''''ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!'''' ਵਾਲਾ ਕਵੀ ਸੰਤ ਰਾਮ ਉਦਾਸੀ ਕੌਣ ਸੀ
Thursday, Apr 20, 2023 - 08:02 AM (IST)


ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ,
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ,
ਅੱਖਾਂ ਸੁੰਨੀਆਂ, ਤੇ ਦੰਦ ਤਰੇੜੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!
ਇਸ ਤਰ੍ਹਾਂ ਦੇ ਗੀਤਾਂ ਰਾਹੀਂ ਕਿਰਤੀਆਂ ਦੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਸਰਲ ਭਾਸ਼ਾ ਵਿੱਚ ਪੇਸ਼ ਕਰ ਕੇ ਜੀਵਨ ਹਾਲਤ ਬਦਲਣ ਲਈ ਸੰਘਰਸ਼ਾਂ ਦਾ ਹੋਕਾ ਜੇਕਰ ਕਿਸੇ ਨੇ ਦਿੱਤਾ ਹੈ ਤਾਂ ਉਹ ਹੈ ਲੋਕ ਕਵੀ ਸੰਤ ਰਾਮ ਉਦਾਸੀ।
ਕਿਰਤੀਆਂ ਦੀ ਜ਼ਿੰਦਗੀ ਬਾਰੇ ਕਹਾਣੀਆਂ, ਲੇਖ, ਨਾਵਲ ਤਾਂ ਬਹੁਤ ਲਿਖੇ ਗਏ ਪਰ ਜਿਸ ਤਰ੍ਹਾਂ ਸੰਤ ਰਾਮ ਉਦਾਸੀ ਨੇ ਆਪਣੇ ਗੀਤਾਂ/ਕਵਿਤਾਵਾਂ ਰਾਹੀਂ ਚੇਤਨਾ ਪੈਦਾ ਕੀਤੀ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ।
ਇਨਕਲਾਬੀ ਗੀਤਾਂ ਦੇ ਰਚਨਹਾਰ ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿਖੇ ਇੱਕ ਗਰੀਬ ਦਲਿਤ ਪਰਿਵਾਰ ਵਿੱਚ ਹੋਇਆ। ਆਰਥਿਕ ਤੰਗੀ ਦੇ ਬਾਵਜੂਦ ਸੰਤ ਰਾਮ ਉਦਾਸੀ ਅਧਿਆਪਕ ਬਣੇ ਤੇ ਸਕੂਲ ''''ਚ ਪੜ੍ਹਾਇਆ।

ਸਾਹਿਤ ਦੀ ਆਦਤ ਵਿਰਾਸਤ ਵਿੱਚ
ਰਾਏਸਰ ਬਰਨਾਲਾ ਇਲਾਕੇ ਦਾ ਬਹੁਤ ਹੀ ਪੁਰਾਣਾ ਪਿੰਡ ਹੈ ਜਿਸ ਦੀ ਪਿਛਲੇ ਸਮਿਆਂ ਵਿੱਚ ਚਰਚਾ ਇਸ ਕਰਕੇ ਹੁੰਦੀ ਸੀ ਕਿ ਇਸ ਪਿੰਡ ਇੱਕ ਹਿੱਸਾ ਪਟਿਆਲਾ ਰਿਆਸਤ ਵਿੱਚ ਪੈਂਦਾ ਸੀ ਤੇ ਦੂਜਾ ਹਿੱਸਾ ਅੰਗਰੇਜ਼ੀ ਰਾਜ ਅਧੀਨ ਆਉਂਦਾ ਸੀ।
