10 ਸਾਲ ਤੱਕ ਅੱਡ ਰਹਿਣ ਤੋਂ ਬਾਅਦ ਮਾਂ ਦੀ ਭਾਲ ਵਿੱਚ ਦੇਸ਼ ਛੱਡ ਕੇ ਭੱਜੀ ਧੀ ਦੀ ਕਹਾਣੀ

Saturday, Apr 15, 2023 - 12:17 PM (IST)

10 ਸਾਲ ਤੱਕ ਅੱਡ ਰਹਿਣ ਤੋਂ ਬਾਅਦ ਮਾਂ ਦੀ ਭਾਲ ਵਿੱਚ ਦੇਸ਼ ਛੱਡ ਕੇ ਭੱਜੀ ਧੀ ਦੀ ਕਹਾਣੀ
ਕੋਰੀਆ
BBC/ HOSU LEE
ਸੋਂਗਮੀ ਹੁਣ 21 ਸਾਲਾਂ ਦੀ ਹੈ ਤੇ ਆਪਣੀ ਮਾਂ ਕੋਲ ਪਹੁੰਚਣ ਵਿੱਚ ਕਾਮਯਾਬ ਰਹੀ ਹੈ

ਸੋਂਗਮੀ ਪਾਰਕ ਨੇ ਆਪਣੀ ਮਾਂ ਦੀ ਭਾਲ ਵਿੱਚ ਉੱਤਰੀ ਕੋਰੀਆ ਛੱਡਿਆ, ਜਿਸ ਲਈ ਉਸਨੂੰ ਨੂੰ ਆਪਣੇ ਡਰ ਨੂੰ ਪਿੱਛੇ ਛੱਡਣਾ ਪਿਆ।

ਬਚਪਨ ਵਿੱਚ ਛੱਡਕੇ ਗਈ ਮਾਂ ਤੱਕ ਪਹੁੰਚਣ ਲਈ ਨਦੀ ਪਾਰ ਕਰਨੀ ਸੀ ਜੋ ਕਿ ਬਿਲਕੁਲ ਵੀ ਸੌਖਾ ਕੰਮ ਨਹੀਂ ਸੀ।

ਉਹ ਜਾਣਦੀ ਸੀ ਕਿ ਉਸ ਨੂੰ ਡਰ ਲੱਗੇਗਾ। ਨਦੀ ਡੂੰਘੀ ਸੀ ਅਤੇ ਵਹਾਅ ਤੇਜ਼ ਸੀ। ਜੇ ਉਹ ਫੜੀ ਗਈ ਤਾਂ ਸਜ਼ਾ ਮਿਲਣੀ ਤੈਅ ਸੀ, ਸ਼ਾਇਦ ਗੋਲੀ ਵੀ ਮਾਰ ਦਿੱਤੀ ਜਾਵੇ। ਪਰ ਉਸ ਨੂੰ ਨਦੀ ਪਾਰ ਕਰਨ ਦੀ ਖਿੱਚ, ਆਪਣੇ ਡਰ ਤੋਂ ਤਾਕਤਵਰ ਲੱਗੀ।

ਸ਼ਾਮ ਵੇਲੇ ਸੋਂਗਮੀ ਜਦੋਂ ਬਰਫ਼ੀਲੇ ਪਾਣੀ ਵਿੱਚੋਂ ਲੰਘ ਰਹੀ ਸੀ, ਤਾਂ ਉਸ ਨੂੰ ਮਹਿਸੂਸ ਹੋਇਆ ਜਿਵੇਂ ਉੱਡ ਰਹੀ ਹੋਵੇ।

ਉਸ ਨੇ ਦੱਸਿਆ, “ਉਹ 31 ਮਈ, 2019 ਦਾ ਦਿਨ ਸੀ। ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਚੰਗਾ ਅਤੇ ਸਭ ਤੋਂ ਮਾੜਾ ਦਿਨ ਕਿਵੇਂ ਭੁੱਲ ਸਕਦੀ ਹਾਂ।”

ਉੱਤਰੀ ਕੋਰੀਆ ਤੋਂ ਨਿਕਲਣ ਦਾ ਖ਼ਤਰਾ

ਉੱਤਰੀ ਕੋਰੀਆ ਤੋਂ ਬਚ ਨਿਕਲਣਾ ਖ਼ਤਰਨਾਕ ਅਤੇ ਔਖਾ ਕੰਮ ਹੈ।

ਪਿਛਲੇ ਸਾਲਾਂ ਵਿੱਚ ਕਿਮ ਜੌਂਗ ਉਨ ਦਾ ਭੱਜ ਜਾਣ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਰਵੱਈਆ ਬਹੁਤ ਸਖ਼ਤ ਰਿਹਾ ਹੈ।

ਫ਼ਿਰ ਮਹਾਂਮਾਰੀ ਦੇ ਸ਼ੁਰੂ ਵਿੱਚ, ਦੇਸ਼ ਦੇ ਬਾਰਡਰ ਸੀਲ ਕਰ ਦਿੱਤੇ ਗਏ ਜਿਸ ਨਾਲ ਸੌਂਗਮੀ ਜਿਸ ਦੀ ਉਮਰ ਉਸ ਵੇਲੇ ਸਤਾਰਾਂ ਸਾਲ ਸੀ, ਉੱਥੋਂ ਭੱਜ ਨਿਕਲਣ ਵਾਲੇ ਅਖੀਰਲੇ ਕੁਝ ਲੋਕਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਈ।

ਇਹ ਦੂਜੀ ਵਾਰ ਸੀ ਜਦੋਂ ਸੋਂਗਮੀ ਨੇ ਯਾਲੂ ਨਦੀ ਪਾਰ ਕੀਤੀ। ਇਹ ਨਦੀ ਉੱਤਰੀ ਕੋਰੀਆ ਨੂੰ ਚੀਨ ਤੋਂ ਵੱਖ ਕਰਦੀ ਹੈ ਅਤੇ ਭੱਜਣ ਵਾਲਿਆਂ ਲਈ ਇਹ ਹੀ ਇੱਕ ਥੋੜਾ ਸੌਖਾ ਰਾਹ ਹੈ।

ਜਦੋਂ ਉਹ ਪਹਿਲੀ ਵਾਰ ਗਈ ਸੀ, ਤਾਂ ਬਹੁਤ ਛੋਟੀ ਸੀ। ਮਾਂ ਨੇ ਉਸ ਨੂੰ ਆਪਣੀ ਪਿੱਠ ਉੱਤੇ ਬੰਨ੍ਹਿਆ ਹੋਇਆ ਸੀ। ਸੋਂਗਮੀ ਨੂੰ ਉਹ ਯਾਦਾਂ ਕੱਲ੍ਹ ਦੀ ਹੀ ਘਟਨਾ ਜਾਪਦੀਆਂ ਹਨ।

ਉਹ ਚੀਨ ਵਿੱਚ ਇੱਕ ਰਿਸ਼ਤੇਦਾਰ ਦੇ ਫ਼ਾਰਮ ਵਿੱਚ ਲੁਕਣ ਦੀ ਘਟਨਾ ਯਾਦ ਕਰਦੀ ਹੈ, ਜਦੋਂ ਸਟੇਟ ਪੁਲਿਸ ਉਨ੍ਹਾਂ ਨੂੰ ਲੱਭਦਿਆਂ ਉੱਥੇ ਪਹੁੰਚੀ ਸੀ।

ਉਸ ਨੂੰ ਯਾਦ ਹੈ ਕਿ ਕਿਵੇਂ ਉਸ ਦੇ ਮਾਤਾ-ਪਿਤਾ ਨੇ ਵਾਪਸ ਨਾ ਭੇਜੇ ਜਾਣ ਦੀਆਂ ਅਰਜੋਈਆਂ ਕੀਤੀਆਂ ਸੀ। ਰਿਸ਼ਤੇਦਾਰ ਨੇ ਰੋਂਦਿਆ ਕਿਹਾ ਸੀ, “ਇਨ੍ਹਾਂ ਦੀ ਥਾਂ ਮੈਨੂੰ ਭੇਜ ਦਿਓ।”

ਪਰ ਪੁਲਿਸ ਨੇ ਕਿਸੇ ਦੀ ਨਾ ਸੁਣੀ ਤੇ ਕੁੱਟ-ਕੁੱਟ ਕੇ ਉਨ੍ਹਾਂ ਦਾ ਚਿਹਰਾ ਲਹੂ ਲੁਹਾਣ ਕਰ ਦਿੱਤਾ ਸੀ।

