ਅਮ੍ਰਿਤਪਾਲ ਨੂੰ ਗੁਜਰਾਤ, ਮਹਾਰਾਸ਼ਟਰ ਜਾਂ ਯੂਪੀ ਦੀ ਥਾਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਕਿਉਂ ਭੇਜਿਆ

Monday, Apr 24, 2023 - 07:03 AM (IST)

ਅਮ੍ਰਿਤਪਾਲ ਨੂੰ ਗੁਜਰਾਤ, ਮਹਾਰਾਸ਼ਟਰ ਜਾਂ ਯੂਪੀ ਦੀ ਥਾਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਕਿਉਂ ਭੇਜਿਆ
ਅਮ੍ਰਿਤਪਾਲ ਸਿੰਘ
Ravinder Singh Robin/BBC

''''ਵਾਰਿਸ ਪੰਜਾਬ ਦੇ'''' ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਐਤਵਾਰ ਸਵੇਰੇ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕਰ ਲਿਆ।

30 ਸਾਲਾ ਅੰਮ੍ਰਿਤਪਾਲ ਸਿੰਘ ਕਰੀਬ ਇੱਕ ਮਹੀਨੇ ਤੋਂ ਫਰਾਰ ਸੀ।

ਪੰਜਾਬ ਪੁਲਿਸ ਨੇ ਉਸ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਵਿਸ਼ੇਸ਼ ਜਹਾਜ਼ ਰਾਹੀਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ।

ਅਮ੍ਰਿਤਪਾਲ ਸਿੰਘ ਨੂੰ ਐਤਵਾਰ ਦੁਪਹਿਰ ਕਰੀਬ 3.20 ਵਜੇ ਭਾਰੀ ਪੁਲਿਸ ਸੁਰੱਖਿਆ ਹੇਠ ਡਿਬਰੂਗੜ੍ਹ ਜੇਲ੍ਹ ਲਿਆਂਦਾ ਗਿਆ।

ਅਮ੍ਰਿਤਪਾਲ ਨੂੰ ਜਿਸ ਗੱਡੀ ਵਿਚ ਡਿਬਰੂਗੜ੍ਹ ਹਵਾਈ ਅੱਡੇ ਤੋਂ ਜੇਲ੍ਹ ਲਿਆਂਦਾ ਗਿਆ ਸੀ, ਉਸ ਦੇ ਪਿੱਛੇ ਪੁਲਿਸ ਦੀਆਂ 12 ਗੱਡੀਆਂ ਦਾ ਕਾਫ਼ਲਾ ਸੀ।

ਅਮ੍ਰਿਤਪਾਲ ਸਿੰਘ
ANI

ਇਸ ਤੋਂ ਪਹਿਲਾਂ ਨੈਸ਼ਨਲ ਸਕਿਓਰਿਟੀ ਐਕਟ ਤਹਿਤ ਗ੍ਰਿਫ਼ਤਾਰ ਕੀਤੇ ਗਏ ਅਮ੍ਰਿਤਪਾਲ ਸਿੰਘ ਦੇ ਨੌਂ ਸਾਥੀਆਂ ਨੂੰ ਵੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ ਹੈ।

ਇਨ੍ਹਾਂ ਵਿੱਚ ਉਸ ਦਾ ਚਾਚਾ ਹਰਜੀਤ ਸਿੰਘ ਵੀ ਸ਼ਾਮਲ ਹੈ। ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਐੱਨਐੱਸਏ ਸਮੇਤ 16 ਕੇਸ ਦਰਜ ਹਨ।

