ਅਮ੍ਰਿਤਪਾਲ ਦੀ ਗ੍ਰਿਫ਼ਤਾਰੀ: ''''ਅਸੀਂ ਪੁਲਿਸ ਦਾ ਘੇਰਾ ਨਹੀਂ ਦੇਖਿਆ, 4-5 ਗੱਡੀਆਂ ਹੀ ਦੇਖੀਆਂ''''- ਰੋਡੇ ਪਿੰਡ ਤੋਂ ਗਰਾਊਂਡ ਰਿਪੋਰਟ
Sunday, Apr 23, 2023 - 05:02 PM (IST)


''''ਵਾਰਿਸ ਪੰਜਾਬ ਦੇ'''' ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਅਤੇ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੀ ਇੱਕ ਸਾਂਝੀ ਟੀਮ ਨੇ ਜ਼ਿਲਾ ਮੋਗਾ ਵਿੱਚ ਪੈਂਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕੀਤਾ ਹੈ।
ਪਿੰਡ ਰੋਡੇ ਦਮਦਮੀ ਟਕਸਾਲ ਦੇ ਚੌਧਵੇਂ ਮੁਖੀ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਜੱਦੀ ਪਿੰਡ ਹੈ।
ਐਤਵਾਰ ਨੂੰ ਸਵੇਰੇ ਜਦੋਂ, ਮੈਂ 8 ਵਜੇ ਦੇ ਕਰੀਬ ਪਿੰਡ ਰੋਡੇ ਪਹੁੰਚਿਆ ਤਾਂ ਮਾਹੌਲ ਆਮ ਵਾਂਗ ਹੀ ਸੀ। ਕੁਝ ਲੋਕ ਪਿੰਡ ਦੇ ਨਾਲ ਲਗਦੇ ਖੇਤਾਂ ਵਿੱਚ ਕਣਕ ਦੀ ਕਟਾਈ ਕਰਨ ''''ਚ ਰੁੱਝੇ ਹੋਏ ਸਨ।
ਕਰੀਬ 10 ਹਜ਼ਾਰ ਦੀ ਅਬਾਦੀ ਵਾਲੇ ਇਸ ਪਿੰਡ ਵਿੱਚ ਹੀ ਅਮ੍ਰਿਤਪਾਲ ਸਿੰਘ ਦੀ 29 ਸਤੰਬਰ ਨੂੰ ਦਸਤਾਰਬੰਦੀ ਕੀਤੀ ਗਈ ਸੀ।
ਉਸ ਸਮੇਂ ਅਮ੍ਰਿਤਪਾਲ ਨੇ ਦੁਬਈ ਤੋਂ ਭਾਰਤ ਪਰਤ ਕੇ ''''ਵਾਰਿਸ ਪੰਜਾਬ ਦੇ'''' ਸੰਗਠਨ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ।
ਭਾਵੇਂ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪਿੰਡ ਰੋਡੇ ਦੀ ਜ਼ਬਰਦਸਤ ਘੇਰਾਬੰਦੀ ਕੀਤੀ ਗਈ ਸੀ, ਪਰ ਪਿੰਡ ਦੇ ਕੁਝ ਲੋਕ ਇਸ ਗੱਲ ਤੋਂ ਅਣਜਾਣ ਨਜ਼ਰ ਆਏ।
ਪਿੰਡ ਦੇ ਐਨ ਵਿਚਕਾਰ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਜਨਮ ਸਥਾਨ ''''ਤੇ ''''ਗੁਰਦੁਆਰਾ ਸੰਤ ਖਾਲਸਾ'''' ਬਣਿਆਂ ਹੋਇਆ ਹੈ।
ਇਹ ਉਹੀ ਗੁਰਦੁਆਰਾ ਹੈ, ਜਿਥੋਂ ਅਮ੍ਰਿਤਪਾਲ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।

ਪਿੰਡ ਦੇ ਲੋਕਾਂ ਨੇ ਕੀ ਦੱਸਿਆ ?