ਵਾਪਸ ਉੱਤਰੀ ਕੋਰੀਆਂ ਵਿੱਚ, ਉਸ ਨੂੰ ਆਪਣੇ ਹਥਕੜੀਆਂ ਵਿੱਚ ਜਕੜੇ ਬਾਪ ਦੀ ਯਾਦ ਅੱਜ ਵੀ ਤਾਜ਼ੀ ਹੈ।

ਅਤੇ ਉਹ ਯਾਦ ਕਰਦੀ ਹੈ ਕਿ ਕਿਵੇਂ ਟਰੇਨ ਸਟੇਸ਼ਨ ਦੇ ਪਲੇਟਫ਼ਾਰਮ ’ਤੇ ਖੜ੍ਹੀ ਸੀ ਅਤੇ ਦੇਖ ਰਹੀ ਸੀ ਕਿ ਉਸ ਦੇ ਮਾਪਿਆ ਨੂੰ ਉੱਤਰੀ ਕੋਰੀਆ ਦੀ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਸੀ। ਉਹ ਉਸ ਵੇਲੇ ਮਹਿਜ਼ ਚਾਰ ਵਰ੍ਹਿਆਂ ਦੀ ਸੀ।

ਬਿਨ੍ਹਾਂ ਸਕੂਲ ਤੋਂ ਬੀਤਿਆ ਬਚਪਨ

ਸੋਂਗਮੀ ਨੂੰ ਚੀਨ ਬਾਰਡਰ ਤੋਂ ਅੱਧੇ ਘੰਟੇ ਦੀ ਦੂਰੀ ’ਤੇ ਸਥਿਤ ਉੱਤਰੀ ਕੋਰੀਆ ਦੇ ਕਸਬੇ ਮੁਸਾਨ ਵਿੱਚ ਉਸ ਦੇ ਦਾਦਾ-ਦਾਦੀ ਕੋਲ ਭੇਜ ਦਿੱਤਾ ਗਿਆ ਸੀ।

ਉਨ੍ਹਾਂ ਨੇ ਕਿਹਾ ਸੀ, “ਸੋਂਗਮੀ ਨੂੰ ਸਕੂਲ ਭੇਜਣਾ ਸਾਡੇ ਵਿੱਤ ਤੋਂ ਬਾਹਰ ਹੈ।”

ਕਮਿਊਨਿਸਟ ਉੱਤਰੀ ਕੋਰੀਆ ਵਿੱਚ ਸਿੱਖਿਆ ਮੁਫ਼ਤ ਹੈ, ਪਰ ਅਕਸਰ ਅਧਿਆਪਕਾਂ ਨੂੰ ਆਸ ਹੁੰਦੀ ਹੈ ਕਿ ਮਾਪੇ ਰਿਸ਼ਵਤ ਦੇਣ। ਪਰ ਸੋਂਗਮੀ ਦੇ ਦਾਦਾ-ਦਾਦੀ ਵਿੱਤੀ ਪੱਖੋਂ ਇਸ ਦੇ ਸਮਰੱਥ ਨਹੀਂ ਸਨ।

ਇਸ ਲਈ ਸੋਂਗਮੀ ਨੇ ਆਪਣਾ ਬਚਪਨ ਪਿੰਡ ਵਿੱਚ ਘੁੰਮਦਿਆਂ ਅਤੇ ਫ਼ਾਰਮ ’ਤੇ ਖਰਗੋਸ਼ਾਂ ਨੂੰ ਖਵਾਉਣ ਲਈ ਖਾਣਾ ਲੱਭਦਿਆਂ ਜੀਵਿਆ।

ਉਹ ਅਕਸਰ ਬਿਮਾਰ ਰਹਿੰਦੀ ਸੀ, ਖ਼ਾਸਕਰ ਗਰਮੀਆਂ ਦੌਰਾਨ।

ਸੋਂਗਮੀ ਕਹਿੰਦੀ ਹੈ, “ਮੈਂ ਜ਼ਿਆਦਾ ਖਾਂਦੀ ਨਹੀਂ ਸੀ ਇਸ ਲਈ ਮੇਰੀ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਘੱਟ ਸੀ। ਪਰ ਮੈਂ ਜਦੋਂ ਵੀ ਜਾਗਦੀ ਸੀ ਤਾਂ ਮੇਰੀ ਦਾਦੀ ਨੇ ਮੇਰੇ ਲਈ ਕੁਝ ਖਾਣ ਨੂੰ ਰੱਖਿਆ ਹੁੰਦਾ ਸੀ।”

ਕੋਰੀਆ
COURTESY SONGMI PARK
ਸੋਂਗਮੀ ਦੀ ਬਚਪਨ ਦੀ ਆਪਣੀ ਮਾਂ ਨਾਲ ਇੱਕ ਤਸਵੀਰ

ਪਿਤਾ ਨਾਲ ਆਖ਼ਰੀ ਮੁਲਾਕਾਤ ਤੇ ਮਾਂ ਦਾ ਜਾਣਾ

ਟਰੇਨ ਸਟੇਸ਼ਨ ਤੋਂ ਜੇਲ੍ਹ ਭੇਜੇ ਜਾਣ ਦੇ ਪੰਜ ਸਾਲ ਬਾਅਦ ਦੀ ਇੱਕ ਸ਼ਾਮ, ਉਸ ਦੇ ਪਿਤਾ ਹੌਲੀ ਜਿਹੀ ਉਸ ਦੇ ਮੰਜੇ ਕੋਲ ਆਏ ਅਤੇ ਧੀ ਨੂੰ ਕਲਾਵੇ ਵਿੱਚ ਲਿਆ। ਉਹ ਖੁਸ਼ੀ ਨਾਲ ਝੂਮ ਉੱਠੀ। ਜ਼ਿੰਦਗੀ ਮੁੜ ਸ਼ੁਰੂ ਹੋ ਸਕਦੀ ਸੀ। ਪਰ ਤਿੰਨ ਦਿਨ ਬਾਅਦ, ਪਿਤਾ ਦੀ ਮੌਤ ਹੋ ਗਈ। ਜੇਲ੍ਹ ਵਿੱਚ ਲੰਘੇ ਸਮੇਂ ਨੇ ਉਨ੍ਹਾਂ ਦੀ ਸਿਹਤ ਬੁਰੀ ਤਰ੍ਹਾਂ ਖ਼ਰਾਬ ਕਰ ਦਿੱਤੀ ਸੀ।

ਜਦੋਂ ਸੋਗਮੀ ਦੀ ਮਾਂ ਮਿਉਂਗ ਹੂਈ ਅਗਲੇ ਹਫ਼ਤੇ ਘਰ ਪਹੁੰਚੀ ਅਤੇ ਪਤਾ ਲੱਗਿਆ ਕਿ ਉਸ ਦੀ ਪਤੀ ਦੀ ਮੌਤ ਹੋ ਗਈ ਹੈ, ਉਹ ਬਹੁਤ ਪਰੇਸ਼ਾਨ ਹੋ ਗਈ। ਉਸ ਨੇ ਅਜਿਹਾ ਫ਼ੈਸਲਾ ਲਿਆ ਜਿਸ ਬਾਰੇ ਸੋਚਿਆ ਨਹੀਂ ਸੀ ਜਾ ਸਕਦਾ। ਉਹ ਦੁਬਾਰਾ ਉੱਤਰੀ ਕੋਰੀਆ ਛੱਡਣ ਦੀ ਕੋਸ਼ਿਸ਼ ਕਰੇਗੀ, ਉਹ ਵੀ ਇਕੱਲੀ।

ਸਵੇਰ ਨੂੰ ਉਸ ਦੀ ਮਾਂ ਚਲੀ ਗਈ, ਸੋਂਗਮੀ ਕਹਿੰਦੀ ਹੈ ਕਿ ਉਸ ਨੂੰ ਕੁਝ ਵੱਖਰਾ ਹੋਣ ਦਾ ਅਹਿਸਾਸ ਹੋ ਰਿਹਾ ਸੀ। ਉਸ ਦੀ ਮਾਂ ਅਜੀਬ ਤਰੀਕੇ ਨਾਲ ਤਿਆਰ ਹੋਈ ਸੀ।

“ਮਾਂ ਨੇ ਮੇਰੀ ਦਾਦੀ ਦੇ ਕੱਪੜੇ ਪਾਏ ਸਨ। ਮੈਨੂੰ ਪਤਾ ਨਹੀਂ ਸੀ ਕਿ ਉਹ ਕੀ ਯੋਜਨਾ ਬਣਾ ਰਹੀ ਹੈ ਪਰ ਇਹ ਜਾਣਦੀ ਸੀ ਕਿ ਜੇ ਮਾਂ ਹੁਣ ਗਈ ਤਾਂ ਮੈਂ ਉਸ ਨੂੰ ਲੰਬੇ ਸਮੇਂ ਤੱਕ ਦੁਬਾਰਾ ਦੇਖ ਨਹੀਂ ਸਕਾਂਗੀ।”