ਪਰ ਪਿਛਲੇ ਕਈ ਦਹਾਕਿਆਂ ਤੋਂ ਪਿੰਡ ਰਾਏਸਰ ਦੀ ਪਛਾਣ ਸੰਤ ਰਾਮ ਉਦਾਸੀ ਦੇ ਪਿੰਡ ਕਰਕੇ ਬਣੀ ਹੋਈ ਹੈ। ਪਿੰਡ ਦੇ ਸਕੂਲ, ਬੱਸ ਸਟੈਂਡ, ਸਟੇਡੀਅਮ, ਸੜਕ ਦਾ ਨਾਮ ਸੰਤ ਰਾਮ ਉਦਾਸੀ ਦੇ ਨਾਮ ''''ਤੇ ਰੱਖਿਆ ਹੋਇਆ ਹੈ।
ਉਦਾਸੀ ਦੇ ਪਿਤਾ ਮੇਹਰ ਸਿੰਘ ਅਤੇ ਮਾਤਾ ਧੰਨ ਕੌਰ ਨੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਅੱਠ ਬੱਚਿਆਂ ਦਾ ਪਾਲਣ-ਪੋਸ਼ਨ ਕੀਤਾ।
ਸੰਤ ਰਾਮ ਉਦਾਸੀ ਨੂੰ ਸਾਹਿਤ ਪੜ੍ਹਣ-ਲਿਖਣ ਦੀ ਆਦਤ ਤਾਂ ਆਪਣੇ ਪਰਿਵਾਰ ਤੋਂ ਵਿਰਾਸਤ ਵਿੱਚ ਹੀ ਮਿਲੀ ਸੀ ਕਿਉਂਕਿ ਨਾਮਧਾਰੀ (ਕੂਕਾ) ਲਹਿਰ ਦੇ ਉਭਾਰ ਸਮੇਂ ਉਦਾਸੀ ਦੇ ਪੁਰਖੇ ਇਸ ਲਹਿਰ ਨਾਲ ਜੁੜ ਗਏ ਸਨ।
ਪਰਿਵਾਰ ''''ਤੇ ਉਸ ਸਮੇਂ ਦੀ ਇਸ ਅਗਾਂਹ ਵਧੂ ਲਹਿਰ ਦਾ ਪ੍ਰਭਾਵ ਹੀ ਸੀ ਜਿਸ ਕਾਰਨ ਪਰਿਵਾਰ ਨੇ ਮਾੜੀਆਂ ਜੀਵਨ ਹਾਲਤਾਂ ਵਿੱਚ ਵੀ ਉਦਾਸੀ ਨੂੰ ਪੜ੍ਹਾਇਆ ਤੇ ਜੇਬੀਟੀ ਕਰਵਾਈ।
ਸੰਤ ਰਾਮ ਉਦਾਸੀ ਚੜ੍ਹਦੀ ਜਵਾਨੀ ਵਿੱਚ ਹੀ ਕਮਿਊਨਿਸਟ ਪਾਰਟੀ ਨਾਲ ਜੁੜ ਗਏ ਸਨ ਤੇ ਜਦ ਪੱਛਮੀ ਬੰਗਾਲ ਤੋਂ ਨਕਸਲਵਾੜੀ ਲਹਿਰ ਦਾ ਉਭਾਰ ਸ਼ੁਰੂ ਹੋਇਆ ਤਾਂ ਸੰਤ ਰਾਮ ਉਦਾਸੀ ਪੰਜਾਬ ਵਿੱਚ ਇਸ ਲਹਿਰ ਦਾ ਅਹਿਮ ਅੰਗ ਬਣ ਗਏ।
1970ਵਿਆਂ ਵਿੱਚ ਸੰਤ ਰਾਮ ਉਦਾਸੀ ਦੇ ਗੀਤਾਂ, ਕਵਿਤਾਵਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਕਸਲਵਾੜੀ ਲਹਿਰ ਵੱਲ ਖਿੱਚਿਆ। ਉਸ ਸਮੇਂ ਸਕੂਲਾਂ, ਕਾਲਜਾਂ ਤੇ ਵਿਦਿਆਰਥੀ ਯੂਨੀਅਨਾਂ ਦੀਆਂ ਸਟੇਜ਼ਾਂ ''''ਤੇ ਸੰਤ ਰਾਮ ਉਦਾਸੀ ਦੇ ਗੀਤਾਂ ਨੇ ਧੰਮ ਮਚਾਈ ਹੋਈ ਸੀ।
ਲੋਕ ਕਵੀ ਸੰਤ ਰਾਮ ਉਦਾਸੀ ਨੇ ਆਪਣੀ ਕਲਮ ਨੂੰ ਹਥਿਆਰ ਵਾਂਗ ਵਰਤਿਆ। ਉਨ੍ਹਾਂ ਨੇ ਹਕੂਮਤੀ ਜ਼ਬਰ ਖ਼ਿਲਾਫ਼ ਖੁੱਲ੍ਹ ਕੇ ਲਿਖਿਆ-
