ਅਸਦ ਅਹਿਮਦ ਐਨਕਾਊਂਟਰ ਉੱਤੇ ਸਿਆਸਤਦਾਨ ਕੀ ਬਹਿਸ ਕਰ ਰਹੇ ਤੇ ਇਸ ਬਾਰੇ ਕਾਨੂੰਨ ਕੀ ਕਹਿੰਦਾ ਹੈ
Friday, Apr 14, 2023 - 05:17 PM (IST)
ਸਾਬਕਾ ਵਿਧਾਇਕ ਤੇ ਕਤਲ ਦੇ ਮਾਮਲਿਆਂ ਵਿੱਚ ਘਿਰੇ ਹੋਏ ਉੱਤਰ ਪ੍ਰਦੇਸ਼ ਦੇ ਸਿਆਸੀ ਆਗੂ ਅਤੀਕ ਅਹਿਮਦ ਦੇ ਬੇਟੇ ਅਸਦ ਅਹਿਮਦ ਦੀ ਵੀਰਵਾਰ ਨੂੰ ਝਾਂਸੀ ਵਿੱਚ ਇੱਕ ਐਨਕਾਊਂਟਰ ’ਚ ਹੋਈ ਮੌਤ ਤੋਂ ਬਾਅਦ ਸਿਆਸੀ ਬਹਿਸ ਛਿੜ ਗਈ ਹੈ।
ਸੋਸ਼ਲ ਮੀਡੀਆ ’ਤੇ ਵੀ ਇਸ ਬਾਰੇ ਬਹਿਸ ਛਿੜ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਸਮਰਥਕ ਇਸ ਐਨਕਾਊਂਟਰ ਨੂੰ ਸਮਾਜ ਲਈ ਸਹੀ ਦੱਸਦਿਆਂ ਕਾਰਵਾਈ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਮੁਬਾਰਕਾਂ ਦੇ ਰਹੇ ਹਨ ਤਾਂ ਵਿਰੋਧੀ ਪਾਰਟੀਆਂ ਇਸ ਨੂੰ ਗ਼ੈਰ-ਕਾਨੂੰਨੀ ਦੱਸ ਰਹੀਆਂ ਹਨ।
ਇਸ ਰਿਪੋਰਟ ਵਿੱਚ ਤੁਸੀਂ ਪੜ੍ਹੋਗੇ ਅਸਦ ਅਹਿਮਦ ਦੇ ਇਨਕਾਊਂਟਰ ਤੋਂ ਬਾਅਦ ਆਈਆਂ ਪ੍ਰਤੀਕ੍ਰਿਆਵਾਂ ਬਾਰੇ ਤੇ ਨਾਲ ਹੀ ਇਸ ਐਨਕਾਊਂਟਰ ਸਬੰਧੀ ਦੇਸ਼ ਦੇ ਕਾਨੂੰਨ ਬਾਰੇ ਵੀ।
ਉੱਤਰ ਪ੍ਰਦੇਸ਼ ਵਿੱਚ ਕਿੰਨੇ ਇਨਕਾਊਂਟਰ ਹੋਏ
ਉੱਤਰ ਪ੍ਰਦੇਸ਼ ਦੇ ਸਪੈਸ਼ਲ ਡਾਇਰਕੈਟਰ ਜਨਰਲ ਕਾਨੂੰਨ ਵਿਵਸਥਾ ਆਈਪੀਐੱਸ ਪ੍ਰਸ਼ਾਂਤ ਕੁਮਾਰ ਨੇ ਅਸਦ ਯਾਦਵ ਦੇ ਐਨਕਾਊਂਟਰ ਤੋਂ ਬਾਅਦ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੌਤ ਬਾਰੇ ਦੱਸਿਆ।
“ਇਹ ਘਟਨਾ ਕਰੀਬ ਦੁਪਿਹਰ 12:45 ਵਜੇ ਦੀ ਹੈ। ਸਾਡੀ ਟੀਮ ਮੌਕੇ ’ਤੇ ਸੀ ਸਥਾਨਕ ਪੁਲਿਸ ਵੀ ਸਾਡੇ ਨਾਲ ਸੀ। ਇਸ ਸਬੰਧ ਵਿੱਚ ਪੀਯੂਸੀਐੱਲ ਦੇ ਐਨਕਾਊਂਟਰ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਾਂ।''''''''
ਉਨ੍ਹਾਂ ਕਿਹਾ,“2017 ਤੋਂ ਬਾਅਦ ਹੁਣ ਤੱਕ ਉੱਤਰ ਪ੍ਰਦੇਸ਼ ਵਿੱਚ ਪੁਲਿਸ ਮੁਕਾਬਲਿਆਂ ਵਿੱਚ 183 ਦੇ ਕਰੀਬ ਬਦਮਾਸ਼ ਮਾਰੇ ਜਾ ਚੁੱਕੇ ਹਨ ਅਤੇ ਇਸ ਦੌਰਾਨ ਸਾਡੇ 13 ਪੁਲਿਸ ਵਾਲੇ ਵੀ ਸ਼ਹੀਦ ਹੋ ਚੁੱਕੇ ਹਨ।”
ਪੁਲਿਸ ਦਾ ਦਾਅਵਾ ਹੈ ਕਿ,“ਉਹ ਸੂਬੇ ਦੇ ਮੁੱਖ ਮੰਤਰੀ ਦੀ ਜ਼ੀਰੋ ਟਾਲਰੈਂਸ ਨੀਤੀ ਤਹਿਤ ਕੰਮ ਕਰ ਰਹੀ ਹੈ ਅਤੇ ਅਸੀਂ ਅਪਰਾਧ ਅਤੇ ਅਪਰਾਧੀਆਂ ਨੂੰ ਖ਼ਤਮ ਕਰਨ ਲਈ ਵਚਨਬੱਧ ਹਾਂ।"

ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਐਨਕਾਊਂਟਰ ਨੂੰ ਸਰਾਹਿਆ
ਐਨਕਾਊਂਟਰ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਇੱਕ ਬੈਠਕ ਬੁਲਾਈ।
