ਸੁੱਕੀ ਬਰੈੱਡ ਤੇ ਟਾਇਲਟ ਦੇ ਪਾਣੀ ਸਹਾਰੇ ਗੁਜ਼ਾਰਾ ਕਰ ਰਹੇ ਹਨ ਸੁਡਾਨ ਵਿੱਚ ਫਸੇ ਭਾਰਤੀ

Saturday, Apr 22, 2023 - 07:32 AM (IST)

ਸੁੱਕੀ ਬਰੈੱਡ ਤੇ ਟਾਇਲਟ ਦੇ ਪਾਣੀ ਸਹਾਰੇ ਗੁਜ਼ਾਰਾ ਕਰ ਰਹੇ ਹਨ ਸੁਡਾਨ ਵਿੱਚ ਫਸੇ ਭਾਰਤੀ

ਸੁਡਾਨ ਵਿੱਚ ਫੌਜ ਅਤੇ ਅਰਧ-ਸੈਨਿਕ ਬਲਾਂ ਵਿਚਕਾਰ ਗੋਲੀਬਾਰੀ ਅਤੇ ਬੰਬਬਾਰੀ ਵਿੱਚ ਸੌ ਤੋਂ ਵੱਧ ਭਾਰਤੀਆਂ ਦੇ ਫਸੇ ਹੋਣ ਦਾ ਅਨੁਮਾਨ ਹੈ।

ਇਨ੍ਹਾਂ ਲੋਕਾਂ ਦੀ ਇੱਕ ਵੱਡੀ ਗਿਣਤੀ ਹੋਟਲ ਦੇ ਕਮਰਿਆਂ ਜਾਂ ਘਰਾਂ ਵਿੱਚ ਖਾਣ-ਪੀਣ ਦੀ ਕਿੱਲਤ ਨਾਲ ਜੂਝ ਰਹੀ ਹੈ।

ਸੁਡਾਨ ਵਿੱਚ ਫਸੇ ਦੱਖਣੀ ਸੂਬੇ ਕਰਨਾਟਕ ਦੇ ਕੁਝ ਭਾਰਤੀਆਂ ਨਾਲ ਬੀਬੀਸੀ ਨੇ ਗੱਲਬਾਤ ਕੀਤੀ, ਇਸ ਗੱਲਬਾਤ ਦੌਰਾਨ ਭਾਰੀ ਗੋਲੀਬਾਰੀ ਦੀ ਅਵਾਜ਼ ਸੁਣੀ ਜਾ ਸਕਦੀ ਸੀ।

ਗੋਲੀਬਾਰੀ ਦੀਆਂ ਇਹ ਅਵਾਜ਼ਾਂ ਨਾ ਸਿਰਫ਼ ਸੁਡਾਨ ਦੀ ਰਾਜਧਾਨੀ ਖਾਤੂਰਮ ਵਿੱਚ ਸੁਣੀਆਂ ਜਾ ਸਕਦੀਆਂ ਸਨ ਬਲਕਿ ਉੱਥੋਂ ਕਾਫ਼ੀ ਦੂਰ ਅਲ-ਫਸ਼ੀਰ ਵਿੱਚ ਵੀ ਸੁਣੀਆਂ ਜਾ ਸਕਦੀਆਂ ਸਨ।