‘ਹਾੜੀਆਂ ਦੇ ਹਾਣੀਓ ਵੇ ਸੌਣੀਆਂ ਦੇ ਸਾਥੀਓ ਵੇ,
ਕਰ ਲਵੇ ਦਾਤੀਆਂ ਤਿਆਰ।
ਚੁੱਕੋ ਵੇ ਹਥੌੜਿਆਂ ਨੂੰ, ਤੋੜੋ ਹਿੱਕ ਪੱਥਰਾਂ ਦੀ,
ਅੱਜ ਸਾਨੂੰ ਲੋੜੀਂਦੇ ਅੰਗਾਰ’।


ਸੰਤ ਰਾਮ ਉਦਾਸੀ ਬਾਰੇ ਖਾਸ ਜਾਣਕਾਰੀ :
- ਸੰਤ ਰਾਮ ਉਦਾਸੀ ਦਾ ਜਨਮ 20 ਅਪਰੈਲ 1939 ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿਖੇ ਹੋਇਆ
- ਸੰਤ ਰਾਮ ਉਦਾਸੀ ਨੇ 1961 ਵਿੱਚ ਸਰਕਾਰੀ ਸਕੂਲ ''''ਚ ਅਧਿਆਪਕ ਵਜੋਂ ਪੜ੍ਹਾਉਣਾ ਸ਼ੁਰੂ ਕੀਤਾ।
- ਸੰਤ ਰਾਮ ਉਦਾਸੀ ਦਾ ਪਰਿਵਾਰ ਕੂਕਾ ਲਹਿਰ ਦੇ ਪ੍ਰਭਾਵ ਵਿੱਚ ਸੀ ਜਿਸਦਾ ਉਦਾਸੀ ''''ਤੇ ਪ੍ਰਭਾਵ ਨਜ਼ਰ ਆਇਆ।
- ਸੰਤ ਰਾਮ ਉਦਾਸੀ ਪੱਛਮੀ ਬੰਗਾਲ ਤੋਂ ਉੱਠੀ ਨਕਸਲਵਾੜੀ ਲਹਿਰ ਨਾਲ ਜੁੜਿਆ ਹੋਇਆ ਸੀ।
- ਉਦਾਸੀ ਨੇ ਜਿਨ੍ਹਾਂ ਵੀ ਲਿਖਿਆ ਸਥਾਪਤੀ ਦੇ ਖਿਲਾਫ ਤੇ ਲੋਕ ਲਹਿਰ ਦੇ ਪੱਖ ਵਿੱਚ ਲਿਖਿਆ ਇਸੇ ਕਰਕੇ ਸਰਕਾਰਾਂ ਲਈ ਉਦਾਸੀ ਦੇ ਗੀਤ ਸਮੱਸਿਆ ਬਣਦੇ ਰਹੇ।
- ਉਦਾਸੀ ਨੂੰ ਕਈ ਵਾਰ ਪੁਲਿਸ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਕਈ ਵਾਰ ਜੇਲ੍ਹ ਗਏ।
- ਉਦਾਸੀ ਦੀ ਪਤਨੀ ਨਸੀਬ ਕੌਰ ਇਸ ਸਮੇਂ ਬਿਰਧ ਅਵਸਥਾ ਵਿੱਚ ਜੀਵਨ ਬਸਰ ਕਰ ਰਹੇ ਹਨ।
- ਲੋਕ ਕਵੀ ਉਦਾਸੀ ਦੀ ਮੌਤ 6 ਨਵੰਬਰ 1986 ਨੂੰ ਨਾਦੇੜ ਤੋਂ ਆਉਂਦਿਆ ਰੇਲ ਗੱਡੀ ਵਿੱਚ ਹੋਈ।
- ਉਦਾਸੀ ਦੇ ਗੀਤ ਅੱਜ ਵੀ ਕਿਸਾਨ, ਮਜ਼ਦੂਰ ਸੰਘਰਸ਼ਾਂ ਵਿੱਚ ਉਤਸ਼ਾਹ ਪੈਦਾ ਕਰਨ ਲਈ ਗਾਏ ਜਾਂਦੇ ਹਨ।
- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਟੇਜ਼ਾਂ ਤੋਂ ਅਕਸਰ ਉਦਾਸੀ ਦੀਆਂ ਕਵਿਤਾਵਾਂ ਬੋਲਦੇ ਰਹਿੰਦੇ ਹਨ।