‘ਗੁਰਦੁਆਰਾ ਸੰਤ ਖਾਲਸਾ’ ਦੇ ਨਾਲ ਲਗਦੇ ਘਰਾਂ ਵਿੱਚ ਰਹਿਣ ਵਾਲੇ ਕੁਝ ਲੋਕਾਂ ਨੇ ਦੱਸਿਆ ਕਿ ਆਮ ਦਿਨਾਂ ਦੇ ਮੁਕਾਬਲੇ ਅੱਜ ਗੁਰਦਵਾਰਾ ਸਾਹਿਬ ਵਿੱਚ ਗੱਡੀਆਂ ਅਤੇ ਕੁਝ ਓਪਰੇ ਲੋਕਾਂ ਦੀ ਚਹਿਲ-ਪਹਿਲ ਵਧੇਰੇ ਸੀ।
ਉੱਧਰ, ਜਰਨੈਲ ਸਿੰਘ ਭਿੰਡਰਾਂਵਾਲਾ ਦੇ ਭਤੀਜੇ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਨੇ ''''ਬੀਬੀਸੀ'''' ਨੂੰ ਦੱਸਿਆ ਕਿ ਅਮ੍ਰਿਤਪਾਲ ਸਿੰਘ ਦੇ ਪਿੰਡ ਵਿੱਚ ਪਹੁੰਚਣ ਬਾਰੇ ਉਨ੍ਹਾਂ ਨੂੰ ਸ਼ਨੀਵਾਰ ਦੇਰ ਰਾਤ ਪੁਲਿਸ ਤੋਂ ਸੂਚਨਾ ਮਿਲੀ ਸੀ।
ਉਨ੍ਹਾਂ ਕਿਹਾ, "ਮੈਨੂੰ ਪੰਜਾਬ ਪੁਲਿਸ ਤੋਂ ਹੀ ਪਤਾ ਲੱਗਾ ਸੀ ਕਿ ਅਮ੍ਰਿਤਪਾਲ ਸਿੰਘ ''''ਗੁਰਦੁਆਰਾ ਸੰਤ ਖਾਲਸਾ'''' ਵਿਖੇ ਮੱਥਾ ਟੇਕ ਕੇ ਗ੍ਰਿਫਤਾਰੀ ਦੇਣੀ ਚਾਹੁੰਦਾ ਹੈ। ਅੱਜ ਸਵੇਰੇ ਅਮ੍ਰਿਤਪਾਲ ਸਿੰਘ ਨੇ ਗੁਰਦੁਆਰਾ ਸਾਹਿਬ ਵਿੱਚ ਪਾਠ ਕੀਤਾ ਤੇ ਫਿਰ ਅਰਦਾਸ ਕਰਨ ਉਪਰੰਤ ਉਨ੍ਹਾਂ ਨੇ 7.45 ਕੁ ਵਜੇ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਗ੍ਰਿਫਤਾਰੀ ਦੇ ਦਿੱਤੀ।"

‘ਗੁਰਦੁਆਰੇ ਦੇ ਆਸ-ਪਾਸ ਦੇ ਘਰਾਂ ਨੂੰ ਨਹੀਂ ਸੀ ਖ਼ਬਰ’
ਜਸਵੀਰ ਸਿੰਘ ਰੋਡੇ ਨੇ ਦੱਸਿਆ ਕੇ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਆਈਜੀ ਅਤੇ ਐੱਸਐੱਸਪੀ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਵਾਲੀ ਟੀਮ ਅਮ੍ਰਿਤਪਾਲ ਸਿੰਘ ਨੂੰ ਆਪਣੇ ਨਾਲ ਲੈ ਗਈ।
ਪਿੰਡ ਦੇ ਪੰਚਾਇਤ ਮੈਂਬਰ ਮਹਿੰਦਰ ਸਿੰਘ ਨੇ ਦੱਸਿਆ ਕੇ ਅਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬਾਰੇ ਗੁਰਦੁਆਰੇ ਦੇ ਨੇੜੇ ਰਹਿਣ ਨਾਲੇ ਕਿਸੇ ਘਰ ਨੂੰ ਪਤਾ ਨਹੀਂ ਸੀ ਲੱਗਾ।