ਸੁਡਾਨ
IMRAN QURESHI
ਭਾਰਤੀ ਦੂਤਾਵਾਸ ਮੁਤਾਬਕ ਸੁਡਾਨ ਵਿੱਚ 181 ਭਾਰਤੀ ਨਾਗਰਿਕ ਫਸੇ ਹੋਏ ਹਨ।

ਟਾਇਲਟ ਦਾ ਪਾਣੀ ਪੀਣ ਨੂੰ ਮਜਬੂਰ

ਕਰਨਾਟਕ ਦੇ ਨਾਗਮੰਗਲਾ ਨਾਲ ਸਬੰਧਤ ਸੰਜੂ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਉਸ ਹੋਟਲ ਵਿੱਚ ਰਹਿ ਰਹੇ ਹਾਂ ਜਿਸ ਦੇ ਕਰਮਚਾਰੀ ਸੰਘਰਸ਼ ਸ਼ੁਰੂ ਹੁੰਦਿਆਂ ਹੀ ਪੰਜ ਦਿਨ ਪਹਿਲਾਂ ਇੱਥੋਂ ਜਾ ਚੁੱਕੇ ਹਨ। ਅਸੀਂ ਬਚੇ ਹੋਏ ਬ੍ਰੈਡ ਦੇ ਟੁਕੜੇ ਅਤੇ ਟਾਇਲਟ ਦੇ ਨਲ ਦੇ ਪਾਣੀ ਸਹਾਰੇ ਜਿਉਂ ਰਹੇ ਹਾਂ। ਫ਼ਿਲਹਾਲ ਇਸ ਇੱਕ ਕਮਰੇ ਵਿੱਚ ਅਸੀਂ 10 ਲੋਕ ਰਹਿ ਰਹੇ ਹਾਂ।”

ਅੱਲ-ਫਸ਼ੀਰ ਵਿੱਚ ਫਸੇ ਪ੍ਰਭੂ ਐੱਸ ਨੇ ਕਿਹਾ, “ਇਹ ਬਹੁਤ ਭਿਆਨਕ ਹੈ। ਅਸੀਂ ਫ਼ਿਲਮਾਂ ਵਿੱਚ ਦਿਸਣ ਵਾਲੀ ਗੋਲੀਬਾਰੀ ਅਤੇ ਬੰਬਬਾਰੀ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹਾਲਾਤ ਵਿੱਚ ਫਸੇ ਹਾਂ। ਅਸੀਂ ਇੱਥੇ 31 ਲੋਕ ਹਾਂ ਅਤੇ ਕੱਲ੍ਹ ਇੱਕ ਦੁਕਾਨ ਅੱਧੇ ਘੰਟੇ ਲਈ ਖੁੱਲ੍ਹੀ ਜਿੱਥੋਂ ਸਾਨੂੰ ਥੋੜ੍ਹੇ ਚਾਵਲ ਅਤੇ ਪਾਣੀ ਮਿਲਿਆ।”

ਕਰਨਾਟਕ ਦੇ ਦਾਵਣਗੇਰੇ ਜ਼ਿਲ੍ਹੇ ਦੇ ਚੰਨਾਗਿਰੀ ਦੇ ਰਹਿਣ ਵਾਲੇ ਪ੍ਰਭੂ ਨੇ ਦੱਸਿਆ, “ਭਾਰੀ ਗੋਲੀਬਾਰੀ ਜ਼ਿਆਦਾਤਰ ਸਵੇਰ ਅਤੇ ਸ਼ਾਮ ਨੂੰ ਰਹਿੰਦੀ ਹੈ ਜੋ ਦੇਰ ਰਾਤ ਤੱਕ ਜਾਰੀ ਰਹਿੰਦੀ ਹੈ। ਤੁਲਨਾ ਵਿੱਚ ਦੁਪਹਿਰ ਕੁਝ ਹੱਦ ਤੱਕ ਸ਼ਾਂਤ ਹੁੰਦੀਂ ਹੈ।”

ਸੂਡਾਨ
IMRAN QURESHI
ਸੂਡਾਨ ਵਿੱਚ ਫਸੇ ਭਾਰਤੀ ਗੋਲੀ ਦੇ ਨਿਸ਼ਾਨ ਦਿਖਾਉਂਦੇ ਹੋਏ

ਸੰਜੂ ਨੇ ਖੇਤਰ ਵਿੱਚ ਬਿਜਲੀ ਦੀ ਕਮੀ ਬਾਰੇ ਸ਼ਿਕਾਇਤ ਕਰਦਿਆਂ ਕਿਹਾ, “ਤੁਸੀਂ ਬੈਕਗ੍ਰਾਊਂਡ ਵਿੱਚ ਫਾਇਰੰਗ ਸੁਣ ਸਕਦੇ ਹੋ। ਇਹ ਘੰਟੇ ਤੋਂ ਬਿਨ੍ਹਾਂ ਰੁਕੇ ਹੋ ਰਹੀ ਹੈ।”