ਜਿਵੇਂ ਉਸ ਦੀ ਮਾਂ ਘਰੋਂ ਬਾਹਰ ਗਈ, ਸੋਂਗਮੀ ਨੇ ਬੈਡ ਉੱਤੇ ਚਾਦਰ ਨਾਲ ਖ਼ੁਦ ਨੂੰ ਢਕਿਆ ਅਤੇ ਰੋਣ ਲੱਗ ਗਈ।

ਕੋਰੀਆ
BBC/ HOSU LEE

ਇਕੱਲਿਆਂ ਬਿਤਾਇਆ ਲੰਬਾ ਸਮਾਂ

ਅਗਲੇ 10 ਸਾਲ ਉਸ ਲਈ ਸਭ ਤੋਂ ਔਖੇ ਸੀ।

ਦੋ ਸਾਲਾਂ ਦੇ ਅੰਦਰ ਉਸ ਦੇ ਦਾਦਾ ਦੀ ਮੌਤ ਹੋ ਗਈ। ਹੁਣ 10 ਸਾਲ ਦੀ ਉਮਰ ਵਿੱਚ ਉਹ ਇਕੱਲਿਆਂ ਬਿਸਤਰੇ ’ਤੇ ਬਿਮਾਰ ਪਈ ਆਪਣੀ ਦਾਦੀ ਦੀ ਦੇਖਭਾਲ ਕਰ ਰਹੀ ਸੀ। ਆਮਦਨ ਦਾ ਕੋਈ ਸਾਧਨ ਨਹੀਂ ਸੀ।

ਉਸ ਨੇ ਦੱਸਿਆ, “ਇੱਕ ਤੋਂ ਬਾਅਦ ਇੱਕ ਮੇਰੇ ਪਰਿਵਾਰ ਵਾਲੇ ਗਾਇਬ ਹੋ ਰਹੇ ਸੀ, ਇਹ ਬਹੁਤ ਡਰਾਉਣਾ ਸੀ।”

ਨਿਰਾਸ਼ਾ ਦੇ ਸਮੇਂ ਵਿੱਚ, ਜੇ ਤੁਸੀਂ ਜਾਣਦੇ ਹੋਵੋ ਕਿ ਕੀ ਲੱਭਣਾ ਹੈ ਤਾਂ ਉੱਤਰੀ ਕੋਰੀਆ ਦੇ ਪਹਾੜ ਕੁਝ ਨਾ ਕੁਝ ਖੁਰਾਕ ਦੇ ਸਕਦੇ ਹਨ।

ਹਰ ਸਵੇਰ ਸੋਂਗਮੀ ਦੋ ਘੰਟੇ ਤੁਰ ਕੇ ਪਹਾੜ ਚੜ੍ਹਦੀ, ਖਾਣ ਅਤੇ ਵੇਚਣ ਲਈ ਬੂਟੇ ਲੱਭਦੀ। ਕੁਝ ਜੜੀ-ਬੂਟੀਆਂ ਦਵਾਈ ਵਜੋਂ ਮਾਰਕਿਟ ਵਿੱਚ ਵੇਚੀਆਂ ਜਾ ਸਕਦੀਆਂ ਸੀ, ਪਰ ਪਹਿਲਾਂ ਉਨ੍ਹਾਂ ਨੂੰ ਧੋਣਾ, ਕੱਟਣਾ ਅਤੇ ਸੁਕਾਉਣਾ ਪੈਂਦਾ ਸੀ। ਜਿਸ ਦਾ ਮਤਲਬ ਸੀ ਕਿ ਉਹ ਦੇਰ ਰਾਤ ਤੱਕ ਕੰਮ ਕਰਦੀ ਰਹਿੰਦੀ ਸੀ।

“ਮੈਂ ਕੱਲ੍ਹ ਲਈ ਯੋਜਨਾ ਨਹੀਂ ਬਣਾ ਸਕਦੀ ਸੀ ਨਾ ਕੰਮ ਕਰ ਸਕਦੀ ਸੀ। ਮੈਂ ਹਰ ਰੋਜ਼ ਭੁੱਖਮਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਸੀ।”

ਮਹਿਜ਼ ਤਿੰਨ ਸੌ ਮੀਲ ਦੂਰ, ਸੋਂਗਮੀ ਦੀਮਾਂ ਮਿਊਂਗ ਹੂਈ ਦੱਖਣੀ ਕੋਰੀਆਂ ਪਹੁੰਚ ਗਈ ਸੀ।

ਇੱਕ ਸਾਲ ਦੇ ਸਫ਼ਰ ਵਿੱਚ ਪਹਿਲਾਂ ਚੀਨ ਵਿੱਚੋਂ ਹੁੰਦਿਆਂ ਲਾਓਸ, ਫ਼ਿਰ ਥਾਈਲੈਂਡ ਅਤੇ ਉੱਥੋਂ ਉਹ ਦੱਖਣੀ ਕੋਰੀਆ ਦੀ ਅੰਬੈਸੀ ਪਹੰਚੀ।

ਦੱਖਣੀ ਕੋਰੀਆ ਦੀ ਸਰਕਾਰ ਜਿਸ ਦਾ ਉੱਤਰੀ ਕੋਰੀਆ ਤੋਂ ਭੱਜ ਕੇ ਆਉਣ ਵਾਲਿਆਂ ਲਈ ਇਕਰਾਰਨਾਮਾ ਹੈ, ਨੇ ਉਸ ਨੂੰ ਸਿਓਲ ਭੇਜ ਦਿੱਤਾ। ਉਹ ਦੱਖਣੀ ਤਟ ਦੇ ਉਦਯੋਗਿਕ ਕਸਬੇ ਉਲਸਾਨ ਵਿੱਚ ਰਹਿਣ ਲੱਗੀ। ਉਹ ਆਪਣੀ ਧੀ ਨੂੰ ਉੱਥੋਂ ਲਿਆਉਣ ਲਈ ਲੋੜੀਂਦੇ ਪੈਸੇ ਕਮਾਉਣਾ ਚਾਹੁੰਦੀ ਸੀ।

ਉਸ ਨੇ ਸਮੁੰਦਰੀ ਜਹਾਜ਼ ਬਣਾਉਣ ਵਾਲੀ ਫ਼ੈਕਟਰੀ ਵਿੱਚ ਜਹਾਜ਼ਾਂ ਨੂੰ ਅੰਦਰੋਂ ਸਾਫ਼ ਕਰਨ ਦਾ ਕੰਮ ਕੀਤਾ, ਉਹ ਰੋਜ਼ਾਨਾ ਕੰਮ ਕਰਦੀ ਸੀ।

ਉੱਤਰੀ ਕੋਰੀਆ ਤੋਂ ਬਚ ਕੇ ਆਉਣਾ ਬਹੁਤ ਮਹਿੰਗਾ ਹੈ। ਇੱਕ ਵਿਚੋਲੀਏ ਦੀ ਲੋੜ ਹੁੰਦੀ ਹੈ ਜੋ ਰਸਤੇ ਦੇ ਅੜਿੱਕੇ ਦੂਰ ਕਰਨ ਵਿੱਚ ਮਦਦ ਕਰੇ ਅਤੇ ਰਸਤੇ ਵਿੱਚ ਆਉਣ ਵਾਲਿਆਂ ਨੂੰ ਰਿਸ਼ਵਤ ਦੇ ਕੇ ਚੁੱਪ ਕਰਵਾਏ।

ਰਾਤ ਵੇਲੇ, ਮਿਊਂਗ ਹੂਈ ਹਨੇਰੇ ਵਿੱਚ ਇਕੱਲੀ ਬੈਠਦੀ ਅਤੇ ਆਪਣੀ ਧੀ ਬਾਰੇ ਸੋਚਦੀ ਕਿ ਉਹ ਕੀ ਕਰ ਰਹੀ ਹੋਏਗੀ, ਕਿਵੇਂ ਦਿਸ ਰਹੀ ਹੋਏਗੀ।

