ਜਸਬੀਰ ਸਿੰਘ ਰੋਡੇ ਕੌਣ ਹਨ, ਜਿਨ੍ਹਾਂ ਅਮ੍ਰਿਤਪਾਲ ਸਿੰਘ ਨਾਲ ਗ੍ਰਿਫ਼ਤਾਰੀ ਤੋਂ ਪਹਿਲਾਂ ਕੀਤੀ ਸੀ ਮੁਲਾਕਾਤ

Sunday, Apr 23, 2023 - 07:17 PM (IST)

ਜਸਬੀਰ ਸਿੰਘ ਰੋਡੇ ਕੌਣ ਹਨ, ਜਿਨ੍ਹਾਂ ਅਮ੍ਰਿਤਪਾਲ ਸਿੰਘ ਨਾਲ ਗ੍ਰਿਫ਼ਤਾਰੀ ਤੋਂ ਪਹਿਲਾਂ ਕੀਤੀ ਸੀ ਮੁਲਾਕਾਤ
ਜਸਵੀਰ ਸਿੰਘ ਰੋਡੇ
Jasvir Singh Rode/FB
ਜਸਵੀਰ ਸਿੰਘ ਰੋਡੇ

ਖਾਲਿਸਤਾਨ ਸਮਰਥਕ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਐਤਵਾਰ ਨੂੰ ਮੋਗੇ ਜਿਲ੍ਹੇ ਦੇ ਪਿੰਡ ਰੋਡੇ ਦੇ ਗੁਰਦੁਆਰਾ ਸੰਤ ਖਾਲਸਾ ਸਾਹਿਬ ਅੱਗੇ ਗ੍ਰਿਫ਼ਤਾਰੀ ਦਿੱਤੀ।

ਰੋਡੇ ਦਮਦਮੀ ਟਕਸਾਲ ਦੇ 14ਵੇਂ ਮਰਹੂਮ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜੱਦੀ ਪਿੰਡ ਹੈ।

1984 ਵਿੱਚ ਦਰਬਾਰ ਸਾਹਿਬ ਉੱਤੇ ਹੋਈ ਫੌਜੀ ਕਾਰਵਾਈ ਦੌਰਾਨ ਅਕਾਲ ਤਖ਼ਤ ਉੱਤੇ ਜਰਨੈਲ ਸਿੰਘ ਭਿੰਡਰਾਵਾਲਾ ਤੇ ਉਨ੍ਹਾਂ ਦੇ ਸਾਥੀਆਂ ਦੀ ਮੌਤ ਹੋਈ ਸੀ।

ਅਮ੍ਰਿਤਪਾਲ ਸਿੰਘ ਦੀ ਜਰਨੈਲ ਸਿੰਘ ਭਿੰਡਰਾਵਾਲੇ ਦੇ ਜਨਮ ਵਾਲੀ ਥਾਂ ਉੱਤੇ ਬਣੇ ਗੁਰਦੁਆਰੇ ਵਿੱਚੋਂ ਹੀ ਗ੍ਰਿਫ਼ਤਾਰੀ ਹੋਈ ਹੈ।

ਇਸੇ ਗੁਰਦੁਆਰਾ ਸਾਹਿਬ ਵਿੱਚ ਪਿਛਲੇ ਸਾਲ ਸਿਤੰਬਰ ਮਹੀਨੇ ਦੌਰਾਨ ਅਮ੍ਰਿਤਪਾਲ ਸਿੰਘ ਦੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਵਜੋਂ ਦਸਤਾਰਬੰਦੀ ਹੋਈ ਸੀ।

ਅਕਾਲ ਤਖ਼ਤ ਦੇ ਜਥੇਦਾਰ ਰਹੇ ਅਤੇ ਭਿੰਡਰਾਂਵਾਲੇ ਦੇ ਭਤੀਜੇ ਜਸਬੀਰ ਸਿੰਘ ਰੋਡੇ ਨੇ ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਦੀ ਗੱਲ ਸਭ ਤੋਂ ਪਹਿਲਾਂ ਮੀਡੀਆ ਨਾਲ ਸਾਂਝੀ ਕੀਤੀ ਸੀ।

ਜਸਬੀਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਅਮ੍ਰਿਤਪਾਲ ਸਿੰਘ ਰੋਡੇ ਪਿੰਡ ਤੋਂ ਗ੍ਰਿਫ਼ਤਾਰੀ ਦੇਣਾ ਚਾਹੁੰਦਾ ਹੈ।