ਆਦਿੱਤਿਆਨਾਥ ਨੇ ਅਤੀਕ ਅਹਿਮਦ ਦੇ ਬੇਟੇ ਅਸਦ ਅਤੇ ਉਸ ਦੇ ਸਾਥੀ ਗੁਲਾਮ ਦੇ ''''ਮੁਕਾਬਲੇ'''' ਦੀ ਤਾਰੀਫ਼ ਕੀਤੀ ਹੈ।
ਖ਼ਬਰ ਏਜੰਸੀ ਏਐਨਆਈ ਮੁਤਾਬਕ ਆਦਿੱਤਿਆਨਾਥ ਨੇ ਮੀਟਿੰਗ ਵਿੱਚ ਯੂਪੀ ਐੱਸਟੀਐੱਫ਼ ਦੇ ਡੀਜੀਪੀ, ਵਿਸ਼ੇਸ਼ ਡੀਜੀ ਲਾਅ ਐਂਡ ਆਰਡਰ ਅਤੇ ਪੂਰੀ ਟੀਮ ਦੀ ਤਾਰੀਫ਼ ਕੀਤੀ।
ਇਸ ਤਰ੍ਹਾਂ ਸੂਬੇ ਦੇ ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰੀਆ ਨੇ ਵੀ ਪੁਲਿਸ ਟੀਮ ਨੂੰ ਵਧਾਈ ਦਿੰਦਿਆਂ ਇਸ ਨੂੰ ਇੱਕ ''''ਇਤਿਹਾਸਕ'''' ਕਾਰਵਾਈ ਦੱਸਿਆ।
ਉਨ੍ਹਾਂ ਕਿਹਾ, "ਮੈਂ ਐੱਸਟੀਐੱਫ਼ ਟੀਮ ਨੂੰ ਵਧਾਈ ਦਿੰਦਾ ਹਾਂ। ਜੋ ਵੀ ਅਪਰਾਧ ਕਰਦਾ ਹੈ, ਉਹ ਬਚ ਨਹੀਂ ਸਕੇਗਾ, ਉਸ ਨੂੰ ਫਾਂਸੀ ਦਿੱਤੀ ਜਾਵੇਗੀ ਅਤੇ ਜੇਕਰ ਉਹ ਪੁਲਿਸ ਨਾਲ ਭਿੜਦਾ ਹੈ ਤਾਂ ਪੁਲਿਸ ਨੂੰ ਜਵਾਬੀ ਕਾਰਵਾਈ ਕਰਨੀ ਪਵੇਗੀ।”
“ਇਹ ਇੱਕ ਬਹੁਤ ਹੀ ਇਤਿਹਾਸਕ ਕਾਰਵਾਈ ਹੈ ਅਤੇ ਇੱਕ ਵੱਡਾ ਸੰਦੇਸ਼ ਹੈ ਕਿ ਅਪਰਾਧੀਆਂ ਦਾ ਯੁੱਗ ਖ਼ਤਮ ਹੋ ਗਿਆ ਹੈ।"
ਉਨ੍ਹਾਂ ਕਿਹਾ, "ਅਪਰਾਧ ਦੀ ਸਿਆਸਤ ਕਰਨ ਵਾਲਿਆਂ ਦਾ ਦੌਰ ਜਾ ਚੁੱਕਿਆ ਹੈ। ਜਿਹੜੇ ਅਪਰਾਧੀ ਭਗੌੜੇ ਹਨ, ਉਨ੍ਹਾਂ ਨੂੰ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ।"

ਅਤੀਕ ਅਹਿਮਦ ਦੇ ਬੇਟੇ ਅਸਦ ਅਹਿਮਦ ਦੇ ਐਨਕਾਊਂਟਰ ''''ਤੇ ਯੂਪੀ ਪੁਲਿਸ ਦੇ ਐੱਸਟੀਐੱਫ਼ ਦੇ ਏਡੀਜੀ ਅਮਿਤਾਭ ਯਸ਼ ਨੇ ਲਖਨਊ ਵਿੱਚ ਦੱਸਿਆ, "ਇਹ ਯੂਪੀ ਪੁਲਿਸ ਅਤੇ ਐੱਸਟੀਐੱਫ਼ ਲਈ ਇੱਕ ਮਹੱਤਵਪੂਰਨ ਮਾਮਲਾ ਸੀ ਕਿਉਂਕਿ ਇੱਕ ਮਾਮਲੇ ਵਿੱਚ ਯੂਪੀ ਪੁਲਿਸ ਦੀ ਸੁਰੱਖਿਆ ਪ੍ਰਾਪਤ ਇੱਕ ਮੁੱਖ ਗਵਾਹ ਦੀ ਹੱਤਿਆ ਕਰ ਦਿੱਤੀ ਗਈ ਸੀ।"
“ਇਸ ਮਾਮਲੇ ''''ਚ ਅੱਜ ਮੁਕਾਬਲੇ ''''ਚ ਦੋ ਸ਼ੂਟਰ ਮਾਰੇ ਗਏ। ਉਨ੍ਹਾਂ ਕੋਲੋਂ ਆਧੁਨਿਕ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ ਹਨ।”
ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਸਿਧਾਰਥ ਨਾਥ ਸਿੰਘ ਨੇ ਕਿਹਾ, "ਅੱਜ ਹਰ ਕੋਈ ਰਾਹਤ ਮਹਿਸੂਸ ਕਰ ਰਿਹਾ ਹੈ ਅਤੇ ਪ੍ਰਾਰਥਨਾ ਕਰ ਰਿਹਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਹਮੇਸ਼ਾ ਭਾਜਪਾ ਦੀ ਸਰਕਾਰ ਹੀ ਹੋਵੇ।”
“ਹੁਣ ਯੂਪੀ ਨੇ ਆਖਰਕਾਰ ਮਾਫ਼ੀਆ ਅਤੇ ਡੌਨ ਅਤੇ ਗੈਂਗਸਟਰਾਂ ਦਾ ਅੰਤ ਕਰ ਦਿੱਤਾ ਹੈ, ਜੋ ਕਿ ਸਮਾਜਵਾਦੀ ਪਾਰਟੀ ਅਤੇ ਬਸਪਾ ਦੀਆਂ ਸਰਕਾਰਾਂ ਦੌਰਾਨ ਮੌਜੂਦ ਸਨ।”
ਸਮਾਜਵਾਦੀ ਪਾਰਟੀ ਨੇ ਕੀ ਕਿਹਾ?