ਲੋਕ ਕਵੀ ਉਦਾਸੀ ਦੇ ਗੀਤਾਂ/ਕਵਿਤਾਵਾਂ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਇਹ ਬਿਲਕੁੱਲ ਸਰਲ ਤੇ ਸੌਖੀ ਭਾਸ਼ਾ ਵਿੱਚ ਲਿਖੇ ਗਏ ਹਨ।
ਜਦ ਸਰਕਾਰ ਨੇ ਨਕਸਲਵਾੜੀ ਲਹਿਰ ਨੂੰ ਦਬਾਉਣ ਲਈ ਤਸ਼ੱਦਦ ਕੀਤਾ ਤੇ ਇਸ ਦੇ ਕਾਰਕੁਨਾਂ ਨੂੰ ਕਥਿਤ ਪੁਲਿਸ ਮੁਕਾਬਲਿਆਂ ''''ਚ ਮਾਰਿਆ ਜਾਣ ਲੱਗਿਆ ਤਾਂ ਸੰਤ ਰਾਮ ਉਦਾਸੀ ਨੇ ਪੁਲਿਸ ਜ਼ਬਰ ਖ਼ਿਲਾਫ਼ ਹਿੱਕ ਠੋਕ ਕੇ ਕਵਿਤਾਵਾਂ ਲਿਖੀਆਂ ਸਨ।
ਇਸੇ ਕਰਕੇ ਪੁਲਿਸ ਨੇ ਜਨਵਰੀ 1971 ਵਿੱਚ ਉਦਾਸੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ''''ਤੇ ਬੇਤਹਾਸ਼ਾ ਤਸ਼ੱਦਦ ਕੀਤਾ। ਉਦਾਸੀ ਨੂੰ ਐਮਰਜੈਂਸੀ ਦੌਰਾਨ ਜੇਲ੍ਹ ਵਿੱਚ ਬੰਦ ਕੀਤਾ ਗਿਆ ਤਾਂ ਉਨ੍ਹਾਂ ਨੇ ਜੇਲ੍ਹ ਵਿੱਚ ਬੈਠਿਆਂ ਵੀ ਕਵਿਤਾ ਲਿਖਣੀ ਜਾਰੀ ਰੱਖੀ।
ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏ,
ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ।
ਗੂਠਾ ਲਾਇਆ ਨਹੀ ਜਿਨ੍ਹਾਂ ਬੇਦਾਵਿਆਂ ''''ਤੇ,
ਸਿੰਘ ਅਜੇ ਵੀ ਲੱਖ ਹਜ਼ਾਰ ਜਿੳਂਦੇ।

ਉਦਾਸੀ ਮਜ਼ਦੂਰਾਂ, ਕਿਸਾਨਾਂ ਦਾ ਕਵੀ
ਉਨ੍ਹਾਂ ਦੀ ਕਵਿਤਾ ਜੋਸ਼ ਭਰਦੀ ਹੈ ਤੇ ਹੱਕ ਸੱਚ ''''ਤੇ ਖੜ੍ਹ ਕੇ ਸੰਘਰਸ਼ ਕਰਨ ਦੀ ਪ੍ਰੇਰਣਾ ਦਿੰਦੀ ਹੈ।
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਸਮੇਂ ਉਦਾਸੀ ਦੀ ਇਹ ਕਵਿਤਾ ਬਹੁਤ ਜ਼ਿਆਦਾ ਮਕਬੂਲ ਹੋਈ।
ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ, ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ।
ਝੋਰਾ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।
ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ, ਅਸੀ ਉਠਾਂਗੇ ਚੰਡੀ ਦੀ ਵਾਰ ਬਣ ਕੇ।
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਗੇ ਖੰਡੇ ਦੀ ਧਾਰ ਬਣ ਕੇ।
ਉਦਾਸੀ ਨੂੰ ਚਾਹੁਣ ਵਾਲਿਆਂ ਕਈ ਵਾਰ ਵਿਦੇਸ਼ਾਂ ਵਿੱਚ ਸੱਦ ਕੇ ਉਨ੍ਹਾਂ ਦੀ ਕਵਿਤਾ ਦਾ ਨਿੱਘ ਮਾਣਿਆ।

ਸੰਤ ਰਾਮ ਉਦਾਸੀ ਦੀ ਕਵਿਤਾ ਦਾ ਅਹਿਮ ਪਹਿਲੂ ਇਹ ਵੀ ਹੈ ਕਿ ਉਹ ਸਮਝੌਤਾਵਾਦੀ ਨਹੀਂ ਸਨ ਬਲਕਿ ਉਹ ਜਿਹੜੀ ਗੱਲ ਕਹਿੰਦੇ ਸਨ ਉਹ ਡੰਕੇ ਦੀ ਚੋਟ ''''ਤੇ ਠੋਕ ਵਜਾ ਕੇ ਕਹਿੰਦੇ ਸਨ।
ਸੰਤ ਰਾਮ ਉਦਾਸੀ ਨੇ ਕਿਸਾਨ, ਮਜ਼ਦੂਰ ਦੇ ਦਰਦ ਅਤੇ ਸਾਂਝ ਨੂੰ ਹੱਡੀ-ਹੰਢਾਇਆ ਸੀ ਇਸੇ ਕਰਕੇ ਉਹ ਕਿਸਾਨ ਤੇ ਮਜ਼ਦੂਰ ਦੀ ਸਾਂਝੀ ਵਿਥਿਆ ਦੇ ਨਾ ਕਵਿਤਾ ਵਿੱਚ ਲਿਖਦੇ ਹਨ ਕਿ -
‘ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲਾਂ ਵਿੱਚੋਂ ਨੀਰ ਵਗਿਆ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ।
ਸੰਤ ਰਾਮ ਉਦਾਸੀ ਦੀ ਸਾਦਗੀ ਭਰੀ ਜ਼ਿੰਦਗੀ
ਸੰਤ ਰਾਮ ਉਦਾਸੀ ਨੇ ਆਪਣੀ ਜ਼ਿੰਦਗੀ ਨੂੰ ਬੜੀ ਸਾਦਗੀ ਨਾਲ ਜੀਵਿਆ। ਉਹ ਦੂਰ-ਦੂਰ ਤੱਕ ਹੁੰਦੇ ਕਵੀ ਦਰਬਾਰਾਂ ''''ਚ ਸਾਈਕਲ ''''ਤੇ ਹੀ ਜਾਂਦੇ ਸਨ।
ਉਦਾਸੀ ਦੇ ਸਮਕਾਲੀ ਦੱਸਦੇ ਹਨ ਕਿ ਵਿਗਿਆਨਕ ਵਿਚਾਰਧਾਰਾ ਨੂੰ ਅਪਣਾਇਆ ਇਹ ਕਵੀ ਜਿੰਨੀ ਸਰਲ ਭਾਸ਼ਾ ਵਿੱਚ ਕਵਿਤਾ ਲਿਖਦਾ ਸੀ ਉਨੀ ਹੀ ਸਾਦੀ ਜ਼ਿੰਦਗੀ ਜਿਉਂਦਾ ਸੀ।
ਸੰਤ ਰਾਮ ਉਦਾਸੀ ਨੇ ਮਾਰਕਸ, ਲੈਨਿਨ, ਏਂਗਲਜ਼, ਮਾਓ ਜੇ ਤੁੰਗ ਦੀਆਂ ਲਿਖਤਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਹੋਇਆ ਸੀ ਇਸੇ ਕਰਕੇ ਉਹ ਵਿਗਿਆਨਕ ਵਿਚਾਰਧਾਰਾ ਤਹਿਤ ਸਾਰੀ ਉਮਰ ਖੱਬੇ ਪੱਖੀ ਲਹਿਰ ਨਾਲ ਹੀ ਜੁੜੇ ਰਹੇ ਸਨ।
