਿ ਜੇਕਰ ਮਹਾਤਮਾ ਗਾਂਧੀ ਇੰਨ੍ਹਾਂ ਤਿੰਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਬਦਲਾ ਸਕਣ ’ਚ ਸਫਲ ਰਹੇ ਤਾਂ ਕ੍ਰਾਂਤੀਕਾਰੀ ਉਨ੍ਹਾਂ ਅੱਗੇ ਆਤਮ ਸਮਰਪਣ ਕਰ ਦੇਣਗੇ। ਪਰ ਗਾਂਧੀ ਜੀ ਨੇ ਇਸ ਸੁਝਾਅ ਨੂੰ ਨਹੀਂ ਮੰਨਿਆ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਭਗਤ ਸਿੰਘ ਨੂੰ ਪਸੰਦ ਕਰਦੇ ਹਨ ਪਰ ਉਨ੍ਹਾਂ ਦੇ ਤਰੀਕੇ ਨਾਲ ਸਹਿਮਤ ਨਹੀਂ ਹਨ।”

ਦੁਰਗਾ ਭਾਬੀ ਨੂੰ ਗਾਂਧੀ ਜੀ ਦਾ ਜਵਾਬ ਸਹੀ ਨਾ ਲੱਗਿਆ ਅਤੇ ਉਹ ਉਨ੍ਹਾਂ ਨੂੰ ਨਮਸਤੇ ਕਰਕੇ ਵਾਪਸ ਪਰਤ ਆਏ ਸਨ।

ਦੁਰਗਾ ਭਾਬੀ ਦੀ ਗ੍ਰਿਫ਼ਤਾਰੀ

ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ 23 ਮਾਰਚ, 1931 ਨੂੰ ਫਾਂਸੀ ਦੇ ਦਿੱਤੀ ਗਈ ਸੀ। ਇਸ ਤੋਂ ਕੁਝ ਦਿਨ ਪਹਿਲਾਂ 27 ਫਰਵਰੀ, 1931 ਨੂੰ ਚੰਦਰ ਸ਼ੇਖਰ ਆਜ਼ਾਦ ਵੀ ਇੱਕ ਪੁਲਿਸ ਮੁਕਾਬਲੇ ’ਚ ਆਪਣੀ ਜਾਨ ਗੁਆ ਚੁੱਕੇ ਸਨ।

ਉਸ ਸਮੇਂ ਦੁਰਗਾ ਭਾਬੀ ਨੇ ਫੈਸਲਾ ਲਿਆ ਕਿ ਉਹ ਹੁਣ ਆਤਮ ਸਮਰਪਣ ਕਰ ਦੇਣਗੇ ਅਤੇ ਖੁਦ ਦੀ ਗ੍ਰਿਫ਼ਤਾਰੀ ਦੇ ਕੇ ਹੋਰ ਸਾਧਨਾਂ ਰਾਹੀਂ ਦੇਸ਼ ਦੀ ਸੇਵਾ ਕਰਨਗੇ ।

12 ਸਤੰਬਰ 1931 ਨੂੰ ਦੁਰਗਾ ਭਾਬੀ ਦਾ ਇਸ ਸਬੰਧ ’ਚ ਲਾਹੌਰ ਦੀਆਂ ਅਖ਼ਬਾਰਾਂ ’ਚ ਬਿਆਨ ਪ੍ਰਕਾਸ਼ਿਤ ਹੋਇਆ।