ਜਦੋਂ ਸੋਂਗਮੀ ਦਾ ਜਨਮ ਦਿਨ ਆਉਂਦਾ ਤਾਂ ਸਭ ਤੋਂ ਔਖਾ ਸਮਾਂ ਹੁੰਦਾ। ਉਹ ਅਲਮਾਰੀ ਵਿੱਚੋਂ ਖੇਡਣ ਵਾਲੀ ਗੁੱਡੀ ਚੁੱਕਦੀ ਅਤੇ ਉਸ ਨਾਲ ਗੱਲਾਂ ਕਰਦੀ ਜਿਵੇਂ ਉਹ ਉਸ ਦੀ ਧੀ ਹੋਵੇ। ਉਹ ਰਾਬਤਾ ਕਰਨ ਦੇ ਤਰੀਕੇ ਲੱਭਦੀ।

ਜਦੋਂ ਰਸੋਈ ਵਿੱਚ ਬੈਠੀ ਸੋਂਗਮੀ ਦੀ ਮਾਂ ਉਨ੍ਹਾਂ ਦੇ ਵੱਖ ਹੋਣ ਦੇ ਸਮੇਂ ਬਾਰੇ ਸੋਚਦੀ, ਤਾਂ ਰੋਣ ਲੱਗ ਜਾਂਦੀ ਹੈ। ਉਸ ਦੀ ਧੀ ਉਸ ਨੂੰ ਕਲਾਵੇ ਵਿੱਚ ਲੈਂਦੀ ਹੈ।

ਉਹ ਕਹਿੰਦੀ ਹੈ, “ਰੋਣਾ ਬੰਦ ਕਰੋ, ਤੁਹਾਡਾ ਸੋਹਣਾ ਮੇਕ-ਅਪ ਖ਼ਰਾਬ ਹੋ ਰਿਹਾ ਹੈ।”

ਕੋਰੀਆ
Getty Images
ਸੋਂਗਮੀ ਨੇ ਆਪਣੀ ਬਹੁਤੀ ਜ਼ਿੰਦਗੀ ਉੱਤਰੀ ਕੋਰੀਆ ਵਿੱਚ ਬਿਤਾਈ

ਮਾਂ-ਧੀ ਦਾ ਮਿਲਣ

ਇੱਕ ਦਲਾਲ ਨੂੰ 17,000 ਯੂਰੋ ਅਦਾ ਕਰਕੇ, ਮਿਓਂਗ ਹੂਈ ਆਖ਼ਰ ਆਪਣੀ ਧੀ ਨੂੰ ਉੱਥੋਂ ਲਿਆਉਣ ਦਾ ਪ੍ਰਬੰਧ ਕਰ ਸਕੀ ਸੀ। ਅਚਾਨਕ, ਸੋਂਗਮੀ ਦੀ ਦਹਾਕਿਆਂ ਦੀ ਉਡੀਕ ਖ਼ਤਮ ਹੋ ਗਈ ਸੀ।

ਯਾਲੂ ਨਦੀ ਪਾਰ ਕਰਕੇ ਚੀਨ ਆਉਣ ਬਾਅਦ, ਉਸ ਨੇ ਖ਼ੁਦ ਨੂੰ ਲੁਕੋ ਕੇ ਰੱਖਿਆ। ਉਹ ਰਾਤ ਨੂੰ ਆਪਣੀ ਥਾਂ ਬਦਲਦੀ ਸੀ, ਇੱਕ ਵਾਰ ਫਿਰ ਫੜੇ ਜਾਣ ਤੋਂ ਡਰਦੀ ਸੀ। ਉਸ ਨੇ ਬੱਸ ਫੜੀ ਅਤੇ ਲਾਓਸ ਪਹੁੰਚੀ ਜਿੱਥੇ ਉਸ ਨੇ ਇੱਕ ਚਰਚ ਵਿੱਚ ਆਸਰਾ ਲਿਆ।

ਫ਼ਿਰ ਉਹ ਦੱਖਣੀ ਕੋਰੀਆ ਦੀ ਅਮਬੈਸੀ ਵਿੱਚ ਪਹੁੰਚੀ। ਉਹ ਅਮਬੈਸੀ ਵਿੱਚ ਤਿੰਨ ਮਹੀਨਿਆਂ ਤੱਕ ਰਹੀ, ਫਿਰ ਦੱਖਣੀ ਕੋਰੀਆ ਭੇਜੀ ਗਈ।

ਉੱਥੇ ਪਹੁੰਚਣ ’ਤੇ ਉਸ ਨੂੰ ਪੁਨਰਵਾਸ ਕੇਂਦਰ ਵਿੱਚ ਮਹੀਨੇ ਗੁਜ਼ਾਰੇ, ਜੋ ਕਿ ਅਕਸਰ ਉੱਤਰੀ ਕੋਰੀਆ ਤੋਂ ਭੱਜ ਕੇ ਆਏ ਲੋਕਾਂ ਲਈ ਆਮ ਹੈ। ਪੂਰੇ ਸਫ਼ਰ ਨੂੰ ਇੱਕ ਸਾਲ ਲੱਗ ਗਿਆ ਪਰ ਸੋਂਗਮੀ ਲਈ ਇਹ 10 ਸਾਲਾਂ ਜਿਹਾ ਸੀ।

ਆਖਿਰਕਾਰ ਇਕੱਠੀਆਂ ਹੋਈਆਂ ਮਾਂ-ਧੀ ਮਿਉਂਗ ਹੂਈ ਦੇ ਘਰੇ ਬਣਾਕੇ ਮਸਾਲੇਦਾਰ ਨੂਡਲ ਖਾਦੇ।

ਉੱਤਰੀ ਕੋਰੀਆ ਦਾ ਇਹ ਪਕਵਾਨ ਸੋਂਗਮੀ ਦਾ ਪਸੰਦੀਦਾ ਹੈ। ਮਾਂ ਕੁਝ ਉਦਾਸ ਸੀ ਤੇ ਉਸ ਨੂੰ ਆਪਣਾ-ਆਪਾ ਦੋਸ਼ੀ ਨਜ਼ਰ ਆਉਂਦਾ ਸੀ। ਪਰ ਇਸਦੇ ਉੱਲਟ ਸੋਂਗਮੀ ਵਿੱਚੋਂ ਇੱਕ ਵੱਖਰੀ ਹੀ ਊਰਜਾ ਦਿਸਦੀ ਹੈ।

ਉਹ ਬਚਪਨ ਦੇ ਸਦਮੇ ਲੁਕਾਉਂਦਿਆਂ ਆਪਣੀ ਮਾਂ ਨੂੰ ਅਰਾਮ ਦੇਣ ਲਈ ਹੱਸਦੀ ਹੈ ਅਤੇ ਚੁਟਕਲੇ ਸੁਣਾਉਂਦੀ ਹੈ।

ਉਹ ਕਹਿੰਦੀ ਹੈ, “ਜਿਸ ਦਿਨ ਮੈਨੂੰ ਪੁਨਰਵਾਸ ਕੇਂਦਰ ਤੋਂ ਛੱਡਿਆ ਗਿਆ, ਮੈਂ ਬਹੁਤ ਘਬਰਾਈ ਹੋਈ ਸੀ। ਮੈਨੂੰ ਨਹੀਂ ਸੀ ਪਤਾ ਕਿ ਮੈਂ ਆਪਣੀ ਮਾਂ ਨੂੰ ਕੀ ਕਹਾਂਗੀ। ਮੈਂ ਉਸ ਦੇ ਸਾਹਮਣੇ ਖ਼ੂਬਸੂਰਤ ਲੱਗਣਾ ਚਾਹੁੰਦੀ ਸੀ। ਪਰ ਮੇਰਾ ਭਾਰ ਵਧ ਗਿਆ ਸੀ ਅਤੇ ਵਾਲ ਬਹੁਤ ਖਰਾਬ ਸੀ।”

ਮਿਓਂਗ ਹੂਈ ਮੰਨਦੇ ਹਨ, “ਮੈਨੂੰ ਵੀ ਬਹੁਤ ਘਬਰਾਹਟ ਹੋ ਰਹੀ ਸੀ।”

ਕੋਰੀਆ
AFP
ਚੀਨੀ ਪੁਲਿਸ ਕਰਮੀ ਕਿਸੇ ਖਾਸ ਕਾਫ਼ਲੇ ਲਈ ਸੜਕ ਨੂੰ ਬਲਾਕ ਕੀਤੇ ਹੋਏ, ਮੰਨਿਆ ਜਾ ਰਿਹਾ ਹੈ ਕਿ ਇਹ ਉੱਤਰ ਕੋਰੀਆਈ ਅਧਿਕਾਰੀਆਂ ਲਈ ਕੀਤਾ ਗਿਆ ਸੀ (ਇੱਕ ਪੁਰਾਣੀ ਤਸਵੀਰ)