ਉਦਾਸੀ ਦੀ ਪਤਨੀ ਨਸੀਬ ਕੌਰ ਇਸ ਸਮੇਂ ਬਜ਼ੁਰਗ ਅਵਸਥਾ ਵਿੱਚ ਹੈ। ਉਨ੍ਹਾਂ ਨੇ ਉਦਾਸੀ ਦੀ ਮੌਤ ਤੋਂ ਬਾਅਦ ਇਕੱਲਿਆਂ ਹੀ ਆਪਣੀਆਂ ਤਿੰਨ ਧੀਆਂ ਤੇ ਦੋ ਪੁੱਤਰਾਂ ਦਾ ਪਾਲਣ-ਪੋਸ਼ਣ ਕੀਤਾ।

ਉਦਾਸੀ ਦਾ ਅੰਤਿਮ ਸਮਾਂ
ਨੰਦੇੜ ਵਿਖੇ 1 ਨਵੰਬਰ ਤੋਂ 5 ਨਵੰਬਰ 1986 ਤੱਕ ਕਵੀ ਦਰਬਾਰ ਸੀ ਜਿਸ ਵਿੱਚ ਉਦਾਸੀ ਨੇ ਖ਼ੂਬ ਕਵਿਤਾਵਾਂ ਪੇਸ਼ ਕੀਤੀਆਂ ਤੇ ਉੱਥੋਂ ਵਾਪਸੀ ਦੌਰਾਨ 6 ਨਵੰਬਰ 1986 ਨੂੰ ਰੇਲ ਗੱਡੀ ਵਿੱਚ ਹੀ ਉਦਾਸੀ ਦੀ ਮੌਤ ਹੋ ਗਈ।
ਕਿਰਤੀਆਂ ਦੀ ਜ਼ਿੰਦਗੀ ਬਾਰੇ ਲਿਖਣ, ਬੋਲਣ ਵਾਲਾ ਜ਼ਹੀਨ ਕਵੀ ਉਦਾਸੀ ਦਾ ਮਹਿਜ਼ 47 ਸਾਲ ਦੀ ਉੁਮਰ ਵਿੱਚ ਦਿਹਾਂਤ ਹੋ ਗਿਆ।
ਸੰਤ ਰਾਮ ਉਦਾਸੀ ਦੇ ਗੀਤ ‘ਵਸੀਅਤ’ ਨੂੰ ਪੜ੍ਹਕੇ ਇੰਝ ਲਗਦਾ ਹੈ ਜਿਵੇਂ ਆਪਣੀ ਮੌਤ ਦਾ ਸੰਦੇਸ਼ ਦੇ ਗਏ ਹੋਣ-
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।
ਮੇਰੇ ਲਹੂ ਦਾ ਕੇਸਰ ,ਰੇਤੇ ''''ਚ ਨਾ ਰਲਾਇਓ।
ਮੇਰੀ ਵੀ ਕੀ ਜ਼ਿੰਦਗੀ ਸੀ, ਇੱਕ ਬੂਰ ਸਰਕੜੇ ਦਾ ।
ਆਹਾਂ ਦਾ ਇੱਕ ਸੇਕ ਕਾਫੀ, ਤੀਲੀ ਬੇਸ਼ੱਕ ਨਾ ਲਾਇਓ।
ਵਲਗਣ ''''ਚ ਕੈਦ ਹੋਣਾ , ਮੇਰੇ ਨਹੀਂ ਮੁਆਫਿਕ।
ਯਾਰਾਂ ਦੇ ਵਾਂਗ , ਅਰਥੀ ''''ਤੇ ਹੀ ਜਲਾਇਓ।
ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇੱਕ ਵੇਰਾਂ।
ਜਦ ਜਦ ਢਲੇਗਾ ਸੂਰਜ , ਕਣ ਕਣ ਮੇਰਾ ਜਲਾਇਓ।
ਜੀਵਨ ਤੇ ਮੌਤ ਤਾਈਂ, ਆਉਂਦੇ ਬੜੇ ਚੁਰਾਹੇ।
ਜਿਸ ਦਾ ਪੰਧ ਬਿਖੇੜਾ, ਓਸੇ ਹੀ ਰਾਹ ਜਾਇਓ।
ਸੰਤ ਰਾਮ ਉਦਾਸੀ ਦੀ ਯਾਦ ਵਿੱਚ ਸਲਾਨਾ ਸਮਾਗਮ
‘ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਸੁਸਾਇਟੀ (ਰਜਿ.) ਵੱਲੋਂ ਪਿੰਡ ਰਾਏਸਰ ਵਿਖੇ ਹਰ ਸਾਲ ਉਦਾਸੀ ਯਾਦਗਾਰੀ ਮੇਲਾ ਕਰਵਾਇਆ ਜਾਂਦਾ ਹੈ।