ਅਮ੍ਰਿਤਪਾਲ ਸਿੰਘ ਦੇ ਜੇਲ੍ਹ ਪਹੁੰਚਣ ਤੋਂ ਪਹਿਲਾਂ ਡਿਬਰੂਗੜ੍ਹ ਜ਼ਿਲ੍ਹੇ ਦੇ ਐਸਪੀ ਸ਼ਵੇਤੰਕ ਮਿਸ਼ਰਾ ਨੇ ਜੇਲ੍ਹ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਜਿਸ ਸਮੇਂ ਤੋਂ ਖਾਲਿਸਤਾਨ ਸਮਰਥਕਾਂ ਨੂੰ ਡਿਬਰੂਗੜ੍ਹ ਸੈਂਟਰਲ ਜੇਲ੍ਹ ''''ਚ ਲਿਆਂਦਾ ਗਿਆ ਹੈ, ਉਸ ਸਮੇਂ ਤੋਂ ਹੀ ਜੇਲ੍ਹ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਨਵੇਂ ਸੁਰੱਖਿਆ ਪ੍ਰਬੰਧਾਂ ਤਹਿਤ ਜੇਲ੍ਹ ਅੰਦਰ ਦਾਖ਼ਲ ਹੋਣ ਵਾਲੇ ਗੇਟ ਦੇ ਬਾਹਰ ਆਧੁਨਿਕ ਹਥਿਆਰਾਂ ਨਾਲ ਲੈਸ ਬਲੈਕ ਕੈਟ ਕਮਾਂਡੋ ਤਾਇਨਾਤ ਕੀਤੇ ਗਏ ਹਨ।

ਇਸ ਤੋਂ ਇਲਾਵਾ ਜੇਲ੍ਹ ਦੇ ਚਾਰੇ ਪਾਸੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।

ਅਮ੍ਰਿਤਪਾਲ ਸਿੰਘ
DILIP K SHARMA

ਗੁਜਰਾਤ, ਮਹਾਰਾਸ਼ਟਰ, ਯੂਪੀ ਦੀ ਬਜਾਏ ਅਸਾਮ ਦੀ ਜੇਲ੍ਹ ਕਿਉਂ?

ਇਹ ਅਹਿਮ ਸਵਾਲ ਹਰ ਕਿਸੇ ਦੇ ਮਨ ਵਿੱਚ ਉੱਠ ਰਿਹਾ ਹੈ ਕਿ ਅਮ੍ਰਿਤਪਾਲ ਸਿੰਘ ਅਤੇ ਉਸ ਦੇ ਨੌਂ ਸਾਥੀਆਂ ਨੂੰ ਪੰਜਾਬ ਤੋਂ ਕਰੀਬ 2800 ਕਿਲੋਮੀਟਰ ਦੂਰ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਰੱਖਣ ਦਾ ਕੀ ਕਾਰਨ ਹੋ ਸਕਦਾ ਹੈ?

ਜੇਕਰ ਇਸ ਦਾ ਇੱਕ ਕਾਰਨ ਅਸਾਮ ਵਿੱਚ ਭਾਜਪਾ ਦੀ ਸਰਕਾਰ ਹੋਣਾ ਮੰਨ ਲਿਆ ਜਾਵੇ ਤਾਂ ਸਵਾਲ ਇਹ ਵੀ ਹੈ ਕਿ ਗੁਜਰਾਤ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਭਾਜਪਾ ਦੀ ਸਰਕਾਰ ਹੈ।

ਅਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਨੂੰ ਉੱਥੇ ਵੀ ਜੇਲ੍ਹ ਵਿੱਚ ਭੇਜਿਆ ਜਾ ਸਕਦਾ ਸੀ।

ਅਸਾਮ ''''ਚ ਕਈ ਦਹਾਕਿਆਂ ਤੋਂ ਪੱਤਰਕਾਰੀ ਕਰ ਰਹੇ ਸੀਨੀਅਰ ਪੱਤਰਕਾਰ ਬੈਕੁੰਠ ਨਾਥ ਗੋਸਵਾਮੀ ਕਹਿੰਦੇ ਹਨ, ''''''''ਅਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ''''ਚ ਲਿਆਉਣ ਪਿੱਛੇ ਪ੍ਰਸ਼ਾਸਨਿਕ ਕਾਰਨ ਸਿਆਸੀ ਕਾਰਨਾਂ ਨਾਲੋਂ ਜ਼ਿਆਦਾ ਅਹਿਮ ਹਨ। ਅਸਾਮ ''''ਚ ਖਾਲਿਸਤਾਨ ਦੀ ਹਮਾਇਤ ਦਾ ਕੋਈ ਆਧਾਰ ਨਹੀਂ ਹੈ। ਇਸ ਲਈ ਇੱਥੇ ਜੇਲ੍ਹ ਬ੍ਰੇਕ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ।”