ਇਸ ਲਈ ਉਹ ਰੋਡੇ ਪਿੰਡ ਪਹੁੰਚੇ ਅਤੇ ਉਨ੍ਹਾਂ ਅਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਵੀ ਕੀਤੀ ਸੀ। ਉੁਹ ਕੁਝ ਦਿਨ ਪਹਿਲਾਂ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਉਨ੍ਹਾਂ ਦੇ ਪਿੰਡ ਜੱਲੂਪੁਰ ਖੇੜਾ ਮਿਲਕੇ ਆਏ ਸਨ।

ਭਾਵੇਂਕਿ ਜਸਬੀਰ ਸਿੰਘ ਮੁਤਾਬਕ, ਇਸ ਤੋਂ ਪਹਿਲਾਂ ਅਮ੍ਰਿਤਪਾਲ ਸਿੰਘ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਸੀ।

ਜਸਵੀਰ ਸਿੰਘ ਰੋਡੇ
BBC
ਜਸਵੀਰ ਸਿੰਘ ਰੋਡੇ ਦਾ ਪਰਿਵਾਰ ਧਾਰਮਿਕ ਪਿਛੋਕੜ ਵਾਲਾ ਹੈ ਤੇ ਖ਼ਾਸ ਕਰਕੇ ਇਸ ਪਰਿਵਾਰ ‘ਤੇ ਦਮਦਮੀ ਟਕਸਾਲ ਦਾ ਸਭ ਤੋਂ ਵੱਧ ਪ੍ਰਭਾਵ ਸੀ।

ਜਸਵੀਰ ਸਿੰਘ ਰੋਡੇ ਕੌਣ ਹੈ?

ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਭਤੀਜੇ ਜਥੇਦਾਰ ਜਸਵੀਰ ਸਿੰਘ ਰੋਡੇ ਅੱਜ ਕੱਲ੍ਹ ਉਸ ਕਮੇਟੀ ਦੇ ਮੁਖੀ ਹਨ, ਜਿਹੜੀ ਅਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਫੜੇ ਜਾ ਰਹੇ ਸਿੱਖ ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਕਰ ਰਹੀ ਹੈ।

ਇਹ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਬਣਾਈ ਸੀ।

ਜਸਵੀਰ ਸਿੰਘ ਰੋਡੇ ਦਾ ਜਨਮ ਸਰਦਾਰ ਜਗੀਰ ਸਿੰਘ ਦੇ ਘਰ ਪਿੰਡ ਰੋਡੇ (ਜਿਲਾ ਮੋਗਾ) ਵਿਖੇ 1954 ਨੂੰ ਹੋਇਆ ਸੀ। ਜਸਵੀਰ ਸਿੰਘ ਰੋਡੇ ਦੇ ਪੰਜ ਭਰਾ ਤੇ ਇੱਕ ਭੈਣ ਹੈ।

ਖੇਤੀਬਾੜੀ ਦਾ ਕੰਮ ਕਰਦਾ ਇਹ ਪਰਿਵਾਰ ਧਾਰਮਿਕ ਪਿਛੋਕੜ ਵਾਲਾ ਹੈ ਤੇ ਖ਼ਾਸ ਕਰਕੇ ਇਸ ਪਰਿਵਾਰ ‘ਤੇ ਦਮਦਮੀ ਟਕਸਾਲ ਦਾ ਸਭ ਤੋਂ ਵੱਧ ਪ੍ਰਭਾਵ ਸੀ।

ਜਸਵੀਰ ਸਿੰਘ ਰੋਡੇ, ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰਿਸ਼ਤੇ ਵਿੱਚੋਂ ਭਤੀਜੇ ਲੱਗਦੇ ਹਨ।

ਦਮਦਮੀ ਟਕਸਾਲ ਦੇ 12ਵੇਂ ਮੁਖੀ ਗਿਆਨੀ ਗੁਰਬਚਨ ਸਿੰਘ ਦੀ ਸੰਤ ਭਿੰਡਰਾਵਾਲਿਆਂ ਦੇ ਪਰਿਵਾਰ ਨਾਲ ਬਹੁਤ ਨੇੜਲੀ ਸਾਂਝ ਸੀ।

ਸੰਤ ਗਿਆਨੀ ਕਰਤਾਰ ਸਿੰਘ ਦਮਦਮੀ ਟਕਸਾਲ ਦੇ 13ਵੇਂ ਮੁਖੀ ਬਣਦੇ ਹਨ ਅਤੇ 14ਵੇਂ ਮੁਖੀ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਥਾਪਿਆ ਜਾਂਦਾ ਹੈ।