ਉਨ੍ਹਾਂ ਕਿਹਾ, "ਪਿੰਡ ਵਿੱਚ ਕੋਈ ਖਾਸ ਪੁਲਿਸ ਦੀ ਨਫ਼ਰੀ ਅਸੀਂ ਨਹੀਂ ਦੇਖੀ। ਹਾਂ, ਪੰਜਾਬ ਪੁਲਿਸ ਦੀਆਂ ਚਾਰ-ਪੰਜ ਗੱਡੀਆਂ ਬਾਅਦ ਵਿੱਚ ਜ਼ਰੂਰ ਦੇਖੀਆਂ ਗਈਆਂ ਸਨ, ਜਿਨ੍ਹਾਂ ਵਿੱਚ ਸਾਦੇ ਕੱਪੜਿਆਂ ਵਿੱਚ ਪੁਲਿਸ ਵਾਲੇ ਬੈਠੇ ਹੋਏ ਸਨ। ਸਾਨੂੰ ਬਾਅਦ ਵਿਚ ਪਤਾ ਲੱਗਾ ਕੇ ਅਮ੍ਰਿਤਪਾਲ ਸਿੰਘ ਗ੍ਰਿਫਤਾਰ ਹੋਇਆ ਹੈ।"

ਪਿੰਡ ਦੇ ਬਹੁਤੇ ਲੋਕਾਂ ਦਾ ਕਹਿਣਾ ਸੀ ਕੇ ਉਨਾਂ ਨੂੰ ਤਾਂ ਅਮ੍ਰਿਤਪਾਲ ਸਿੰਘ ਦੀ ਪਿੰਡ ਰੋਡੇ ''''ਚੋਂ ਗ੍ਰਿਫਤਾਰੀ ਹੋਣ ਬਾਰੇ ਟੀਵੀ ਦੇਖ ਕੇ ਹੀ ਪਤਾ ਲੱਗਾ।
ਦੂਜੇ ਪਾਸੇ, ਅਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਵੱਲੋਂ ਇਸ ਇਲਾਕੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਨੂੰ ਨਾਲ ਲੈ ਕੇ ਫਲੈਗ ਮਾਰਚ ਕੀਤਾ ਗਿਆ।

ਇੱਥੇ ਕਿਸੇ ਨੂੰ ਕੁਝ ਨਹੀਂ ਪਤਾ
ਰੋਡੇ ਪਿੰਡ ਦੀ ਰਹਿਣ ਵਾਲੀ ਪਰਮਜੀਤ ਕੌਰ ਨੇ ਸਾਨੂੰ ਦੱਸਿਆ, ‘‘ਇੱਥੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ। ਜਿਹੜੇ ਉਦੋਂ ਘੁੰਮਦੇ ਫਿਰਦੇ ਸੀ, ਉਨ੍ਹਾਂ ਨੂੰ ਹੀ ਪਤਾ ਲੱਗਾ। ਮੈਂ ਦੇਖਿਆ ਕਿ 5 ਗੱਡੀਆਂ ਇੱਕ ਪਾਸੇ ਤੋਂ ਆਈਆਂ ਅਤੇ ਪੰਜ ਮਿੰਟਾਂ ਬਾਅਦ ਮੁੜ ਗਈਆਂ। ਉਨ੍ਹਾਂ ਗੱਡੀਆਂ ਵਿੱਚੋਂ ਇੱਕ ਵਿੱਚ ਗੋਲ ਪੱਗ ਵਾਲਾ ਮੁੰਡਾ ਬੈਠਾ ਸੀ।’’
ਅਸੀਂ ਪਿੰਡ ਵਿੱਚ ਹੋਰ ਅੱਗੇ ਗਏ ਤਾਂ ਇੱਕ ਹੋਰ ਬਜ਼ੁਰਗ ਬੀਬੀ ਮਿਲ ਪਈ। ਉਸ ਨੂੰ ਪੁੱਛਿਆ ਕਿ ਤੁਸੀਂ ਸਵੇਰੇ ਕੀ ਦੇਖਿਆ ਸੀ।
ਉਸ ਨੇ ਦੱਸਿਆ, ‘‘ਅਸੀਂ ਤਾਂ ਕੁਝ ਨਹੀਂ ਦੇਖਿਆ, ਬਸ ਬਾਬਾ ਜੀ (ਅਮ੍ਰਿਤਪਾਲ) ਆਏ ਸੀ ਅਤੇ ਮੱਥਾ ਟੇਕ ਕੇ ਚਲੇ ਗਏ। ਅਸੀਂ ਕੋਈ ਪੁਲਿਸ-ਪੁਲਸ ਨਹੀਂ ਦੇਖੀ। ਬਸ 3-4 ਗੱਡੀਆਂ ਹੀ ਇੱਥੇ ਖੜੀਆਂ ਦੇਖੀਆਂ।’’
‘‘ਅਮ੍ਰਿਤਪਾਲ ਨੇ ਬਹੁਤੀ ਗੱਲ ਨਹੀਂ ਕੀਤੀ, ਉਸ ਨੇ ਮੱਥਾ ਟੇਕਿਆ ਅਤੇ ਫਤਹਿ ਬਲਾਈ ਅਤੇ ਚਲਾ ਗਿਆ।’’
