ਬਠਿੰਡਾ ਮਿਲਟਰੀ ਸਟੇਸ਼ਨ ਉੱਤੇ 4 ਫੌਜੀਆਂ ਦੇ ਕਤਲ ਦੀ ਪੁਲਿਸ ਨੇ ਇਹ ਦੱਸੀ ਪੂਰੀ ਕਹਾਣੀ
Monday, Apr 17, 2023 - 04:32 PM (IST)


ਬਠਿੰਡਾ ਪੁਲਿਸ ਨੇ 12 ਅਪ੍ਰੈਲ ਨੂੰ ਬਠਿੰਡਾ ਮਿਲਟਰੀ ਸਟੇਸ਼ਨ ''''ਤੇ ਗੋਲੀਬਾਰੀ ਦੀ ਘਟਨਾ ਨਾਲ ਸਬੰਧਤ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ।
ਇਸ ਘਟਨਾ ਵਿੱਚ ਚਾਰ ਸਿਪਾਹੀ ਮਾਰੇ ਗਏ ਸਨ, ਫੌਜ ਦੇ ਅਧਿਕਾਰੀਆਂ ਨਾਲ ਸਾਂਝੀ ਜਾਂਚ ਵਿੱਚ ਸੁਰੱਖਿਆ ਗਾਰਡ ਡਿਊਟੀ ''''ਤੇ ਤੈਨਾਤ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਬਠਿੰਡਾ ਦੇ ਸੀਨੀਅਰ ਕਪਤਾਨ ਪੁਲਿਸ ਗੁਲਨੀਤ ਸਿੰਘ ਖੁਰਾਣਾ ਨੇ ਕਰਨਲ ਅਨਿਮੇਸ਼ ਸ਼ਰਨ ਨਾਲ ਪ੍ਰੈੱਸ ਕਾਨਫਰੰਸ ਕਰਕੇ ਪੂਰੇ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ।
ਉਨ੍ਹਾਂ ਨੇ ਦੱਸਿਆ, "ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੰਨਰ ਦੇਸਾਈ ਮੋਹਨ ਵਜੋਂ ਹੋਈ ਹੈ, ਜੋ ਕਿ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਮੁਲਜ਼ਮ ਨੇ ਨਿੱਜੀ ਰੰਜਿਸ਼ ਕਾਰਨ ਚਾਰ ਸਿਪਾਹੀਆਂ ਦੀ ਹੱਤਿਆ ਕੀਤੀ ਹੈ।"

ਪਰ ਐੱਸਐੱਸਪੀ ਨੇ ਮੁਲਜ਼ਮ ਅਤੇ ਮ੍ਰਿਤਕ ਸਿਪਾਹੀਆਂ ਵਿਚਾਲੇ ਕੀ ਰੰਜਿਸ਼ ਸੀ, ਇਸ ਦਾ ਸਹੀ ਕਾਰਨ ਸਾਂਝਾ ਨਹੀਂ ਕੀਤਾ।
12 ਅਪ੍ਰੈਲ ਨੂੰ ਬਠਿੰਡਾ ਮਿਲਟਰੀ ਸਟੇਸ਼ਨ ਦੇ ਅੰਦਰ ਗੋਲੀਬਾਰੀ ਹੋਣ ਦੀ ਘਟਨਾ ਵਾਪਰੀ, ਜਿਸ ਵਿੱਚ ਚਾਰ ਫੌਜੀ ਜਵਾਨਾਂ ਗੰਨਰ ਸਾਗਰ ਬੰਨੇ, ਗੰਨਰ ਯੋਗੇਸ਼ ਕੁਮਾਰ, ਗੰਨਰ ਨਾਗਾ ਸ਼ੁਰੇਸ਼ ਅਤੇ ਗੰਨਰ ਕਮਲੇਸ਼ ਦੀ ਮੌਤ ਹੋ ਗਈ ਸੀ।
ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਮਿਲਟਰੀ ਪ੍ਰਸ਼ਾਸ਼ਨ ਨਾਲ ਮਿਲ ਕੇ ਸੰਯੁਕਤ ਅਪਰੇਸ਼ਨ ਰਾਹੀਂ ਤਫਤੀਸ਼ ਕਰਦੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ।
ਉਸ ਵਿੱਚ ਕਿਸੇ ਤਰ੍ਹਾਂ ਦੇ ਬਾਹਰੀ ਵਿਅਕਤੀਆਂ ਦੀ ਕੋਈ ਗਤੀਵਿਧੀ ਸਾਹਮਣੇ ਨਹੀਂ ਆਈ।

ਕੀ ਹੈ ਮਾਮਲਾ
- ਬਠਿੰਡਾ ਦਾ ਮਿਲਿਟਰੀ ਸਟੇਸ਼ਨ ਸਭ ਤੋਂ ਵੱਧ ਫੌਜੀ ਅਸਲੇ ਵਾਲੇ ਡਿਪੂਆਂ ਵਿੱਚੋਂ ਇੱਕ ਹੈ
- ਇਸ ਮਿਲਿਟਰੀ ਸਟੇਸ਼ਨ ਵਿੱਚ 12 ਅਪ੍ਰੈਲ ਨੂੰ ਹੋਈ ਗੋਲੀਬਾਰੀ ''''ਚ 4 ਜਵਾਨਾਂ ਦੀ ਮੌਤ
- ਇਨ੍ਹਾਂ ਵਿੱਚ ਤੋਪਚੀ ਸਾਗਰ ਬੰਨੇ, ਤੋਪਚੀ ਕਮਲੇਸ਼ ਆਰ, ਤੋਪਚੀ ਯੋਗੇਸ਼ ਕੁਮਾਰ ਜੇ ਅਤੇ ਤੋਪਚੀ ਸੰਤੋਸ਼ ਐੱਮ ਨਾਗਰਲ ਸ਼ਾਮਿਲ ਹਨ।
- ਵਾਰਦਾਤ ਤੋਂ ਦੋ ਦਿਨ ਪਹਿਲਾਂ ਇੱਥੋਂ ਇੱਕ ਰਾਈਫਲ ਗਾਇਬ ਹੋਈ ਸੀ
- ਪੁਲਿਸ ਮੁਤਾਬਕ ਇਸ ਦਾ ਇਸਤੇਮਾਲ ਇਸ ਹਮਲੇ ਨੂੰ ਅੰਜ਼ਾਮ ਦੇਣ ਲਈ ਕੀਤਾ ਗਿਆ
- ਫੌਜ ਨੇ ਦੁਹਰਾਇਆ, ਇਹ ਗੋਲੀਬਾਰੀ ਦਾ ਅੱਤਵਾਦੀ ਹਮਲੇ ਨਾਲ ਕੋਈ ਸਬੰਧ ਨਹੀਂ

ਜਾਂਚ ਦੌਰਾਨ ਕੀ ਆਇਆ ਸਾਹਮਣੇ
ਉਨ੍ਹਾਂ ਨੇ ਦੱਸਿਆ, "ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਯੂਨਿਟ ਦੇ ਇੱਕ ਜਵਾਨ ਦੀ ਅਪ੍ਰੈਲ 10 ਨੂੰ ਇੱਕ ਇੰਨਸਾਸ ਰਾਈਫਲ ਸਮੇਤ ਮੈਗਜ਼ੀਨ ਅਤੇ ਕਾਰਤੂਸ ਸੰਤਰੀ ਪੋਸਟ ਤੋਂ ਗੁੰਮ ਹੋਣ ਬਾਰੇ ਮਿਲਟਰੀ ਦੇ ਅਫ਼ਸਰਾਂ ਨੂੰ ਇਤਲਾਹ ਮਿਲੀ ਸੀ।"
"ਤਫਤੀਸ਼ ਦੌਰਾਨ ਪੁਲਿਸ ਟੀਮ ਅਤੇ ਮਿਲਟਰੀ ਟੀਮ ਵੱਲੋਂ ਕੀਤੀ ਗਈ ਸੰਯੁਕਤ ਸਰਚ ਦੌਰਾਨ ਘਟਨਾ ਵਾਲੀ ਥਾਂ ਨੇੜਿਓਂ 12 ਅਪ੍ਰੈਲ 2023 ਨੂੰ ਇੰਨਸਾਸ ਰਾਈਫਲ ਅਤੇ ਖਾਲੀ ਮੈਗਜ਼ੀਨ ਬਰਾਮਦ ਕੀਤਾ ਸੀ।