ਅਮ੍ਰਿਤਪਾਲ ਸਿੰਘ
ANI
ਅਮ੍ਰਿਤਪਾਲ ਸਿੰਘ ਗ੍ਰਿਫ਼ਤਾਰੀ ਸਮੇਂ
ਅਮ੍ਰਿਤਪਾਲ ਸਿੰਘ
BBC

ਅਮ੍ਰਿਤਪਾਲ ਸਿੰਘ ਕੌਣ ਹਨ ਅਤੇ ਹੁਣ ਤੱਕ ਕੀ-ਕੀ ਹੋਇਆ

  • ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
  • ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਪਿਛਲੇ ਸਾਲ ਅਗਸਤ 2022 ਦੌਰਾਨ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।
  • ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
  • ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ 18 ਮਾਰਚ ਤੋਂ ਕਾਰਵਾਈ ਸ਼ੁਰੂ ਕੀਤੀ ਗਈ ਸੀ।
  • ਅਮ੍ਰਿਤਪਾਲ ਸਿੰਘ ਖ਼ਿਲਾਫ਼ ਐੱਨਐੱਸਏ ਲਗਾ ਹੈ ਅਤੇ ਉਸ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ।
  • ਇਸ ਤੋਂ ਪਹਿਲਾਂ ਪੁਲਿਸ ਨੇ 9 ਲੋਕਾਂ ਐੱਨਐੱਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
  • ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਜਿਹੜੇ ਲੋਕ ਦੇਸ਼ ਦੇ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਉੱਤੇ ਅਸੀਂ ਕਾਨੂੰਨ ਦੇ ਤਹਿਤ ਕਾਰਵਾਈ ਕਰਾਂਗੇ, ਅਸੀਂ ਬੇਗੁਨਾਹ ਲੋਕਾਂ ਨੂੰ ਤੰਗ ਨਹੀਂ ਕਰਾਂਗੇ।
ਅਮ੍ਰਿਤਪਾਲ ਸਿੰਘ
BBC

ਜਸਵੀਰ ਸਿੰਘ ਰੋਡੇ ਦਾ ਦੁਬਈ ਅਤੇ ਇੰਗਲੈਂਡ ਲਿੰਕ

ਜਸਵੀਰ ਸਿੰਘ ਰੋਡੇ ਦਾ ਵਿਆਹ 1981 ਵਿੱਚ ਹੋਇਆ ਸੀ ਅਤੇ ਇਸ ਤੋਂ ਬਾਅਦ ਰੋਜ਼ੀ ਰੋਟੀ ਲਈ ਉਹ ਦੁਬਈ ਚਲੇ ਜਾਂਦੇ ਹਨ।

‘ਅੱਜ ਦੀ ਆਵਾਜ਼’ ਅਖਬਾਰ ਦੇ ਸੰਪਾਦਕ ਰਹੇ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਭਾਈ ਜਸਵੀਰ ਸਿੰਘ ਰੋਡੇ ਨੇ ਆਪਣੇ ਭਰਾ ਹਰਦਿਆਲ ਸਿੰਘ ਦੇ ਨਾਲ ਦੁਬਈ ਵਿੱਚ ਬਿਲਡਿੰਗ ਉਸਾਰੀ ਕਰਨ ਵਾਲੀ ਇਕ ਕੰਪਨੀ ਬਣਾਈ ਹੋਈ ਹੈ ਜਿਹੜੀ ਕਿ ਅੱਜ ਵੀ ਚੱਲਦੀ ਹੈ।

ਇਸ ਤੋਂ ਬਾਅਦ 1984 ਵਿੱਚ ਅਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਜਸਵੀਰ ਸਿੰਘ ਰੋਡੇ ਇੰਗਲੈਂਡ ਚਲੇ ਗਏ ਸਨ।

ਗੁਰਦੀਪ ਸਿੰਘ ਬਠਿੰਡਾ ਮੁਤਾਬਕ 23 ਸਤੰਬਰ 1984 ਨੂੰ ਵਾਲਸਾਲ (ਸ਼ਹਿਰ) ਵਿਖੇ ਸੰਗਤਾਂ ਦਾ ਵਿਸ਼ਾਲ ਇਕੱਠ ਐਲਮਵੈੱਲ ਸਕੂਲ ਵਿੱਚ ਹੋਇਆ। ਇਸ ਇੱਕਠ ਵਿੱਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਐਲਾਨ ਕੀਤਾ ਗਿਆ।

