ਆਸਟ੍ਰੇਲੀਆਂ ਪੜ੍ਹਨ ਜਾਣ ਵਾਲੇ ਭਾਰਤੀਆਂ ਉੱਤੇ ਨਵੀਆਂ ਪਾਬੰਦੀਆਂ, ਪੰਜਾਬੀਆਂ ''''ਤੇ ਕੀ ਹੋਵੇਗਾ ਅਸਰ
Wednesday, Apr 19, 2023 - 05:47 PM (IST)


ਆਸਟ੍ਰੇਲੀਆ ਦੀਆਂ 5 ਯੂਨੀਵਰਸਿਟੀਆਂ ਨੇ ਭਾਰਤ ਦੇ ਕੁਝ ਸੂਬਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ''''ਤੇ ਬੈਨ ਜਾਂ ਪਾਬੰਦੀਆਂ ਲੱਗਾ ਦਿੱਤੀਆਂ ਹਨ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਵੱਖ-ਵੱਖ ਮੀਡੀਆ ਰਿਪੋਰਟਾਂ ''''ਚ ਕਿਹਾ ਗਿਆ ਹੈ ਕਿ ਇਹ ਪਾਬੰਦੀਆਂ ਦੱਖਣੀ ਏਸ਼ੀਆ ਤੋਂ ਆਉਂਦੇ ਵਿਦਿਆਰਥੀਆਂ ਦੀਆਂ ''''ਧੋਖੇਬਾਜ਼ੀ ਵਾਲੀਆਂ ਅਰਜ਼ੀਆਂ'''' ਕਾਰਨ ਲਗਾਈਆਂ ਗਈਆਂ ਹਨ, ਅਜਿਹੇ ਵਿਦਿਆਰਥੀ ਜੋ ਪੜ੍ਹਾਈ ਦੇ ਨਾਮ ''''ਤੇ ਕੰਮ ਕਰਨ ਆਉਂਦੇ ਹਨ।
ਇਸ ਸਾਲ ਭਾਰਤ ਤੋਂ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡਾ ਇਜ਼ਾਫਾ ਦੇਖਿਆ ਜਾ ਰਿਹਾ ਹੈ ਅਤੇ ਇਸ ਗੱਲ ਨੇ ਦੇਸ਼ ਦੇ ਸਿੱਖਿਆ ਖੇਤਰ ਅਤੇ ਅਧਿਕਾਰੀਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ।
ਪਰਥ ਦੀ ਐਡਿਥ ਕੋਵਨ ਯੂਨੀਵਰਸਿਟੀ ਨੇ ਫਰਵਰੀ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਆਉਣ ਵਾਲੀਆਂ ਅਰਜ਼ੀਆਂ ''''ਤੇ ਪੂਰੀ ਤਰ੍ਹਾਂ ਪਾਬੰਦੀ ਲੱਗਾ ਦਿੱਤੀ ਹੈ।
ਮਾਰਚ ਵਿੱਚ, ਵਿਕਟੋਰੀਆ ਯੂਨੀਵਰਸਿਟੀ ਨੇ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਸਮੇਤ ਅੱਠ ਭਾਰਤੀ ਸੂਬਿਆਂ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ''''ਤੇ ਪਾਬੰਦੀਆਂ ਵਧਾਈਆਂ ਹਨ।

ਵੋਲੋਂਗੌਂਗ ਯੂਨੀਵਰਸਿਟੀ ਨੇ ਮਾਰਚ ਵਿੱਚ ਭਾਰਤ, ਨੇਪਾਲ, ਬੰਗਲਾਦੇਸ਼, ਪਾਕਿਸਤਾਨ, ਲੇਬਨਾਨ, ਮੰਗੋਲੀਆ, ਨਾਈਜੀਰੀਆ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਲਈ ਆਪਣੇ ਐਂਟਰੈਂਸ ਟੈੱਸਟ ''''ਤੇ ਸ਼ਰਤਾਂ ਨੂੰ ਵਧਾ ਦਿੱਤਾ ਹੈ।
ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਦੂਜਾ ਮੁਲਕ ਹੈ ਜਿਸ ਨੇ ਗ਼ਲਤ ਤਰੀਕੇ ਨਾਲ ਵੀਜ਼ਾ ਹਾਸਲ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ।
ਇਸ ਤੋਂ ਪਹਿਲਾਂ ਕੈਨੇਡਾ ਨੇ ਕੁਝ ਭਾਰਤੀ ਵਿਦਿਆਰਥੀਆਂ ਵੱਲੋਂ ਵੀਜ਼ਾ ਹਾਸਲ ਕਰਨ ਵਿੱਚ ਫ਼ਰਜ਼ੀ ਦਸਤਾਵੇਜ਼ਾਂ ’ਤੇ ਇਸਤੇਮਾਲ ਕਰਨ ਦੇ ਇਲਜ਼ਾਮਾਂ ਤਹਿਤ ਕਾਰਵਾਈ ਆਰੰਭੀ ਹੋਈ ਹੈ।
ਪਾਬੰਦੀਆਂ ਦਾ ਕੀ ਹੋਵੇਗਾ ਅਸਰ
ਲਾਇਸੰਸ ਸ਼ੁਦਾ ਇਮੀਗ੍ਰੇਸ਼ਨ ਅਤੇ ਸਿੱਖਿਆ ਸਲਾਹਕਾਰਾਂ ਦੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਤਿੰਦਰ ਬੈਨੀਪਾਲ ਨੇ ਬੀਬੀਸੀ ਨੂੰ ਦੱਸਿਆ ਕਿ ਆਸਟ੍ਰੇਲੀਆ ਦੀਆਂ ਇਹਨਾਂ ਯੂਨੀਵਰਸਿਟੀਆਂ ਦੀ ਪਾਬੰਦੀਆਂ ਦਾ ਅਸਰ ਭਾਰਤ ਉੱਤੇ ਕਾਫ਼ੀ ਹੋਵੇਗਾ।
ਉਨ੍ਹਾਂ ਦੱਸਿਆ ਕਿ ਭਾਰਤ ਤੋਂ ਹਰ ਸਾਲ ਕਾਫ਼ੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਾਈ ਲਈ ਆਸਟ੍ਰੇਲੀਆ ਜਾਂਦੇ ਹਨ, ਜਿੰਨਾ ਵਿੱਚ ਪੰਜਾਬੀਆਂ ਦੀ ਗਿਣਤੀ ਵੀ ਕਾਫ਼ੀ ਹੁੰਦੀ ਹੈ। ਜਤਿੰਦਰ ਬੈਨੀਪਾਲ ਮੁਤਾਬਕ ਮੌਜੂਦਾ ਸਥਿਤੀ ਕਾਰਨ ਆਸਟ੍ਰੇਲੀਆ ਵਿੱਚ ਪੜਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਾਵੇਗਾ।
ਵਿਦਿਆਰਥੀ ਵੀਜ਼ੇ ਲਈ ਸਲਾਹਕਾਰ ਦਾ ਕੰਮ ਕਰਨ ਵਾਲੇ ਚੰਡੀਗੜ੍ਹ ਦੇ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੀਆਂ ਪਾਬੰਦੀਆਂ ਕਾਰਨ ਕੌਮਾਂਤਰੀ ਪੱਧਰ ਉੱਤੇ ਇੱਕ ਤਾਂ ਭਾਰਤੀਆਂ ਵਿਦਿਆਰਥੀਆਂ ਦੇ ਅਕਸ ਨੂੰ ਢਾਹ ਲੱਗੀ ਹੈ ਦੂਜਾ ਜੋ ਵਿਦਿਆਰਥੀ ਸਹੀ ਰੂਪ ਵਿੱਚ ਉਚੇਰੀ ਸਿੱਖਿਆ ਲਈ ਆਸਟ੍ਰੇਲੀਆ ਜਾਣਾ ਚਾਹੁੰਦੇ ਸਨ ਉਨ੍ਹਾਂ ਦਾ ਰਾਹ ਵੀ ਹੁਣ ਬੰਦ ਹੋ ਗਿਆ ਹੈ।