ਸੰਜੂ ਕਹਿੰਦੇ ਹਨ, “ਗੁਆਂਢ ਦੇ ਪੰਜ ਮੰਜ਼ਿਲਾ ਹੋਟਲ ਵਿੱਚ 98 ਲੋਕ ਹਨ। ਸਾਡੇ ਦੂਤਾਵਾਸ ਦੇ ਅਧਿਕਰੀਆਂ ਨੇ ਸਾਨੂੰ ਸੰਪਰਕ ਕੀਤਾ ਅਤੇ ਸਾਨੂੰ ਕਿਸੇ ਵੀ ਵੇਲੇ ਬਾਹਰ ਜਾਣ ਤੋਂ ਮਨ੍ਹਾ ਕੀਤਾ ਹੈ। ਪਰ ਹੁਣ ਹੋਰ ਕਦੋਂ ਤੱਕ ਬਿਨ੍ਹਾਂ ਖਾਧੇ-ਪੀਤੇ ਇੰਤਜ਼ਾਰ ਕਰਨਾ ਹੈ।”

ਦਰਅਸਲ, ਸੰਜੂ ਅਤੇ ਉਨ੍ਹਾਂ ਦੀ ਪਤਨੀ ਨੇ 18 ਅਪ੍ਰੈਲ ਨੂੰ ਵਾਪਸ ਭਾਰਤ ਲਈ ਉਡਾਣ ਭਰਨੀ ਸੀ ਪਰ ਤਿੰਨ ਦਿਨ ਪਹਿਲਾਂ ਹੀ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਸੀ।

ਕਰਨਾਟਕ ਦੇ ਸ਼ਿਵਮੋਗਾ ਵਿੱਚ ਰਹਿਣ ਵਾਲੇ ਹਿੱਕੀ-ਪਿੱਕੀ ਜਨਜਾਤੀ ਦੇ ਪਹਿਲੇ ਇੰਜੀਨੀਅਰ ਕੁਮੁਦਾ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਕੁਝ ਥਾਂਵਾਂ ’ਤੇ ਸੁਡਾਨੀ ਗੁਆਂਢੀਆਂ ਨੇ ਸਾਡੇ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ ਹੈ।

"ਮੈਂ ਦੋ ਦਿਨ ਪਹਿਲਾਂ ਉੱਥੇ ਆਪਣੀ ਬੇਟੀ ਅਤੇ ਜਵਾਈ ਨਾਲ ਗੱਲ ਕੀਤੀ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ ਹੈ।"

ਸੁਡਾਨ
BBC

ਕੀ ਹੈ ਮਾਮਲਾ?

  • ਬੁੱਧਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 9:30 ਵਜੇ ਸੁਡਾਨ ਦੀ ਸੈਨਾ ਅਤੇ ਅਰਧ-ਸੈਨਿਕ ਬਲ ਰੈਪਿਡ ਸਪੋਰਟ ਫੋਰਸ ਵਿਚਕਾਰ 24 ਘੰਟਿਆਂ ਦੇ ਸੰਘਰਸ਼ ਵਿਰਾਮ ਦਾ ਐਲਾਨ ਕੀਤਾ ਗਿਆ ਸੀ।
  • ਖਾਤੂਰਮ ਵਿੱਚ ਲੜਾਈ ਦਾ ਇਹ ਛੇਵਾਂ ਦਿਨ ਹੈ ਅਤੇ ਹੁਣ ਤੱਕ 200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੋਕ ਸ਼ਹਿਰ ਛੱਡ ਕੇ ਪਲਾਇਨ ਕਰ ਰਹੇ ਹਨ।
  • ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਲੋਕ ਆਪਣੇ ਘਰਾਂ ਅੰਦਰ ਕੈਦ ਹਨ। ਇਨ੍ਹਾਂ ਵਿੱਚ ਕਈ ਵਿਦੇਸ਼ੀ ਨਾਗਰਿਕ ਵੀ ਹਨ।
  • ਭਾਰਤੀ ਦੂਤਾਵਾਸ ਮੁਤਾਬਕ ਸੁਡਾਨ ਵਿੱਚ 181 ਭਾਰਤੀ ਨਾਗਰਿਕ ਫਸੇ ਹੋਏ ਹਨ।
  • ਸੁਡਾਨ ਵਿੱਚ ਸੱਤਾ ਪਰਿਵਰਤਨ ਕਰਨ ਦੀ ਮੰਗ ਨੂੰ ਲੈ ਕੇ 2021 ਤੋਂ ਹੀ ਸੰਘਰਸ਼ ਚੱਲ ਰਿਹਾ ਹੈ।
  • ਮੁੱਖ ਵਿਵਾਦ ਸੈਨਾ ਅਤੇ ਅਰਧ-ਸੈਨਿਕ ਬਲ ਆਰਐੱਸਐੱਫ ਦੇ ਰਲੇਵੇਂ ਨੂੰ ਲੈ ਕੇ ਹੈ।
  • ਤਾਜ਼ਾ ਹਿੰਸਾ ਕਈ ਦਿਨਾਂ ਦੇ ਤਣਾਅ ਤੋਂ ਬਾਅਦ ਹੋਈ। ਆਰਐੱਸਐੱਫ ਦੇ ਜਵਾਨਾਂ ਨੂੰ ਖਤਰਾ ਮੰਨਦਿਆਂ ਸੈਨਾ ਨੇ ਪਿਛਲੇ ਹਫ਼ਤੇ ਇਨ੍ਹਾਂ ਦੀ ਤੈਨਾਤੀ ਲਈ ਨਵੀਂ ਵਿਵਸਥਾ ਸ਼ੁਰੂ ਕੀਤੀ।
  • ਅਕਤੂਬਰ 2021 ਵਿੱਚ ਨਾਗਰਿਕਾਂ ਅਤੇ ਸੈਨਾ ਦੀ ਸੰਯੁਕਤ ਸਰਕਾਰ ਦੇ ਤਖਤਾਪਲਟ ਦੇ ਬਾਅਦ ਤੋਂ ਹੀ ਸੈਨਾ ਅਤੇ ਅਰਧ-ਸੈਨਿਕ ਬਲ ਆਹਮਣੇ-ਸਾਹਮਣੇ ਹਨ।
  • ਸੁਡਾਨ ਦੀ ਹਵਾਈ ਸੈਨਾ ਨੇ 60 ਲੱਖ ਤੋਂ ਵੱਧ ਅਬਾਦੀ ਵਾਲੇ ਖਾਤੂਰਮ ਵਿੱਚ ਹਵਾਈ ਹਮਲੇ ਕੀਤੇ ਹਨ, ਜਿਨ੍ਹਾਂ ਵਿੱਚ ਨਾਗਰਿਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ।
ਸੁਡਾਨ
BBC

ਹੱਕੀ-ਪਿੱਕੀ ਜਾਤੀ

ਕਰਨਾਟਕ ਵਿੱਚ ਹੱਕੀ-ਪਿੱਕੀ ਜਾਤ ਦੇ ਜ਼ਿਆਦਾਤਰ ਲੋਕ ਆਪਣੇ ਹਰਬਲ ਅਤੇ ਆਯੂਰਵੈਦਿਕ ਅਰਕ ਨੂੰ ਉੱਥੇ ਦੇ ਲੋਕਾਂ ਨੂੰ ਵੇਚਣ ਲਈ ਸੁਡਾਨ ਜਾਂਦੇ ਹਨ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਪਾਊਡਰ ਨੂੰ ਗੈਸਟ੍ਰਿਕ ਸਮੱਸਿਆਵਾਂ ਜਾਂ ਸਿਰਦਰਦ ਠੀਕ ਕਰਨ ਲਈ ਉਪਯੋਗ ਵਿੱਚ ਲਿਆਇਆ ਜਾਂਦਾ ਹੈ। ਉਹ ਬਾਲਾਂ ਲਈ ਤੇਲ ਵੀ ਵੇਚਦੇ ਹਨ ਜੋ ਵਾਲਾਂ ਨੂੰ ਝਡ਼ਨੋਂ ਰੋਕਦਾ ਹੈ।

ਪ੍ਰਭੂ ਨੇ ਦੱਸਿਆ, “ਅਸੀਂ ਇਨ੍ਹਾਂ ਤੇਲਾਂ ਅਤੇ ਅਰਕਾਂ ਦਾ ਇਸਤੇਮਾਲ ਮਾਲਿਸ਼ ਲਈ ਵੀ ਕਰਦੇ ਹਾਂ।”