ਰੋਡੇ ਪਿੰਡ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੇ ਦੱਸਿਆ, ‘‘ਮੈਂ ਹਰ ਰੋਜ਼ ਦੀ ਤਰ੍ਹਾਂ ਸਵੇਰੇ ਮੱਥਾ ਟੇਕਣ ਗਿਆ ਹੋਇਆ ਸੀ, ਤਾਂ ਉੱਥੇ ਅਮ੍ਰਿਤਪਾਲ ਨੂੰ ਦੇਖਿਆ। ਅਮ੍ਰਿਤਪਾਲ ਨੇ ਮੱਥਾ ਟੇਕਣ ਤੋਂ ਬਾਅਦ ਕੁਝ ਦੇਰ ਲਈ ਸੰਬੋਧਨ ਵੀ ਕੀਤਾ।’’
ਸੁਰਜੀਤ ਸਿੰਘ ਮੁਤਾਬਕ ਜਦੋਂ ਅਮ੍ਰਿਤਪਾਲ ਅੰਦਰ ਸੀ ਤਾਂ ਬਾਅਦ ਵਿੱਚ ਪੁਲਿਸ ਆ ਗਈ, ਉਨ੍ਹਾਂ ਦੀਆਂ ਤਿੰਨ-ਚਾਰ ਗੱਡੀਆਂ ਇੱਧਰ ਅਤੇ ਤਿੰਨ-ਚਾਰ ਉੱਧਰ ਖੜ੍ਹੀਆਂ ਸਨ।
ਸੁਰਜੀਤ ਸਿੰਘ ਨੇ ਦੱਸਿਆ, ‘‘ਅਮ੍ਰਿਤਪਾਲ ਨੇ ਅਦਰਾਸ ਬੇਨਤੀ ਕੀਤੀ ਅਤੇ ਹੁਕਮਨਾਮੇ ਤੋਂ ਬਾਅਦ ਬਾਹਰ ਜਾ ਕੇ ਉਹ ਆਪ ਹੀ ਪੁਲਿਸ ਦੀ ਗੱਡੀ ਵਿੱਚ ਬੈਠ ਗਿਆ।’’

ਅਮ੍ਰਿਤਪਾਲ ਸਿੰਘ ਕੌਣ ਹਨ ਅਤੇ ਹੁਣ ਤੱਕ ਕੀ-ਕੀ ਹੋਇਆ
- ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
- ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਪਿਛਲੇ ਸਾਲ ਅਗਸਤ 2022 ਦੌਰਾਨ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।
- ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
- ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ 18 ਮਾਰਚ ਤੋਂ ਕਾਰਵਾਈ ਸ਼ੁਰੂ ਕੀਤੀ ਗਈ ਸੀ।
- ਅਮ੍ਰਿਤਪਾਲ ਸਿੰਘ ਖ਼ਿਲਾਫ਼ ਐੱਨਐੱਸਏ ਲਗਾ ਹੈ ਅਤੇ ਉਸ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ।
- ਇਸ ਤੋਂ ਪਹਿਲਾਂ ਪੁਲਿਸ ਨੇ 9 ਲੋਕਾਂ ਐੱਨਐੱਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਜਿਹੜੇ ਲੋਕ ਦੇਸ਼ ਦੇ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਉੱਤੇ ਅਸੀਂ ਕਾਨੂੰਨ ਦੇ ਤਹਿਤ ਕਾਰਵਾਈ ਕਰਾਂਗੇ, ਅਸੀਂ ਬੇਗੁਨਾਹ ਲੋਕਾਂ ਨੂੰ ਤੰਗ ਨਹੀਂ ਕਰਾਂਗੇ।

ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਬਾਰੇ ਪੁਲਿਸ ਨੇ ਕੀ ਕਿਹਾ ?