ਗੁਰਦੀਪ ਸਿੰਘ ਬਠਿੰਡਾ ਦੱਸਦੇ ਹਨ ਕਿ ਇੰਗਲੈਂਡ ਤੋਂ ਹੀ ਭਾਈ ਜਸਵੀਰ ਸਿੰਘ ਰੋਡੇ ਪਾਕਿਸਤਾਨ ਗਏ।

ਉਥੋਂ ਜਦੋਂ ਮੁੜ ਇੰਗਲੈਂਡ ਨੂੰ ਜਾਣ ਲੱਗੇ ਤਾਂ ਉਨ੍ਹਾਂ ਨੂੰ ਇੰਗਲੈਂਡ ਨਾ ਜਾਣ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਫਿਲਪਾਈਨ ਦੀ ਰਾਜਧਾਨੀ ਮਨੀਲਾ ਤੋਂ ਗ੍ਰਿਫਤਾਰ ਕਰ ਲਿਆ ਗਿਆ।

ਉਸ ਤੋਂ ਬਾਅਦ ਉਹਨਾਂ ਨੂੰ ਭਾਰਤ ਲਿਆਂਦਾ ਗਿਆ, ਜਿੱਥੇ ਉਹ 1988 ਤੱਕ ਜੇਲ੍ਹ ਵਿੱਚ ਰਹੇ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪੇ ਜਾਣਾ

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੱਸਦੇ ਹਨ ਕਿ 1986 ਵਿੱਚ ਖਾੜਕੂ ਧਿਰਾਂ ਨੇ ਅਕਾਲ ਤਖ਼ਤ ਸਾਹਿਬ ਉੱਤੇ ਸਰਬੱਤ ਖ਼ਾਲਸਾ ਸੱਦਿਆ, ਜਿਸ ਵਿੱਚ ਜਸਵੀਰ ਸਿੰਘ ਰੋਡੇ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਐਲਾਨ ਦਿੱਤਾ ਗਿਆ।

ਜਗਤਾਰ ਸਿੰਘ ਕਹਿੰਦੇ ਹਨ ਕਿ ਮਾਰਚ 1988 ਵਿੱਚ ਜਸਵੀਰ ਸਿੰਘ ਰੋਡੇ ਜੇਲ੍ਹ ਵਿੱਚੋਂ ਰਿਹਾਅ ਹੋਏ ਅਤੇ ਸ਼੍ਰੋਮਣੀ ਗੁਰਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਮਾਨਤਾ ਦੇ ਦਿੱਤੀ।

ਜਸਵੀਰ ਸਿੰਘ ਰੋਡੇ
BBC
ਪੱਤਰਕਾਰ ਬਲਜੀਤ ਬੱਲੀ ਅਨੁਸਾਰ ਜਸਵੀਰ ਸਿੰਘ ਰੋਡੇ ਪੰਜਾਬ ਦੇ ਵੱਡੇ ਜਨਤਕ ਆਧਾਰ ਵਾਲੇ ਨੇਤਾ ਕਦੇ ਵੀ ਨਹੀਂ ਰਹੇ, ਉਹ ਸਿਰਫ਼ ਭਿੰਡਰਾਂਵਾਲੇ ਦੇ ਰਿਸ਼ਤੇਦਾਰ ਹੋਣ ਕਰਕੇ ਲੋਕਾਂ ਵਿੱਚ ਪ੍ਰਸਿੱਧ ਹੋਏ ਹਨ।

ਕਿਵੇ ਹੋਈ ਜਥੇਦਾਰ ਵਜੋਂ ਬਰਾਖ਼ਸਤੀ

ਮਈ ਮਹੀਨੇ ਵਿੱਚ ਅੰਮ੍ਰਿਤਸਰ ਵਿਖੇ ਅਪਰੇਸ਼ਨ ਬਲੈਕ ਥੰਡਰ ਹੁੰਦਾ ਹੈ।

ਪੱਤਰਕਾਰ ਜਗਤਾਰ ਸਿੰਘ ਨੇ ਦੱਸਿਆ ਕਿ ਇਸ ਅਪਰੇਸ਼ਨ ਦੌਰਾਨ ਜਸਵੀਰ ਸਿੰਘ ਰੋਡੇ ਦੀ ਭੂਮਿਕਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਕਈ ਤਰ੍ਹਾਂ ਦੇ ਸ਼ੰਕੇ ਖੜੇ ਕੀਤੇ।