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਟਵੀਟ ਕੀਤਾ, "ਝੂਠੇ ਮੁਕਾਬਲੇ ਕਰਵਾ ਕੇ ਭਾਜਪਾ ਸਰਕਾਰ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।”
“ਭਾਜਪਾ ਅਦਾਲਤ ''''ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੀ। ਅੱਜ ਦੇ ਅਤੇ ਹਾਲ ਦੇ ਕੁਝ ਸਾਲਾਂ ਵਿੱਚ ਹੋਏ ਪੁਲਿਸ ਮੁਕਾਬਲਿਆਂ ਦੀ ਵੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ।”
“ਸੱਤਾ ਨੂੰ ਇਹ ਫ਼ੈਸਲਾ ਕਰਨ ਦਾ ਅਧਿਕਾਰ ਨਹੀਂ ਹੈ ਕਿ ਕੀ ਸਹੀ ਹੈ ਜਾਂ ਕੀ ਗ਼ਲਤ? ਭਾਜਪਾ ਭਾਈਚਾਰਕ ਸਾਂਝ ਦੇ ਵਿਰੁੱਧ ਹੈ।"

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ, "ਅਤੀਕ ਅਹਿਮਦ ਦੇ ਪੁੱਤ ਅਤੇ ਇੱਕ ਹੋਰ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਨੂੰ ਲੈ ਕੇ ਅੱਜ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਲੋਕਾਂ ਨੂੰ ਲੱਗਦਾ ਹੈ ਕਿ ਵਿਕਾਸ ਦੂਬੇ ਦੀ ਘਟਨਾ ਦੇ ਦੁਹਰਾਉਣ ਦਾ ਉਨ੍ਹਾਂ ਦਾ ਖਦਸ਼ਾ ਸੱਚ ਹੋ ਗਿਆ ਹੈ।”
“ਇਸ ਲਈ ਇਸ ਦੀ ਉੱਚ ਪੱਧਰੀ ਜਾਂਚ ਜ਼ਰੂਰੀ ਹੈ ਤਾਂ ਜੋ ਘਟਨਾ ਦੇ ਪੂਰੇ ਤੱਥ ਅਤੇ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ।”
ਏਆਈਐੱਮਆਈਐੱਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਕਿਹਾ ,"ਕੀ ਭਾਜਪਾ ਉਨ੍ਹਾਂ ਨੂੰ ਵੀ ਗੋਲੀ ਮਾਰ ਦੇਵੇਗੀ ਜਿਨ੍ਹਾਂ ਨੇ ਜੁਨੈਦ ਅਤੇ ਨਾਸਿਰ ਨੂੰ ਮਾਰਿਆ ਹੈ? ਨਹੀਂ, ਕਿਉਂਕਿ ਤੁਸੀਂ ਧਰਮ ਦੇ ਨਾਂ ''''ਤੇ ਇਨਕਾਊਂਟਰ ਕਰਦੇ ਹੋ। ਤੁਸੀਂ ਕਾਨੂੰਨ ਦੇ ਰਾਜ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੋ, ਸੰਵਿਧਾਨ ਦਾ ਮੁਕਾਬਲਾ ਕਰਨਾ ਚਾਹੁੰਦੇ ਹੋ।"
ਟੀਐੱਮਸੀ ਦੀ ਐੱਮਪੀ ਮਹੂਆ ਮੋਇਤਰਾ ਨੇ ਕਿਹਾ ਕਿ,“ਅਜੈ ਬਿਸ਼ਟ ਦਾ ਦੂਸਰਾ ਨਾਮ ''''ਮਿਸਟਰ ਠੋਕ ਦੋ'''' ਸੀ । ਇਸ ਲਈ ਇਸ ਤਰ੍ਹਾਂ ਦਾ ਮੁਕੰਮਲ ਤੌਰ ’ਤੇ ਕਾਨੂੰਨ ਵਿਵਸਥਾ ਰਹਿਤ, ਜੰਗਲ ਰਾਜ, ਪੁਲਿਸ ਮੁਕਾਬਲੇ ਵਿੱਚ ਕਤਲ ਨੂੰ ਹਮੇਸ਼ਾਂ ਹੀ ਸਰਾਹਿਆ ਜਾਂਦਾ ਰਹੇਗਾ ਤੇ ਭਵਿੱਖ ਵਿੱਚ ਅਜਿਹਾ ਹੁੰਦਾ ਰਹੇਗਾ।"

ਅਤੀਕ ਦੀ ਅਦਾਲਤ ’ਚ ਪੇਸ਼ੀ ਤੇ ਅਸਦ ਦੀ ਪੁਲਿਸ ਮੁਕਾਬਲੇ ’ਚ ਮੌਤ