ਅਮ੍ਰਿਤਪਾਲ ਸਿੰਘ
Source by Ravinder Singh Robin

ਉਹ ਕਹਿੰਦੇ ਹਨ, “ਗੁਜਰਾਤ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬੇ, ਜਿਨ੍ਹਾਂ ਵਿੱਚ ਸਿੱਖ ਭਾਈਚਾਰੇ ਦੀ ਵੱਡੀ ਗਿਣਤੀ ਹੈ, ਉਹ ਵੀ ਆਸਾਮ ਨਾਲੋਂ ਪੰਜਾਬ ਦੇ ਨੇੜੇ ਹਨ। ਉਨ੍ਹਾਂ ਦੇ ਸਮਰਥਕਾਂ ਲਈ ਪੰਜਾਬ ਤੋਂ ਇਨ੍ਹਾਂ ਸੂਬਿਆਂ ਵਿਚ ਪਹੁੰਚਣਾ ਸੌਖਾ ਹੈ, ਪਰ ਅਸਾਮ ਵਿੱਚ ਇੰਨੀ ਦੂਰ ਪਹੁੰਚਣਾ ਬਹੁਤ ਮੁਸ਼ਕਲ ਹੈ।”

“ਭਾਰਤ ਸਰਕਾਰ ਕੋਲ ਇਨ੍ਹਾਂ ਸੂਬਿਆਂ ਬਾਰੇ ਖੁਫੀਆ ਰਿਪੋਰਟਾਂ ਹੋ ਸਕਦੀਆਂ ਹਨ ਕਿ ਇੱਥੇ ਖਾਲਿਸਤਾਨ ਸਮਰਥਕ ਹਨ। ਇਸੇ ਕਾਰਨ ਇਹਨਾਂ ਲੋਕਾਂ ਨੂੰ ਹੁਣ ਤੱਕ ਅਸਾਮ ਭੇਜਣ ਦਾ ਫੈਸਲਾ ਕੀਤਾ ਗਿਆ ਹੈ।"

ਅਮ੍ਰਿਤਪਾਲ ਸਿੰਘ
BBC

ਅਮ੍ਰਿਤਪਾਲ ਸਿੰਘ ਕੌਣ ਹਨ ਅਤੇ ਹੁਣ ਤੱਕ ਕੀ-ਕੀ ਹੋਇਆ

  • ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
  • ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਪਿਛਲੇ ਸਾਲ ਅਗਸਤ 2022 ਦੌਰਾਨ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।
  • ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
  • ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ 18 ਮਾਰਚ ਤੋਂ ਕਾਰਵਾਈ ਸ਼ੁਰੂ ਕੀਤੀ ਗਈ ਸੀ।
  • ਅਮ੍ਰਿਤਪਾਲ ਸਿੰਘ ਖ਼ਿਲਾਫ਼ ਐੱਨਐੱਸਏ ਲਗਿਆ ਹੈ ਅਤੇ ਉਸ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ।
  • ਇਸ ਤੋਂ ਪਹਿਲਾਂ ਪੁਲਿਸ ਨੇ 9 ਲੋਕਾਂ ਨੂੰ ਐੱਨਐੱਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਸੀ।
  • ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਜਿਹੜੇ ਲੋਕ ਦੇਸ਼ ਦੇ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਉੱਤੇ ਅਸੀਂ ਕਾਨੂੰਨ ਦੇ ਤਹਿਤ ਕਾਰਵਾਈ ਕਰਾਂਗੇ, ਅਸੀਂ ਬੇਗੁਨਾਹ ਲੋਕਾਂ ਨੂੰ ਤੰਗ ਨਹੀਂ ਕਰਾਂਗੇ।
ਅਮ੍ਰਿਤਪਾਲ ਸਿੰਘ
BBC