ਇਮੀਗ੍ਰੇਸ਼ਨ ਅਤੇ ਵਿਦਿਆਰਥੀ ਵੀਜ਼ੇ ਲਈ ਸਲਾਹਕਾਰ ਦੇ ਤੌਰ ਉੱਤੇ ਕੰਮ ਕਰਨ ਵਾਲੇ ਮੁਹਾਲੀ ਦੇ ਇੱਕ ਹੋਰ ਏਜੰਟ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਪੜ੍ਹਾਈ ਲਈ ਆਸਟ੍ਰੇਲੀਆ ਜਾਣ ਲਈ ਵਿਦਿਆਰਥੀਆਂ ਨੂੰ ਆਪਣੀ ਮਜ਼ਬੂਤ ਵਿੱਤੀ ਹਾਲਤ ਸੰਬੰਧੀ ਵੀਜ਼ਾ ਅਪਲਾਈ ਕਰਨ ਸਮੇਂ ਫ਼ੰਡ ਦਿਖਾਉਣਾ ਹੁੰਦੇ ਹਨ।
ਕਈ ਵਿਦਿਆਰਥੀਆ ਏਜੰਟ ਦੇ ਕਹਿਣ ਉੱਤੇ ਜਾਅਲੀ ਤਰੀਕੇ ਨਾਲ ਫ਼ੰਡ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਸਟੂਡੈਂਟ ਵੀਜ਼ਾ ਹਾਸਲ ਕਰਦੇ ਹਨ। ਆਸਟ੍ਰੇਲੀਆ ਐਬੰਸੀ ਵੱਲੋਂ ਅਜਿਹੇ ਵਿਦਿਆਰਥੀਆਂ ਦੇ ਫ਼ੰਡਾਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਹ ਜਾਅਲੀ ਨਿਕਲੇ ਅਤੇ ਇਸ ਕਰ ਕੇ ਮੌਜੂਦਾ ਸਥਿਤੀ ਦਾ ਹੁਣ ਸਾਹਮਣਾ ਕਰਨਾ ਪੈ ਰਿਹਾ ਹੈ।

ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਹਾਸਲ ਕਰਨ ਵਿੱਚ ਭਾਰਤੀ ਮੋਹਰੀ
ਆਸਟ੍ਰੇਲੀਆ ਵਿੱਚ ਪੜ੍ਹਾਈ ਲਈ ਵਿਦਿਆਰਥੀ ਪਿਛਲੇ ਕਾਫ਼ੀ ਲੰਮੇ ਅਰਸੇ ਤੋਂ ਜਾ ਰਹੇ ਹਨ ਅਤੇ ਇਹ ਭਾਰਤੀਆਂ ਦੇ ਪਸੰਦੀਦਾ ਦੇਸ਼ਾਂ ਵਿੱਚੋਂ ਇੱਕ ਹੈ।
ਆਮ ਤੌਰ ਉੱਤੇ ਜ਼ਿਆਦਾਤਰ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਹੀ ਪੀਆਰ ਹਾਸਲ ਕਰ ਕੇ ਰਹਿਣ ਨੂੰ ਤਰਜੀਹ ਦਿੰਦੇ ਹਨ।
ਆਸਟ੍ਰੇਲੀਆ ਦੇ ਐੱਸਬੀਐੱਸ ਰੇਡੀਉ ਮੁਤਾਬਕ ਕੋਵਿਡ ਤੋਂ ਬਾਅਦ ਸਟੂਡੈਂਟ ਵੀਜ਼ਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਉਮੀਦ ਤੋਂ ਜ਼ਿਆਦਾ ਉਛਾਲ ਆਇਆ।
ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਦੇ ਕੌਮਾਂਤਰੀ ਵਿਦਿਆਰਥੀਆਂ ਦੇ 2022-23 (ਅੱਧੇ ਸਾਲ ਤੱਕ ਦੇ) ਅੰਕੜਿਆਂ ''''ਤੇ ਜੇਕਰ ਨਜ਼ਰ ਮਾਰੀ ਜਾਵੇ ਤੋਂ 2 ਲੱਖ 83 ਹਜ਼ਾਰ 573 ਵਿਦਿਆਰਥੀ ਵੀਜ਼ੇ ਗਰਾਂਟ ਕੀਤੇ ਗਏ ਜੋ ਕਿ ਪਿਛਲੇ ਸਾਲ 2021-22 ਦੇ ਇਸ ਸਮੇਂ ਤੱਕ ਅੰਕੜਿਆਂ ਤੋਂ 203 ਪ੍ਰਤੀਸ਼ਤ ਜ਼ਿਆਦਾ ਸਨ।