- 1979 ’ਚ ਅਤੀਕ ਅਹਿਮਦ ਖ਼ਿਲਾਫ਼ ਪਹਿਲਾ ਕਤਲ ਦਾ ਮਾਮਲਾ ਦਰਜ ਹੋਇਆ ਸੀ। ਉਸ ਵੇਲੇ ਉਹ ਨਾਬਾਲਗ ਸਨ।
- 1989 ਤੋਂ ਆਪਣਾ ਸਿਆਸੀ ਸਫ਼ਰ ਸ਼ੂਰੂ ਕਰਨ ਵਾਲੇ ਅਤੀਕ ਅਹਿਮਦ ਬਸਪਾ, ਅਪਨਾ ਦਲ ਅਤੇ ਸਪਾ ਪਾਰਟੀ ਦੇ ਮੈਂਬਰ ਰਹਿ ਚੁੱਕੇ ਹਨ।
- 25 ਜਨਵਰੀ, 2005 ਨੂੰ ਬਸਪਾ ਵਿਧਾਇਕ ਰਾਜੂ ਪਾਲ ਦੇ ਕਾਫ਼ਲੇ ’ਤੇ ਹਮਲਾ ਹੋਇਆ, ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਕਤਲ ਕਾਂਡ ’ਚ ਅਤੀਕ ਅਹਿਮਦ ਅਤੇ ਅਸ਼ਰਫ਼ ਅਹਿਮਦ ਦਾ ਨਾਮ ਸਾਹਮਣੇ ਆਇਆ ਸੀ।
- 24 ਫ਼ਰਵਰੀ 2023 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਰਾਜੂ ਪਾਲ ਕਤਲਕਾਂਡ ਦੇ ਮੁੱਖ ਗਵਾਹ ਉਮੇਸ਼ ਪਾਲ ਦਾ ਕਤਲ ਕਰ ਦਿੱਤਾ ਗਿਆ ਸੀ।
- ਇਸ ਮਾਮਲੇ ਵਿੱਚ ਪ੍ਰਯਾਗਰਾਜ ਪੁਲਿਸ ਦਾ ਦਾਅਵਾ ਹੈ ਕਿ ਜਿਸ ਦਿਨ ਉਮੇਸ਼ ਯਾਦਵ ਦਾ ਕਤਲ ਹੋਇਆ ਉਸ ਦਿਨ ਦੀ ਸੀਸੀਟੀਵੀ ਫੁਟੇਜ ਦੀ ਜਾਂਚ ’ਚ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਪੁੱਤਰ ਅਸਦ, ਗੁੱਡੂ ਮੁਸਲਿਮ, ਲਾਮ ਅਤੇ ਅਰਬਾਜ਼ ਦਾ ਹੱਥ ਹੋਣ ਦੇ ਸੰਕੇਤ ਮਿਲੇ ਹਨ।
- 13 ਅਪ੍ਰੈਲ 2023 ਨੂੰ ਅਤੀਕ ਅਹਿਮਦ ਅਦਾਲਤ ’ਚ ਪੇਸ਼ੀ ਲਈ ਪਹੁੰਚ ਤੇ ਇਸੇ ਦੌਰਾਨ ਉਨ੍ਹਾਂ ਦੇ ਬੇਟੇ ਅਸਦ ਅਹਿਮਦ ਦੀ ਝਾਂਸੀ ਵਿੱਚ ਹੋਏ ਇੱਕ ਕਥਿਤ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ।


ਭਾਰਤੀ ਕਾਨੂੰਨ ਵਿੱਚ ''''ਇਨਕਾਊਂਟਰ''''
ਭਾਰਤੀ ਸੰਵਿਧਨ ਦੇ ਤਹਿਤ ''''ਇਨਕਾਊਂਟਰ'''' ਸ਼ਬਦ ਦਾ ਕਿਤੇ ਜ਼ਿਕਰ ਨਹੀਂ ਹੈ।
ਪੁਲਿਸ ਦੀ ਭਾਸ਼ਾ ਵਿੱਚ ਇਸਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਸੁਰੱਖਿਆ ਕਰਮੀ ਜਾਂ ਪੁਲਿਸ ਅਤੇ ਕੱਟੜਪੰਥੀ ਜਾਂ ਅਪਰਾਧੀਆਂ ਵਿਚਾਲੇ ਹੋਈ ਝੜਪ ਵਿੱਚ ਕੱਟੜਪੰਥੀਆਂ ਜਾਂ ਅਪਰਾਧੀਆਂ ਦੀ ਮੌਤ ਹੋ ਜਾਂਦੀ ਹੈ।
ਭਾਰਤੀ ਕਾਨੂੰਨ ਵਿੱਚ ਉਂਝ ਕਿਤੇ ਵੀ ਇਨਕਾਊਂਟਰ ਨੂੰ ਵਾਜਿਬ ਠਹਿਰਾਉਣ ਦੀ ਤਜਵੀਜ ਨਹੀਂ ਹੈ। ਪਰ ਅਜਿਹੇ ਨਿਯਮ ਅਤੇ ਕਾਨੂੰਨ ਜ਼ਰੂਰ ਹਨ ਜੋ ਪੁਲਿਸ ਨੂੰ ਇਹ ਤਾਕਤ ਦਿੰਦੇ ਹਨ ਕਿ ਉਹ ਅਪਰਾਧੀਆਂ ''''ਤੇ ਹਮਲਾ ਕਰ ਸਕਦੀ ਹੈ ਅਤੇ ਉਸ ਦੌਰਾਨ ਹੋਈ ਅਪਰਾਧੀਆਂ ਦੀ ਮੌਤ ਨੂੰ ਸਹੀ ਠਹਿਰਾਇਆ ਜਾ ਸਕਦਾ ਹੈ।
ਆਮ ਤੌਰ ''''ਤੇ ਤਕਰਬੀਨ ਸਾਰੇ ਤਰ੍ਹਾਂ ਦੇ ਇਨਕਾਊਂਟਰ ਵਿੱਚ ਪੁਲਿਸ ਆਤਮ-ਰੱਖਿਆ ਦੌਰਾਨ ਹੋਈ ਕਾਰਵਾਈ ਦਾ ਜ਼ਿਕਰ ਹੀ ਕਰਦੀ ਹੈ।