ਪ੍ਰਭੂ ਨੇ ਆਪਣੇ ਉਤਪਾਦਾਂ ਨੂੰ ਵੇਚਣ ਲਈ ਭਾਰਤ ਦੇ ਵੱਖ-ਵੱਖ ਰਾਜਾਂ ਦੀ ਵੀ ਦੌਰਾ ਕੀਤਾ ਹੈ। ਉਨ੍ਹਾਂ ਦਾ ਸਮਾਨ ਵੱਡੇ ਪੱਧਰ ’ਤੇ ਜੜੀ-ਬੂਟੀਆਂ ’ਤੇ ਅਧਾਰਿਤ ਹੈ।

ਸ਼ਿਵਮੋਗਾ ਦੇ ਕੋਲ ਹੱਕੀ ਪਿੱਕੀ ਸ਼ਿਵਰ ਵਿੱਚ ਇੱਕ 33 ਸਾਲਾ ਸਕੂਲ ਅਧਿਆਪਕ ਰਘੂਵੀਰ ਕਹਿੰਦੇ ਹਨ, ਉਹ ਉੱਥੋਂ ਕਰੀਬ ਪੰਜ ਤੋਂ ਛੇ ਮਹੀਨੇ ਰਹਿੰਦੇ ਹਨ ਅਤੇ ਕੁਝ ਪੈਸੇ ਕਮਾ ਕੇ ਵਾਪਸ ਪਰਤ ਜਾਂਦੇ ਹਨ।

ਸੁਡਾਨ
Getty Images
ਇਨ੍ਹਾਂ ਲੋਕਾਂ ਨੂੰ ਭਾਰਤੀ ਦੂਤਾਵਾਸ ਨੇ ਕਿਸੇ ਵੀ ਸਮੇਂ ਇਮਾਰਤ ਤੋਂ ਬਾਹਰ ਨਿਕਲਣ ਤੋਂ ਮਨ੍ਹਾ ਕਰ ਦਿੱਤਾ ਹੈ।

ਉਨ੍ਹਾਂ ਨੇ ਅੱਗੇ ਕਿਹਾ, “ਉਨ੍ਹਾਂ ਦੀ ਭੈਣ ਅਤੇ ਜੀਜਾ ਪੰਜ ਮਹੀਨੇ ਪਹਿਲਾਂ ਕਰੀਬ ਪੰਜ ਲੱਖ ਰੁਪਏ ਦਾ ਕਰਜ਼ ਲੈ ਕੇ ਪੰਜ ਰਿਸ਼ਤੇਦਾਰਾਂ ਦੇ ਨਾਲ ਚਲੇ ਗਏ। ਉਹ ਆਪਣੇ ਬੱਚੇ ਨੂੰ ਆਪਣੀ ਸੱਸ ਕੋਲ ਛੱਡ ਗਈ ਹੈ। ਮੈਂ ਉਸ ਨਾਲ ਕਰੀਬ ਦੱਸ ਦਿਨ ਪਹਿਲਾਂ ਗੱਲ ਕੀਤੀ ਸੀ ਜਦੋਂ ਉਸ ਦਾ ਪੈਰ ਟੁੱਟ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨਾਲ ਗੱਲ ਕਰਨਾ ਨਾ-ਮੁਮਕਿਨ ਹੋ ਗਿਆ ਹੈ।”

ਮੈਸੂਰ ਯੂਨੀਵਰਸਿਟੀ ਦੇ ਸੈਂਟਰ ਫਾਰ ਸਟੱਡੀ ਆਫ ਸੋਸ਼ਲ ਐਕਸਕਲਿਊਜ਼ਨ ਐਂਡ ਇਨਕਲਿਊਸਿਵ ਪਾਲਿਸੀ ਦੇ ਉਪ-ਨਿਰਦੇਸ਼ਕ ਡਾਕਟਰ ਡੀਸੀ ਨਨਜੁੰਦਾ ਨੇ ਬੀਬੀਸੀ ਹਿੰਦੀ ਨੂੰ ਕਿਹਾ, “ਮਹਿਲਾਵਾਂ ਵੀ ਆਪਣੇ ਪਤੀਆਂ ਦੀ ਤੇਲ ਬਣਾਉਣ ਵਿੱਚ ਮਦਦ ਕਰਦੀਆਂ ਹਨ। ਉਹ ਉਨ੍ਹਾਂ ਲੋਕਾਂ ਦੀ ਮਾਲਿਸ਼ ਕਰਨ ਵਿੱਚ ਵੀ ਮਦਦ ਕਰਦੀਆਂ ਹਨ ਜੋ ਕਿਸੇ ਬਿਮਾਰੀ ਤੋਂ ਪੀੜਤ ਹਨ ਜਿਨ੍ਹਾਂ ਲਈ ਇਨ੍ਹਾਂ ਤੇਲਾਂ ਦੀ ਵਰਤੋਂ ਕੀਤੀ ਜਾਂਦੀ ਹੈ।”