ਮਾਂ ਲਈ ਧੀ ਨੂੰ ਪਛਾਣਨ ਦੇ ਪਲ ਬਹੁਤ ਭਾਵੁਕ ਰਹੇ

ਮਿਓਂਗ ਹੂਈ ਆਪਣੀ ਧੀ ਨੂੰ ਪਛਾਣ ਵੀ ਨਹੀਂ ਸਕੀ ਸੀ। ਉਸ ਨੇ ਆਖਿਰੀ ਵਾਰ ਜਦੋਂ ਆਪਣੀ ਧੀ ਨੂੰ ਦੇਖਿਆ ਸੀ ਉਹ ਅੱਠ ਸਾਲ ਦੀ ਸੀ, ਅਤੇ ਹੁਣ ਜਦੋਂ ਮਿਲ ਰਹੀ ਸੀ ਤਾਂ ਉਹ ਅਠਾਰਾਂ ਸਾਲ ਦੀ ਸੀ।

ਉਸ ਨੇ ਕਿਹਾ, “ਹੁਣ ਉਹ ਮੇਰੇ ਸਾਹਮਣੇ ਸੀ , ਮੈਂ ਇਹ ਮੰਨ ਲਿਆ ਸੀ ਕਿ ਇਹ ਉਹੀ ਹੋਏਗੀ। ਮੈਂ ਬਹੁਤ ਕੁਝ ਕਹਿਣਾ ਚਾਹੁੰਦੀ ਸੀ, ਪਰ ਮੂੰਹੋਂ ਬੋਲਿਆ ਹੀ ਨਾ ਗਿਆ। ਮੈਂ ਉਸ ਨੂੰ ਜੱਫੀ ਪਾਈ ਅਤੇ ਕਿਹਾ, ਸ਼ਾਬਾਸ਼, ਤੂੰ ਇੱਥੋਂ ਤੱਕ ਪਹੁੰਚਣ ਲਈ ਬਹੁਤ ਔਖੇ ਸਮੇਂ ਵਿੱਚੋਂ ਗੁਜ਼ਰੀ ਹੈਂ।”

ਸੋਂਗਮੀ ਕਹਿੰਦੀ ਹੈ ਕਿ ਉਸ ਦਾ ਦਿਮਾਗ਼ ਕੋਰਾ ਹੋ ਗਿਆ ਸੀ। ਅਸੀਂ ਸਿਰਫ਼ ਰੋਈਆਂ ਅਤੇ ਪੰਦਰਾਂ ਮਿੰਟ ਤੱਕ ਜੱਫੀ ਪਾਈ ਰੱਖੀ। ਸਭ ਕੁਝ ਸੁਫ਼ਨੇ ਜਿਹਾ ਲੱਗ ਰਿਹਾ ਸੀ।

ਹੁਣ ਜਿਵੇਂ ਸੋਂਗਮੀ ਅਤੇ ਉਸ ਦੀ ਮਾਂ ਆਪਣਾ ਰਿਸ਼ਤਾ ਸ਼ੁਰੂਆਤ ਤੋਂ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਇੱਕ ਸਵਾਲ ਹੈ ਜੋ ਉਹ ਆਪਣੀ ਮਾਂ ਤੋਂ ਪੁੱਛਣ ਦਾ ਹੌਸਲਾ ਨਹੀਂ ਕਰ ਸਕੀ। ਉਹ ਸਵਾਲ ਉਹ ਹਰ ਰੋਜ਼ ਖੁਦ ਨੂੰ ਪੁੱਛ ਰਹੀ ਹੈ ਜਦੋਂ ਤੋਂ ਉਹ ਅੱਠ ਸਾਲ ਦੀ ਸੀ।

ਹੁਣ, ਦੁਪਹਿਰ ਦਾ ਖਾਣਾ ਖਾਂਦਿਆਂ, ਉਹ ਕਹਿੰਦੀ ਹੈ।

“ਤੁਸੀਂ ਮੈਨੂੰ ਛੱਡ ਕੇ ਕਿਉਂ ਆਏ?”

ਘਬਰਾਹਟ ਵਿੱਚ ਮਿਓਂਗ ਸਮਝਾਉਣਾ ਸ਼ੁਰੂ ਕਰਦੀ ਹੈ। ਪਹਿਲੀ ਵਾਰ ਭੱਜ ਨਿਕਲਣ ਦਾ ਵਿਚਾਰ ਉਸ ਦਾ ਸੀ, ਫਿਰ ਉਹ ਕਿਵੇਂ ਜੇਲ੍ਹ ਤੋਂ ਵਾਪਸ ਆ ਕੇ ਆਪਣੇ ਸਹੁਰਿਆਂ ਵਿੱਚ ਰਹਿ ਸਕਦੀ ਸੀ, ਜੋ ਉਸ ਨੂੰ ਯਾਦ ਕਰਾਉਂਦੇ ਕਿ ਉਹ ਬਚ ਗਈ ਪਰ ਉਨ੍ਹਾਂ ਦਾ ਬੇਟਾ ਮਰ ਗਿਆ।

ਉਸ ਕੋਲ ਕੋਈ ਪੈਸਾ ਨਹੀਂ ਸੀ ਅਤੇ ਨਾ ਕੋਈ ਰਸਤਾ ਦਿਸ ਰਿਹਾ ਸੀ ਕਿ ਸੋਂਗਮੀ ਅਤੇ ਉਹ ਇਕੱਲੀਆਂ ਰਹਿ ਸਕਣ।

ਉਸ ਨੇ ਕਿਹਾ, “ਮੈਂ ਤੈਨੂੰ ਨਾਲ ਲਿਆਉਣਾ ਚਾਹੁੰਦੀ ਸੀ ਪਰ ਦਲਾਲ ਨੇ ਬੱਚੇ ਨਾਲ ਲਿਆਉਣ ਤੋਂ ਇਨਕਾਰ ਕਰ ਦਿੱਤਾ। ਅਤੇ ਜੇ ਅਸੀਂ ਫਿਰ ਫੜੇ ਜਾਂਦੇ ਤਾਂ ਦੋਹਾਂ ਨੂੰ ਦਰਦ ਸਹਿਣਾ ਪੈਣਾ ਸੀ। ਇਸ ਲਈ ਮੈਂ ਤੇਰੀ ਦਾਦੀ ਨੂੰ ਇੱਕ ਸਾਲ ਲਈ ਤੇਰੀ ਦੇਖ ਭਾਲ ਕਰਨ ਲਈ ਕਿਹਾ।”

ਸੋਂਗਮੀ ਨੇ ਆਪਣੀਆਂ ਨਜ਼ਰਾਂ ਥੱਲੇ ਝੁਕਾਉਂਦਿਆਂ ਕਿਹਾ, “ਇੱਕ ਸਾਲ ਦਸ ਸਾਲ ਬਣ ਗਏ।”

“ਹਾਂ”, ਉਸ ਦੀ ਮਾਂ ਨੇ ਸਿਰ ਹਿਲਾਇਆ।

“ਜਿਸ ਸਵੇਰ ਮੈਂ ਉੱਥੋਂ ਆਈ, ਮੇਰੇ ਪੈਰ ਹਿੱਲ ਨਹੀਂ ਸੀ ਰਹੇ ਪਰ ਤੇਰੇ ਦਾਦਾ ਨੇ ਮੈਨੂੰ ਤੋਰਿਆ। ਉਨ੍ਹਾਂ ਨੇ ਮੈਨੂੰ ਨਿਕਲ ਜਾਣ ਨੂੰ ਕਿਹਾ। ਮੈਂ ਚਾਹੁੰਦੀ ਹਾਂ ਕਿ ਤੂੰ ਜਾਣੇ ਕਿ ਮੈਂ ਤੈਨੂੰ ਛੱਡ ਜਾਣਾ ਨਹੀਂ ਸੀ ਚਾਹੁੰਦੀ। ਮੈਂ ਤੈਨੂੰ ਬਿਹਤਰ ਜ਼ਿੰਦਗੀ ਦੇਣਾ ਚਾਹੁੰਦੀ ਸੀ। ਇਹੀ ਸਹੀ ਰਸਤਾ ਲਗ ਰਿਹਾ ਸੀ।”