ਪੁਲਿਸ ਨੇ ਦੁਪਹਿਰ ਦੇ 12 ਵਜੇ ਉਨ੍ਹਾਂ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ ’ਚ ਲਿਆ। ਬਾਅਦ ’ਚ ਦੁਰਗਾ ਭਾਬੀ ਨੇ ਇੱਕ ਇੰਟਰਵਿਊ ’ਚ ਕਿਹਾ, “ ਪੁਲਿਸ ਤਿੰਨ ਗੱਡੀਆਂ ਭਰ ਕੇ ਮੈਨੂੰ ਗ੍ਰਿਫ਼ਤਾਰ ਕਰਨ ਲਈ ਆਈ ਸੀ। ਮੈਨੂੰ ਲਾਹੌਰ ਦੇ ਕਿਲ੍ਹੇ ’ਚ ਲਿਜਾਇਆ ਗਿਆ। ਉੱਥੇ ਐਸਐਸਪੀ ਜੈਂਕਿਨਸ ਨੇ ਮੈਨੂੰ ਧਮਕਾਉਂਦਿਆਂ ਕਿਹਾ, “ ਸਾਨੂੰ ਤੇਰੇ ਸਾਥੀਆਂ ਤੋਂ ਤੇਰੇ ਬਾਰੇ ਸਭ ਪਤਾ ਲੱਗ ਗਿਆ ਹੈ। ਸਾਡੇ ਕੋਲ ਤੇਰਾ ਸਾਰਾ ਰਿਕਾਰਡ ਹੈ।”

ਮੈਂ ਤੁਰੰਤ ਜਵਾਬ ਦਿੱਤਾ, “ ਜੇਕਰ ਤੁਹਾਡੇ ਕੋਲ ਮੇਰੇ ਖਿਲਾਫ ਸਬੂਤ ਹਨ ਤਾਂ ਮੇਰੇ ’ਤੇ ਮੁਕੱਦਮਾ ਚਲਾਓ, ਨਹੀਂ ਤਾਂ ਮੈਨੂੰ ਛੱਡ ਦਿਓ।”

ਪਰ ਜੈਂਕਿਨਸ ਨੇ ਉਨ੍ਹਾਂ ਦੀ ਇੱਕ ਨਾ ਸੁਣੀ। ਜੇਲ੍ਹ ’ਚ ਪਹਿਲੀ ਰਾਤ ਨੂੰ ਉਨ੍ਹਾਂ ਨੂੰ ਖੂੰਖਾਰ ਮਹਿਲਾ ਅਪਰਾਧੀਆਂ ਨਾਲ ਰੱਖਿਆ ਗਿਆ।

ਜਦੋਂ ਪੁਲਿਸ ਉਨ੍ਹਾਂ ਵਿਰੁੱਧ ਕੋਈ ਸਬੂਤ ਇੱਕਠੇ ਨਾ ਕਰ ਸਕੀ ਤਾਂ ਦਸੰਬਰ 1932 ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਪਰ ਅਗਲੇ ਤਿੰਨ ਸਾਲਾਂ ਤੱਕ ਉਨ੍ਹਾਂ ਦੇ ਲਾਹੌਰ ਤੋਂ ਬਾਹਰ ਜਾਣ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ।

1936 ’ਚ ਦੁਰਗਾ ਭਾਬੀ ਲਾਹੌਰ ਤੋਂ ਗਾਜ਼ੀਆਬਾਦ ਆ ਗਏ ਸਨ ਅਤੇ ਉੱਥੇ ਉਨ੍ਹਾਂ ਨੇ ਪਿਆਰੇਲਾ ਗਰਲਜ਼ ਹਾਈ ਸਕੂਲ ’ਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ।

1940 ’ਚ ਉਨ੍ਹਾਂ ਨੇ ਲਖਨਊ ਮੌਂਟੇਸਰੀ ਸਕੂਲ ਦੀ ਸਥਾਪਨਾ ਕੀਤੀ। ਬਾਅਦ ’ਚ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਸ ਦੀ ਇਮਾਰਤ ਦਾ ਉਦਘਾਟਨ ਕੀਤਾ।

ਅਪ੍ਰੈਲ 1983 ’ਚ ਸਿਹਤ ਸਹੀ ਨਾ ਹੋਣ ਕਰਕੇ ਦੁਰਗਾ ਭਾਬੀ ਨੇ ਸਕੂਲ ਤੋਂ ਛੁੱਟੀ ਲੈ ਲਈ ਸੀ।

15 ਅਕਤੂਬਰ 1999 ਨੂੰ ਦੁਰਗਾ ਭਾਬੀ ਨੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤੀ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)



Related News