ਜਾਰੀ ਹੋਏ ਕੁਲ ਸਟੂਡੈਂਟ ਵੀਜ਼ੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ।
ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਦੇ ਅੰਕੜਿਆਂ ਮੁਤਾਬਕ 2022-23 ਪ੍ਰੋਗਰਾਮ ਸਾਲ ਦੇ ਪਹਿਲੇ ਅੱਧ ਵਿੱਚ, ਵੀਜ਼ਾ ਗਰਾਂਟ ਲਈ ਚੋਟੀ ਦੇ ਪੰਜ ਦੇਸ਼ ਵਿੱਚ ਭਾਰਤ ਤੋਂ 52 ਹਜ਼ਾਰ 159, ਚੀਨ ਤੋਂ 42 ਹਜ਼ਾਰ 742, ਨੇਪਾਲ 21 ਹਜ਼ਾਰ 587, ਕੋਲੰਬੀਆ ਤੋਂ 18 ਹਜ਼ਾਰ 318 ਅਤੇ ਬ੍ਰਾਜ਼ੀਲ 12 ਹਜ਼ਾਰ 745 ਵਿਦਿਆਰਥੀਆਂ ਨੂੰ ਵੀਜ਼ੇ ਦਿੱਤੇ ਗਏ।

ਇਨ੍ਹਾਂ ਪੰਜ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਗਰਾਂਟ ਕਰਨ ਵਿੱਚ 199 ਫ਼ੀਸਦੀ (ਭਾਰਤ), 97.5 ਫ਼ੀਸਦੀ (ਚੀਨ), 159 ਫ਼ੀਸਦੀ (ਨੇਪਾਲ), 862.6 ਫ਼ੀਸਦੀ (ਕੋਲੰਬੀਆ) ਅਤੇ 474 ਫ਼ੀਸਦੀ (ਬ੍ਰਾਜ਼ੀਲ) ਦਾ ਵਾਧਾ ਹੋਇਆ ਹੈ।
ਕੋਵਿਡ ਤੋਂ ਪਹਿਲਾਂ ਵੀਜ਼ਾ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 75000 ਦੇ ਕਰੀਬ ਸੀ ਪਰ ਕੋਵਿਡ ਤੋਂ ਬਾਅਦ ਅਚਾਨਕ ਇਸ ਗਿਣਤੀ ਵਿੱਚ ਰਿਕਾਰਡ ਤੋੜ ਵਾਧਾ ਹੋ ਗਿਆ।
ਐੱਸਬੀਐੱਸ ਦੀ ਰਿਪੋਰਟ ਮੁਤਾਬਕ ਫਰਵਰੀ ਵਿੱਚ ਆਸਟ੍ਰੇਲੀਆ ਦੇ ਗ੍ਰਹਿ ਮੰਤਰਾਲੇ ਨੇ ਵੋਕੇਸ਼ਨਲ ਸੈਕਟਰ ਵਿੱਚ ਪੜ੍ਹਾਈ ਲਈ ਵੀਜ਼ਾ ਅਪਲਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ 94 ਪ੍ਰਤੀਸ਼ਤ ਅਰਜ਼ੀਆਂ ਨੂੰ ਰੱਦ ਕੀਤਾ।

ਧੋਖੇ ਤੋਂ ਬਚਣ ਲਈ ਵਿਦਿਆਰਥੀ ਕਿਹੜੀਆਂ ਗੱਲਾਂ ਦਾ ਰੱਖਣ ਧਿਆਨ
ਵਿਦਿਆਰਥੀ ਵੀਜ਼ੇ ਦੇ ਨਾਮ ਉੱਤੇ ਹੋ ਰਹੀਆਂ ਧੋਖਾਧੜੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪੰਜਾਬ ਪੁਲਿਸ ਦੇ ਐੱਨਆਰਆਈ ਵਿੰਗ ਅਤੇ ਲਾਇਸੰਸ ਸ਼ੁਦਾ ਇਮੀਗ੍ਰੇਸ਼ਨ ਅਤੇ ਸਿੱਖਿਆ ਸਲਾਹਕਾਰਾਂ ਦੀ ਐਸੋਸੀਏਸ਼ਨ ਵੱਲੋਂ ਕੁਝ ਹਿਦਾਇਤਾਂ ਜਾਰੀ ਕੀਤੀ ਗਈਆਂ ਹਨ ਜੋ ਇਸ ਤਰ੍ਹਾਂ ਹਨ :