ਕੋਰੀਆ
COURTESY SONGMI

ਜ਼ਿੰਦਗੀ ਬਚਾਉਣ ਲਈ ਲਏ ਗਏ ਔਖੇ ਫ਼ੈਸਲੇ

ਇਹ ਫ਼ੈਸਲਾ ਉੱਤਰੀ ਕੋਰੀਆ ਤੋਂ ਬਾਹਰ ਰਹਿਣ ਵਾਲੇ ਕਿਸੇ ਨੂੰ ਵੀ ਨਾਸਮਝੀ ਵਾਲਾ ਲੱਗ ਸਕਦਾ ਹੈ। ਪਰ ਇਹ ਸਾਹਸ ਭਰੇ ਫ਼ੈਸਲੇ ਅਤੇ ਖਤਰੇ ਲੋਕਾਂ ਨੂੰ ਆਪਣੇ ਬਚਾਅ ਲਈ ਲੈਣੇ ਪੈਂਦੇ ਹਨ।

ਕਿਮ ਜੋਗ ਉਨ ਦੀ ਅਗਵਾਈ ਵਾਲੀ ਸਰਕਾਰ ਨੇ ਸਰਹੱਦਾਂ ''''ਤੇ ਸਖ਼ਤੀ ਵਧਾ ਦਿੱਤੀ ਹੈ ਅਤੇ ਜੇ ਕੋਈ ਭੱਜਦਾ ਫੜਿਆ ਜਾਵੇ ਤਾਂ ਉਸ ਲਈ ਸਜ਼ਾ ਸਖ਼ਤ ਕਰ ਦਿੱਤੀ ਹੈ।

2020 ਤੋਂ ਪਹਿਲਾਂ 1,000 ਤੋਂ ਵੱਧ ਉੱਤਰੀ ਕੋਰੀਅਨ ਹਰ ਸਾਲ ਦੱਖਣੀ ਕੋਰੀਆ ਪਹੁੰਚਦੇ ਸੀ ਪਰ ਜਦੋਂ ਸੋਂਗਮੀ ਆਈ ਯਾਨੀ 2020 ਵਿੱਚ ਇਹ ਗਿਣਤੀ 229 ਰਹਿ ਗਈ।

ਉਸ ਸਾਲ ਜਦੋਂ ਮਹਾਂਮਾਰੀ ਫੈਲੀ, ਉੱਤਰੀ ਕੋਰੀਆਂ ਨੇ ਆਪਣੇ ਬਾਰਡਰ ਸੀਲ ਕਰ ਦਿੱਤੇ ਅਤੇ ਲੋਕਾਂ ਦੀ ਯਾਤਰਾ ਬੈਨ ਕਰ ਦਿੱਤੀ। ਬਾਰਡਰ ''''ਤੇ ਤੈਨਾਤ ਸਿਪਾਹੀਆਂ ਨੂੰ ਹੁਕਮ ਸੀ ਕਿ ਕੋਈ ਭੱਜਣ ਦੀ ਕੋਸ਼ਿਸ਼ ਕਰਦਾ ਦਿਸੇ ਤਾਂ ਗੋਲੀ ਮਾਰ ਦਿਓ।

ਪਿਛਲੇ ਸਾਲ 67 ਉੱਤਰੀ ਕੋਰੀਅਨ, ਦੱਖਣ ਵਿੱਚ ਪਹੁੰਚੇ। ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਮਹਾਂਮਾਰੀ ਤੋਂ ਪਹਿਲਾਂ ਉੱਤਰੀ ਕੋਰੀਆ ਛੱਡਿਆ ਸੀ।

ਸੋਂਗਮੀ ਉਨ੍ਹਾਂ ਅਖੀਰਲਿਆਂ ਵਿੱਚੋਂ ਸੀ ਜੋ ਬਾਰਡਰ ਪਾਰ ਕਰ ਸਕੇ। ਇਸ ਲਈ ਉਸ ਦੀਆਂ ਯਾਦਾਂ ਅਨਮੋਲ ਹਨ, ਕਿਉਂਕਿ ਉਹ ਦੁਨੀਆ ਦੇ ਸਭ ਤੋਂ ਰਹੱਸਮਈ ਦੇਸ਼ ਦੇ ਤਾਜ਼ਾ ਹਾਲਾਤ ਦੀ ਤਸਵੀਰ ਪੇਸ਼ ਕਰਦੀਆਂ ਹਨ।

ਉਹ ਯਾਦ ਕਰਦੀ ਹੈ ਕਿ ਕਿਵੇਂ ਗਰਮੀਆਂ ਵਿੱਚ ਤਾਪਮਾਨ ਵਧ ਰਿਹਾ ਸੀ। 2017 ਤੱਕ, ਫਸਲਾਂ ਸੁੱਕ ਕੇ ਮਰਨਾ ਸ਼ੁਰੂ ਹੋ ਗਈਆਂ, ਜਿਸ ਨਾਲ ਅਗਲੇ ਮੌਸਮਾਂ ਵਿੱਚ ਖਾਣ ਲਈ ਕੁਝ ਨਹੀਂ ਬਚਦਾ ਸੀ।

ਪਰ ਫਿਰ ਵੀ ਕਿਸਾਨਾਂ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਹਰ ਸਾਲ ਸਰਕਾਰ ਨੂੰ ਫਸਲ ਦਾ ਹਿੱਸਾ ਦੇਣ, ਜਿਸ ਦਾ ਮਤਲਬ ਸੀ ਕਿ ਉਨ੍ਹਾਂ ਕੋਲ ਬਹੁਤ ਥੋੜ੍ਹਾ ਬਚਦਾ ਸੀ ਜਾਂ ਫਿਰ ਕਈ ਵਾਰ ਕੁਝ ਵੀ ਨਹੀਂ ਬਚਦਾ ਸੀ।

ਉਹ ਭੋਜਨ ਦੀ ਤਲਾਸ਼ ਵਿੱਚ ਪਹਾੜਾਂ ਵਿੱਚ ਜਾਣ ਲੱਗੇ ਸੀ। ਕਈਆਂ ਨੇ ਕਿਸਾਨੀਂ ਦਾ ਧੰਦਾ ਛੱਡਣ ਦਾ ਫ਼ੈਸਲਾ ਲਿਆ।

ਜਿਹੜੇ ਖਦਾਣਾਂ ਵਿੱਚ ਕੰਮ ਕਰਦੇ ਸੀ, ਉਨ੍ਹਾਂ ਲਈ ਹੋਰ ਵੀ ਔਖਾ ਸੀ। ਉੱਤਰੀ ਕੋਰੀਆ ਦੇ ਪਰਮਾਣੂ ਪ੍ਰੀਖਣ ਤੋਂ ਬਾਅਦ 2017 ਵਿੱਚ ਉੱਤਰੀ ਕੋਰੀਆ ‘ਤੇ ਲੱਗੀ ਕੌਮਾਂਤਰੀ ਰੋਕ ਦਾ ਮਤਲਬ ਸੀ ਕਿ ਕੋਈ ਵੀ ਖਦਾਣ ਦੇ ਕੱਚੇ ਲੋਹੇ ਨੂੰ ਨਹੀਂ ਖਰੀਦ ਸਕੇਗਾ।

ਖਦਾਣਾਂ ਦਾ ਕੰਮ ਤਕਰੀਬਨ ਬੰਦ ਹੋ ਗਿਆ ਅਤੇ ਕਾਮਿਆਂ ਨੂੰ ਮਿਹਨਤਾਨਾ ਮਿਲਣਾ ਬੰਦ ਹੋ ਗਿਆ। ਉਹ ਦੱਸਦੀ ਹੈ ਕਿ ਉਹ ਰਾਤ ਨੂੰ ਖਦਾਣਾਂ ਵਿੱਚ ਜਾਂਦੇ ਅਤੇ ਵੇਚਣ ਲਈ ਕੁਝ ਚੋਰੀ ਕਰਦੇ। ਉਹ ਨਹੀਂ ਜਾਣਦੇ ਸੀ ਕਿ ਜੰਗਲ ਵਿੱਚ ਕਿਵੇਂ ਕੁਝ ਖਾਣ ਨੂੰ ਲੱਭਣ।

ਪਰ 2019 ਤੱਕ, ਖਾਣਾ ਲੱਭਣ ਤੋਂ ਵੀ ਵੱਡਾ ਡਰ ਸੀ ਵਿਦੇਸ਼ੀ ਫ਼ਿਲਮਾਂ ਅਤੇ ਟੀਵੀ ਪ੍ਰੋਗਰਾਮ ਦੇਖਦਿਆ ਫੜੇ ਜਾਣਾ। ਇਹ ਪ੍ਰੋਗਰਾਮ ਉੱਤਰੀ ਕੋਰੀਆ ਵਿੱਚ ਸਮੱਗਲ ਕੀਤੇ ਗਏ ਤਾਂ ਕਿ ਸਥਾਨਕ ਲੋਕ ਪੱਛਮ ਦੀ ਚਮਕ-ਦਮਕ ਭਰੀ ਜ਼ਿੰਦਗੀ ਦੀ ਝਲਕ ਦੇਖ ਸਕਣ।