ਹੱਕੀ-ਪਿੱਕੀ ਇੱਕ ਖਾਨਾਬਦੋਸ਼ ਜਨਜਾਤੀ ਹੈ, ਜਿਸ ਦੀ ਅਬਾਦੀ 2011 ਵਦੀ ਰਿਪੋਰਟ ਵਿੱਚ 11,892 ਹੈ। ਇਹ ਕਰਨਾਟਕ ਅਤੇ ਮਹਾਰਾਸ਼ਟਰ ਜਿਹੇ ਗੁਆਂਢੀ ਸੂਬਿਆਂ ਦੇ ਕੁਝ ਜ਼ਿਲ੍ਹਿਆਂ ਵਿੱਚ ਫੈਲੇ ਹੋਏ ਹਨ।

ਹੱਕੀ-ਪਿੱਕੀ ਦਾ ਸ਼ਾਬਦਿਕ ਅਰਥ ਹੈ-ਪੰਛੀ ਸ਼ਿਕਾਰੀ ਜਾਂ ਚਿੜੀਮਾਰ।

ਪਰ 1970 ਦੇ ਦਹਾਕੇ ਵਿੱਚ ਪੰਛੀ ਸ਼ਿਕਾਰ ਦੇ ਉਨ੍ਹਾਂ ਦੇ ਵਪਾਰ ’ਤੇ ਰੋਕ ਲੱਗਣ ਤੋਂ ਬਾਅਦ ਉਨ੍ਹਾਂ ਦੀ ਜਾਤੀ ਦੇ ਮੈਂਬਰ ਪੌਦਿਆਂ ਤੋਂ ਹਰਬਲ ਉਤਪਾਦ ਬਣਾਉਂਦੇ ਹਨ ਜਿਸ ਨੂੰ ਉਹ ਭਾਰਤ ਅਤੇ ਵਿਦੇਸ਼ਾਂ ਵਿੱਚ ਵੇਚਦੇ ਹਨ।

ਬੱਸ ਇੰਤਜ਼ਾਰ ਕਰ ਰਹੇ ਹਾਂ

ਡਾਕਟਰ ਨਨਜੁੰਦਾ ਕਹਿੰਦੇ ਹਨ, “ਉਹ ਆਪਣੇ ਉਤਪਾਦਾਂ ਦੇ ਨਾਲ ਜ਼ਿਆਦਾਤਰ ਸਿੰਗਾਪੁਰ ਅਤੇ ਮਲੇਸ਼ੀਆ ਜਾਂਦੇ ਹਨ। ਤੁਹਾਨੂੰ ਹੈਰਾਨੀ ਹੋਏਗੀ ਕਿ ਸਾਡੇ ਅਧਿਐਨ ਦੌਰਾਨ ਅਸੀਂ ਦੇਖਿਆ ਕਿ ਇਸ ਭਾਈਚਾਰੇ ਦੇ ਸਾਰੇ ਮੈਂਬਰਾਂ ਕੋਲ ਪਾਸਪੋਰਟ ਹਨ ਅਤੇ ਉਹ ਜ਼ਿਆਦਾਤਰ ਆਪਣੇ ਪਰਿਵਾਰਾਂ ਦੇ ਨਾਲ ਯਾਤਰਾ ਕਰਦੇ ਹਨ। ਉਹ ਬਾਗੜੀ ਨਾਮ ਦੀ ਇੱਕ ਬੋਲੀ ਬੋਲਦੇ ਹਨ ਜਿਸ ਵਿੱਚ ਤੁਹਾਨੂੰ ਗੁਜਰਾਤੀ ਦੇ ਕੁਝ ਅੰਸ਼ ਮਿਲਣਗੇ।”