ਉਨ੍ਹਾਂ ਨੇ ਅੱਗੇ ਕਿਹਾ, "ਤਫਤੀਸ਼ ਦੌਰਾਨ 10 ਸ਼ੱਕੀ ਵਿਅਕਤੀਆਂ ਨੂੰ ਨੋਟਿਸ ਜਾਰੀ ਕਰਕੇ ਵਾਰੀ ਵਾਰੀ ਪੁੱਛਗਿੱਛ ਕੀਤੀ। ਸ਼ੱਕ ਦੇ ਆਧਾਰ ਤੇ ਗੰਨਰ ਦੇਸਾਈ ਮੋਹਨ ਵੱਲੋਂ ਪੁੱਛਗਿੱਛ ਦੌਰਾਨ ਉਸ ਵੱਲੋਂ ਪਹਿਲਾਂ ਦਿੱਤੇ ਬਿਆਨ ਅਤੇ ਦੁਬਾਰਾ ਦਿੱਤੇ ਬਿਆਨਾਂ ਵਿੱਚ ਫਰਕ ਸੀ।"
ਜਿਸ ''''ਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਉਪਰੰਤ ਹੋਰ ਤੱਥ ਸਾਹਮਣੇ ਆਉਣ ਤੇ ਗੰਨਰ ਦੇਸਾਈ ਮੋਹਨ ਨੂੰ ਉਕਤ ਕਤਲ ਦੇ ਜੁਰਮ ਲਈ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ।"
ਉਨ੍ਹਾਂ ਮੁਤਾਬਕ, "ਦੇਸਾਈ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਬੈਰਕ ਦੇ ਨੇੜੇ ਸੰਤਰੀ ਪੋਸਟ ਤੋਂ ਡਿਊਟੀ ''''ਤੇ ਤੈਨਾਤ ਸੰਤਰੀ ਦੀ ਐੱਲਐੱਮਜੀ ਰਾਈਫਲ ਦੇ ਅੱਠ ਕਾਰਤੂਸ ਚੋਰੀ ਕੀਤੇ ਅਤੇ ਅਗਲੇ ਦਿਨ ਸਵੇਰੇ ਉਸੇ ਹੀ ਪੋਸਟ ਤੋਂ ਇੱਕ ਇੰਨਸਾਸ ਰਾਈਫਲ ਸਣੇ ਖਾਲੀ ਮੈਗਜ਼ੀਨ ਅਤੇ ਇੱਕ ਹੋਰ ਮੈਗਜ਼ੀਨ ਜਿਸ ਵਿੱਚ 20 ਕਾਰਤੂਸ ਸਨ, ਚੋਰੀ ਕਰ ਲਏ।"
"ਇਸੇ ਰਾਈਫਲ ਨਾਲ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਮਰਨ ਵਾਲੇ ਫੌਜੀ ਜਵਾਨਾਂ ਨਾਲ ਆਪਣੀ ਨਿੱਜੀ ਰੰਜਿਸ਼ ਹੋਣ ਬਾਰੇ ਦੱਸਿਆ।
ਮੁਲਜ਼ਮ ਗੰਨਰ ਦੇਸਾਈ ਮੋਹਨ ਕੋਲੋਂ ਉਸ ਵੱਲੋਂ ਚੋਰੀ ਕੀਤੇ ਗਏ 8 ਰਾਉਂਦਾਂ ਵਿੱਚੋਂ 7 ਰਾਉਂਦ ਅਤੇ ਰਾਈਫਲ ਨੂੰ ਲਪੇਟ ਕੇ ਲਿਆਉਣ ਲਈ ਵਰਤੇ ਗਏ ਕਾਲੇ ਰੰਗ ਦੇ ਕੱਪੜੇ ਅਤੇ ਪਲਾਸਟਿਕ ਗੱਟੇ ਨੂੰ ਬਰਾਮਦ ਕਰਵਾਏ ਗਏ।"