ਕੋਰੀਅਨ ਡਰਾਮਿਆਂ ਵਿੱਚ ਦਿਖਾਈਆਂ ਜਾਂਦੀਆਂ ਅਜੋਕੇ ਦੱਖਣੀ ਕੋਰੀਆ ਦੀਆਂ ਦਿਲਕਸ਼ ਤਸਵੀਰਾਂ ਸਰਕਾਰ ਲਈ ਸਭ ਤੋਂ ਵੱਡਾ ਖਤਰਾ ਸੀ।

“ਦੱਖਣੀ ਕੋਰੀਅਨ ਫ਼ਿਲਮ ਦੇਖਦਿਆਂ ਫੜੇ ਜਾਣ ''''ਤੇ ਜੁਰਮਾਨਾ ਜਾਂ ਫਿਰ ਦੋ-ਤਿੰਨ ਸਾਲ ਦੀ ਜੇਲ੍ਹ ਹੋ ਸਕਦੀ ਸੀ। ਪਰ 2019 ਤੱਕ ਹਾਲਾਤ ਇਹ ਹੋਏ ਕਿ ਅਜਿਹਾ ਕਰਨ ''''ਤੇ ਸਿਆਸੀ ਜੇਲ੍ਹ ਕੈਂਪ ਵਿੱਚ ਭੇਜਿਆ ਜਾ ਸਕਦਾ ਸੀ।”, ਸੋਂਗਮੀ ਕਹਿੰਦੀ ਹੈ।

ਉਸ ਨੂੰ ਪੈਨ ਡਰਾਈਵ ਵਿੱਚ ਇੱਕ ਭਾਰਤੀ ਫ਼ਿਲਮ ਨਾਲ ਫੜਿਆ ਗਿਆ ਸੀ ਪਰ ਉਹ ਅਫਸਰਾਂ ਨੂੰ ਸਮਝਾਉਣ ਵਿੱਚ ਸਫਲ ਰਹੀ ਕਿ ਉਹ ਨਹੀਂ ਜਾਣਦੀ ਸੀ ਕਿ ਇਸ ਵਿੱਚ ਫ਼ਿਲਮ ਹੈ। ਉਹ ਜੁਰਮਾਨਾ ਦੇ ਕੇ ਛੁੱਟ ਗਈ। ਉਸ ਦੀ ਦੋਸਤ ਦੀ ਕਿਸਮਤ ਨੇ ਇੰਨਾ ਸਾਥ ਨਹੀਂ ਦਿੱਤਾ। ਜੂਨ 2022 ਵਿੱਚ ਉਸ ਦੀ ਦੋਸਤ ਦੀ ਮਾਂ ਦਾ ਫ਼ੋਨ ਆਇਆ।

“ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੇਰੀ ਦੋਸਤ ‘ਸਕੁਇਡ ਗੇਮ’ ਦੀ ਕਾਪੀ ਨਾਲ ਫੜੀ ਗਈ ਹੈ ਅਤੇ ਕਿਉਂਕਿ ਉਹ ਹੀ ਦੂਜਿਆਂ ਨੂੰ ਵੀ ਇਹ ਕਾਪੀ ਵੰਡ ਰਹੀ ਸੀ, ਉਸ ਨੂੰ ਫਾਂਸੀ ਦੇ ਦਿੱਤੀ ਗਈ।”, ਸੋਂਗਮੀ ਕਹਿੰਦੀ ਹੈ।

ਸੋਂਗਮੀ ਦਾ ਬਿਆਨ ਉੱਤਰੀ ਕੋਰੀਆ ਤੋਂ ਆਈਆਂ ਰਿਪੋਰਟਾਂ ਨਾਲ ਮਿਲਦਾ ਹੈ ਜਿਨ੍ਹਾਂ ਮੁਤਾਬਕ ਵਿਦੇਸ਼ੀ ਫ਼ਿਲਮਾਂ ਵੰਡਣ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਸੀ।

ਉਸ ਨੇ ਕਿਹਾ, “ਜਾਪਦਾ ਹੈ ਕਿ ਹਾਲਾਤ ਹੋਰ ਡਰਾਉਣੇ ਹੋ ਗਏ ਹਨ। ਲੋਕਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤਾਂ ਦੱਖਣੀ ਕੋਰੀਅਨ ਮੀਡੀਆ ਰੱਖਣ ''''ਤੇ ਕੈਂਪਾਂ ਵਿੱਚ ਭੇਜਿਆ ਜਾ ਰਿਹਾ ਹੈ, ਉਮਰ ਦਾ ਵੀ ਲਿਹਾਜ਼ ਨਹੀਂ ਹੈ।”

ਪੂੰਜੀਵਾਦੀ ਦੱਖਣੀ ਕੋਰੀਆਂ ਦੀ ਜ਼ਿੰਦਗੀ ਵਿੱਚ ਅਡਜਸਟ ਹੋਣਾ, ਉੱਤਰੀ ਕੋਰੀਆ ਦੇ ਲੋਕਾਂ ਲਈ ਅਕਸਰ ਸੌਖਾ ਨਹੀਂ ਰਹਿੰਦਾ। ਸਭ ਕੁਝ ਉਨ੍ਹਾਂ ਦੇ ਤਜਰਬਿਆਂ ਤੋਂ ਬਹੁਤ ਵੱਖਰਾ ਹੁੰਦਾ ਹੈ। ਪਰ ਸੋਂਗਮੀ ਬਾਖੂਬੀ ਨਾਲ ਸਭ ਕਰ ਰਹੀ ਹੈ।

ਉਹ ਆਪਣੇ ਦੋਸਤਾਂ ਨੂੰ ਯਾਦ ਕਰਦੀ ਹੈ, ਜਿਨ੍ਹਾਂ ਨੂੰ ਉਹ ਦੱਸ ਨਹੀਂ ਸਕੀ ਕਿ ਉਹ ਜਾ ਰਹੀ ਹੈ। ਉਹ ਉਨ੍ਹਾਂ ਨਾਲ ਨੱਚਣਾ ਯਾਦ ਕਰਦੀ ਹੈ ਅਤੇ ਮਿੱਟੀ ਵਿੱਚ ਉਨ੍ਹਾਂ ਨਾਲ ਖੇਡਣਾ ਯਾਦ ਕਰਦੀ ਹੈ।

ਉਹ ਕਹਿੰਦੀ ਹੈ, “ਦੱਖਣੀ ਕੋਰੀਆ ਵਿੱਚ ਜਦੋਂ ਤੁਸੀਂ ਆਪਣੇ ਦੋਸਤਾਂ ਨਾਲ ਮਿਲਦੇ ਹੋ, ਤਾਂ ਸਿਰਫ਼ ਸ਼ੌਪਿੰਗ ਲਈ ਜਾਂ ਜੱਫੀ ਪੀਣ ਜਾਂਦੇ ਹੋ।”

ਕੋਰੀਆ
Getty Images
ਕਿਮ ਇਲ ਸੰਗ ਦੀਆਂ ਮੂਰਤੀਆਂ

ਸੋਂਗਮੀ ਦਾ ਵਿਸ਼ਵਾਸ ਕਿ ਉਹ ਦੱਖਣੀ ਕੋਰੀਆ ਦੇ ਆਪਣੇ ਸਾਥੀਆਂ ਤੋਂ ਵੱਖ ਨਹੀਂ ਹੈ, ਨੇ ਜਲਦੀ ਘੁਲਣ ਮਿਲਣ ਵਿੱਚ ਉਸ ਦੀ ਮਦਦ ਕੀਤੀ।

ਉਹ ਕਹਿੰਦੀ ਹੈ, “ਚੀਨ ਅਤੇ ਲਾਓਸ ਵਿੱਚੋਂ ਦੀ ਮਹੀਨਿਆਂ ਤੱਕ ਗੁਜ਼ਰਦਿਆਂ, ਮੈਂ ਖੁਦ ਨੂੰ ਅਨਾਥ ਮਹਿਸੂਸ ਕੀਤਾ ਜਿਸ ਨੂੰ ਵਿਦੇਸ਼ੀ ਧਰਤੀ ''''ਤੇ ਰਹਿਣ ਲਈ ਭੇਜਿਆ ਜਾ ਰਿਹਾ ਹੋਵੇ।”