ਸੀਆਰਪੀਸੀ ਦੀ ਧਾਰਾ 46 ਕਹਿੰਦੀ ਹੈ ਕਿ ਜੇ ਕੋਈ ਅਪਰਾਧੀ ਖ਼ੁਦ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਪੁਲਿਸ ਦੀ ਗ੍ਰਿਫ਼ਤ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਜਾਂ ਪੁਲਿਸ ''''ਤੇ ਹਮਲਾ ਕਰਦਾ ਹੈ ਤਾਂ ਇਨ੍ਹਾਂ ਹਾਲਾਤ ਵਿੱਚ ਪੁਲਿਸ ਉਸ ਅਪਰਾਧੀ ''''ਤੇ ਜਵਾਬੀ ਹਮਲਾ ਕਰ ਸਕਦੀ ਹੈ।
ਸੁਪਰੀਮ ਕੋਰਟ ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਮਾਮਲੇ ''''ਤੇ ਆਪਣੇ ਨਿਯਮ-ਕਾਨੂੰਨ ਬਣਾਏ ਹੋਏ ਹਨ।

ਇਨਕਾਊਂਟਰ ''''ਤੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼
ਇਨਕਾਊਂਟਰ ਦੌਰਾਨ ਹੋਏ ਕਤਲਾਂ ਨੂੰ ਐਕਸਟਰਾ-ਜਿਊਡੀਸ਼ੀਅਲ ਕਿਲਿੰਗ ਵੀ ਕਿਹਾ ਜਾਂਦਾ ਹੈ। ਸੁਪਰੀਮ ਕੋਰਟ ਨੇ ਬਹੁਤ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਪੁਲਿਸ ਇਸ ਲਈ ਨਿਰਧਾਰਤ ਨਿਯਮਾਂ ਦਾ ਹੀ ਪਾਲਣ ਕਰੇ।
23 ਸਤੰਬਰ 2014 ਨੂੰ ਭਾਰਤ ਦੇ ਤਤਕਾਲੀ ਚੀਫ਼ ਜਸਟਿਸ ਆਰਐੱਮ ਲੋਢਾ ਅਤੇ ਜਸਟਿਸ ਰੋਹਿੰਟਨ ਫ਼ਾਲੀ ਨਰੀਮਨ ਦੀ ਬੈਂਚ ਨੇ ਇੱਕ ਫ਼ੈਸਲੇ ਦੌਰਾਨ ਇਨਕਾਊਂਟਰ ਦਾ ਜ਼ਿਕਰ ਕੀਤਾ ਸੀ।
ਇਸ ਨੂੰ ਬੈਂਚ ਨੇ ਆਪਣੇ ਫ਼ੈਸਲੇ ਵਿੱਚ ਲਿਖਿਆ ਸੀ ਕਿ ਪੁਲਿਸ ਵੱਲੋਂ ਇਨਕਾਊਂਟਰ ਦੌਰਾਨ ਹੋਈ ਮੌਤ ਦੀ ਨਿਰਪੱਖ, ਪ੍ਰਭਾਵੀ ਅਤੇ ਆਜ਼ਾਦ ਜਾਂਚ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਉਸ ਫ਼ੈਸਲੇ ਦੀਆਂ ਅਹਿਮ ਗੱਲਾਂ ਇਹ ਹਨ:-
1. ਜਦੋਂ ਵੀ ਪੁਲਿਸ ਨੂੰ ਕਿਸੇ ਕਿਸਮ ਦੀਆਂ ਅਪਰਾਧਿਕ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਦੀ ਹੈ, ਇਹ ਲਿਖਤੀ (ਖ਼ਾਸਕਰ ਕੇਸ ਡਾਇਰੀ ਦੇ ਰੂਪ ਵਿੱਚ) ਜਾਂ ਇਲੈਕਟ੍ਰਾਨਿਕ ਮਾਧਿਅਮ ਦੁਆਰਾ ਦਰਜ ਕੀਤੀ ਜਾਣੀ ਚਾਹੀਦੀ ਹੈ।
2. ਜੇ ਕਿਸੇ ਅਪਰਾਧਿਕ ਕਾਰਵਾਈ ਦੀ ਖ਼ਬਰ ਮਿਲਦੀ ਹੈ ਜਾਂ ਜੇ ਪੁਲਿਸ ਕਿਸੇ ਤਰ੍ਹਾਂ ਦੀ ਗੋਲੀਬਾਰੀ ਦੀ ਜਾਣਕਾਰੀ ਦਿੰਦੀ ਹੈ ਅਤੇ ਉਸ ਵਿੱਚ ਕਿਸੇ ਦੀ ਮੌਤ ਦੀ ਜਾਣਕਾਰੀ ਸ਼ਾਮਿਲ ਹੋਵੇ ਤਾਂ ਇਸ ਉੱਤੇ ਤੁਰੰਤ ਪ੍ਰਭਾਵ ਨਾਲ ਧਾਰਾ 157 ਤਹਿਤ ਅਦਾਲਤ ਵਿੱਚ ਐੱਫ਼ਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ। ਇਸ ਵਿੱਚ ਕੋਈ ਦੇਰ ਨਹੀਂ ਹੋਣੀ ਚਾਹੀਦੀ।