ਇੱਕ ਸਵਾਲ ਦਾ ਜਵਾਬ ਦਿੰਦਿਆਂ ਪੱਤਰਕਾਰ ਗੋਸਵਾਮੀ ਕਹਿੰਦੇ ਹਨ, "ਪੰਜਾਬ ਤੋਂ ਇਲਾਵਾ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਪਰ ਦਿੱਲੀ ਪੰਜਾਬ ਦੇ ਬਹੁਤ ਨੇੜੇ ਹੈ। ਕਿਉਂਕਿ ਅਸਾਮ ਵਿੱਚ ਖਾਲਿਸਤਾਨ ਸਮਰਥਕ ਨਾ-ਮਾਤਰ ਹਨ ਅਤੇ ਇੱਥੇ ਸਿੱਖ ਭਾਈਚਾਰੇ ਦੀ ਆਬਾਦੀ ਵੀ ਬਹੁਤ ਜ਼ਿਆਦਾ ਨਹੀਂ ਹੈ।”

“ਇਸ ਲਈ ਅਸਾਮ ਦੀ ਜੇਲ੍ਹ ਤੋੜ ਕੇ ਇਨ੍ਹਾਂ ਲੋਕਾਂ ਦੇ ਬਾਹਰ ਨਿਕਲਣ ਦੀ ਸੰਭਾਵਨਾ ਲਗਭਗ ਜ਼ੀਰੋ ਹੈ।"

ਉਹ ਕਹਿੰਦੇ ਹਨ, "ਇਸ ਤੋਂ ਇਲਾਵਾ ਅਮ੍ਰਿਤਪਾਲ ਸਿੰਘ ਦੀ ਲਹਿਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਡਿਬਰੂਗੜ੍ਹ ਜੇਲ੍ਹ ਦੀ ਚੋਣ ਕੀਤੀ ਗਈ ਹੈ। ਇਸ ਜੇਲ੍ਹ ਵਿੱਚ ਉਹਨਾਂ ਨੂੰ ਅਲੱਗ-ਅਲੱਗ ਰੱਖਿਆ ਜਾਵੇਗਾ। ਕਿਉਂਕਿ ਜੇਲ੍ਹ ਵਿੱਚੋਂ ਵੀ ਕੁਝ ਕੱਟੜਪੰਥੀ ਆਗੂ ਅਤੇ ਗੈਂਗਸਟਰ ਆਪਣਾ ਕੰਮ ਜਾਰੀ ਰੱਖ ਲੈਂਦੇ ਹਨ।"

ਅਮ੍ਰਿਤਪਾਲ ਸਿੰਘ
DILIP KUMAR SHARMA

ਸੁਰੱਖਿਆ ਅਤੇ ਰਾਜਨੀਤੀ

ਅਸਾਮ ''''ਤੇ ਨਜ਼ਰ ਰੱਖਣ ਵਾਲੇ ਕਈ ਮਾਹਿਰ ਕਹਿੰਦੇ ਹਨ ਕਿ ਇਹ ਸੂਬਾ ਮਹਾਰਾਸ਼ਟਰ ਦੇ ਸਿਆਸੀ ਸੰਕਟ ਸਮੇਂ ਵੀ ਚਰਚਾ ''''ਚ ਰਿਹਾ ਸੀ।

ਉਸ ਸਮੇਂ ਮਹਾਰਾਸ਼ਟਰ ਦੇ ‘ਬਾਗ਼ੀ ਵਿਧਾਇਕ’ ਕਈ ਦਿਨ ਗੁਹਾਟੀ ਵਿੱਚ ਰਹੇ ਸਨ।

ਗੋਸਵਾਮੀ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕੁਝ ਲੋਕ ਦੋਵੇਂ ਮਾਮਲਿਆਂ ਦੀ ਤੁਲਨਾ ਕਰ ਰਹੇ ਹੋਣ ਪਰ ਦੋਵੇਂ ਵੱਖ-ਵੱਖ ਘਟਨਾਵਾਂ ਹਨ। ਉਹ ਇੱਕ ਸਿਆਸੀ ਘਟਨਾ ਸੀ ਅਤੇ ਇਹ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ।