ਪਰ ਜਦੋਂ ਉਹ ਸਿਓਲ ਦੇ ਏਅਰਪੋਰਟ ’ਤੇ ਪਹੁੰਚੀ ਤਾਂ ਸਟਾਫ਼ ਨੇ ਉਸ ਦਾ ਜਾਣੇ-ਪਛਾਣੇ ‘ਆਨ-ਨਿਓਂਗ-ਹਾ-ਸੇ-ਯੋ’ ਨਾਲ ਸੁਆਗਤ ਕੀਤਾ। ਇਹ ਸ਼ਬਦ ਹੈਲੋ ਦੀ ਥਾਂ ਉੱਤਰੀ ਤੇ ਦੱਖਣੀ ਕੋਰੀਆ ਵਿੱਚ ਵਰਤਿਆ ਜਾਂਦਾ ਹੈ।

“ਮੈਨੂੰ ਅਹਿਸਾਸ ਹੋਇਆ ਕਿ ਅਸੀਂ ਇੱਕੋ ਜਿਹੇ ਲੋਕ ਹਾਂ।, ਮੈਂ ਵੱਖਰੇ ਦੇਸ਼ ਨਹੀਂ ਆਈ ਹਾਂ ਸਿਰਫ਼ ਦੱਖਣ ਵੱਲ ਆਈ ਹਾਂ”

ਉਹ ਏਅਰਪੋਰਟ ‘ਤੇ ਬੈਠੀ ਅਤੇ 10 ਮਿੰਟ ਰੋਂਦੀ ਰਹੀ।

ਸੋਂਗਮੀ ਕਹਿੰਦੀ ਹੈ ਕਿ ਹੁਣ ਉਸ ਨੂੰ ਆਪਣਾ ਮਕਸਦ ਮਿਲ ਗਿਆ ਹੈ- ਉੱਤਰੀ ਤੇ ਦੱਖਣੀ ਕੋਰੀਆ ਦੇ ਇਕੱਠੇ ਹੋਣ ਦੀ ਵਕਾਲਤ ਕਰਨਾ।

ਇਹ ਭਵਿੱਖ ਹੈ ਜਿਸ ਦਾ ਸੁਫਨਾ ਲੈਣ ਨੂੰ ਦੱਖਣੀ ਕੋਰੀਅਨਾਂ ਨੂੰ ਕਿਹਾ ਜਾਂਦਾ ਹੈ, ਪਰ ਬਹੁਤ ਸਾਰੇ ਇਸ ਸੁਫ਼ਨੇ ਨੂੰ ਨਹੀਂ ਮੰਨਦੇ।

ਦੇਸ਼ ਦੀ ਵੰਡ ਨੂੰ ਜਿਵੇਂ ਹੋਰ ਸਮਾਂ ਹੁੰਦਾ ਜਾ ਰਿਹਾ ਹੈ, ਹੋਰ ਥੋੜ੍ਹੇ ਲੋਕ ਖਾਸ ਕਰਕੇ ਨੌਜਵਾਨ ਇਸ ਦੇ ਇਕੱਠੇ ਹੋਣ ਦੀ ਲੋੜ ਦੇਖਦੇ ਹਨ।

ਸੋਂਗਮੀ ਸਕੂਲਾਂ ਵਿੱਚ ਜਾ ਕੇ ਉੱਤਰੀ ਕੋਰੀਆ ਬਾਰੇ ਵਿਦਿਆਰਥੀਆਂ ਨੂੰ ਦੱਸਦੀ ਹੈ। ਉਹ ਪੁੱਛਦੀ ਹੈ ਉਨ੍ਹਾਂ ਵਿੱਚੋਂ ਕਿਸ ਕਿਸ ਨੇ ਦੋਹਾਂ ਦੇਸ਼ਾਂ ਦੇ ਇਕੱਠੇ ਹੋਣ ਬਾਰੇ ਸੋਚਿਆ ਹੈ, ਆਮ ਤੌਰ ''''ਤੇ ਸਮਰਥਨ ਵਿੱਚ ਬਹੁਤ ਥੋੜ੍ਹੇ ਹੱਥ ਉੱਪਰ ਉੱਠਦੇ ਹਨ।

ਪਰ ਜਦੋਂ ਉਹ ਉਨ੍ਹਾਂ ਨੂੰ ਕੋਰੀਆ ਦਾ ਨਕਸ਼ਾ ਬਣਾਉਣ ਲਈ ਕਹਿੰਦੀ ਹਾਂ ਤਾਂ ਜ਼ਿਆਦਾਤਰ ਪੂਰੇ ਪੈਨਸੁਏਲਾ ਦੀ ਆਊਟਲਾਈਨ ਸਕੈਚ ਕਰਦੇ ਹਨ, ਜਿਸ ਵਿੱਚ ਉੱਤਰੀ ਤੇ ਦੱਖਣੀ ਕੋਰੀਆ ਸ਼ਾਮਿਲ ਹੁੰਦੇ ਹਨ। ਇਹ ਉਸ ਨੂੰ ਉਮੀਦ ਦਿੰਦਾ ਹੈ।

ਸੋਂਗਮੀ ਆਪਣੀ ਮਾਂ ਨਾਲ ਰਿਸ਼ਤਾ ਬਣਾ ਰਹੀ ਹੈ। ਦੋਹੇਂ ਅਕਸਰ ਹੱਸਦੀਆਂ ਅਤੇ ਜੱਫੀ ਪਾਉਂਦੀਆਂ ਹਨ ਅਤੇ ਸੋਂਗਮੀ ਆਪਣੀ ਇੱਕ ਦੂਜੇ ਦੇ ਅਤੀਤ ਦੇ ਵਰਕੇ ਫਰੋਲਦਿਆਂ ਸੋਂਗਮੀ ਮਾਂ ਦੇ ਅੱਥਰੂ ਪੂੰਝਦੀ ਹੈ।

ਸੋਂਗਮੀ ਕਹਿੰਦੀ ਹੈ ਕਿ ਉਸ ਦੀ ਮਾਂ ਦਾ ਫ਼ੈਸਲਾ ਸਹੀ ਸੀ ਕਿਉਂਕਿ ਹੁਣ ਦੱਖਣੀ ਕੋਰੀਆਂ ਵਿੱਚ ਦੋਹੇਂ ਖੁਸ਼ਹਾਲ ਜ਼ਿੰਦਗੀ ਜਿਉਂ ਰਹੀਆਂ ਹਨ।

ਮਿਓਂਗ ਹੂਈ ਭਾਵੇਂ ਪਹਿਲੀ ਮਿਲਣੀ ''''ਤੇ ਆਪਣੀ ਧੀ ਨੂੰ ਪਛਾਣ ਨਾ ਸਕੀ ਹੋਵੇ, ਪਰ ਦੋਹੇਂ ਬਿਲਕੁਲ ਇੱਕੋ ਜਿਹੀਆਂ ਲਗਦੀਆਂ ਹਨ। ਹੁਣ ਉਹ ਆਪਣੀ ਧੀ ਵਿੱਚ 19 ਵਰ੍ਹਿਆਂ ਦਾ ਆਪਣਾ-ਆਪ ਵੇਖਦੀ ਹੈ।

ਉਨ੍ਹਾਂ ਦਾ ਰਿਸ਼ਤਾ ਦੋਸਤੀ ਦਾ ਜਾਂ ਕਹੋ ਦੋ ਭੈਣਾਂ ਦੇ ਰਿਸ਼ਤੇ ਜਿਹਾ ਹੈ। ਸੋਂਗਮੀ ਖੁਸ਼ੀ ਖੁਸ਼ੀ ਆਪਣੀਆਂ ਡੇਟਸ ਬਾਰੇ ਮਿਓਂਗ ਹੂਈ ਨੂੰ ਦੱਸਦੀ ਹੈ।

ਉਸ ਨੂੰ ਦੁੱਖ ਸਿਰਫ਼ ਉਦੋਂ ਹੁੰਦਾ ਹੈ ਜਦੋਂ ਦੋਹਾਂ ਦੀ ਬਹਿਸ ਹੋ ਜਾਂਦੀ ਹੈ।

ਸੋਂਗਮੀ ਹੱਸਦਿਆ ਕਹਿੰਦੀ ਹੈ, “ਫਿਰ ਮੈਂ ਕਹਿੰਦੀ ਹਾਂ, ਵਾਹ, ਮੈਂ ਸਚਮੁਚ ਆਪਣੀ ਮਾਂ ਨਾਲ ਰਹਿ ਰਹੀ ਹਾਂ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)



Related News