3. ਇਸ ਪੂਰੀ ਘਟਨਾ ਦੀ ਆਜ਼ਾਦ ਜਾਂਚ ਸੀਆਈਡੀ ਜਾਂ ਹੋਰ ਪੁਲਿਸ ਸਟੇਸ਼ਨਾਂ ਦੀ ਟੀਮ ਦੁਆਰਾ ਕਰਵਾਉਣ ਦੀ ਲੋੜ ਹੈ, ਜਿਸਦੀ ਨਿਗਰਾਨੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਕਰਨਗੇ। ਇਹ ਸੀਨੀਅਰ ਪੁਲਿਸ ਅਧਿਕਾਰੀ ਉਸ ਇਨਕਾਊਂਟਰ ਵਿੱਚ ਸ਼ਾਮਲ ਉੱਚ ਅਧਿਕਾਰੀ ਨਾਲੋਂ ਇੱਕ ਰੈਂਕ ਉੱਪਰ ਹੋਣਾ ਚਾਹੀਦਾ ਹੈ।
4. ਧਾਰਾ 176 ਦੇ ਤਹਿਤ ਪੁਲਿਸ ਫ਼ਾਇਰਿੰਗ ਵਿੱਚ ਹੋਈ ਹਰ ਮੌਤ ਦੀ ਮੈਜਿਸਟਰੇਟ ਜਾਂਚ ਹੋਣੀ ਚਾਹੀਦੀ ਹੈ। ਜੁਡੀਸ਼ੀਅਲ ਮੈਜਿਸਟਰੇਟ ਨੂੰ ਰਿਪੋਰਟ ਭੇਜਣਾ ਵੀ ਜ਼ਰੂਰੀ ਹੈ।
5. ਜਦੋਂ ਤੱਕ ਆਜ਼ਾਦ ਜਾਂਚ ਵਿੱਚ ਕਿਸੇ ਤਰ੍ਹਾਂ ਦਾ ਸ਼ੱਕ ਪੈਦਾ ਨਹੀਂ ਹੋ ਜਾਂਦਾ ਉਦੋਂ ਤੱਕ ਐੱਨਐੱਚਆਰਸੀ ਨੂੰ ਜਾਂਚ ਵਿੱਚ ਸ਼ਾਮਲ ਕਰਨਾ ਜ਼ਰੂਰੀ ਨਹੀਂ ਹੈ। ਹਾਲਾਂਕਿ ਬਿਨਾਂ ਦੇਰ ਕੀਤੇ ਘਟਨਾ ਦੀ ਪੂਰੀ ਜਾਣਕਾਰੀ ਐੱਨਐੱਚਆਰਸੀ ਜਾਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜਣਾ ਜ਼ਰੂਰੀ ਹੈ।
ਕੋਰਟ ਦਾ ਹੁਕਮ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ 141 ਤਹਿਤ ਕਿਸੇ ਵੀ ਤਰ੍ਹਾਂ ਦੇ ਇਨਕਾਊਂਟਰ ਵਿੱਚ ਇਨ੍ਹਾਂ ਨਿਯਮਾਂ ਦਾ ਪਾਲਣ ਹੋਣਾ ਜ਼ਰੂਰੀ ਹੈ। ਧਾਰਾ 141 ਭਾਰਤ ਦੀ ਸੁਪਰੀਮ ਕੋਰਟ ਨੂੰ ਕੋਈ ਨਿਯਮ ਜਾਂ ਕਾਨੂੰਨ ਬਣਾਉਣ ਦੀ ਤਾਕਤ ਦਿੰਦੀ ਹੈ।
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਿਯਮ
ਮਾਰਚ 1997 ਵਿੱਚ ਐੱਨਐੱਚਆਰਸੀ ਦੇ ਤਤਕਾਲੀ ਚੇਅਰਮੈਨ ਜਸਟਿਸ ਐੱਮਐੱਨ ਵੈਂਕਟਾਚਲਈਆ ਨੇ ਸਾਰੇ ਮੁੱਖ ਮੰਤਰੀਆਂ ਨੂੰ ਇੱਕ ਪੱਤਰ ਲਿਖਿਆ ਸੀ।
ਇਸ ਵਿੱਚ ਉਨ੍ਹਾਂ ਨੇ ਲਿਖਿਆ, "ਕਮਿਸ਼ਨ ਨੂੰ ਕਈ ਥਾਵਾਂ ਜਿਨ੍ਹਾਂ ਵਿੱਚ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੀ ਸ਼ਾਮਲ ਹਨ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਪੁਲਿਸ ਦੇ ਜ਼ਰੀਏ ਫ਼ਰਜ਼ੀ ਇਨਕਾਊਂਟਰ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਨਿਯਮਾਂ ਦੇ ਅਧਾਰ ''''ਤੇ ਦੋਸ਼ੀ ਸਾਬਤ ਕਰਨ ਦੀ ਥਾਂ ਕਤਲ ਕਰਨ ਨੂੰ ਤਰਜੀਹ ਦੇ ਰਹੀ ਹੈ।''''''''
ਜਸਟਿਸ ਵੈਂਕਟਚਲੀਆ ਸਾਲ 1993-94 ਵਿੱਚ ਸੁਪਰੀਮ ਕੋਰਟ ਦੇ ਮੁੱਖ ਜੱਜ ਸਨ।