ਗੋਸਵਾਮੀ ਕਹਿੰਦੇ ਹਨ, "ਅਸਲ ਵਿੱਚ ਇਸ ਮਾਮਲੇ ’ਚ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਕਾਰਜਸ਼ੀਲਤਾ ਤੋਂ ਵੱਧ ਕਾਉਂਸਲਿੰਗ ਵਿੱਚ ਉਨ੍ਹਾਂ ਦੇ ਸਹਿਯੋਗ ਦੀ ਜ਼ਰੂਰਤ ਹੋਏਗੀ। ਕਿਉਂਕਿ ਜਦੋਂ ਏਕਨਾਥ ਸ਼ਿੰਦੇ ਆਪਣੇ ਵਿਧਾਇਕਾਂ ਨਾਲ ਗੁਹਾਟੀ ਆਏ ਸਨ ਤਾਂ ਮੁੱਖ ਮੰਤਰੀ ਨੇ ਆਪਣੀ ਸਿਆਸੀ ਚਲਾਕੀ ਨਾਲ ਸਭ ਕੁਝ ਸੰਭਾਲ ਲਿਆ ਸੀ।"

ਅਮ੍ਰਿਤਪਾਲ ਸਿੰਘ
DILIP KUMAR SHARMA

ਉਹ ਕਹਿੰਦੇ ਹਨ, "ਹਰ ਕੋਈ ਜਾਣਦਾ ਹੈ ਕਿ ਭਾਜਪਾ ਵਿਚ ਉਹ ਇਹੋ ਜਿਹੇ ਕੰਮ ਕਰਨ ਵਿੱਚ ਮਾਹਿਰ ਹਨ। ਪਰ ਅਮ੍ਰਿਤਪਾਲ ਸਿੰਘ ਦੇ ਮਾਮਲੇ ਵਿਚ ਸਰਕਾਰ ਨੂੰ ਉਨ੍ਹਾਂ ਦੀ ਕਾਊਂਸਲਿੰਗ ਕਰਨੀ ਪਵੇਗੀ ਅਤੇ ਸਿੱਖਾਂ ਲਈ ਵੱਖਰੇ ਖਾਲਿਸਤਾਨ ਦੇ ਵਿਚਾਰ ਨੂੰ ਦਿਮਾਗ ਵਿਚੋਂ ਪੂਰੀ ਤਰ੍ਹਾਂ ਦੂਰ ਕਰਨਾ ਹੋਵੇਗਾ।"

ਗੋਸਵਾਮੀ ਕਹਿੰਦੇ ਹਨ, "ਜਿਸ ਤਰ੍ਹਾਂ ਜਵਾਹਰ ਲਾਲ ਨਹਿਰੂ ਨੇ ਸ਼ੇਖ ਅਬਦੁੱਲਾ ਨੂੰ ਜੇਲ੍ਹ ਵਿੱਚ ਰੱਖ ਕੇ ''''ਕਸ਼ਮੀਰ ਸਾਜ਼ਿਸ਼ ਕੇਸ'''' ਵਿੱਚ ਕੌਂਸਲਿੰਗ ਕਰਵਾਈ ਸੀ। ਉਸ ਦਾ ਨਤੀਜਾ ਇਹ ਹੋਇਆ ਕਿ ਸ਼ੇਖ ਅਬਦੁੱਲਾ ਭਾਰਤ ਨਾਲ ਸਹਿਯੋਗ ਕਰਨ ਲਈ ਰਾਜ਼ੀ ਹੋ ਗਏ ਸੀ।”