ਆਈਜੀ ਹੈੱਡਕੁਆਟਰ ਸੁਖਚੈਨ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਐਤਵਾਰ ਸਵੇਰੇ ਲਗਭਗ 6:45 ਵਜੇ ਰੋਡੇ ਪਿੰਡ ਤੋਂ ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਅਮ੍ਰਿਤਪਾਲ ਸਿੰਘ ਖ਼ਿਲਾਫ਼ ਨੈਸ਼ਨਲ ਸੁਰੱਖਿਆ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ।
ਅਮ੍ਰਿਤਪਾਲ ਦੇ ਆਤਮ ਸਮਰਪਣ ਕੀਤੇ ਜਾਣ ਬਾਰੇ ਪੁੱਛੇ ਜਾਣ ਉੱਤੇ ਸੁਖਚੈਨ ਗਿੱਲ ਨੇ ਸਪੱਸ਼ਟ ਤੌਰ ''''ਤੇ ਕਿਹਾ ਕਿ ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਆਈਜੀ ਗਿੱਲ ਨੇ ਦੱਸਿਆ ਕਿ ਪੁਲਿਸ ਨੇ ''''''''ਰੋਡੇ ਪਿੰਡ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਸੀ, ਪਰ ਅਮ੍ਰਿਤਪਾਲ ਗੁਰਦੁਆਰਾ ਸਾਹਿਬ ''''ਚ ਸੀ। ਗੁਰਦੁਆਰਾ ਸਾਹਿਬ ਦੀ ਮਰਿਆਦਾ ਸੁਪਰੀਮ ਹੈ ਅਤੇ ਉਸ ਨੂੰ ਬਣਾਈ ਰੱਖਦੇ ਹੋਏ ਇੱਕ ਸੰਦੇਸ਼ ਉਸ ਕੋਲ ਪਹੁੰਚ ਗਿਆ ਕਿ ਉਹ ਸਾਰੇ ਪਾਸਿਓਂ ਘਿਰ ਗਿਆ ਹੈ ਤੇ ਹੁਣ ਉਸ ਕੋਲ ਭੱਜਣ ਦਾ ਕੋਈ ਰਾਹ ਨਹੀਂ ਹੈ।''''''''
ਇਹ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦਾ ਸਾਂਝਾ ਆਪਰੇਸ਼ਨ ਸੀ।
ਆਈਜੀ ਗਿੱਲ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਕਿ ਇਸ ਦੌਰਾਨ ਲੋਕਾਂ ਨੇ ਪੰਜਾਬ ''''ਚ ਸ਼ਾਂਤੀ ਬਣਾਈ ਰੱਖੀ।
ਨਾਲ ਹੀ ਉਨ੍ਹਾਂ ਸੂਬੇ ਦੀ ਅਜਿਹੇ ਤੱਤਾਂ ਨੂੰ ਵੀ ਚੇਤਾਵਨੀ ਦਿੱਤੀ, ਜੋ ਸੂਬੇ ਦਾ ਮਾਹੌਲ ਵਿਗਾੜਨਾ ਚਾਹੁੰਦੇ ਹਨ।