ਉਨ੍ਹਾਂ ਨੇ ਲਿਖਿਆ ਸੀ, "ਸਾਡੇ ਕਾਨੂੰਨ ਵਿੱਚ ਪੁਲਿਸ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਵਿਅਕਤੀ ਨੂੰ ਮਾਰ ਦੇਵੇ ਅਤੇ ਜਦੋਂ ਤੱਕ ਇਹ ਸਾਬਿਤ ਨਹੀਂ ਹੋ ਜਾਂਦਾ ਕਿ ਉਨ੍ਹਾਂ ਨੇ ਕਾਨੂੰਨ ਦੇ ਤਹਿਤ ਕਿਸੇ ਨੂੰ ਮਾਰਿਆ ਹੈ ਉਦੋਂ ਤੱਕ ਇਹ ਕਤਲ ਨਹੀਂ ਮੰਨਿਆ ਜਾਵੇਗਾ।"
ਸਿਰਫ਼ ਦੋ ਹੀ ਹਾਲਾਤਾਂ ਵਿੱਚ ਇਸ ਤਰ੍ਹਾਂ ਦੀਆਂ ਮੌਤਾਂ ਨੂੰ ਅਪਰਾਧ ਨਹੀਂ ਮੰਨਿਆ ਜਾ ਸਕਦਾ।
ਪਹਿਲਾ ਜੇ ਆਤਮ-ਰੱਖਿਆ ਦੀ ਕੋਸ਼ਿਸ਼ ਵਿੱਚ ਦੂਜੇ ਵਿਅਕਤੀ ਦੀ ਮੌਤ ਹੋ ਜਾਵੇ।
ਦੂਜਾ ਸੀਆਰਪੀਸੀ ਦੀ ਧਾਰਾ 46 ਪੁਲਿਸ ਨੂੰ ਤਾਕਤ ਦੀ ਵਰਤੋਂ ਕਰਨ ਦਾ ਅਧਿਕਾਰ ਦਿੰਦੀ ਹੈ। ਇਸ ਦੌਰਾਨ ਕਿਸੇ ਅਜਿਹੇ ਅਪਰਾਧੀ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼, ਜਿਸ ਨੇ ਉਹ ਅਪਰਾਧ ਕੀਤਾ ਹੋਵੇ ਜਿਸ ਲਈ ਉਸ ਦੀ ਮੌਤ ਦੀ ਸਜ਼ਾ ਜਾਂ ਉਮਰ ਭਰ ਜੇਲ੍ਹ ਦੀ ਸਜ਼ਾ ਮਿਲ ਸਕਦੀ ਹੈ, ਇਸ ਕੋਸ਼ਿਸ਼ ਵਿੱਚ ਅਪਰਾਧੀ ਦੀ ਮੌਤ ਹੋ ਜਾਵੇ।
ਐੱਨਐੱਚਆਰਸੀ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਉਹ ਪੁਲਿਸ ਇਨਕਾਊਂਟਰ ਵਿੱਚ ਹੋਈ ਮੌਤ ਲਈ ਤੈਅ ਨਿਯਮਾਂ ਦਾ ਪਾਲਣ ਕਰੇ।
ਉਹ ਨਿਯਮ ਹਨ-
1. ਜਦੋਂ ਕਿਸੇ ਪੁਲਿਸ ਦੇ ਇੰਚਾਰਜ ਨੂੰ ਕਿਸੇ ਪੁਲਿਸ ਇਨਕਾਊਂਟਰ ਬਾਰੇ ਜਾਣਕਾਰੀ ਮਿਲੇ ਤਾਂ ਉਹ ਉਸ ਨੂੰ ਤੁਰੰਤ ਰਜਿਸਟਰ ਵਿੱਚ ਦਰਜ ਕਰੇ।
2. ਜਿਵੇਂ ਹੀ ਕਿਸੇ ਵੀ ਤਰ੍ਹਾਂ ਦੇ ਐਨਕਾਊਂਟਰ ਦੀ ਜਾਣਕਾਰੀ ਮਿਲੇ ਅਤੇ ਫਿਰ ਉਸ ''''ਤੇ ਕਿਸੇ ਤਰ੍ਹਾਂ ਦਾ ਸ਼ੱਕ ਜ਼ਾਹਰ ਕੀਤਾ ਜਾਵੇ ਤਾਂ ਉਸ ਦੀ ਜਾਂਚ ਕਰਨਾ ਜ਼ਰੂਰੀ ਹੈ। ਜਾਂਚ ਕਿਸੇ ਹੋਰ ਪੁਲਿਸ ਸਟੇਸ਼ਨ ਦੀ ਟੀਮ ਜਾਂ ਸੂਬੇ ਦੀ ਸੀਆਈਡੀ ਰਾਹੀਂ ਹੋਣੀ ਚਾਹੀਦੀ ਹੈ।
3. ਜੇ ਪੁਲਿਸ ਅਧਿਕਾਰੀ ਜਾਂਚ ਵਿੱਚ ਦੋਸ਼ੀ ਪਾਏ ਜਾਂਦੇ ਹਨ ਤਾਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ।

ਇੱਥੋਂ ਤੱਕ ਕਿ 12 ਮਈ 2010 ਨੂੰ ਵੀ ਐੱਨਐੱਚਆਰਸੀ ਦੇ ਤਤਕਾਲੀ ਮੁਖੀ ਜਸਟਿਸ ਜੀਪੀ ਮਾਥੁਰ ਨੇ ਕਿਹਾ ਸੀ ਕਿ ਪੁਲਿਸ ਨੂੰ ਕਿਸੇ ਨੂੰ ਮਾਰਨ ਦਾ ਅਧਿਕਾਰ ਨਹੀਂ ਹੈ।
ਆਪਣੇ ਇਸ ਨੋਟ ਵਿੱਚ ਐੱਨਐੱਚਆਰਸੀ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਸੂਬਿਆਂ ਵਿੱਚ ਉਨ੍ਹਾਂ ਦੇ ਬਣਾਏ ਗਏ ਨਿਯਮਾਂ ਦੀ ਪਾਲਣਾ ਨਹੀਂ ਹੁੰਦੀ ਹੈ।