ਇਸਤੋਂ ਇਲਾਵਾ ਸੰਤ ਰਾਮ ਉਦਾਸੀ ਯਾਦਗਾਰੀ ਕਮੇਟੀ ਵੱਲੋਂ ਬਰਨਾਲਾ ਵਿਖੇ ਹਰ ਸਾਲ ਉਦਾਸੀ ਦੀ ਯਾਦ ਵਿੱਚ ਇੱਕ ਸਮਾਗਮ ਕਰਵਾਇਆ ਜਾਂਦਾ ਹੈ।

ਸੰਤ ਰਾਮ ਉਦਾਸੀ ਦੀ ਯਾਦ ਵਿੱਚ ਬਣ ਰਹੀ ਲਾਇਬਰੇਰੀ
ਸੰਤ ਰਾਮ ਉਦਾਸੀ ਦੀਆਂ ਪਿੰਡ ਵਿੱਚ ਕਈ ਯਾਦਗਾਰਾਂ ਸਥਾਪਤ ਹਨ, ਜਿਵੇਂ ਪਿੰਡ ਦੇ ਸਕੂਲ ਦਾ ਨਾਮ ‘ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਪੰਜਾਬ’ ਹੈ।
ਪਿੰਡ ਦਾ ਬੱਸ ਸਟੈਂਡ ਵੀ ਸੰਤ ਰਾਮ ਉਦਾਸੀ ਦੀ ਯਾਦ ਵਿੱਚ ਉਸਾਰਿਆ ਗਿਆ। ਪਿੰਡ ਵਿੱਚ ਇੱਕ ਸ਼ਾਨਦਾਰ ‘ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰ ਸਟੇਡੀਅਮ’ ਹੈ।
ਇਸ ਤੋਂ ਇਲਾਵਾ ਪਿੰਡ ਰਾਏਸਰ ਤੋਂ ਚੰਨਣਵਾਲ ਨੂੰ ਜਾਂਦੀ ਸੜਕ ਦਾ ਨਾਮ ਵੀ ਸੰਤ ਰਾਮ ਉਦਾਸੀ ਯਾਦਗਾਰੀ ਮਾਰਗ ਹੈ।
ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਵੱਲੋਂ 2011 ਵਿੱਚ ਉਸ ਸਮੇਂ ਦੇ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਦੀ ਅਗਵਾਈ ਹੇਠ ਪਿੰਡ ਵਿੱਚ ਰੱਖਿਆ ਗਿਆ ਸੀ ਪਰ ਇਸ ਨੀਂਹ ਪੱਥਰ ‘ਤੇ ਦਹਾਕਾ ਭਰ ਕਿਸੇ ਵੀ ਸਰਕਾਰ ਨੇ ਕੰਮ ਸ਼ੁਰੂ ਨਹੀਂ ਕੀਤਾ ਸੀ।
ਹੁਣ ‘ਆਪ’ ਸਰਕਾਰ ਵੱਲੋਂ ਪਿਛਲੇ ਸਾਲ ਉਦਾਸੀ ਦੀ ਯਾਦ ਵਿੱਚ ਲਾਇਬਰੇਰੀ ਬਣਾਈ ਜਾ ਰਹੀ ਹੈ ਜਿਸ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਅਜੇ ਤੱਕ ਇਸ ਲਾਇਬਰੇਰੀ ''''ਤੇ ਸੰਤ ਰਾਮ ਉਦਾਸੀ ਦਾ ਨਾਮ ਨਹੀਂ ਲਿਖਿਆ ਗਿਆ ਹੈ।
ਪਿੰਡ ਵਾਸੀਆਂ ਨੂੰ ਆਸ ਹੈ ਕਿ ਇਸ ਲਾਇਬਰੇਰੀ ਦੇ ਮਹੂਰਤ ਸਮੇਂ ਨਾਮ ਲਿਖਿਆ ਜਾਵੇਗਾ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)