ਅਮ੍ਰਿਤਪਾਲ ਨੂੰ ਅਸਾਮ ਦੇ ਡਿਬੜੂਗੜ੍ਹ ਜੇਲ੍ਹ ਭੇਜਿਆ
ਮੋਗਾ ਤੋਂ ਗ੍ਰਿਫ਼ਤਾਰੀ ਤੋਂ ਬਾਅਦ ਅਮ੍ਰਿਤਪਾਲ ਸਿੰਘ ਨੂੰ ਬਠਿੰਡਾ ਦੇ ਫੌਜੀ ਹਵਾਈ ਅੱਡੇ ਤੋਂ ਅਸਾਮ ਲਿਜਾਇਆ ਗਿਆ। ਇੱਥੇ ਉਨ੍ਹਾਂ ਦੇ 9 ਸਾਥੀ ਪਹਿਲਾਂ ਹੀ ਬੰਦ ਹਨ।
ਅਮ੍ਰਿਤਪਾਲ ਦੁਬਈ ਤੋਂ ਅਗਸਤ 2022 ਵਿੱਚ ਵਾਪਸ ਪਰਤਿਆ ਸੀ ਅਤੇ ਵਾਰਿਸ ਪੰਜਾਬ ਜਥੇਬੰਦੀ ਦਾ ਮੁਖੀ ਬਣਨ ਤੋਂ ਬਾਅਦ ਉਸ ਨੇ ਨਸ਼ਿਆ ਖਿਲਾਫ਼ ਮੁਹਿੰਮ ਛੇੜਨ ਅਤੇ ਅਮ੍ਰਿਤ ਸੰਚਾਰ ਮੁਹਿੰਮ ਚਲਾਉਣ ਦਾ ਪ੍ਰੋਗਰਾਮ ਵਿੱਢਿਆ ਸੀ।
ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ 23 ਫਰਵਰੀ ਨੂੰ ਤਰਨ ਤਾਰਨ ਜਿਲ੍ਹੇ ਦੇ ਅਜਨਾਲਾ ਵਿੱਚ ਪੁਲਿਸ ਥਾਣੇ ਉੱਤੇ ਜ਼ਬਰੀ ਕਬਜਾ ਕਰ ਲਿਆ ਸੀ।
ਉਹ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਵੱਡੇ ਇਕੱਠ ਨਾਲ ਕੁੱਟਮਾਰ ਨੇ ਨਿੱਜੀ ਝਗੜੇ ਵਿੱਚ ਗ੍ਰਿਫ਼ਤਾਰ ਸਾਥੀ ਲਵਪ੍ਰੀਤ ਸਿੰਘ ਨੂੰ ਰਿਹਾਅ ਕਰਵਾਉਣ ਗਏ ਸਨ। ਇਹ ਐਕਸ਼ਨ ਹਿੰਸਕ ਹੋ ਗਿਆ ਅਤੇ ਕਈ ਪੁਲਿਸ ਵਾਲੇ ਇਸ ਦੌਰਾਨ ਜ਼ਖ਼ਮੀ ਹੋ ਗਏ ਸਨ।
ਇਸ ਤੋਂ ਬਾਅਦ ਅਮ੍ਰਿਤਪਾਲ ਸਿੰਘ ਖਿਲਾਫ਼ ਵੱਖ ਵੱਖ ਧਾਰਾਵਾਂ ਵਾਲੇ 16 ਕੇਸ ਦਰਜ ਕੀਤੇ ਗਏ ਸਨ।
ਜਦੋਂ 18 ਮਾਰਚ ਨੂੰ ਪੁਲਿਸ ਨੇ ਉਨ੍ਹਾਂ ਨੂੰ ਜਲੰਧਰ ਦੇ ਸ਼ਾਹਕੋਟ ਵਿੱਚੋਂ ਲੰਘਦੇ ਸਮੇਂ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮ੍ਰਿਤਪਾਲ ਪੁਲਿਸ ਤੋਂ ਬਚ ਨਿਕਲਿਆ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)