ਇਸ ਤੋਂ ਬਾਅਦ ਐੱਨਐੱਚਆਰਸੀ ਨੇ ਇਸ ਵਿੱਚ ਕੁਝ ਹੋਰ ਦਿਸ਼ਾ-ਨਿਰਦੇਸ਼ ਜੋੜ ਦਿੱਤੇ ਸਨ।
ਜਦੋਂ ਕਦੇ ਪੁਲਿਸ ''''ਤੇ ਕਿਸੇ ਤਰ੍ਹਾਂ ਦੇ ਗੈਰ-ਇਰਾਦਤਨ ਕਤਲ ਦੇ ਇਲਜ਼ਾਮ ਲੱਗਣ ਤਾਂ ਉਸ ਦੇ ਖਿਲਾਫ਼ ਆਈਪੀਸੀ ਦੇ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ। ਘਟਨਾ ਵਿੱਚ ਮਾਰੇ ਗਏ ਲੋਕਾਂ ਦੀ ਤਿੰਨ ਮਹੀਨੇ ਵਿੱਚ ਮਜਿਸਟਰੇਟ ਜਾਂਚ ਹੋਣੀ ਚਾਹੀਦੀ ਹੈ।
ਸੂਬੇ ਵਿੱਚ ਪੁਲਿਸ ਦੀ ਕਾਰਵਾਈ ਦੌਰਾਨ ਹੋਈ ਮੌਤ ਦੇ ਸਾਰੇ ਮਾਮਲਿਆਂ ਦੀ ਰਿਪੋਰਟ 48 ਘੰਟਿਆਂ ਦੇ ਅੰਦਰ ਐੱਨਐੱਚਆਰਸੀ ਨੂੰ ਸੌਂਪਣੀ ਚਾਹੀਦੀ ਹੈ।
ਇਸ ਦੇ ਤਿੰਨ ਮਹੀਨਿਆਂ ਬਾਅਦ ਪੁਲਿਸ ਨੂੰ ਕਮਿਸ਼ਨ ਕੋਲ ਇੱਕ ਰਿਪੋਰਟ ਭੇਜਣੀ ਜ਼ਰੂਰੀ ਹੈ ਜਿਸ ਵਿੱਚ ਘਟਨਾ ਦੀ ਪੂਰੀ ਜਾਣਕਾਰੀ, ਪੋਸਟਮਾਰਟਮ ਰਿਪੋਰਟ, ਜਾਂਚ ਰਿਪੋਰਟ ਅਤੇ ਮਜਿਸਟਰੇਟ ਜਾਂਚ ਦੀ ਰਿਪੋਰਟ ਸ਼ਾਮਿਲ ਹੋਣੀ ਚੀਹੀਦੀ ਹੈ।
ਕਦੋਂ ਤੇ ਕਿੱਥੇ ਹੋਇਆ ਅਸਦ ਅਹਿਮਦ ਦਾ ਇਨਕਾਊਂਟਰ
ਵੀਰਵਾਰ ਨੂੰ ਅਤੀਕ ਅਹਿਮਦ ਨੂੰ ਅਦਾਲਤ ''''ਚ ਪੇਸ਼ ਕੀਤਾ ਗਿਆ ਸੀ। ਇਹ ਪ੍ਰਕਿਰਿਆ ਹਾਲੇ ਚੱਲ ਹੀ ਰਹੀ ਸੀ ਕਿ ਪੁਲਿਸ ਨੇ ਕਿਹਾ ਕਿ ਉਮੇਸ਼ ਪਾਲ ਹੱਤਿਆਕਾਂਡ ਵਿੱਚ ਨਾਮਜ਼ਦ ਅਤੀਕ ਅਹਿਮਦ ਦੇ ਬੇਟੇ ਅਸਦ ਅਹਿਮਦ ਦੇ ਝਾਂਸੀ ਵਿੱਚ ਹੋਏ ਇੱਕ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦਾ ਜਾਣਕਾਰੀ ਦਿੱਤੀ।
ਇਸ ਮਾਮਲੇ ਦੇ ਇੱਕ ਹੋਰ ਮੁਲਜ਼ਮ ਗ਼ੁਲਾਮ ਮੁਹੰਮਦ ਦੇ ਵੀ ਇਸ ਕਥਿਤ ਮੁਕਾਬਲੇ ਵਿੱਚ ਮਾਰੇ ਜਾਣ ਦੀ ਖ਼ਬਰ ਹੈ।
ਪੁਲਿਸ ਨੂੰ ਉਮੇਸ਼ ਪਾਲ ਕਤਲ ਕਾਂਡ ਵਿੱਚ ਇਨ੍ਹਾਂ ਦੋਨਾਂ ਮੁਲਜ਼ਮਾਂ ਦੀ ਤਲਾਸ਼ ਸੀ। ਦੋਵਾਂ ''''ਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਇਹ ‘ਮੁਕਾਬਲਾ’ ਡਿਪਟੀ ਐੱਸਪੀਜ਼ ਨਵੇਂਦੂ ਅਤੇ ਡਿਪਟੀ ਐੱਸਪੀਜ਼ ਵਿਮਲ ਦੀ ਅਗਵਾਈ ਵਿੱਚ, ਦੁਪਿਹਰ ਕਰੀਬ 12:45 ਵਜੇ ਹੋਈ।
ਪੁਲਿਸ ਮੁਤਾਬਕ ਅਸਦ ਦੀ ਉਮਰ 20 ਸਾਲ ਦੇ ਕਰੀਬ ਸੀ ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਦੋਵਾਂ ਕੋਲੋਂ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਹਨ।
ਇਸ ਇਨਕਾਊਂਟਰ ਤੋਂ ਬਾਅਦ ਭਾਰਤੀ ਕਾਨੂੰਨ ਵਿੱਚ ਅਜਿਹੀਆਂ ਕਾਰਵਾਈਆਂ ਕੀਤੇ ਜਾਣ ਬਾਰੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)