“ਜੇਕਰ ਅਮ੍ਰਿਤਪਾਲ ਸਿੰਘ ਦੀ ਇਸ ਤਰ੍ਹਾਂ ਦੀ ਕਾਉਂਸਲਿੰਗ ਕਰਨ ਦੀ ਗੱਲ ਆਉਂਦੀ ਹੈ ਤਾਂ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੋਵੇਗਾ। ਇਹ ਗੱਲ ਹੋਰ ਏਜੰਸੀਆਂ ਅਤੇ ਸੁਰੱਖਿਆ ਸਲਾਹਕਾਰਾਂ ਤੱਕ ਸਭ ਨੂੰ ਪਤਾ ਹੈ।"

ਅਮ੍ਰਿਤਪਾਲ ਸਿੰਘ
Getty Images

ਅਸਾਮ ਦੇ ਮੁੱਖ ਮੰਤਰੀ ਨੂੰ ਧਮਕੀ

ਹਾਲ ਹੀ ''''ਚ ਅਮਰੀਕਾ ਨਾਲ ਸਬੰਧਤ ਵੱਖਵਾਦੀ ਸਿੱਖ ਸੰਗਠਨ ਸਿੱਖਸ ਫਾਰ ਜਸਟਿਸ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਡਿਬਰੂਗੜ੍ਹ ਸੈਂਟਰਲ ਜੇਲ੍ਹ ''''ਚ ਬੰਦ ਖਾਲਿਸਤਾਨ ਸਮਰਥਕਾਂ ਨੂੰ ਲੈ ਕੇ ਧਮਕੀ ਦਿੱਤੀ ਸੀ।

ਸਿੱਖਸ ਫਾਰ ਜਸਟਿਸ ਦੇ ਮੈਂਬਰ ਗੁਰਪਤਵਨ ਸਿੰਘ ਪੰਨੂ ਨੇ ਆਸਾਮ ਦੇ ਕਈ ਮੀਡੀਆ ਅਦਾਰਿਆਂ ਨੂੰ ਰਿਕਾਰਡ ਕੀਤਾ ਆਡੀਓ ਸੰਦੇਸ਼ ਭੇਜਿਆ ਸੀ। ਇਸ ਵਿੱਚ ਮੁੱਖ ਮੰਤਰੀ ਸਰਮਾ ਨੂੰ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਆਸਾਮ ਦੀ ਜੇਲ੍ਹ ਵਿੱਚ ਬੰਦ ਹੋਣ ਕਾਰਨ ਚੇਤਾਵਨੀ ਦਿੱਤੀ ਗਈ ਸੀ।

ਅਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਐਨੀ ਦੂਰ ਡਿਬਰੂਗੜ੍ਹ ਜੇਲ੍ਹ ਵਿੱਚ ਲਿਆਉਣ ਬਾਰੇ ਸਰਕਾਰ ਦੀ ਰਣਨੀਤੀ ਉਪਰ ਟਿੱਪਣੀ ਕਰਦਿਆਂ ਸੀਨੀਅਰ ਪੱਤਰਕਾਰ ਰਾਜੀਵ ਦੱਤਾ ਦਾ ਕਹਿਣਾ ਹੈ, ''''''''ਜਿਸ ਤਰ੍ਹਾਂ ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਹਥਿਆਰਾਂ ਨਾਲ ਥਾਣੇ ਵਿੱਚ ਦਾਖਲ ਹੋ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ, ਉਸ ਦੀਆਂ ਤਸਵੀਰਾਂ ਪੂਰੇ ਦੇਸ਼ ਨੇ ਦੇਖੀਆਂ ਸਨ।”

“ਦਰਅਸਲ, ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ, ਜਿਸ ਨੂੰ ਲੈ ਕੇ ਦੇਸ਼-ਵਿਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਹਨ। ਭਾਰਤ ਸਰਕਾਰ ਇਸ ਮਾਮਲੇ ਵਿੱਚ ਬਹੁਤ ਸੋਚ ਸਮਝ ਵਾਲੀ ਰਣਨੀਤੀ ਤਹਿਤ ਕਾਰਵਾਈ ਕਰ ਰਹੀ ਹੈ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)



Related News