ਜਿਨਸੀ ਸੋਸ਼ਣ ਦੀਆਂ ਖ਼ਬਰਾਂ ਬਾਰੇ
ਫੌਜ ਦੇ ਸੀਨੀਅਰ ਅਧਿਕਾਰੀ ਅਨਿਮੇਸ਼ ਸ਼ਰਨ ਨੇ ਕਿਹਾ, "ਫੌਜ ਵੱਲੋਂ ਆਪਣੀ ਇਕ ਅੰਦੂਰਨੀ ਤਫਤੀਸ਼ ਕੀਤੀ ਜਾ ਰਹੀ ਹੈ। ਜਿਸ ਦਿਨ ਰਾਈਫਲ ਚੋਰੀ ਹੋਈ ਸੀ ਉਸ ਦਿਨ ਤੋਂ ਹੀ ਮਿਲਟਰੀ ਸਟੇਸ਼ਨ ਵਿੱਚ ਹਾਈ ਅਲਰਟ ਕੀਤਾ ਹੋਇਆ ਸੀ ਅਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੋਈ ਸੀ।"
ਕੁਝ ਮੀਡਿਆ ਰਿਪੋਰਟ, ਜਿਨ੍ਹਾਂ ਵਿੱਚ ਮੁਲਜ਼ਮ ਜਵਾਨ ਨਾਲ ਸਰੀਰਕ ਸ਼ੋਸ਼ਣ ਹੋਣ ਗੱਲ ਚਲ ਰਹੀ ਹੈ, ਉਸ ਬਾਰੇ ਅਨਿਮੇਸ਼ ਸ਼ਰਨ ਨੇ ਕਿਹਾ, "ਸਾਨੂੰ ਗ਼ਲਤ ਅੰਦਾਜ਼ੇ ਨਹੀਂ ਲਗਾਉਣੇ ਚਾਹੀਦੇ ਤੇ ਇਸ ਦੇ ਪਿੱਛੇ ਕੋਈ ਹੋਰ ਵੀ ਕਾਰਨ ਹੋ ਸਕਦੇ ਹਨ ਤੇ ਅਸੀਂ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਾਂ।"
ਖੁਰਾਣਾ ਦੇ ਇਹ ਵੀ ਦੱਸਿਆ ਕਿ ਮੋਹਨ ਦੇਸਾਈ ਨੇ ਜਾਂਚ ਨੂੰ ਗੁਮਰਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਝੂਠੀ ਕਹਾਣੀ ਘੜੀ ਕਿ ਦੋ ਚਿੱਟੇ ਕੁੜਤੇ ਪਜਾਮੇ ਵਿੱਚ ਬੰਦੇ ਵਾਰਦਾਤ ਕਰ ਗਏ ਸਨ।
ਇਸ ਦੌਰਾਨ ਭਾਰਤੀ ਫੌਜ ਆਪਣੇ ਬਿਆਨ ਵਿੱਚ ਮੁੜ ਦੁਹਰਾਇਆ ਗਿਆ ਕਿ ਇਸ ਘਟਨਾ ਵਿੱਚ ਕੋਈ ਅੱਤਵਾਦ ਦਾ ਪਹਿਲੂ ਨਹੀਂ ਹੈ।
"ਭਾਰਤੀ ਫੌਜ ਅਨੁਸ਼ਾਸਨਹੀਣਤਾ ਦੀਆਂ ਅਜਿਹੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰਦੀ ਹੈ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲੇ।"
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)