ਸੰਜੂ ਨੇ ਕਿਹਾ, “ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਸਾਨੂੰ ਸੰਪਰਕ ਕੀਤਾ ਅਤੇ ਸਾਨੂੰ ਕਿਸੇ ਵੀ ਸਮੇਂ ਇਮਾਰਤ ਤੋਂ ਬਾਹਰ ਨਾ ਨਿਕਲਣ ਲਈ ਕਿਹਾ ਹੈ। ਅਸੀਂ ਬੱਸ ਇੰਤਜ਼ਾਰ ਕਰ ਰਹੇ ਹਾਂ।”

ਪ੍ਰਭੂ ਨੇ ਕਿਹਾ ਕਿ ਕਰਨਾਟਕ ਰਾਜ ਆਪਦਾ ਪ੍ਰਬੰਧਨ ਨੇ ਵੀ ਉਨ੍ਹਾਂ ਨੂੰ ਘਰ ਦੇ ਅੰਦਰ ਰਹਿਣ ਲਈ ਕਿਹਾ ਹੈ। ਦੂਤਾਵਾਸ ਦੇ ਕਿਸੇ ਵੀ ਅਧਿਕਾਰੀ ਨੇ ਹੁਣ ਤੱਕ ਅਲ ਸ਼ੀਰ ਵਿੱਚ ਰਹਿਣ ਵਾਲਿਆਂ ਨਾਲ ਸੰਪਰਕ ਨਹੀਂ ਕੀਤਾ ਹੈ।

ਸੁਡਾਨ
Twitter

ਕਾਂਗਰਸ ਨੇਤਾ ਸਿਧਰਮਯਾ ਨੇ ਪ੍ਰਧਾਨਮੰਤਰੀ ਦਫ਼ਤਰ, ਗ੍ਰਹਿ ਮੰਤਰੀ, ਵਿਦੇਸ਼ ਮੰਤਰਲੇ ਅਤੇ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਮਾਮਲੇ ਵਿੱਚ ਤੁਰੰਤ ਦਖਲ ਦੇਣ ਅਤੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਸੁਨਿਸ਼ਚਿਤ ਕਰਨ ਦੀ ਬੇਨਤੀ ਕਰਦਿਆਂ ਟਵੀਟ ਕੀਤਾ ਹੈ।

ਟਵੀਟ ’ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ, “ਤੁਹਾਡੇ ਟਵੀਟ ਤੋਂ ਹੈਰਾਨ ਹਾਂ। ਸਭ ਕੁਝ ਦਾਅ ’ਤੇ ਹੈ। ਸਿਆਸਤ ਨਾ ਕਰੋ। 14 ਅਪ੍ਰੈਲ ਨੂੰ ਲੜਾਈ ਸ਼ੁਰੂ ਹੋਣ ਬਾਅਦ ਤੋਂ ਖਾਤੂਰਮ ਵਿੱਚ ਭਾਰਤੀ ਦੂਤਾਵਾਸ ਸੁਡਾਨ ਵਿੱਚ ਜ਼ਿਆਦਾਤਾਰ ਭਾਰਤੀ ਨਾਗਰਿਕਾਂ ਅਤੇ ਪੀਆਈਓ ਦੇ ਨਾਲ ਲਗਾਤਾਰ ਸੰਪਰਕ ਵਿੱਚ ਹੈ।”

ਇਸ ’ਤੇ ਸਿਧਰਮਯਾ ਨੇ ਪਲਟਵਾਰ ਕਰਦਿਆਂ ਕਿਹਾ, “ਕਿਉਂਕਿ ਤੁਸੀਂ ਵਿਦੇਸ਼ ਮੰਤਰੀ ਹੋ। ਇਸ ਲਈ ਮੈਂ ਤੁਹਾਡੇ ਤੋਂ ਮਦਦ ਦੀ ਅਪੀਲ ਕੀਤੀ ਹੈ। ਜੇ ਤੁਸੀਂ ਹੈਰਾਨ ਹੋਣ ਵਿੱਚ ਰੁੱਝੇ ਹੋ ਤਾਂ ਕ੍ਰਿਪਾ ਸਾਨੂੰ ਉਸ ਵਿਅਕਤੀ ਵੱਲ ਇਸ਼ਾਰਾ ਕਰੋ ਜੋ ਸਾਡੇ ਲੋਕਾਂ ਨੂੰ ਵਾਪਸ ਲਿਆਉਣ ਵਿੱਚ ਮਦਦ ਕਰ ਸਕਦਾ ਹੈ।”

ਸੁਡਾਨ
AFP

ਸੁਡਾਨ ਵਿੱਚ ਕੀ ਹੋ ਰਿਹਾ ਹੈ?