ਇਹਨਾਂ ਮੁਤਾਬਕ ਏਜੰਟ ਕੋਲ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਉਸ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਲਾਇਸੰਸ ਦੀ ਪੁਸ਼ਟੀ ਕੀਤੀ ਜਾਵੇ, ਇਸ ਸਬੰਧੀ ਪੰਜਾਬ ਦੇ ਹਰ ਜ਼ਿਲ੍ਹੇ ਦੀ ਵੈੱਬਸਾਈਟ ਉੱਤੇ ਲਾਇਸੰਸ ਸ਼ੁਦਾ ਏਜੰਟਾਂ ਦੀ ਸੂਚੀ ਅਪਲੋਡ ਕੀਤੀ ਗਈ ਹੈ।
ਇਸ ਤੋਂ ਇਲਾਵਾ ਜਿਸ ਵੀ ਕਾਲਜ/ਯੂਨੀਵਰਸਿਟੀ ਵਿੱਚ ਵਿਦਿਆਰਥੀ ਪੜ੍ਹਾਈ ਲਈ ਜਾਣਾ ਚਾਹੁੰਦਾ ਹੈ ਉਸ ਬਾਰੇ ਜਾਣਕਾਰੀ ਸਬੰਧਿਤ ਕਾਲਜ ਦੀ ਵੈੱਬਸਾਈਟ ਤੋਂ ਹਾਸਲ ਕੀਤੀ ਜਾਵੇ ਅਤੇ ਫਿਰ ਏਜੰਟ ਵੱਲੋਂ ਦਿੱਤੀ ਗਈ ਜਾਣਕਾਰੀ ਕਾਲਜ ਜਾਂ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਨਾਲ ਪੁਸ਼ਟੀ ਕੀਤੀ ਜਾਵੇ।
ਇਸ ਤੋਂ ਇਲਾਵਾ ਵਿਦਿਆਰਥੀ ਏਜੰਟ ਨੂੰ ਕਿਸੇ ਵੀ ਤਰਾਂ ਨਾਲ ਨਕਦੀ ਭੁਗਤਾਨ ਨਾ ਕਰਨ। ਕਾਲਜ/ਯੂਨੀਵਰਸਿਟੀ ਅਤੇ ਐਂਬੰਸੀ ਨੂੰ ਵਿਦਿਆਰਥੀ ਸਿੱਧੇ ਆਪਣੇ ਬੈਂਕ ਖਾਤੇ ਵਿੱਚ ਫ਼ੀਸ ਦਾ ਭੁਗਤਾਨ ਕਰਨ।
ਵਿਦੇਸ਼ ਵਿੱਚ ਪੜਾਈ ਲਈ ਜਾਣ ਤੋਂ ਪਹਿਲਾਂ ਵਿਦਿਆਰਥੀ ਨੂੰ ਪੜ੍ਹਾਈ ਦਾ ਖਰਚਾ, ਟਿਊਸ਼ਨ ਫ਼ੀਸ, ਸਿਹਤ ਬੀਮਾ,ਰਹਿਣ ਸਹਿਣ ਦਾ ਖਰਚਾ ਹੋਰਨਾਂ ਖ਼ਰਚਿਆ ਦਾ ਵੇਰਵਾ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਹੈ।
ਜੇਕਰ ਕੋਈ ਏਜੰਟ ਵਿਦਿਆਰਥੀ ਨੂੰ ਵੀਜ਼ੇ ਦੀ ਗਾਰੰਟੀ ਦਿੰਦਾ ਹੈ ਤਾਂ ਉਸ ਤੋਂ ਸਾਵਧਾਨ, ਕਿਉਂਕਿ ਵੀਜ਼ੇ ਪ੍ਰਦਾਨ ਕਰਨ ਦਾ ਅਧਿਕਾਰ ਐਬੰਸੀ ਦਾ ਹੁੰਦਾ ਹੈ ਇਸ ਵਿੱਚ ਕੋਈ ਗਾਰੰਟੀ ਨਹੀਂ ਦਿੱਤੀ ਜਾ ਸਕਦੀ।
ਕੀ ਏਜੰਟ ਪੈਕੇਜ ਡੀਲ ਵੀ ਦਿੰਦੇ ਹਨ, ਜਿਸ ਵਿੱਚ ਵੀਜ਼ਾ ਅਪਲਾਈ ਕਰਨਾ, ਟਿਊਸ਼ਨ ਫ਼ੀਸ ਅਤੇ ਹੋਰ ਖ਼ਰਚੇ ਸ਼ਾਮਲ ਹੁੰਦੇ ਹਨ, ਅਜਿਹੀਆਂ ਡੀਲਾ ਤੋਂ ਵਿਦਿਆਰਥੀਆਂ ਨੂੰ ਬਚਣ ਦੀ ਸਲਾਹ ਦਿੱਤੀ ਗਈ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)