ਇਸ ਦਾ ਵੇਰਵਾ ਆਈਬੀ ਦੇ ਸਾਬਕਾ ਅਧਿਕਾਰੀ ਐਮਕੇ ਧਰ ਦੀ ਕਿਤਾਬ ਵਿੱਚ ਵੀ ਮਿਲਦਾ ਹੈ।

ਇਸ ਕਿਤਾਬ ਵਿੱਚ ਜਸਵੀਰ ਸਿੰਘ ਰੋਡੇ ਦੀ ਭੂਮਿਕਾ ਬਾਰੇ ਇਕ ਪੂਰਾ ਚੈਪਟਰ ਹੈ। ਜਿਸ ਤੋਂ ਬਾਅਦ ਜਸਵੀਰ ਸਿੰਘ ਰੋਡੇ ਦੀ ਮੁਖਾਲਫਤ ਸਿੱਖ ਸਫਾ ਵਿੱਚ ਬਹੁਤ ਵੱਧ ਗਈ ਸੀ।

ਸੰਗਤਾਂ ਦੇ ਵਿਰੋਧ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 29 ਮਈ 1988 ਨੂੰ ਜਥੇਦਾਰ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ।

ਜਗਤਾਰ ਸਿੰਘ ਮੁਤਾਬਕ ਇਸ ਤੋਂ ਬਾਅਦ ਪੰਥਕ ਕਮੇਟੀ ਨੇ ਜਸਵੀਰ ਸਿੰਘ ਰੋਡੇ ਨੂੰ ਸਰਕਾਰੀ ਏਜੰਟ ਦੱਸਿਆ।

ਇਸ ਤੋਂ ਬਾਅਦ ਪੁਲਿਸ ਨੇ ਇੱਕ ਵਾਰ ਫਿਰ ਤੋਂ ਜਸਵੀਰ ਸਿੰਘ ਰੋਡੇ ਨੂੰ ਗ੍ਰਿਫਤਾਰ ਕਰ ਲਿਆ ਸੀ।

ਰਿਹਾਈ ਤੋਂ ਬਾਅਦ 10 ਦਿਨ ਦਾ ਮਾਰਚ ਕਰ ਕੇ ਜਸਵੀਰ ਸਿੰਘ ਰੋਡੇ ਸ੍ਰੀ ਦਰਬਾਰ ਸਾਹਿਬ ਪਹੁੰਚਾਉਂਦੇ ਹਨ।

ਉਸ ਸਮੇਂ ਬਕਾਇਦਾ ਬੀਐਸਐਫ ਦੇ ਬਾਰਡਰ ਰੇਂਜ ਦੇ ਆਈ ਜੀ ਚਮਨ ਲਾਲ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਜਸਵੀਰ ਸਿੰਘ ਰੋਡੇ ਦੀ ਮੁਖ਼ਾਲਫ਼ਤ ਕੀਤੀ ਸੀ।

ਜਸਵੀਰ ਸਿੰਘ ਰੋਡੇ
Jasvir Singh Rode/FB
ਜਸਵੀਰ ਸਿੰਘ ਰੋਡੇ

ਰਾਜਨੀਤਿਕ ਸਰਗਰਮੀ

ਜਸਵੀਰ ਸਿੰਘ ਰੋਡੇ ਰਾਜਨੀਤਿਕ ਤੌਰ ਉਤੇ ਵੀ ਸਰਗਰਮ ਰਹੇ।

ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ 1989 ਦੀਆਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਸਵੀਰ ਸਿੰਘ ਰੋਡੇ ਹੋਰਾਂ ਦੀ ਮੋਹਰੀ ਭੂਮਿਕਾ ਰਹੀ ਸੀ ਤੇ ਯੂਨਾਈਡ ਅਕਾਲੀ ਦਲ ਉਸ ਵੇਲੇ 13 ਵਿੱਚੋਂ 11 ਸੀਟਾਂ ‘ਤੇ ਕਾਬਜ਼ ਹੋ ਗਿਆ ਸੀ।