ਸੁਡਾਨ ਦੀ ਰਾਜਧਾਨੀ ਅਤੇ ਦੇਸ਼ ਦੇ ਹੋਰ ਇਲਾਕਿਆਂ ਵਿੱਚ ਸ਼ੁਰੂ ਹੋਇਆ ਤਾਜ਼ਾ ਸੰਘਰਸ਼, ਸੈਨਾ ਅਤੇ ਉੱਥੋਂ ਦੇ ਅਰਧ-ਸੈਨਿਕ ਬਲਾਂ ਵਿਚਕਾਰ ਸ਼ਕਤੀ ਸੰਘਰਸ਼ ਦਾ ਨਤੀਜਾ ਹੈ।

ਦੋਹਾਂ ਪੱਖਾਂ ਨੇ ਸੁਡਾਨ ਦੀ ਰਾਜਧਾਨੀ ਖਾਤੂਰਮ ਦੇ ਵੱਖ-ਵੱਖ ਹਿੱਸਿਆਂ ’ਤੇ ਕਬਜ਼ੇ ਦਾ ਦਾਅਵਾ ਕੀਤਾ ਹੈ।

ਇਹ ਸੰਘਰਸ਼ 2021 ਤੋਂ ਹੀ ਚੱਲ ਰਿਹਾ ਹੈ। ਤਾਜ਼ਾ ਹਿੰਸਾ ਕਈ ਦਿਨਾਂ ਦੇ ਤਣਾਅ ਤੋਂ ਬਾਅਦ ਹੋਈ। ਆਰਐੱਸਐੱਫ ਦੇ ਜਵਾਨਾਂ ਨੂੰ ਆਪਣੇ ਲਈ ਖਤਰਾ ਮੰਨਦਿਆਂ ਸੈਨਾ ਨੇ ਪਿਛਲੇ ਹਫ਼ਤੇ ਇਨ੍ਹਾਂ ਦੀ ਤੈਨਾਤੀ ਨੂੰ ਬਦਲਦਿਆਂ ਨਵਾਂ ਸਿਸਟਮ ਸ਼ੁਰੂ ਕੀਤਾ ਸੀ।

ਇਸ ਨੂੰ ਲੈ ਕੇ ਆਰਐੱਸਐੱਫ ਦੇ ਜਵਾਨਾਂ ਵਿੱਚ ਨਾਰਾਜ਼ਗੀ ਸੀ। ਗੱਲਬਾਤ ਨਾਲ ਸਮੱਸਿਆ ਦੇ ਹੱਲ ਦੀ ਉਮੀਦ ਸੀ, ਪਰ ਅਜਿਹਾ ਨਹੀਂ ਹੋਇਆ।

ਅਕਤੂਬਰ 2021 ਵਿੱਚ ਨਾਗਰਿਕਾਂ ਅਤੇ ਸੈਨਾ ਦੀ ਸੰਯੁਕਤ ਸਰਕਾਰ ਦੇ ਤਖਤਾਪਲਟ ਦੇ ਬਾਅਦ ਤੋਂ ਹੀ ਸੈਨਾ ਅਤੇ ਅਰਧ-ਸੈਨਿਕ ਬਲ ਆਹਮੋ-ਸਾਹਮਣੇ ਹਨ।

ਫ਼ਿਲਹਾਲ ਸੌਵਰਨ ਕਾਊਂਸਲ ਦੇ ਜ਼ਰੀਏ ਦੇਸ਼ ਨੂੰ ਸੈਨਾ ਅਤੇ ਆਰਐਸਐਫ ਚਲਾ ਰਹੇ ਹਨ। ਪਰ ਸਰਕਾਰ ਦੀ ਅਸਲੀ ਕਮਾਨ ਸੈਨਾ ਪ੍ਰਮੁਖ ਜਨਰਲ ਅਬਦੇਲ ਫ਼ਤਿਹ ਅਲ ਬੁਰਹਾਨ ਦੇ ਹੱਥਾਂ ਵਿੱਚ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)



Related News