ਜਸਵੀਰ ਸਿੰਘ ਰੋਡੇ ਦੇ ਰਾਜਨੀਤਿਕ ਸਫ਼ਰ ਬਾਰੇ ਚੰਡੀਗੜ ਦੇ ਸੀਨੀਅਰ ਪੱਤਰਕਾਰ ਬਲਜੀਤ ਸਿੰਘ ਬੱਲੀ ਦੱਸਦੇ ਹਨ ਕਿ ਇਹਨਾਂ ਨੇ ਮੁੱਖ ਤੌਰ ਉਤੇ ਸ੍ਰੋਮਣੀ ਅਕਾਲੀ ਦਲ ਦੇ ਬਰਾਬਰ ਇਕ ਪੰਥਕ ਧਿਰ ਖੜੀ ਕਰਨ ਦੀ ਕੋਸ਼ਿਸ ਕੀਤੀ ਪਰ ਕਾਮਯਾਬੀ ਨਹੀਂ ਮਿਲੀ।

ਬੱਲੀ ਅਨੁਸਾਰ ਜਸਵੀਰ ਸਿੰਘ ਰੋਡੇ ਪੰਜਾਬ ਦੇ ਵੱਡੇ ਜਨਤਕ ਆਧਾਰ ਵਾਲੇ ਨੇਤਾ ਕਦੇ ਵੀ ਨਹੀਂ ਰਹੇ, ਉਹ ਸਿਰਫ਼ ਭਿੰਡਰਾਂਵਾਲੇ ਦੇ ਰਿਸ਼ਤੇਦਾਰ ਹੋਣ ਕਰਕੇ ਲੋਕਾਂ ਵਿੱਚ ਪ੍ਰਸਿੱਧ ਹੋਏ ਹਨ, ਅਤੇ ਉਨ੍ਹਾਂ ਦਾ ਆਪਣਾ ਕੋਈ ਨਿੱਜੀ ਆਧਾਰ ਨਹੀਂ ਹੈ।

ਮੀਡੀਆ ਵਿੱਚ ਸਰਗਰਮੀ

ਜਸਵੀਰ ਸਿੰਘ ਰੋਡੇ ਨੇ 1990 ਵਿੱਚ ਜਲੰਧਰ ਦੇ ਰਣਜੀਤ ਸਿੰਘ ਨਗਰ ਤੋਂ ‘ਅੱਜ ਦੀ ਆਵਾਜ਼’ ਨਾਂਅ ਦਾ ਰੋਜ਼ਾਨਾ ਅਖਬਾਰ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਸੀ।

ਇਸ ਅਖਬਾਰ ਦੇ ਸੰਪਾਦਕ ਰਹੇ ਗੁਰਦੀਪ ਸਿੰਘ ਬਠਿੰਡਾ ਦੱਸਦੇ ਹਨ ਕਿ ਜਸਵੀਰ ਸਿੰਘ ਰੋਡੇ ਵੱਲੋਂ ਲਿਖੀ ਇੱਕ ਕਿਤਾਬ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਕਾਫ਼ੀ ਅਹਿਮ ਜਾਣਕਾਰੀ ਦਿੱਤੀ ਗਈ ਹੈ।

ਗੁਰਦੀਪ ਸਿੰਘ ਬਠਿੰਡਾ ਕਹਿੰਦੇ ਹਨ ਕਿ ਉਹ 1990 ਤੋਂ ਲੈਕੇ 2002 ਤੱਕ ਅੱਜ ਦੀ ਆਵਾਜ਼ ਦੇ ਸੰਪਾਦਕ ਰਹੇ ਸਨ।

ਬੇਟੇ ਦੇ ਘਰ ਤੋਂ ਹਥਿਆਰਾਂ ਦੀ ਬਰਾਮਦਗੀ

20 ਅਗਸਤ 2021 ਨੂੰ ਜਸਵੀਰ ਸਿੰਘ ਰੋਡੇ ਉਸ ਸਮੇਂ ਮੁੜ ਚਰਚਾ ਵਿੱਚ ਆਏ ਜਦੋਂ ਉਨ੍ਹਾਂ ਦੇ ਬੇਟੇ ਗੁਰਮੁਖ ਸਿੰਘ ਬਰਾੜ ਨੂੰ ਜਲੰਧਰ ਤੋਂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।

ਉਸ ਸਮੇਂ ਕਪੂਰਥਲਾ ਪੁਲਿਸ ਨੇ ਪਾਬੰਦੀ ਸ਼ੁਦਾ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਦੋ ਸਰਗਰਮ ਕਾਰਕੁਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ।

ਜਸਵੀਰ ਸਿੰਘ ਰੋਡੇ ਦੇ ਇਕ ਭਰਾ ਲਖਬੀਰ ਸਿੰਘ ਰੋਡੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਵਿੱਚ ਹਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)



Related News